ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1040 ਮਾਰੂ ਮਹਲਾ ੧ ॥ ਸਚੁ ਕਹਹੁ ਸਚੈ ਘਰਿ ਰਹਣਾ ॥ ਜੀਵਤ ਮਰਹੁ ਭਵਜਲੁ ਜਗੁ ਤਰਣਾ ॥ ਗੁਰੁ ਬੋਹਿਥੁ ਗੁਰੁ ਬੇੜੀ ਤੁਲਹਾ ਮਨ ਹਰਿ ਜਪਿ ਪਾਰਿ ਲੰਘਾਇਆ ॥੧॥ ਹਉਮੈ ਮਮਤਾ ਲੋਭ ਬਿਨਾਸਨੁ ॥ ਨਉ ਦਰ ਮੁਕਤੇ ਦਸਵੈ ਆਸਨੁ ॥ ਊਪਰਿ ਪਰੈ ਪਰੈ ਅਪਰੰਪਰੁ ਜਿਨਿ ਆਪੇ ਆਪੁ ਉਪਾਇਆ ॥੨॥ ਗੁਰਮਤਿ ਲੇਵਹੁ ਹਰਿ ਲਿਵ ਤਰੀਐ ॥ ਅਕਲੁ ਗਾਇ ਜਮ ਤੇ ਕਿਆ ਡਰੀਐ ॥ ਜਤ ਜਤ ਦੇਖਉ ਤਤ ਤਤ ਤੁਮ ਹੀ ਅਵਰੁ ਨ ਦੁਤੀਆ ਗਾਇਆ ॥੩॥ ਸਚੁ ਹਰਿ ਨਾਮੁ ਸਚੁ ਹੈ ਸਰਣਾ ॥ ਸਚੁ ਗੁਰ ਸਬਦੁ ਜਿਤੈ ਲਗਿ ਤਰਣਾ ॥ ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ ॥੪॥ ਸਚ ਬਿਨੁ ਸਤੁ ਸੰਤੋਖੁ ਨ ਪਾਵੈ ॥ ਬਿਨੁ ਗੁਰ ਮੁਕਤਿ ਨ ਆਵੈ ਜਾਵੈ ॥ ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ॥੫॥ ਸਚ ਬਿਨੁ ਭਵਜਲੁ ਜਾਇ ਨ ਤਰਿਆ ॥ ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ ॥ ਰਹੈ ਅਤੀਤੁ ਗੁਰਮਤਿ ਲੇ ਊਪਰਿ ਹਰਿ ਨਿਰਭਉ ਕੈ ਘਰਿ ਪਾਇਆ ॥੬॥ ਝੂਠੀ ਜਗ ਹਿਤ ਕੀ ਚਤੁਰਾਈ ॥ ਬਿਲਮ ਨ ਲਾਗੈ ਆਵੈ ਜਾਈ ॥ ਨਾਮੁ ਵਿਸਾਰਿ ਚਲਹਿ ਅਭਿਮਾਨੀ ਉਪਜੈ ਬਿਨਸਿ ਖਪਾਇਆ ॥੭॥ ਉਪਜਹਿ ਬਿਨਸਹਿ ਬੰਧਨ ਬੰਧੇ ॥ ਹਉਮੈ ਮਾਇਆ ਕੇ ਗਲਿ ਫੰਧੇ ॥ ਜਿਸੁ ਰਾਮ ਨਾਮੁ ਨਾਹੀ ਮਤਿ ਗੁਰਮਤਿ ਸੋ ਜਮ ਪੁਰਿ ਬੰਧਿ ਚਲਾਇਆ ॥੮॥ ਗੁਰ ਬਿਨੁ ਮੋਖ ਮੁਕਤਿ ਕਿਉ ਪਾਈਐ ॥ ਬਿਨੁ ਗੁਰ ਰਾਮ ਨਾਮੁ ਕਿਉ ਧਿਆਈਐ ॥ ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ ॥੯॥ ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥ ਗੁਰਮਤਿ ਸਾਇਰਿ ਪਾਹਣ ਤਾਰੇ ॥ ਗੁਰਮਤਿ ਲੇਹੁ ਪਰਮ ਪਦੁ ਪਾਈਐ ਨਾਨਕ ਗੁਰਿ ਭਰਮੁ ਚੁਕਾਇਆ ॥੧੦॥ ਗੁਰਮਤਿ ਲੇਹੁ ਤਰਹੁ ਸਚੁ ਤਾਰੀ ॥ ਆਤਮ ਚੀਨਹੁ ਰਿਦੈ ਮੁਰਾਰੀ ॥ ਜਮ ਕੇ ਫਾਹੇ ਕਾਟਹਿ ਹਰਿ ਜਪਿ ਅਕੁਲ ਨਿਰੰਜਨੁ ਪਾਇਆ ॥੧੧॥ ਗੁਰਮਤਿ ਪੰਚ ਸਖੇ ਗੁਰ ਭਾਈ ॥ ਗੁਰਮਤਿ ਅਗਨਿ ਨਿਵਾਰਿ ਸਮਾਈ ॥ ਮਨਿ ਮੁਖਿ ਨਾਮੁ ਜਪਹੁ ਜਗਜੀਵਨ ਰਿਦ ਅੰਤਰਿ ਅਲਖੁ ਲਖਾਇਆ ॥੧੨॥ ਗੁਰਮੁਖਿ ਬੂਝੈ ਸਬਦਿ ਪਤੀਜੈ ॥ ਉਸਤਤਿ ਨਿੰਦਾ ਕਿਸ ਕੀ ਕੀਜੈ ॥ ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ ॥੧੩॥ ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥ ਗੁਰਮੁਖਿ ਬੂਝਹੁ ਸਬਦਿ ਪਛਾਣਹੁ ॥ ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥੧੪॥ ਗੁਰਮਤਿ ਬੋਲਹੁ ਹਰਿ ਜਸੁ ਸੂਚਾ ॥ ਗੁਰਮਤਿ ਆਖੀ ਦੇਖਹੁ ਊਚਾ ॥ ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਨਾਨਕ ਹਰਿ ਰੰਗਿ ਰੰਗਾਇਆ ॥੧੫॥੩॥੨੦॥ {ਪੰਨਾ 1040-1041} ਪਦ ਅਰਥ: ਸਚੁ = ਸਦਾ-ਥਿਰ ਪ੍ਰਭੂ-ਨਾਮ। ਕਹਹੁ = ਸਿਮਰੋ। ਸਚੈ ਘਰਿ = ਸੱਚੇ ਦੇ ਘਰ ਵਿਚ, ਸਦਾ-ਥਿਰ ਪ੍ਰਭੂ ਦੇ ਘਰ ਵਿਚ। ਮਰਹੁ = ਵਿਕਾਰਾਂ ਵਲੋਂ ਬਚੇ ਰਹੋਗੇ। ਭਵਜਲੁ = ਸੰਸਾਰ-ਸਮੁੰਦਰ। ਬੋਹਿਥੁ = ਜਹਾਜ਼। ਤੁਲਹਾ = ਨਦੀ ਪਾਰ ਕਰਨ ਲਈ ਲੱਕੜਾਂ ਤੇ ਪਿਲਛੀ ਆਦਿਕ ਦਾ ਬੱਧਾ ਹੋਇਆ ਭਾਰ। ਮਨ = ਹੇ ਮਨ!।1। ਮਮਤਾ = ਅਪਣੱਤ। ਨਉ ਦਰ = ਨੌ ਗੋਲਕਾਂ (ਕੰਨ ਨੱਕ ਆਦਿਕ) । ਮੁਕਤੇ = ਵਿਕਾਰਾਂ ਦੇ ਅਸਰ ਤੋਂ ਸੁਤੰਤਰ। ਦਸਵੈ = ਦਸਵੇਂ ਦੁਆਰ ਵਿਚ। ਅਪਰੰਪਰੁ = ਪਰੇ ਤੋਂ ਪਰੇ ਪ੍ਰਭੂ। ਆਪੁ = ਆਪਣੇ ਆਪ ਨੂੰ।2। ਲਿਵ = ਲਗਨ, ਸੁਰਤਿ। ਅਕਲੁ = ਅਖੰਡ {ਕਲਾ = ਹਿੱਸਾ}। ਤੇ = ਤੋਂ। ਦੇਖਉ = ਮੈਂ ਵੇਖਦਾ ਹਾਂ। ਦੁਤੀਆ = ਦੂਜਾ, ਕੋਈ ਹੋਰ।3। ਸਚੁ = ਸਦਾ-ਥਿਰ ਰਹਿਣ ਵਾਲਾ। ਜਿਤੈ ਲਗਿ = ਜਿਸ ਵਿਚ ਲੱਗ ਕੇ। ਅਕਥੁ = ਉਹ ਪ੍ਰਭੂ ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਫੁਨਿ = ਮੁੜ, ਫਿਰ।4। ਸਚ ਬਿਨੁ = ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ। ਰਸਾਇਣੁ = ਸਭ ਰਸਾਂ ਦਾ ਘਰ {ਰਸ-ਅਯਨ}।5। ਅਥਾਹੁ = ਜਿਸ ਦੀ ਥਾਹ ਨਾਹ ਲੱਭ ਸਕੇ। ਬਿਖੁ = ਜ਼ਹਿਰ। ਅਤੀਤੁ = ਨਿਰਲੇਪ। ਊਪਰਿ = 'ਮਹਾ ਬਿਖੁ' ਤੋਂ ਉਤਾਂਹ।6। ਹਿਤ = ਮੋਹ। ਬਿਲਮ = ਢਿੱਲ। ਵਿਸਾਰਿ = ਵਿਸਾਰ ਕੇ। ਚਲਹਿ = ਜਾਂਦੇ ਹਨ।7। ਗਲਿ = ਗਲ ਵਿਚ। ਬੰਧਿ = ਬੰਨ੍ਹ ਕੇ।8। ਭਵ = ਸੰਸਾਰ-ਸਮੁੰਦਰ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।9। ਕ੍ਰਿਸਨਿ = ਕ੍ਰਿਸ਼ਨ ਨੇ। ਗੋਵਰਧਨ = ਬਿੰਦ੍ਰਾਬਨ ਦੇ ਨੇੜੇ ਇਕ ਪਹਾੜ। ਇਸ ਨੂੰ ਕ੍ਰਿਸ਼ਨ ਜੀ ਨੇ ਆਪਣੀ ਉਂਗਲੀ ਤੇ ਚੁੱਕ ਲਿਆ ਸੀ। ਧਾਰੇ = ਚੁੱਕ ਲਿਆ। ਸਾਇਰਿ = ਸਮੁੰਦਰ ਵਿਚ। ਪਾਹਣ = ਪੱਥਰ। ਸ੍ਰੀ ਰਾਮ ਚੰਦਰ ਜੀ ਨੇ ਸਮੁੰਦਰ ਵਿਚ ਪੱਥਰ ਤਰਾਏ ਸਨ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਗੁਰਿ = ਗੁਰੂ ਨੇ।10। ਸਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਚੀਨਹੁ = ਪਰਖੋ। ਰਿਦੈ = ਹਿਰਦੇ ਵਿਚ। ਜਪਿ = ਜਪ ਕੇ। ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਪ੍ਰਭਾਵ ਤੋਂ ਉਤਾਂਹ।11। ਪੰਚ = ਸਤ, ਸੰਤੋਖ, ਦਇਆ, ਧਰਮ, ਧੀਰਜ। ਸਖੇ = ਮਿੱਤਰ। ਅਗਨਿ = ਤ੍ਰਿਸ਼ਨਾ ਦੀ ਅੱਗ। ਮਨਿ = ਮਨ ਵਿਚ। ਮੁਖਿ = ਮੂੰਹ ਨਾਲ। ਨਾਮੁ ਜਗਜੀਵਨ = ਜਗਜੀਵਨ ਦਾ ਨਾਮ। ਅਲਖੁ = ਅਦ੍ਰਿਸ਼ਟ।12। ਸਬਦਿ = ਗੁਰੂ ਦੇ ਸ਼ਬਦ ਵਿਚ। ਉਸਤਤਿ = ਖ਼ੁਸ਼ਾਮਦ। ਆਪੁ = ਆਪਣੇ ਆਪ ਨੂੰ। ਜਗਦੀਸਰੁ = ਜਗਤ ਦਾ ਈਸ਼ਰ, ਪ੍ਰਭੂ। ਮਨਿ = ਮਨ ਵਿਚ।13। ਬ੍ਰਹਮੰਡਿ = ਜਗਤ ਵਿਚ। ਖੰਡਿ = ਸਰੀਰ ਵਿਚ।14। ਸੂਚਾ = ਸੁੱਚਾ, ਪਵਿੱਤ੍ਰ ਕਰਨ ਵਾਲਾ। ਆਖੀ = ਅੱਖਾਂ ਨਾਲ। ਸ੍ਰਵਣੀ = ਕੰਨਾਂ ਨਾਲ।15। ਅਰਥ: (ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰੋ, (ਸਿਮਰਨ ਦੀ ਬਰਕਤਿ ਨਾਲ ਉਸ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲੀ ਰਹੇਗੀ, ਜੀਵਨ-ਸਫ਼ਰ ਵਿਚ ਵਿਕਾਰਾਂ ਦੇ ਹੱਲੇ ਤੋਂ ਬਚੇ ਰਹੋਗੇ, ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵੋਗੇ। ਹੇ ਮਨ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਗੁਰੂ ਜਹਾਜ਼ ਹੈ, ਗੁਰੂ ਬੇੜੀ ਹੈ, ਗੁਰੂ ਤੁਲਹਾ ਹੈ, (ਗੁਰੂ ਦੀ ਸਰਨ ਪੈ ਕੇ) ਹਰਿ-ਨਾਮ ਜਪ, (ਜਿਸ ਜਿਸ ਨੇ ਜਪਿਆ ਹੈ ਗੁਰੂ ਨੇ ਉਸ ਨੂੰ) ਪਾਰ ਲੰਘਾ ਦਿੱਤਾ ਹੈ।1। ਪਰਮਾਤਮਾ ਦਾ ਨਾਮ ਹਉਮੈ ਮਮਤਾ ਤੇ ਲੋਭ ਦਾ ਨਾਸ ਕਰਨ ਵਾਲਾ ਹੈ, (ਨਾਮ ਸਿਮਰਨ ਦੀ ਬਰਕਤਿ ਨਾਲ) ਸਰੀਰ ਦੀਆਂ ਨੌ ਗੋਲਕਾਂ ਦੇ ਵਿਸ਼ਿਆਂ ਤੋਂ ਖ਼ਲਾਸੀ ਮਿਲੀ ਰਹਿੰਦੀ ਹੈ, ਸੁਰਤਿ ਦਸਵੇਂ ਦੁਆਰ ਵਿਚ ਟਿਕੀ ਰਹਿੰਦੀ ਹੈ (ਭਾਵ, ਦਸਵੇਂ ਦੁਆਰ ਦੀ ਰਾਹੀਂ ਪਰਮਾਤਮਾ ਨਾਲ ਸੰਬੰਧ ਬਣਿਆ ਰਹਿੰਦਾ ਹੈ) । ਜਿਸ ਪਰਮਾਤਮਾ ਨੇ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕੀਤਾ ਹੈ ਜੋ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ਉਹ ਉਸ ਦਸਮ ਦੁਆਰ ਵਿਚ ਪ੍ਰਤੱਖ ਹੋ ਜਾਂਦਾ ਹੈ।2। (ਹੇ ਭਾਈ!) ਗੁਰੂ ਦੀ ਮਤਿ ਗ੍ਰਹਿਣ ਕਰੋ (ਗੁਰੂ ਦੀ ਮਤਿ ਦੀ ਰਾਹੀਂ) ਪਰਮਾਤਮਾ ਵਿਚ ਸੁਰਤਿ ਜੋੜਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। (ਇਕ-ਰਸ ਵਿਆਪਕ) ਅਖੰਡ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਜਮ ਤੋਂ ਡਰਨ ਦੀ ਲੋੜ ਨਹੀਂ ਰਹਿ ਜਾਂਦੀ। (ਹੇ ਪ੍ਰਭੂ! ਇਹ ਤੇਰੇ ਸਿਮਰਨ ਦਾ ਹੀ ਸਦਕਾ ਹੈ ਕਿ) ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਤੂੰ ਹੀ ਤੂੰ ਦਿੱਸਦਾ ਹੈਂ। ਮੈਨੂੰ ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ, ਮੈਂ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ।3। ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਆਸਰਾ-ਪਰਨਾ ਭੀ ਸਦਾ-ਥਿਰ ਰਹਿਣ ਵਾਲਾ ਹੈ। ਗੁਰੂ ਦਾ ਸ਼ਬਦ (ਭੀ) ਸਦਾ-ਥਿਰ ਰਹਿਣ ਵਾਲਾ (ਵਸੀਲਾ ਹੈ) , ਸ਼ਬਦ ਵਿਚ ਜੁੜ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ। ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਜੋ ਮਨੁੱਖ ਉਸ ਪਰੇ ਤੋਂ ਪਰੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਉਸ ਦਾ ਦਰਸ਼ਨ ਕਰ ਲੈਂਦਾ ਹੈ, ਉਹ ਮਨੁੱਖ ਫਿਰ ਗਰਭ-ਜੋਨਿ ਵਿਚ ਨਹੀਂ ਆਉਂਦਾ।4। ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਕੋਈ ਮਨੁੱਖ ਦੂਜਿਆਂ ਦੀ) ਸੇਵਾ ਤੇ ਸੰਤੋਖ (ਦਾ ਆਤਮਕ ਗੁਣ) ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ, ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਹੇ ਨਾਨਕ! ਹਰੀ ਦਾ ਨਾਮ ਸਿਮਰ ਜੋ ਸਭ ਮੰਤ੍ਰਾਂ ਦਾ ਮੂਲ ਹੈ ਤੇ ਜੋ ਸਭ ਰਸਾਂ ਦਾ ਸੋਮਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਸਿਮਰਦਾ ਹੈ) ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ।5। ਇਹ ਸੰਸਾਰ-ਸਮੁੰਦਰ ਬਹੁਤ ਹੀ ਡੂੰਘਾ ਹੈ ਤੇ (ਵਿਕਾਰਾਂ ਦੇ) ਜ਼ਹਿਰ ਨਾਲ ਭਰਿਆ ਹੋਇਆ ਹੈ। ਸਦਾ-ਥਿਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਸ ਵਿਚੋਂ ਪਾਰ ਨਹੀਂ ਲੰਘ ਸਕੀਦਾ। ਜੇਹੜਾ ਮਨੁੱਖ ਗੁਰੂ ਦੀ ਮਤਿ ਲੈਂਦਾ ਹੈ ਉਹ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ ਉਹ ਜ਼ਹਿਰ-ਭਰੇ ਸਮੁੰਦਰ ਤੋਂ ਉਤਾਂਹ ਉਤਾਂਹ ਰਹਿੰਦਾ ਹੈ, ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ ਤੇ ਉਹ ਅਜੇਹੇ (ਆਤਮਕ) ਟਿਕਾਣੇ ਵਿਚ ਪਹੁੰਚ ਜਾਂਦਾ ਹੈ ਜਿਥੇ ਉਹ ਵਿਕਾਰਾਂ ਦੇ ਡਰ-ਸਹਿਮ ਤੋਂ ਪਰੇ ਹੋ ਜਾਂਦਾ ਹੈ।6। ਜਗਤ ਦੇ (ਪਦਾਰਥਾਂ ਦੇ) ਮੋਹ ਦੀ ਸਿਆਣਪ ਵਿਅਰਥ ਹੀ ਜਾਂਦੀ ਹੈ ਕਿਉਂਕਿ (ਜਗਤ ਦੀ ਮਾਇਆ ਦਾ ਸਾਥ ਮੁੱਕਦਿਆਂ) ਰਤਾ ਚਿਰ ਨਹੀਂ ਲੱਗਦਾ ਤੇ ਮਨੁੱਖ ਇਸ ਮੋਹ ਦੇ ਕਾਰਨ ਜਨਮ ਮਰਨ ਵਿਚ ਪੈ ਜਾਂਦਾ ਹੈ। ਮਾਇਆ ਦਾ ਮਾਣ ਕਰਨ ਵਾਲੇ ਬੰਦੇ ਪਰਮਾਤਮਾ ਦਾ ਨਾਮ ਭੁਲਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ। (ਜੋ ਭੀ ਪ੍ਰਭੂ ਦਾ ਨਾਮ ਵਿਸਾਰਦਾ ਹੈ ਉਹ) ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਤੇ ਖ਼ੁਆਰ ਹੁੰਦਾ ਹੈ।7। ਜਿਨ੍ਹਾਂ ਬੰਦਿਆਂ ਦੇ ਗਲ ਵਿਚ ਹਉਮੈ ਤੇ ਮਾਇਆ ਦੇ ਮੋਹ ਦੇ ਫਾਹੇ ਪਏ ਰਹਿੰਦੇ ਹਨ, ਉਹ ਇਹਨਾਂ ਬੰਧਨਾਂ ਵਿਚ ਬੱਝੇ ਹੋਏ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਜਿਸ ਮਨੁੱਖ ਨੂੰ ਸਤਿਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੋਇਆ, ਉਸ ਮੋਹ ਦੇ ਬੰਧਨਾਂ ਵਿਚ ਬੱਝ ਕੇ ਜਮ ਦੇ ਸ਼ਹਿਰ ਵਿਚ ਧੱਕਿਆ ਜਾਂਦਾ ਹੈ।8। ਗੁਰੂ ਦੀ ਸਰਨ ਤੋਂ ਬਿਨਾ (ਹਉਮੈ ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਕਿਸੇ ਭੀ ਹਾਲਤ ਵਿਚ ਨਹੀਂ ਮਿਲ ਸਕਦੀ, ਕਿਉਂਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਪਰਮਾਤਮਾ ਦਾ ਨਾਮ ਸਿਮਰਿਆ ਨਹੀਂ ਜਾ ਸਕਦਾ। (ਹੇ ਭਾਈ!) ਗੁਰੂ ਦੀ ਮਤਿ ਤੇ ਤੁਰ ਕੇ (ਨਾਮ ਸਿਮਰੋ, ਇਸ ਤਰ੍ਹਾਂ) ਉਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਵੋਗੇ ਜਿਸ ਵਿਚੋਂ ਪਾਰ ਲੰਘਣਾ ਬਹੁਤ ਹੀ ਔਖਾ ਹੈ। ਜੇਹੜੇ ਬੰਦੇ (ਨਾਮ ਸਿਮਰ ਕੇ) ਵਿਕਾਰਾਂ ਵਿਚੋਂ ਬੱਚ ਨਿਕਲੇ ਉਹਨਾਂ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ।9। ਗੁਰੂ ਦੀ ਮਤਿ ਤੇ ਤੁਰ ਕੇ ਨਾਮ ਸਿਮਰਿਆਂ ਬੜੀ ਉੱਚੀ ਆਤਮਕ ਅਵਸਥਾ ਹਾਸਲ ਹੋ ਜਾਂਦੀ ਹੈ (ਬੜਾ ਆਤਮਕ ਬਲ ਪ੍ਰਾਪਤ ਹੋ ਜਾਂਦਾ ਹੈ) ਇਸੇ ਗੁਰਮਤਿ ਦੀ ਬਰਕਤਿ ਨਾਲ ਕ੍ਰਿਸ਼ਨ (ਜੀ) ਨੇ ਗੋਵਰਧਨ ਪਹਾੜ ਨੂੰ (ਉਂਗਲਾਂ ਤੇ) ਚੁੱਕ ਲਿਆ ਸੀ ਤੇ (ਸ੍ਰੀ ਰਾਮ ਚੰਦ੍ਰ ਜੀ ਨੇ) ਪੱਥਰ ਸਮੁੰਦਰ ਉੱਤੇ ਤਾਰ ਦਿੱਤੇ ਸਨ। ਹੇ ਨਾਨਕ! (ਜੋ ਭੀ ਮਨੁੱਖ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਦੀ ਭਟਕਣਾ ਮੁਕਾ ਦਿੱਤੀ।10। (ਹੇ ਭਾਈ!) ਗੁਰੂ ਦੀ ਮਤਿ ਗ੍ਰਹਿਣ ਕਰੋ ਤੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰੋ, ਇਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤਾਰੀ ਤਰੋ। ਆਪਣੇ ਆਤਮਕ ਜੀਵਨ ਨੂੰ ਗਹੁ ਨਾਲ ਵੇਖੋ ਤੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ। ਪਰਮਾਤਮਾ ਦਾ ਨਾਮ ਜਪ ਕੇ ਜਪ ਦੇ ਦੇਸ ਲੈ ਜਾਣ ਵਾਲੇ ਬੰਧਨ ਕੱਟੇ ਜਾਂਦੇ ਹਨ। ਜੇਹੜਾ ਭੀ ਮਨੁੱਖ ਨਾਮ ਜਪਦਾ ਹੈ ਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ।11। ਗੁਰੂ ਦੀ ਮਤਿ ਤੇ ਤੁਰਿਆਂ ਸਤ ਸੰਤੋਖ ਆਦਿਕ ਪੰਜੇ ਮਨੁੱਖ ਦੇ ਆਤਮਕ ਸਾਥੀ ਬਣ ਜਾਂਦੇ ਹਨ ਗੁਰ-ਭਾਈ ਬਣ ਜਾਂਦੇ ਹਨ। ਗੁਰੂ ਦੀ ਮਤਿ ਤ੍ਰਿਸ਼ਨਾ ਦੀ ਅੱਗ ਨੂੰ ਦੂਰ ਕਰ ਕੇ ਪ੍ਰਭੂ ਦੇ ਨਾਮ ਵਿਚ ਜੋੜ ਦੇਂਦੀ ਹੈ। (ਹੇ ਭਾਈ!) ਜਗਤ ਦੇ ਜੀਵਨ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਆਪਣੇ ਮੂੰਹ ਨਾਲ ਜਪਦੇ ਰਹੋ। (ਜੇਹੜਾ ਮਨੁੱਖ ਜਪਦਾ ਹੈ ਉਹ) ਆਪਣੇ ਹਿਰਦੇ ਵਿਚ ਅਦ੍ਰਿਸ਼ਟ ਪ੍ਰਭੂ ਦਾ ਦਰਸ਼ਨ ਕਰ ਲੈਂਦਾ ਹੈ।12। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਜੀਵਨ-ਜੁਗਤਿ) ਸਮਝ ਲੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਸ਼ਾਂਤੀ ਹਾਸਲ ਕਰ ਲੈਂਦਾ ਹੈ। ਇਹ ਫਿਰ ਨਾਹ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ ਨਾਹ ਕਿਸੇ ਦੀ ਨਿੰਦਿਆ ਕਰਦਾ ਹੈ। (ਹੇ ਭਾਈ!) ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹੋ, ਤੇ ਜਗਤ ਦੇ ਮਾਲਕ (ਦਾ ਨਾਮ) ਜਪਦੇ ਰਹੋ। (ਜੇਹੜਾ ਮਨੁੱਖ ਨਾਮ ਜਪਦਾ ਹੈ ਉਸ ਨੂੰ ਜਗਤ ਦਾ ਨਾਥ ਹਰੀ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।13। ਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਹੈ ਉਸ ਨੂੰ ਆਪਣੇ ਸਰੀਰ ਵਿਚ ਵੱਸਦਾ ਪਛਾਣੋ। ਗੁਰੂ ਦੀ ਸਰਨ ਪੈ ਕੇ ਇਹ ਭੇਤ ਸਮਝੋ, ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਅਸਲੀਅਤ ਨੂੰ ਪਛਾਣੋ। ਦੁਨੀਆ ਦੇ ਸਾਰੇ ਪਦਾਰਥਾਂ ਨੂੰ ਮਾਣ ਸਕਣ ਵਾਲਾ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੋ ਕੇ ਸਾਰੇ ਭੋਗ ਭੋਗ ਰਿਹਾ ਹੈ, ਫਿਰ ਭੀ ਸਾਰੀ ਸ੍ਰਿਸ਼ਟੀ ਤੋਂ ਨਿਰਲੇਪ ਰਹਿੰਦਾ ਹੈ।14। (ਹੇ ਭਾਈ!) ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੋ ਜੋ ਜੀਵਨ ਨੂੰ ਪਵਿੱਤ੍ਰ ਬਣਾ ਦੇਂਦੀ ਹੈ। ਗੁਰੂ ਦੀ ਸਿੱਖਿਆ ਤੇ ਤੁਰ ਕੇ ਉਸ ਸਭ ਤੋਂ ਉੱਚੇ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਅੰਦਰ ਬਾਹਰ ਹਰ ਥਾਂ) ਵੇਖੋ। ਹੇ ਨਾਨਕ! ਜੇਹੜਾ ਮਨੁੱਖ ਆਪਣੇ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਦਾ ਹੈ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦਾ ਹੈ ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।15।3। 20। |
![]() |
![]() |
![]() |
![]() |
Sri Guru Granth Darpan, by Professor Sahib Singh |