ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1039

ਮਾਰੂ ਮਹਲਾ ੧ ॥ ਹਰਿ ਧਨੁ ਸੰਚਹੁ ਰੇ ਜਨ ਭਾਈ ॥ ਸਤਿਗੁਰ ਸੇਵਿ ਰਹਹੁ ਸਰਣਾਈ ॥ ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥੧॥ ਤੂ ਏਕੰਕਾਰੁ ਨਿਰਾਲਮੁ ਰਾਜਾ ॥ ਤੂ ਆਪਿ ਸਵਾਰਹਿ ਜਨ ਕੇ ਕਾਜਾ ॥ ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥੨॥ ਦੇਹੀ ਨਗਰੀ ਊਤਮ ਥਾਨਾ ॥ ਪੰਚ ਲੋਕ ਵਸਹਿ ਪਰਧਾਨਾ ॥ ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥੩॥ ਦੇਹੀ ਨਗਰੀ ਨਉ ਦਰਵਾਜੇ ॥ ਸਿਰਿ ਸਿਰਿ ਕਰਣੈਹਾਰੈ ਸਾਜੇ ॥ ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥੪॥ ਪੁਰਖੁ ਅਲੇਖੁ ਸਚੇ ਦੀਵਾਨਾ ॥ ਹੁਕਮਿ ਚਲਾਏ ਸਚੁ ਨੀਸਾਨਾ ॥ ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥੫॥ ਸਰਬ ਨਿਰੰਜਨ ਪੁਰਖੁ ਸੁਜਾਨਾ ॥ ਅਦਲੁ ਕਰੇ ਗੁਰ ਗਿਆਨ ਸਮਾਨਾ ॥ ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ ॥੬॥ ਸਚੈ ਥਾਨਿ ਵਸੈ ਨਿਰੰਕਾਰਾ ॥ ਆਪਿ ਪਛਾਣੈ ਸਬਦੁ ਵੀਚਾਰਾ ॥ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਜੋਗੀ ਸਬਦੁ ਅਨਾਹਦੁ ਵਾਵੈ ॥ ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥੮॥ ਭਉ ਬੈਰਾਗਾ ਸਹਜਿ ਸਮਾਤਾ ॥ ਹਉਮੈ ਤਿਆਗੀ ਅਨਹਦਿ ਰਾਤਾ ॥ ਅੰਜਨੁ ਸਾਰਿ ਨਿਰੰਜਨੁ ਜਾਣੈ ਸਰਬ ਨਿਰੰਜਨੁ ਰਾਇਆ ॥੯॥ ਦੁਖ ਭੈ ਭੰਜਨੁ ਪ੍ਰਭੁ ਅਬਿਨਾਸੀ ॥ ਰੋਗ ਕਟੇ ਕਾਟੀ ਜਮ ਫਾਸੀ ॥ ਨਾਨਕ ਹਰਿ ਪ੍ਰਭੁ ਸੋ ਭਉ ਭੰਜਨੁ ਗੁਰਿ ਮਿਲਿਐ ਹਰਿ ਪ੍ਰਭੁ ਪਾਇਆ ॥੧੦॥ ਕਾਲੈ ਕਵਲੁ ਨਿਰੰਜਨੁ ਜਾਣੈ ॥ ਬੂਝੈ ਕਰਮੁ ਸੁ ਸਬਦੁ ਪਛਾਣੈ ॥ ਆਪੇ ਜਾਣੈ ਆਪਿ ਪਛਾਣੈ ਸਭੁ ਤਿਸ ਕਾ ਚੋਜੁ ਸਬਾਇਆ ॥੧੧॥ ਆਪੇ ਸਾਹੁ ਆਪੇ ਵਣਜਾਰਾ ॥ ਆਪੇ ਪਰਖੇ ਪਰਖਣਹਾਰਾ ॥ ਆਪੇ ਕਸਿ ਕਸਵਟੀ ਲਾਏ ਆਪੇ ਕੀਮਤਿ ਪਾਇਆ ॥੧੨॥ ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥ ਘਟਿ ਘਟਿ ਰਵਿ ਰਹਿਆ ਬਨਵਾਰੀ ॥ ਪੁਰਖੁ ਅਤੀਤੁ ਵਸੈ ਨਿਹਕੇਵਲੁ ਗੁਰ ਪੁਰਖੈ ਪੁਰਖੁ ਮਿਲਾਇਆ ॥੧੩॥ ਪ੍ਰਭੁ ਦਾਨਾ ਬੀਨਾ ਗਰਬੁ ਗਵਾਏ ॥ ਦੂਜਾ ਮੇਟੈ ਏਕੁ ਦਿਖਾਏ ॥ ਆਸਾ ਮਾਹਿ ਨਿਰਾਲਮੁ ਜੋਨੀ ਅਕੁਲ ਨਿਰੰਜਨੁ ਗਾਇਆ ॥੧੪॥ ਹਉਮੈ ਮੇਟਿ ਸਬਦਿ ਸੁਖੁ ਹੋਈ ॥ ਆਪੁ ਵੀਚਾਰੇ ਗਿਆਨੀ ਸੋਈ ॥ ਨਾਨਕ ਹਰਿ ਜਸੁ ਹਰਿ ਗੁਣ ਲਾਹਾ ਸਤਸੰਗਤਿ ਸਚੁ ਫਲੁ ਪਾਇਆ ॥੧੫॥੨॥੧੯॥ {ਪੰਨਾ 1039-1040}

ਪਦ ਅਰਥ: ਸੰਚਹੁ = ਇਕੱਠਾ ਕਰੋ। ਤਸਕਰੁ = ਚੋਰ। ਧੁਨਿ = ਰੌ।1।

ਅਸਥਿਰ = ਸਦਾ ਕਾਇਮ ਰਹਿਣ ਵਾਲਾ। ਥਾਨਿ = ਥਾਂ ਵਿਚ।2।

ਦੇਹੀ = ਸਰੀਰ। ਪੰਚ ਲੋਕ = ਸੰਤ ਜਨ।3।

ਨਉ ਦਰਵਾਜੇ = ਨੌ ਗੋਲਕਾਂ (ਕੰਨ ਨੱਕ ਆਦਿਕ) । ਸਿਰਿ ਸਿਰਿ = ਹਰੇਕ ਦੇ ਸਿਰ ਉਤੇ, ਹਰੇਕ ਦੇ। ਅਲਖੁ = ਅਦ੍ਰਿਸ਼ਟ।4।

ਅਲੇਖੁ = ਜਿਸ ਦੀ ਕੋਈ ਤਸਵੀਰ ਨਾਹ ਬਣਾਈ ਜਾ ਸਕੇ। ਸਚੇ = ਸਦਾ-ਥਿਰ ਰਹਿਣ ਵਾਲੇ ਦਾ। ਸਚੁ = ਸਦਾ-ਥਿਰ ਰਹਿਣ ਵਾਲਾ। ਨੀਸਾਨਾ = ਪਰਵਾਨਾ। ਲਹਹੁ = ਲੱਭ ਲਵੋ।5।

ਨਿਰੰਜਨ = {ਨਿਰ-ਅੰਜਨ} ਜਿਸ ਉਤੇ ਮਾਇਆ ਕਾਲਖ ਦਾ ਅਸਰ ਨਾਹ ਪੈ ਸਕੇ। ਅਦਲੁ = ਨਿਆਂ। ਗਰਦਨਿ = ਧੌਣ।6।

ਸਚੈ ਥਾਨਿ = ਸਦਾ-ਥਿਰ ਰਹਿਣ ਵਾਲੇ ਥਾਂ ਤੇ। ਨਿਰੰਤਰਿ = {inr ANqr} ਵਿੱਥ ਤੋਂ ਬਿਨਾ, ਇਕ-ਰਸ। ਮਹਲਿ = ਮਹਿਲ ਵਿਚ।7।

ਚਲੈ = ਭਟਕਦਾ ਹੈ, ਡੋਲਦਾ ਹੈ। ਪਉਣ = ਹਵਾ, ਵਾਸ਼ਨਾ। ਅਨਾਹਦੁ = ਇਕ-ਰਸ। ਵਾਵੈ = ਵਜਾਂਦਾ ਹੈ। ਝੁਣਕਾਰੁ = ਇਕ-ਰਸ ਮਿੱਠੀ ਆਵਾਜ਼। ਪੰਚ ਸਬਦ ਝੁਣਕਾਰੁ = ਪੰਜ ਕਿਸਮ ਦੇ ਸਾਜਾਂ ਤੋਂ ਮਿਲਵੀਂ ਪੈਦਾ ਹੋਣ ਵਾਲੀ ਇਕ-ਰਸ ਮਿੱਠੀ ਸੁਰ। ਨਿਰਾਲਮੁ = {inr-AwlMb} (ਕਿਸੇ ਸਾਜ਼ ਆਦਿਕ ਦੇ) ਆਸਰੇ ਤੋਂ ਬਿਨਾ। ਪ੍ਰਭਿ = ਪ੍ਰਭੂ ਨੇ। ਵਾਇ = ਵਜਾ ਕੇ।8।

ਬੈਰਾਗਾ = ਵੈਰਾਗ, ਵਿਛੋੜੇ ਦਾ ਅਹਿਸਾਸ। ਸਹਜਿ = ਆਤਮਕ ਅਡੋਲਤਾ ਵਿਚ। ਅਨਹਦਿ = ਇਕ-ਰਸ ਟਿਕੇ ਰਹਿਣ ਵਾਲੇ ਪ੍ਰਭੂ ਵਿਚ। ਅੰਜਨੁ = ਸੁਰਮਾ। ਸਾਰਿ = ਪਾ ਕੇ।9।

ਗੁਰਿ ਮਿਲਿਐ = ਜੇ ਗੁਰੂ ਮਿਲ ਪਏ।10।

ਕਵਲੁ = ਗਿਰਾਹੀ {kvl = a mouthful}। ਕਾਲੈ ਕਵਲੁ = ਕਾਲ ਦੀ ਗਿਰਾਹੀ (ਬਣਾ ਲੈਂਦਾ ਹੈੌ) , ਮੌਤ ਦਾ ਡਰ ਮੁਕਾ ਲੈਂਦਾ ਹੈ। ਕਰਮੁ = ਬਖ਼ਸ਼ਸ਼। ਚੋਜ = ਤਮਾਸ਼ਾ।11।

ਕਸਿ = ਘਸਾ ਕੇ।12।

ਦਇਆਲਿ ਪ੍ਰਭਿ = ਦਇਆਲ ਪ੍ਰਭੂ ਨੇ। ਬਨਵਾਰੀ = ਜਗਤ ਦਾ ਮਾਲਕ। ਅਤੀਤੁ = ਨਿਰਲੇਪੁ। ਨਿਹਕੇਵਲੁ = {inÓkYvÑX} ਪਵਿਤ੍ਰ, ਸੁੱਧ-ਸਰੂਪ। ਗੁਰਪੁਰਖੈ = ਗੁਰੂ ਪੁਰਖ ਨੇ। ਪੁਰਖੁ = ਸਰਬ-ਵਿਆਪਕ ਪ੍ਰਭੂ।13।

ਗਰਬੁ = ਅਹੰਕਾਰ। ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਮਾਹਿ = ਵਿਚ। ਜੋਨੀ = ਮਨੁੱਖ-ਜੂਨ ਵਾਲਾ, ਮਨੁੱਖ। ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ।14।

ਮੇਟਿ = ਮਿਟਾ ਕੇ। ਸਬਦਿ = ਸ਼ਬਦ ਦੀ ਰਾਹੀਂ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਲਾਹਾ = ਲਾਭ। ਸਚੁ = ਸਦਾ-ਥਿਰ ਰਹਿਣ ਵਾਲਾ।15।

ਅਰਥ: ਹੇ ਭਾਈ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ (ਪਰ ਇਹ ਧਨ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਮਿਲਦਾ ਹੈ, ਇਸ ਵਾਸਤੇ) ਗੁਰੂ ਦੀ ਦੱਸੀ ਸੇਵਾ ਕਰ ਕੇ ਗੁਰੂ ਦੀ ਸਰਨ ਵਿਚ ਟਿਕੇ ਰਹੋ। (ਜੇਹੜਾ ਮਨੁੱਖ ਇਹ ਆਤਮਕ ਰਸਤਾ ਫੜਦਾ ਹੈ) ਉਸ ਨੂੰ ਕੋਈ (ਕਾਮਾਦਿਕ) ਚੋਰ ਨਹੀਂ ਲੱਗਦਾ (ਕੋਈ ਚੋਰ ਉਸ ਉਤੇ ਆਪਣਾ ਦਾਅ ਨਹੀਂ ਲਾ ਸਕਦਾ ਕਿਉਂਕਿ) ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਉਸ ਨੂੰ ਜਗਾ ਦਿੱਤਾ ਹੈ ਤੇ ਉਸ ਦੇ ਅੰਦਰ (ਨਾਮ ਸਿਮਰਨ ਦੀ) ਰੌ ਪੈਦਾ ਹੋਈ ਰਹਿੰਦੀ ਹੈ।1।

ਹੇ ਪ੍ਰਭੂ! ਤੂੰ ਇਕ ਆਪ ਹੀ ਆਪ ਹੈਂ, ਤੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈਂ, ਆਪਣੇ ਸੇਵਕਾਂ ਦੇ ਕੰਮ ਤੂੰ ਆਪ ਸਵਾਰਦਾ ਹੈਂ। ਹੇ ਹਰੀ! ਤੈਨੂੰ ਮੌਤ ਨਹੀਂ ਪੋਹ ਸਕਦੀ, ਤੈਨੂੰ ਮਾਇਆ ਡੁਲਾ ਨਹੀਂ ਸਕਦੀ, ਤੂੰ ਬੇਅੰਤ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਤੂੰ ਐਸੇ ਥਾਂ ਸੋਭ ਰਿਹਾ ਹੈਂ ਜੋ ਸਦਾ ਕਾਇਮ ਰਹਿਣ ਵਾਲਾ ਹੈ।2।

ਮਨੁੱਖਾ ਸਰੀਰ, ਮਾਨੋ, ਇਕ ਸ਼ਹਿਰ ਹੈ। ਜਿਸ ਜਿਸ ਸਰੀਰ-ਸ਼ਹਿਰ ਵਿਚ ਮੰਨੇ-ਪ੍ਰਮੰਨੇ ਸੰਤ ਜਨ ਵੱਸਦੇ ਹਨ, ਉਹ ਉਹ ਸਰੀਰ-ਸ਼ਹਿਰ (ਪਰਮਾਤਮਾ ਦੇ ਵੱਸਣ ਲਈ) ਸ੍ਰੇਸ਼ਟ ਥਾਂ ਹੈ। ਜੇਹੜਾ ਪਰਮਾਤਮਾ ਸਭ ਜੀਵਾਂ ਦੇ ਸਿਰ ਤੇ ਰਾਖਾ ਹੈ, ਜੇਹੜਾ ਇਕ ਆਪ ਹੀ ਆਪ (ਆਪਣੇ ਵਰਗਾ) ਹੈ, ਜਿਸ ਨੂੰ ਹੋਰ ਕਿਸੇ ਆਸਰੇ-ਸਹਾਰੇ ਦੀ ਲੋੜ ਨਹੀਂ, ਉਹ ਪਰਮਾਤਮਾ (ਉਸ ਸਰੀਰ-ਸ਼ਹਿਰ ਵਿਚ, ਮਾਨੋ,) ਐਸੀ ਸਮਾਧੀ ਲਾਈ ਬੈਠਾ ਹੈ ਜਿਸ ਵਿਚ ਕੋਈ ਮਾਇਕ-ਫੁਰਨੇ ਨਹੀਂ ਉਠਦੇ।3।

ਸਿਰਜਣਹਾਰ ਪ੍ਰਭੂ ਨੇ ਹਰੇਕ ਸਰੀਰ-ਸ਼ਹਿਰ ਨੂੰ ਨੌ ਨੌ ਦਰਵਾਜ਼ੇ ਲਾ ਦਿੱਤੇ ਹਨ (ਇਹਨਾਂ ਦਰਵਾਜ਼ਿਆਂ ਦੀ ਰਾਹੀਂ, ਸਰੀਰ-ਸ਼ਹਿਰ ਵਿਚ ਵੱਸਣ ਵਾਲਾ ਜੀਵਾਤਮਾ ਬਾਹਰਲੀ ਦੁਨੀਆ ਨਾਲ ਆਪਣਾ ਸੰਬੰਧ ਬਣਾਈ ਰੱਖਦਾ ਹੈ। ਇਕ ਦਸਵਾਂ ਦਰਵਾਜ਼ਾ ਭੀ ਹੈ ਜਿਸ ਦੀ ਰਾਹੀਂ ਪਰਮਾਤਮਾ ਤੇ ਜੀਵਾਤਮਾ ਦਾ ਮੇਲ ਹੁੰਦਾ ਹੈ, ਉਸ) ਵਿਚ ਉਹ ਪਰਮਾਤਮਾ ਆਪ ਟਿਕਦਾ ਹੈ ਜੋ ਸਰਬ-ਵਿਆਪਕ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੋ ਨਿਰਲੇਪ ਹੈ ਤੇ ਜੋ ਅਦ੍ਰਿਸ਼ਟ ਹੈ। (ਪਰ ਜੀਵ ਨੂੰ ਆਪਣਾ ਆਪ) ਉਹ ਆਪ ਹੀ ਵਿਖਾਂਦਾ ਹੈ।4।

ਹਰੇਕ ਸਰੀਰ-ਸ਼ਹਿਰ ਵਿਚ ਰਹਿਣ ਵਾਲਾ ਪਰਮਾਤਮਾ ਐਸਾ ਹੈ ਕਿ ਉਸ ਦਾ ਕੋਈ ਚਿੱਤ੍ਰ ਨਹੀਂ ਬਣਾ ਸਕਦਾ (ਉਹ ਸਦਾ-ਥਿਰ ਰਹਿਣ ਵਾਲਾ ਹੈ ਤੇ) ਉਸ ਸਦਾ-ਥਿਰ ਪ੍ਰਭੂ ਦਾ ਦਰਬਾਰ ਭੀ ਸਦਾ-ਥਿਰ ਹੈ। (ਜਗਤ ਦੀ ਸਾਰੀ ਕਾਰ ਉਹ) ਆਪਣੇ ਹੁਕਮ ਵਿਚ ਚਲਾ ਰਿਹਾ ਹੈ (ਉਸ ਦੇ ਹੁਕਮ ਦਾ) ਪਰਵਾਨਾ ਅਟੱਲ ਹੈ। ਹੇ ਨਾਨਕ! (ਉਹ ਸਰਬ-ਵਿਆਪਕ ਪ੍ਰਭੂ ਹਰੇਕ ਸਰੀਰ-ਘਰ ਵਿਚ ਮੌਜੂਦ ਹੈ) ਆਪਣਾ ਹਿਰਦਾ-ਘਰ ਖੋਜ ਕੇ ਉਸ ਨੂੰ ਲੱਭ ਲਵੋ। (ਜਿਸ ਜਿਸ ਮਨੁੱਖ ਨੇ ਇਹ ਖੋਜ-ਭਾਲ ਕੀਤੀ ਹੈ) ਉਸ ਨੇ ਉਸ ਸਰਬ-ਵਿਅਪਕ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ ਹੈ।5।

ਉਹ ਸੁਜਾਨ ਪ੍ਰਭੂ ਸਭ ਸਰੀਰਾਂ ਵਿਚ ਵਿਆਪਕ ਹੁੰਦਾ ਹੋਇਆ ਭੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤੇ (ਹਰੇਕ ਗੱਲ ਵਿਚ) ਨਿਆਂ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਬਖ਼ਸ਼ੇ ਇਸ ਗਿਆਨ ਵਿਚ ਆਪਣੇ ਆਪ ਨੂੰ ਲੀਨ ਕਰਦਾ ਹੈ ਉਹ ਆਪਣੇ ਅੰਦਰੋਂ ਕਾਮ ਤੇ ਕ੍ਰੋਧ ਨੂੰ ਉੱਕਾ ਹੀ ਮਾਰ ਲੈਂਦਾ ਹੈ, ਉਸ ਨੇ ਹਉਮੈ ਤੇ ਲੋਭ ਨੂੰ ਮੁਕਾ ਲਿਆ ਹੈ।6।

ਉਹ ਪਰਮਾਤਮਾ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਇਕ ਐਸੇ ਥਾਂ ਤੇ ਰਹਿੰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਉਹ ਆਪ ਹੀ ਆਪਣੇ ਹੁਕਮ ਨੂੰ ਵਿਚਾਰਦਾ ਹੈ ਤੇ ਆਪ ਹੀ ਸਮਝਦਾ ਹੈ। ਜਿਸ ਜੀਵ ਨੇ ਉਸ ਸਦਾ-ਥਿਰ ਪ੍ਰਭੂ ਦੇ ਚਰਨਾਂ (ਮਹਿਲ) ਵਿਚ ਆਪਣਾ ਟਿਕਾਣਾ ਸਦਾ ਲਈ ਬਣਾ ਲਿਆ (ਭਾਵ, ਜੋ ਮਨੁੱਖ ਸਦਾ ਉਸ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ) ਪਰਮਾਤਮਾ ਉਸ ਦਾ ਜੰਮਣ ਮਰਨ ਦਾ ਗੇੜ ਮੁਕਾ ਦੇਂਦਾ ਹੈ।7।

ਉਸ ਮਨੁੱਖ ਦਾ ਮਨ (ਮਾਇਆ ਦੀ ਖ਼ਾਤਰ) ਨਹੀਂ ਭਟਕਦਾ, ਮਾਇਆ ਦੀ ਤ੍ਰਿਸ਼ਨਾ ਉਸ ਨੂੰ ਥਾਂ ਥਾਂ ਨਹੀਂ ਦੌੜਾਈ ਫਿਰਦੀ। ਪ੍ਰਭੂ-ਚਰਨਾਂ ਵਿਚ ਜੁੜਿਆ ਉਹ ਮਨੁੱਖ (ਆਪਣੇ ਅੰਦਰ) ਇਕ-ਰਸ ਸਿਫ਼ਤਿ-ਸਾਲਾਹ (ਦਾ ਵਾਜਾ) ਵਜਾਂਦਾ ਰਹਿੰਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ, ਮਾਨੋ, ਇਕ ਮਿੱਠਾ ਮਿੱਠਾ ਇਕ-ਰਸ ਰਾਗ ਹੁੰਦਾ ਹੈ ਜਿਵੇਂ ਪੰਜ ਕਿਸਮਾਂ ਦੇ ਸਾਜ਼ਾਂ ਦੇ ਇਕੱਠੇ ਵਜਾਣ ਨਾਲ ਪੈਦਾ ਹੁੰਦਾ ਹੈ, ਉਸ ਰਾਗ ਨੂੰ ਬਾਹਰੋਂ ਕਿਸੇ ਸਾਜ਼ ਦੇ ਆਸਰੇ ਦੀ ਲੋੜ ਨਹੀਂ ਪੈਂਦੀ। ਇਹ ਰਾਗ (ਅੰਦਰ-ਵੱਸਦੇ) ਪ੍ਰਭੂ ਨੇ ਆਪ ਹੀ ਵਜਾ ਕੇ ਉਸ ਨੂੰ ਸੁਣਾਇਆ ਹੈ।8।

ਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਡਰ-ਅਦਬ ਪੈਦਾ ਹੁੰਦਾ ਹੈ, ਪਰਮਾਤਮਾ ਦਾ ਪਿਆਰ ਉਪਜਦਾ ਹੈ, (ਜਿਸ ਕਰਕੇ) ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਉਹ ਮਨੁੱਖ ਹਉਮੈ ਦੂਰ ਕਰ ਕੇ ਅਬਿਨਾਸੀ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ। (ਪ੍ਰਭੂ ਦੇ ਨਾਮ ਦਾ) ਸੁਰਮਾ ਪਾ ਕੇ ਉਹ ਪਛਾਣ ਲੈਂਦਾ ਹੈ ਕਿ ਉਹ ਰਾਜਨ-ਪ੍ਰਭੂ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ (ਸਰਨ ਪਏ) ਸਭ ਜੀਵਾਂ ਨੂੰ ਭੀ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਂਦਾ ਹੈ।9।

ਪ੍ਰਭੂ ਜੀਵਾਂ ਦੇ ਦੁੱਖ ਤੇ ਡਰ ਨਾਸ ਕਰਨ ਵਾਲਾ ਹੈ ਤੇ ਆਪ ਕਦੇ ਨਾਸ ਹੋਣ ਵਾਲਾ ਨਹੀਂ। ਉਹ ਜੀਵਾਂ ਦੇ ਰੋਗ ਕੱਟਦਾ ਹੈ, ਜਮ ਦੀ ਫਾਹੀ ਤੋੜਦਾ ਹੈ। ਹੇ ਨਾਨਕ! ਉਹ ਹਰੀ, ਉਹ ਭਉ-ਭੰਜਨ ਪ੍ਰਭੂ ਤਦੋਂ ਹੀ ਮਿਲਦਾ ਹੈ ਜੇ ਗੁਰੂ ਮਿਲ ਪਵੇ।10।

ਜੇਹੜਾ ਮਨੁੱਖ ਮਾਇਆ-ਰਹਿਤ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ਉਹ ਮੌਤ ਦੀ ਗਿਰਾਹੀ ਕਰ ਲੈਂਦਾ ਹੈ (ਉਹ ਮੌਤ ਦਾ ਡਰ ਮੁਕਾ ਲੈਂਦਾ ਹੈ) , ਉਹ ਪਰਮਾਤਮਾ ਦੀ ਬਖ਼ਸ਼ਸ਼ ਨੂੰ ਸਮਝ ਲੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਜਾਣ-ਪਛਾਣ ਪਾਂਦਾ ਹੈ। (ਉਸ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਜੀਵਾਂ ਦੇ ਦਿਲ ਦੀ ਜਾਣਦਾ ਹੈ ਤੇ ਪਛਾਣਦਾ ਹੈ, ਇਹ ਸਾਰਾ ਜਗਤ-ਤਮਾਸ਼ਾ ਉਸੇ ਦਾ ਰਚਿਆ ਹੋਇਆ ਹੈ।11।

(ਇਹ ਜਗਤ, ਮਾਨੋ, ਇਕ ਸ਼ਹਿਰ ਹੈ ਜਿਥੇ ਜੀਵ ਪ੍ਰਭੂ-ਨਾਮ ਦਾ ਵਣਜ ਕਰਨ ਆਉਂਦੇ ਹਨ) ਪਰਮਾਤਮਾ ਆਪ ਹੀ (ਰਾਸ-ਪੂੰਜੀ ਦੇਣ ਵਾਲਾ) ਸ਼ਾਹੂਕਾਰ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਵਪਾਰੀ ਹੈ, ਉਹ ਆਪ ਹੀ ਇਸ ਵਣਜ ਨੂੰ ਪਰਖਦਾ ਹੈ ਕਿਉਂਕਿ ਉਹ ਆਪ ਹੀ ਇਸ ਨੂੰ ਪਰਖਣ ਦੀ ਯੋਗਤਾ ਰੱਖਦਾ ਹੈ। (ਹਰੇਕ ਜੀਵ-ਵਣਜਾਰੇ ਦੇ ਕੀਤੇ ਵਣਜ ਨੂੰ) ਪ੍ਰਭੂ ਆਪ ਹੀ ਪਰਖਦਾ ਹੈ ਜਿਵੇਂ ਸੁਨਿਆਰਾ ਸੋਨੇ ਨੂੰ ਕਸਵੱਟੀ ਤੇ ਘਸਾ ਕੇ ਪਰਖਦਾ ਹੈ, ਤੇ ਫਿਰ ਪ੍ਰਭੂ ਆਪ ਹੀ (ਉਸ ਵਣਜ ਦਾ) ਮੁੱਲ ਪਾਂਦਾ ਹੈ।12।

ਜਿਸ ਮਨੁੱਖ ਉਤੇ ਦਇਆ-ਦੇ-ਘਰ ਪ੍ਰਭੂ ਨੇ ਮੇਹਰ ਕੀਤੀ ਉਸ ਨੂੰ ਨਿਸ਼ਚਾ ਹੋ ਗਿਆ ਕਿ ਜਗਤ ਦਾ ਮਾਲਕ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ। ਹਰੇਕ ਸਰੀਰ ਵਿਚ ਵੱਸਦਾ ਹੋਇਆ ਭੀ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਪਵਿਤ੍ਰ-ਸਰੂਪ ਹੈ। (ਜਿਸ ਉਤੇ ਪ੍ਰਭੂ ਦੀ ਮੇਹਰ ਹੋਈ) ਉਸ ਨੂੰ ਸਤਿਗੁਰ ਪੁਰਖ ਨੇ ਉਹ ਸਰਬ-ਵਿਆਪਕ ਪ੍ਰਭੂ ਮਿਲਾ ਦਿੱਤਾ।13।

ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਸਭ ਦੇ ਕੀਤੇ ਕੰਮ ਵੇਖਦਾ ਹੈ (ਜਿਸ ਉਤੇ ਮਿਹਰ ਕਰੇ ਉਸ ਦਾ) ਅਹੰਕਾਰ ਮਿਟਾਂਦਾ ਹੈ, ਉਸ ਦੇ ਅੰਦਰੋਂ ਕਿਸੇ ਹੋਰ ਆਸਰੇ ਦੀ ਝਾਕ ਦੂਰ ਕਰਦਾ ਹੈ, ਤੇ ਉਸ ਨੂੰ ਇਕ ਆਪਣਾ ਆਪ ਵਿਖਾ ਦੇਂਦਾ ਹੈ। ਉਹ ਮਨੁੱਖ ਦੁਨੀਆ ਦੀਆਂ ਆਸਾਂ ਵਿਚ (ਵਿਚਰਦਾ ਹੋਇਆ ਭੀ) ਆਸਾਂ ਦੇ ਆਸਰੇ ਤੋਂ ਬੇ-ਮੁਥਾਜ ਹੋ ਜਾਂਦਾ ਹੈ ਕਿਉਂਕਿ ਉਹ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ।14।

ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹੀ ਅਸਲ ਗਿਆਨ-ਵਾਨ ਹੈ, ਉਹ ਮਨੁੱਖ ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

ਹੇ ਨਾਨਕ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਪਰਮਾਤਮਾ ਦੇ ਗੁਣ ਗਾਣੇ = (ਜਗਤ ਵਿਚ ਇਹੀ ਅਸਲ) ਖੱਟੀ ਹੈ। ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆਉਂਦਾ ਹੈ ਉਹ ਇਹ ਸਦਾ ਕਾਇਮ ਰਹਿਣ ਵਾਲਾ ਫਲ ਪਾ ਲੈਂਦਾ ਹੈ।15।2। 19।

TOP OF PAGE

Sri Guru Granth Darpan, by Professor Sahib Singh