ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1050 ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥ ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥ ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥ ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥ ਮਾਇਆ ਕਾਰਣਿ ਪੜਿ ਪੜਿ ਲੂਝਹਿ ॥ ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥ ਬੇਦ ਬਾਦ ਸਭਿ ਆਖਿ ਵਖਾਣਹਿ ॥ ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥ ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥ ਆਪੇ ਸਾਚਾ ਏਕੋ ਸੋਈ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥੧੬॥੬॥ {ਪੰਨਾ 1050} ਪਦ ਅਰਥ: ਮਹੇਸੁ = ਸ਼ਿਵ। ਵੀਚਾਰੀ = ਵੀਚਾਰਿ, ਵਿਚਾਰ ਕੇ ਵੇਖ ਲੈ। ਬਧਕ = ਬੱਝੇ ਹੋਏ। ਮੁਕਤਿ = (ਆਤਮਕ ਮੌਤ ਤੋਂ) ਖ਼ਲਾਸੀ। ਨਿਰਾਰੀ = ਵੱਖਰੀ, ਲਾਂਭੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ। ਗਿਆਨੁ = ਆਤਮਕ ਜੀਵਨ ਦੀ ਸੂਝ। ਅਨਦਿਨੁ = ਹਰ ਰੋਜ਼, ਹਰ ਵੇਲੇ। ਰਵੀਜੈ = ਸਿਮਰਨਾ ਚਾਹੀਦਾ ਹੈ।13। ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਕਾਰਣਿ = ਦੀ ਖ਼ਾਤਰ। ਪੜਿ = ਪੜ੍ਹ ਕੇ। ਲੂਝਹਿ = ਸੜਦੇ ਹਨ, ਖਿੱਝਦੇ ਹਨ। ਅੰਤਰਿ = ਅੰਦਰ। ਕਿਉਕਰਿ = ਕਿਵੇਂ? ਤਚੁਰੁ = {duÔqr} ਔਖਿਆਈ ਨਾਲ ਤਰਿਆ ਜਾਣ ਵਾਲਾ। ਤਰੀਜੈ = ਤਰਿਆ ਜਾ ਸਕਦਾ ਹੈ।14। ਬੇਦ ਬਾਦ = ਵੇਦਾਂ ਦੇ ਝਗੜੇ, ਵੇਦਾਂ ਦੀਆਂ ਬਹਸਾਂ। ਸਭਿ = ਸਾਰੇ (ਪੰਡਿਤ ਲੋਕ) ਆਖਿ = ਆਖ ਕੇ। ਵਖਾਣਹਿ = ਵਿਆਖਿਆ ਕਰਦੇ ਹਨ। ਅੰਤਰੁ = ਅੰਦਰਲਾ, ਹਿਰਦਾ। ਨ ਭੀਜੈ = ਨਹੀਂ ਭਿੱਜਦਾ, ਨਹੀਂ ਖਿੜਦਾ। ਸਭੁ = ਸਾਰਾ, ਨਿਰਾ। ਬੇਦਿ = ਵੇਦ ਨੇ। ਦ੍ਰਿੜਾਇਆ = ਦ੍ਰਿੜ੍ਹ ਕਰਾਇਆ ਹੈ, ਮੁੜ ਮੁੜ ਤਾਕੀਦ ਕੀਤੀ ਹੈ, ਮੁੜ ਮੁੜ ਧਿਆਨ ਦਿਵਾਇਆ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਸ। ਪੀਜੈ = ਪੀਤਾ ਜਾ ਸਕਦਾ ਹੈ।15। ਆਪੇ = ਆਪ ਹੀ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸੋਈ = ਉਹੀ। ਅਵਰੁ = ਕੋਈ ਹੋਰ। ਨਾਮਿ = ਨਾਮ ਵਿਚ। ਰਤੇ = ਰੱਤੇ, ਰੰਗੇ ਹੋਏ। ਸਾਚਾ = ਅਡੋਲ, ਅਹਿੱਲ। ਸਚੋ ਸਚੁ = ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ। ਰਵੀਜੈ = ਸਿਮਰਨਾ ਚਾਹੀਦਾ ਹੈ। 16। ਅਰਥ: ਹੇ ਭਾਈ! ਵਿਚਾਰ ਕੇ ਵੇਖ ਲਵੋ = ਬ੍ਰਹਮਾ ਹੋਵੇ, ਵਿਸ਼ਨੂ ਹੋਵੇ, ਸ਼ਿਵ ਹੋਵੇ (ਕੋਈ ਭੀ ਹੋਵੇ, ਜਿਹੜੇ ਪ੍ਰਾਣੀ) ਮਾਇਆ ਦੇ ਤਿੰਨ ਗੁਣਾਂ ਵਿਚ ਬੱਝੇ ਪਏ ਹਨ (ਆਤਮਕ ਮੌਤ ਤੋਂ) ਖ਼ਲਾਸੀ (ਉਹਨਾਂ ਤੋਂ) ਲਾਂਭੇ ਰਹਿ ਜਾਂਦੀ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਰਫ਼ ਇਹੀ ਆਤਮਕ ਜੀਵਨ ਦੀ ਸੂਝ ਹਾਸਲ ਕਰਦਾ ਹੈ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।13। ਹੇ ਭਾਈ! (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਪਰ ਜੇ ਉਹ) ਪਰਮਾਤਮਾ ਦੇ ਨਾਮ ਨੂੰ (ਜੀਵਨ-ਮਨੋਰਥ) ਨਹੀਂ ਸਮਝਦੇ, ਤਾਂ ਉਹ ਮਾਇਆ (ਕਮਾਣ) ਵਾਸਤੇ ਹੀ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਮਾਇਆ ਦੇ ਘੱਟ ਚੜ੍ਹਾਵੇ ਤੇ ਅੰਦਰੇ ਅੰਦਰ) ਖਿੱਝਦੇ ਹਨ। ਹੇ ਭਾਈ! ਜਿਸ ਮਨੁੱਖ ਦੇ ਅੰਦਰ (ਮਾਇਆ ਦੇ ਮੋਹ ਦੀ) ਮੈਲ ਹੈ (ਉਹ ਵੇਦ-ਪਾਠੀ ਪੰਡਿਤ ਭੀ ਹੋਵੇ, ਤਾਂ ਭੀ) ਉਹ ਅੰਨ੍ਹਾ ਬੇ-ਸਮਝ ਹੈ, ਇਸ ਤਰ੍ਹਾਂ ਇਹ ਦੁੱਤਰ ਸੰਸਾਰ-ਸਮੁੰਦਰ ਤਰਿਆ ਨਹੀਂ ਜਾ ਸਕਦਾ।14। ਹੇ ਭਾਈ! ਸਾਰੇ (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਦੀਆਂ ਚਰਚਾ ਉਚਾਰ ਕੇ (ਹੋਰਨਾਂ ਦੇ ਸਾਹਮਣੇ) ਵਿਆਖਿਆ ਕਰਦੇ ਹਨ, (ਇਸ ਤਰ੍ਹਾਂ) ਨਾਹ (ਉਹਨਾਂ ਦਾ ਆਪਣਾ) ਹਿਰਦਾ ਭਿੱਜਦਾ ਹੈ, ਨਾਹ ਉਹ ਸਿਫ਼ਤਿ-ਸਾਲਾਹ ਦੀ ਬਾਣੀ ਦੀ ਕਦਰ ਸਮਝਦੇ ਹਨ। ਹੇ ਭਾਈ! ਵੇਦ ਨੇ ਤਾਂ ਮੁੜ ਮੁੜ ਇਸ ਗੱਲ ਵਲ ਧਿਆਨ ਦਿਵਾਇਆ ਹੈ ਕਿ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤਾਂ ਗੁਰੂ ਦੀ ਸਰਨ ਪਿਆਂ ਹੀ ਪੀਤਾ ਜਾ ਸਕਦਾ ਹੈ।15। ਹੇ ਭਾਈ! (ਆਪਣੇ ਵਰਗਾ) ਸਿਰਫ਼ ਉਹ ਪਰਮਾਤਮਾ ਆਪ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਗਏ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ। (ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ। 16।6। ਮਾਰੂ ਮਹਲਾ ੩ ॥ ਸਚੈ ਸਚਾ ਤਖਤੁ ਰਚਾਇਆ ॥ ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥ ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥ ਸਚਾ ਸਉਦਾ ਸਚੁ ਵਾਪਾਰਾ ॥ ਨ ਤਿਥੈ ਭਰਮੁ ਨ ਦੂਜਾ ਪਸਾਰਾ ॥ ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥ ਸਚੈ ਲਾਏ ਸੇ ਜਨ ਲਾਗੇ ॥ ਅੰਤਰਿ ਸਬਦੁ ਮਸਤਕਿ ਵਡਭਾਗੇ ॥ ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥ ਸਚੋ ਸਚਾ ਸਚੁ ਸਾਲਾਹੀ ॥ ਏਕੋ ਵੇਖਾ ਦੂਜਾ ਨਾਹੀ ॥ ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥ {ਪੰਨਾ 1050} ਪਦ ਅਰਥ: ਸਚੈ = ਸਦਾ ਕਾਇਮ ਰਹਿਣ ਵਾਲੇ (ਪ੍ਰਭੂ) ਨੇ। ਸਚਾ = ਸਦਾ ਕਾਇਮ ਰਹਿਣ ਵਾਲਾ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਸਰੂਪ ਵਿਚ। ਤਿਥੈ = ਉਸ ਸ੍ਵੈ-ਸਰੂਪ ਵਿਚ, ਉਸ 'ਨਿਜ ਘਰ' ਵਿਚ। ਸਦ = ਸਦਾ। ਘਟ ਅੰਤਰਿ = ਹਿਰਦੇ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਰੀ = ਸ੍ਰੇਸ਼ਟ। ਕਰਣੀ = {krxIX} ਕਰਨ-ਜੋਗ ਕੰਮ।1। ਸਚੁ = ਸਦਾ-ਥਿਰ ਹਰਿ-ਨਾਮ। ਤਿਥੈ = ਉਸ ਸੌਦੇ ਵਿਚ, ਉਸ ਵਪਾਰ ਵਿਚ। ਭਰਮੁ = ਭਟਕਣਾ। ਦੂਜਾ ਪਸਾਰਾ = ਮਾਇਆ ਦਾ ਖਲ-ਜਗਨ। ਖਟਿਆ = ਕਮਾਇਆ। ਤੋਟਿ = ਘਾਟਾ। ਕੋ = ਕੋਈ। ਵੀਚਾਰੀ = ਵਿਚਾਰਵਾਨ।2। ਲਾਏ = (ਇਸ ਸੌਦੇ-ਵਪਾਰ ਵਿਚ) ਲਾ ਦਿੱਤੇ। ਸੇ = ਉਹ {ਬਹੁ-ਵਚਨ}। ਅੰਤਰਿ (ਉਹਨਾਂ ਦੇ) ਅੰਦਰ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਮਸਤਕਿ = ਮੱਥੇ ਉੱਤੇ। ਸਬਦਿ = ਸ਼ਬਦ ਦੀ ਰਾਹੀਂ, ਬਾਣੀ ਦੀ ਰਾਹੀਂ। ਗਾਵਹਿ = ਗਾਂਦੇ ਹਨ। ਰਤੇ = ਰੰਗੇ ਹੋਏ।3। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਵੇਖਾ = ਵੇਖਾਂ, ਮੈਂ ਵੇਖਦਾ ਹਾਂ। ਗੁਰਮਤਿ = ਗੁਰੂ ਦੀ ਮਤਿ ਉਤੇ ਤੁਰ ਕੇ। ਗਿਆਨਿ = ਗਿਆਨ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ। ਗਿਆਨਿ ਰਤਨਿ = ਗਿਆਨ-ਰਤਨ ਦੀ ਰਾਹੀਂ, ਸ੍ਰੇਸ਼ਟ ਗਿਆਨ ਦੀ ਰਾਹੀਂ।4। ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣੇ 'ਨਿਜ ਘਰ' ਵਿਚ ਬੈਠਣ ਵਾਸਤੇ) ਸਦਾ ਕਾਇਮ ਰਹਿਣ ਵਾਲਾ ਤਖ਼ਤ ਬਣਾ ਰੱਖਿਆ ਹੈ, ਉਸ ਸ੍ਵੈ-ਸਰੂਪ ਵਿਚ ਉਹ ਅਡੋਲ ਬੈਠਾ ਹੈ, ਉਥੇ ਮਾਇਆ ਦਾ ਮੋਹ ਅਸਰ ਨਹੀਂ ਕਰ ਸਕਦਾ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ (ਹਰਿ-ਨਾਮ ਜਪਣ ਦਾ) ਸ੍ਰੇਸ਼ਟ ਕਰਨ-ਜੋਗ ਕੰਮ ਕਰਦਾ ਹੈ, ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ।1। ਹੇ ਭਾਈ! ਨਾਮ-ਧਨ ਖੱਟਣਾ ਹੀ ਸਦਾ-ਥਿਰ ਸੌਦਾ ਹੈ ਸਦਾ-ਥਿਰ ਵਪਾਰ ਹੈ, ਉਸ ਸੌਦੇ-ਵਪਾਰ ਵਿਚ ਕੋਈ ਭਟਕਣਾ ਨਹੀਂ, ਕੋਈ ਮਾਇਆ ਦਾ ਖਲ-ਜਗਨ ਨਹੀਂ। ਇਹ ਸਦਾ-ਥਿਰ ਨਾਮ-ਧਨ ਖੱਟਿਆਂ ਕਦੇ ਘਾਟਾ ਨਹੀਂ ਪੈਂਦਾ। ਪਰ ਇਸ ਗੱਲ ਨੂੰ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ।2। ਹੇ ਭਾਈ! (ਇਸ ਨਾਮ-ਧਨ ਦੇ ਵਪਾਰ ਵਿਚ) ਉਹੀ ਮਨੁੱਖ ਲੱਗਦੇ ਹਨ, ਜਿਨ੍ਹਾਂ ਨੂੰ ਸਦਾ-ਥਿਰ ਪਰਮਾਤਮਾ ਨੇ ਆਪ ਲਾਇਆ ਹੈ। ਉਹਨਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ ਹਰਿ-ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਗੁਰ-ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉੱਚੀ ਵੀਚਾਰ ਦੇ ਮਾਲਕ ਬਣ ਜਾਂਦੇ ਹਨ।3। ਹੇ ਭਾਈ! ਮੈਂ ਤਾਂ ਸਦਾ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ। ਮੈਂ ਤਾਂ (ਹਰ ਥਾਂ) ਸਿਰਫ਼ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਮੈਨੂੰ ਉਸ ਤੋਂ ਬਿਨਾ) ਕੋਈ ਹੋਰ ਨਹੀਂ (ਦਿੱਸਦਾ) । ਹੇ ਭਾਈ! ਗੁਰੂ ਦੀ ਮਤਿ ਉਤੇ ਤੁਰ ਕੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ = ਇਹ ਹੀ ਪਰਮਾਤਮਾ ਦੇ ਚਰਨਾਂ ਤਕ ਪਹੁੰਚਣ ਲਈ) ਸਭ ਤੋਂ ਉੱਚੀ ਪੌੜੀ ਹੈ। ਇਸ ਸ੍ਰੇਸ਼ਟ ਗਿਆਨ ਦੀ ਬਰਕਤਿ ਨਾਲ ਮਨੁੱਖ (ਆਪਣੇ ਅੰਦਰੋਂ) ਹਉਮੈ ਮਾਰ ਮੁਕਾਂਦਾ ਹੈ।4। ਮਾਇਆ ਮੋਹੁ ਸਬਦਿ ਜਲਾਇਆ ॥ ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥ ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥ ਮਾਇਆ ਮੋਹੁ ਸਭੁ ਆਪੇ ਕੀਨਾ ॥ ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥ ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ॥ ਹਉਮੈ ਤ੍ਰਿਸਨਾ ਸਬਦਿ ਬੁਝਾਈ ॥ ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥ ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥ ਸਚੈ ਸਬਦੇ ਸਚਿ ਸੁਹਾਵੈ ॥ ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥ {ਪੰਨਾ 1050} ਪਦ ਅਰਥ: ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਜਾ = ਜਾਂ, ਜਦੋਂ। ਤੁਧੁ = ਤੈਨੂੰ। ਭਾਇਆ = ਚੰਗਾ ਲੱਗਾ। ਤਿਖਾ = ਤ੍ਰਿਸ਼ਨਾ। ਨਿਵਾਰੀ = ਦੂਰ ਕੀਤੀ।5। ਸਭੁ = ਸਾਰਾ। ਆਪੇ = ਆਪ ਹੀ। ਵਿਰਲੈ ਕਿਨ ਹੀ = ਕਿਸੇ ਵਿਰਲੇ ਨੇ ਹੀ {ਕਿਨ ਹੀ = ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ}। ਚੀਨਾ = ਪਛਾਣਿਆ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) । ਸਾਰੀ = ਸ੍ਰੇਸ਼ਟ।6। ਪ੍ਰਭ ਭਾਈ = ਪ੍ਰਭੂ ਨੂੰ ਚੰਗੀ ਲੱਗੀ। ਸਬਦਿ = ਸ਼ਬਦ ਦੀ ਬਰਕਤਿ ਨਾਲ। ਹਰੇਕ = ਮਿਟਾ ਦਿੱਤੀ। ਸਦ = ਸਦਾ। ਅੰਤਰੁ = ਹਿਰਦਾ, ਅੰਦਰਲਾ। ਸੀਤਲੁ = ਸ਼ਾਂਤ, ਠੰਢਾ। ਮਾਰਿ = ਮਾਰ ਕੇ।7। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਸਭੁ ਕਿਛੁ = (ਪਰਮਾਤਮਾ ਦਾ ਕੀਤਾ) ਹਰੇਕ ਕੰਮ। ਸਚੈ ਸਬਦੇ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਸੁਹਾਵੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਐਥੈ = ਇਸ ਲੋਕ ਵਿਚ। ਸੇ = ਉਹ {ਬਹੁ-ਵਚਨ}। ਦਰਿ = ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼ਰੂ। ਨਦਰੀ = ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ।8। ਅਰਥ: ਹੇ ਪ੍ਰਭੂ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ, ਜਦੋਂ ਉਹ ਮਨੁੱਖ ਤੈਨੂੰ ਚੰਗਾ ਲੱਗ ਪਿਆ ਤਦੋਂ ਤੇਰਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵੱਸ ਪਿਆ। ਹੇ ਭਾਈ! ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ, ਉਸ ਨੂੰ ਅਭੁੱਲ ਪਰਮਾਤਮਾ ਦੀ ਸਾਰੀ ਕਾਰ ਅਭੁੱਲ ਜਾਪਣ ਲੱਗ ਪਈ।5। ਹੇ ਭਾਈ! ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ, ਪਰ ਇਹ ਗੱਲ ਕਿਸੇ ਉਸ ਵਿਰਲੇ ਨੇ ਹੀ ਪਛਾਣੀ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਉਸ ਨੂੰ ਨਾਮ ਸਿਮਰਨ ਵਾਲੀ ਕਾਰ ਹੀ ਸ੍ਰੇਸ਼ਟ ਲੱਗਦੀ ਹੈ।6। ਹੇ ਭਾਈ! ਜਿਸ ਮਨੁੱਖ ਨੇ ਉਹ ਕਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਮੇਰੇ ਪ੍ਰਭੂ ਨੂੰ ਪਸੰਦ ਆਉਂਦੀ ਹੈ (ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸ਼ੁਰੂ ਕਰ ਦਿੱਤਾ) , ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਮਿਟਾ ਦਿੱਤੀ, ਜਿਸ ਨੇ ਹਉਮੈ ਮਾਰ ਕੇ ਮੁਕਾ ਦਿੱਤੀ, ਗੁਰੂ ਦੀ ਮਤਿ ਉੱਤੇ ਤੁਰ ਕੇ ਉਸ ਦਾ ਹਿਰਦਾ ਸਦਾ ਹੀ ਸ਼ਾਂਤ ਰਹਿੰਦਾ ਹੈ।7। ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਪਰਮਾਤਮਾ ਦਾ ਕੀਤਾ ਹੋਇਆ ਹਰੇਕ ਕੰਮ ਭਲਾ ਜਾਪਦਾ ਹੈ। ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਮਨੁੱਖ ਆਪਣਾ ਜੀਵਨ ਸੋਹਣਾ ਬਣਾ ਲੈਂਦਾ ਹੈ। (ਸਿਮਰਨ ਦੀ ਬਰਕਤਿ ਨਾਲ ਜਿਹੜੇ ਮਨੁੱਖ) ਇਸ ਲੋਕ ਵਿਚ ਸੁਰਖ਼ਰੂ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਭੀ ਸੁਰਖ਼ਰੂ ਹੋ ਜਾਂਦੇ ਹਨ। ਮਿਹਰ ਦੀ ਨਿਗਾਹ ਵਾਲੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਉਹਨਾਂ ਦਾ ਜੀਵਨ ਸੰਵਾਰ ਦੇਂਦੀ ਹੈ।8। ਬਿਨੁ ਸਾਚੇ ਜੋ ਦੂਜੈ ਲਾਇਆ ॥ ਮਾਇਆ ਮੋਹ ਦੁਖ ਸਬਾਇਆ ॥ ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥ ਸਾਚਾ ਸਬਦੁ ਜਿਨਾ ਮਨਿ ਭਾਇਆ ॥ ਪੂਰਬਿ ਲਿਖਿਆ ਤਿਨੀ ਕਮਾਇਆ ॥ ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥ ਗੁਰ ਕੀ ਸੇਵਾ ਮੀਠੀ ਲਾਗੀ ॥ ਅਨਦਿਨੁ ਸੂਖ ਸਹਜ ਸਮਾਧੀ ॥ ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥ ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥ ਆਪੇ ਭਾਣੇ ਆਪਿ ਮਿਲਾਏ ॥ ਸਤਿਗੁਰਿ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੇ ॥੧੨॥ {ਪੰਨਾ 1050} ਪਦ ਅਰਥ: ਬਿਨੁ ਸਾਚੇ = ਸਦਾ-ਥਿਰ ਪ੍ਰਭੂ ਤੋਂ ਖੁੰਝ ਕੇ। ਦੂਜੈ = ਮਾਇਆ (ਦੇ ਪਿਆਰ) ਵਿਚ। ਸਬਾਇਆ = ਸਾਰੇ। ਜਾਪੈ ਨਾਹੀ = ਸਮਝ ਨਹੀਂ ਪੈਂਦੀ।9। ਸਾਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ। ਪੂਰਬਿ = ਪੂਰਬਲੇ ਜਨਮ ਵਿਚ। ਲਿਖਿਆ = ਕੀਤੇ ਕਰਮਾਂ ਦੇ ਸੰਸਕਾਰ। ਤਿਨੀ = ਉਹਨਾਂ ਨੇ। ਸੇਵਹਿ = ਸੇਵਾ-ਭਗਤੀ ਕਰਦੇ ਹਨ {ਬਹੁ-ਵਚਨ}। ਸਚੁ = ਸਦਾ-ਥਿਰ ਹਰਿ-ਨਾਮ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੰਗੇ ਹੋਏ। ਵੀਚਾਰੀ = ਉੱਚੀ ਸੂਝ ਵਾਲੇ।10। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ = ਆਤਮਕ ਅਡੋਲਤਾ। ਸਹਜ ਸਮਾਧੀ = ਆਤਮਕ ਅਡੋਲਤਾ ਵਾਲੀ ਸਮਾਧੀ।11। ਸਤਿਗੁਰਿ = ਗੁਰੂ ਨੇ। ਸਚੇ = ਸਚਿ, ਸਦਾ-ਥਿਰ ਪ੍ਰਭੂ ਵਿਚ। ਲਾਏ = ਜੋੜ ਦਿੱਤੇ। ਆਪੇ = ਆਪ ਹੀ। ਭਾਣੇ = ਚੰਗੇ ਲੱਗੇ। ਸੇ = ਉਹ {ਬਹੁ-ਵਚਨ}। ਉਬਰੇ = ਬਚ ਗਏ। ਹੋਰ = ਬਾਕੀ ਦੀ ਲੁਕਾਈ।12। ਅਰਥ: ਹੇ ਭਾਈ! ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਖੁੰਝ ਕੇ ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ, ਉਸ ਨੂੰ ਮਾਇਆ ਦੇ ਮੋਹ ਦੇ ਸਾਰੇ ਦੁੱਖ (ਚੰਬੜੇ ਰਹਿੰਦੇ ਹਨ) , ਮਾਇਆ ਦੇ ਮੋਹ ਦਾ ਭਾਰੀ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਇਹ ਸਮਝ ਨਹੀਂ ਪੈਂਦੀ ਕਿ ਦੁੱਖ ਕਿਵੇਂ ਦੂਰ ਹੋਵੇ ਅਤੇ ਸੁਖ ਕਿਵੇਂ ਮਿਲੇ।9। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹੀ ਮਨੁੱਖ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਨਾਮ ਸਿਮਰਨ ਦੀ) ਕਮਾਈ ਕਰਦੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਤੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ।10। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ (ਦੱਸੀ) ਸੇਵਾ ਪਿਆਰੀ ਲੱਗਦੀ ਹੈ, ਉਹ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਉਸ ਦੀ ਆਮਤਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਜਪਦਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਸਰਨ ਵਿਚ ਪਏ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ।11। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ, ਉਹ ਸੁਖੀ ਜੀਵਨ ਬਿਤੀਤ ਕਰਦੇ ਹਨ, (ਇਹ ਪਰਮਾਤਮਾ ਦੀ ਆਪਣੀ ਹੀ ਮਿਹਰ ਹੈ, ਪ੍ਰਭੂ ਨੂੰ) ਆਪ ਹੀ (ਅਜਿਹੇ ਮਨੁੱਖ) ਚੰਗੇ ਲੱਗੇ, ਤੇ, ਆਪ ਹੀ ਉਸ ਨੇ (ਆਪਣੇ ਚਰਨਾਂ ਵਿਚ) ਜੋੜ ਲਏ। ਹੇ ਭਾਈ! ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਗਏ, ਹੋਰ ਲੁਕਾਈ ਮਾਇਆ ਦੇ ਮੋਹ ਦੀ ਖ਼ੁਆਰੀ (ਸਾਰੀ ਉਮਰ) ਝੱਲਦੀ ਰਹੀ।12। |
![]() |
![]() |
![]() |
![]() |
Sri Guru Granth Darpan, by Professor Sahib Singh |