ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1057 ਗੁਰ ਸੇਵਾ ਤੇ ਸਭੁ ਕਿਛੁ ਪਾਏ ॥ ਹਉਮੈ ਮੇਰਾ ਆਪੁ ਗਵਾਏ ॥ ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥ ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥ ਅਨਦਿਨੁ ਹਰਿ ਕਾ ਨਾਮੁ ਵਖਾਣੀ ॥ ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥ ਸੇਵਕ ਸੇਵਹਿ ਸਬਦਿ ਸਲਾਹਹਿ ॥ ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥ ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥ ਸਬਦੇ ਅਕਥੁ ਕਥੇ ਸਾਲਾਹੇ ॥ ਮੇਰੇ ਪ੍ਰਭ ਸਾਚੇ ਵੇਪਰਵਾਹੇ ॥ ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥ {ਪੰਨਾ 1057} ਪਦ ਅਰਥ: ਤੇ = ਤੋਂ, ਦੀ ਰਾਹੀਂ। ਸਭੁ ਕਿਛੁ = ਹਰੇਕ ਚੀਜ਼। ਮੇਰਾ = ਮਮਤਾ, ਕਬਜ਼ੇ ਦੀ ਲਾਲਸਾ। ਆਪੁ = ਆਪਾ-ਭਾਵ। ਆਪੇ = ਆਪ ਹੀ। ਗੁਰ ਕੈ ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸੋਹਾ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।9। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀ = ਵਖਾਣਿ, ਉਚਾਰਨ ਕਰ। ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਘਟ ਅੰਤਰਿ = ਹਿਰਦੇ ਵਿਚ। ਤਾਹਾ = ਉਸ (ਮਨੁੱਖ) ਦਾ।10। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਸਲਾਹਹਿ = ਸਿਫ਼ਤਿ-ਸਾਲਾਹ ਕਰਦੇ ਹਨ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਮਸਤ। ਗਾਵਹਿ = ਗਾਂਦੇ ਹਨ (ਬਹੁ-ਵਚਨ) । ਸਬਦਿ = ਸ਼ਬਦ ਵਿਚ। ਪਰਮਲ ਵਾਸੁ = ਚੰਦਨ ਦੀ ਸੁਗੰਧੀ। ਮਨਿ ਤਾਹਾ = ਉਸ ਦੇ ਮਨ ਵਿਚ।11। ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਥੇ = ਗੁਣ ਬਿਆਨ ਕਰਦਾ ਹੈ।12। ਅਰਥ: ਹੇ ਭਾਈ! ਗੁਰੂ ਦੀ ਸਰਨ ਪੈਣ ਨਾਲ ਮਨੁੱਖ ਹਰੇਕ ਚੀਜ਼ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਹਉਮੈ ਮਮਤਾ ਆਪਾ-ਭਾਵ ਦੂਰ ਕਰ ਲੈਂਦਾ ਹੈ। ਹੇ ਭਾਈ! ਜਿਸ ਮਨੁੱਖ ਉੱਤੇ ਸੁਖਾਂ ਦਾ ਦਾਤਾ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਆਤਮਕ ਜੀਵਨ ਸੋਹਣਾ ਬਣਾ ਲੈਂਦਾ ਹੈ।9। ਹੇ ਭਾਈ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ ਬਾਣੀ ਹੈ, (ਇਸ ਵਿਚ ਜੁੜ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ।10। ਹੇ ਭਾਈ! (ਪ੍ਰਭੂ ਦੇ) ਸੇਵਕ (ਗੁਰੂ ਦੇ) ਸ਼ਬਦ ਦੀ ਰਾਹੀਂ (ਪ੍ਰਭੂ ਦੀ) ਸੇਵਾ-ਭਗਤੀ ਕਰਦੇ ਹਨ, ਸਿਫ਼ਤਿ-ਸਾਲਾਹ ਕਰਦੇ ਹਨ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਸਦਾ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। ਹੇ ਭਾਈ! ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਉਸ ਮਨੁੱਖ ਦੇ ਮਨ ਵਿਚ (ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ।11। ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਅਕੱਥ ਪ੍ਰਭੂ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ, ਸਦਾ-ਥਿਰ ਵੇਪਰਵਾਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਗੁਣਾਂ ਦੀ ਦਾਤਿ ਕਰਨ ਵਾਲਾ ਪ੍ਰਭੂ ਆਪ ਹੀ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ, ਉਸ ਨੂੰ ਸ਼ਬਦ ਦਾ ਆਨੰਦ ਆਉਣ ਲੱਗ ਪੈਂਦਾ ਹੈ।12। ਮਨਮੁਖੁ ਭੂਲਾ ਠਉਰ ਨ ਪਾਏ ॥ ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥ ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥ ਆਪੇ ਆਪਿ ਆਪਿ ਸਾਲਾਹੇ ॥ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥ ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥ ਬਿਨੁ ਗੁਰ ਦਾਤੇ ਕੋਇ ਨ ਪਾਏ ॥ ਲਖ ਕੋਟੀ ਜੇ ਕਰਮ ਕਮਾਏ ॥ ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥ ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥ ਸਾਚੀ ਬਾਣੀ ਸਬਦਿ ਸੁਹਾਏ ॥ ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥ {ਪੰਨਾ 1057} ਪਦ ਅਰਥ: ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭੂਲਾ = (ਸਹੀ ਜੀਵਨ-ਰਾਹ ਤੋਂ) ਖੁੰਝਿਆ ਹੋਇਆ। ਧੁਰਿ = ਧੁਰ ਤੋਂ, ਪਰਮਾਤਮਾ ਦੇ ਹੁਕਮ ਵਿਚ। ਬਿਖਿਆ = ਮਾਇਆ। ਰਾਤੇ = ਮਸਤ।13। ਆਪੇ = ਆਪ ਹੀ। ਮਾਹੇ = ਮਾਹਿ, ਵਿਚ। ਸਚਾ = ਸਦਾ ਕਾਇਮ ਰਹਿਣ ਵਾਲਾ। ਅਲਖੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ।14। ਬਿਨੁ ਗੁਰ = ਗੁਰੂ ਦੀ ਸਰਨ ਪੈਣ ਤੋਂ ਬਿਨਾ। ਕੋਟੀ = ਕ੍ਰੋੜਾਂ। ਤੇ = ਤੋਂ, ਦੇ ਕਾਰਨ। ਸਬਦੇ = ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਪ੍ਰਭੂ।15। ਸੇ = ਉਹ {ਬਹੁ-ਵਚਨ}। ਸੁਹਾਏ = ਸੋਹਣੇ ਜੀਵਨ ਵਾਲੇ ਬਣ ਗਏ। ਨਾਨਕ = ਹੇ ਨਾਨਕ! ਗਾਵਹ = {ਉੱਤਮ ਪੁਰਖ, ਬਹੁ-ਵਚਨ} ਅਸੀਂ ਗਾਵੀਏ। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ। 16। ਅਰਥ: ਹੇ ਭਾਈ! ਮਨ ਦਾ ਮੁਰੀਦ ਮਨੁੱਖ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ (ਭਟਕਦਾ ਫਿਰਦਾ ਹੈ, ਉਸ ਨੂੰ ਕੋਈ) ਟਿਕਾਣਾ ਨਹੀਂ ਮਿਲਦਾ। (ਪਰ ਉਸ ਦੇ ਭੀ ਕੀਹ ਵੱਸ? ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰੋਂ ਉਸ ਦੇ ਮੱਥੇ ਤੇ ਲਿਖਿਆ ਗਿਆ ਹੈ ਉਹ ਕਰਮ ਉਹ ਹੁਣ ਕਰ ਰਿਹਾ ਹੈ। ਮਾਇਆ (ਦੇ ਰੰਗ ਵਿਚ) ਮਸਤ ਹੋਣ ਕਰਕੇ ਉਹ (ਹੁਣ ਭੀ) ਮਾਇਆ ਦੀ ਭਾਲ ਹੀ ਕਰਦਾ ਫਿਰਦਾ ਹੈ, ਕਦੇ ਮਰਦਾ ਹੈ ਕਦੇ ਜੰਮਦਾ ਹੈ (ਕਦੇ ਹਰਖ ਕਦੇ ਸੋਗ) , ਇਹ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ।13। ਹੇ ਭਾਈ! (ਜੇ ਕੋਈ ਵਡਭਾਗੀ ਸਿਫ਼ਤਿ-ਸਾਲਾਹ ਕਰ ਰਿਹਾ ਹੈ, ਤਾਂ ਉਸ ਵਿਚ ਬੈਠਾ ਭੀ ਪ੍ਰਭੂ) ਆਪ ਹੀ ਆਪ ਸਿਫ਼ਤਿ-ਸਾਲਾਹ ਕਰ ਰਿਹਾ ਹੈ। ਹੇ ਪ੍ਰਭੂ! ਤੇਰੇ ਗੁਣ ਤੇਰੇ ਵਿਚ ਹੀ ਹਨ (ਤੇਰੇ ਵਰਗਾ ਹੋਰ ਕੋਈ ਨਹੀਂ) ; ਹੇ ਪ੍ਰਭੂ! ਤੂੰ ਆਪ ਅਟੱਲ ਹੈਂ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਅਟੱਲ ਹੈ, ਤੂੰ ਆਪ ਹੀ ਅਲੱਖ ਤੇ ਅਥਾਹ ਹੈਂ।14। ਹੇ ਭਾਈ! ਜੇ (ਕੋਈ ਮਨਮੁਖ ਨਾਮ ਤੋਂ ਬਿਨਾ ਹੋਰ ਹੋਰ ਧਾਰਮਿਕ ਮਿਥੇ ਹੋਏ) ਕਰਮ ਕਰਦਾ ਫਿਰੇ, ਸਿਫ਼ਤਿ-ਸਾਲਾਹ ਦੀ ਦਾਤਿ ਦੇਣ ਵਾਲੇ ਗੁਰੂ ਤੋਂ ਬਿਨਾ ਉਹ ਨਾਮ ਦੀ ਦਾਤਿ ਹਾਸਲ ਨਹੀਂ ਕਰ ਸਕਦਾ। ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ।15। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਧੁਰੋਂ ਆਪਣੇ ਹੁਕਮ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਂਦਾ ਹੈ ਉਹੀ ਮਿਲਦੇ ਹਨ। ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ। ਹੇ ਨਾਨਕ! ਪ੍ਰਭੂ ਦਾ ਸੇਵਕ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ। ਆਓ, ਅਸੀਂ ਭੀ ਗੁਣ ਗਾਵੀਏ। (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਹ) ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। 16।4।13। ਮਾਰੂ ਮਹਲਾ ੩ ॥ ਨਿਹਚਲੁ ਏਕੁ ਸਦਾ ਸਚੁ ਸੋਈ ॥ ਪੂਰੇ ਗੁਰ ਤੇ ਸੋਝੀ ਹੋਈ ॥ ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥ ਅੰਦਰਿ ਰੰਗੁ ਸਦਾ ਸਚਿਆਰਾ ॥ ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥ ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥ ਰਈਅਤਿ ਰਾਜੇ ਦੁਰਮਤਿ ਦੋਈ ॥ ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥ ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥ ਆਵਣੁ ਜਾਣਾ ਰਖੈ ਨ ਕੋਈ ॥ ਜੰਮਣੁ ਮਰਣੁ ਤਿਸੈ ਤੇ ਹੋਈ ॥ ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥ {ਪੰਨਾ 1057} ਪਦ ਅਰਥ: ਨਿਹਚਲੁ = ਅਚੱਲ, ਅਟੱਲ। ਤੇ = ਤੋਂ। ਰਸਿ = ਰਸ ਵਿਚ। ਧਿਆਇਨਿ = ਧਿਆਉਂਦੇ ਹਨ {ਬਹੁ-ਵਚਨ}। ਸੀਲੁ = ਚੰਗਾ ਸੁਭਾਉ। ਸੰਨਾਹਾ = ਜ਼ਿਰ੍ਹਾ ਬਕਤਰ, ਸੰਜੋਅ, ਲੋਹੇ ਦੀ ਜਾਲੀ ਦੀ ਬਰਦੀ।1। ਰੰਗੁ = ਪਿਆਰ। ਸਚਿਆਰਾ = {ਸਚ-ਆਲਯ} ਸੁਰਖ਼ਰੂ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ। ਨਉ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਘਟ ਅੰਤਰਿ = ਹਿਰਦੇ ਵਿਚ। ਲਾਹਾ = ਲਾਭ।2। ਦੁਰਮਤਿ = ਖੋਟੀ ਮਤਿ। ਦੋਈ = ਦ੍ਵੈਤ-ਵਿਚ, ਮੇਰ-ਤੇਰ ਵਿਚ, ਦੁਬਿਧਾ ਵਿਚ। ਪਾਇਨਿ = ਪਾਂਦੇ ਹਨ। ਤਿਨਾਹਾ = ਉਹਨਾਂ ਦਾ।3। ਆਵਣੁ ਜਾਣਾ = ਜੰਮਣ ਮਰਨ ਦਾ ਗੇੜ। ਰਖੈ = ਰੋਕ ਸਕਦਾ। ਤਿਸੈ ਤੇ = ਉਸ (ਪਰਮਾਤਮਾ) ਤੋਂ ਹੀ। ਗੁਰਮੁਖਿ = ਗੁਰੂ ਦੇ ਸਰਨ ਪੈ ਕੇ। ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = (ਦੋਈ ਆਦਿਕ ਤੋਂ) ਖ਼ਲਾਸੀ। ਪਾਹਾ = ਮਿਲਦੀ ਹੈ।4। ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਅਟੱਲ ਸਿਰਫ਼ ਉਹ ਪਰਮਾਤਮਾ ਹੀ ਹੈ। ਪੂਰੇ ਗੁਰੂ ਪਾਸੋਂ ਜਿਨ੍ਹਾਂ ਮਨੁੱਖਾਂ ਨੂੰ ਇਹ ਸਮਝ ਆ ਜਾਂਦੀ ਹੈ, ਉਹ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਸਦਾ ਪਰਮਾਤਮਾ ਦਾ ਸਿਮਰਨ ਕਰਦੇ ਹਨ, ਗੁਰੂ ਦੀ ਮਤਿ ਉੱਤੇ ਤੁਰ ਕੇ ਉਹ ਮਨੁੱਖ ਚੰਗੇ ਆਚਰਨ ਦਾ ਸੰਜੋਅ (ਪਹਿਨੀ ਰੱਖਦੇ ਹਨ, ਜਿਸ ਕਰਕੇ ਕੋਈ ਵਿਕਾਰ ਉਹਨਾਂ ਉਤੇ ਹੱਲਾ ਨਹੀਂ ਕਰ ਸਕਦੇ) ।1। ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਹੈ, ਉਹ ਸਦਾ ਸੁਰਖ਼ਰੂ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਪ੍ਰਭੂ ਦੇ ਨਾਮ ਵਿਚ ਪ੍ਰੇਮ ਬਣਾਈ ਰੱਖਦਾ ਹੈ। ਉਸ ਦੇ ਹਿਰਦੇ ਵਿਚ ਸਾਰੇ ਹੀ ਸੁਖਾਂ ਤੇ ਪਦਾਰਥਾਂ ਦਾ ਖ਼ਜ਼ਾਨਾ ਹਰਿ-ਨਾਮ ਵੱਸਦਾ ਹੈ, ਉਹ ਮਾਇਆ ਨੂੰ ਅਸਲ ਖੱਟੀ ਮੰਨਣਾ ਛੱਡ ਦੇਂਦਾ ਹੈ।2। ਹੇ ਭਾਈ! ਖੋਟੀ ਮਤਿ ਦੇ ਕਾਰਨ ਹਾਕਮ ਤੇ ਪਰਜਾ ਸਭ ਦੁਬਿਧਾ ਵਿਚ ਫਸੇ ਰਹਿੰਦੇ ਹਨ। ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਦੇ ਅੰਦਰ ਇਕ ਪਰਮਾਤਮਾ ਦਾ ਪਰਕਾਸ਼ ਨਹੀਂ ਹੁੰਦਾ। ਜਿਹੜੇ ਮਨੁੱਖ ਸਿਰਫ਼ ਪਰਮਾਤਮਾ ਨੂੰ ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ। ਉਹਨਾਂ ਨੂੰ ਅਟੱਲ (ਆਤਮਕ) ਰਾਜ ਮਿਲਿਆ ਰਹਿੰਦਾ ਹੈ।3। ਹੇ ਭਾਈ! (ਪਰਮਾਤਮਾ ਤੋਂ ਬਿਨਾ ਹੋਰ) ਕੋਈ ਜਨਮ ਮਰਨ ਦੇ ਗੇੜ ਤੋਂ ਬਚਾ ਨਹੀਂ ਸਕਦਾ। ਇਹ ਜਨਮ ਮਰਨ (ਦਾ ਚੱਕਰ) ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਿੱਤ ਸਿਮਰਨ ਕਰਦੇ ਰਹੋ। ਉੱਚੀ ਆਤਮਕ ਅਵਸਥਾ ਤੇ ਵਿਕਾਰਾਂ ਤੋਂ ਖ਼ਲਾਸੀ ਉਸ ਪਰਮਾਤਮਾ ਪਾਸੋਂ ਹੀ ਮਿਲਦੀ ਹੈ।4। ਸਚੁ ਸੰਜਮੁ ਸਤਿਗੁਰੂ ਦੁਆਰੈ ॥ ਹਉਮੈ ਕ੍ਰੋਧੁ ਸਬਦਿ ਨਿਵਾਰੈ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥ ਹਉਮੈ ਮੋਹੁ ਉਪਜੈ ਸੰਸਾਰਾ ॥ ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥ ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥ ਸਚਾ ਅਮਰੁ ਸਬਦਿ ਸੁਹਾਇਆ ॥ ਪੰਚ ਸਬਦ ਮਿਲਿ ਵਾਜਾ ਵਾਇਆ ॥ ਸਦਾ ਕਾਰਜੁ ਸਚਿ ਨਾਮਿ ਸੁਹੇਲਾ ਬਿਨੁ ਸਬਦੈ ਕਾਰਜੁ ਕੇਹਾ ਹੇ ॥੭॥ ਖਿਨ ਮਹਿ ਹਸੈ ਖਿਨ ਮਹਿ ਰੋਵੈ ॥ ਦੂਜੀ ਦੁਰਮਤਿ ਕਾਰਜੁ ਨ ਹੋਵੈ ॥ ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥੮॥ {ਪੰਨਾ 1057} ਪਦ ਅਰਥ: ਸੰਜਮੁ = ਪਰਹੇਜ਼, ਵਿਕਾਰਾਂ ਤੋਂ ਬਚੇ ਰਹਿਣ ਦਾ ਉੱਦਮ। ਸਚੁ = ਪੱਕਾ, ਸਦਾ-ਥਿਰ। ਦੁਆਰੈ = ਦਰ ਤੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੈ = ਦੂਰ ਕਰ ਲੈਂਦਾ ਹੈ। ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਪਾਈਐ = ਪ੍ਰਾਪਤ ਕਰ ਲਈਦਾ ਹੈ। ਸੀਲੁ = ਚੰਗਾ ਆਚਰਨ। ਤਾਹਾ = ਤਹਾਂ, ਉਥੇ।5। ਉਪਜੈ = ਪੈਦਾ ਹੋ ਜਾਂਦਾ ਹੈ। ਸੰਸਾਰਾ = ਸੰਸਾਰਿ, ਸੰਸਾਰ ਵਿਚ ਖਚਿਤ ਰਿਹਾਂ। ਬਿਨਸੈ = ਆਤਮਕ ਮੌਤ ਸਹੇੜਦਾ ਹੈ। ਵਿਸਾਰਾ = ਵਿਸਾਰਿ, ਭੁਲਾ ਕੇ। ਜਗਿ = ਜਗਤ ਵਿਚ।6। ਅਮਰੁ = ਹੁਕਮ। ਸਚਾ = ਸੱਚਾ, ਅਟੱਲ। ਸਬਦਿ = ਸ਼ਬਦ ਵਿਚ ਜੁੜਿਆਂ। ਸੁਹਾਇਆ = ਚੰਗਾ ਲੱਗਦਾ ਹੈ। ਪੰਚ ਸਬਦ ਮਿਲਿ = ਪੰਜ ਕਿਸਮਾਂ ਦੇ ਸਾਜ ਮਿਲ ਕੇ। ਵਾਇਆ = ਵਜਾਇਆ। ਕਾਰਜੁ = ਜਨਮ-ਮਨੋਰਥ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਸੁਹੇਲਾ = ਸੁਖੀ।7। ਦੂਜੀ ਦੁਰਮਤਿ = ਪ੍ਰਭੂ ਤੋਂ ਬਿਨਾ ਹੋਰ ਨਾਲ ਪਿਆਰ ਕਰਨ ਵਾਲੀ ਖੋਟੀ ਮਤਿ। ਸੰਜੋਗੁ = ਮਿਲਾਪ, ਪ੍ਰਭੂ ਨਾਲ ਮੇਲ। ਵਿਜੋਗੁ = ਪ੍ਰਭੂ ਚਰਨਾਂ ਤੋਂ ਵਿਛੋੜਾ। ਕਰਤੈ = ਕਰਤਾਰ ਨੇ। ਕਿਰਤੁ = ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ ਕਮਾਈ। ਨ ਚਲੈ = ਮਿਟਦੀ ਨਹੀਂ। ਚਲਾਹਾ = ਮਿਟਾਇਆਂ।8। ਅਰਥ: ਹੇ ਭਾਈ! ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ (ਪ੍ਰਾਪਤ ਹੁੰਦਾ ਹੈ) , (ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ। ਹੇ ਭਾਈ! ਗੁਰੂ ਦੀ ਸਰਨ ਪਿਆਂ ਹੀ ਸਦਾ ਆਤਮਕ ਆਨੰਦ ਮਿਲਦਾ ਹੈ। ਚੰਗਾ ਆਚਰਨ, ਸੰਤੋਖ = ਇਹ ਸਭ ਕੁਝ ਗੁਰੂ ਦੇ ਦਰ ਤੇ ਹੀ ਹੈ।5। ਹੇ ਭਾਈ! ਸੰਸਾਰ ਵਿਚ ਖਚਿਤ ਰਿਹਾਂ (ਮਨੁੱਖ ਦੇ ਅੰਦਰ) ਹਉਮੈ ਪੈਦਾ ਹੋ ਜਾਂਦੀ ਹੈ, ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ, (ਇਹਨਾਂ ਦੇ ਕਾਰਨ) ਪਰਮਾਤਮਾ ਦਾ ਨਾਮ ਭੁਲਾ ਕੇ ਸਾਰਾ ਜਗਤ ਆਤਮਕ ਮੌਤ ਸਹੇੜ ਲੈਂਦਾ ਹੈ। ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਹਰਿ-ਨਾਮ ਹੀ ਜਗਤ ਵਿਚ ਸਦਾ ਕਾਇਮ ਰਹਿਣ ਵਾਲੀ ਖੱਟੀ ਹੈ।6। ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਅਟੱਲ ਹੁਕਮ ਮਿੱਠਾ ਲੱਗਣ ਲੱਗ ਪੈਂਦਾ ਹੈ, (ਉਸ ਦੇ ਅੰਦਰ ਇਉਂ ਆਨੰਦ ਬਣਿਆ ਰਹਿੰਦਾ ਹੈ, ਜਿਵੇਂ) ਪੰਜ ਹੀ ਕਿਸਮਾਂ ਦੇ ਸਾਜ਼ਾਂ ਨੇ ਮਿਲ ਕੇ ਸੁੰਦਰ ਰਾਗ ਪੈਦਾ ਕੀਤਾ ਹੋਇਆ ਹੈ। ਹੇ ਭਾਈ! ਪਰਮਾਤਮਾ ਦੇ ਸਦਾ-ਥਿਰ ਨਾਮ ਵਿਚ ਜੁੜਿਆਂ ਜਨਮ-ਮਨੋਰਥ ਸਫਲ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਕਾਹਦਾ ਜਨਮ-ਮਨੋਰਥ? (ਜੀਵਨ ਨਿਸਫਲ ਹੀ ਜਾਂਦਾ ਹੈ) ।7। ਹੇ ਭਾਈ! (ਪਰਮਾਤਮਾ ਦੇ ਨਾਮ ਤੋਂ ਖੁੰਝਿਆਂ ਮਨੁੱਖ) ਘੜੀ ਵਿਚ ਹੱਸ ਪੈਂਦਾ ਹੈ ਘੜੀ ਵਿਚ ਰੋ ਪੈਂਦਾ ਹੈ (ਹਰਖ ਸੋਗ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ, ਸੋ) ਮਾਇਆ ਦੇ ਮੋਹ ਵਿਚ ਫਸਾ ਰੱਖਣ ਵਾਲੀ ਖੋਟੀ ਮਤਿ ਦੀ ਰਾਹੀਂ ਜੀਵਨ-ਮਨੋਰਥ ਸਫਲ ਨਹੀਂ ਹੁੰਦਾ। (ਪਰ, ਜੀਵਾਂ ਦੇ ਕੀਹ ਵੱਸ?) (ਹਰਿ-ਨਾਮ ਵਿਚ) ਜੁੜਨਾ ਤੇ (ਹਰਿ-ਨਾਮ ਤੋਂ) ਵਿਛੁੜ ਜਾਣਾ = (ਪਿਛਲੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਆਪ (ਜੀਵਾਂ ਦੇ ਮੱਥੇ ਉਤੇ) ਲਿਖ ਰੱਖੇ ਹਨ, ਇਹ ਪੂਰਬਲੀ ਕਰਮ-ਕਮਾਈ (ਜੀਵ ਪਾਸੋਂ) ਮਿਟਾਇਆਂ ਮਿਟਦੀ ਨਹੀਂ।8। |
![]() |
![]() |
![]() |
![]() |
Sri Guru Granth Darpan, by Professor Sahib Singh |