ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1055

ਗੁਰਮੁਖਿ ਉਪਜੈ ਸਾਚਿ ਸਮਾਵੈ ॥ ਨਾ ਮਰਿ ਜੰਮੈ ਨ ਜੂਨੀ ਪਾਵੈ ॥ ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥੧੩॥ ਗੁਰਮੁਖਿ ਭਗਤ ਸੋਹਹਿ ਦਰਬਾਰੇ ॥ ਸਚੀ ਬਾਣੀ ਸਬਦਿ ਸਵਾਰੇ ॥ ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥੧੪॥ ਸਤਿਗੁਰੁ ਪੂਰਾ ਸਬਦੁ ਸੁਣਾਏ ॥ ਅਨਦਿਨੁ ਭਗਤਿ ਕਰਹੁ ਲਿਵ ਲਾਏ ॥ ਹਰਿ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿਸਾਹਾ ਹੇ ॥੧੫॥ ਗੁਣ ਕਾ ਦਾਤਾ ਸਚਾ ਸੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ ਬੇਪਰਵਾਹਾ ਹੇ ॥੧੬॥੨॥੧੧॥ {ਪੰਨਾ 1055}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਉਪਜੈ = ਪੈਦਾ ਹੁੰਦਾ ਹੈ। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਮਰਿ = ਮਰ ਕੇ। ਰਹਹਿ = ਰਹਿੰਦੇ ਹਨ {ਬਹੁ-ਵਚਨ}। ਰੰਗਿ = ਪ੍ਰੇਮ ਰੰਗ ਵਿਚ। ਰਾਤੇ = ਰੰਗੇ ਹੋਏ {ਬਹੁ-ਵਚਨ}। ਅਨਦਿਨੁ = ਹਰ ਰੋਜ਼, ਹਰ ਵੇਲੇ।13।

ਸੋਹਹਿ = ਸੋਭਦੇ ਹਨ, ਆਦਰ ਪਾਂਦੇ ਹਨ {ਬਹੁ-ਵਚਨ}। ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ = ਗੁਰੂ ਦੇ ਸ਼ਬਦ ਦੀ ਬਰਕਤਿ ਨਾਲ। ਗਾਵੈ = ਗਾਂਦਾ ਹੈ {ਇਕ-ਵਚਨ}। ਸਹਜ = ਆਤਮਕ ਅਡੋਲਤਾ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ।14।

ਭਗਤਿ = {ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ। } ਲਾਏ = ਲਾਇ, ਲਾ ਕੇ। ਗਾਵਹਿ = ਗਾਂਦੇ ਹਨ {ਬਹੁ-ਵਚਨ}। ਸਦ = ਸਦਾ। ਨਿਰਮਲ = ਪਵਿੱਤਰ ਜੀਵਨ ਵਾਲੇ।15।

ਸਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਬੂਝੈ = ਸਮਝਦਾ ਹੈ। ਬਿਗਸੈ = ਵਿਗਸਦਾ ਹੈ, ਖਿੜਦਾ ਹੈ। 16।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ, (ਇਸ ਵਾਸਤੇ) ਉਹ ਮੁੜ ਮੁੜ ਮਰਦਾ ਜੰਮਦਾ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਵੇਲੇ ਇਹ ਲਾਭ ਖੱਟਦੇ ਹਨ।13।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਭਗਤ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਜੀਵਨ ਸੁਧਰ ਜਾਂਦੇ ਹਨ। ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਆਤਮਕ ਅਡੋਲਤਾ ਨਾਲ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਬਾਹਰ ਨਹੀਂ ਭਟਕਦਾ) ।14।

ਹੇ ਭਾਈ! ਪੂਰਾ ਗੁਰੂ ਸ਼ਬਦ ਸੁਣਾਂਦਾ ਹੈ (ਤੇ ਆਖਦਾ ਹੈ ਕਿ) ਹਰ ਵੇਲੇ ਸੁਰਤਿ ਜੋੜ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ, ਪ੍ਰਭੂ-ਪਾਤਿਸ਼ਾਹ ਦੇ ਪਵਿੱਤਰ ਗੁਣ ਗਾਂਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।15।

ਪਰ, ਹੇ ਭਾਈ! (ਆਪਣੇ) ਗੁਣਾਂ (ਦੇ ਗਾਣ) ਦੀ ਦਾਤਿ ਦੇਣ ਵਾਲਾ ਉਹ ਸਦਾ-ਥਿਰ ਪਰਮਾਤਮਾ ਆਪ ਹੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।

ਹੇ ਨਾਨਕ! ਪਰਮਾਤਮਾ ਦਾ ਜਿਹੜਾ ਸੇਵਕ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦਾ ਹੈ, ਵੇਪਰਵਾਹ ਪ੍ਰਭੂ ਦਾ ਨਾਮ ਜਪਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ। 16।2।11।

ਮਾਰੂ ਮਹਲਾ ੩ ॥ ਹਰਿ ਜੀਉ ਸੇਵਿਹੁ ਅਗਮ ਅਪਾਰਾ ॥ ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥ ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥੧॥ ਸਭ ਮਹਿ ਵਰਤੈ ਏਕੋ ਸੋਈ ॥ ਗੁਰ ਪਰਸਾਦੀ ਪਰਗਟੁ ਹੋਈ ॥ ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥ ਪੂਰੈ ਸਤਿਗੁਰਿ ਬੂਝਿ ਬੁਝਾਇਆ ॥ ਹੁਕਮੇ ਹੀ ਸਭੁ ਜਗਤੁ ਉਪਾਇਆ ॥ ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥ ਸਚਾ ਸਤਿਗੁਰੁ ਸਬਦੁ ਅਪਾਰਾ ॥ ਤਿਸ ਦੈ ਸਬਦਿ ਨਿਸਤਰੈ ਸੰਸਾਰਾ ॥ ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥੪॥ {ਪੰਨਾ 1055}

ਪਦ ਅਰਥ: ਸੇਵਿਹੁ = ਸਿਮਰਨ ਕਰਿਆ ਕਰੋ। ਅਗਮ = ਅਪਹੁੰਚ। ਅਪਾਰਾ = ਬੇਅੰਤ। ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ। ਪਰਸਾਦਿ = ਕਿਰਪਾ ਨਾਲ। ਘਟ ਅੰਤਰਿ = ਜਿਸ ਹਿਰਦੇ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਅਗਾਹਾ = ਅਥਾਹ।1।

ਸਭ ਮਹਿ = ਸਭ ਜੀਆਂ ਵਿਚ। ਵਰਤੈ = ਮੌਜੂਦ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਪ੍ਰਤਿਪਾਲ = ਪਾਲਣਾ। ਜਗ ਜੀਵਨੁ = ਜਗਤ ਦਾ ਸਹਾਰਾ ਪ੍ਰਭੂ। ਸੰਬਾਹਾ = ਪੁਚਾਂਦਾ ਹੈ।2।

ਸਤਿਗੁਰਿ = ਗੁਰੂ ਨੇ। ਬੂਝਿ = (ਆਪ) ਸਮਝ ਕੇ। ਬੁਝਾਇਆ = (ਜਗਤ ਨੂੰ) ਸਮਝਾਇਆ ਹੈ (ਕਿ) । ਹੁਕਮੇ = (ਆਪਣੇ) ਹੁਕਮ ਵਿਚ ਹੀ। ਸਿਰਿ = ਸਿਰ ਉੱਤੇ।3।

ਸਚਾ = ਸਦਾ-ਥਿਰ, ਅਭੁੱਲ। ਸਬਦੁ = (ਗੁਰੂ ਦਾ) ਸ਼ਬਦ (ਉਪਦੇਸ਼) ਭੀ। ਅਪਾਰਾ = ਬਹੁਤ ਡੂੰਘਾ। ਦੈ ਸਬਦਿ = ਦੇ ਸ਼ਬਦ ਦੀ ਰਾਹੀਂ। ਤਿਸ ਦੈ = {ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਨਿਸਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਕਰਿ = ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਾਸ = ਸਾਹ {ਬਹੁ-ਵਚਨ}। ਗਿਰਾਹਾ = ਗਿਰਾਹੀ, ਰੋਜ਼ੀ।4।

ਅਰਥ: ਹੇ ਭਾਈ! ਬੇਅੰਤ ਅਤੇ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ। ਉਸ (ਦੇ ਗੁਣਾਂ) ਦਾ ਅੰਤ ਨਹੀਂ ਪਾਇਆ ਜਾ ਸਕਦਾ, (ਉਸ ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਹਿਰਦੇ ਵਿਚ ਬੜੀ ਉੱਚੀ ਮਤਿ ਪਰਗਟ ਹੋ ਜਾਂਦੀ ਹੈ।1।

ਹੇ ਭਾਈ! ਸਿਰਫ਼ ਉਹ ਪਰਮਾਤਮਾ ਹੀ ਸਭ ਜੀਵਾਂ ਵਿਚ ਵਿਆਪਕ ਹੈ, ਪਰ ਗੁਰੂ ਦੀ ਕਿਰਪਾ ਨਾਲ ਹੀ ਉਹ ਪਰਗਟ ਹੁੰਦਾ ਹੈ। ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ।2।

ਹੇ ਭਾਈ! ਪੂਰੇ ਗੁਰੂ ਨੇ (ਆਪ) ਸਮਝ ਕੇ (ਜਗਤ ਨੂੰ) ਸਮਝਾਇਆ ਹੈ ਕਿ ਪਰਮਾਤਮਾ ਨੇ ਆਪਣੇ ਹੁਕਮ ਵਿਚ ਹੀ ਸਾਰਾ ਜਗਤ ਪੈਦਾ ਕੀਤਾ ਹੈ। ਜਿਹੜਾ ਮਨੁੱਖ ਉਸ ਦੇ ਹੁਕਮ ਨੂੰ (ਮਿੱਠਾ ਕਰਕੇ) ਮੰਨਦਾ ਹੈ, ਉਹੀ ਆਤਮਕ ਆਨੰਦ ਮਾਣਦਾ ਹੈ। ਉਸ ਦਾ ਹੁਕਮ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਚੱਲ ਰਿਹਾ ਹੈ (ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ) ।3।

ਹੇ ਭਾਈ! ਗੁਰੂ ਅਭੁੱਲ ਹੈ, ਉਸ ਦਾ ਉਪਦੇਸ਼ ਭੀ ਬਹੁਤ ਡੂੰਘਾ ਹੈ। ਉਸ ਦੇ ਸ਼ਬਦ ਦੀ ਰਾਹੀਂ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ। (ਗੁਰੂ ਇਹ ਦੱਸਦਾ ਹੈ ਕਿ) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰਦਾ ਹੈ, (ਸਭਨਾਂ ਨੂੰ) ਸਾਹ (ਜਿੰਦ) ਭੀ ਦੇਂਦਾ ਹੈ ਰੋਜ਼ੀ ਭੀ ਦੇਂਦਾ ਹੈ।4।

ਕੋਟਿ ਮਧੇ ਕਿਸਹਿ ਬੁਝਾਏ ॥ ਗੁਰ ਕੈ ਸਬਦਿ ਰਤੇ ਰੰਗੁ ਲਾਏ ॥ ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥੫॥ ਸਤਿਗੁਰੁ ਸੇਵਹਿ ਸੇ ਜਨ ਸਾਚੇ ॥ ਜੋ ਮਰਿ ਜੰਮਹਿ ਕਾਚਨਿ ਕਾਚੇ ॥ ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥੬॥ ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥ ਸਚੈ ਸਬਦਿ ਸਦਾ ਗੁਣ ਗਾਏ ॥ ਗੁਣਦਾਤਾ ਵਰਤੈ ਸਭ ਅੰਤਰਿ ਸਿਰਿ ਸਿਰਿ ਲਿਖਦਾ ਸਾਹਾ ਹੇ ॥੭॥ ਸਦਾ ਹਦੂਰਿ ਗੁਰਮੁਖਿ ਜਾਪੈ ॥ ਸਬਦੇ ਸੇਵੈ ਸੋ ਜਨੁ ਧ੍ਰਾਪੈ ॥ ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥੮॥ {ਪੰਨਾ 1055}

ਪਦ ਅਰਥ: ਕੋਟਿ = ਕ੍ਰੋੜ। ਮਧੇ = ਵਿਚ। ਕਿਸਹਿ = ਕਿਸੇ ਵਿਰਲੇ ਨੂੰ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ}। ਰੰਗੁ ਲਾਇ = ਰੰਗ ਲਾ ਕੇ, ਪਿਆਰ ਨਾਲ। ਸਾਲਾਹਹਿ = ਸਲਾਹੁੰਦੇ ਹਨ। ਸਾਲਾਹਾ = ਸਿਫ਼ਤਿ-ਸਾਲਾਹ।5।

ਸੇਵਹਿ = ਸੇਂਵਦੇ ਹਨ, ਸਰਨ ਪੈਂਦੇ ਹਨ। ਸਾਚੇ = ਟਿਕਵੇਂ ਜੀਵਨ ਵਾਲੇ। ਮਰਿ ਜੰਮਹਿ = ਮਰ ਕੇ ਜੰਮਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਕਾਚ ਨਿਕਾਚੇ = ਨਿਰੋਲ ਕੱਚੇ, ਬਹੁਤ ਕਮਜ਼ੋਰ ਆਤਮਕ ਜੀਵਨ ਵਾਲੇ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਆਥਾਹਾ = ਅਥਾਹ, ਬਹੁਤ ਹੀ ਡੂੰਘਾ, ਬੇਅੰਤ।6।

ਸਾਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਵਰਤੈ = ਵਿਆਪਕ (ਦਿੱਸਦਾ) ਹੈ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ।7।

ਹਦੂਰਿ = ਅੰਗ-ਸੰਗ। ਜਾਪੈ = ਪ੍ਰਤੀਤ ਹੁੰਦਾ ਹੈ। ਸਬਦੇ = ਸ਼ਬਦ ਦੀ ਰਾਹੀਂ। ਧ੍ਰਾਪੈ = (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਚੀ ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਓਮਾਹਾ = ਖਿੜਾਉ, ਆਨੰਦ।8।

ਅਰਥ: ਹੇ ਭਾਈ! ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ (ਪਰਮਾਤਮਾ ਸਹੀ ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ। ਹੇ ਭਾਈ! ਜਿਹੜੇ ਮਨੁੱਖ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ, ਅਤੇ ਸਾਰੇ ਸੁਖਾਂ ਦੇ ਦਾਤੇ ਹਰੀ ਦੀ ਸਦਾ ਸਿਫ਼ਤਿ-ਸਾਲਾਹ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਭਗਤੀ ਅਤੇ ਸਿਫ਼ਤਿ-ਸਾਲਾਹ ਦੀ (ਹੋਰ) ਦਾਤਿ ਬਖ਼ਸ਼ਦਾ ਹੈ।5।

ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ। ਪਰ ਜਿਹੜੇ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹ ਬਹੁਤ ਹੀ ਕਮਜ਼ੋਰ ਆਤਮਕ ਜੀਵਨ ਵਾਲੇ ਹਨ। ਹੇ ਭਾਈ! ਅਪਹੁੰਚ ਅਗੋਚਰੁ ਵੇਪਰਵਾਹ ਅਤੇ ਬੇਅੰਤ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ।6।

ਹੇ ਭਾਈ! ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਪੱਕਾ ਕਰਦਾ ਹੈ, ਉਹ ਮਨੁੱਖ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੂੰ ਇਉਂ ਦਿੱਸਦਾ ਹੈ ਕਿ ਗੁਣ-ਦਾਤਾ ਪ੍ਰਭੂ ਸਭ ਜੀਵਾਂ ਵਿਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਸਮਾ (ਸਾਹਾ) ਲਿਖਦਾ ਹੈ (ਜਦੋਂ ਜਿੰਦ-ਵਹੁਟੀ ਨੇ ਪਰਲੋਕ ਸਹੁਰੇ-ਘਰ ਤੁਰ ਪੈਣਾ ਹੈ) ।7।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਾ-ਭਗਤੀ ਕਰਦਾ ਹੈ ਉਹ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ। ਹੇ ਭਾਈ! ਜਿਹੜੇ ਮਨੁੱਖ ਸਿਫ਼ਤਿ-ਸਾਲਾਹ ਵਾਲੀ ਬਾਣੀ ਦੀ ਰਾਹੀਂ ਹਰ ਵੇਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।8।

TOP OF PAGE

Sri Guru Granth Darpan, by Professor Sahib Singh