ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1046

ਪੜਿ ਪੰਡਿਤੁ ਅਵਰਾ ਸਮਝਾਏ ॥ ਘਰ ਜਲਤੇ ਕੀ ਖਬਰਿ ਨ ਪਾਏ ॥ ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥ ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥ ਬਿਨੁ ਸਬਦੈ ਹਉਮੈ ਕਿਨਿ ਮਾਰੀ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥ ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥ ਸਬਦਿ ਮੁਏ ਹਰਿ ਨਾਮਿ ਨਿਵਾਸੀ ॥ ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥ ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥ ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥ ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥ {ਪੰਨਾ 1046}

ਪਦ ਅਰਥ: ਪੜਿ = ਪੜ੍ਹ ਕੇ। ਪੰਡਿਤੁ = {ਇਕ-ਵਚਨ}। ਅਵਰਾ = ਅਵਰਾਂ, ਹੋਰਨਾਂ ਨੂੰ। ਜਲਤੇ ਕੀ = ਸੜ ਰਹੇ ਦੀ। ਨ ਪਾਈਐ = ਨਹੀਂ ਪਾਇਆ ਜਾ ਸਕਦਾ।5।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਲਗਾਇ = ਲਾ ਕੇ। ਭੇਖ ਧਾਰੀ = ਸਾਧੂਆਂ ਵਾਲਾ ਪਹਿਰਾਵਾ ਵਰਤਣ ਵਾਲੇ। ਕਿਨਿ = ਕਿਸ ਨੇ? ਅਨਦਿਨੁ = ਹਰ ਰੋਜ਼, ਹਰ ਵੇਲੇ। ਭਰਮਿ = ਭਟਕਣਾ ਵਿਚ। ਭੇਖਿ = ਧਾਰਮਿਕ ਪਹਿਰਾਵੇ ਵਿਚ।6।

ਉਦਾਸੀ = ਨਿਰਮੋਹ। ਮੁਏ = ਦੁਨੀਆ ਵਲੋਂ ਮਰੇ ਹੋਏ। ਨਾਮਿ = ਨਾਮ ਵਿਚ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਹੋਏ। ਭੈ = ਅਦਬ ਦੀ ਰਾਹੀਂ। ਭਾਇ = ਪ੍ਰੇਮ ਦੀ ਰਾਹੀਂ।7।

ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਕਰਿ = ਕਰ ਕੇ। ਵਿਗੁਤਾ = ਖ਼ੁਆਰ ਹੁੰਦਾ ਹੈ। ਅੰਤਰਿ ਜਿਸੁ = ਜਿਸ ਦੇ ਅੰਦਰ। ਭਉਕੈ = ਭੌਂਕਦਾ ਹੈ, ਹੋਰ ਮਾਇਆ ਮੰਗਦਾ ਹੈ। ਜਮਕਾਲੁ = ਮੌਤ, ਆਤਮਕ ਮੌਤ। ਅੰਤਿ = ਅਖ਼ੀਰ ਵੇਲੇ।8।

ਅਰਥ: ਹੇ ਭਾਈ! ਪੰਡਿਤ (ਧਰਮ ਪੁਸਤਕਾਂ) ਪੜ੍ਹ ਕੇ ਹੋਰਨਾਂ ਨੂੰ ਮੱਤਾਂ ਦੇਂਦਾ ਹੈ, ਪਰ (ਮਾਇਆ ਦੀ ਤ੍ਰਿਸ਼ਨਾ-ਅੱਗ ਨਾਲ ਆਪਣਾ ਹਿਰਦਾ-) ਘਰ ਸੜ ਰਹੇ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ। ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ (ਨਾਮ ਤੋਂ ਬਿਨਾ ਹਿਰਦੇ ਵਿਚ ਠੰਢ ਨਹੀਂ ਪੈ ਸਕਦੀ) । ਪੰਡਿਤ ਲੋਕ (ਹੋਰਨਾਂ ਨੂੰ ਉਪਦੇਸ਼ ਕਰਨ ਲਈ ਧਰਮ ਪੁਸਤਕ) ਪੜ੍ਹ ਪੜ੍ਹ ਕੇ ਥੱਕ ਗਏ, ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਨਾਹ ਹੋਈ।5।

ਹੇ ਭਾਈ! ਕਈ ਐਸੇ ਹਨ ਜੋ ਸਾਧੂਆਂ ਵਾਲਾ ਬਾਣਾ ਪਾ ਕੇ (ਪਿੰਡੇ ਉਤੇ) ਸੁਆਹ ਮਲ ਕੇ ਤੁਰੇ ਫਿਰਦੇ ਹਨ। ਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ ਹਉਮੈ ਨੂੰ ਮੁਕਾ ਨਹੀਂ ਸਕਿਆ। (ਸਾਧ-ਬਾਣੇ ਵਿਚ ਹੁੰਦਿਆਂ ਭੀ) ਉਹ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਰਹਿੰਦੇ ਹਨ, ਉਹ ਭਰਮ ਵਿਚ ਭੇਖ ਦੇ ਭੁਲੇਖੇ ਵਿਚ ਭਟਕਦੇ ਫਿਰਦੇ ਹਨ।6।

ਪਰ, ਹੇ ਭਾਈ! ਕਈ ਐਸੇ ਹਨ ਜੋ ਗ੍ਰਿਹਸਤ ਵਿਚ ਪਰਵਾਰ ਵਿਚ (ਰਹਿੰਦੇ ਹੋਏ ਹੀ) ਸਦਾ ਨਿਰਮੋਹ ਹਨ, ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਾਇਆ ਦੇ ਮੋਹ ਵਲੋਂ ਮਰੇ ਹੋਏ ਹਨ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ। ਉਹ ਹਰ ਵੇਲੇ ਸਦਾ ਹੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ; ਪ੍ਰਭੂ ਦੇ ਅਦਬ ਤੇ ਪਿਆਰ ਦਾ ਸਦਕਾ ਉਹ ਪ੍ਰਭੂ ਦੀ ਭਗਤੀ ਵਿਚ ਚਿੱਤ ਜੋੜੀ ਰੱਖਦੇ ਹਨ।7।

ਹੇ ਭਾਈ! ਮਨ ਦਾ ਮੁਰੀਦ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ ਦੁੱਖੀ ਹੁੰਦਾ ਰਹਿੰਦਾ ਹੈ, ਉਸ ਦੇ ਅੰਦਰ ਲੋਭ ਜ਼ੋਰ ਪਾਈ ਰੱਖਦਾ ਹੈ, ਜਿਵੇਂ ਕੁੱਤਾ (ਨਿੱਤ) ਭੌਂਕਦਾ ਰਹਿੰਦਾ ਹੈ। ਹੇ ਭਾਈ! ਆਤਮਕ ਮੌਤ ਅਜਿਹੇ ਮਨੁੱਖ ਦੀ ਕਦੇ ਖ਼ਲਾਸੀ ਨਹੀਂ ਕਰਦੀ, ਅਖ਼ੀਰ ਮਰਨ ਵੇਲੇ ਭੀ ਉਹ ਇਥੋਂ ਹੱਥ ਮਲਦਾ ਹੀ ਜਾਂਦਾ ਹੈ।8।

ਸਚੈ ਸਬਦਿ ਸਚੀ ਪਤਿ ਹੋਈ ॥ ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥ ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥ ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥ ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥ ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥ ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥ ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥ ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥ ਆਪੇ ਸਿਰਜੇ ਦੇ ਵਡਿਆਈ ॥ ਆਪੇ ਭਾਣੈ ਦੇਇ ਮਿਲਾਈ ॥ ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥ {ਪੰਨਾ 1046}

ਪਦ ਅਰਥ: ਸਬਦਿ = ਸ਼ਬਦ ਵਿਚ (ਲੀਨ ਹੋਇਆਂ) । ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜਿਆਂ। ਸਚੀ = ਸਦਾ-ਥਿਰ ਰਹਿਣ ਵਾਲੀ। ਪਤਿ = ਇੱਜ਼ਤ। ਮੁਕਤਿ = (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ। ਕੋ = ਕਈ ਮਨੁੱਖ। ਪ੍ਰਭਿ = ਪ੍ਰਭੂ ਨੇ। ਬਣਤ = ਮਰਯਾਦਾ।9।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਵੀਚਾਰੀ = ਚਰਚਾ ਕਰਨ ਵਾਲੇ। ਅਹਿ = ਦਿਨ। ਨਿਸਿ = ਰਾਤ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਬੂਝੈ = (ਸਹੀ ਜੀਵਨ-ਰਾਹ) ਸਮਝਦਾ ਹੈ। ਭਾਇ = ਪ੍ਰੇਮ ਦੀ ਰਾਹੀਂ।10।

ਕਰਹਿ = ਕਰਦੇ ਹਨ {ਬਹੁ-ਵਚਨ}। ਬੂਝਹਿ = {ਬਹੁ-ਵਚਨ। 'ਬੂਝੈ' ਇਕ-ਵਚਨ}। ਮਨੂਆ = ਕੋਝਾ ਮਨ। ਮਾਰਿ = ਮਾਰ ਕੇ। ਮਨੈ ਸਿਉ = ਮਨ ਹੀ ਨਾਲ। ਲੂਝਹਿ = ਜੁੱਧ ਕਰਦੇ ਹਨ। ਇਕ ਰੰਗੀ = ਇੱਕ (ਪ੍ਰਭੂ) ਦੇ ਪ੍ਰੇਮ-ਰੰਗ ਵਾਲੇ।11।

ਆਪੇ = ਆਪ ਹੀ। ਸਿਰਜੇ = ਪੈਦਾ ਕਰਦਾ ਹੈ। ਦੇ = ਦੇਂਦਾ ਹੈ। ਭਾਣੈ = ਰਜ਼ਾ ਵਿਚ। ਦੇਇ ਮਿਲਾਈ = ਮਿਲਾਇ ਦੇਇ, ਮਿਲਾ ਦੇਂਦਾ ਹੈ। ਨਦਰਿ = ਮਿਹਰ ਦੀ ਨਿਗਾਹ। ਮਨਿ = ਮਨ ਵਿਚ। ਮੇਰੈ ਪ੍ਰਭਿ = ਮੇਰੇ ਪ੍ਰਭੂ ਨੇ।12।

ਅਰਥ: ਹੇ ਭਾਈ! ਪ੍ਰਭੂ ਨੇ ਅਜਿਹੀ ਮਰਯਾਦਾ ਬਣਾ ਰੱਖੀ ਹੈ ਕਿ ਗੁਰੂ (ਦੀ ਸਰਨ ਪੈਣ) ਤੋਂ ਬਿਨਾ ਕੋਈ ਮਨੁੱਖ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ, ਤੇ, ਨਾਮ (ਜਪਣ) ਤੋਂ ਬਿਨਾ ਕੋਈ ਮਨੁੱਖ (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲ ਜਾਂਦੀ ਹੈ।9।

ਹੇ ਭਾਈ! ਕਈ (ਐਸੇ ਹਨ ਜੋ) ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ (ਅਖਵਾਂਦੇ) ਹਨ, ਕਈ (ਅਜੇ) ਜੋਗ-ਸਾਧਨ ਕਰ ਰਹੇ ਹਨ, ਕਈ ਚਰਚਾ (ਆਦਿਕ) ਕਰਨ ਵਾਲੇ ਹਨ। ਕਈ ਦਿਨ ਰਾਤ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ। ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ। ਪ੍ਰਭੂ ਦੀ ਭਗਤੀ ਤੇ ਪ੍ਰਭੂ-ਪ੍ਰੇਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ।10।

ਹੇ ਭਾਈ! ਅਨੇਕਾਂ ਪ੍ਰਾਣੀ ਤੀਰਥਾਂ ਦੇ ਇਸ਼ਨਾਨ ਕਰਦੇ ਹਨ, ਦਾਨ ਕਰਦੇ ਹਨ (ਪਰ ਇਹਨਾਂ ਕਰਮਾਂ ਨਾਲ ਉਹ ਸਹੀ ਜੀਵਨ-ਰਾਹ) ਨਹੀਂ ਸਮਝ ਸਕਦੇ। ਕਈ ਐਸੇ ਹਨ ਜੋ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਮਾਰ ਕੇ ਸਦਾ ਮਨ ਨਾਲ ਹੀ ਜੰਗ ਕਰਦੇ ਰਹਿੰਦੇ ਹਨ। ਉਹ ਇਕ ਪ੍ਰਭੂ ਦੇ ਪ੍ਰੇਮ-ਰੰਗ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਹੀ ਰੱਤੇ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਉਹਨਾਂ ਦਾ ਮੇਲ ਹੋਇਆ ਰਹਿੰਦਾ ਹੈ।11।

(ਪਰ, ਹੇ ਭਾਈ! ਜੀਵਾਂ ਦੇ ਵੱਸ ਦੀ ਗੱਲ ਨਹੀਂ) । ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਇੱਜ਼ਤ ਦੇਂਦਾ ਹੈ; ਆਪ ਹੀ ਆਪਣੀ ਰਜ਼ਾ ਅਨੁਸਾਰ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਜੀਵ ਦੇ ਮਨ ਵਿਚ ਆ ਵੱਸਦਾ ਹੈ– ਪ੍ਰਭੂ ਨੇ ਇਹੋ ਜਿਹਾ ਹੀ ਹੁਕਮ ਵਰਤਾਇਆ ਹੋਇਆ ਹੈ।12।

ਸਤਿਗੁਰੁ ਸੇਵਹਿ ਸੇ ਜਨ ਸਾਚੇ ॥ ਮਨਮੁਖ ਸੇਵਿ ਨ ਜਾਣਨਿ ਕਾਚੇ ॥ ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥ ਜੁਗਿ ਜੁਗਿ ਸਾਚਾ ਏਕੋ ਦਾਤਾ ॥ ਪੂਰੈ ਭਾਗਿ ਗੁਰ ਸਬਦੁ ਪਛਾਤਾ ॥ ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥ ਹਉਮੈ ਮਾਇਆ ਮੈਲੁ ਕਮਾਇਆ ॥ ਮਰਿ ਮਰਿ ਜੰਮਹਿ ਦੂਜਾ ਭਾਇਆ ॥ ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥ ਜੋ ਤਿਸੁ ਭਾਵੈ ਸੋਈ ਕਰਸੀ ॥ ਆਪਹੁ ਹੋਆ ਨਾ ਕਿਛੁ ਹੋਸੀ ॥ ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥੧੬॥੩॥ {ਪੰਨਾ 1046}

ਪਦ ਅਰਥ: ਸੇਵਹਿ = ਸੇਵਾ ਕਰਦੇ ਹਨ, ਸਰਨ ਪੈਂਦੇ ਹਨ। ਸੇ = ਉਹ {ਬਹੁ-ਵਚਨ}। ਸਾਚੇ = ਟਿਕਵੇਂ ਆਤਮਕ ਜੀਵਨ ਵਾਲੇ। ਮਨਮੁਖ = ਮਨ ਦੇ ਮੁਰੀਦ ਬੰਦੇ। ਸੇਵਿ ਨ ਜਾਣਨਿ = ਸੇਵਾ ਕਰਨੀ ਨਹੀਂ ਜਾਣਦੇ, ਸਰਨ ਪੈਣਾ ਨਹੀਂ ਜਾਣਦੇ। ਕਾਚੇ = ਕਮਜ਼ੋਰ ਆਤਮਕ ਜੀਵਨ ਵਾਲੇ। ਆਪੇ = ਆਪ ਹੀ। ਕਰਿ = ਕਰ ਕੇ। ਜਿਉ ਭਾਵੈ = ਜਿਵੇਂ ਉਸ ਨੂੰ ਚੰਗਾ ਲੱਗਦਾ ਹੈ।13।

ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ। ਪੂਰੈ ਭਾਗਿ = ਵੱਡੀ ਕਿਸਮਤ ਨਾਲ। ਗੁਰ ਸਬਦੁ = ਗੁਰੂ ਦਾ ਸ਼ਬਦ। ਪਛਾਤਾ = ਕਦਰ ਸਮਝਦਾ ਹੈ। ਸਬਦਿ = ਸ਼ਬਦ ਵਿਚ। ਨਦਰੀ = ਮਿਹਰ ਦੀ ਨਿਗਾਹ ਨਾਲ। ਸਹਜਿ = ਆਤਮਕ ਅਡੋਲਤਾ ਵਿਚ।14।

ਮੈਲੁ = ਵਿਕਾਰਾਂ ਦੀ ਮੈਲ। ਕਮਾਇਆ = ਇਕੱਠੀ ਕੀਤੀ। ਮਰਿ = ਮਰ ਕੇ। ਮਰਿ ਮਰਿ = ਮੁੜ ਮੁੜ ਮਰ ਕੇ। ਜੰਮਹਿ = ਜੰਮਦੇ ਹਨ {ਬਹੁ-ਵਚਨ}। ਦੂਜਾ = ਦੂਜਾ ਪਾਸਾ, ਮਾਇਆ ਦਾ ਮੋਹ। ਭਾਇਆ = ਪਿਆਰਾ ਲੱਗਦਾ ਹੈ। ਮੁਕਤਿ = ਖ਼ਲਾਸੀ। ਮਨਿ = ਮਨ ਵਿਚ। ਲਾਈ = ਲਾਇ, ਲਾ ਕੇ। ਮਨਿ ਲਿਵ ਲਾਈ = ਮਨਿ ਲਿਵ ਲਾਇ, ਮਨ ਵਿਚ ਲਿਵ ਲਾ ਕੇ, ਮਨ ਵਿਚ ਡੂੰਘੀ ਵਿਚਾਰ ਕਰ ਕੇ।15।

ਤਿਸੁ = ਉਸ (ਪ੍ਰਭੂ) ਨੂੰ। ਭਾਵੈ = ਚੰਗਾ ਲੱਗਦਾ ਹੈ। ਕਰਸੀ = ਉਹ ਕਰੇਗਾ। ਆਪਹੁ = ਆਪਣੇ ਆਪ ਤੋਂ, ਜੀਵ ਦੇ ਆਪਣੇ ਉੱਦਮ ਨਾਲ। ਹੋਸੀ = ਹੋਵੇਗਾ। ਨਾਨਕ = ਹੇ ਨਾਨਕ! ਦਰਿ ਸਾਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਦਰ ਤੇ। 16।

ਅਰਥ: ਹੇ ਭਾਈ! ਜਿਹੜੇ ਮਨੁੱਖ ਗੁਰੂ ਦਾ ਦਰ ਮੱਲਦੇ ਹਨ, ਉਹ ਮਨੁੱਖ ਟਿਕਵੇਂ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਪਰ ਮਨ ਦੇ ਮੁਰੀਦ ਗੁਰੂ ਦਾ ਦਰ ਮੱਲਣਾ ਨਹੀਂ ਜਾਣਦੇ, ਉਹ ਕਮਜ਼ੋਰ ਜੀਵਨ ਵਾਲੇ ਰਹਿ ਜਾਂਦੇ ਹਨ। (ਪਰ, ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ ਇਹ ਕੌਤਕ ਕਰ ਕਰ ਕੇ ਵੇਖ ਰਿਹਾ ਹੈ। ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਤਿਵੇਂ ਹੀ ਜੀਵਾਂ ਨੂੰ ਕਾਰੇ ਲਾ ਰਿਹਾ ਹੈ।13।

ਹੇ ਭਾਈ! ਹਰੇਕ ਜੁਗ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ (ਨਾਮ ਦੀ ਦਾਤਿ) ਦੇਣ ਵਾਲਾ ਹੈ। (ਜਿਸ ਨੂੰ ਇਹ ਦਾਤਿ ਦੇਂਦਾ ਹੈ ਉਹ ਮਨੁੱਖ) ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਸਮਝ ਲੈਂਦਾ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ਉਹ ਉਥੋਂ ਫਿਰ ਵਿੱਛੁੜਦੇ ਨਹੀਂ। ਹੇ ਭਾਈ! ਪ੍ਰਭੂ ਉਹਨਾਂ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਆਤਮਕ ਅਡੋਲਤਾ ਵਿਚ ਮਿਲਾਈ ਰੱਖਦਾ ਹੈ।14।

ਹੇ ਭਾਈ! ਜਿਹੜੇ ਮਨੁੱਖ ਮਾਇਆ ਦੀ ਹਉਮੈ ਦੇ ਕਾਰਨ ਵਿਕਾਰਾਂ ਦੀ ਮੈਲ ਹੀ ਇਕੱਠੀ ਕਰਦੇ ਹਨ, ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਉਹ ਦੂਜਾ ਪਾਸਾ ਹੀ ਪਿਆਰਾ ਲੱਗਦਾ ਹੈ। ਪਰ ਤੁਸੀ ਬੇ-ਸ਼ੱਕ ਆਪਣੇ ਮਨ ਵਿਚ ਡੂੰਘੀ ਵਿਚਾਰ ਕਰ ਕੇ ਵੇਖ ਲਵੋ, ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਮੈਲ ਤੋਂ) ਖ਼ਲਾਸੀ ਨਹੀਂ ਹੋ ਸਕਦੀ।15।

ਹੇ ਭਾਈ! (ਇਹ ਸਾਰੀ ਜਗਤ-ਖੇਡ ਪ੍ਰਭੂ ਦੇ ਹੱਥ ਵਿਚ ਹੈ) ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਉਹ ਕਰੇਗਾ। ਜੀਵ ਦੇ ਆਪਣੇ ਉੱਦਮ ਨਾਲ ਨਾਹ ਹੁਣ ਤਕ ਕੁਝ ਹੋ ਸਕਿਆ ਹੈ ਨਾਹ ਹੀ ਅਗਾਂਹ ਨੂੰ ਕੁਝ ਹੋ ਸਕੇਗਾ। ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ। 16।3।

TOP OF PAGE

Sri Guru Granth Darpan, by Professor Sahib Singh