ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1041 ਮਾਰੂ ਮਹਲਾ ੧ ॥ ਕਾਮੁ ਕ੍ਰੋਧੁ ਪਰਹਰੁ ਪਰ ਨਿੰਦਾ ॥ ਲਬੁ ਲੋਭੁ ਤਜਿ ਹੋਹੁ ਨਿਚਿੰਦਾ ॥ ਭ੍ਰਮ ਕਾ ਸੰਗਲੁ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ ॥੧॥ ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ ॥ ਅਹਿਨਿਸਿ ਜੋਤਿ ਨਿਰੰਤਰਿ ਪੇਖੈ ॥ ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ ॥੨॥ ਸਤਿਗੁਰ ਮਿਲਹੁ ਆਪੇ ਪ੍ਰਭੁ ਤਾਰੇ ॥ ਸਸਿ ਘਰਿ ਸੂਰੁ ਦੀਪਕੁ ਗੈਣਾਰੇ ॥ ਦੇਖਿ ਅਦਿਸਟੁ ਰਹਹੁ ਲਿਵ ਲਾਗੀ ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ ॥੩॥ ਅੰਮ੍ਰਿਤ ਰਸੁ ਪਾਏ ਤ੍ਰਿਸਨਾ ਭਉ ਜਾਏ ॥ ਅਨਭਉ ਪਦੁ ਪਾਵੈ ਆਪੁ ਗਵਾਏ ॥ ਊਚੀ ਪਦਵੀ ਊਚੋ ਊਚਾ ਨਿਰਮਲ ਸਬਦੁ ਕਮਾਇਆ ॥੪॥ ਅਦ੍ਰਿਸਟ ਅਗੋਚਰੁ ਨਾਮੁ ਅਪਾਰਾ ॥ ਅਤਿ ਰਸੁ ਮੀਠਾ ਨਾਮੁ ਪਿਆਰਾ ॥ ਨਾਨਕ ਕਉ ਜੁਗਿ ਜੁਗਿ ਹਰਿ ਜਸੁ ਦੀਜੈ ਹਰਿ ਜਪੀਐ ਅੰਤੁ ਨ ਪਾਇਆ ॥੫॥ ਅੰਤਰਿ ਨਾਮੁ ਪਰਾਪਤਿ ਹੀਰਾ ॥ ਹਰਿ ਜਪਤੇ ਮਨੁ ਮਨ ਤੇ ਧੀਰਾ ॥ ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥੬॥ ਭਗਤਿ ਹੇਤਿ ਗੁਰ ਸਬਦਿ ਤਰੰਗਾ ॥ ਹਰਿ ਜਸੁ ਨਾਮੁ ਪਦਾਰਥੁ ਮੰਗਾ ॥ ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥੭॥ ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥ ਜਮਕੰਕਰ ਕਾਲੁ ਸੇਵਕ ਪਗ ਤਾ ਕੇ ॥ ਊਤਮ ਸੰਗਤਿ ਗਤਿ ਮਿਤਿ ਊਤਮ ਜਗੁ ਭਉਜਲੁ ਪਾਰਿ ਤਰਾਇਆ ॥੮॥ ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥ ਅੰਤਰ ਕੀ ਦੁਬਿਧਾ ਅੰਤਰਿ ਜਰੀਐ ॥ ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥੯॥ ਸਾਕਤ ਨਰਿ ਸਬਦ ਸੁਰਤਿ ਕਿਉ ਪਾਈਐ ॥ ਸਬਦ ਸੁਰਤਿ ਬਿਨੁ ਆਈਐ ਜਾਈਐ ॥ ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ ਪੂਰੈ ਭਾਗਿ ਮਿਲਾਇਆ ॥੧੦॥ ਨਿਰਭਉ ਸਤਿਗੁਰੁ ਹੈ ਰਖਵਾਲਾ ॥ ਭਗਤਿ ਪਰਾਪਤਿ ਗੁਰ ਗੋਪਾਲਾ ॥ ਧੁਨਿ ਅਨੰਦ ਅਨਾਹਦੁ ਵਾਜੈ ਗੁਰ ਸਬਦਿ ਨਿਰੰਜਨੁ ਪਾਇਆ ॥੧੧॥ ਨਿਰਭਉ ਸੋ ਸਿਰਿ ਨਾਹੀ ਲੇਖਾ ॥ ਆਪਿ ਅਲੇਖੁ ਕੁਦਰਤਿ ਹੈ ਦੇਖਾ ॥ ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ॥੧੨॥ ਅੰਤਰ ਕੀ ਗਤਿ ਸਤਿਗੁਰੁ ਜਾਣੈ ॥ ਸੋ ਨਿਰਭਉ ਗੁਰ ਸਬਦਿ ਪਛਾਣੈ ॥ ਅੰਤਰੁ ਦੇਖਿ ਨਿਰੰਤਰਿ ਬੂਝੈ ਅਨਤ ਨ ਮਨੁ ਡੋਲਾਇਆ ॥੧੩॥ ਨਿਰਭਉ ਸੋ ਅਭ ਅੰਤਰਿ ਵਸਿਆ ॥ ਅਹਿਨਿਸਿ ਨਾਮਿ ਨਿਰੰਜਨ ਰਸਿਆ ॥ ਨਾਨਕ ਹਰਿ ਜਸੁ ਸੰਗਤਿ ਪਾਈਐ ਹਰਿ ਸਹਜੇ ਸਹਜਿ ਮਿਲਾਇਆ ॥੧੪॥ ਅੰਤਰਿ ਬਾਹਰਿ ਸੋ ਪ੍ਰਭੁ ਜਾਣੈ ॥ ਰਹੈ ਅਲਿਪਤੁ ਚਲਤੇ ਘਰਿ ਆਣੈ ॥ ਊਪਰਿ ਆਦਿ ਸਰਬ ਤਿਹੁ ਲੋਈ ਸਚੁ ਨਾਨਕ ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥ {ਪੰਨਾ 1041-1042} ਪਦ ਅਰਥ: ਪਰਹਰੁ = ਤਿਆਗ ਦੇਹ। ਪਰ = ਪਰਾਈ। ਤਜਿ = ਤਜ ਕੇ, ਤਿਆਗ ਕੇ। ਨਿਚਿੰਦਾ = ਨਿਸਚਿੰਤ, ਬੇ-ਫ਼ਿਕਰ।1। ਨਿਸਿ = ਰਾਤ ਵੇਲੇ। ਦਾਮਨਿ = ਬਿਜਲੀ। ਚੰਦਾਇਣੁ = ਚਾਨਣਾ। ਅਹਿ = ਦਿਨ। ਨਿਰੰਤਰਿ = {inr-ANqr} ਇਕ-ਰਸ, ਵਿਆਪਕ, ਹਰ ਥਾਂ। ਗੁਰਿ = ਗੁਰੂ ਨੇ।2। ਸਸਿ = ਚੰਦ੍ਰਮਾ। ਸਸਿ ਘਰਿ = ਚੰਦ੍ਰਮਾ ਦੇ ਘਰ ਵਿਚ, ਹਿਰਦੇ ਵਿਚ। ਸੂਰੁ = ਸੂਰਜ, ਪ੍ਰਕਾਸ਼। ਗੈਣਾਰੇ = ਹਿਰਦੇ-ਆਕਾਸ਼ ਵਿਚ। ਦੀਪਕੁ = ਦੀਵਾ। ਦੇਖਿ = ਵੇਖ ਕੇ। ਸਭੁ = ਹਰ ਥਾਂ। ਤ੍ਰਿਭਵਣਿ = ਤਿੰਨ ਭਵਨਾਂ ਵਾਲੇ ਜਗਤ ਵਿਚ। ਸਬਾਇਆ = ਸਭ ਥਾਂ, ਸਾਰੇ।3। ਅਨਭਉ ਪਦੁ = ਉਹ ਆਤਮਕ ਅਵਸਥਾ ਜਿਥੇ ਮਨੁੱਖ ਦੇ ਅੰਦਰ ਉੱਚੀ ਸੂਝ ਪੈਦਾ ਹੁੰਦੀ ਹੈ। ਆਪੁ = ਆਪਾ-ਭਾਵ। ਪਦਵੀ = ਦਰਜਾ।4। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ ਇੰਦ੍ਰੇ। ਚਰੁ = ਪਹੁੰਚ। } ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਜਸੁ = ਸਿਫ਼ਤਿ-ਸਾਲਾਹ।5। ਮਨ ਤੇ = ਮਨ ਤੋਂ। ਧੀਰਾ = ਧਰਵਾਸ ਵਾਲਾ ਹੋ ਗਿਆ, ਟਿਕ ਗਿਆ। ਦੁਘਟ = duDLt} ਔਖਾ। ਘਟ = ਰਸਤਾ। ਭਉ ਭੰਜਨੁ = ਡਰ ਨਾਸ ਕਰਨ ਵਾਲਾ ਪ੍ਰਭੂ। ਬਾਹੁੜਿ = ਮੁੜ, ਫਿਰ।6। ਭਗਤਿ ਹੇਤਿ = ਭਗਤੀ ਦੀ ਖ਼ਾਤਰ, ਭਗਤੀ ਕਰਨ ਵਾਲੇ। ਗੁਰ ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ) । ਤਰੰਗ = ਲਹਿਰਾਂ, ਵਲਵਲੇ, ਉਤਸ਼ਾਹ। ਮੰਗਾ = ਮੈਂ ਮੰਗਦਾ ਹਾਂ। ਗੁਰ ਮੇਲਿ = ਗੁਰੂ ਦੀ ਸੰਗਤਿ ਵਿਚ।7। ਜਿਨਿ = ਜਿਸ (ਮਨੁੱਖ) ਨੇ। ਵਾ ਕੇ = ਉਸ ਦੇ (ਪਾਸ) । ਕੰਕਰ = {ikzkr} ਦਾਸ, ਸੇਵਕ। ਪਗ ਤਾ ਕੇ = ਉਸ ਦੇ ਪੈਰਾਂ ਦੇ। ਗਤਿ = ਆਤਮਕ ਅਵਸਥਾ। ਮਿਤਿ = ਮਰਯਾਦਾ, ਰਹਿਣੀ-ਬਹਿਣੀ।8। ਦੁਬਿਧਾ = ਮਾਨਸਕ ਖਿਚੋਤਾਣ, ਅਸ਼ਾਂਤੀ। ਜਰੀਐ = ਸਾੜ ਲਈਦੀ ਹੈ। ਪੰਚ ਬਾਣ = ਪੰਜ ਤੀਰ (ਸਤ, ਸੰਤੋਖ, ਦਇਆ, ਧਰਮ, ਧੀਰਜ) । ਗਗਨੰਤਰਿ = ਗਗਨ ਅੰਤਰਿ, ਚਿੱਤ-ਆਕਾਸ਼ ਵਿਚ। ਚੜਾਇਆ = ਕੱਸ ਲਿਆ, ਨਿਸ਼ਾਨਾ ਬੱਧਾ।9। ਸਾਕਤ ਨਰਿ = ਸਾਕਤ ਮਨੁੱਖ ਵਿਚ, ਮਾਇਆ-ਵੇੜ੍ਹੇ ਮਨੁੱਖ ਦੇ ਅੰਦਰ। ਸੁਰਤਿ = ਲਗਨ। ਪਰਾਇਣੁ = ਆਸਰਾ।10। ਧੁਨਿ = ਰੌ, ਆਵਾਜ਼ {Ævin}। ਅਨਾਹਦੁ = ਇਕ-ਰਸ, ਸਦਾ ਲਗਾਤਾਰ। ਵਾਜੈ = ਵੱਜਦੀ ਹੈ, ਆਪਣਾ ਪ੍ਰਭਾਵ ਪਾਂਦੀ ਹੈ। ਸਬਦਿ = ਸ਼ਬਦ ਦੀ ਰਾਹੀਂ।11। ਸਿਰਿ = ਸਿਰ ਉਤੇ। ਲੇਖਾ = ਕੀਤੇ ਕਰਮਾਂ ਦਾ ਹਿਸਾਬ। ਅਲੇਖੁ = ਜਿਸ ਦੀ ਤਸਵੀਰ ਨਾਹ ਬਣਾਈ ਜਾ ਸਕੇ। ਸੰਭਉ = {ÔvXzBu} ਆਪਣੇ ਆਪ ਤੋਂ ਪਰਗਟ ਹੋਣ ਵਾਲਾ।12। ਅੰਤਰ = {ਨੋਟ: ਇਸ ਸੋਲਹੇ ਵਿਚ ਆਏ ਲਫ਼ਜ਼ 'ਅੰਤਰ, ਅੰਤਰੁ ਅਤੇ ਅੰਤਰਿ' ਗਹੁ ਨਾਲ ਵਿਚਾਰਨ-ਜੋਗ ਹਨ}। ਅੰਤਰੁ = ਅੰਦਰਲਾ, ਹਿਰਦਾ। ਅਨਤ = {ANX>} ਕਿਸੇ ਹੋਰ ਪਾਸੇ।13। ਅਭ ਅੰਤਰਿ = {AËXNqr = The inside of anything; mind} ਮਨ ਵਿਚ, ਹਿਰਦੇ ਵਿਚ। ਸਹਜਿ = ਆਤਮਕ ਅਡੋਲਤਾ ਵਿਚ।14। ਅਲਿਪਤੁ = ਨਿਰਲੇਪ। ਚਲਤੇ = ਚੰਚਲ ਮਨ ਨੂੰ। ਘਰਿ = ਘਰ ਵਿਚ। ਆਣੈ = ਲਿਆਉਂਦਾ ਹੈ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਤਿਹੁ ਲੋਈ = ਤਿੰਨਾਂ ਲੋਕਾਂ ਵਿਚ।15। ਅਰਥ: (ਹੇ ਭਾਈ! ਆਪਣੇ ਅੰਦਰੋਂ) ਕਾਮ ਕ੍ਰੋਧ ਤੇ ਪਰਾਈ ਨਿੰਦਿਆ ਦੂਰ ਕਰ, ਲੱਬ ਅਤੇ ਲੋਭ ਤਿਆਗ ਕੇ ਨਿਸਚਿੰਤ ਹੋ ਜਾ (ਭਾਵ, ਜੇ ਤੂੰ ਕਾਮ, ਕ੍ਰੋਧ, ਪਰਾਈ ਨਿੰਦਿਆ, ਲੱਬ ਅਤੇ ਲੋਭ ਦੂਰ ਕਰ ਲਏਂਗਾ, ਤਾਂ ਤੇਰਾ ਮਨ ਹਰ ਵੇਲੇ ਸ਼ਾਂਤ ਰਹੇਗਾ) । ਜੇਹੜਾ ਮਨੁੱਖ (ਇਹਨਾਂ ਵਿਕਾਰਾਂ ਕਈ ਕਿਸਮਾਂ ਦੀਆਂ) ਭਟਕਣਾਂ ਦਾ ਜ਼ੰਜੀਰ ਤੋੜ ਕੇ ਨਿਰਲੇਪ ਹੋ ਜਾਂਦਾ ਹੈ ਉਹ ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਂਦਾ ਹੈ, ਉਹ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰਦਾ ਹੈ।1। ਜਿਵੇਂ ਰਾਤ ਵੇਲੇ ਬਿਜਲੀ ਦੀ ਚਮਕ ਨਾਲ ਮਨੁੱਖ (ਹਨੇਰੇ ਵਿਚ) ਚਾਨਣ ਵੇਖ ਲੈਂਦਾ ਹੈ, ਇਸੇ ਤਰ੍ਹਾਂ (ਗੁਰੂ ਦੀ ਸਰਨ ਪੈ ਕੇ ਸਿਮਰਨ ਦੀ ਬਰਕਤਿ ਨਾਲ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਜੋਤਿ ਨੂੰ ਹਰ ਥਾਂ ਵਿਆਪਕ ਦੇਖ ਸਕਦਾ ਹੈ। ਉਹ ਆਨੰਦ-ਰੂਪ ਤੇ ਸੁੰਦਰ-ਸਰੂਪ ਪ੍ਰਭੂ (ਜਿਸ ਕਿਸੇ ਨੇ ਵੇਖਿਆ ਹੈ) ਪੂਰੇ ਗੁਰੂ ਨੇ ਹੀ ਵਿਖਾਇਆ ਹੈ।2। (ਹੇ ਭਾਈ!) ਸਤਿਗੁਰੂ ਦੀ ਸਰਨ ਪਵੋ (ਜੇਹੜਾ ਮਨੁੱਖ ਗੁਰੂ ਨੂੰ ਮਿਲਦਾ ਹੈ ਉਸ ਨੂੰ) ਪਰਮਾਤਮਾ ਆਪ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ, ਉਸ ਦੇ ਸਾਂਤ ਹਿਰਦੇ ਵਿਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਦੇ ਹਿਰਦੇ-ਆਕਾਸ਼ ਵਿਚ (ਮਾਨੋ) ਦੀਵਾ ਜਗ ਪੈਂਦਾ ਹੈ। (ਹੇ ਭਾਈ! ਆਪਣੇ ਅੰਦਰ) ਅਦ੍ਰਿਸ਼ਟ ਪ੍ਰਭੂ ਨੂੰ ਵੇਖ ਕੇ ਉਸ ਵਿਚ ਸੁਰਤਿ ਜੋੜੀ ਰੱਖੋ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਨੂੰ) ਹਰ ਥਾਂ ਸਾਰੇ ਤ੍ਰਿਭਵਣੀ ਜਗਤ ਵਿਚ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ।3। ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰਦਾ ਹੈ ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਉਸ ਦਾ ਸਹਿਮ ਦੂਰ ਹੋ ਜਾਂਦਾ ਹੈ, ਉਸ ਨੂੰ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਉਹ ਆਪਾ-ਭਾਵ ਦੂਰ ਕਰ ਲੈਂਦਾ ਹੈ। ਉਹ ਬੜੀ ਉੱਚੀ ਆਤਮਕ ਅਵਸਥਾ ਪਾ ਲੈਂਦਾ ਹੈ, ਉੱਚੇ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਦਾ ਹੈ, ਜੀਵਨ ਨੂੰ ਪਵਿੱਤ੍ਰ ਕਰਨ ਵਾਲਾ ਗੁਰ-ਸ਼ਬਦ ਉਹ ਮਨੁੱਖ ਆਪਣੇ ਅੰਦਰ ਕਮਾਂਦਾ ਹੈ (ਭਾਵ, ਗੁਰ-ਸ਼ਬਦ ਅਨੁਸਾਰ ਜੀਵਨ-ਘਾੜਤ ਘੜਦਾ ਹੈ) ।4। ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਨਾਮ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਪਰ ਉਹ ਨਾਮ ਬੜਾ ਹੀ ਰਸੀਲਾ ਬੜਾ ਹੀ ਮਿੱਠਾ ਤੇ ਬੜਾ ਹੀ ਪਿਆਰਾ ਹੈ। (ਮੇਰੀ ਨਾਨਕ ਦੀ ਅਰਦਾਸ ਹੈ ਕਿ, ਹੇ ਪ੍ਰਭੂ! ਮੈਨੂੰ) ਨਾਨਕ ਨੂੰ ਸਦਾ ਹੀ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇਹ। (ਜਿਉਂ ਜਿਉਂ) ਪ੍ਰਭੂ ਦਾ ਨਾਮ ਜਪੀਏ (ਤਿਉਂ ਤਿਉਂ ਉਹ ਬੇਅੰਤ ਦਿੱਸਦਾ ਹੈ ਉਸ ਦੀਆਂ ਤਾਕਤਾਂ ਦਾ) ਅੰਤ ਨਹੀਂ ਲੱਭਿਆ ਜਾ ਸਕਦਾ।5। ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਨੂੰ ਨਾਮ-ਹੀਰਾ ਲੱਭ ਜਾਂਦਾ ਹੈ, ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦਾ ਮਨ ਅੰਦਰੋਂ ਹੀ ਧੀਰਜ-ਸ਼ਾਂਤੀ ਹਾਸਲ ਕਰ ਲੈਂਦਾ ਹੈ। (ਸਿਮਰਨ ਦੀ ਬਰਕਤਿ ਨਾਲ) ਔਖੇ ਜੀਵਨ-ਪੰਧ ਦਾ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ (ਜਿਸ ਨੂੰ ਮਿਲ ਪੈਂਦਾ ਹੈ) ਉਹ ਮੁੜ ਜਨਮ ਵਿਚ ਨਹੀਂ ਆਉਂਦਾ ਉਹ ਮੁੜ ਜੰਮਣ-ਮਰਨ ਵਿਚ ਨਹੀਂ ਪੈਂਦਾ।6। ਹੇ ਪ੍ਰਭੂ! ਮੈਂ (ਤੇਰੇ ਦਰ ਤੋਂ) ਤੇਰੀ ਸਿਫ਼ਤਿ-ਸਾਲਾਹ (ਦੀ ਦਾਤਿ) ਮੰਗਦਾ ਹਾਂ, ਤੇਰੇ ਨਾਮ (ਦਾ) ਸਰਮਾਇਆ ਮੰਗਦਾ ਹਾਂ, ਮੈਂ ਇਹ ਮੰਗਦਾ ਹਾਂ ਕਿ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੀ ਭਗਤੀ ਕਰਨ ਵਾਸਤੇ ਮੇਰੇ ਅੰਦਰ ਉਤਸ਼ਾਹ ਪੈਦਾ ਹੋਵੇ। (ਜੇਹੜਾ ਵਡ-ਭਾਗੀ ਜੀਵ) ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਸ ਨੂੰ ਉਹ ਗੁਰੂ ਦੀ ਸੰਗਤਿ ਵਿਚ ਮਿਲਾਂਦਾ ਹੈ। ਪਰਮਾਤਮਾ (ਚਾਹੇ ਤਾਂ) ਸਾਰੇ ਜਗਤ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।7। ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਹੈ ਸਤਿਗੁਰੂ ਦੀ ਸਿੱਖਿਆ ਨੇ (ਸਮਝੋ) ਉਸ ਦੇ ਅੰਦਰ ਘਰ ਕਰ ਲਿਆ ਹੈ। ਕਾਲ ਅਤੇ ਜਮ ਦੇ ਸੇਵਕ ਉਸ ਦੇ ਚਰਨਾਂ ਦੇ ਦਾਸ ਬਣ ਗਏ ਹਨ। ਉਸ ਦੀ ਸੰਗਤਿ (ਹੋਰਨਾਂ ਨੂੰ ਭੀ) ਸ੍ਰੇਸ਼ਟ ਬਣਾ ਦੇਂਦੀ ਹੈ, ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਉਸ ਦੀ ਰਹਿਣੀ-ਬਹਿਣੀ ਉੱਚੀ ਹੋ ਜਾਂਦੀ ਹੈ। ਉਹ ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।8। ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੀ) ਅੰਦਰਲੀ ਅਸ਼ਾਂਤੀ ਅੰਦਰ ਹੀ ਸੜ ਜਾਂਦੀ ਹੈ। ਉਹ ਮਨੁੱਖ ਆਪਣੇ ਚਿੱਤ-ਆਕਾਸ਼ ਵਿਚ (ਗੁਰੂ ਦੇ ਸ਼ਬਦ ਰੂਪ) ਧਨੁਖ ਨੂੰ ਅਜੇਹਾ ਕੱਸਦਾ ਹੈ ਕਿ (ਸਤ, ਸੰਤੋਖ, ਦਇਆ, ਧਰਮ, ਧੀਰਜ ਦੇ) ਪੰਜ ਤੀਰ ਲੈ ਕੇ ਜਮ ਨੂੰ (ਮੌਤ ਦੇ ਡਰ ਨੂੰ, ਆਤਮਕ ਮੌਤ ਨੂੰ) ਮਾਰ ਲੈਂਦਾ ਹੈ।9। ਪਰ ਮਾਇਆ-ਵੇੜ੍ਹੇ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਲਗਨ ਹੀ ਪੈਦਾ ਨਹੀਂ ਹੁੰਦੀ, ਸ਼ਬਦ ਦੀ ਲਗਨ ਤੋਂ ਬਿਨਾ (ਮਾਇਆ ਦੇ ਮੋਹ ਵਿਚ ਫਸ ਕੇ) ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਹੇ ਨਾਨਕ! ਗੁਰੂ ਦੀ ਸਰਨ ਪੈਣਾ ਹੀ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਵਸੀਲਾ ਹੈ, ਤੇ ਪਰਮਾਤਮਾ ਪੂਰੀ ਕਿਸਮਤ ਨਾਲ ਹੀ ਗੁਰੂ ਮਿਲਾਂਦਾ ਹੈ।10। ਨਿਰਭਉ (ਪਰਮਾਤਮਾ ਦਾ ਰੂਪ) ਸਤਿਗੁਰੂ (ਜਿਸ ਮਨੁੱਖ ਦਾ) ਰਾਖਾ ਬਣਦਾ ਹੈ ਉਸ ਨੂੰ ਗੁਰੂ ਪਾਸੋਂ ਪਰਮਾਤਮਾ ਦੀ ਭਗਤੀ (ਦੀ ਦਾਤਿ) ਮਿਲ ਜਾਂਦੀ ਹੈ। ਉਸ ਮਨੁੱਖ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਚੱਲ ਪੈਂਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਉਸ ਪਰਮਾਤਮਾ ਨੂੰ ਮਿਲ ਪੈਂਦਾ ਹੈ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।11। ਪਰਮਾਤਮਾ ਨੂੰ ਕੋਈ ਡਰ ਵਿਆਪ ਨਹੀਂ ਸਕਦਾ ਕਿਉਂਕਿ ਉਸ ਦੇ ਸਿਰ ਉਤੇ ਕਿਸੇ ਹੋਰ ਦਾ ਹੁਕਮ ਨਹੀਂ ਹੈ। ਉਹ ਪ੍ਰਭੂ ਆਪ ਅਲੇਖ ਹੈ (ਭਾਵ, ਕੋਈ ਹੋਰ ਵਿਅਕਤੀ ਉਸ ਪਾਸੋਂ ਕੀਤੇ ਕਰਮਾਂ ਦਾ ਹਿਸਾਬ ਨਹੀਂ ਮੰਗ ਸਕਦਾ) । ਆਪਣੀ ਰਚੀ ਸਾਰੀ ਕੁਦਰਤਿ ਵਿਚ ਉਹ ਹੀ ਵਿਆਪਕ ਦਿੱਸ ਰਿਹਾ ਹੈ। (ਸਾਰੀ ਕੁਦਰਤਿ ਵਿਚ ਵਿਆਪਕ ਹੁੰਦਿਆਂ ਭੀ) ਉਹ ਨਿਰਲੇਪ ਹੈ, ਜੂਨਾਂ ਤੋਂ ਰਹਿਤ ਹੈ, ਤੇ ਆਪਣੇ ਆਪ ਤੋਂ ਹੀ ਪਰਗਟ ਹੋਣ ਦੀ ਤਾਕਤ ਰੱਖਦਾ ਹੈ। ਹੇ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਹੀ ਉਹ ਪਰਮਾਤਮਾ ਲੱਭਦਾ ਹੈ।12। ਜੇਹੜਾ ਮਨੁੱਖ ਸਤਿਗੁਰੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਹ ਆਪਣੀ ਅੰਦਰਲੀ ਆਤਮਕ ਹਾਲਤ ਨੂੰ ਸਮਝਣ ਲੱਗ ਪੈਂਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਨਿਰਭਉ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਪਛਾਣ ਲੈਂਦਾ ਹੈ। ਉਹ ਮਨੁੱਖ ਆਪਣਾ ਅੰਦਰਲਾ (ਹਿਰਦਾ) ਪਰਖ ਕੇ ਪ੍ਰਭੂ ਨੂੰ ਇਕ-ਰਸ ਸਭ ਥਾਂ ਵਿਆਪਕ ਸਮਝਦਾ ਹੈ, (ਇਸ ਵਾਸਤੇ) ਉਸ ਦਾ ਮਨ ਕਿਸੇ ਹੋਰ (ਆਸਰੇ ਦੀ ਝਾਕ) ਵਲ ਨਹੀਂ ਡੋਲਦਾ।13। ਜਿਸ ਮਨੁੱਖ ਦਾ ਹਿਰਦਾ ਦਿਨ ਰਾਤ ਮਾਇਆ-ਰਹਿਤ ਪ੍ਰਭੂ ਦੇ ਨਾਮ ਵਿਚ ਰਸਿਆ ਰਹਿੰਦਾ ਹੈ, ਨਿਰਭਉ ਪਰਮਾਤਮਾ ਉਸ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ। ਹੇ ਨਾਨਕ! ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੰਗਤਿ (ਵਿਚ ਬੈਠਿਆਂ) ਮਿਲਦੀ ਹੈ। (ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਨੂੰ) ਪਰਮਾਤਮਾ ਅਡੋਲ ਆਤਮਕ ਅਵਸਥਾ ਵਿਚ ਮਿਲਾਈ ਰੱਖਦਾ ਹੈ।14। (ਸਿਫ਼ਤਿ-ਸਾਲਾਹ ਕਰਨ ਵਾਲਾ ਬੰਦਾ) ਉਸ ਪਰਮਾਤਮਾ ਨੂੰ ਆਪਣੇ ਅੰਦਰ ਤੇ ਬਾਹਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਸਮਝਦਾ ਹੈ, ਉਹ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ (ਮਾਇਆ ਵਲ) ਦੌੜਦੇ (ਮਨ) ਨੂੰ (ਮੋੜ ਕੇ ਆਪਣੇ) ਅੰਦਰ ਹੀ ਲੈ ਆਉਂਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਸਭ ਜੀਵਾਂ ਉਤੇ ਰਾਖਾ ਸਭ ਦਾ ਮੂਲ ਤੇ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸਦਾ ਹੈ। ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰ ਲੈਂਦਾ ਹੈ।15।4। 21। |
![]() |
![]() |
![]() |
![]() |
Sri Guru Granth Darpan, by Professor Sahib Singh |