ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1043

ਮਾਰੂ ਸੋਲਹੇ ਮਹਲਾ ੩    ੴ ਸਤਿਗੁਰ ਪ੍ਰਸਾਦਿ ॥ ਹੁਕਮੀ ਸਹਜੇ ਸ੍ਰਿਸਟਿ ਉਪਾਈ ॥ ਕਰਿ ਕਰਿ ਵੇਖੈ ਅਪਣੀ ਵਡਿਆਈ ॥ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ ॥੧॥ ਮਾਇਆ ਮੋਹੁ ਜਗਤੁ ਗੁਬਾਰਾ ॥ ਗੁਰਮੁਖਿ ਬੂਝੈ ਕੋ ਵੀਚਾਰਾ ॥ ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ ॥੨॥ ਆਪੇ ਮੇਲੇ ਦੇ ਵਡਿਆਈ ॥ ਗੁਰ ਪਰਸਾਦੀ ਕੀਮਤਿ ਪਾਈ ॥ ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥ ਹਉਮੈ ਮਾਇਆ ਵਿਚੇ ਪਾਈ ॥ ਮਨਮੁਖ ਭੂਲੇ ਪਤਿ ਗਵਾਈ ॥ ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥ {ਪੰਨਾ 1043-1044}

ਪਦ ਅਰਥ: ਸਹਜੇ = ਆਤਮਕ ਅਡੋਲਤਾ ਵਿਚ, ਬਿਨਾ ਕਿਸੇ ਉਚੇਚੇ ਜਤਨ ਦੇ। ਕਰਿ = ਕਰ ਕੇ। ਆਪੇ = ਆਪ ਹੀ। ਹੁਕਮੇ = ਹੁਕਮ ਵਿਚ ਹੀ। ਰਹਿਆ ਸਮਾਈ = ਹਰ ਥਾਂ ਮੌਜੂਦ ਹੈ।1।

ਗੁਬਾਰਾ = ਹਨੇਰਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਕੋ = ਕੋਈ ਵਿਰਲਾ। ਨਦਰਿ = ਮਿਹਰ ਦੀ ਨਿਗਾਹ। ਸੋ ਪਾਏ = ਉਹ ਮਨੁੱਖ (ਇਹ ਵਿਚਾਰ) ਪ੍ਰਾਪਤ ਕਰਦਾ ਹੈ। ਮੇਲਿ = (ਗੁਰੂ ਨਾਲ) ਮੇਲ ਕੇ।2।

ਦੇ = ਦੇਂਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੀਮਤਿ = ਕਦਰ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਖੁਆਈ = ਖੁੰਝੀ ਹੋਈ ਹੈ।3।

ਵਿਚੇ = (ਇਸ ਸ੍ਰਿਸ਼ਟੀ ਦੇ) ਵਿਚ ਹੀ। ਮਨਮੁਖ = ਮਨ ਦਾ ਮੁਰੀਦ ਜੀਵ। ਭੂਲੇ = ਭੂਲਿ, ਕੁਰਾਹੇ ਪੈ ਕੇ। ਪਤਿ = ਇੱਜ਼ਤ। ਗੁਰਮੁਖਿ = ਗੁਰੂ ਦੇ ਸਨਮੁਖ। ਨਾਇ = ਨਾਮ ਵਿਚ। ਰਚੈ = ਮਸਤ ਰਹਿੰਦਾ ਹੈ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਸਮਾਈ = ਲੀਨ।4।

ਅਰਥ: ਹੇ ਭਾਈ! ਪਰਮਾਤਮਾ ਨੇ ਬਿਨਾ ਕਿਸੇ ਉਚੇਚੇ ਜਤਨ ਦੇ ਆਪਣੇ ਹੁਕਮ ਦੀ ਰਾਹੀਂ ਇਹ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ। (ਜਗਤ-ਉਤਪਤੀ ਦੇ ਕੰਮ) ਕਰ ਕਰ ਕੇ ਆਪਣੀ ਵਡਿਆਈ (ਆਪ ਹੀ) ਵੇਖ ਰਿਹਾ ਹੈ। ਆਪ ਹੀ ਸਭ ਕੁਝ ਕਰ ਰਿਹਾ ਹੈ, (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ, ਆਪਣੀ ਰਜ਼ਾ ਅਨੁਸਾਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਹੋ ਰਿਹਾ ਹੈ।1।

ਹੇ ਭਾਈ! (ਸ੍ਰਿਸ਼ਟੀ ਵਿਚ ਪ੍ਰਭੂ ਆਪ ਹੀ) ਮਾਇਆ ਦਾ ਮੋਹ ਪੈਦਾ ਕਰਨ ਵਾਲਾ ਹੈ (ਜਿਸ ਨੇ) ਜਗਤ ਘੁੱਪ ਹਨੇਰਾ ਬਣਾ ਰੱਖਿਆ ਹੈ। ਇਸ ਵਿਚਾਰ ਨੂੰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਸਮਝਦਾ ਹੈ। ਹੇ ਭਾਈ! ਜਿਸ ਜੀਵ ਉਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਹੀ, ਇਹ ਸੂਝ ਪ੍ਰਾਪਤ ਕਰਦਾ ਹੈ ਕਿ ਪ੍ਰਭੂ ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ।2।

ਹੇ ਭਾਈ! ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਨਾਲ) ਮਿਲਾਂਦਾ ਹੈ ਤੇ ਇੱਜ਼ਤ ਬਖ਼ਸ਼ਦਾ ਹੈ। ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ ਇਸ ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ। ਮਨ ਦੀ ਮੁਰੀਦ ਲੁਕਾਈ ਮਾਇਆ ਦੇ ਪਿਆਰ ਦੇ ਕਾਰਨ (ਸਹੀ ਜੀਵਨ-ਰਾਹ ਤੋਂ) ਖੁੰਝੀ ਹੋਈ ਬਹੁਤ ਵਿਲਕਦੀ ਫਿਰਦੀ ਹੈ।3।

ਹੇ ਭਾਈ! (ਇਹ ਸ੍ਰਿਸ਼ਟੀ ਪੈਦਾ ਕਰ ਕੇ ਪ੍ਰਭੂ ਨੇ ਆਪ ਹੀ) ਇਸ ਦੇ ਵਿਚ ਹੀ ਹਉਮੈ ਤੇ ਮਾਇਆ ਪੈਦਾ ਕਰ ਦਿੱਤੀ ਹੈ। ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਨੇ (ਹਉਮੈ ਮਾਇਆ ਦੇ ਕਾਰਨ) ਕੁਰਾਹੇ ਪੈ ਕੇ ਆਪਣੀ ਇੱਜ਼ਤ ਗਵਾ ਲਈ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ (ਤੇ ਨਾਮ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।4।

TOP OF PAGE

Sri Guru Granth Darpan, by Professor Sahib Singh