ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1052

ਨਾਮੇ ਰਾਤਾ ਪਵਿਤੁ ਸਰੀਰਾ ॥ ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥ ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥ ਪੂਰੈ ਸਤਿਗੁਰਿ ਬੂਝ ਬੁਝਾਈ ॥ ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥ ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥ ਕਾਇਆ ਨਗਰੁ ਢਹੈ ਢਹਿ ਢੇਰੀ ॥ ਬਿਨੁ ਸਬਦੈ ਚੂਕੈ ਨਹੀ ਫੇਰੀ ॥ ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥ ਜਿਸ ਨੋ ਨਦਰਿ ਕਰੇ ਸੋ ਪਾਏ ॥ ਸਾਚਾ ਸਬਦੁ ਵਸੈ ਮਨਿ ਆਏ ॥ ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥ {ਪੰਨਾ 1052}

ਪਦ ਅਰਥ: ਰਾਤਾ = ਰੰਗਿਆ ਹੋਇਆ। ਨਾਮੇ = ਨਾਮ-ਰੰਗ ਵਿਚ। ਡੂਬਿ ਮੁਏ = ਡੁੱਬ ਕੇ ਮਰ ਗਏ, ਵਿਕਾਰਾਂ ਵਿਚ ਡੁੱਬ ਕੇ ਆਤਮਕ ਮੌਤੇ ਮਰ ਗਏ। ਬਿਨੁ ਨੀਰਾ = ਪਾਣੀ ਤੋਂ ਬਿਨਾ ਹੀ (ਵਿਕਾਰਾਂ ਦਾ ਰਤਾ ਭਰ ਭੀ ਟਾਕਰਾ ਕਰਨ-ਜੋਗੇ ਨਹੀਂ ਰਹਿੰਦੇ) । ਆਵਹਿ = ਜੰਮਦੇ ਹਨ। ਜਾਵਹਿ = ਮਰ ਜਾਂਦੇ ਹਨ। ਨਹੀ ਬੂਝਹਿ = ਕਦਰ ਨਹੀਂ ਸਮਝਦੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।13।

ਸਤਿਗੁਰਿ = ਗੁਰੂ ਨੇ। ਬੂਝ = ਸਮਝ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸਹਜਿ = ਆਤਮਕ ਅਡੋਲਤਾ ਵਿਚ। ਰੰਗਿ = ਪ੍ਰੇਮ-ਰੰਗ ਵਿਚ।14।

ਢਹਿ = ਢਹ ਕੇ। ਚੂਕੈ = ਮੁੱਕਦੀ। ਫੇਰੀ = ਜਨਮ ਮਰਨ ਦਾ ਗੇੜ। ਸਾਚੁ = ਸਦਾ-ਥਿਰ ਪ੍ਰਭੂ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਜਿਨਿ = ਜਿਸ (ਮਨੁੱਖ) ਨੇ।15।

ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਮਨਿ = ਮਨ ਵਿਚ। ਆਏ = ਆਇ, ਆ ਕੇ। ਨਾਮਿ = ਨਾਮ ਵਿਚ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੁ ਪਛਾਤਾ = ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ। 16।

ਅਰਥ: ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਸਰੀਰ (ਵਿਕਾਰਾਂ ਦੀ ਮੈਲ ਤੋਂ) ਪਵਿੱਤਰ ਰਹਿੰਦਾ ਹੈ; ਪਰ ਜਿਹੜੇ ਮਨੁੱਖ ਨਾਮ ਤੋਂ ਸੁੰਞੇ ਰਹਿੰਦੇ ਹਨ, ਉਹ (ਵਿਕਾਰਾਂ ਵਿਚ) ਡੁੱਬ ਕੇ (ਆਤਮਕ ਮੌਤੇ) ਮਰੇ ਰਹਿੰਦੇ ਹਨ, ਉਹ ਵਿਕਾਰਾਂ ਦਾ ਰਤਾ ਭਰ ਭੀ ਟਾਕਰਾ ਨਹੀਂ ਕਰ ਸਕਦੇ। ਜਿਹੜੇ ਮਨੁੱਖ ਹਰਿ-ਨਾਮ ਦੀ ਕਦਰ ਨਹੀਂ ਸਮਝਦੇ, ਉਹ ਜਗਤ ਵਿਚ ਆਉਂਦੇ ਹਨ ਤੇ (ਖ਼ਾਲੀ ਹੀ) ਚਲੇ ਜਾਂਦੇ ਹਨ। ਪਰ ਕਈ ਐਸੇ ਹਨ ਜਿਹੜੇ ਗੁਰੂ ਦੀ ਸਰਨ ਪੈ ਕੇ ਗੁਰ-ਸ਼ਬਦ ਨਾਲ ਸਾਂਝ ਪਾਂਦੇ ਹਨ।13।

ਹੇ ਭਾਈ! ਪੂਰੇ ਗੁਰੂ ਨੇ (ਸਾਨੂੰ ਇਹ) ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਕੀਤੀ। ਜਿਹੜਾ ਮਨੁੱਖ ਹਰ ਵੇਲੇ ਨਾਮ ਵਿਚ ਲੀਨ ਰਹਿੰਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।14।

ਹੇ ਭਾਈ! ਇਹ ਸਰੀਰ-ਨਗਰ (ਆਖ਼ਿਰ) ਢਹਿ ਪੈਂਦਾ ਹੈ, ਤੇ ਢਹਿ ਕੇ ਢੇਰੀ ਹੋ ਜਾਂਦਾ ਹੈ। ਪਰ ਗੁਰ-ਸ਼ਬਦ (ਨੂੰ ਮਨ ਵਿਚ ਵਸਾਣ) ਤੋਂ ਬਿਨਾ (ਜੀਵਾਤਮਾ ਦਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨਾਲ ਹੀ ਸਾਂਝ ਪਾਂਦਾ ਹੈ ਉਹ ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦਾ ਹੈ।15।

ਹੇ ਭਾਈ! ਉਹੀ ਮਨੁੱਖ (ਸਿਫ਼ਤਿ-ਸਾਲਾਹ ਦੀ ਦਾਤਿ) ਹਾਸਲ ਕਰਦਾ ਹੈ, ਜਿਸ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਉਸ ਦੇ ਮਨ ਵਿਚ ਆ ਵੱਸਦਾ ਹੈ। ਹੇ ਨਾਨਕ! ਜਿਹੜੇ ਮਨੁੱਖ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦੇ ਹਨ, ਉਹ ਉਸ ਸਦਾ-ਥਿਰ ਦੇ ਦਰ ਤੇ (ਕਬੂਲ ਹੋ ਜਾਂਦੇ ਹਨ) । 16।8।

ਮਾਰੂ ਸੋਲਹੇ ੩ ॥ ਆਪੇ ਕਰਤਾ ਸਭੁ ਜਿਸੁ ਕਰਣਾ ॥ ਜੀਅ ਜੰਤ ਸਭਿ ਤੇਰੀ ਸਰਣਾ ॥ ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥ ਹਰਿ ਕੇ ਭਗਤਿ ਭਰੇ ਭੰਡਾਰਾ ॥ ਆਪੇ ਬਖਸੇ ਸਬਦਿ ਵੀਚਾਰਾ ॥ ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥ ਆਪੇ ਹੀਰਾ ਰਤਨੁ ਅਮੋਲੋ ॥ ਆਪੇ ਨਦਰੀ ਤੋਲੇ ਤੋਲੋ ॥ ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥ ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥ ਮਰੈ ਨ ਜੰਮੈ ਚੂਕੈ ਫੇਰੀ ॥ ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥ {ਪੰਨਾ 1052}

ਪਦ ਅਰਥ: ਆਪੇ = (ਤੂੰ) ਆਪ ਹੀ। ਸਭੁ ਜਿਸੁ ਕਰਣਾ = ਜਿਸੁ ਸਭੁ ਕਰਣਾ ਜਿਸ ਦਾ (ਇਹ) ਸਾਰਾ ਜਗਤ ਹੈ। ਸਭਿ = ਸਾਰੇ। ਗੁਪਤੁ = ਲੁਕਿਆ ਹੋਇਆ, ਸੂਖਮ ਰੂਪ ਵਿਚ। ਵਰਤੇ = ਮੌਜੂਦ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ।1।

ਭੰਡਾਰਾ = ਖ਼ਜ਼ਾਨੇ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰਾ = (ਇਹ) ਸਮਝ। ਤੁਧੁ ਭਾਵੈ = ਤੈਨੂੰ ਚੰਗਾ ਲੱਗਦਾ ਹੈ। ਕਰਸਹਿ = (ਜੀਵ) ਕਰਨਗੇ। ਸਿਉ = ਨਾਲ।2।

ਸਭਿ = ਸਾਰੇ। ਕਰਿ = ਕਰ ਕੇ।3।

ਧੁਰਿ = ਧੁਰ ਤੋਂ। ਫੇਰੀ = ਜਨਮ ਮਰਨ ਦਾ ਗੇੜ। ਸਾਚੇ ਗੁਣ = ਸਦਾ-ਥਿਰ ਰਹਿਣ ਵਾਲੇ ਗੁਣ। ਜੁਗਿ ਜੁਗਿ = ਹਰੇਕ ਜੁਗ ਵਿਚ (ਵੱਸਦਾ) ।4।

ਅਰਥ: ਹੇ ਪ੍ਰਭੂ! ਤੂੰ ਆਪ ਹੀ ਉਹ ਕਰਤਾਰ ਹੈਂ ਜਿਸ ਦਾ (ਰਚਿਆ ਹੋਇਆ ਇਹ) ਸਾਰਾ ਜਗਤ ਹੈ। ਸਾਰੇ ਜੀਵ ਤੇਰੀ ਹੀ ਸਰਨ ਵਿਚ ਹਨ। ਹੇ ਭਾਈ! ਪ੍ਰਭੂ ਆਪ ਹੀ ਸਭ ਜੀਵਾਂ ਦੇ ਅੰਦਰ ਗੁਪਤ ਰੂਪ ਵਿਚ ਮੌਜੂਦ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨਾਲ ਸਾਂਝ ਪੈ ਸਕਦੀ ਹੈ।1।

ਹੇ ਭਾਈ! ਹਰੀ ਦੇ ਖ਼ਜ਼ਾਨੇ ਵਿਚ ਭਗਤੀ ਦੇ ਭੰਡਾਰੇ ਭਰੇ ਪਏ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਆਪ ਹੀ ਪ੍ਰਭੂ ਇਹ ਸੂਝ ਬਖ਼ਸ਼ਦਾ ਹੈ।

ਹੇ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੁਝ ਜੀਵ ਕਰਦੇ ਹਨ। ਹੇ ਭਾਈ! (ਪ੍ਰਭੂ ਦੀ ਰਜ਼ਾ ਨਾਲ ਹੀ) ਜੀਵ ਦਾ ਮਨ ਉਸ ਸਦਾ-ਥਿਰ ਪ੍ਰਭੂ ਨਾਲ ਜੁੜ ਸਕਦਾ ਹੈ।2।

ਹੇ ਭਾਈ! ਪ੍ਰਭੂ ਆਪ ਹੀ (ਕੀਮਤੀ) ਹੀਰਾ ਹੈ ਆਪ ਹੀ ਅਮੋਲਕ ਰਤਨ ਹੈ। ਪ੍ਰਭੂ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ (ਇਸ ਹੀਰੇ ਦੀ) ਪਰਖ ਕਰਦਾ ਹੈ। ਹੇ ਪ੍ਰਭੂ! ਸਾਰੇ ਹੀ ਜੀਵ ਤੇਰੀ ਹੀ ਸਰਨ ਵਿਚ ਹਨ। ਤੂੰ ਆਪ ਹੀ ਕਿਰਪਾ ਕਰ ਕੇ (ਆਪਣੇ ਨਾਲ) ਡੂੰਘੀ ਸਾਂਝ ਪੈਦਾ ਕਰਦਾ ਹੈਂ।3।

ਹੇ ਪ੍ਰਭੂ! ਜਿਸ ਮਨੁੱਖ ਉੱਤੇ ਧੁਰੋਂ ਤੇਰੀ ਹਜ਼ੂਰੀ ਤੋਂ ਤੇਰੀ ਮਿਹਰ ਦੀ ਨਿਗਾਹ ਹੋਵੇ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ, ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ।

ਹੇ ਭਾਈ! (ਜਿਸ ਉੱਤੇ ਉਸ ਦੀ ਨਿਗਾਹ ਹੋਵੇ, ਉਹ) ਦਿਨ ਰਾਤ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ, ਹਰੇਕ ਜੁਗ ਵਿਚ ਉਹ ਉਸ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ।4।

ਮਾਇਆ ਮੋਹਿ ਸਭੁ ਜਗਤੁ ਉਪਾਇਆ ॥ ਬ੍ਰਹਮਾ ਬਿਸਨੁ ਦੇਵ ਸਬਾਇਆ ॥ ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥ ਪਾਪ ਪੁੰਨ ਵਰਤੈ ਸੰਸਾਰਾ ॥ ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥ ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥ ਕਿਰਤੁ ਨ ਕੋਈ ਮੇਟਣਹਾਰਾ ॥ ਗੁਰ ਕੈ ਸਬਦੇ ਮੋਖ ਦੁਆਰਾ ॥ ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥ ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥ ਦੂਜੈ ਭਾਇ ਘਣਾ ਦੁਖੁ ਆਗੈ ॥ ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥ {ਪੰਨਾ 1052}

ਪਦ ਅਰਥ: ਮੋਹਿ = ਮੋਹ ਵਿਚ, ਮੋਹ ਦੇ ਅਧੀਨ। ਉਪਾਇਆ = ਪੈਦਾ ਕੀਤਾ ਹੈ। ਸਬਾਇਆ = ਸਾਰੇ। ਤੁਧੁ ਭਾਣੇ = ਤੈਨੂੰ ਚੰਗੇ ਲੱਗੇ। ਸੇ = ਉਹ {ਬਹੁ-ਵਚਨ}। ਨਾਮਿ = ਨਾਮ ਵਿਚ। ਗਿਆਨ ਮਤੀ = ਆਤਮਕ ਜੀਵਨ ਦੀ ਸੂਝ ਵਾਲੀ ਮਤਿ ਦੀ ਰਾਹੀਂ। ਪਛਾਤਾ = ਸਾਂਝ ਪਾਈ ਹੈ।5।

ਸੰਸਾਰਾ = ਜਗਤ ਵਿਚ। ਹਰਖੁ = ਖ਼ੁਸ਼ੀ। ਸੋਗੁ = ਗ਼ਮੀ। ਸਭੁ = ਹਰ ਥਾਂ। ਗੁਰਮੁਖਿ = ਗੁਰੂ ਦੇ ਸਨਮੁਖ। ਸੁਖੁ = ਆਤਮਕ ਆਨੰਦ। ਜਿਨਿ = ਜਿਸ (ਮਨੁੱਖ) ਨੇ।6।

ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਕੈ ਸਬਦੇ = ਦੇ ਸ਼ਬਦ ਦੀ ਰਾਹੀਂ ਹੀ। ਮੋਖ ਦੁਆਰਾ = ('ਕਿਰਤ' ਤੋਂ) ਖ਼ਲਾਸੀ ਦਾ ਦਰਵਾਜ਼ਾ। ਪੂਰਬਿ = ਪੂਰਬਲੇ ਜਨਮ ਵਿਚ। ਆਪੁ = ਆਪਾ-ਭਾਵ। ਮਾਰਿ = ਮਾਰ ਕੇ।7।

ਮੋਹਿ = ਮੋਹ ਦੇ ਕਾਰਨ। ਸਿਉ = ਨਾਲ। ਦੂਜੈ ਭਾਇ = ਮਾਇਆ ਦੇ ਪਿਆਰ ਦੇ ਕਾਰਨ। ਘਣਾ = ਬਹੁਤ। ਆਗੈ = ਪਰਲੋਕ ਵਿਚ, ਜੀਵਨ-ਸਫ਼ਰ ਵਿਚ। ਮਨਮੁਖ = ਮਨ ਦੇ ਮੁਰੀਦ। ਭਰਮਿ = ਭਟਕਣਾ ਦੇ ਕਾਰਨ। ਭੁਲੇ = ਕੁਰਾਹੇ ਪਏ ਰਹਿੰਦੇ ਹਨ। ਭੇਖ ਧਾਰੀ = ਧਾਰਮਿਕ ਪਹਿਰਾਵਾ ਰੱਖਣ ਵਾਲੇ। ਅੰਤ ਕਾਲਿ = ਅਖ਼ੀਰ ਵੇਲੇ।8।

ਅਰਥ: ਹੇ ਪ੍ਰਭੂ! ਬ੍ਰਹਮਾ, ਵਿਸ਼ਨੂ, ਸਾਰੇ ਹੀ ਦੇਵਤੇ (ਜੋ ਭੀ ਜਗਤ ਵਿਚ ਪੈਦਾ ਹੋਇਆ ਹੈ) ਇਹ ਸਾਰਾ ਹੀ ਜਗਤ ਤੂੰ ਮਾਇਆ ਦੇ ਮੋਹ ਵਿਚ (ਹੀ) ਪੈਦਾ ਕੀਤਾ ਹੈ (ਸਭਨਾਂ ਉਤੇ ਮਾਇਆ ਦਾ ਪ੍ਰਭਾਵ ਹੈ) । ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਤੇਰੇ ਨਾਮ ਵਿਚ ਜੁੜਦੇ ਹਨ। ਆਤਮਕ ਜੀਵਨ ਦੀ ਸੂਝ ਵਾਲੀ ਮਤਿ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਬਣਦੀ ਹੈ।5।

ਹੇ ਭਾਈ! ਸਾਰੇ ਜਗਤ ਵਿਚ (ਮਾਇਆ ਦੇ ਪ੍ਰਭਾਵ ਹੇਠ ਹੀ) ਪਾਪਾਂ ਤੇ ਪੁੰਨਾਂ ਦਾ ਵਰਤਾਰਾ ਹੋ ਰਿਹਾ ਹੈ। (ਮਾਇਆ ਦੇ ਮੋਹ ਵਿਚ ਹੀ) ਹਰ ਥਾਂ ਕਿਤੇ ਖ਼ੁਸ਼ੀ ਹੈ ਅਤੇ ਗ਼ਮੀ ਹੈ (ਮਾਇਆ ਦੇ ਮੋਹ ਦਾ) ਭਾਰਾ ਦੁੱਖ (ਜਗਤ ਨੂੰ ਵਿਆਪ ਰਿਹਾ ਹੈ) । ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਹਰਿ ਨਾਮ ਨਾਲ ਸਾਂਝ ਪਾਈ ਹੈ, ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ ਆਤਮਕ ਆਨੰਦ ਮਾਣਦਾ ਹੈ।6।

ਹੇ ਭਾਈ! ਕੋਈ ਮਨੁੱਖ ਪਿਛਲੇ ਕੀਤੇ ਕਰਮਾਂ ਦੀ ਕਮਾਈ ਮਿਟਾ ਨਹੀਂ ਸਕਦਾ। (ਪਿਛਲੇ ਕੀਤੇ ਕਰਮਾਂ ਤੋਂ) ਖ਼ਲਾਸੀ ਦਾ ਰਸਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਦਾ ਹੈ। ਜਿਸ ਮਨੁੱਖ ਨੇ ਆਪਾ-ਭਾਵ ਮਿਟਾ ਕੇ (ਹਰਿ-ਨਾਮ ਨਾਲ) ਸਾਂਝ ਪਾ ਲਈ, ਉਸ ਨੇ ਭੀ ਜੋ ਕੁਝ ਪੂਰਬਲੇ ਜਨਮ ਵਿਚ ਕਮਾਈ ਕੀਤੀ, ਉਹੀ ਫਲ ਹੁਣ ਪ੍ਰਾਪਤ ਕੀਤਾ।7।

ਹੇ ਭਾਈ! ਮਾਇਆ ਦੇ ਮੋਹ ਦੇ ਕਾਰਨ ਪਰਮਾਤਮਾ ਨਾਲ ਮਨ ਜੁੜ ਨਹੀਂ ਸਕਦਾ। ਮਾਇਆ ਦੇ ਮੋਹ ਵਿਚ ਫਸੇ ਰਿਹਾਂ ਜੀਵਨ-ਸਫ਼ਰ ਵਿਚ ਬਹੁਤ ਦੁੱਖ ਵਾਪਰਦਾ ਹੈ। ਮਨ ਦੇ ਮੁਰੀਦ ਮਨੁੱਖ ਧਾਰਮਿਕ ਪਹਿਰਾਵਾ ਪਾ ਕੇ ਭੀ ਭਟਕਣਾ ਦੇ ਕਾਰਨ ਕੁਰਾਹੇ ਹੀ ਪਏ ਰਹਿੰਦੇ ਹਨ। ਆਖ਼ਰ ਵੇਲੇ ਪਛੁਤਾਣਾ ਪੈਂਦਾ ਹੈ।8।

ਹਰਿ ਕੈ ਭਾਣੈ ਹਰਿ ਗੁਣ ਗਾਏ ॥ ਸਭਿ ਕਿਲਬਿਖ ਕਾਟੇ ਦੂਖ ਸਬਾਏ ॥ ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥ ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥ ਹਉਮੈ ਮੇਰਾ ਠਾਕਿ ਰਹਾਏ ॥ ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥ ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥ ਆਪੇ ਮੇਲੈ ਗੁਰ ਸਬਦਿ ਵੀਚਾਰਾ ॥ ਆਪੇ ਬਖਸੇ ਸਚੁ ਦ੍ਰਿੜਾਏ ਮਨੁ ਤਨੁ ਸਾਚੈ ਰਾਤਾ ਹੇ ॥੧੧॥ ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ ॥ ਗੁਰਮਤਿ ਬੂਝੈ ਕਰਿ ਵੀਚਾਰਾ ॥ ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥੧੨॥ {ਪੰਨਾ 1052}

ਪਦ ਅਰਥ: ਕੈ ਭਾਣੈ = ਦੀ ਰਜ਼ਾ ਵਿਚ (ਰਹਿ ਕੇ) । ਸਭਿ = ਸਾਰੇ। ਕਿਲਬਿਖ = ਪਾਪ। ਸਬਾਏ = ਸਾਰੇ। ਨਿਰਮਲੁ = ਮਲ-ਰਹਿਤ, ਵਿਕਾਰਾਂ ਦੀ ਮੈਲ ਤੋਂ ਰਹਿਤ। ਸੇਤੀ = ਨਾਲ।9।

ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ। ਮੇਰਾ = 'ਮੇਰੀ ਮੇਰੀ' ਦਾ ਭਾਵ, ਮਮਤਾ। ਠਾਕਿ ਰਹਾਏ = ਰੋਕ ਰੱਖਦਾ ਹੈ। ਦਾਤਾ = ਦੇਣ ਵਾਲਾ। ਵਿਰਲੀ = ਵਿਰਲਿਆਂ ਨੇ।10।

ਅਪਾਰਾ = ਬੇਅੰਤ। ਸਬਦਿ = ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ। ਸਾਚੈ = ਸਦਾ-ਥਿਰ ਪ੍ਰਭੂ ਵਿਚ।11।

ਜੋਤਿ ਅਪਾਰਾ = ਬੇਅੰਤ ਪ੍ਰਭੂ ਦੀ ਜੋਤਿ। ਬੂਝੈ = ਸਮਝਦਾ ਹੈ। ਕਰਿ = ਕਰ ਕੇ। ਮਾਰਿ = ਮਾਰ ਕੇ। ਰਸਨਾ = ਜੀਭ ਨਾਲ। ਸੇਵਿ = ਜਪ ਕੇ।12।

ਅਰਥ: ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਆਪਣੇ ਸਾਰੇ ਪਾਪ ਸਾਰੇ ਦੁੱਖ (ਆਪਣੇ ਅੰਦਰੋਂ) ਕੱਟ ਦੇਂਦਾ ਹੈ। ਉਸ ਦਾ ਮਨ ਉਸ ਪ੍ਰਭੂ ਨਾਲ ਰੱਤਾ ਰਹਿੰਦਾ ਹੈ, ਜੋ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ ਅਤੇ ਜਿਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਭੀ ਪਵਿੱਤਰ ਹੈ।9।

ਹੇ ਭਾਈ! ਪਰਮਾਤਮਾ ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਮਤਾ (ਦੇ ਪ੍ਰਭਾਵ) ਨੂੰ ਰੋਕ ਦੇਂਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲਿਆਂ ਨੇ ਇਹ ਸਮਝਿਆ ਹੈ ਕਿ ਗੁਣ ਦੇਣ ਵਾਲਾ ਅਤੇ ਔਗੁਣ ਪੈਦਾ ਕਰਨ ਵਾਲਾ ਸਿਰਫ਼ ਪਰਮਾਤਮਾ ਹੀ ਹੈ।10।

ਹੇ ਭਾਈ! ਮੇਰਾ ਪ੍ਰਭੂ ਬੜਾ ਬੇਅੰਤ ਹੈ ਅਤੇ ਵਿਕਾਰਾਂ ਦੇ ਪ੍ਰਭਾਵ ਤੋਂ ਪਰੇ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਗੁਣਾਂ ਦੀ) ਵਿਚਾਰ ਬਖ਼ਸ਼ ਕੇ ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ। ਜਿਸ ਉਤੇ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਆਪਣਾ ਸਦਾ-ਥਿਰ ਨਾਮ ਪੱਕਾ ਕਰ ਦੇਂਦਾ ਹੈ; ਉਸ ਮਨੁੱਖ ਦਾ ਮਨ ਉਸ ਦਾ ਤਨ ਸਦਾ-ਥਿਰ ਹਰਿ-ਨਾਮ ਵਿਚ ਰੰਗਿਆ ਜਾਂਦਾ ਹੈ।11।

ਹੇ ਭਾਈ! (ਵਿਕਾਰਾਂ ਦੇ ਕਾਰਨ ਮਨੁੱਖ ਦਾ) ਮਨ ਅਤੇ ਤਨ ਗੰਦਾ ਹੋਇਆ ਰਹਿੰਦਾ ਹੈ, (ਫਿਰ ਭੀ ਉਸ ਦੇ) ਅੰਦਰ ਬੇਅੰਤ ਪਰਮਾਤਮਾ ਦੀ ਜੋਤਿ ਮੌਜੂਦ ਹੈ। ਜਦੋਂ ਗੁਰੂ ਦੀ ਮਤਿ ਦੀ ਰਾਹੀਂ ਉਹ ਵਿਚਾਰ ਕਰ ਕੇ (ਆਤਮਕ ਜੀਵਨ ਦੇ ਭੇਤ ਨੂੰ) ਸਮਝਦਾ ਹੈ, ਤਦੋਂ ਹਉਮੈ ਨੂੰ ਦੂਰ ਕਰ ਕੇ, ਅਤੇ ਜੀਭ ਨਾਲ ਸੁਖਾਂ ਦੇ ਦਾਤੇ ਪ੍ਰਭੂ ਦਾ ਨਾਮ ਜਪ ਕੇ, ਉਸ ਦਾ ਮਨ ਸਦਾ ਲਈ ਪਵਿੱਤਰ ਹੋ ਜਾਂਦਾ ਹੈ।12।

TOP OF PAGE

Sri Guru Granth Darpan, by Professor Sahib Singh