ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1048

ਮਾਰੂ ਮਹਲਾ ੩ ॥ ਸਚੁ ਸਾਲਾਹੀ ਗਹਿਰ ਗੰਭੀਰੈ ॥ ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥ ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥੧॥ ਸਚਾ ਸਾਹਿਬੁ ਸਚੀ ਨਾਈ ॥ ਗੁਰ ਪਰਸਾਦੀ ਮੰਨਿ ਵਸਾਈ ॥ ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥੨॥ ਕਿਸੁ ਸੇਵੀ ਤੈ ਕਿਸੁ ਸਾਲਾਹੀ ॥ ਸਤਿਗੁਰੁ ਸੇਵੀ ਸਬਦਿ ਸਾਲਾਹੀ ॥ ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥ ਦੇਹੀ ਕਾਚੀ ਕਾਗਦ ਮਿਕਦਾਰਾ ॥ ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥ ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥ {ਪੰਨਾ 1048}

ਪਦ ਅਰਥ: ਸਚੁ = ਸਦਾ ਕਾਇਮ ਰਹਿਣ ਵਾਲਾ। ਸਾਲਾਹੀ = ਸਾਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਹਾਂ। ਗਹਿਰ = ਗਹਿਰਾ, ਡੂੰਘਾ, ਅਥਾਹ। ਗੰਭੀਰ = ਵੱਡੇ ਜਿਗਰੇ ਵਾਲਾ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਕੈ ਚੀਰੈ = ਦੇ ਪੱਲੇ ਵਿਚ, ਦੇ ਹੁਕਮ ਵਿਚ। ਸਭਿ = ਸਾਰੇ। ਸਭਿ ਘਟ ਭੋਗਵੈ = ਸਾਰੇ ਸਰੀਰਾਂ ਨੂੰ ਭੋਗ ਰਿਹਾ ਹੈ, ਸਾਰੇ ਸਰੀਰਾਂ ਵਿਚ ਮੌਜੂਦ ਹੈ। ਆਪੇ = ਆਪ ਹੀ। ਸੂਖ ਨਿਵਾਸੀ = ਸੁਖਾਂ ਦਾ ਨਿਵਾਸ-ਅਸਥਾਨ, ਸੁਖਾਂ ਦਾ ਸੋਮਾ।1।

ਸਾਹਿਬੁ = ਮਾਲਕ। ਸਚੀ = ਸਦਾ ਕਾਇਮ ਰਹਿਣ ਵਾਲੀ। ਨਾਈ = {Ônw} ਵਡਿਆਈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਇਆ ਜਾ ਸਕਦਾ ਹੈ। ਘਟ ਅੰਤਰਿ = ਹਿਰਦੇ ਵਿਚ। ਜਮ ਕੀ ਫਾਸੀ = ਮੌਤ ਦੀ ਫਾਹੀ, ਜਨਮ-ਮਰਨ ਦਾ ਗੇੜ।2।

ਸੇਵੀ = ਸੇਵੀਂ, ਮੈਂ ਸੇਵਾਂ, ਮੈਂ ਸਰਨ ਪਵਾਂ। ਤੈ = ਅਤੇ। ਸਾਲਾਹੀ = ਸਾਲਾਹੀਂ, ਮੈਂ ਸਾਲਾਹਾਂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ। ਕਮਲੁ = ਹਿਰਦਾ-ਕੌਲ ਫੁੱਲ। ਪ੍ਰਗਾਸੀ = ਖਿੜਿਆ ਰਹਿੰਦਾ ਹੈ।3।

ਦੇਹੀ = ਸਰੀਰ। ਕਾਚੀ = ਨਾਸਵੰਤ। ਕਾਗਦ ਮਿਕਦਾਰਾ = ਕਾਗ਼ਜ਼ ਵਾਂਗ। ਬਾਰਾ = ਚਿਰ। ਕੰਚਨ = ਸੋਨਾ, ਸੋਨੇ ਵਾਂਗ ਸੋਹਣਾ ਅਰੋਗ। ਕਾਇਆ = ਸਰੀਰ। ਗੁਰਮੁਖਿ = ਗੁਰੂ ਦੀ ਰਾਹੀਂ।4।

ਅਰਥ: ਹੇ ਭਾਈ! ਮੈਂ ਤਾਂ ਉਸ ਅਥਾਹ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ਜੋ ਸਦਾ ਕਾਇਮ ਰਹਿਣ ਵਾਲਾ ਹੈ, ਸਾਰਾ ਜਗਤ ਜਿਸ ਦੇ ਹੁਕਮ ਵਿਚ ਤੁਰ ਰਿਹਾ ਹੈ, ਜੋ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਜੋ ਆਪ ਹੀ ਸਾਰੇ ਸੁਖਾਂ ਦਾ ਸੋਮਾ ਹੈ।1।

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਦੀ ਕਿਰਪਾ ਨਾਲ ਉਸ ਨੂੰ ਮਨ ਵਿਚ ਵਸਾਇਆ ਜਾ ਸਕਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪੇ ਹੀ (ਮਿਹਰ ਕਰ ਕੇ) ਆ ਵੱਸਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।2।

(ਹੇ ਭਾਈ! ਜੇ ਤੂੰ ਪੁੱਛੇਂ ਕਿ) ਮੈਂ ਕਿਸ ਦੀ ਸੇਵਾ ਕਰਦਾ ਹਾਂ ਅਤੇ ਕਿਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ (ਤਾਂ ਇਸ ਦਾ ਉੱਤਰ ਇਹ ਹੈ ਕਿ) ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ ਅਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਹਾਂ। ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਦੀ ਬੁੱਧੀ ਸਦਾ ਸ੍ਰੇਸ਼ਟ ਰਹਿੰਦੀ ਹੈ ਅਤੇ ਮਨੁੱਖ ਦੇ ਅੰਦਰ ਉਸ ਦਾ ਹਿਰਦਾ-ਕੌਲ ਫੁੱਲ ਖਿੜਿਆ ਰਹਿੰਦਾ ਹੈ।3।

ਹੇ ਭਾਈ! ਮਨੁੱਖ ਦਾ ਇਹ ਸਰੀਰ ਕਾਗ਼ਜ਼ ਵਾਂਗ ਨਾਸਵੰਤ ਹੈ, (ਜਿਵੇਂ ਕਾਗ਼ਜ਼ ਉਤੇ ਪਾਣੀ ਦੀ ਇਕ) ਬੂੰਦ ਪੈ ਜਾਏ ਤਾਂ (ਕਾਗ਼ਜ਼) ਗਲ ਜਾਂਦਾ ਹੈ (ਇਸੇ ਤਰ੍ਹਾਂ ਇਸ ਸਰੀਰ ਦਾ) ਨਾਸ ਹੁੰਦਿਆਂ ਭੀ ਚਿਰ ਨਹੀਂ ਲੱਗਦਾ। ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦਾ ਇਹ ਸਰੀਰ (ਵਿਕਾਰਾਂ ਤੋਂ ਬਚਿਆ ਰਹਿ ਕੇ) ਸੁੱਧ ਸੋਨਾ ਬਣਿਆ ਰਹਿੰਦਾ ਹੈ।4।

ਸਚਾ ਚਉਕਾ ਸੁਰਤਿ ਕੀ ਕਾਰਾ ॥ ਹਰਿ ਨਾਮੁ ਭੋਜਨੁ ਸਚੁ ਆਧਾਰਾ ॥ ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥ ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ॥ ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥ ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥ ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥ ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥ ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥ ਆਪਿ ਭੂਲਾ ਜਾ ਖਸਮਿ ਭੁਲਾਇਆ ॥ ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥ {ਪੰਨਾ 1048}

ਪਦ ਅਰਥ: ਸਚਾ = ਸਦਾ (ਪਵਿੱਤਰ) ਰਹਿਣ ਵਾਲਾ। ਕਾਰਾ = ਕਾਰਾਂ, ਲਕੀਰਾਂ। ਭੋਜਨੁ = ਖ਼ੁਰਾਕ। ਸਚੁ = ਸਦਾ-ਥਿਰ ਪ੍ਰਭੂ। ਆਧਾਰਾ = ਆਸਰਾ, ਸਹਾਰਾ। ਤ੍ਰਿਪਤਿ = ਰੱਜ, ਸੰਤੋਖ। ਪਾਵਨੁ = ਪਵਿੱਤਰ। ਜਿਤੁ = ਜਿਸ ਵਿਚ। ਘਟਿ = ਹਿਰਦੇ ਵਿਚ। ਜਿਤੁ ਘਟਿ = ਜਿਸ ਹਿਰਦੇ ਵਿਚ।5।

ਹਉ = ਮੈਂ। ਤਿਨ = ਉਹਨਾਂ ਤੋਂ। ਸਾਚੈ = ਸਦਾ-ਥਿਰ ਪ੍ਰਭੂ ਵਿਚ। ਗਾਵਹਿ = {ਬਹੁ-ਵਚਨ} ਗਾਂਦੇ ਹਨ। ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗੇ = ਜਾਗਿ, (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿ ਕੇ। ਅੰਤਰਿ = ਅੰਦਰ। ਰਸਨਾ = ਜੀਭ। ਰਸਿ = ਰਸ ਵਿਚ। ਰਾਸੀ = ਰਸੀ ਹੋਈ, ਭਿੱਜੀ ਹੋਈ।6।

ਚੇਤਾ = ਚੇਤਾਂ, ਮੈਂ ਚੇਤੇ ਕਰਦਾ ਹਾਂ। ਪੂਜਾ = ਪੂਜਾਂ, ਮੈਂ ਪੂਜਦਾ ਹਾਂ। ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਪੂਰੇ ਗੁਰਿ = ਪੂਰੇ ਗੁਰੂ ਨੇ। ਸਭੁ = ਹਰ ਥਾਂ। ਸਚੈ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ।7।

ਭ੍ਰਮਿ ਭ੍ਰਮਿ = ਭਟਕ ਭਟਕ ਕੇ। ਫਿਰਿ ਫਿਰਿ = ਮੁੜ ਮੁੜ। ਖਸਮਿ = ਖਸਮ ਨੇ। ਭੂਲਾ = ਕੁਰਾਹੇ ਪੈ ਗਿਆ। ਭੁਲਾਇਆ = ਕੁਰਾਹੇ ਪਾ ਦਿੱਤਾ। ਜਾ = ਜਾਂ, ਜਦੋਂ। ਤਾ = ਤਾਂ, ਤਦੋਂ। ਗੁਰਮੁਖਿ = ਗੁਰੂ ਦੀ ਰਾਹੀਂ। ਚੀਨੈ = ਪਰਖਦਾ ਹੈ।8।

ਅਰਥ: ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ, ਉਹ ਹਿਰਦਾ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ, ਉਹ ਹਿਰਦਾ ਸਦਾ ਪਵਿੱਤਰ ਹੈ, ਉਹ ਹਿਰਦਾ ਹੀ ਸਦਾ (ਸੁੱਚਾ) ਰਹਿਣ ਵਾਲਾ ਚੌਂਕਾ ਹੈ, ਪ੍ਰਭੂ-ਚਰਨਾਂ ਵਿਚ ਬਣੀ ਹੋਈ ਲਗਨ ਉਸ ਚੌਂਕੇ ਦੀਆਂ ਲਕੀਰਾਂ ਹਨ (ਜੋ ਵਿਕਾਰਾਂ ਨੂੰ, ਬਾਹਰੋਂ ਆ ਕੇ ਚੌਂਕਾ ਭਿੱਟਣ ਤੋਂ ਰੋਕਦੀਆਂ ਹਨ) । ਅਜਿਹੇ ਹਿਰਦੇ ਦੀ ਖ਼ੁਰਾਕ ਪਰਮਾਤਮਾ ਦਾ ਨਾਮ ਹੈ, ਸਦਾ-ਥਿਰ ਪਰਮਾਤਮਾ ਹੀ ਉਸ ਹਿਰਦੇ ਦੀ ਖ਼ੁਰਾਕ ਪਰਮਾਤਮਾ ਹੈ।5।

ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ, ਜਿਹੜੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਉਹਨਾਂ ਦੇ ਅੰਦਰ ਸਦਾ ਟਿਕਿਆ ਰਹਿਣ ਵਾਲਾ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜੀਭ ਪ੍ਰਭੂ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ।6।

ਹੇ ਭਾਈ! ਮੈਂ ਤਾਂ ਪਰਮਾਤਮਾ ਦਾ ਨਾਮ (ਹੀ) ਸਦਾ ਯਾਦ ਕਰਦਾ ਹਾਂ, ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ। ਮੈਂ ਇਕ ਪਰਾਮਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ; ਕਿਸੇ ਹੋਰ ਦੂਜੇ ਦੀ ਸੇਵਾ ਮੈਂ ਨਹੀਂ ਕਰਦਾ। ਹੇ ਭਾਈ! (ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਸਦਾ ਕਾਇਮ ਰਹਿਣ ਵਾਲਾ ਹਰੀ ਪਰਮਾਤਮਾ ਹਰ ਥਾਂ ਵਿਖਾ ਦਿੱਤਾ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ।7।

ਹੇ ਭਾਈ! ਜੀਵ ਭਟਕ ਭਟਕ ਕੇ ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ, (ਜੀਵ ਦੇ ਕੀਹ ਵੱਸ?) ਜਦੋਂ ਮਾਲਕ-ਪ੍ਰਭੂ ਨੇ ਇਸ ਨੂੰ ਕੁਰਾਹੇ ਪਾ ਦਿੱਤਾ, ਤਾਂ ਇਹ ਜੀਵ ਭੀ ਕੁਰਾਹੇ ਪੈ ਗਿਆ। ਹੇ ਭਾਈ! ਜਦੋਂ ਪਰਮਾਤਮਾ ਇਸ ਨੂੰ ਮਿਲਦਾ ਹੈ (ਇਸ ਉਤੇ ਦਇਆ ਕਰਦਾ ਹੈ) ਤਦੋਂ ਗੁਰੂ ਦੀ ਸਰਨ ਪੈ ਕੇ ਇਹ (ਸਹੀ ਜੀਵਨ-ਰਾਹ) ਸਮਝਦਾ ਹੈ, ਤਦੋਂ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ (ਆਪਣੇ ਹਿਰਦੇ ਵਿਚ) ਤੋਲਦਾ ਹੈ।8।

ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥ ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥ ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥ ਨਾ ਕੋਈ ਕਰੇ ਨ ਕਰਣੈ ਜੋਗਾ ॥ ਆਪੇ ਕਰਹਿ ਕਰਾਵਹਿ ਸੁ ਹੋਇਗਾ ॥ ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥ ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥ ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥ ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥ ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥ ਆਪੇ ਬਖਸਿ ਲੈਹਿ ਨਾਮੁ ਦੀਜੈ ॥ ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥੧੨॥ {ਪੰਨਾ 1048}

ਪਦ ਅਰਥ: ਕਾਮਿ = ਕਾਮ (ਦੇ ਚਿੱਕੜ) ਨਾਲ। ਕ੍ਰੋਧਿ = ਕ੍ਰੋਧ (ਦੇ ਚਿੱਕੜ) ਨਾਲ। ਭਰੇ = ਲਿੱਬੜੇ ਹੋਏ। ਅਪਰਾਧੀ = ਭੁੱਲਣਹਾਰ। ਬੋਲਹ = ਅਸੀਂ ਬੋਲੀਏ। ਲੈ = ਲੈ ਕੇ। ਕਿਆ ਮੁਹੁ ਲੈ = ਕਿਹੜਾ ਮੂੰਹ ਲੈ ਕੇ? ਕਿਸ ਮੂੰਹ ਨਾਲ? ਬਾਧੀ = ਕੀਤੀ। ਤੁਮ ਆਪੇ = ਤੂੰ ਆਪ ਹੀ। ਸਾਚੁ = ਸਦਾ-ਥਿਰ।9।

ਕਰਣੈ ਜੋਗਾ = ਕਰ ਸਕਣ ਦੀ ਸਮਰਥਾ ਵਾਲਾ। ਆਪੇ ਕਰਹਿ = ਤੂੰ ਆਪ ਹੀ ਕਰਦਾ ਹੈਂ। ਬਖਸਿ ਲੈਹਿ = ਜਿਸ ਉੱਤੇ ਤੂ ਦਇਆਵਾਨ ਹੁੰਦਾ ਹੈਂ। ਨਾਮਿ = ਨਾਮ ਵਿਚ। ਨਿਵਾਸੀ = ਨਿਵਾਸ ਰੱਖਣ ਵਾਲਾ।10।

ਸਬਦੁ ਅਪਾਰਾ = ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ (ਦਾ ਬੀਜਿ) । ਬੀਜ = {ਕ੍ਰਿਆ}। ਸੇਤੀ = ਨਾਲ। ਸਚੁ ਧਨੁ = ਸਦਾ ਕਾਇਮ ਰਹਿਣ ਵਾਲਾ (ਨਾਮ-) ਧਨ। ਜੰਮਿਆ = ਉੱਗ ਪਿਆ, ਪੈਦਾ ਹੋ ਗਿਆ। ਤੋਟਿ = ਕਮੀ। ਅੰਤਰਿ = ਅੰਦਰ।11।

ਹਰਿ ਜੀਉ = ਹੇ ਪ੍ਰਭੂ! ਨੋ = ਨੂੰ। ਗੁਰਮੁਖਿ = ਗੁਰੂ ਦੇ ਸਨਮੁਖ। ਸੋ = ਉਹ ਮਨੁੱਖ। ਪਤਿ = ਇੱਜ਼ਤ। ਇਕਤੁ = ਇੱਕ ਵਿਚ। ਨਾਮਿ = ਨਾਮ ਵਿਚ। ਇਕਤੁ ਨਾਮਿ = ਸਿਰਫ਼ ਇੱਕ ਨਾਮ ਵਿਚ।12।

ਅਰਥ: ਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਕਾਮ ਕ੍ਰੋਧ (ਦੇ ਚਿੱਕੜ) ਨਾਲ ਲਿੱਬੜੇ ਰਹਿੰਦੇ ਹਾਂ। ਤੇਰੇ ਅੱਗੇ ਅਰਜ਼ ਕਰਦਿਆਂ ਭੀ ਸ਼ਰਮ ਆਉਂਦੀ ਹੈ। ਨਾਹ ਸਾਡੇ ਅੰਦਰ ਕੋਈ ਗੁਣ ਹਨ, ਨਾਹ ਅਸਾਂ ਕੋਈ ਸੇਵਾ-ਭਗਤੀ ਕੀਤੀ ਹੈ। (ਪਰ ਤੂੰ ਸਦਾ ਦਇਆਲ ਹੈਂ, ਮਿਹਰ ਕਰ) ਤੂੰ ਆਪ ਹੀ ਸਾਨੂੰ ਡੁੱਬ ਰਹੇ ਪੱਥਰਾਂ ਨੂੰ (ਵਿਕਾਰਾਂ ਵਿਚ ਡੁੱਬ ਰਹੇ ਪੱਥਰ-ਦਿਲਾਂ ਨੂੰ) ਆਪਣੇ ਨਾਮ ਵਿਚ ਲਾ ਲੈ। ਤੇਰਾ ਨਾਮ ਹੀ ਸਦਾ ਅਟੱਲ ਹੈ ਤੇ ਨਾਸ-ਰਹਿਤ ਹੈ।9।

ਹੇ ਪ੍ਰਭੂ! (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਜੀਵ ਕੁਝ ਨਹੀਂ ਕਰਦਾ, ਕਰਨ ਦੀ ਸਮਰਥਾ ਭੀ ਨਹੀਂ ਰੱਖਦਾ। ਜਗਤ ਵਿਚ ਉਹੀ ਕੁਝ ਹੋ ਸਕਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ ਤੇ (ਜੀਵਾਂ ਪਾਸੋਂ) ਕਰਾਂਦਾ ਹੈਂ। ਜਿਸ ਮਨੁੱਖ ਉਤੇ ਤੂੰ ਆਪ ਹੀ ਦਇਆਵਾਨ ਹੁੰਦਾ ਹੈਂ, ਉਹ ਆਤਮਕ ਆਨੰਦ ਮਾਣਦਾ ਹੈ ਅਤੇ ਸਦਾ ਹੀ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ।10।

ਹੇ ਭਾਈ! (ਆਪਣੇ) ਇਸ ਸਰੀਰ ਨੂੰ ਧਰਤੀ ਬਣਾ, ਇਸ ਵਿਚ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਬੀਜ ਪਾ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਹੀ (ਉਸ ਦੇ ਨਾਮ ਦਾ) ਵਣਜ ਵਪਾਰ ਕਰਿਆ ਕਰ। (ਇਸ ਤਰ੍ਹਾਂ) ਸਦਾ ਕਾਇਮ ਰਹਿਣ ਵਾਲਾ (ਨਾਮ-) ਧਨ ਪੈਦਾ ਹੁੰਦਾ ਹੈ, ਉਸ ਵਿਚ ਕਦੇ ਕਮੀ ਨਹੀਂ ਹੁੰਦੀ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ) ਅੰਦਰ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ।11।

ਹੇ ਪ੍ਰਭੂ ਜੀ! ਗੁਣ-ਹੀਨ ਜੀਵ ਵਿਚ ਗੁਣ ਪੈਦਾ ਕਰ, ਤੂੰ ਆਪ ਹੀ ਮਿਹਰ ਕਰ ਤੇ ਇਸ ਨੂੰ ਆਪਣਾ ਨਾਮ ਬਖ਼ਸ਼। ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ; ਉਹ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।12।

ਅੰਤਰਿ ਹਰਿ ਧਨੁ ਸਮਝ ਨ ਹੋਈ ॥ ਗੁਰ ਪਰਸਾਦੀ ਬੂਝੈ ਕੋਈ ॥ ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੩॥ ਅਨਲ ਵਾਉ ਭਰਮਿ ਭੁਲਾਈ ॥ ਮਾਇਆ ਮੋਹਿ ਸੁਧਿ ਨ ਕਾਈ ॥ ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥ ਮਨਮੁਖ ਹਉਮੈ ਮਾਇਆ ਸੂਤੇ ॥ ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥ ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥੧੫॥ ਆਪੇ ਕਰਤੈ ਕਾਰ ਕਰਾਈ ॥ ਆਪੇ ਗੁਰਮੁਖਿ ਦੇਇ ਬੁਝਾਈ ॥ ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ ॥੧੬॥੫॥ {ਪੰਨਾ 1048-1049}

ਪਦ ਅਰਥ: ਅੰਤਰਿ = ਹਿਰਦੇ ਵਿਚ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੋਈ = ਕੋਈ ਵਿਰਲਾ। ਗੁਰਮੁਖਿ = ਗੁਰੂ ਦੇ ਸਨਮੁਖ। ਪਾਏ = ਲੱਭ ਲੈਂਦਾ ਹੈ। ਸਦ = ਸਦਾ। ਨਾਮਿ = ਨਾਮ ਵਿਚ।13।

ਅਨਲ = ਅੱਗ, ਤ੍ਰਿਸ਼ਨਾ ਦੀ ਅੱਗ। ਵਾਉ = ਹਵਾ, ਝੱਖੜ, ਤ੍ਰਿਸ਼ਨਾ ਦਾ ਝੱਖੜ। ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪੈ ਜਾਂਦਾ ਹੈ। ਮੋਹਿ = ਮੋਹ ਦੇ ਕਾਰਨ। ਸੁਧਿ = ਸੂਝ, ਆਤਮਕ ਜੀਵਨ ਦੀ ਸੂਝ। ਕਾਈ = ਰਤਾ ਭਰ ਭੀ। ਮਨਮੁਖ = ਮਨ ਦੇ ਮੁਰੀਦ ਨੂੰ। ਗੁਰਮਤਿ = ਗੁਰੂ ਦੀ ਮਤਿ ਤੇ ਤੁਰਿਆਂ।14।

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਸੂਤੇ = ਗ਼ਾਫ਼ਿਲ ਹੋਏ ਰਹਿੰਦੇ ਹਨ। ਨ ਸਮਾਲਹਿ = ਸੰਭਾਲਦੇ ਨਹੀਂ। ਵਿਕਾਰਾਂ ਤੋਂ ਨਹੀਂ ਬਚਾਂਦੇ। ਘਰੁ = ਹਿਰਦਾ-ਘਰ। ਅੰਤਿ = ਆਖ਼ਿਰ। ਵਿਗੂਤੇ = ਖ਼ੁਆਰ ਹੁੰਦੇ ਹਨ। ਪਰ = ਪਰਾਈ। ਕਰਹਿ = ਕਰਦੇ ਹਨ {ਬਹੁ-ਵਚਨ}। ਜਾਲੈ = ਸਾੜਦੀ ਹੈ {ਇਕ-ਵਚਨ}। ਦੁਖੇ = ਦੁੱਖ ਵਿਚ ਹੀ।15।

ਆਪੇ = ਆਪ ਹੀ। ਕਰਤੈ = ਕਰਤਾਰ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਰੱਖ ਕੇ। ਦੇਇ = ਦੇਂਦਾ ਹੈ। ਬੁਝਾਈ = ਸਮਝ। ਨਾਨਕ = ਹੇ ਨਾਨਕ! ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਨਾਮੇ ਨਾਮਿ = ਨਾਮ ਹੀ ਨਾਮ ਵਿਚ, ਸਦਾ ਨਾਮ ਵਿਚ ਹੀ। 16।

ਅਰਥ: ਹੇ ਭਾਈ! ਹਰੇਕ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ, ਪਰ ਮਨੁੱਖ ਨੂੰ ਇਹ ਸਮਝ ਨਹੀਂ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰ ਇਹ) ਧਨ ਲੱਭ ਲੈਂਦਾ ਹੈ, ਫਿਰ ਉਹ ਸਦਾ ਹੀ ਨਾਮ ਵਿਚ ਟਿਕਿਆ ਰਹਿੰਦਾ ਹੈ।13।

ਹੇ ਭਾਈ! (ਜਗਤ ਵਿਚ ਤ੍ਰਿਸ਼ਨਾ ਦੀ) ਅੱਗ (ਬਲ ਰਹੀ ਹੈ) , (ਤ੍ਰਿਸ਼ਨਾ ਦਾ) ਝੱਖੜ (ਝੁੱਲ ਰਿਹਾ ਹੈ) , ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। ਮਾਇਆ ਦੇ ਮੋਹ ਦੇ ਕਾਰਨ ਮਨੁੱਖ ਨੂੰ ਰਤਾ ਭਰ ਭੀ (ਇਸ ਗ਼ਲਤੀ ਦੀ) ਸੂਝ ਨਹੀਂ ਹੁੰਦੀ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖ ਨੂੰ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੁੱਝਦਾ। ਜਿਹੜਾ ਮਨੁੱਖ ਗੁਰੂ ਦੀ ਮਤਿ ਲੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ।14।

ਹੇ ਭਾਈ! ਮਨ ਦੇ ਮੁਰੀਦ ਮਨੁੱਖ ਹਉਮੈ ਵਿਚ ਮਾਇਆ (ਦੇ ਮੋਹ) ਵਿਚ (ਸਹੀ ਜੀਵਨ ਵਲੋਂ) ਗ਼ਾਫ਼ਿਲ ਹੋਏ ਰਹਿੰਦੇ ਹਨ, (ਵਿਕਾਰਾਂ ਵੱਲੋਂ) ਹੋ ਰਹੇ ਹੱਲਿਆਂ ਤੋਂ ਉਹ ਆਪਣਾ ਹਿਰਦਾ-ਘਰ ਨਹੀਂ ਬਚਾਂਦੇ, ਆਖ਼ਿਰ ਖ਼ੁਆਰ ਹੁੰਦੇ ਹਨ। (ਹੇ ਭਾਈ! ਮਨ ਦੇ ਮੁਰੀਦ ਮਨੁੱਖ) ਦੂਜਿਆਂ ਦੀ ਨਿੰਦਾ ਕਰਦੇ ਹਨ (ਆਪਣੇ ਅੰਦਰ ਦੀ) ਚਿੰਤਾ ਉਹਨਾਂ ਨੂੰ ਬਹੁਤ ਸਾੜਦੀ ਰਹਿੰਦੀ ਹੈ, ਉਹ ਸਦਾ ਹੀ ਦੁੱਖਾਂ ਵਿਚ ਪਏ ਰਹਿੰਦੇ ਹਨ।15।

(ਪਰ, ਹੇ ਭਾਈ! ਮਨਮੁਖਾਂ ਦੇ ਭੀ ਕੀਹ ਵੱਸ?) ਕਰਤਾਰ ਨੇ ਆਪ ਹੀ ਉਹਨਾਂ ਪਾਸੋਂ (ਇਹ ਨਿੰਦਾ ਦੀ) ਕਾਰ ਸਦਾ ਕਰਾਈ ਹੈ। ਕਰਤਾਰ ਆਪ ਹੀ ਗੁਰੂ ਦੇ ਸਨਮੁਖ ਕਰ ਕੇ ਮਨੁੱਖ ਨੂੰ (ਸਹੀ ਆਤਮਕ ਜੀਵਨ ਦੀ) ਸਮਝ ਬਖ਼ਸਦਾ ਹੈ। ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਹ ਸਦਾ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ। 16।5।

TOP OF PAGE

Sri Guru Granth Darpan, by Professor Sahib Singh