ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1047

ਮਾਰੂ ਮਹਲਾ ੩ ॥ ਜੋ ਆਇਆ ਸੋ ਸਭੁ ਕੋ ਜਾਸੀ ॥ ਦੂਜੈ ਭਾਇ ਬਾਧਾ ਜਮ ਫਾਸੀ ॥ ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ ॥੧॥ ਆਪੇ ਕਰਤਾ ਕਰਿ ਕਰਿ ਵੇਖੈ ॥ ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥ ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ ॥੨॥ ਮਨਮੁਖ ਸਹਸਾ ਬੂਝ ਨ ਪਾਈ ॥ ਮਰਿ ਮਰਿ ਜੰਮੈ ਜਨਮੁ ਗਵਾਈ ॥ ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ ॥੩॥ ਧੰਧੈ ਧਾਵਤ ਮਨੁ ਭਇਆ ਮਨੂਰਾ ॥ ਫਿਰਿ ਹੋਵੈ ਕੰਚਨੁ ਭੇਟੈ ਗੁਰੁ ਪੂਰਾ ॥ ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ ॥੪॥ {ਪੰਨਾ 1047}

ਪਦ ਅਰਥ: ਸਭੁ ਕੋ = ਹਰੇਕ ਜੀਵ। ਜਾਸੀ = ਚਲਾ ਜਾਇਗਾ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਭਾਇ = ਪਿਆਰ ਵਿਚ। ਬਾਧਾ = ਬੱਝਾ ਹੋਇਆ। ਜਮ = ਮੌਤ, ਆਤਮਕ ਮੌਤ। ਸਤਿਗੁਰਿ = ਗੁਰੂ ਨੇ। ਉਬਰੇ = ਬਚ ਗਏ। ਸਾਚੇ = ਸਾਚਿ, ਸਦਾ-ਥਿਰ ਪ੍ਰਭੂ ਵਿਚ।1।

ਆਪੇ = ਆਪ ਹੀ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਲੇਖੈ = ਲੇਖੇ ਵਿਚ, ਪਰਵਾਨਗੀ ਵਿਚ। ਗਿਆਨੁ = ਆਤਮਕ ਜੀਵਨ ਦੀ ਸੂਝ। ਗੁਰਮੁਖਿ = ਗੁਰੂ ਦੀ ਰਾਹੀਂ। ਅੰਧੁ = ਅੰਨ੍ਹਿਆਂ ਵਾਲਾ ਕੰਮ।2।

ਸਹਸਾ = ਸਹਮ। ਬੂਝ = (ਆਤਮਕ ਜੀਵਨ ਦੀ) ਸੂਝ। ਮਰਿ = ਮਰ ਕੇ। ਜੰਮੈ = ਜੰਮਦਾ ਹੈ {ਇਕ-ਵਚਨ}। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਨਾਮਿ = ਨਾਮ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ।3।

ਧੰਧੈ = ਧੰਧੇ ਵਿਚ, ਦੁਨੀਆ ਦੇ ਖਲਜਗਨ ਵਿਚ। ਧਾਵਤ = ਦੌੜਦਿਆਂ। ਮਨੂਰਾ = ਸੜਿਆ ਹੋਇਆ ਲੋਹੇ ਦਾ ਚੂਰਾ। ਕੰਚਨੁ = ਸੋਨਾ। ਭੇਟੈ = ਮਿਲਦਾ ਹੈ। ਪੂਰੈ ਸਬਦਿ = ਪੂਰਨ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ।4।

ਅਰਥ: ਹੇ ਭਾਈ! ਜਿਹੜਾ ਭੀ ਜੀਵ (ਜਗਤ ਵਿਚ) ਜੰਮਦਾ ਹੈ ਉਹ ਹਰੇਕ ਹੀ (ਜ਼ਰੂਰ ਇਸ ਜਗਤ ਤੋਂ) ਕੂਚ (ਭੀ) ਕਰ ਜਾਂਦਾ ਹੈ, (ਪਰ) ਮਾਇਆ ਦੇ ਮੋਹ ਦੇ ਕਾਰਨ (ਜੀਵ) ਆਤਮਕ ਮੌਤ ਦੀ ਫਾਹੀ ਵਿਚ ਬੱਝ ਜਾਂਦਾ ਹੈ। ਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ; ਉਹ ਸਦਾ ਹੀ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ।1।

ਹੇ ਭਾਈ! (ਇਹ ਸਾਰਾ ਖੇਲ) ਕਰਤਾਰ ਆਪ ਹੀ ਕਰ ਕਰ ਕੇ ਵੇਖ ਰਿਹਾ ਹੈ; ਜਿਸ ਮਨੁੱਖ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ ਉਸ ਦੀ ਪਰਵਾਨਗੀ ਵਿਚ ਹੈ। ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ ਉਸ ਨੂੰ (ਆਤਮਕ ਜੀਵਨ ਬਾਰੇ) ਹਰੇਕ ਗੱਲ ਦੀ ਸਮਝ ਆ ਜਾਂਦੀ ਹੈ। ਗਿਆਨ ਤੋਂ ਸੱਖਣਾ ਮਨੁੱਖ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ।2।

ਹੇ ਭਾਈ! ਮਨ ਦੇ ਮੁਰੀਦ ਮਨੁੱਖ ਨੂੰ (ਹਰ ਵੇਲੇ ਕੋਈ ਨ ਕੋਈ) ਸਹਮ (ਖਾਈ ਜਾਂਦਾ ਹੈ, ਕਿਉਂਕਿ) ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਹੁੰਦੀ ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਹ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, ਉਹ ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਹਰ ਵੇਲੇ ਟਿਕੇ ਰਹਿੰਦੇ ਹਨ।3।

ਹੇ ਭਾਈ! ਦੁਨੀਆ ਦੇ ਖਲਜਗਨ ਵਿਚ ਦੌੜ-ਭੱਜ ਕਰਦਿਆਂ ਮਨੁੱਖ ਦਾ ਮਨ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ (ਇਉਂ ਸੜਿਆ ਰਹਿੰਦਾ ਹੈ ਜਿਵੇਂ ਸੜਿਆ ਹੋਇਆ ਲੋਹਾ) , ਪਰ ਜਦੋਂ ਉਸ ਨੂੰ ਪੂਰਾ ਗੁਰੂ ਮਿਲਦਾ ਹੈ, ਤਦੋਂ ਉਹ ਮੁੜ (ਸੁੱਧ) ਸੋਨਾ ਬਣ ਜਾਂਦਾ ਹੈ। ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ, ਉਹ ਪੂਰਨ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੀਨ ਰਹਿੰਦਾ ਹੈ।4।

ਦੁਰਮਤਿ ਝੂਠੀ ਬੁਰੀ ਬੁਰਿਆਰਿ ॥ ਅਉਗਣਿਆਰੀ ਅਉਗਣਿਆਰਿ ॥ ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ ॥੫॥ ਅਉਗਣਿਆਰੀ ਕੰਤ ਨ ਭਾਵੈ ॥ ਮਨ ਕੀ ਜੂਠੀ ਜੂਠੁ ਕਮਾਵੈ ॥ ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ ॥੬॥ ਦੁਰਮਤਿ ਖੋਟੀ ਖੋਟੁ ਕਮਾਵੈ ॥ ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥ ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ ॥੭॥ ਆਪੇ ਹੁਕਮੁ ਕਰੇ ਸਭੁ ਵੇਖੈ ॥ ਇਕਨਾ ਬਖਸਿ ਲਏ ਧੁਰਿ ਲੇਖੈ ॥ ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ ॥੮॥ {ਪੰਨਾ 1047}

ਪਦ ਅਰਥ: ਦੁਰਮਤਿ = ਖੋਟੀ ਮਤਿ ਵਾਲੀ ਜੀਵ-ਇਸਤ੍ਰੀ। ਬੁਰੀ = ਭੈੜੀ। ਬੁਰਿਆਰਿ = ਭੈੜ ਦਾ ਟਿਕਾਣਾ। ਅਉਗਣਿਆਰੀ = ਔਗੁਣਾਂ-ਭਰੀ। ਕਚੀ = ਕਮਜ਼ੋਰ, ਸਦਾ ਥਿੜਕਣ ਵਾਲੀ। ਮੁਖਿ = ਮੂੰਹ ਨਾਲ, ਮੂੰਹੋਂ।5।

ਕੰਤ ਨ ਭਾਵੈ = ਕੰਤ ਨੂੰ ਪਸੰਦ ਨਹੀਂ ਆਉਂਦੀ। ਜੂਠੀ = ਗੰਦੀ। ਜੂਠੁ = ਗੰਦ, ਗੰਦਾ ਕੰਮ। ਸਾਉ = ਆਨੰਦ। ਮੂਰਖਿ = {ਇਸਤ੍ਰੀ ਲਿੰਗ} ਮੂਰਖ ਜੀਵ-ਇਸਤ੍ਰੀ। ਬੂਝ = ਆਤਮਕ ਜੀਵਨ ਦੀ ਸੂਝ।6।

ਖੋਟੁ = ਖੋਟਾ ਕੰਮ। ਸੀਗਾਰੁ = ਸਿੰਗਾਰ, ਸਰੀਰਕ ਸਜਾਵਟ। ਪਿਰ ਨ ਭਾਵੈ = ਪਿਰ ਨੂੰ ਨਹੀਂ ਭਾਉਂਦੀ। ਰਾਵੇ = ਮਿਲਿਆ ਰਹਿੰਦਾ ਹੈ। ਸਤਿਗੁਰਿ = ਗੁਰੂ ਨੇ। ਮਿਲਿ = (ਆਪਣੇ ਨਾਲ) ਮਿਲਾ ਕੇ।7।

ਸਭੁ = ਹਰ ਥਾਂ। ਲੇਖੈ ਬਖਸਿ ਲਏ = ਲੇਖੇ ਵਿਚ ਬਖ਼ਸ਼ ਲੈਂਦਾ ਹੈ, ਲੇਖਾ ਨਹੀਂ ਪੁੱਛਦਾ। ਅਨਦਿਨੁ = ਹਰ ਰੋਜ਼। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਸਚੁ = ਸਦਾ-ਥਿਰ ਪ੍ਰਭੂ। ਆਪੇ = ਆਪ ਹੀ।8।

ਅਰਥ: ਹੇ ਭਾਈ! ਖੋਟੀ ਮਤਿ ਵਾਲੀ ਜੀਵ-ਇਸਤ੍ਰੀ ਝੂਠ ਵਿਚ ਭੈੜ ਵਿਚ ਮਸਤ ਰਹਿੰਦੀ ਹੈ, ਉਹ ਭੈੜ ਦਾ ਅੱਡਾ ਬਣੀ ਰਹਿੰਦੀ ਹੈ, ਉਹ ਸਦਾ ਹੀ ਔਗੁਣਾਂ ਨਾਲ ਭਰੀ ਰਹਿੰਦੀ ਹੈ। ਉਸ ਦੀ ਮਤਿ ਸਦਾ (ਵਿਕਾਰਾਂ ਵਿਚ) ਥਿੜਕਦੀ ਹੈ ਉਹ ਮੂੰਹੋਂ ਖਰ੍ਹਵਾ ਬੋਲਦੀ ਹੈ, ਖੋਟੀ ਮਤਿ ਦੇ ਕਾਰਨ ਉਸ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੁੰਦਾ।5।

ਹੇ ਭਾਈ! ਔਗੁਣਾਂ-ਭਰੀ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ, ਮਨ ਦੀ ਗੰਦੀ ਉਹ ਜੀਵ-ਇਸਤ੍ਰੀ ਸਦਾ ਗੰਦਾ ਕੰਮ ਹੀ ਕਰਦੀ ਹੈ, ਉਹ ਮੂਰਖ ਜੀਵ-ਇਸਤ੍ਰੀ ਪਤੀ-ਰੂਪ ਦੇ ਮਿਲਾਪ ਦਾ ਆਨੰਦ ਨਹੀਂ ਜਾਣਦੀ। ਗੁਰੂ ਤੋਂ ਬਿਨਾ ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ।6।

ਹੇ ਭਾਈ! ਖੋਟੀ ਮਤਿ ਵਾਲੀ ਜੀਵ-ਇਸਤ੍ਰੀ ਸਦਾ ਖੋਟ ਨਾਲ ਭਰੀ ਰਹਿੰਦੀ ਹੈ ਸਦਾ ਖੋਟ ਕਮਾਂਦੀ ਹੈ (ਖੋਟਾ ਕੰਮ ਕਰਦੀ ਹੈ) , (ਦੁਰਾਚਾਰਨ ਇਸਤ੍ਰੀ ਵਾਂਗ ਉਹ ਬਾਹਰੋਂ ਧਾਰਮਿਕ) ਸਜਾਵਟ ਕਰਦੀ ਹੈ, ਪਰ ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦੀ। ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਸਦਾ ਮਿਲਿਆ ਰਹਿੰਦਾ ਹੈ, ਉਸ ਨੂੰ ਗੁਰੂ (-ਚਰਨਾਂ) ਵਿਚ ਮਿਲਾ ਕੇ (ਆਪਣੇ ਨਾਲ) ਮਿਲਾਈ ਰੱਖਦਾ ਹੈ।7।

(ਪਰ, ਹੇ ਭਾਈ! ਜੀਵਾਂ ਦੇ ਕੀਹ ਵੱਸ?) ਪਰਮਾਤਮਾ ਹਰ ਥਾਂ ਆਪ ਹੀ ਹੁਕਮ ਕਰ ਕੇ (ਆਪਣੇ ਪ੍ਰੇਰੇ ਹੋਏ ਜੀਵਾਂ ਦਾ ਹਰੇਕ ਕੰਮ) ਵੇਖ ਰਿਹਾ ਹੈ। ਧੁਰੋਂ ਆਪਣੇ ਹੁਕਮ ਵਿਚ ਹੀ ਕਈ ਜੀਵਾਂ ਨੂੰ ਲੇਖੇ ਵਿਚ ਬਖ਼ਸ਼ ਲੈਂਦਾ ਹੈ; ਉਹ ਜੀਵ ਹਰ ਵੇਲੇ ਉਸ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਸਦਾ-ਥਿਰ ਪ੍ਰਭੂ ਮਿਲਿਆ ਰਹਿੰਦਾ ਹੈ। ਪ੍ਰਭੂ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।8।

ਹਉਮੈ ਧਾਤੁ ਮੋਹ ਰਸਿ ਲਾਈ ॥ ਗੁਰਮੁਖਿ ਲਿਵ ਸਾਚੀ ਸਹਜਿ ਸਮਾਈ ॥ ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ ॥੯॥ ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ ॥ ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ ॥ ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੂ ਨ ਜਾਈ ਹੇ ॥੧੦॥ ਕਾਲੁ ਮਾਰਿ ਗੁਰ ਸਬਦਿ ਨਿਵਾਰੇ ॥ ਹਰਿ ਕਾ ਨਾਮੁ ਰਖੈ ਉਰ ਧਾਰੇ ॥ ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ ॥੧੧॥ ਦੂਜੈ ਭਾਇ ਫਿਰੈ ਦੇਵਾਨੀ ॥ ਮਾਇਆ ਮੋਹਿ ਦੁਖ ਮਾਹਿ ਸਮਾਨੀ ॥ ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥੧੨॥ {ਪੰਨਾ 1047}

ਪਦ ਅਰਥ: ਧਾਤੁ = ਮਾਇਆ। ਮੋਹ ਰਸਿ = ਮੋਹ ਦੇ ਰਸ ਵਿਚ। ਸਾਚੀ ਲਿਵ = ਸਦਾ-ਥਿਰ ਰਹਿਣ ਵਾਲੀ ਲਗਨ। ਸਹਜਿ = ਆਤਮਕ ਅਡੋਲਤਾ ਵਿਚ। ਆਪੇ = (ਪ੍ਰਭੂ) ਆਪ ਹੀ। ਕਰਿ = ਕਰ ਕੇ।9।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਇਕਿ ਜਨ = ਕਈ ਮਨੁੱਖ। ਇਕਿ ਅਭਾਗੇ = ਕਈ ਬਦ-ਕਿਸਮਤ ਜੀਵ। ਮੋਹਿ = ਮੋਹ ਵਿਚ। ਕਰਣਾ ਨ ਜਾਈ = ਕੀਤਾ ਨਹੀਂ ਜਾ ਸਕਦਾ।10।

ਕਾਲੁ = ਮੌਤ, ਆਤਮਕ ਮੌਤ। ਸਬਦਿ = ਸ਼ਬਦ ਦੀ ਰਾਹੀਂ। ਨਿਵਾਰੇ = (ਆਪਾ-ਭਾਵ) ਦੂਰ ਕਰਦਾ ਹੈ। ਉਰ = ਹਿਰਦਾ। ਧਾਰੇ ਰਾਖੈ = ਧਾਰਿ ਰਖੈ, ਵਸਾਈ ਰੱਖਦਾ ਹੈ। ਤੇ = ਤੋਂ। ਨਾਮਿ = ਨਾਮ ਵਿਚ। ਕੈ ਨਾਮਿ = ਦੇ ਨਾਮ ਵਿਚ।11।

ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਦੇਵਾਨੀ = ਝੱਲੀ ਹੋਈ ਲੁਕਾਈ। ਮਾਹਿ = ਵਿਚ। ਸਮਾਨੀ = ਗ੍ਰਸੀ ਰਹਿੰਦੀ ਹੈ। ਭੇਖ = ਧਾਰਮਿਕ ਪਹਿਰਾਵੇ।12।

ਅਰਥ: ਹੇ ਭਾਈ! ਮਾਇਆ (ਜੀਵ ਨੂੰ) ਹਉਮੈ ਵਿਚ ਮੋਹ ਦੇ ਰਸ ਵਿਚ ਲਾਈ ਰੱਖਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪ੍ਰਭੂ-ਚਰਨਾਂ ਦੀ ਸਦਾ-ਥਿਰ ਲਗਨ ਆਤਮਕ ਅਡੋਲਤਾ ਵਿਚ ਟਿਕਾਈ ਰੱਖਦੀ ਹੈ। ਪਰ, ਹੇ ਭਾਈ! ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਇਹ ਖੇਲ ਕਰ ਕੇ ਵੇਖ ਰਿਹਾ ਹੈ– ਇਹ ਸਮਝ ਗੁਰੂ ਤੋਂ ਬਿਨਾ ਨਹੀਂ ਪੈਂਦੀ।9।

ਹੇ ਭਾਈ! ਕਈ ਐਸੇ ਮਨੁੱਖ ਹਨ ਜਿਹੜੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, ਕਈ ਐਸੇ ਮੰਦ-ਭਾਗੀ ਹਨ ਜੋ ਸਦਾ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਪਏ ਰਹਿੰਦੇ ਹਨ। (ਪਰ, ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ (ਉਸ ਦੀ ਰਜ਼ਾ ਦੇ ਵਿਰੁੱਧ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ।10।

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਮੌਤ ਨੂੰ ਮਾਰ ਕੇ (ਆਪਣੇ ਅੰਦਰੋਂ ਆਪਾ-ਭਾਵ) ਦੂਰ ਕਰਦਾ ਹੈ, ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਮਨੁੱਖ ਗੁਰੂ ਦੀ ਸਰਨ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦੇ ਨਾਮ ਵਿਚ ਸਦਾ ਟਿਕਿਆ ਰਹਿੰਦਾ ਹੈ।11।

ਹੇ ਭਾਈ! ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਝੱਲੀ ਹੋਈ ਭਟਕਦੀ ਫਿਰਦੀ ਹੈ ਉਹ ਮਾਇਆ ਦੇ ਮੋਹ ਵਿਚ ਅਤੇ ਦੁੱਖਾਂ ਵਿਚ ਗ੍ਰਸੀ ਰਹਿੰਦੀ ਹੈ; ਜੇ ਉਹ ਬਹੁਤੇ ਧਾਰਮਿਕ ਪਹਿਰਾਵੇ ਭੀ ਧਾਰਨ ਕਰੇ, ਉਹ ਸੁਖ ਪ੍ਰਾਪਤ ਨਹੀਂ ਕਰ ਸਕਦੀ, ਗੁਰੂ ਦੀ ਸਰਨ ਪੈਣ ਤੋਂ ਬਿਨਾ ਸੁਖ ਨਹੀਂ ਮਿਲਦਾ।12।

ਕਿਸ ਨੋ ਕਹੀਐ ਜਾ ਆਪਿ ਕਰਾਏ ॥ ਜਿਤੁ ਭਾਵੈ ਤਿਤੁ ਰਾਹਿ ਚਲਾਏ ॥ ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ ॥੧੩॥ ਆਪੇ ਕਰਤਾ ਆਪੇ ਭੁਗਤਾ ॥ ਆਪੇ ਸੰਜਮੁ ਆਪੇ ਜੁਗਤਾ ॥ ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਦਾ ਹੁਕਮੁ ਨ ਮੇਟਿਆ ਜਾਈ ਹੇ ॥੧੪॥ ਸੇ ਵਡਭਾਗੀ ਜਿਨੀ ਏਕੋ ਜਾਤਾ ॥ ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥ ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥੧੫॥ ਗੁਰਮੁਖਿ ਹਰਿ ਜੀਉ ਏਕੋ ਜਾਤਾ ॥ ਅੰਤਰਿ ਨਾਮੁ ਸਬਦਿ ਪਛਾਤਾ ॥ ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥ {ਪੰਨਾ 1047-1048}

ਪਦ ਅਰਥ: ਕਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ}। ਜਾ = ਜਦੋਂ। ਜਿਤੁ = ਜਿਸ ਉੱਤੇ। ਜਿਤੁ ਰਾਹਿ = ਜਿਸ ਰਾਹ ਉੱਤੇ। ਤਿਤੁ ਰਾਹਿ = ਉਸ ਰਾਹ ਉਤੇ। ਭਾਵੈ = ਉਸ ਨੂੰ ਚੰਗਾ ਲੱਗਦਾ ਹੈ।13।

ਕਰਤਾ = ਪੈਦਾ ਕਰਨ ਵਾਲਾ। ਭੁਗਤਾ = (ਜੀਵਾਂ ਵਿਚ ਬੈਠ ਕੇ) ਭੋਗਣ ਵਾਲਾ। ਸੰਜਮੁ = ਪਰਹੇਜ਼, ਸੰਕੋਚ। ਜੁਗਤਾ = (ਸਭ ਪਦਾਰਥਾਂ ਵਿਚ) ਮਿਲਿਆ ਹੋਇਆ। ਮਧੁ ਸੂਦਨੁ = {ਮਧੁ ਦੈਂਤ ਨੂੰ ਮਾਰਨ ਵਾਲਾ, ਦੈਂਤਾਂ ਦਾ ਨਾਸ ਕਰਨ ਵਾਲਾ} ਦੁਸ਼ਟ-ਦਮਨ ਪਰਮਾਤਮਾ। ਜਿਸ ਦਾ = {ਸੰਬੰਧਕ 'ਦਾ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}।14।

ਸੇ = ਉਹ {ਬਹੁ-ਵਚਨ}। ਜਿਨੀ = ਜਿਨ੍ਹਾਂ ਨੇ। ਏਕੋ ਜਾਤਾ = ਇਕ ਪਰਮਾਤਮਾ ਨੂੰ ਹੀ (ਵਿਆਪਕ) ਜਾਣਿਆ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਇਕਥੈ = ਕਿਸੇ ਥਾਂ ਵਿਚ। ਗੁਪਤੁ = ਲੁਕਿਆ ਹੋਇਆ। ਆਪੇ = ਪ੍ਰਭੂ ਆਪ ਹੀ। ਗੁਰਮੁਖਿ = ਗੁਰੂ ਦੀ ਸਰਨ ਪਿਆਂ।15।

ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਦੇਹਿ = ਦੇਂਦਾ ਹੈਂ। ਨਾਮਿ = ਨਾਮ ਵਿਚ। ਵਡਾਈ = ਇੱਜ਼ਤ। 16।

ਅਰਥ: ਹੇ ਭਾਈ! ਜਦੋਂ (ਪਰਮਾਤਮਾ) ਆਪ (ਹੀ ਜੀਵਾਂ ਪਾਸੋਂ ਸਭ ਕੁਝ) ਕਰਾ ਰਿਹਾ ਹੈ, ਤਾਂ ਉਸ ਤੋਂ ਬਿਨਾ ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ। ਜਿਸ ਰਾਹ ਉਤੇ ਤੋਰਨਾ ਉਸ ਨੂੰ ਚੰਗਾ ਲੱਗਦਾ ਹੈ ਉਸ ਰਾਹ ਉੱਤੇ ਹੀ (ਜੀਵਾਂ ਨੂੰ) ਤੋਰਦਾ ਹੈ।13।

ਹੇ ਭਾਈ! ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਵਿਚ ਬੈਠ ਕੇ ਪਦਾਰਥਾਂ ਨੂੰ) ਭੋਗਣ ਵਾਲਾ ਹੈ। ਪ੍ਰਭੂ ਆਪ ਹੀ (ਪਦਾਰਥਾਂ ਦੇ ਭੋਗਣ ਵੱਲੋਂ) ਪਰਹੇਜ਼ (ਕਰਨ ਵਾਲਾ ਹੈ) , ਆਪ ਹੀ ਸਭ ਜੀਵਾਂ ਤੇ ਪਦਾਰਥਾਂ ਵਿਚ ਵਿਆਪਕ ਹੈ। ਉਹ ਆਪ ਹੀ ਪਵਿੱਤਰ ਹੈ, ਆਪ ਹੀ ਦਇਆ ਕਰਨ ਵਾਲਾ ਹੈ, ਆਪ ਹੀ ਵਿਕਾਰੀਆਂ ਦਾ ਨਾਸ ਕਰਨ ਵਾਲਾ ਹੈ, (ਉਹ ਐਸਾ ਹੈ) ਜਿਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ।14।

ਹੇ ਭਾਈ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਸ ਇੱਕ ਪਰਮਾਤਮਾ ਨੂੰ (ਹਰ ਥਾਂ) ਜਾਣਿਆ ਹੈ (ਜਿਨ੍ਹਾਂ ਇਹ ਸਮਝਿਆ ਹੈ ਕਿ) ਜਗਤ ਦਾ ਸਹਾਰਾ ਦਾਤਾਰ ਹਰੇਕ ਸਰੀਰ ਵਿਚ ਵੱਸ ਰਿਹਾ ਹੈ। ਕਿਸੇ ਥਾਂ ਉਹ ਲੁਕਿਆ ਹੋਇਆ (ਵੱਸਦਾ) ਹੈ, ਕਿਸੇ ਥਾਂ ਪਰਤੱਖ ਦਿੱਸ ਰਿਹਾ ਹੈ– ਗੁਰੂ ਦੀ ਰਾਹੀਂ (ਇਹ ਨਿਸਚਾ ਕਰ ਕੇ ਮਨੁੱਖ ਦਾ) ਭਰਮ ਤੇ ਡਰ ਦੂਰ ਹੋ ਜਾਂਦਾ ਹੈ (ਫਿਰ ਨਾਹ ਕੋਈ ਵੈਰੀ ਦਿੱਸਦਾ ਹੈ ਤੇ ਨਾ ਹੀ ਕਿਸੇ ਤੋਂ ਡਰ ਆਉਂਦਾ ਹੈ) ।15।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ ਉਸ ਦੇ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨੂੰ (ਹਰ ਥਾਂ) ਪਛਾਣਦਾ ਹੈ।

ਹੇ ਨਾਨਕ! (ਆਖ– ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਦੇਂਦਾ ਹੈਂ, ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ। ਨਾਮ ਦੀ ਰਾਹੀਂ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਪ੍ਰਾਪਤ ਹੁੰਦੀ ਹੈ। 16।4।

TOP OF PAGE

Sri Guru Granth Darpan, by Professor Sahib Singh