ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1045

ਆਪੇ ਲਾਇ ਲਏ ਸੋ ਲਾਗੈ ॥ ਗੁਰ ਪਰਸਾਦੀ ਜਮ ਕਾ ਭਉ ਭਾਗੈ ॥ ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥੫॥ ਆਪੇ ਮੇਲੇ ਮੇਲਿ ਮਿਲਾਏ ॥ ਪੁਰਬਿ ਲਿਖਿਆ ਸੋ ਮੇਟਣਾ ਨ ਜਾਏ ॥ ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ ॥੬॥ ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥ ਆਪੇ ਆਇ ਮਿਲਿਆ ਸਭਨਾ ਕਾ ਦਾਤਾ ॥ ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥੭॥ ਕਾਇਆ ਕੁਟੰਬੁ ਮੋਹੁ ਨ ਬੂਝੈ ॥ ਗੁਰਮੁਖਿ ਹੋਵੈ ਤ ਆਖੀ ਸੂਝੈ ॥ ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥ {ਪੰਨਾ 1045}

ਪਦ ਅਰਥ: ਆਪੇ = (ਪ੍ਰਭੂ) ਆਪ ਹੀ। ਸੋ = ਉਹ ਮਨੁੱਖ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਜਮ = ਮੌਤ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੋਈ = ਵਿਰਲਾ।5।

ਮੇਲਿ = (ਗੁਰੂ ਨਾਲ) ਮਿਲਾ ਕੇ। ਪੁਰਬਿ = ਪੂਰਬਲੇ ਜਨਮ ਵਿਚ। ਸੋ = ਉਹ ਲੇਖ। ਅਨਦਿਨੁ = ਹਰ ਰੋਜ਼, ਹਰ ਵੇਲੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸੇਵਾ = ਭਗਤੀ।6।

ਸੇਵਿ = ਸੇਵ ਕੇ, ਸਰਨ ਪੈ ਕੇ। ਜਾਤਾ = ਪਛਾਣ ਲਿਆ, ਸਾਂਝ ਪਾ ਲਈ। ਆਇ = ਆ ਕੇ। ਮਾਰਿ = ਮਾਰ ਕੇ। ਨਿਵਾਰੀ = ਦੂਰ ਕਰ ਲਈ। ਚੀਨਿ = ਪਛਾਣ ਕੇ।7।

ਕਾਇਆ = ਸਰੀਰ। ਕੁਟੰਬੁ = ਪਰਵਾਰ। ਅਖੀ = ਅੱਖਾਂ ਨਾਲ। ਸੂਝੈ = ਸੁੱਝ ਪੈਂਦਾ ਹੈ, ਦਿੱਸ ਪੈਂਦਾ ਹੈ। ਰਵੈ = ਸਿਮਰਦਾ ਹੈ। ਮਿਲਿ = ਮਿਲ ਕੇ।8।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ (ਪ੍ਰਭੂ ਦੀ ਭਗਤੀ ਵਿਚ) ਲੱਗਦਾ ਹੈ। ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) ਮੌਤ ਦਾ ਡਰ ਦੂਰ ਹੋ ਜਾਂਦਾ ਹੈ। ਉਸ ਦੇ ਅੰਦਰ ਸਦਾ ਆਤਮਕ ਆਨੰਦ ਦੇਣ ਵਾਲਾ ਗੁਰ-ਸ਼ਬਦ ਵੱਸਿਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਕੋਈ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ।5।

ਹੇ ਭਾਈ! ਪਰਮਾਤਮਾ ਆਪ ਹੀ (ਪੂਰਬਲੇ ਲਿਖੇ ਅਨੁਸਾਰ ਜੀਵ ਨੂੰ ਗੁਰੂ-ਚਰਨਾਂ ਵਿਚ) ਜੋੜ ਕੇ (ਆਪਣੇ ਨਾਲ) ਮਿਲਾਂਦਾ ਹੈ। ਪੂਰਬਲੇ ਕੀਤੇ ਕਰਮਾਂ ਅਨੁਸਾਰ ਜੋ ਲੇਖ (ਮੱਥੇ ਤੇ) ਲਿਖਿਆ ਜਾਂਦਾ ਹੈ, ਉਹ (ਜੀਵ ਪਾਸੋਂ) ਮਿਟਾਇਆ ਨਹੀਂ ਜਾ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਭਗਤੀ ਹੋ ਸਕਦੀ ਹੈ।6।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਿਆ ਜਾ ਸਕਦਾ ਹੈ, ਸਭਨਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਭੀ (ਗੁਰੂ ਦੀ ਸਰਨ ਪਿਆਂ) ਆਪ ਹੀ ਆ ਮਿਲਦਾ ਹੈ। (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਅੰਦਰੋਂ) ਹਉਮੈ ਮਾਰ ਕੇ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ। ਹੇ ਭਾਈ! ਗੁਰੂ ਦੇ ਸ਼ਬਦ ਨੂੰ ਪਛਾਣਿਆਂ ਹੀ ਸੁਖ ਮਿਲ ਸਕਦਾ ਹੈ।7।

ਹੇ ਭਾਈ! (ਜਿਸ ਮਨੁੱਖ ਨੂੰ) ਸਰੀਰ ਦਾ ਮੋਹ (ਗ੍ਰਸ ਰਿਹਾ ਹੈ) ਪਰਵਾਰ (ਦਾ ਮੋਹ ਗ੍ਰਸ ਰਿਹਾ ਹੈ) (ਉਹ ਮਨੁੱਖ ਆਤਮਕ ਜੀਵਨ ਦੀ ਖੇਡ ਨੂੰ) ਨਹੀਂ ਸਮਝਦਾ। ਜੇ ਮਨੁੱਖ ਗੁਰੂ ਦੀ ਸਰਨ ਪੈ ਜਾਏ, ਤਾਂ ਇਸ ਨੂੰ ਇਹਨਾਂ ਅੱਖਾਂ ਨਾਲ ਸਭ ਕੁਝ ਦਿੱਸ ਪੈਂਦਾ ਹੈ। ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।8।

ਮਨਮੁਖ ਧਾਤੁ ਦੂਜੈ ਹੈ ਲਾਗਾ ॥ ਜਨਮਤ ਕੀ ਨ ਮੂਓ ਆਭਾਗਾ ॥ ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ ॥੯॥ ਕਾਇਆ ਕੁਸੁਧ ਹਉਮੈ ਮਲੁ ਲਾਈ ॥ ਜੇ ਸਉ ਧੋਵਹਿ ਤਾ ਮੈਲੁ ਨ ਜਾਈ ॥ ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥੧੦॥ ਪੰਚ ਦੂਤ ਕਾਇਆ ਸੰਘਾਰਹਿ ॥ ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ ॥ ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ ॥੧੧॥ ਇਕਿ ਪੰਚਾ ਮਾਰਿ ਸਬਦਿ ਹੈ ਲਾਗੇ ॥ ਸਤਿਗੁਰੁ ਆਇ ਮਿਲਿਆ ਵਡਭਾਗੇ ॥ ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥੧੨॥ {ਪੰਨਾ 1045}

ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਧਾਤੁ = ਮਾਇਆ। ਦੂਜੈ = ਮਾਇਆ (ਦੇ ਪਿਆਰ) ਵਿਚ। ਜਨਮਤ = ਜੰਮਦਾ ਹੀ। ਕੀ ਨ = ਕਿਉਂ ਨਾਹ? ਆਭਾਗਾ = ਬਦ-ਨਸੀਬ। ਆਵਤ ਜਾਤ = ਜੰਮਦਿਆਂ ਮਰਦਿਆਂ। ਮੁਕਤਿ = (ਜਨਮ ਮਰਨ ਦੇ ਗੇੜ ਵਿਚੋਂ) ਖ਼ਲਾਸੀ।9।

ਕਾਇਆ = ਸਰੀਰ। ਕੁਸੁਧ = ਅਪਵਿੱਤਰ। ਸਉ = ਸੌ ਵਾਰੀ। ਧੋਵਹਿ = ਧੋਂਦੇ ਰਹਿਣ। ਸਬਦਿ = ਸ਼ਬਦ ਦੀ ਰਾਹੀਂ। ਧੋਪੈ = ਧੋਤੀ ਜਾਏ। ਮੂਲਿ ਨ = ਬਿਲਕੁਲ ਨਹੀਂ।10।

ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਸੰਘਾਰਹਿ = ਨਾਸ ਕਰਦੇ ਰਹਿੰਦੇ ਹਨ। ਮਰਿ = ਮਰ ਕੇ। ਮਰਿ ਮਰਿ = ਮਰ ਮਰ ਕੇ, ਮੁੜ ਮੁੜ ਮਰ ਕੇ। ਜੰਮਹਿ = ਜੰਮਦੇ ਹਨ। ਵੀਚਾਰਹਿ = {ਬਹੁ-ਵਚਨ} ਵਿਚਾਰਦੇ। ਗੁਬਾਰਾ = ਹਨੇਰਾ। ਸੁਧਿ = ਸੂਝ।11।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਾਰਿ = ਮਾਰ ਕੇ। ਸਬਦਿ = ਸ਼ਬਦ ਵਿਚ। ਆਇ = ਆ ਕੇ। ਅੰਤਰਿ = ਹਿਰਦੇ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਰਵਹਿ = ਸਿਮਰਦੇ ਹਨ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਹੋਏ। ਸਹਜਿ = ਆਤਮਕ ਅਡੋਲਤਾ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ। ਸੋਈ = ਉਹੀ ਮਨੁੱਖ।12।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਮਾਇਆ (ਗ੍ਰਸੀ ਰੱਖਦੀ ਹੈ, ਉਹ ਮਨੁੱਖ) ਮਾਇਆ (ਦੇ ਆਹਰ) ਵਿਚ ਰੁੱਝਾ ਰਹਿੰਦਾ ਹੈ। ਪਰ ਉਹ ਬਦ-ਨਸੀਬ ਜੰਮਦਾ ਹੀ ਕਿਉਂ ਨ ਮਰ ਗਿਆ? ਉਹ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਵਿਅਰਥ ਜਨਮ ਗਵਾ ਜਾਂਦਾ ਹੈ। ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ।9।

ਹੇ ਭਾਈ! ਉਹ ਸਰੀਰ ਅਪਵਿੱਤਰ ਹੈ ਜਿਸ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ। ਜੇ (ਅਜੇਹੇ ਸਰੀਰ ਨੂੰ ਤੀਰਥ ਆਦਿਕਾਂ ਉਤੇ ਲੋਕ) ਸੌ ਵਾਰੀ ਭੀ ਧੋਂਦੇ ਰਹਿਣ, ਤਾਂ ਭੀ ਇਹ ਮੈਲ ਦੂਰ ਨਹੀਂ ਹੁੰਦੀ। (ਜੇ ਮਨੁੱਖ ਦਾ ਹਿਰਦਾ) ਗੁਰੂ ਦੇ ਸ਼ਬਦ ਨਾਲ ਧੋਤਾ ਜਾਏ, ਤਾਂ ਸਰੀਰ ਪਵਿੱਤਰ ਹੋ ਜਾਂਦਾ ਹੈ, ਮੁੜ ਸਰੀਰ (ਹਉਮੈ ਦੀ ਮੈਲ ਨਾਲ) ਕਦੇ ਗੰਦਾ ਨਹੀਂ ਹੁੰਦਾ।10।

ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ, ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਸਰੀਰ ਨੂੰ ਗਾਲਦੇ ਰਹਿੰਦੇ ਹਨ; ਤੇ ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ, ਉਹਨਾਂ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਹ ਇਉਂ ਹਨ ਜਿਵੇਂ ਸੁਪਨੇ ਵਿਚ ਹਨ।11।

ਹੇ ਭਾਈ! ਕਈ ਐਸੇ ਵਡਭਾਗੀ ਹਨ, ਜਿਨ੍ਹਾਂ ਨੂੰ ਗੁਰੂ ਆ ਮਿਲਿਆ ਹੈ, ਉਹ ਕਾਮਾਦਿਕ ਪੰਜਾਂ ਨੂੰ ਮਾਰ ਕੇ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ; ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। (ਹੇ ਭਾਈ! ਜਿਹੜਾ ਮਨੁੱਖ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ) ਉਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।12।

ਗੁਰ ਕੀ ਚਾਲ ਗੁਰੂ ਤੇ ਜਾਪੈ ॥ ਪੂਰਾ ਸੇਵਕੁ ਸਬਦਿ ਸਿਞਾਪੈ ॥ ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥੧੩॥ ਹਉਮੈ ਮਾਰੇ ਸਬਦਿ ਨਿਵਾਰੇ ॥ ਹਰਿ ਕਾ ਨਾਮੁ ਰਖੈ ਉਰਿ ਧਾਰੇ ॥ ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ ॥੧੪॥ ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ ॥ ਗੁਰਮੁਖਿ ਬੂਝੈ ਸਚਿ ਸਮਾਇਆ ॥ ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ ॥੧੫॥ ਆਪੇ ਗੁਣਦਾਤਾ ਬੀਚਾਰੀ ॥ ਗੁਰਮੁਖਿ ਦੇਵਹਿ ਪਕੀ ਸਾਰੀ ॥ ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥੧੬॥੨॥ {ਪੰਨਾ 1045}

ਪਦ ਅਰਥ: ਚਾਲ = ਜੀਵਨ-ਚਾਲ, ਜੀਵਨ-ਜੁਗਤਿ। ਤੇ = ਤੋਂ, ਪਾਸੋਂ। ਜਾਪੈ = ਸਿੱਖੀ ਜਾ ਸਕਦੀ ਹੈ। ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜਨ ਨਾਲ ਹੀ। ਸਿਞਾਪੈ = ਸਿੰਞਾਣਿਆ ਜਾਂਦਾ ਹੈ। ਰਵੈ = ਵਸਾਈ ਰੱਖਦਾ ਹੈ। ਘਟ ਅੰਤਰਿ = ਹਿਰਦੇ ਵਿਚ। ਰਸਨਾ = ਜੀਭ ਨਾਲ। ਰਸੁ ਸਚੁ = ਸਦਾ-ਥਿਰ ਰਸ, ਸਦਾ-ਥਿਰ ਪ੍ਰਭੂ ਦਾ ਨਾਮ-ਰਸ। ਚਾਖੈ = ਚੱਖਦਾ ਹੈ {ਇਕ-ਵਚਨ}।13।

ਮਾਰੇ = ਮੁਕਾ ਦੇਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਨਿਵਾਰੇ = ਆਪਾ-ਭਾਵ ਦੂਰ ਕਰਦਾ ਹੈ। ਉਰਿ = ਹਿਰਦੇ ਵਿਚ। ਰਖੈ ਧਾਰੇ = ਧਾਰਿ, ਰਖੈ, ਟਿਕਾਈ ਰੱਖਦਾ ਹੈ। ਹਉ = ਹਉਂ, ਮੈਂ। ਜਾਣਾ = ਜਾਣਾਂ, ਮੈਂ ਜਾਣਦਾ। ਸਹਜੇ = ਅਡੋਲਤਾ ਵਿਚ, ਰਜ਼ਾ ਵਿਚ ਹੀ।14।

ਸਹਜੁ = ਆਤਮਕ ਅਡੋਲਤਾ। ਕਿਨੈ = ਕਿਸੇ ਨੇ ਭੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਚਿ = ਸਦਾ-ਥਿਰ ਪ੍ਰਭੂ ਵਿਚ। ਸੇਵਿ = ਸਿਮਰ ਕੇ। ਸਬਦਿ ਸਚ = ਸੱਚੇ ਦੇ ਸ਼ਬਦ ਵਿਚ, ਸਦਾ-ਥਿਰ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ। ਰਾਤੇ = ਮਸਤ। ਸਬਦੇ = ਸ਼ਬਦ ਦੀ ਰਾਹੀਂ ਹੀ।15।

ਆਪੇ = (ਤੂੰ) ਆਪ ਹੀ। ਬੀਚਾਰੀ = ਬੀਚਾਰਿ, ਵਿਚਾਰ ਕੇ, ਯੋਗ ਸਮਝ ਕੇ। ਗੁਰਮੁਖਿ = ਗੁਰੂ ਦੀ ਰਾਹੀਂ। ਦੇਵਹਿ = ਤੂੰ ਦੇਂਦਾ ਹੈਂ। ਪਕੀ ਸਾਰੀ = ਪੱਕੀਆਂ ਨਰਦਾਂ, ਜੀਵਨ-ਖੇਡ ਵਿਚ ਪੁੱਗੇ ਹੋਏ। ਨਾਮਿ ਸਾਚੈ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਸਮਾਵਹਿ = ਲੀਨ ਰਹਿੰਦੇ ਹਨ। ਤੇ = ਤੋਂ, ਪਾਸੋਂ। ਪਤਿ = ਇੱਜ਼ਤ। 16।

ਅਰਥ: ਹੇ ਭਾਈ! ਗੁਰੂ ਵਾਲੀ ਜੀਵਨ-ਜੁਗਤਿ ਗੁਰੂ ਪਾਸੋਂ ਹੀ ਸਿੱਖੀ ਜਾ ਸਕਦੀ ਹੈ। ਗੁਰੂ ਦੇ ਸ਼ਬਦ ਵਿਚ ਜੁੜਿਆ ਹੋਇਆ ਮਨੁੱਖ ਹੀ ਪੂਰਨ ਸੇਵਕ ਸਿੰਞਾਣਿਆ ਜਾਂਦਾ ਹੈ; ਉਹੀ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਨਾਮ-ਰਸ ਚੱਖਦਾ ਰਹਿੰਦਾ ਹੈ ਅਤੇ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਸਦਾ ਵਸਾਈ ਰੱਖਦਾ ਹੈ।13।

ਹੇ ਭਾਈ! (ਪੂਰਨ ਸੇਵਕ) ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਹਉਮੈ ਮਾਰ ਮੁਕਾਂਦਾ ਹੈ, ਆਪਾ-ਭਾਵ ਦੂਰ ਕਰ ਦੇਂਦਾ ਹੈ, ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। (ਪੂਰਨ ਸੇਵਕ ਇਹੀ ਯਕੀਨ ਰੱਖਦਾ ਹੈ-) ਇਕ ਪਰਮਾਤਮਾ ਤੋਂ ਬਿਨਾ ਮੈਂ ਹੋਰ ਕਿਸੇ ਨੂੰ (ਉਸ ਵਰਗਾ) ਨਹੀਂ ਸਮਝਦਾ, ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹੀ ਠੀਕ ਹੋ ਰਿਹਾ ਹੈ।14।

ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਕਿਸੇ ਮਨੁੱਖ ਨੇ ਆਤਮਕ ਅਡੋਲਤਾ ਪ੍ਰਾਪਤ ਨਹੀਂ ਕੀਤੀ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਇਸ ਨੂੰ ਸਮਝਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਰੱਤੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ ਦੂਰ ਕਰ ਲੈਂਦੇ ਹਨ।15।

ਹੇ ਪ੍ਰਭੂ! ਤੂੰ ਆਪ ਹੀ (ਯੋਗ ਪਾਤ੍ਰ) ਵਿਚਾਰ ਕੇ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਣ ਵਾਲਾ ਹੈਂ; ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ (ਆਪਣੇ ਗੁਣਾਂ ਦੀ ਦਾਤਿ) ਦੇਂਦਾ ਹੈਂ ਉਹ ਇਸ ਜੀਵਨ-ਖੇਡ ਵਿਚ ਪੁੱਗ ਜਾਂਦੇ ਹਨ। ਹੇ ਨਾਨਕ! ਉਹ ਮਨੁੱਖ ਨਾਮ ਵਿਚ ਲੀਨ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਤੋਂ ਹੀ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ। 16।2।

ਮਾਰੂ ਮਹਲਾ ੩ ॥ ਜਗਜੀਵਨੁ ਸਾਚਾ ਏਕੋ ਦਾਤਾ ॥ ਗੁਰ ਸੇਵਾ ਤੇ ਸਬਦਿ ਪਛਾਤਾ ॥ ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥ ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥ ਆਪੇ ਆਇ ਮਿਲਿਆ ਸੁਖਦਾਤਾ ॥ ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥ ਗੁਰਮੁਖਿ ਨਾਮਿ ਮਿਲੈ ਵਡਿਆਈ ॥ ਮਨਮੁਖਿ ਨਿੰਦਕਿ ਪਤਿ ਗਵਾਈ ॥ ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥ ਸਬਦਿ ਮਰੈ ਸੋਈ ਜਨੁ ਪੂਰਾ ॥ ਸਤਿਗੁਰੁ ਆਖਿ ਸੁਣਾਏ ਸੂਰਾ ॥ ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥ {ਪੰਨਾ 1045-1046}

ਪਦ ਅਰਥ: ਜਗ ਜੀਵਨ = ਜਗਤ ਦਾ ਜੀਵਨ, ਜਗਤ ਦਾ ਸਹਾਰਾ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਤੇ = ਤੋਂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣਿਆ ਜਾਂਦਾ ਹੈ, ਸਾਂਝ ਪਾਈ ਜਾ ਸਕਦੀ ਹੈ। ਅਮਰੁ = ਹੁਕਮ। ਪਤਿਸਾਹੀ = ਰਾਜ। ਜੁਗੁ ਜੁਗੁ = ਹਰੇਕ ਜੁਗ ਵਿਚ। ਸਿਰਿ = (ਹਰੇਕ ਜੀਵ ਦੇ) ਸਿਰ ਉੱਤੇ। ਕਾਰ ਬਣਾਈ = ਕਰਨ-ਜੋਗ ਕਾਰ ਮੁਕਰਰ ਕੀਤੀ ਹੋਈ ਹੈ।1।

ਜਿਨਿ = ਜਿਸ (ਮਨੁੱਖ) ਨੇ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਪਛਾਤਾ = ਪੜਤਾਲਿਆ। ਆਪੇ = ਆਪ ਹੀ। ਆਇ = ਆ ਕੇ। ਰਸਨਾ = ਜੀਭ। ਸਬਦਿ = ਸ਼ਬਦ ਵਿਚ। ਰਤੀ = ਰੰਗੀ ਹੋਈ। ਗਾਵੈ = ਗਾਂਦਾ ਹੈ {ਇਕ-ਵਚਨ}। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਪਤਿ = ਇੱਜ਼ਤ।2।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਾਮਿ = ਨਾਮ ਦੀ ਰਾਹੀਂ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਨਿੰਦਕਿ = ਨਿੰਦਕ ਨੇ। ਨਾਮਿ = ਨਾਮ ਵਿਚ। ਪਰਮ ਹੰਸ = ਸਭ ਤੋਂ ਉੱਚੇ ਹੰਸ {ਦੁੱਧ ਤੇ ਪਾਣੀ ਨੂੰ ਚੁੰਝ ਨਾਲ ਨਿਖੇੜ ਸਕਣ ਵਾਲੇ ਹੰਸਾਂ ਵਾਂਗ ਭਲਾਈ ਤੇ ਬੁਰਾਈ ਦੀ ਪਰਖ ਕਰ ਸਕਣ ਵਾਲੇ ਮਨੁੱਖ}। ਬੈਰਾਗੀ = ਮਾਇਆ ਤੋਂ ਉਪਰਾਮ। ਨਿਜ ਘਰਿ = ਆਪਣੇ (ਅਸਲ) ਘਰ ਵਿਚ।3।

ਸਬਦਿ = ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਵਲੋਂ ਜਿਹੜਾ ਮਨੁੱਖ) ਮਰਦਾ ਹੈ। ਆਖਿ = ਆਖ ਕੇ। ਸੂਰਾ = ਸੂਰਮਾ। ਕਾਇਆ = ਸਰੀਰ। ਅੰਮ੍ਰਿਤ ਸਰੁ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਤਾਲਾਬ (ਚਸ਼ਮਾ) । ਸਾਚਾ = ਸਦਾ ਕਾਇਮ ਰਹਿਣ ਵਾਲਾ। ਪੀਵੈ = ਪੀਂਦਾ ਹੈ। ਭਾਇ = ਪਿਆਰ ਨਾਲ। ਸੁਭਾਈ = ਸੁਭਾਇ, ਬੜੇ ਪ੍ਰੇਮ ਨਾਲ।4।

ਅਰਥ: ਹੇ ਭਾਈ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਅਤੇ (ਸਾਰੇ) ਜਗਤ ਦਾ ਸਹਾਰਾ ਹੈ, ਉਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ। ਉਸੇ ਦਾ ਹੀ (ਜਗਤ ਵਿਚ) ਹੁਕਮ ਚੱਲ ਰਿਹਾ ਹੈ, ਉਸੇ ਦਾ ਹੀ (ਜਗਤ ਵਿਚ) ਰਾਜ ਹੈ। ਹਰੇਕ ਜੁਗ ਵਿਚ ਹਰੇਕ ਜੀਵ ਦੇ ਸਿਰ ਉਤੇ ਉਹੀ ਪਰਮਾਤਮਾ ਕਰਨ-ਜੋਗ ਕਾਰ ਮੁਕਰਰ ਕਰਦਾ ਆ ਰਿਹਾ ਹੈ।1।

ਹੇ ਭਾਈ! ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਗਿਆ; ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਉਸ ਮਨੁੱਖ ਨੂੰ ਆ ਮਿਲਦਾ ਹੈ। ਗੁਰੂ ਦੇ ਸ਼ਬਦ ਵਿਚ ਰੱਤੀ ਹੋਈ ਉਸ ਮਨੁੱਖ ਦੀ ਜੀਭ ਸਦਾ ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਇੱਜ਼ਤ ਪ੍ਰਾਪਤ ਕਰਦਾ ਹੈ।2।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਨਾਮਣਾ ਖੱਟਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿੰਦਕ ਮਨੁੱਖ ਨੇ (ਸਭ ਥਾਈਂ ਆਪਣੀ) ਇੱਜ਼ਤ ਗਵਾ ਲਈ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿਣ ਵਾਲੇ ਮਨੁੱਖ ਪਰਮ ਹੰਸ ਹਨ, (ਅਸਲ) ਬੈਰਾਗੀ ਹਨ, ਉਹ ਹਰ ਵੇਲੇ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦੇ ਹਨ।3।

ਹੇ ਭਾਈ! (ਵਿਕਾਰਾਂ ਦਾ ਟਾਕਰਾ ਸਫਲਤਾ ਨਾਲ ਕਰਨ ਵਾਲੇ) ਸੂਰਮੇ ਗੁਰੂ ਨੇ ਆਖ ਕੇ (ਹਰੇਕ ਪ੍ਰਾਣੀ ਨੂੰ) ਸੁਣਾ ਦਿੱਤਾ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ, (ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ, ਵਿਕਾਰਾਂ ਦੇ ਭਾ ਦਾ ਮਰਿਆ ਹੋਇਆ ਹੈ) , ਉਹੀ ਮਨੁੱਖ ਪੂਰਨ ਹੈ। ਹੇ ਭਾਈ! ਉਸ ਮਨੁੱਖ ਦੇ ਸਰੀਰ ਦੇ ਵਿਚ ਹੀ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਚਸ਼ਮਾ ਹੈ (ਜਿਸ ਵਿਚੋਂ) ਉਸ ਦਾ ਮਨ ਬੜੇ ਪ੍ਰੇਮ-ਪਿਆਰ ਨਾਲ (ਨਾਮ-ਜਲ) ਪੀਂਦਾ ਰਹਿੰਦਾ ਹੈ।4।

TOP OF PAGE

Sri Guru Granth Darpan, by Professor Sahib Singh