ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1042 ਮਾਰੂ ਮਹਲਾ ੧ ॥ ਕੁਦਰਤਿ ਕਰਨੈਹਾਰ ਅਪਾਰਾ ॥ ਕੀਤੇ ਕਾ ਨਾਹੀ ਕਿਹੁ ਚਾਰਾ ॥ ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ ॥੧॥ ਹੁਕਮੁ ਚਲਾਇ ਰਹਿਆ ਭਰਪੂਰੇ ॥ ਕਿਸੁ ਨੇੜੈ ਕਿਸੁ ਆਖਾਂ ਦੂਰੇ ॥ ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥੨॥ ਜਿਸ ਕਉ ਮੇਲੇ ਸੁਰਤਿ ਸਮਾਏ ॥ ਗੁਰ ਸਬਦੀ ਹਰਿ ਨਾਮੁ ਧਿਆਏ ॥ ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥੩॥ ਮਨ ਤਨ ਧਨ ਤੇ ਨਾਮੁ ਪਿਆਰਾ ॥ ਅੰਤਿ ਸਖਾਈ ਚਲਣਵਾਰਾ ॥ ਮੋਹ ਪਸਾਰ ਨਹੀ ਸੰਗਿ ਬੇਲੀ ਬਿਨੁ ਹਰਿ ਗੁਰ ਕਿਨਿ ਸੁਖੁ ਪਾਇਆ ॥੪॥ ਜਿਸ ਕਉ ਨਦਰਿ ਕਰੇ ਗੁਰੁ ਪੂਰਾ ॥ ਸਬਦਿ ਮਿਲਾਏ ਗੁਰਮਤਿ ਸੂਰਾ ॥ ਨਾਨਕ ਗੁਰ ਕੇ ਚਰਨ ਸਰੇਵਹੁ ਜਿਨਿ ਭੂਲਾ ਮਾਰਗਿ ਪਾਇਆ ॥੫॥ ਸੰਤ ਜਨਾਂ ਹਰਿ ਧਨੁ ਜਸੁ ਪਿਆਰਾ ॥ ਗੁਰਮਤਿ ਪਾਇਆ ਨਾਮੁ ਤੁਮਾਰਾ ॥ ਜਾਚਿਕੁ ਸੇਵ ਕਰੇ ਦਰਿ ਹਰਿ ਕੈ ਹਰਿ ਦਰਗਹ ਜਸੁ ਗਾਇਆ ॥੬॥ ਸਤਿਗੁਰੁ ਮਿਲੈ ਤ ਮਹਲਿ ਬੁਲਾਏ ॥ ਸਾਚੀ ਦਰਗਹ ਗਤਿ ਪਤਿ ਪਾਏ ॥ ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ ॥੭॥ ਸੇਵਹੁ ਸਤਿਗੁਰ ਸਮੁੰਦੁ ਅਥਾਹਾ ॥ ਪਾਵਹੁ ਨਾਮੁ ਰਤਨੁ ਧਨੁ ਲਾਹਾ ॥ ਬਿਖਿਆ ਮਲੁ ਜਾਇ ਅੰਮ੍ਰਿਤ ਸਰਿ ਨਾਵਹੁ ਗੁਰ ਸਰ ਸੰਤੋਖੁ ਪਾਇਆ ॥੮॥ ਸਤਿਗੁਰ ਸੇਵਹੁ ਸੰਕ ਨ ਕੀਜੈ ॥ ਆਸਾ ਮਾਹਿ ਨਿਰਾਸੁ ਰਹੀਜੈ ॥ ਸੰਸਾ ਦੂਖ ਬਿਨਾਸਨੁ ਸੇਵਹੁ ਫਿਰਿ ਬਾਹੁੜਿ ਰੋਗੁ ਨ ਲਾਇਆ ॥੯॥ ਸਾਚੇ ਭਾਵੈ ਤਿਸੁ ਵਡੀਆਏ ॥ ਕਉਨੁ ਸੁ ਦੂਜਾ ਤਿਸੁ ਸਮਝਾਏ ॥ ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ ॥੧੦॥ ਵਾਚਹਿ ਪੁਸਤਕ ਵੇਦ ਪੁਰਾਨਾਂ ॥ ਇਕ ਬਹਿ ਸੁਨਹਿ ਸੁਨਾਵਹਿ ਕਾਨਾਂ ॥ ਅਜਗਰ ਕਪਟੁ ਕਹਹੁ ਕਿਉ ਖੁਲ੍ਹ੍ਹੈ ਬਿਨੁ ਸਤਿਗੁਰ ਤਤੁ ਨ ਪਾਇਆ ॥੧੧॥ ਕਰਹਿ ਬਿਭੂਤਿ ਲਗਾਵਹਿ ਭਸਮੈ ॥ ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥ ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ ॥੧੨॥ ਤੀਰਥ ਵਰਤ ਨੇਮ ਕਰਹਿ ਉਦਿਆਨਾ ॥ ਜਤੁ ਸਤੁ ਸੰਜਮੁ ਕਥਹਿ ਗਿਆਨਾ ॥ ਰਾਮ ਨਾਮ ਬਿਨੁ ਕਿਉ ਸੁਖੁ ਪਾਈਐ ਬਿਨੁ ਸਤਿਗੁਰ ਭਰਮੁ ਨ ਜਾਇਆ ॥੧੩॥ ਨਿਉਲੀ ਕਰਮ ਭੁਇਅੰਗਮ ਭਾਠੀ ॥ ਰੇਚਕ ਕੁੰਭਕ ਪੂਰਕ ਮਨ ਹਾਠੀ ॥ ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰ ਸਬਦ ਮਹਾ ਰਸੁ ਪਾਇਆ ॥੧੪॥ ਕੁਦਰਤਿ ਦੇਖਿ ਰਹੇ ਮਨੁ ਮਾਨਿਆ ॥ ਗੁਰ ਸਬਦੀ ਸਭੁ ਬ੍ਰਹਮੁ ਪਛਾਨਿਆ ॥ ਨਾਨਕ ਆਤਮ ਰਾਮੁ ਸਬਾਇਆ ਗੁਰ ਸਤਿਗੁਰ ਅਲਖੁ ਲਖਾਇਆ ॥੧੫॥੫॥੨੨॥ {ਪੰਨਾ 1042-1043} ਪਦ ਅਰਥ: ਕਰਨੈਹਾਰ = ਰਚਣ ਵਾਲਾ। ਅਪਾਰਾ = ਬੇਅੰਤ। ਕਿਹੁ = ਕੁਝ ਭੀ। ਚਾਰਾ = ਜ਼ੇਰ, ਉਜ਼ਰ। ਸਿਰਿ ਸਿਰਿ = ਹਰੇਕ ਸਿਰ ਉਤੇ।1। ਭਰਪੂਰ = ਪੂਰਨ ਤੌਰ ਤੇ ਵਿਆਪਕ। ਘਟਿ ਘਟਿ = ਹਰੇਕ ਘਟ ਵਿਚ। ਵਰਤੈ = ਮੌਜੂਦ ਹੈ। ਤਾਕੁ = ਆਪ ਹੀ ਆਪ।2। ਸੁਰਤਿ ਸਮਾਏ = (ਉਸ ਦੀ) ਸੁਰਤਿ (ਪ੍ਰਭੂ ਵਿਚ) ਜੁੜਦੀ ਹੈ। ਅਨੂਪ = ਉਪਮਾ-ਰਹਿਤ, ਜਿਸ ਵਰਗਾ ਹੋਰ ਕੋਈ ਨਹੀਂ। ਭਰਮੁ = ਭਟਕਣਾ।3। ਤੇ = ਤੋਂ, ਨਾਲੋਂ। ਚਲਣਵਾਰਾ = ਨਾਲ ਜਾਣ ਵਾਲਾ। ਮੋਹ ਪਸਾਰ = ਮੋਹ ਦੇ ਖਿਲਾਰੇ। ਬੇਲੀ = ਸਾਥੀ। ਕਿਨਿ = ਕਿਸ ਨੇ? ਕਿਸੇ ਨੇ ਨਹੀਂ।4। ਸੂਰਾ = ਸੂਰਮਾ। ਜਿਨਿ = ਜਿਸ (ਗੁਰੂ) ਨੇ। ਸਰੇਵਹੁ = ਪੂਜੋ। ਮਾਰਗਿ = ਸਹੀ ਰਸਤੇ ਉਤੇ।5। ਜਸੁ = ਸਿਫ਼ਤਿ-ਸਾਲਾਹ। ਜਾਚਿਕੁ = ਮੰਗਤਾ। ਹਰਿ ਕੈ ਦਰਿ = ਹਰੀ ਦੇ ਦਰ ਤੇ।6। ਮਹਲਿ = ਮਹਲ ਵਿਚ, ਆਪਣੀ ਹਜ਼ੂਰੀ ਵਿਚ। ਗਤਿ = ਉੱਚੀ ਆਤਮਕ ਅਵਸਥਾ। ਹਰਿ ਮੰਦਰ ਠਉਰ = ਹਰੀ ਦੇ ਮਹਲ ਦਾ ਟਿਕਾਣਾ। ਜਨਮ ਮਰੈ = ਅਨੇਕਾਂ ਜਨਮਾਂ ਵਿਚ ਪੈਂਦਾ ਹੈ ਤੇ ਮਰਦਾ ਹੈ।7। ਲਾਹਾ = ਲਾਭ। ਬਿਖਿਆ = ਮਾਇਆ। ਅੰਮ੍ਰਿਤਸਰਿ = ਨਾਮ-ਅੰਮ੍ਰਿਤ ਦੇ ਸਰੋਵਰ ਵਿਚ।8। ਨਿਰਾਸੁ = ਦੁਨੀਆ ਦੀਆਂ ਆਸਾਂ ਤੋਂ ਨਿਰਲੇਪ। ਸੰਸਾ = ਸਹਮ। ਬਾਹੁੜਿ = ਮੁੜ, ਫਿਰ।9। ਵਡੀਆਏ = ਆਦਰ ਦੇਂਦਾ ਹੈ।10। ਵਾਚਹਿ = ਪੜ੍ਹਦੇ ਹਨ। ਇਕਿ = ਕਈ, ਅਨੇਕਾਂ। ਬਹਿ = ਬੈਠ ਕੇ। ਕਾਨਾਂ = ਕੰਨਾਂ ਨਾਲ। ਅਜਗਰ = ਬਹੁਤ ਭਾਰਾ। ਕਪਟੁ = ਕਵਾੜ, ਦਰਵਾਜ਼ਾ।11। ਬਿਭੂਤਿ = ਸੁਆਹ। ਭਸਮ = ਸੁਆਹ। ਜੋਗੁ = ਮਿਲਾਪ। ਅਲਖੁ = ਅਦ੍ਰਿਸ਼ਟ।12। ਉਦਿਆਨਾ = ਜੰਗਲਾਂ ਵਿਚ (ਨਿਵਾਸ) । ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ।13। ਨਿਉਲੀ ਕਰਮ = ਆਂਦਰਾਂ ਨੂੰ ਤੇਜ਼ੀ ਨਾਲ ਭਵਾ ਕੇ ਪੇਟ ਸਾਫ਼ ਰੱਖਣ ਦੀ ਕ੍ਰਿਆ। ਭੁਇਅੰਗਮ = ਜੋਗੀਆਂ ਦੀ ਮਿਥੀ ਹੋਈ ਭੁਜੰਗਮਾ ਨਾੜੀ। ਇਹ ਸੁਖਮਨਾ ਨਾੜੀ ਦੀ ਜੜ੍ਹ ਵਿਚ ਰਹਿ ਕੇ ਕਿਵਾੜ ਦਾ ਕੰਮ ਦੇਂਦੀ ਹੈ। ਸਾਢੇ ਤਿੰਨ ਕੁੰਡਲ (ਚੱਕਰ) ਮਾਰ ਕੇ ਸੱਪ ਵਾਂਗ (ਸੁੱਤੀ) ਲੇਟੀ ਹੋਈ ਹੈ। ਇਸੇ ਮਿਥ ਦੇ ਕਾਰਨ ਇਸ ਨੂੰ ਕੁੰਡਲਨੀ ਭੀ ਆਖਦੇ ਹਨ। ਜੋਗਾ ਅਭਿਆਸ ਨਾਲ ਕੁੰਡਲਨੀ ਜਾਗਦੀ ਹੈ ਤੇ ਸੁਖਮਨਾ ਦੇ ਰਸਤੇ ਦਸਮ-ਦੁਆਰ ਨੂੰ ਜਾਂਦੀ ਹੈ। ਜਿਉਂ ਜਿਉਂ ਇਹ ਉਪਰ ਨੂੰ ਚੜ੍ਹਦੀ ਹੈ ਜੋਗੀ ਨੂੰ ਆਨੰਦ ਆਉਂਦਾ ਹੈ। ਭਾਠੀ = (ਜੋਗੀਆਂ ਦੀ ਬੋਲੀ ਵਿਚ) ਦਸਮ ਦੁਆਰ ਜਿਸ ਵਿਚੋਂ ਅੰਮ੍ਰਿਤ ਦੀ ਧਾਰ ਚੋਣਾ ਉਹ ਮੰਨਦੇ ਹਨ। ਰੇਚਕ = ਪ੍ਰਾਣਾਯਾਮ ਦੇ ਅੱਭਿਆਸ ਵੇਲੇ ਪ੍ਰਾਣ (ਸਾਹ) ਬਾਹਰ ਕੱਢਣੇ। ਕੁੰਭਕ = ਪ੍ਰਾਣ (ਸੁਖਮਨਾ ਨਾੜੀ ਵਿਚ) ਟਿਕਾ ਰੱਖਣੇ। ਕੁੰਭਕ = ਪ੍ਰਾਣ ਉਤਾਂਹ ਵਲ ਖਿੱਚਣੇ। ਮਨ ਹਾਠੀ = ਮਨ ਦੇ ਹਠ ਨਾਲ। ਸਉ = ਸਿਉ, ਨਾਲ।14। ਆਤਮ ਰਾਮੁ = ਵਿਆਪਕ ਪ੍ਰਭੂ।15। ਅਰਥ: ਇਸ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਪਰਮਾਤਮਾ ਬੇਅੰਤ ਹੈ (ਉਸ ਦੀਆਂ ਤਾਕਤਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਕੋਈ ਜੀਵ ਉਸ ਦੀ ਤਾਕਤ ਦੇ ਅੱਗੇ ਅੜਨਾ ਚਾਹੇ, ਤਾਂ) ਉਸ ਦੇ ਪੈਦਾ ਕੀਤੇ ਹੋਏ ਜੀਵ ਦੀ ਪੇਸ਼ ਨਹੀਂ ਜਾ ਸਕਦੀ। ਉਹ ਪਰਮਾਤਮਾ ਸਾਰੇ ਜੀਵ ਪੈਦਾ ਕਰ ਕੇ ਆਪ ਹੀ (ਸਭਨਾਂ ਨੂੰ) ਰਿਜ਼ਕ ਦੇਂਦਾ ਹੈ ਤੇ ਆਪ ਹੀ ਹਰੇਕ ਉਤੇ ਆਪਣਾ ਹੁਕਮ ਚਲਾ ਰਿਹਾ ਹੈ (ਹਰੇਕ ਨੂੰ ਆਪਣੇ ਹੁਕਮ ਵਿਚ ਤੋਰ ਰਿਹਾ ਹੈ) ।1। ਪਰਮਾਤਮਾ (ਸਾਰੀ ਸ੍ਰਿਸ਼ਟੀ ਵਿਚ ਆਪਣਾ) ਹੁਕਮ ਵਰਤਾ ਰਿਹਾ ਹੈ, ਤੇ ਸਾਰੀ ਹੀ ਸ੍ਰਿਸ਼ਟੀ ਵਿਚ ਪੂਰਨ ਤੌਰ ਤੇ ਵਿਆਪਕ ਹੈ। ਮੈਂ ਕੀਹ ਦੱਸਾਂ ਕਿ ਕਿਸ ਤੋਂ ਉਹ ਨੇੜੇ ਹੈ ਤੇ ਕਿਸ ਤੋਂ ਦੂਰ? (ਭਾਵ, ਪਰਮਾਤਮਾ ਹਰੇਕ ਜੀਵ ਦੇ ਅੰਦਰ ਭੀ ਵੱਸ ਰਿਹਾ ਹੈ ਤੇ ਨਿਰਲੇਪ ਭੀ ਹੈ) । (ਹੇ ਭਾਈ!) ਹਰੇਕ ਸਰੀਰ ਵਿਚ ਹਰੀ ਨੂੰ ਗੁਪਤ ਭੀ ਤੇ ਪਰਗਟ ਭੀ ਵੱਸਦਾ ਵੇਖੋ। ਉਹ ਸਾਰੀ ਰਚਨਾ ਵਿਚ ਇਕ ਆਪ ਹੀ ਆਪ ਮੌਜੂਦ ਹੈ।2। ਜਿਸ ਜੀਵ ਨੂੰ ਪਰਮਾਤਮਾ ਆਪਣੇ ਨਾਲ ਮਿਲਾਂਦਾ ਹੈ ਉਸ ਦੀ ਸੁਰਤਿ (ਪ੍ਰਭੂ-ਚਰਨਾਂ ਵਿਚ) ਜੁੜਦੀ ਹੈ, ਉਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਉਹ ਨੂੰ ਹਰ ਥਾਂ ਉਹ ਪਰਮਾਤਮਾ ਦਿੱਸਦਾ ਹੈ ਜੋ ਆਨੰਦ-ਸਰੂਪ ਹੈ ਜੋ ਬੇ-ਮਿਸਾਲ ਹੈ ਤੇ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰੂ ਦੀ ਸਰਨ ਪੈਣ ਕਰਕੇ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ।3। ਜਿਸ ਮਨੁੱਖ ਨੂੰ ਆਪਣੇ ਮਨ ਨਾਲੋਂ ਆਪਣੇ ਸਰੀਰ ਨਾਲੋਂ ਆਪਣੇ ਧਨ-ਪਦਾਰਥ ਨਾਲੋਂ ਪਰਮਾਤਮਾ ਦਾ ਨਾਮ ਵਧੀਕ ਪਿਆਰਾ ਲੱਗਦਾ ਹੈ, ਪਰਮਾਤਮਾ ਉਸ ਦਾ ਅਖ਼ੀਰ ਤਕ ਸਾਥੀ ਬਣਦਾ ਹੈ ਉਸ ਦੇ ਨਾਲ ਜਾਂਦਾ ਹੈ। ਜਗਤ ਦੇ ਮੋਹ ਦੇ ਖਿਲਾਰੇ ਕਿਸੇ ਮਨੁੱਖ ਦੇ ਨਾਲ ਸਾਥੀ ਨਹੀਂ ਬਣ ਸਕਦੇ। ਪਰਮਾਤਮਾ ਦੇ ਨਾਮ ਤੋਂ ਬਿਨਾ ਗੁਰੂ ਦੀ ਸਰਨ ਤੋਂ ਬਿਨਾ ਕਦੇ ਕਿਸੇ ਨੇ ਸੁਖ ਪ੍ਰਾਪਤ ਨਹੀਂ ਕੀਤਾ।4। ਜਿਸ ਮਨੁੱਖ ਉਤੇ ਪੂਰਾ ਗੁਰੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੇ ਸ਼ਬਦ ਵਿਚ ਜੋੜਦਾ ਹੈ, ਉਹ ਮਨੁੱਖ ਗੁਰੂ ਦੀ ਮਤਿ ਦੇ ਆਸਰੇ (ਵਿਕਾਰਾਂ ਦਾ ਟਾਕਰਾ ਕਰਨ ਲਈ) ਸੂਰਮਾ ਹੋ ਜਾਂਦਾ ਹੈ। ਹੇ ਨਾਨਕ! ਜਿਸ ਗੁਰੂ ਨੇ ਭੁੱਲੇ ਹੋਏ ਜੀਵ ਨੂੰ ਸਹੀ ਜੀਵਨ-ਰਸਤੇ ਉਤੇ ਪਾਇਆ ਹੈ (ਭਾਵ, ਜੇਹੜਾ ਗੁਰੂ ਭਟਕਦੇ ਜੀਵ ਨੂੰ ਠੀਕ ਰਾਹ ਤੇ ਪਾ ਦੇਂਦਾ ਹੈ) ਉਸ ਗੁਰੂ ਦੇ ਚਰਨ ਪੂਜੋ (ਭਾਵ, ਆਪਾ-ਭਾਵ ਗਵਾ ਕੇ ਉਸ ਗੁਰੂ ਦਾ ਪੱਲਾ ਫੜੋ) ।5। ਹੇ ਪ੍ਰਭੂ! ਤੇਰਾ ਨਾਮ ਗੁਰੂ ਦੀ ਮਤਿ ਤੇ ਤੁਰਿਆਂ ਹੀ ਮਿਲਦਾ ਹੈ, ਜਿਨ੍ਹਾਂ ਸੰਤ ਜਨਾਂ ਨੂੰ ਮਿਲਦਾ ਹੈ ਉਹਨਾਂ ਨੂੰ ਇਹ ਨਾਮ-ਧਨ ਪਿਆਰਾ ਲੱਗਦਾ ਹੈ ਉਹਨਾਂ ਨੂੰ ਤੇਰੀ ਸਿਫ਼ਤਿ-ਸਾਲਾਹ ਪਿਆਰੀ ਲੱਗਦੀ ਹੈ। ਪ੍ਰਭੂ ਦੇ ਦਰ ਦਾ ਮੰਗਤਾ ਪ੍ਰਭੂ ਦੇ ਦਰ ਤੇ ਟਿਕ ਕੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ (ਜੁੜ ਕੇ ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦਾ ਹੈ।6। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ (ਭਾਵ, ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ) । ਉਹ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ। ਪਰ ਮਾਇਆ-ਵੇੜ੍ਹੇ ਬੰਦੇ ਨੂੰ ਪਰਮਾਤਮਾ ਦੇ ਮਹਲ ਦਾ ਟਿਕਾਣਾ ਨਹੀਂ ਲੱਭਦਾ, ਉਹ ਜਨਮਾਂ ਦੇ ਗੇੜ ਵਿਚ ਪੈ ਕੇ ਮਰਦਾ ਤੇ ਦੁੱਖ ਸਹਾਰਦਾ ਹੈ।7। (ਹੇ ਭਾਈ!) ਸਤਿਗੁਰੂ ਅਥਾਹ ਸਮੁੰਦਰ ਹੈ (ਉਸ ਵਿਚ ਪ੍ਰਭੂ ਦੇ ਗੁਣਾਂ ਦੇ ਰਤਨ ਭਰੇ ਪਏ ਹਨ) , ਗੁਰੂ ਦੀ ਸੇਵਾ ਕਰੋ। ਗੁਰੂ ਪਾਸੋਂ ਨਾਮ-ਰਤਨ ਨਾਮ-ਧਨ ਹਾਸਲ ਕਰ ਲਵੋਗੇ (ਇਹੀ ਮਨੁੱਖਾ ਜੀਵਨ ਦਾ) ਲਾਭ (ਹੈ) । (ਹੇ ਭਾਈ! ਗੁਰੂ ਦੀ ਸਰਨ ਪੈ ਕੇ) ਨਾਮ-ਅੰਮ੍ਰਿਤ ਦੇ ਸਰੋਵਰ ਵਿਚ (ਆਤਮਕ) ਇਸ਼ਨਾਨ ਕਰੋ, (ਇਸ ਤਰ੍ਹਾਂ) ਮਾਇਆ (ਦੇ ਮੋਹ) ਦੀ ਮੈਲ (ਮਨ ਤੋਂ) ਧੁਪ ਜਾਇਗੀ (ਤ੍ਰਿਸ਼ਨਾ ਮੁੱਕ ਜਾਇਗੀ ਤੇ) ਗੁਰੂ-ਸਰੋਵਰ ਦਾ ਸੰਤੋਖ (-ਜਲ) ਪ੍ਰਾਪਤ ਹੋ ਜਾਇਗਾ।8। (ਹੇ ਭਾਈ! ਪੂਰੀ ਸਰਧਾ ਨਾਲ) ਗੁਰੂ ਦੀ ਦੱਸੀ ਸੇਵਾ ਕਰੋ, (ਗੁਰੂ ਦੇ ਹੁਕਮ ਵਿਚ ਰਤਾ ਭੀ) ਸ਼ੱਕ ਨਾਹ ਕਰੋ (ਗੁਰੂ ਦੇ ਦੱਸੇ ਰਸਤੇ ਤੇ ਤੁਰਿਆਂ) ਦੁਨੀਆ ਦੀਆਂ ਆਸਾਂ ਵਿਚ ਨਿਰਲੇਪ ਰਹਿ ਕੇ ਜਿਊ ਸਕੀਦਾ ਹੈ। ਪਰਮਾਤਮਾ (ਦਾ ਨਾਮ) ਸਿਮਰੋ ਜੋ ਸਾਰੇ ਸਹਮ ਤੇ ਦੁੱਖ ਨਾਸ ਕਰਨ ਵਾਲਾ ਹੈ। ਜੇਹੜਾ ਮਨੁੱਖ ਸਿਮਰਦਾ ਹੈ ਉਸ ਨੂੰ ਮੁੜ (ਮੋਹ ਦਾ) ਰੋਗ ਨਹੀਂ ਵਿਆਪਦਾ।9। ਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਉਹ (ਗੁਰੂ ਦੀ ਰਾਹੀਂ ਆਪਣੇ ਨਾਮ ਦੀ ਦਾਤਿ ਦੇ ਕੇ) ਇਜ਼ੱਤ ਬਖ਼ਸ਼ਦਾ ਹੈ। ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਜੋ ਸਹੀ ਰਸਤਾ ਦੱਸ ਸਕੇ। ਗੁਰੂ ਤੇ ਪਰਮਾਤਮਾ ਦੋਹਾਂ ਦੀ ਇਕੋ ਹੀ ਹਸਤੀ ਹੈ ਜੋ ਜਗਤ ਵਿਚ ਕੰਮ ਕਰ ਰਹੀ ਹੈ। ਹੇ ਨਾਨਕ! ਜੋ ਹਰੀ ਨੂੰ ਚੰਗਾ ਲੱਗਦਾ ਹੈ ਉਹ ਗੁਰੂ ਨੂੰ ਚੰਗਾ ਲੱਗਦਾ ਹੈ, ਤੇ ਜੋ ਗੁਰੂ ਨੂੰ ਭਾਉਂਦਾ ਹੈ ਉਹ ਹਰੀ-ਪ੍ਰਭੂ ਨੂੰ ਪਸੰਦ ਹੈ।10। (ਗੁਰੂ ਤੋਂ ਖੁੰਝ ਕੇ ਪੰਡਿਤ ਲੋਕ) ਵੇਦ ਪੁਰਾਣ ਆਦਿਕ (ਧਰਮ-) ਪੁਸਤਕਾਂ ਪੜ੍ਹਦੇ ਹਨ, ਜੋ ਕੁਝ ਉਹ ਸੁਣਾਂਦੇ ਹਨ ਉਸ ਨੂੰ ਅਨੇਕਾਂ ਬੰਦੇ ਬਹਿ ਕੇ ਧਿਆਨ ਨਾਲ ਸੁਣਦੇ ਹਨ। ਪਰ ਇਸ ਤਰ੍ਹਾਂ (ਮਨ ਨੂੰ ਕਾਬੂ ਰੱਖਣ ਵਾਲਾ ਮਾਇਆ ਦੇ ਮੋਹ ਦਾ) ਕਰੜਾ ਕਵਾੜ ਕਿਸੇ ਭੀ ਹਾਲਤ ਵਿਚ ਖੁਲ੍ਹ ਨਹੀਂ ਸਕਦਾ, (ਕਿਉਂਕਿ) ਗੁਰੂ ਦੀ ਸਰਨ ਤੋਂ ਬਿਨਾ ਅਸਲੀਅਤ ਨਹੀਂ ਲੱਭਦੀ।11। (ਇਕ ਉਹ ਭੀ ਹਨ ਜੋ ਤਿਆਗੀ ਬਣ ਕੇ ਜੰਗਲਾਂ ਵਿਚ ਜਾ ਬੈਠਦੇ ਹਨ, ਲੱਕੜਾਂ ਬਾਲ ਕੇ) ਸੁਆਹ ਤਿਆਰ ਕਰਦੇ ਹਨ ਤੇ ਉਹ ਸੁਆਹ (ਆਪਣੇ ਪਿੰਡੇ ਉਤੇ) ਮਲ ਲੈਂਦੇ ਹਨ। ਪਰ ਉਹਨਾਂ ਦੇ ਅੰਦਰ (ਹਿਰਦੇ ਵਿਚ) ਚੰਡਾਲ ਕ੍ਰੋਧ ਵੱਸਦਾ ਹੈ ਹਉਮੈ ਵੱਸਦੀ ਹੈ। (ਸੋ, ਤਿਆਗ ਦੇ ਇਹ) ਪਾਖੰਡ ਕਰਨ ਨਾਲ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਅਦ੍ਰਿਸ਼ਟ ਪ੍ਰਭੂ ਨਹੀਂ ਲੱਭਦਾ।12। (ਤਿਆਗੀ ਬਣ ਕੇ) ਜੰਗਲਾਂ ਵਿਚ ਨਿਵਾਸ ਕਰਦੇ ਹਨ ਤੀਰਥਾਂ ਤੇ ਇਸ਼ਨਾਨ ਕਰਦੇ ਹਨ ਵਰਤਾਂ ਦੇ ਨੇਮ ਧਾਰਦੇ ਹਨ, ਗਿਆਨ ਦੀਆਂ ਗੱਲਾਂ ਕਰਦੇ ਹਨ ਜਤ ਸਤ ਸੰਜਮ ਦੇ ਸਾਧਨ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ, ਸਤਿਗੁਰੂ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।13। (ਇਹ ਲੋਕ) ਨਿਉਲੀ ਕਰਮ ਕਰਦੇ ਹਨ, ਕੁੰਡਲਨੀ ਨੂੰ ਦਸਮ ਦੁਆਰ ਵਿਚ ਖੋਹਲਣਾ ਦੱਸਦੇ ਹਨ, ਮਨ ਦੇ ਹਠ ਨਾਲ (ਪ੍ਰਾਣਾਯਮ ਦੇ ਅੱਭਿਆਸ ਵਿਚ) ਪ੍ਰਾਣ ਉਤਾਂਹ ਚਾੜ੍ਹਦੇ ਹਨ, ਸੁਖਮਨਾ ਵਿਚ ਰੋਕ ਕੇ ਰੱਖਦੇ ਹਨ ਤੇ ਫਿਰ ਹੇਠਾਂ ਉਤਾਰਦੇ ਹਨ ਪਰ ਇਹ ਧਾਰਮਿਕ ਕੰਮ ਨਿਰਾ ਪਾਖੰਡ-ਧਰਮ ਹੀ ਹੈ, ਇਸ ਦੀ ਰਾਹੀਂ ਪਰਮਾਤਮਾ ਨਾਲ ਪ੍ਰੀਤ ਨਹੀਂ ਬਣ ਸਕਦੀ, ਗੁਰ-ਸ਼ਬਦ ਵਾਲਾ ਮਹਾਨ (ਆਨੰਦ ਦੇਣ ਵਾਲਾ) ਰਸ ਨਹੀਂ ਮਿਲਦਾ।14। (ਇਕ ਉਹ ਹਨ ਜੇਹੜੇ) ਕੁਦਰਤਿ ਵਿਚ ਵੱਸਦੇ ਪ੍ਰਭੂ ਨੂੰ ਵੇਖਦੇ ਹਨ ਉਹਨਾਂ ਦਾ ਮਨ ਉਸ ਦੀਦਾਰ ਵਿਚ ਪ੍ਰਸੰਨ ਹੁੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਹਰ ਥਾਂ ਪ੍ਰਭੂ ਨੂੰ ਵੱਸਦਾ ਪਛਾਣਦੇ ਹਨ। ਹੇ ਨਾਨਕ! ਉਹਨਾਂ ਨੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪਰਮਾਤਮਾ ਦਿੱਸਦਾ ਹੈ। ਗੁਰੂ ਹੀ ਅਦ੍ਰਿਸ਼ਟ ਪਰਮਾਤਮਾ ਦਾ ਦੀਦਾਰ ਕਰਾਂਦਾ ਹੈ।15।5। 22। |
![]() |
![]() |
![]() |
![]() |
Sri Guru Granth Darpan, by Professor Sahib Singh |