ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1054

ਗੁਰ ਪਰਸਾਦੀ ਹੁਕਮੁ ਪਛਾਣੈ ॥ ਧਾਵਤੁ ਰਾਖੈ ਇਕਤੁ ਘਰਿ ਆਣੈ ॥ ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥ ਸਭ ਜਗ ਮਹਿ ਵਰਤੈ ਏਕੋ ਸੋਈ ॥ ਗੁਰ ਪਰਸਾਦੀ ਪਰਗਟੁ ਹੋਈ ॥ ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥ ਸਦਾ ਭਗਤ ਤੇਰੀ ਸਰਣਾਈ ॥ ਅਗਮ ਅਗੋਚਰ ਕੀਮਤਿ ਨਹੀ ਪਾਈ ॥ ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥ ਸਦਾ ਸਦਾ ਤੇਰੇ ਗੁਣ ਗਾਵਾ ॥ ਸਚੇ ਸਾਹਿਬ ਤੇਰੈ ਮਨਿ ਭਾਵਾ ॥ ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥ {ਪੰਨਾ 1054}

ਪਦ ਅਰਥ: ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਹੁਕਮੁ = (ਪਰਮਾਤਮਾ ਦੀ) ਰਜ਼ਾ। ਧਾਵਤੁ = ਭਟਕਦਾ ਮਨ। ਇਕਤੁ = ਇੱਕ ਵਿਚ ਹੀ {ਲਫ਼ਜ਼ 'ਇਕਸੁ' ਤੋਂ ਅਧਿਕਰਣ ਕਾਰਕ ਇਕ-ਵਚਨ}। ਘਰਿ = ਘਰ ਵਿਚ। ਇਕਤੁ ਘਰਿ = ਇਕ ਹੀ ਘਰ ਵਿਚ। ਆਣੈ = ਲੈ ਆਉਂਦਾ ਹੈ। ਨਾਮੇ = ਮਨ ਵਿਚ ਹੀ। ਬੈਰਾਗੀ = ਵੈਰਾਗਵਾਨ, ਮਾਇਆ ਤੋਂ ਉਪਰਾਮ, ਨਿਰਲੇਪ। ਮਨਿ = ਮਨ ਵਿਚ। ਤਾਹਾ = ਉਸ ਦੇ। ਮਨਿ ਤਾਹਾ = ਉਸ ਦੇ ਮਨ ਵਿਚ।13।

ਵਰਤੈ = ਵਿਆਪਕ ਹੈ। ਪਰਗਟੁ ਹੋਈ = ਦਿੱਸਦਾ ਹੈ। ਸਲਾਹਹਿ = ਸਲਾਹੁੰਦੇ ਹਨ। ਸੇ = ਉਹ {ਬਹੁ-ਵਚਨ}। ਨਿਜ ਘਰਿ = ਆਪਣੇ (ਅਸਲ) ਘਰ ਵਿਚ। ਤਾਹਾ = ਉਹਨਾਂ ਦਾ।14।

ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ। ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਤਿਉ = ਉਸੇ ਤਰ੍ਹਾਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ।15।

ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਸਾਹਿਬ = ਹੇ ਸਾਹਿਬ! ਸਚੇ ਸਾਹਿਬ = ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੈ ਮਨਿ = ਤੇਰੇ ਮਨ ਵਿਚ। ਭਾਵਾ = ਭਾਵਾਂ, ਮੈਂ ਭਾ ਜਾਵਾਂ, ਮੈਂ ਪਿਆਰਾ ਲੱਗਾਂ। ਨਾਨਕੁ ਕਹੈ– ਨਾਨਕ ਆਖਦਾ ਹੈ। ਸਾਚੁ = ਸਦਾ-ਥਿਰ ਨਾਮ। ਸਚੁ = ਸਦਾ-ਥਿਰ ਨਾਮ। ਸਚਿ = ਸਦਾ-ਥਿਰ ਨਾਮ ਵਿਚ। ਸਮਾਹਾ = ਮੈਂ ਸਮਾਇਆ ਰਹਾਂ। 16।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ, ਉਹ ਆਪਣੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਉਹ (ਆਪਣੇ ਮਨ ਨੂੰ) ਇੱਕ ਘਰ ਵਿਚ ਹੀ ਲੈ ਆਉਂਦਾ ਹੈ, ਉਹ ਮਨੁੱਖ ਹਰਿ-ਨਾਮ ਵਿਚ ਰੰਗਿਆ ਰਹਿੰਦਾ ਹੈ, ਉਹ (ਵਿਕਾਰਾਂ ਤੋਂ) ਸਦਾ ਨਿਰਲੇਪ ਰਹਿੰਦਾ ਹੈ, ਪਰਮਾਤਮਾ ਦਾ ਰਤਨ-ਨਾਮ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ।13।

ਹੇ ਭਾਈ! ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਹੈ, ਪਰ ਉਹ ਗੁਰੂ ਦੀ ਕਿਰਪਾ ਨਾਲ ਦਿੱਸਦਾ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦਾ ਨਿਵਾਸ ਸਦਾ ਸ੍ਵੈ-ਸਰੂਪ ਵਿਚ ਹੋਇਆ ਰਹਿੰਦਾ ਹੈ।14।

ਹੇ ਪ੍ਰਭੂ! ਹੇ ਅਪਹੁੰਚ ਤੇ ਅਗੋਚਰ! ਤੇਰੇ ਭਗਤ ਸਦਾ ਤੇਰੀ ਸਰਨ ਵਿਚ ਰਹਿੰਦੇ ਹਨ। ਪਰ ਕੋਈ ਤੇਰਾ ਮੁੱਲ ਨਹੀਂ ਪਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੂੰ ਮਿਲ ਨਹੀਂ ਸਕਦਾ) । ਹੇ ਪ੍ਰਭੂ! ਤੂੰ (ਆਪਣੇ ਭਗਤਾਂ ਨੂੰ) ਉਵੇਂ ਹੀ ਰੱਖਦਾ ਹੈਂ, ਜਿਵੇਂ ਉਹ ਤੈਨੂੰ ਪਿਆਰੇ ਲੱਗਦੇ ਹਨ। (ਤੇਰੇ ਭਗਤ) ਗੁਰੂ ਦੀ ਸਰਨ ਪੈ ਕੇ ਤੇਰਾ ਨਾਮ ਧਿਆਉਂਦੇ ਹਨ।15।

ਹੇ ਪ੍ਰਭੂ! (ਮਿਹਰ ਕਰ) ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ, ਤਾਕਿ, ਹੇ ਸਦਾ-ਥਿਰ ਮਾਲਕ! ਮੈਂ ਤੇਰੇ ਮਨ ਵਿਚ ਪਿਆਰਾ ਲੱਗਦਾ ਰਹਾਂ। (ਤੇਰਾ ਦਾਸ) ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਨੂੰ ਆਪਣਾ ਸਦਾ-ਥਿਰ ਨਾਮ ਦੇਹ, ਮੈਂ ਤੇਰੇ ਸਦਾ-ਥਿਰ ਨਾਮ ਵਿਚ ਲੀਨ ਹੋਇਆ ਰਹਾਂ। 16।1।10।

ਮਾਰੂ ਮਹਲਾ ੩ ॥ ਸਤਿਗੁਰੁ ਸੇਵਨਿ ਸੇ ਵਡਭਾਗੀ ॥ ਅਨਦਿਨੁ ਸਾਚਿ ਨਾਮਿ ਲਿਵ ਲਾਗੀ ॥ ਸਦਾ ਸੁਖਦਾਤਾ ਰਵਿਆ ਘਟ ਅੰਤਰਿ ਸਬਦਿ ਸਚੈ ਓਮਾਹਾ ਹੇ ॥੧॥ ਨਦਰਿ ਕਰੇ ਤਾ ਗੁਰੂ ਮਿਲਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਹਰਿ ਮਨਿ ਵਸਿਆ ਸਦਾ ਸੁਖਦਾਤਾ ਸਬਦੇ ਮਨਿ ਓਮਾਹਾ ਹੇ ॥੨॥ ਕ੍ਰਿਪਾ ਕਰੇ ਤਾ ਮੇਲਿ ਮਿਲਾਏ ॥ ਹਉਮੈ ਮਮਤਾ ਸਬਦਿ ਜਲਾਏ ॥ ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥੩॥ ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ ॥ ਬਿਨੁ ਸਬਦੈ ਕੋਇ ਨ ਪਾਵੈ ਪਾਰਾ ॥ ਜੋ ਸਬਦਿ ਰਾਤੇ ਮਹਾ ਬੈਰਾਗੀ ਸੋ ਸਚੁ ਸਬਦੇ ਲਾਹਾ ਹੇ ॥੪॥ {ਪੰਨਾ 1054}

ਪਦ ਅਰਥ: ਸੇਵਨਿ = ਸੇਂਵਦੇ ਹਨ, ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}। ਅਨਦਿਨੁ = ਹਰ ਰੋਜ਼, ਹਰ ਵੇਲੇ। ਸਾਚਿ ਨਾਮਿ = ਸਦਾ-ਥਿਰ ਨਾਮ ਵਿਚ। ਲਿਵ = ਲਗਨ। ਰਵਿਆ = ਮੌਜੂਦ। ਘਟ ਅੰਤਰਿ = ਹਿਰਦੇ ਵਿਚ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਓਮਾਹਾ = ਉਤਸ਼ਾਹ, ਚੜ੍ਹਦੀ ਕਲਾ।1।

ਨਦਰਿ = ਮਿਹਰ ਦੀ ਨਿਗਾਹ। ਮੰਨਿ = ਮਨਿ, ਮਨ ਵਿਚ। ਮਨਿ = ਮਨ ਵਿਚ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ।2।

ਮੇਲਿ = (ਗੁਰੂ ਨਾਲ) ਮਿਲਾ ਕੇ। ਮਮਤਾ = {ਮਮ = ਮੇਰਾ, ਮੇਰੀ} ਕਬਜ਼ੇ ਦੀ ਵਾਸ਼ਨਾ। ਸਬਦਿ = ਸਬਦ ਦੀ ਰਾਹੀਂ। ਜਲਾਏ = ਸਾੜ ਲੈਂਦਾ ਹੈ। ਮੁਕਤੁ = ('ਹਉਮੈ ਮਮਤਾ' ਤੋਂ) ਸੁਤੰਤਰ। ਇਕ ਰੰਗੀ = ਇਕ ਪ੍ਰਭੂ ਨਾਲ ਹੀ ਪਿਆਰ ਕਰਨ ਵਾਲਾ। ਕਾਹਾ = ਖਹਿ-ਖਹਿ, ਵੈਰ-ਵਿਰੋਧ।3।

ਘੋਰ ਅੰਧਾਰਾ = ਘੁੱਪ ਹਨੇਰਾ (ਹਉਮੈ ਮਮਤਾ ਆਦਿਕ ਦਾ) । ਪਾਰਾ = ਪਾਰਲਾ ਬੰਨਾ। ਸਬਦਿ = ਸ਼ਬਦ ਵਿਚ। ਰਾਤੇ = ਮਸਤ। ਬੈਰਾਗੀ = ਨਿਰਲੇਪ, ਤਿਆਗੀ। ਸੋ ਸਚੁ = ਉਸ ਸਦਾ-ਥਿਰ ਹਰਿ-ਨਾਮ। ਲਾਹਾ = ਲਾਭ।4।

ਅਰਥ: ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ; ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਹਰ ਵੇਲੇ ਲੱਗੀ ਰਹਿੰਦੀ ਹੈ। ਸਾਰੇ ਸੁਖਾਂ ਦਾ ਦਾਤਾ ਪਰਮਾਤਮਾ ਹਰ ਵੇਲੇ ਉਹਨਾਂ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਅੰਦਰ ਆਤਮਕ ਜੀਵਨ ਦਾ ਹੁਲਾਰਾ ਬਣਿਆ ਰਹਿੰਦਾ ਹੈ।1।

ਪਰ, ਹੇ ਭਾਈ! ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ (ਹੀ) ਗੁਰੂ ਮਿਲਾਂਦਾ ਹੈ, (ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਉਹ ਮਨੁੱਖ) ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ। ਸਾਰੇ ਸੁਖਾਂ ਦਾ ਦਾਤਾ ਪ੍ਰਭੂ ਉਸ ਦੇ ਮਨ ਵਿਚ ਵੱਸਿਆ ਰਹਿੰਦਾ ਹੈ, ਸ਼ਬਦ ਦੀ ਬਰਕਤਿ ਨਾਲ ਉਸ ਦੇ ਮਨ ਵਿਚ ਜੀਵਨ-ਹੁਲਾਰਾ ਟਿਕਿਆ ਰਹਿੰਦਾ ਹੈ।2।

ਹੇ ਭਾਈ! ਜਦੋਂ ਪ੍ਰਭੂ ਕਿਰਪਾ ਕਰਦਾ ਹੈ ਤਦੋਂ (ਜੀਵ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਨਾਲ) ਮਿਲਾ ਲੈਂਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਅਤੇ ਮਮਤਾ ਨੂੰ ਸਾੜ ਲੈਂਦਾ ਹੈ। ਸਿਰਫ਼ ਪਰਮਾਤਮਾ ਦੇ ਪ੍ਰੇਮ-ਰੰਗ ਦਾ ਸਦਕਾ ਉਹ ਮਨੁੱਖ (ਹਉਮੈ ਮਮਤਾ ਤੋਂ) ਸਦਾ ਆਜ਼ਾਦ ਰਹਿੰਦਾ ਹੈ, ਉਸ ਦਾ ਕਿਸੇ ਨਾਲ ਭੀ ਵੈਰ-ਵਿਰੋਧ ਨਹੀਂ ਹੁੰਦਾ।3।

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਦੇ ਜੀਵਨ-ਰਾਹ ਵਿਚ ਹਉਮੈ ਮਮਤਾ ਆਦਿਕ ਦਾ) ਘੁੱਪ ਹਨੇਰਾ ਬਣਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ (ਇਸ ਘੁੱਪ ਹਨੇਰੇ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ, ਉਹ ਵੱਡੇ ਤਿਆਗੀ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਹਰਿ-ਨਾਮ ਹੀ (ਉਹਨਾਂ ਵਾਸਤੇ ਅਸਲ) ਖੱਟੀ ਹੈ।4।

ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ ॥ ਦੂਜਾ ਭਾਉ ਆਪਿ ਵਰਤਾਇਆ ॥ ਗੁਰਮੁਖਿ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੇ ॥੫॥ ਸੇ ਮਨਮੁਖ ਜੋ ਸਬਦੁ ਨ ਪਛਾਣਹਿ ॥ ਗੁਰ ਕੇ ਭੈ ਕੀ ਸਾਰ ਨ ਜਾਣਹਿ ॥ ਭੈ ਬਿਨੁ ਕਿਉ ਨਿਰਭਉ ਸਚੁ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ ॥੬॥ ਅਫਰਿਓ ਜਮੁ ਮਾਰਿਆ ਨ ਜਾਈ ॥ ਗੁਰ ਕੈ ਸਬਦੇ ਨੇੜਿ ਨ ਆਈ ॥ ਸਬਦੁ ਸੁਣੇ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥੭॥ ਹਰਿ ਜੀਉ ਕੀ ਹੈ ਸਭ ਸਿਰਕਾਰਾ ॥ ਏਹੁ ਜਮੁ ਕਿਆ ਕਰੇ ਵਿਚਾਰਾ ॥ ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥੮॥ {ਪੰਨਾ 1054}

ਪਦ ਅਰਥ: ਕਰਤੈ = ਕਰਤਾਰ ਨੇ। ਧੁਰਿ = ਧੁਰੋਂ, ਆਪਣੇ ਹੁਕਮ ਨਾਲ। ਲਿਖਿ = (ਜੀਵ ਦੇ ਭਾਗਾਂ ਵਿਚ) ਲਿਖ ਕੇ। ਦੂਜਾ ਭਾਉ = ਮਾਇਆ ਦਾ ਮੋਹ। ਗੁਰਮੁਖਿ = ਗੁਰੂ ਦੇ ਸਨਮੁਖ। ਸੁ = ਉਹ ਮਨੁੱਖ। ਅਲਿਪਤੋ = ਨਿਰਲੇਪ। ਮਨਮੁਖ = ਮਨ ਦਾ ਮੁਰੀਦ ਮਨੁੱਖ। ਵੇਸਾਹਾ = ਇਤਬਾਰ, ਭਰੋਸਾ।5।

ਸੇ = ਉਹ (ਬਹੁ-ਵਚਨ) । ਨ ਪਛਾਣਹਿ = ਸਾਂਝ ਨਹੀਂ ਪਾਂਦੇ। ਭੈ ਕੀ = {'ਸੰਬੰਧਕ' 'ਕੀ' ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਗਿਆ ਹੈ} ਡਰ-ਅਦਬ ਦੀ। ਸਾਰ = ਕਦਰ, ਕੀਮਤ। ਭੈ ਬਿਨੁ = {'ਭਉ' ਤੋਂ 'ਭੈ'} ਡਰ-ਅਦਬ ਤੋਂ ਬਿਨਾ। ਸਚੁ = ਸਦਾ-ਥਿਰ ਪ੍ਰਭੂ।6।

ਅਫਰਿਓ = ਭੂਤਿਆ ਹੋਇਆ, ਨਾਹ ਟਲਣ ਵਾਲਾ। ਕੈ ਸਬਦੇ = ਦੇ ਸ਼ਬਦ ਦੀ ਰਾਹੀਂ। ਭਾਗੈ = ਭੱਜ ਜਾਂਦਾ ਹੈ। ਮਤੁ = ਮਤਾਂ, ਕਿਤੇ ਐਸਾ ਨਾਹ ਹੋਵੇ ਕਿ। ਮਾਰੇ = ਸਜ਼ਾ ਦੇਵੇ।7।

ਸਭ = ਸਾਰੀ। ਸਿਰਕਾਰਾ = ਰਈਅਤ, ਹਕੂਮਤ। ਹੁਕਮੀ ਬੰਦਾ = ਹੁਕਮ ਵਿਚ ਰਹਿਣ ਵਾਲਾ ਬੰਦਾ। ਹੁਕਮੁ ਕਮਾਵੈ = (ਪਰਮਾਤਮਾ ਦਾ) ਹੁਕਮ ਵਰਤਦਾ ਹੈ, ਹੁਕਮ ਅਨੁਸਾਰ ਤੁਰਦਾ ਹੈ। ਹੁਕਮੇ = ਹੁਕਮ ਅਨੁਸਾਰ ਹੀ।8।

ਅਰਥ: ਹੇ ਭਾਈ! ਕਰਤਾਰ ਨੇ ਆਪਣੇ ਹੁਕਮ ਨਾਲ ਹੀ ਦੁੱਖ ਅਤੇ ਸੁਖ (ਭੋਗਣਾ ਜੀਵਾਂ ਦੇ ਭਾਗਾਂ ਵਿਚ) ਲਿਖ ਕੇ ਪਾ ਦਿੱਤਾ ਹੈ। ਮਾਇਆ ਦਾ ਮੋਹ ਭੀ ਪਰਮਾਤਮਾ ਨੇ ਆਪ ਹੀ ਵਰਤਾਇਆ ਹੋਇਆ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ; ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ (ਕਿ ਕਿਹੜੇ ਵੇਲੇ ਮਾਇਆ ਦੇ ਮੋਹ ਵਿਚ ਫਸ ਜਾਏ) ।5।

ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਆਪਣੇ ਮਨ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ, ਉਹ ਮਨੁੱਖ ਗੁਰੂ ਦੇ ਡਰ-ਅਦਬ ਦੀ ਕਦਰ ਨਹੀਂ ਜਾਣਦੇ। ਜਿਤਨਾ ਚਿਰ ਗੁਰੂ ਦੇ ਡਰ-ਅਦਬ ਵਿਚ ਨਾਹ ਰਹੀਏ, ਉਨਾ ਚਿਰ ਸਦਾ-ਥਿਰ ਨਿਰਭਉ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, (ਸਦਾ ਇਹ ਸਹਮ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ) ਜਮਰਾਜ (ਕਦੋਂ ਆ ਕੇ) ਜਿੰਦ ਕੱਢ ਲਏਗਾ।6।

ਹੇ ਭਾਈ! ਜਮਰਾਜ ਨੂੰ ਰੋਕਿਆ ਨਹੀਂ ਜਾ ਸਕਦਾ, ਜਮਰਾਜ ਨੂੰ ਮਾਰਿਆ ਨਹੀਂ ਜਾ ਸਕਦਾ। ਪਰ ਗੁਰੂ ਦੇ ਸ਼ਬਦ ਵਿਚ ਜੁੜਿਆਂ (ਜਮਰਾਜ ਦਾ ਸਹਮ ਮਨੁੱਖ ਦੇ) ਨੇੜੇ ਨਹੀਂ ਢੁਕਦਾ। ਜਦੋਂ ਉਹ ਗੁਰੂ ਦਾ ਸ਼ਬਦ (ਗੁਰਮੁਖ ਦੇ ਮੂੰਹੋਂ) ਸੁਣਦਾ ਹੈ, ਤਾਂ ਦੂਰੋਂ ਹੀ (ਉਸ ਦੇ ਕੋਲੋਂ) ਭੱਜ ਜਾਂਦਾ ਹੈ ਕਿ ਮਤਾਂ ਵੇਪਰਵਾਹ ਪ੍ਰਭੂ (ਇਸ ਖੁਨਾਮੀ ਪਿੱਛੇ) ਸਜ਼ਾ ਹੀ ਨ ਦੇਵੇ (ਜਮਰਾਜ ਗੁਰਮੁਖ ਮਨੁੱਖ ਨੂੰ ਮੌਤ ਦਾ ਡਰ ਦੇ ਹੀ ਨਹੀਂ ਸਕਦਾ) ।7।

ਹੇ ਭਾਈ! ਸਾਰੀ ਹੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਵਿਚ ਹੈ (ਜਮਰਾਜ ਭੀ ਪਰਮਾਤਮਾ ਦਾ ਹੀ ਰਈਅਤ ਹੈ) , ਪਰਮਾਤਮਾ ਦੇ ਹੁਕਮ ਤੋਂ ਬਿਨਾ ਜਮਰਾਜ ਵਿਚਾਰਾ ਕੁਝ ਨਹੀਂ ਕਰ ਸਕਦਾ। ਜਮਰਾਜ ਭੀ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਹੀ ਕਾਰ ਕਰਦਾ ਹੈ, ਹੁਕਮ ਅਨੁਸਾਰ ਹੀ ਜਿੰਦ ਕੱਢਦਾ ਹੈ।8।

ਗੁਰਮੁਖਿ ਸਾਚੈ ਕੀਆ ਅਕਾਰਾ ॥ ਗੁਰਮੁਖਿ ਪਸਰਿਆ ਸਭੁ ਪਾਸਾਰਾ ॥ ਗੁਰਮੁਖਿ ਹੋਵੈ ਸੋ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ ॥੯॥ ਗੁਰਮੁਖਿ ਜਾਤਾ ਕਰਮਿ ਬਿਧਾਤਾ ॥ ਜੁਗ ਚਾਰੇ ਗੁਰ ਸਬਦਿ ਪਛਾਤਾ ॥ ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ॥੧੦॥ ਗੁਰਮੁਖਿ ਨਾਮਿ ਸਬਦਿ ਸਾਲਾਹੇ ॥ ਅਗਮ ਅਗੋਚਰ ਵੇਪਰਵਾਹੇ ॥ ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਹਾ ਹੇ ॥੧੧॥ ਗੁਰਮੁਖਿ ਸਾਂਤਿ ਸਦਾ ਸੁਖੁ ਪਾਏ ॥ ਗੁਰਮੁਖਿ ਹਿਰਦੈ ਨਾਮੁ ਵਸਾਏ ॥ ਗੁਰਮੁਖਿ ਹੋਵੈ ਸੋ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ॥੧੨॥ {ਪੰਨਾ 1054-1055}

ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਾਚੈ = ਸਦਾ-ਥਿਰ ਪਰਮਾਤਮਾ ਨੇ। ਅਕਾਰਾ = ਜਗਤ। ਸਭੁ = ਸਾਰਾ। ਪਾਸਾਰਾ = (ਪ੍ਰਭੂ ਦਾ) ਖਿਲਾਰਾ। ਸੋ = ਉਹ। ਸਚੁ = ਸਦਾ-ਥਿਰ ਪ੍ਰਭੂ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਤਾਹਾ = ਉਸ ਨੂੰ।9।

ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਦੀ ਰਾਹੀਂ {ਕਰਮੁ = ਬਖ਼ਸ਼ਸ਼}। ਬਿਧਾਤਾ ਜਾਤਾ = ਸਿਰਜਣਹਾਰ ਨਾਲ ਸਾਂਝ ਪਾਂਦਾ ਹੈ। ਜੁਗ ਚਾਰੇ = ਚੌਹਾਂ ਜੁਗਾਂ ਵਿਚ ਹੀ, ਸਦਾ ਹੀ। ਸਬਦਿ ਸਮਾਹਾ = ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ।10।

ਨਾਮਿ = ਨਾਮ ਵਿਚ। ਸਾਲਾਹੇ = ਸਿਫ਼ਤਿ-ਸਾਲਾਹ ਕਰਦਾ ਹੈ। ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਏਕ ਨਾਮਿ = ਪਰਮਾਤਮਾ ਦੇ ਨਾਮ ਨੇ ਹੀ। ਉਧਾਰੇ = ਵਿਕਾਰਾਂ ਤੋਂ ਬਚਾਏ ਹਨ। ਨਾਮ ਵਿਸਾਹ = ਨਾਮ ਦਾ ਵਣਜ ਕੀਤਾ ਜਾ ਸਕਦਾ ਹੈ।11।

ਹਿਰਦੇ = ਆਪਣੇ ਹਿਰਦੇ ਵਿਚ। ਵਸਾਏ = ਵਸਾਂਦਾ ਹੈ। ਨਾਮੁ ਬੂਝੈ = ਨਾਮ ਨਾਲ ਸਾਂਝ ਪਾਂਦਾ ਹੈ। ਦੁਰਮਤਿ = ਖੋਟੀ ਮਤਿ। ਫਾਹਾ = ਫਾਹੀ।12।

ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਮਝਦਾ ਹੈ ਕਿ) ਸਾਰਾ ਜਗਤ ਸਦਾ-ਥਿਰ ਪਰਮਾਤਮਾ ਨੇ ਪੈਦਾ ਕੀਤਾ ਹੈ, ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਦਾ ਹੀ ਖਿਲਾਰਿਆ ਹੋਇਆ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।9।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਸਿਰਜਣਹਾਰ ਪ੍ਰਭੂ ਨਾਲ ਸਾਂਝ ਪਾਂਦਾ ਹੈ। ਹੇ ਭਾਈ! ਚੌਹਾਂ ਜੁਗਾਂ ਵਿਚ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਨਾਲ ਸਾਂਝ ਬਣਦੀ ਆਈ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ।10।

ਹੇ ਭਾਈ! ਗੁਰਮੁਖ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਅਗਮ ਅਗੋਚਰ ਵੇਪਰਵਾਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ। (ਹੇ ਭਾਈ! ਗੁਰਮੁਖ ਜਾਣਦਾ ਹੈ ਕਿ) ਪਰਾਮਤਮਾ ਦੇ ਨਾਮ ਨੇ ਹੀ ਚੌਹਾਂ ਜੁਗਾਂ ਦੇ ਜੀਵਾਂ ਦਾ ਪਾਰ-ਉਤਾਰਾ ਕੀਤਾ ਹੈ, ਤੇ ਗੁਰ-ਸ਼ਬਦ ਦੀ ਰਾਹੀਂ ਨਾਮ ਦਾ ਵਣਜ ਕੀਤਾ ਜਾ ਸਕਦਾ ਹੈ।11।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਆਤਮਕ ਠੰਢ ਤੇ ਆਨੰਦ ਮਾਣਦਾ ਹੈ, ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖਦਾ ਹੈ। ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਹਰਿ-ਨਾਮ ਨਾਲ ਸਾਂਝ ਪਾਂਦਾ ਹੈ, (ਤੇ ਇਸ ਤਰ੍ਹਾਂ) ਖੋਟੀ ਮਤਿ ਦੀ ਫਾਹੀ ਕੱਟ ਲੈਂਦਾ ਹੈ।12।

TOP OF PAGE

Sri Guru Granth Darpan, by Professor Sahib Singh