ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1056

ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥ ਮਨਹਠਿ ਕਰਮ ਫਿਰਿ ਜੋਨੀ ਪਾਏ ॥ ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥ ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥ ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥ ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥ ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥ ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥ ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥ ਸੇ ਭਗਤ ਸਚੇ ਤੇਰੈ ਮਨਿ ਭਾਏ ॥ ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥ ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥ {ਪੰਨਾ 1056}

ਪਦ ਅਰਥ: ਅਗਿਆਨੀ = (ਆਤਮਕ ਜੀਵਨ ਤੋਂ) ਬੇ-ਸਮਝ ਮਨੁੱਖ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ। ਬਹੁ ਕਰਮ = (ਤੀਰਥ-ਇਸ਼ਨਾਨ ਆਦਿਕ) ਅਨੇਕਾਂ (ਮਿਥੇ ਹੋਏ ਧਾਰਮਿਕ) ਕਰਮ। ਦ੍ਰਿੜਾਏ = ਜ਼ੋਰ ਦੇਂਦਾ ਹੈ। ਹਠਿ = ਹਠ ਨਾਲ। ਬਿਖਿਆ = ਮਾਇਆ। ਕਾਰਣਿ = ਦੀ ਖ਼ਾਤਰ। ਦੋਰਾਹਾ = ਦੋ ਰਸਤਿਆਂ ਦਾ ਮੇਲ (ਜਿੱਥੇ ਇਹ ਪਤਾ ਨਾਹ ਲੱਗ ਸਕੇ ਕਿ ਅਸਲ ਰਸਤਾ ਕਿਹੜਾ ਹੈ) , ਦੁਚਿੱਤਾ-ਪਨ। ਦੁਰਮਤਿ = ਖੋਟੀ ਮਤਿ।9।

ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਘਟ ਅੰਤਰਿ = ਹਿਰਦੇ ਵਿਚ। ਮਨਿ ਭੀਨੈ = ਜੇ ਮਨ ਭਿਜ ਜਾਏ, ਮਨ ਭਿੱਜਿਆਂ। ਸਾਲਾਹ = ਸਿਫ਼ਤਿ-ਸਾਲਾਹ।10।

ਸਾਚਾ = ਸਦਾ ਕਾਇਮ ਰਹਿਣ ਵਾਲਾ। ਅਸੁਰ ਸੰਘਾਰਣੁ = (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ। ਨਿਸਤਾਰਣੁ = ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ। ਸਿਰਿ = ਸਿਰ ਉਤੇ।11।

ਸੇ = ਉਹ {ਬਹੁ-ਵਚਨ}। ਸਚੇ = ਅਡੋਲ ਜੀਵਨ ਵਾਲੇ। ਤੇਰੈ ਮਨਿ = ਤੇਰੇ ਮਨ ਵਿਚ। ਭਾਏ = ਚੰਗੇ ਲੱਗੇ। ਦਰਿ = (ਤੇਰੇ) ਦਰ ਤੇ। ਕਰਹਿ = ਕਰਦੇ ਹਨ {ਬਹੁ-ਵਚਨ}। ਸੁਹਾਏ = ਸੋਹਣੇ ਆਤਮਕ ਜੀਵਨ ਵਾਲੇ ਬਣ ਗਏ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਅਨਦਿਨੁ = {Anidnwz} ਹਰ ਰੋਜ਼, ਹਰ ਵੇਲੇ। ਵੇਸਾਹਾ = ਪੂੰਜੀ, ਸਰਮਾਇਆ।12।

ਅਰਥ: ਹੇ ਭਾਈ! (ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ (ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ) ਕਰਮਾਂ ਉੱਤੇ ਜ਼ੋਰ ਦੇਂਦਾ ਹੈ। ਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ ਹੈ, ਉਹ) ਮੁੜ ਮੁੜ ਜੂਨੀਆਂ ਵਿਚ ਪੈਂਦਾ ਹੈ। ਹੇ ਭਾਈ! ਜਿਹੜੇ ਮਨੁੱਖ ਮਾਇਆ (ਕਮਾਣ) ਦੀ ਖ਼ਾਤਰ ਲੱਬ ਲੋਭ (ਨੂੰ ਚਮਕਾਣ ਵਾਲੇ) ਕਰਮ ਕਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਖੋਟੀ ਮਤਿ ਦਾ ਦੁ-ਚਿੱਤਾ-ਪਨ ਆ ਜਾਂਦਾ ਹੈ।9।

ਹੇ ਭਾਈ! ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਕਰਨ ਦਾ ਵਿਸ਼ਵਾਸ ਪੈਦਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ, ਉਸ ਦੇ ਮਨ ਵਿਚ ਤਨ ਵਿਚ ਹਿਰਦੇ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ। ਹੇ ਭਾਈ! (ਪਰਮਾਤਮਾ ਵਿਚ) ਮਨ ਭਿੱਜਿਆਂ ਮਨੁੱਖ ਉਸ ਦੀ ਭਗਤੀ ਤੇ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ।10।

ਹੇ ਭਾਈ! ਮੇਰਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਮਨੁੱਖ ਦੇ ਅੰਦਰੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ, ਗੁਰੂ ਦੇ ਸ਼ਬਦ ਵਿਚ (ਜੋੜ ਕੇ) (ਆਪਣੀ) ਭਗਤੀ ਵਿਚ (ਲਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ। ਹੇ ਭਾਈ! ਮੇਰਾ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਤਾਂ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉੱਤੇ (ਭੀ ਹੁਕਮ ਚਲਾਣ ਵਾਲਾ) ਹੈ।11।

ਹੇ ਪ੍ਰਭੂ! ਉਹੀ ਭਗਤ ਅਡੋਲ ਆਤਮਕ ਜੀਵਨ ਵਾਲੇ ਬਣਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ; ਉਹ ਤੇਰੇ ਦਰ ਤੇ (ਟਿਕ ਕੇ) ਤੇਰ ਸਿਫ਼ਤਿ-ਸਾਲਾਹ ਕਰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ। ਹੇ ਭਾਈ! ਉਹ ਭਗਤ ਜਨ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਗਾਂਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ (ਨਾਮ-) ਧਨ ਤੋਂ ਸੱਖਣੇ ਮਨੁੱਖਾਂ ਲਈ ਸਰਮਾਇਆ ਹੈ।12।

ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥ ਗੁਰ ਕੈ ਸਬਦਿ ਸਦਾ ਸਾਲਾਹੀ ॥ ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥ ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥ ਤੁਧੁ ਆਪੇ ਕਥੀ ਅਕਥ ਕਹਾਣੀ ॥ ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥ ਤੂ ਆਪੇ ਕਰਤਾ ਸਿਰਜਣਹਾਰਾ ॥ ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥ ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥ ਭਗਤ ਸਚੇ ਤੇਰੈ ਦਰਵਾਰੇ ॥ ਸਬਦੇ ਸੇਵਨਿ ਭਾਇ ਪਿਆਰੇ ॥ ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥ {ਪੰਨਾ 1056}

ਪਦ ਅਰਥ: ਆਪੇ = (ਤੂੰ) ਆਪ ਹੀ। ਮੇਲਿ = ਮੇਲ ਕੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਾਲਾਹੀ = ਸਾਲਾਹਿ, ਸਲਾਹੁੰਦੇ ਹਨ, ਸਿਫ਼ਤਿ-ਸਾਲਾਹ ਕਰਦੇ ਹਨ। ਸਿਰਿ = ਸਿਰ ਉੱਤੇ। ਸਾਹਿਬੁ = ਮਾਲਕ। ਸਬਦੇ = ਗੁਰੂ ਦੇ ਸ਼ਬਦ ਵਿਚ (ਜੁੜ ਕੇ) ।13।

ਨੋ = ਨੂੰ। ਨ ਜਾਣੀ = ਨਹੀਂ ਜਾਣਦਾ, ਸਾਂਝ ਨਹੀਂ ਪਾ ਸਕਦਾ। ਆਪੇ = (ਗੁਰੂ-ਰੂਪ ਹੋ ਕੇ ਤੂੰ) ਆਪ ਹੀ। ਅਕਥ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਹਾਣੀ = ਸਿਫ਼ਤਿ-ਸਾਲਾਹ। ਜਪਿ = ਜਪ ਕੇ। ਸੰਬਾਹਾ = (ਨਾਮ) ਪੁਚਾਂਦਾ ਹੈਂ, ਦੇਂਦਾ ਹੈਂ।14।

ਮੇਟਣਹਾਰਾ = ਮਿਟਾ ਸਕਣ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਦੇਵਹਿ = (ਤੂੰ) ਦੇਂਦਾ ਹੈਂ। ਸਹਸਾ = ਸਹਮ। ਗਣਤ = ਚਿੰਤਾ। ਤਾਹਾ = ਉਸ ਨੂੰ।15।

ਸਚੇ = ਸੁਰਖ਼ਰੂ। ਤੇਰੈ ਦਰਵਾਰੇ = ਤੇਰੇ ਦਰਬਾਰ ਵਿਚ। ਸੇਵਨਿ = ਸੇਂਵਦੇ ਹਨ, ਸੇਵਾ-ਭਗਤੀ ਕਰਦੇ ਹਨ। ਭਾਇ = ਪ੍ਰੇਮ ਨਾਲ {'ਭਾਉ' ਤੋਂ 'ਭਾਇ' ਕਰਣ ਕਾਰਕ, ਇਕ-ਵਚਨ। ਭਾਉ = ਪ੍ਰੇਮ}। ਰਤੇ = ਮਸਤ। ਬੈਰਾਗੀ = ਤਿਆਗੀ, ਵਿਰਕਤ। ਨਾਮੇ = ਨਾਮ ਦੀ ਰਾਹੀਂ ਹੀ। ਕਾਰਜੁ = (ਹਰੇਕ) ਕੰਮ। ਸੋਹਾ = ਸਿਰੇ ਚੜ੍ਹਦਾ ਹੈ, ਸੋਹਣਾ ਹੋ ਜਾਂਦਾ ਹੈ। 16।

ਅਰਥ: ਹੇ ਪ੍ਰਭੂ! ਤੂੰ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਕੇ (ਫਿਰ) ਵਿਛੋੜਦਾ ਨਹੀਂ ਹੈਂ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਸਭ ਜੀਵਾਂ ਦੇ ਸਿਰ ਉੱਤੇ ਤੂੰ ਆਪ ਹੀ ਮਾਲਕ ਹੈਂ। (ਤੇਰੀ ਮਿਹਰ ਨਾਲ ਹੀ ਜੀਵ ਗੁਰੂ ਦੇ) ਸ਼ਬਦ ਵਿਚ (ਜੁੜ ਕੇ ਤੇਰਾ) ਨਾਮ (ਜਪ ਸਕਦੇ ਹਨ ਅਤੇ ਤੇਰੀ) ਸਿਫ਼ਤਿ-ਸਾਲਾਹ ਕਰ ਸਕਦੇ ਹਨ।13।

ਹੇ ਪ੍ਰਭੂ! ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਤੇਰੇ ਨਾਲ ਸਾਂਝ ਨਹੀਂ ਪਾ ਸਕਦਾ, (ਗੁਰੂ ਦੇ ਸ਼ਬਦ ਦੀ ਰਾਹੀਂ) ਤੂੰ ਆਪ ਹੀ ਆਪਣੇ ਅਕੱਥ ਸਰੂਪ ਦਾ ਬਿਆਨ ਕਰਦਾ ਹੈਂ। ਤੂੰ ਆਪ ਹੀ ਗੁਰੂ-ਰੂਪ ਹੋ ਕੇ ਸਦਾ ਸ਼ਬਦ ਦੀ ਦਾਤਿ ਦੇਂਦਾ ਆਇਆ ਹੈਂ, ਗੁਰੂ-ਰੂਪ ਹੋ ਕੇ ਤੂੰ ਆਪ ਹੀ ਹਰਿ-ਨਾਮ ਜਪ ਕੇ (ਜੀਵਾਂ ਨੂੰ ਭੀ ਇਹ ਦਾਤਿ) ਦੇਂਦਾ ਆ ਰਿਹਾ ਹੈਂ।14।

ਹੇ ਪ੍ਰਭੂ! ਤੂੰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰ ਸਕਣ ਵਾਲਾ ਕਰਤਾਰ ਹੈਂ। ਕੋਈ ਜੀਵ ਤੇਰੇ ਲਿਖੇ ਲੇਖ ਨੂੰ ਮਿਟਾਣ-ਜੋਗਾ ਨਹੀਂ ਹੈ। ਗੁਰੂ ਦੀ ਸਰਨ ਪਾ ਕੇ ਤੂੰ ਆਪ ਹੀ ਆਪਣਾ ਨਾਮ ਦੇਂਦਾ ਹੈਂ, (ਤੇ, ਜਿਸ ਨੂੰ ਤੂੰ ਨਾਮ ਦੀ ਦਾਤਿ ਦੇਂਦਾ ਹੈਂ) ਉਸ ਨੂੰ ਕੋਈ ਸਹਮ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ।15।

ਹੇ ਪ੍ਰਭੂ! ਤੇਰੇ ਦਰਬਾਰ ਵਿਚ ਤੇਰੇ ਭਗਤ ਸੁਰਖ਼ਰੂ ਰਹਿੰਦੇ ਹਨ, ਕਿਉਂਕਿ ਉਹ ਤੇਰੇ ਪ੍ਰੇਮ-ਪਿਆਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸੇਵਾ-ਭਗਤੀ ਕਰਦੇ ਹਨ। ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ (ਅਸਲ) ਤਿਆਗੀ ਹਨ, ਨਾਮ ਦੀ ਬਰਕਤਿ ਨਾਲ ਉਹਨਾਂ ਦਾ ਹਰੇਕ ਕੰਮ ਸਫਲ ਹੋ ਜਾਂਦਾ ਹੈ। 16।3।12।

ਮਾਰੂ ਮਹਲਾ ੩ ॥ ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥ ਕੋਇ ਨ ਕਿਸ ਹੀ ਜੇਹਾ ਉਪਾਇਆ ॥ ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥ ਵਾਜੈ ਪਉਣੁ ਤੈ ਆਪਿ ਵਜਾਏ ॥ ਸਿਵ ਸਕਤੀ ਦੇਹੀ ਮਹਿ ਪਾਏ ॥ ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥ ਅੰਧੇਰਾ ਚਾਨਣੁ ਆਪੇ ਕੀਆ ॥ ਏਕੋ ਵਰਤੈ ਅਵਰੁ ਨ ਬੀਆ ॥ ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥ ਅਪਣੀ ਗਹਣ ਗਤਿ ਆਪੇ ਜਾਣੈ ॥ ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥ ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥ {ਪੰਨਾ 1056}

ਪਦ ਅਰਥ: ਪ੍ਰਭਿ = ਪ੍ਰਭੂ ਨੇ। ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਖੇਲੁ = ਤਮਾਸ਼ਾ। ਕਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ}। ਉਪਾਇਆ = ਪੈਦਾ ਕੀਤਾ। ਆਪੇ = ਆਪ ਹੀ। ਵੇਖਿ = ਵੇਖ ਕੇ। ਵਿਗਸੈ = ਖ਼ੁਸ਼ ਹੁੰਦਾ ਹੈ। ਸਭਿ ਰਸ = ਸਾਰੇ ਚਸਕੇ {ਬਹੁ-ਵਚਨ}। ਦੇਹੀ ਮਾਹਾ = ਸਰੀਰ ਦੇ ਵਿਚ ਹੀ।1।

ਵਾਜੇ = ਵੱਜਦਾ ਹੈ (ਵਾਜਾ) । ਪਉਣੁ = ਹਵਾ, ਸੁਆਸ। ਤੈ = ਤੂੰ (ਹੇ ਪ੍ਰਭੂ!) । ਸਿਵ = ਸ਼ਿਵ, ਜੀਵਾਤਮਾ। ਸਕਤੀ = ਸ਼ਕਤੀ, ਮਾਇਆ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਉਲਟੀ ਹੋਵੈ = (ਮਾਇਆ ਵਲੋਂ) ਪਰਤੇ। ਗਿਆਨ ਸਬਦੁ = ਆਤਮਕ ਜੀਵਨ ਦੀ ਸੂਝ ਦੇਣ ਵਾਲਾ ਸ਼ਬਦ। ਰਤਨੁ ਸਬਦੁ = ਕੀਮਤੀ ਸ਼ਬਦ। ਤਾਹਾ = ਉਸ (ਮਨੁੱਖ) ਨੂੰ (ਪ੍ਰਾਪਤ ਹੁੰਦਾ ਹੈ) ।2।

ਅੰਧੇਰਾ = ਮਾਇਆ ਦਾ ਮੋਹ। ਚਾਨਣੁ = ਆਤਮਕ ਜੀਵਨ ਦੀ ਸੂਝ। ਏਕੋ = ਸਿਰਫ਼ ਆਪ ਹੀ। ਵਰਤੈ = ਵਿਆਪਕ ਹੈ। ਬੀਆ = ਦੂਜਾ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪੜਤਾਲਦਾ ਹੈ। ਕਮਲੁ = ਹਿਰਦਾ-ਕੌਲ ਫੁੱਲ। ਬਿਗਸੈ = ਖਿੜਦਾ ਹੈ। ਬੁਧਿ = (ਆਤਮਕ ਜੀਵਨ ਦੀ ਸੂਝ ਵਾਲੀ) ਅਕਲ। ਤਾਹਾ = ਉਸ ਨੂੰ।3।

ਗਹਣੁ = ਡੂੰਘੀ। ਗਤਿ = ਆਤਮਕ ਅਵਸਥਾ। ਸੁਣਿ = ਸੁਣ ਕੇ। ਆਖਿ = ਆਖ ਕੇ। ਵਖਾਣੈ = ਬਿਆਨ ਕਰ ਦੇਂਦਾ ਹੈ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚੀ = ਸਦਾ-ਥਿਰ ਰਹਿਣ ਵਾਲੀ।4।

ਅਰਥ: ਹੇ ਭਾਈ! ਸਦਾ-ਥਿਰ ਰਹਿਣ ਵਾਲੇ ਮੇਰੇ ਪ੍ਰਭੂ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ, (ਇਸ ਵਿਚ ਉਸ ਨੇ) ਕੋਈ ਜੀਵ ਕਿਸੇ ਦੂਜੇ ਵਰਗਾ ਨਹੀਂ ਬਣਾਇਆ। ਆਪ ਹੀ (ਜੀਵਾਂ ਵਿਚ) ਫ਼ਰਕ ਪੈਦਾ ਕਰਦਾ ਹੈ, ਤੇ (ਇਹ ਫ਼ਰਕ) ਵੇਖ ਕੇ ਖ਼ੁਸ਼ ਹੁੰਦਾ ਹੈ। (ਫਿਰ ਉਸ ਨੇ) ਸਰੀਰ ਦੇ ਵਿਚ ਸਾਰੇ ਹੀ ਚਸਕੇ ਪੈਦਾ ਕਰ ਦਿੱਤੇ ਹਨ।1।

ਹੇ ਪ੍ਰਭੂ! (ਤੇਰੀ ਆਪਣੀ ਕਲਾ ਨਾਲ ਹਰੇਕ ਸਰੀਰ ਵਿਚ) ਸੁਆਸਾਂ ਦਾ ਵਾਜਾ ਵੱਜ ਰਿਹਾ ਹੈ (ਸੁਆਸ ਚੱਲ ਰਿਹਾ ਹੈ) , ਤੂੰ ਆਪ ਹੀ ਇਹ ਸੁਆਸਾਂ ਦੇ ਵਾਜੇ ਵਜਾ ਰਿਹਾ ਹੈਂ। ਹੇ ਭਾਈ! ਪਰਮਾਤਮਾ ਨੇ ਸਰੀਰ ਵਿਚ ਜੀਵਾਤਮਾ ਤੇ ਮਾਇਆ (ਦੋਵੇਂ ਹੀ) ਪਾ ਦਿੱਤੇ ਹਨ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਸੁਰਤਿ ਮਾਇਆ ਵਲੋਂ ਪਰਤਦੀ ਹੈ, ਉਸ ਨੂੰ ਆਤਮਕ ਜੀਵਨ ਵਾਲਾ ਸ੍ਰੇਸ਼ਟ ਗੁਰ ਸ਼ਬਦ ਪ੍ਰਾਪਤ ਹੋ ਜਾਂਦਾ ਹੈ।2।

ਹੇ ਭਾਈ! (ਮਾਇਆ ਦੇ ਮੋਹ ਦਾ) ਹਨੇਰਾ ਅਤੇ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪ੍ਰਭੂ ਨੇ ਆਪ ਹੀ ਬਣਾਇਆ ਹੈ। (ਸਾਰੇ ਜਗਤ ਵਿਚ ਪਰਮਾਤਮਾ) ਆਪ ਹੀ ਵਿਆਪਕ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ। ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਹਿਰਦਾ-ਕੌਲ-ਫੁੱਲ ਖਿੜਿਆ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੀ ਪਰਖ ਕਰਨ ਵਾਲੀ) ਅਕਲ ਪ੍ਰਾਪਤ ਹੋਈ ਰਹਿੰਦੀ ਹੈ।3।

ਹੇ ਭਾਈ! ਆਪਣੀ ਡੂੰਘੀ ਆਤਮਕ ਅਵਸਥਾ ਪਰਮਾਤਮਾ ਆਪ ਹੀ ਜਾਣਦਾ ਹੈ। ਜਗਤ ਤਾਂ (ਦੂਜਿਆਂ ਪਾਸੋਂ) ਸੁਣ ਸੁਣ ਕੇ (ਫਿਰ) ਆਖ ਕੇ (ਹੋਰਨਾਂ ਨੂੰ) ਸੁਣਾਂਦਾ ਹੈ। ਜਿਹੜਾ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ, ਉਹ ਗੁਰੂ ਦੇ ਸਨਮੁਖ ਰਹਿ ਕੇ (ਇਸ ਭੇਤ ਨੂੰ) ਸਮਝਦਾ ਹੈ, ਤੇ, ਉਹ ਪ੍ਰਭੂ ਦੀ ਸਦਾ ਕਾਇਮ ਰਹਿਣ ਵਾਲੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ।4।

ਦੇਹੀ ਅੰਦਰਿ ਵਸਤੁ ਅਪਾਰਾ ॥ ਆਪੇ ਕਪਟ ਖੁਲਾਵਣਹਾਰਾ ॥ ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥ ਸਭਿ ਰਸ ਦੇਹੀ ਅੰਦਰਿ ਪਾਏ ॥ ਵਿਰਲੇ ਕਉ ਗੁਰੁ ਸਬਦੁ ਬੁਝਾਏ ॥ ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥ ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥ ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥ ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥ ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥ ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥ ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥ {ਪੰਨਾ 1056}

ਪਦ ਅਰਥ: ਦੇਹੀ = ਸਰੀਰ। ਵਸਤੁ ਅਪਾਰਾ = ਬੇਅੰਤ ਪਰਮਾਤਮਾ ਦਾ ਨਾਮ-ਪਦਾਰਥ। ਆਪੇ = ਆਪ ਹੀ। ਕਪਟ = ਕਿਵਾੜ, ਭਿੱਤ। ਖੁਲਾਵਣਹਾਰਾ = ਖੁਲ੍ਹਾ ਸਕਣ ਜੋਗਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਹਜੇ = ਆਤਮਕ ਅਡੋਲਤਾ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।5।

ਸਭਿ ਰਸ = ਸਾਰੇ ਚਸਕੇ। ਬੁਝਾਏ = ਸਮਝਾਂਦਾ ਹੈ, ਸੂਝ ਦੇਂਦਾ ਹੈ। ਅੰਦਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਦਰਿ' ਅਤੇ 'ਅੰਦਰੁ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਕਾਹੇ ਜਾਹਾ = ਕਿਉਂ ਜਾਇਗਾ? ਨਹੀਂ ਜਾਇਗਾ।6।

ਸਾਦੁ = ਸੁਆਦ, ਆਨੰਦ। ਕੈ ਸਬਦਿ = ਦੇ ਸ਼ਬਦ ਵਿਚ (ਜੋੜ ਕੇ) । ਪੀਆਇਆ = ਪਿਲਾਂਦਾ ਹੈ। ਪੀ = ਪੀ ਕੇ। ਅਮਰਾਪਦੁ = ਅਮਰ ਪਦੁ, ਉਹ ਦਰਜਾ ਜਿੱਥੇ ਆਤਮਕ ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਰਸੁ = ਆਨੰਦ। ਤਾਹਾ = ਉਸ ਨੂੰ।7।

ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਸਭਿ = ਸਾਰੇ। ਜਾਣੈ = ਸਾਂਝ ਪਾਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਵਖਾਣੈ = ਉਚਾਰਦਾ ਹੈ {ਇਕ-ਵਚਨ}। ਅਨਦਿਨੁ = ਹਰ ਰੋਜ਼, ਹਰ ਵੇਲੇ। ਨਾਮਿ = ਨਾਮ ਵਿਚ। ਰਤਾ = ਰੱਤਾ, ਮਸਤ। ਚੁਕਾਹਾ = ਦੂਰ ਕਰ ਲੈਂਦਾ ਹੈ।8।

ਅਰਥ: ਹੇ ਭਾਈ! ਮਨੁੱਖ ਦੇ ਸਰੀਰ ਵਿਚ (ਹੀ) ਬੇਅੰਤ ਪਰਮਾਤਮਾ ਦਾ ਨਾਮ-ਪਦਾਰਥ (ਮੌਜੂਦ) ਹੈ (ਪਰ ਮਨੁੱਖ ਦੀ ਮਤਿ ਦੇ ਦੁਆਲੇ ਮਾਇਆ ਦੇ ਮੋਹ ਦੇ ਭਿੱਤ ਵੱਜੇ ਰਹਿੰਦੇ ਹਨ) , ਪਰਮਾਤਮਾ ਆਪ ਹੀ ਇਹਨਾਂ ਕਿਵਾੜਾਂ ਨੂੰ ਖੋਲ੍ਹਣ ਦੇ ਸਮਰੱਥ ਹੈ। ਜਿਹੜਾ ਮਨੁੱਖ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ।5।

ਹੇ ਭਾਈ! ਪਰਮਾਤਮਾ ਨੇ ਮਨੁੱਖ ਦੇ ਸਰੀਰ ਵਿਚ ਹੀ ਸਾਰੇ ਚਸਕੇ ਭੀ ਪਾ ਦਿੱਤੇ ਹੋਏ ਹਨ (ਨਾਮ-ਵਸਤੂ ਨੂੰ ਇਹ ਕਿਵੇਂ ਲੱਭੇ?) । ਕਿਸੇ ਵਿਰਲੇ ਨੂੰ ਗੁਰੂ (ਆਪਣੇ) ਸ਼ਬਦ ਦੀ ਸੂਝ ਬਖ਼ਸ਼ਦਾ ਹੈ। ਉਹ ਮਨੁੱਖ ਆਪਣਾ ਅੰਦਰ ਖੋਜਦਾ ਹੈ, ਸ਼ਬਦ (ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਹੈ, ਫਿਰ ਉਹ ਬਾਹਰ ਭਟਕਦਾ ਨਹੀਂ।6।

ਹੇ ਭਾਈ! (ਨਾਮ-ਅੰਮ੍ਰਿਤ ਮਨੁੱਖ ਦੇ ਅੰਦਰ ਹੀ ਹੈ, ਪਰ) ਚੱਖਣ ਤੋਂ ਬਿਨਾ ਕਿਸੇ ਨੂੰ (ਉਸ ਦਾ) ਸੁਆਦ ਨਹੀਂ ਆਉਂਦਾ। ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਇਹ ਅੰਮ੍ਰਿਤ ਪਿਲਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਉਹ ਨਾਮ-ਜਲ ਪੀ ਕੇ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਥੇ ਆਤਮਕ ਮੌਤ ਆਪਣਾ ਅਸਰ ਨਹੀਂ ਪਾ ਸਕਦੀ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ (ਨਾਮ-ਅੰਮ੍ਰਿਤ ਦਾ) ਸੁਆਦ ਆ ਜਾਂਦਾ ਹੈ।7।

ਹੇ ਭਾਈ! ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਸਾਰੇ (ਰੱਬੀ) ਗੁਣਾਂ ਨਾਲ ਸਾਂਝ ਪਾਂਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ। ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਤੇ, ਇਸ ਤਰ੍ਹਾਂ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।8।

TOP OF PAGE

Sri Guru Granth Darpan, by Professor Sahib Singh