ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1051 ਗੁਰਮੁਖਿ ਸਾਚਾ ਸਬਦਿ ਪਛਾਤਾ ॥ ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥ ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥ ਹਉਮੈ ਮੇਰਾ ਦੂਜਾ ਭਾਇਆ ॥ ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥ ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥ ਜਾ ਤੂ ਦੇਹਿ ਸਦਾ ਸੁਖੁ ਪਾਏ ॥ ਸਾਚੈ ਸਬਦੇ ਸਾਚੁ ਕਮਾਏ ॥ ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥ ਆਪੇ ਵੇਖੈ ਹੁਕਮਿ ਚਲਾਏ ॥ ਅਪਣਾ ਭਾਣਾ ਆਪਿ ਕਰਾਏ ॥ ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥ {ਪੰਨਾ 1051} ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣ ਲਿਆ, ਸਾਂਝ ਪਾ ਲਈ। ਤਿਸੁ = ਉਸ (ਪਰਮਾਤਮਾ) ਦਾ। ਕੁਟੰਬੁ = ਪਰਵਾਰ। ਮਾਤਾ = ਮਾਂ। ਏਕੋ ਏਕੁ = ਉਹ ਆਪ ਹੀ ਆਪ। ਰਵਿਆ = ਵਿਆਪਕ ਹੈ। ਅੰਤਰਿ = ਅੰਦਰ। ਆਧਾਰੀ = ਆਸਰਾ ਦੇਣ ਵਾਲਾ।13। ਮੇਰਾ = ਮਮਤਾ। ਦੂਜਾ = ਮਾਇਆ ਦਾ ਮੋਹ। ਭਾਇਆ = ਪਸੰਦ ਆਇਆ। ਧੁਰਿ = ਧੁਰ ਦਰਗਾਹ ਤੋਂ। ਖਸਮਿ = ਮਾਲਕ-ਪ੍ਰਭੂ ਨੇ। ਲਿਖਿ = ਲਿਖ ਕੇ। ਤੇ = ਤੋਂ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਮਾਵਹਿ = ਕਮਾਂਦੇ ਹਨ {ਬਹੁ-ਵਚਨ}। ਸਾਚੈ = ਸਦਾ-ਥਿਰ ਪ੍ਰਭੂ ਨੇ। ਦੂਖ = ਸਾਰੇ ਦੁੱਖ। ਨਿਵਾਰੀ = ਦੂਰ ਕਰ ਦਿੱਤੇ ਹਨ।14। ਜਾ = ਜਾਂ, ਜਦੋਂ। ਸੁਖੁ = ਆਤਮਕ ਆਨੰਦ। ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸਾਚੁ ਕਮਾਏ = ਨਾਮ-ਸਿਮਰਨ ਦੀ ਕਮਾਈ ਕਰਦਾ ਹੈ। ਅੰਦਰੁ = ਹਿਰਦਾ। ਸਾਚਾ = ਅਡੋਲ। ਭੰਡਾਰੀ = ਖ਼ਜ਼ਾਨੇ।15। ਆਪੇ = ਆਪ ਹੀ। ਵੇਖੈ = ਵੇਖਦਾ ਹੈ। ਹੁਕਮਿ = ਹੁਕਮ ਵਿਚ। ਭਾਣਾ = ਰਜ਼ਾ। ਨਾਮਿ = ਨਾਮ-ਰੰਗ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਵੈਰਾਗਵਾਨ, ਮਾਇਆ ਤੋਂ ਨਿਰਲੇਪ। ਰਸਨਾ = ਜੀਭ। ਨਾਮਿ = ਨਾਮ ਨੇ। 16। ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪਰਮਾਤਮਾ ਨਾਲ ਸਾਂਝ ਪਾ ਲਈ (ਉਸ ਨੂੰ ਇਹ ਸਮਝ ਆ ਗਈ ਕਿ) ਉਸ (ਪਰਮਾਤਮਾ) ਦਾ ਨਾਹ ਕੋਈ (ਖ਼ਾਸ) ਪਰਵਾਰ ਹੈ ਨਾਹ ਉਸ ਦੀ ਮਾਂ ਹੈ, ਉਹ ਆਪ ਹੀ ਆਪ ਸਭ ਜੀਵਾਂ ਵਿਚ ਵਿਆਪਕ ਹੈ ਅਤੇ ਸਭ ਜੀਵਾਂ ਦਾ ਆਸਰਾ ਹੈ।13। ਹੇ ਭਾਈ! (ਕਈ ਐਸੇ ਹਨ ਜਿਨ੍ਹਾਂ ਨੂੰ) ਹਉਮੈ ਚੰਗੀ ਲੱਗਦੀ ਹੈ, ਮਮਤਾ ਪਿਆਰੀ ਲੱਗਦੀ ਹੈ, ਮਾਇਆ ਦਾ ਮੋਹ ਪਸੰਦ ਹੈ; ਪਰ ਮਾਲਕ-ਪ੍ਰਭੂ ਨੇ ਧੁਰੋਂ ਹੀ ਇਹ ਮਰਯਾਦਾ ਚਲਾ ਰੱਖੀ ਹੈ ਕਿ ਕੋਈ ਭੀ ਚੀਜ਼ (ਕਿਸੇ ਦੇ ਨਾਲ) ਨਹੀਂ ਜਾਂਦੀ। ਅਭੁੱਲ ਗੁਰੂ ਤੋਂ (ਸਿੱਖਿਆ ਲੈ ਕੇ) ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਪਰਮਾਤਮਾ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ।14। ਹੇ ਪ੍ਰਭੂ! ਜਦੋਂ (ਕਿਸੇ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ (ਉਹ ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਸਦਾ-ਥਿਰ ਸਰੂਪ ਵਿਚ ਟਿਕ ਕੇ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ। ਉਸ ਮਨੁੱਖ ਦਾ ਹਿਰਦਾ ਅਡੋਲ ਹੋ ਜਾਂਦਾ ਹੈ, ਉਸ ਦਾ ਮਨ ਅਡੋਲ ਹੋ ਜਾਂਦਾ ਹੈ, ਉਸ ਦਾ ਸਰੀਰ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ, (ਉਸ ਦੇ ਅੰਦਰ) ਭਗਤੀ ਦੇ ਭੰਡਾਰੇ ਭਰ ਜਾਂਦੇ ਹਨ।15। ਹੇ ਭਾਈ! ਪਰਮਾਤਮਾ ਆਪ ਹੀ (ਸਭ ਜੀਵਾਂ ਦੀ) ਸੰਭਾਲ ਕਰ ਰਿਹਾ ਹੈ (ਸਭ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ, ਆਪਣੀ ਰਜ਼ਾ (ਜੀਵਾਂ ਪਾਸੋਂ) ਆਪ ਕਰਾਂਦਾ ਹੈ। ਹੇ ਨਾਨਕ! ਜਿਹੜੇ ਮਨੁੱਖ ਉਸ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਨੇ ਸੋਹਣੇ ਬਣਾ ਦਿੱਤੇ ਹੁੰਦੇ ਹਨ। 16।7। ਮਾਰੂ ਮਹਲਾ ੩ ॥ ਆਪੇ ਆਪੁ ਉਪਾਇ ਉਪੰਨਾ ॥ ਸਭ ਮਹਿ ਵਰਤੈ ਏਕੁ ਪਰਛੰਨਾ ॥ ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥ ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਸਿਰਿ ਸਿਰਿ ਧੰਧੈ ਆਪੇ ਲਾਏ ॥ ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥ ਆਵਾ ਗਉਣੁ ਹੈ ਸੰਸਾਰਾ ॥ ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥ ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥ ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥ ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥ ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥ {ਪੰਨਾ 1051} ਪਦ ਅਰਥ: ਆਪੇ = (ਪ੍ਰਭੂ) ਆਪ ਹੀ। ਆਪੁ = ਆਪਣੇ ਆਪ ਨੂੰ। ਉਪਾਇ = ਪੈਦਾ ਕਰ ਕੇ। ਉਪੰਨਾ = ਪਰਗਟ ਹੋਇਆ ਹੈ। ਮਹਿ = ਵਿਚ। ਪਰਛੰਨਾ = ਗੁਪਤ, ਲੁਕਿਆ ਹੋਇਆ, ਸੂਖਮ ਰੂਪ ਵਿਚ। ਸਾਰ = ਸੰਭਾਲ। ਜਗ ਜੀਵਨੁ = ਜਗਤ ਦਾ ਆਸਰਾ ਪ੍ਰਭੂ। ਜਿਨਿ = ਜਿਸ (ਮਨੁੱਖ) ਨੇ।1। ਜਿਨਿ = ਜਿਸ (ਪਰਮਾਤਮਾ) ਨੇ। ਮਹੇਸੁ = ਸ਼ਿਵ। ਉਪਾਏ = ਪੈਦਾ ਕੀਤੇ। ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ। ਧੰਧੈ = ਧੰਧੇ ਵਿਚ। ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਜਿਨਿ = ਜਿਸ (ਮਨੁੱਖ) ਨੇ। ਗੁਰਮੁਖਿ = ਗੁਰੂ ਦੀ ਰਾਹੀਂ।2। ਆਵਾਗਉਣੁ = ਆਉਣਾ ਜਾਣਾ, ਜੰਮਣਾ ਮਰਨਾ, ਜਨਮ ਮਰਨ ਦਾ ਚੱਕਰ। ਚਿਤੈ = ਚਿਤਵਦਾ ਹੈ। ਥਿਰੁ = ਟਿਕਿਆ ਰਹਿਣ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਲਾਹੀ = ਸਾਲਾਹੁਣ-ਜੋਗ। ਸਦ = ਸਦਾ। ਜਿਨਿ = ਜਿਸ (ਮਨੁੱਖ) ਨੇ।3। ਇਕਿ = {ਲਫ਼ਜ਼ 'ਇਕਿ' ਤੋਂ ਬਹੁ-ਵਚਨ} ਕਈ। ਮੂਲਿ = ਮੂਲ ਵਿਚ, ਮੁੱਢ ਵਿਚ, ਜਗਤ ਦੇ ਰਚਨਹਾਰ ਵਿਚ। ਓਨੀ = ਉਹਨਾਂ ਨੇ। ਡਾਲੀ = ਡਾਲੀਂ, ਡਾਲੀਆਂ ਵਿਚ, ਸ਼ਾਖਾਂ ਵਿਚ, ਮਾਇਕ ਪਦਾਰਥਾਂ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਕਉ = ਨੂੰ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਅੰਮ੍ਰਿਤ ਬਾਤਾ = ਆਤਮਕ ਜੀਵਨ ਦੇਣ ਵਾਲੀਆਂ ਗੱਲਾਂ।4। ਅਰਥ: ਹੇ ਭਾਈ! ਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ (ਉਹ ਜਾਣਦਾ ਹੈ ਕਿ) ਪਰਮਾਤਮਾ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ, ਪਰਮਾਤਮਾ ਆਪ ਹੀ ਸਭ ਅੰਦਰ ਗੁਪਤ ਰੂਪ ਵਿਚ ਵਿਆਪਕ ਹੈ ਅਤੇ ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ।1। ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹਰ ਥਾਂ ਵੱਸਦਾ ਜਾਣ ਲਿਆ (ਉਹ ਸਮਝਦਾ ਹੈ ਕਿ) ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ ਪੈਦਾ ਕੀਤੇ, ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ, ਤੇ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ।2। ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ (ਉਹ ਜਾਣਦਾ ਹੈ ਕਿ) ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ, ਇਥੇ ਮਾਇਆ ਦਾ ਮੋਹ ਪ੍ਰਬਲ ਹੈ (ਜਿਸ ਦੇ ਕਾਰਨ ਜੀਵ) ਵਿਕਾਰ ਚਿਤਵਦਾ ਰਹਿੰਦਾ ਹੈ। (ਇਥੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਦਾ ਸਾਲਾਹਣ-ਜੋਗ ਹੈ।3। ਹੇ ਭਾਈ! ਕਈ ਐਸੇ ਹਨ ਜੋ ਜਗਤ ਦੇ ਰਚਨਹਾਰ ਪ੍ਰਭੂ ਦੀ ਯਾਦ ਵਿਚ ਜੁੜੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ। ਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿਚ ਲੱਗੇ ਰਹਿੰਦੇ ਹਨ, ਉਹਨਾਂ ਆਪਣਾ ਜੀਵਨ ਗਵਾ ਲਿਆ ਹੈ। ਆਤਮਕ ਜੀਵਨ ਦੇਣ ਵਾਲੇ ਫਲ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਆਤਮਕ ਜੀਵਨ ਦੇਣ ਵਾਲੇ (ਸਿਫ਼ਤਿ-ਸਾਲਾਹ ਦੇ) ਬੋਲ ਬੋਲਦੇ ਹਨ।4। ਹਮ ਗੁਣ ਨਾਹੀ ਕਿਆ ਬੋਲਹ ਬੋਲ ॥ ਤੂ ਸਭਨਾ ਦੇਖਹਿ ਤੋਲਹਿ ਤੋਲ ॥ ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥ ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥ ਅਵਗਣ ਛੋਡਿ ਗੁਣ ਮਾਹਿ ਸਮਾਏ ॥ ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥ ਜਹ ਦੇਖਾ ਤਹ ਏਕੋ ਸੋਈ ॥ ਦੂਜੀ ਦੁਰਮਤਿ ਸਬਦੇ ਖੋਈ ॥ ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥ ਕਾਇਆ ਕਮਲੁ ਹੈ ਕੁਮਲਾਣਾ ॥ ਮਨਮੁਖੁ ਸਬਦੁ ਨ ਬੁਝੈ ਇਆਣਾ ॥ ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥ {ਪੰਨਾ 1051} ਪਦ ਅਰਥ: ਕਿਆ ਬੋਲ ਬੋਲਹਿ = ਅਸੀਂ ਕੀਹ ਬੋਲ ਬੋਲ ਸਕਦੇ ਹਾਂ? ਅਸੀਂ ਬੋਲਣ-ਜੋਗੇ ਨਹੀਂ ਹਾਂ, ਸਾਨੂੰ ਬੋਲਦਿਆਂ ਭੀ ਸ਼ਰਮ ਆਉਂਦੀ ਹੈ। ਤੋਲਹਿ = ਤੂੰ (ਸਭਨਾਂ ਦੇ ਕਰਮਾਂ ਨੂੰ) ਜਾਂਚਦਾ ਤੋਲਦਾ ਹੈਂ। ਰਾਖਹਿ = ਤੂੰ ਰੱਖਦਾ ਹੈਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।5। ਜਾ = ਜਾਂ, ਜਦੋਂ। ਤੁਧੁ ਭਾਣਾ = ਤੈਨੂੰ ਚੰਗੇ ਲੱਗੇ। ਕਾਰੈ = ਕਾਰ ਵਿਚ। ਛੋਡਿ = ਛੱਡ ਕੇ। ਨਿਰਮਲੁ = ਪਵਿੱਤਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ।6। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਦੂਜੀ = ਮਾਇਆ ਦੀ ਝਾਕ ਵਾਲੀ। ਦੁਰਮਤਿ = ਖੋਟੀ ਮਤਿ। ਸਬਦੇ = ਸ਼ਬਦ ਦੀ ਰਾਹੀਂ। ਏਕਸੁ ਮਹਿ = ਇਕ ਆਪਣੇ ਆਪ ਵਿਚ। ਸਮਾਣਾ = ਲੀਨ ਹੈ। ਰੰਗਿ = ਮੌਜ ਵਿਚ। ਰਾਤਾ = ਮਸਤ।7। ਕਾਇਆ ਕਮਲੁ = ਸਰੀਰ ਵਿਚ ਦਾ ਹਿਰਦਾ-ਕੌਲ ਫੁੱਲ। ਮਨਮੁਖ = ਮਨ ਦੇ ਪਿੱਛੇ ਤੁਰਨ ਵਾਲਾ। ਇਆਣਾ = ਬੇ-ਸਮਝ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਾਏ = ਲੱਭ ਲੈਂਦਾ ਹੈ।8। ਅਰਥ: ਹੇ ਪ੍ਰਭੂ! ਅਸੀਂ ਜੀਵ ਗੁਣ-ਹੀਨ ਹਾਂ, (ਆਪਣੇ ਮੰਦ ਕਰਮਾਂ ਦੇ ਕਾਰਨ) ਅਸੀਂ ਬੋਲਣ-ਜੋਗੇ ਨਹੀਂ ਹਾਂ। ਤੂੰ ਸਭ ਜੀਵਾਂ (ਦੇ ਕਰਮਾਂ) ਨੂੰ ਵੇਖਦਾ ਹੈਂ ਅਤੇ ਪਰਖਦਾ ਹੈਂ। ਜਿਵੇਂ ਤੇਰੀ ਰਜ਼ਾ ਹੁੰਦੀ ਹੈ ਤੂੰ ਸਾਨੂੰ ਰੱਖਦਾ ਹੈਂ, ਅਸੀਂ ਉਸੇ ਤਰ੍ਹਾਂ ਰਹਿ ਸਕਦੇ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਤੇਰੇ ਨਾਲ ਹੀ ਸਾਂਝ ਪਾਂਦਾ ਹੈ।5। ਹੇ ਪ੍ਰਭੂ! ਜਦੋਂ ਤੈਨੂੰ ਚੰਗਾ ਲੱਗੇ, ਤਦੋਂ ਤੂੰ (ਜੀਵਾਂ ਨੂੰ) ਸੱਚੀ ਕਾਰ ਵਿਚ ਲਾਂਦਾ ਹੈਂ, (ਜਿਨ੍ਹਾਂ ਨੂੰ ਲਾਂਦਾ ਹੈਂ, ਉਹ) ਔਗੁਣ ਛੱਡ ਕੇ ਤੇਰੇ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ। ਹੇ ਭਾਈ! ਪ੍ਰਭੂ ਦੇ ਗੁਣਾਂ ਵਿਚ ਚਿੱਤ ਜੋੜਿਆਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਵਿੱਤਰ ਅਬਿਨਾਸੀ ਪ੍ਰਭੂ ਹੀ (ਹਰ ਥਾਂ) ਦਿੱਸਦਾ ਹੈ।6। ਹੇ ਭਾਈ! ਮੈਂ ਜਿੱਧਰ ਵੇਖਦਾ ਹਾਂ, ਉਧਰ ਸਿਰਫ਼ ਉਹ ਪਰਮਾਤਮਾ ਹੀ ਦਿੱਸ ਰਿਹਾ ਹੈ। ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਵੇਖਣ ਲਈ ਖੋਟੀ ਮਤਿ ਗੁਰੂ ਦੇ ਸ਼ਬਦ ਦੀ ਰਾਹੀਂ ਨਾਸ ਹੋ ਜਾਂਦੀ ਹੈ। (ਸ਼ਬਦ ਦੀ ਬਰਕਤਿ ਨਾਲ ਇਉਂ ਦਿੱਸ ਪੈਂਦਾ ਹੈ ਕਿ) ਆਪਣੇ ਆਪ ਵਿਚ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ, ਉਹ ਸਦਾ ਆਪਣੀ ਮੌਜ ਵਿਚ ਮਸਤ ਰਹਿੰਦਾ ਹੈ।7। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, (ਇਸ ਵਾਸਤੇ ਉਸ ਦੇ) ਸਰੀਰ ਵਿਚ ਉਸ ਦਾ ਹਿਰਦਾ-ਕੌਲ ਫੁੱਲ ਕੁਮਲਾਇਆ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਸਰੀਰ ਨੂੰ ਖੋਜਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਜਗਤ ਦੇ ਸਹਾਰੇ ਪਰਮਾਤਮਾ ਨੂੰ ਲੱਭ ਲੈਂਦਾ ਹੈ।8। ਕੋਟ ਗਹੀ ਕੇ ਪਾਪ ਨਿਵਾਰੇ ॥ ਸਦਾ ਹਰਿ ਜੀਉ ਰਾਖੈ ਉਰ ਧਾਰੇ ॥ ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥ ਮਨਮੁਖੁ ਗਿਆਨੁ ਕਥੇ ਨ ਹੋਈ ॥ ਫਿਰਿ ਫਿਰਿ ਆਵੈ ਠਉਰ ਨ ਕੋਈ ॥ ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥ ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥ ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥ ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥ ਜਹ ਦੇਖਾ ਤੂ ਸਭਨੀ ਥਾਈ ॥ ਪੂਰੈ ਗੁਰਿ ਸਭ ਸੋਝੀ ਪਾਈ ॥ ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥ {ਪੰਨਾ 1051-1052} ਪਦ ਅਰਥ: ਕੋਟ = ਕਿਲ੍ਹਾ, ਸਰੀਰ-ਕਿਲ੍ਹਾ, ਸਰੀਰ। ਗਹ = ਪਕੜ। ਗਹੀ = ਪਕੜ ਕਰਨ ਵਾਲਾ। ਕੋਟ ਗਹੀ ਕੇ ਪਾਪ = ਸਰੀਰ ਨੂੰ ਗ੍ਰਸਣ ਵਾਲੇ ਪਾਪ। ਨਿਵਾਰੇ = ਦੂਰ ਕਰ ਲੈਂਦਾ ਹੈ। ਰਾਖੈ = ਰੱਖਦਾ ਹੈ। ਉਹ ਧਾਰੇ = ਉਰ ਧਾਰਿ, ਹਿਰਦੇ ਵਿਚ ਟਿਕਾ ਕੇ। ਰੰਗੁ ਮਜੀਠੈ = ਮਜੀਠ ਦਾ ਰੰਗ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ।9। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗਿਆਨੁ ਕਥੇ = ਗਿਆਨ ਕਥਦਾ ਹੈ, ਗਿਆਨ ਦੀਆਂ ਗੱਲਾਂ ਕਰਦਾ ਹੈ। ਨ ਹੋਈ = (ਉਸ ਦੇ ਹਿਰਦੇ ਵਿਚ ਗਿਆਨ) ਨਹੀਂ ਹੈ, ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ। ਠਉਰ = ਟਿਕਾਣਾ। ਸਾਲਾਹੇ = ਸਿਫ਼ਤਿ-ਸਾਲਾਹ ਕਰਦਾ ਹੈ। ਜੁਗਿ ਜੁਗਿ = ਹਰੇਕ ਜੁਗ ਵਿਚ।10। ਸਭਿ = ਸਾਰੇ। ਸਬਾਦੇ = ਸਾਰੇ। ਅੰਦਰਿ = ਅੰਦਰ, ਹਿਰਦੇ ਵਿਚ। ਦਰਿ = (ਪ੍ਰਭੂ ਦੇ) ਦਰ ਤੇ। ਮਨਿ = ਮਨ ਵਿਚ। ਸਾਚਾ = ਸਦਾ-ਥਿਰ ਰਹਿਣ ਵਾਲਾ। ਸਦ = ਸਦਾ। ਸੇਵੇ = ਸੇਵਾ-ਭਗਤੀ ਕਰਦਾ ਹੈ।11। ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਥਾਈ = ਥਾਂਈਂ, ਥਾਵਾਂ ਵਿਚ। ਗੁਰਿ = ਗੁਰੂ ਦੀ ਰਾਹੀਂ। ਨਾਮੋ ਨਾਮੁ = ਨਾਮ ਹੀ ਨਾਮ। ਧਿਆਈਐ = ਧਿਆਉਣਾ ਚਾਹੀਦਾ ਹੈ। ਨਾਮੇ = ਨਾਮ ਵਿਚ ਹੀ।12। ਅਰਥ: ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ (ਆਪਣੇ ਅੰਦਰੋਂ) ਸਰੀਰ ਨੂੰ ਗ੍ਰਸਣ ਵਾਲੇ ਪਾਪ ਦੂਰ ਕਰ ਲੈਂਦਾ ਹੈ। ਉਹ ਮਨੁੱਖ ਜਿਸ (ਫਲ) ਦੀ ਇੱਛਾ ਕਰਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ, ਉਸ ਦਾ ਮਨ ਨਾਮ-ਰੰਗ ਨਾਲ ਇਉਂ ਰੰਗਿਆ ਰਹਿੰਦਾ ਹੈ ਜਿਵੇਂ ਮਜੀਠ ਦਾ (ਪੱਕਾ) ਰੰਗ ਹੈ।9। ਹੇ ਭਾਈ! ਮਨ ਦਾ ਮੁਰੀਦ ਮਨੁੱਖ ਗਿਆਨ ਦੀਆਂ ਗੱਲਾਂ ਤਾਂ ਕਰਦਾ ਹੈ, (ਪਰ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ) ਨਹੀਂ ਹੈ। ਉਹ ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ, ਕਿਤੇ ਉਸ ਨੂੰ ਟਿਕਾਣਾ ਨਹੀਂ ਮਿਲਦਾ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ (ਪ੍ਰਾਪਤ ਕਰ ਕੇ) ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਹਰੇਕ ਜੁਗ ਵਿਚ ਇਕੋ ਪਰਮਾਤਮਾ ਵੱਸਦਾ ਸਮਝ ਆਉਂਦਾ ਹੈ।10। ਹੇ ਭਾਈ! ਮਨ ਦਾ ਮੁਰੀਦ ਮਨੁੱਖ ਉਹੀ ਕਾਰ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਨ। ਉਸ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵੱਸਦਾ, ਉਹ ਪਰਮਾਤਮਾ ਦੇ ਦਰ ਤੇ ਨਹੀਂ ਪਹੁੰਚ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਸਦਾ-ਥਿਰ ਪ੍ਰਭੂ ਵੱਸਦਾ ਹੈ, ਉਹ ਸਦਾ ਸੁਖਾਂ ਦੇ ਦਾਤੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ।11। ਹੇ ਪ੍ਰਭੂ! ਮੈਂ ਜਿੱਧਰ ਵੇਖਦਾ ਹਾਂ, ਤੂੰ ਸਭ ਥਾਵਾਂ ਵਿਚ ਵੱਸਦਾ ਮੈਨੂੰ ਦਿੱਸਦਾ ਹੈਂ, ਮੈਨੂੰ ਇਹ ਸਾਰੀ ਸੂਝ ਪੂਰੇ ਗੁਰੂ ਤੋਂ ਮਿਲੀ ਹੈ। ਹੇ ਭਾਈ! ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਹੀ ਨਾਮ ਸਿਮਰਨਾ ਚਾਹੀਦਾ ਹੈ। (ਜਿਹੜਾ ਮਨੁੱਖ ਸਿਮਰਦਾ ਹੈ ਉਸ ਦਾ) ਇਹ ਮਨ ਨਾਮ ਵਿਚ ਹੀ ਰੰਗਿਆ ਜਾਂਦਾ ਹੈ।12। |
![]() |
![]() |
![]() |
![]() |
Sri Guru Granth Darpan, by Professor Sahib Singh |