ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1038

ਮਾਰੂ ਮਹਲਾ ੧ ॥ ਜਹ ਦੇਖਾ ਤਹ ਦੀਨ ਦਇਆਲਾ ॥ ਆਇ ਨ ਜਾਈ ਪ੍ਰਭੁ ਕਿਰਪਾਲਾ ॥ ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥੧॥ ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥ ਨਾ ਤਿਸੁ ਭੈਣ ਨ ਭਰਾਉ ਕਮਾਇਆ ॥ ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥ ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥ ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥ ਕਾਲ ਬਿਕਾਲ ਕੀਏ ਇਕ ਗ੍ਰਾਸਾ ॥ ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥੪॥ ਊਤਮ ਜਨ ਸੰਤ ਭਲੇ ਹਰਿ ਪਿਆਰੇ ॥ ਹਰਿ ਰਸ ਮਾਤੇ ਪਾਰਿ ਉਤਾਰੇ ॥ ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ ॥੫॥ ਤੂ ਅੰਤਰਜਾਮੀ ਜੀਅ ਸਭਿ ਤੇਰੇ ॥ ਤੂ ਦਾਤਾ ਹਮ ਸੇਵਕ ਤੇਰੇ ॥ ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥੬॥ ਪੰਚ ਤਤੁ ਮਿਲਿ ਇਹੁ ਤਨੁ ਕੀਆ ॥ ਆਤਮ ਰਾਮ ਪਾਏ ਸੁਖੁ ਥੀਆ ॥ ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ ॥੭॥ ਨਾ ਤਿਸੁ ਭੂਖ ਪਿਆਸ ਮਨੁ ਮਾਨਿਆ ॥ ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥ ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥੮॥ ਅਧਿਆਤਮ ਕਰਮ ਕਰੇ ਦਿਨੁ ਰਾਤੀ ॥ ਨਿਰਮਲ ਜੋਤਿ ਨਿਰੰਤਰਿ ਜਾਤੀ ॥ ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥ ਬੇਣੁ ਰਸਾਲ ਵਜਾਵੈ ਸੋਈ ॥ ਜਾ ਕੀ ਤ੍ਰਿਭਵਣ ਸੋਝੀ ਹੋਈ ॥ ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ ॥੧੦॥ ਐਸੇ ਜਨ ਵਿਰਲੇ ਸੰਸਾਰੇ ॥ ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ॥ ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ॥੧੧॥ ਘਰੁ ਦਰੁ ਮੰਦਰੁ ਜਾਣੈ ਸੋਈ ॥ ਜਿਸੁ ਪੂਰੇ ਗੁਰ ਤੇ ਸੋਝੀ ਹੋਈ ॥ ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥੧੨॥ ਚਤੁਰ ਦਸ ਹਾਟ ਦੀਵੇ ਦੁਇ ਸਾਖੀ ॥ ਸੇਵਕ ਪੰਚ ਨਾਹੀ ਬਿਖੁ ਚਾਖੀ ॥ ਅੰਤਰਿ ਵਸਤੁ ਅਨੂਪ ਨਿਰਮੋਲਕ ਗੁਰਿ ਮਿਲਿਐ ਹਰਿ ਧਨੁ ਪਾਇਆ ॥੧੩॥ ਤਖਤਿ ਬਹੈ ਤਖਤੈ ਕੀ ਲਾਇਕ ॥ ਪੰਚ ਸਮਾਏ ਗੁਰਮਤਿ ਪਾਇਕ ॥ ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥੧੪॥ ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥ ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥ {ਪੰਨਾ 1038-1039}

ਪਦ ਅਰਥ: ਆਇ ਨ ਜਾਈ = ਨਾਹ ਜੰਮਦਾ ਹੈ ਨਾਹ ਮਰਦਾ ਹੈ। ਦੇਖਾ = ਮੈਂ ਵੇਖਦਾ ਹਾਂ। ਜੁਗਤਿ = ਜੀਵਨ ਦੀ ਜਾਚ। ਸਮਾਈ = ਟਿਕੀ ਹੋਈ ਹੈ। ਨਿਰਾਲਮੁ = {inrwlMb} ਜਿਸ ਨੂੰ ਕਿਸੇ ਆਸਰੇ ਦੀ ਲੋੜ ਨਹੀਂ। ਰਾਇਆ = ਰਾਜਾ, ਪਰਮਾਤਮਾ।1।

ਛਾਇਆ = ਪਰਛਾਵਾਂ, ਅਕਸ, ਪ੍ਰਤਿਬਿੰਬ। ਭਰਾਉ = ਭਰਾ, ਭਾਈ। ਕਮਾਇਆ = ਕਾਮਾ, ਨੌਕਰ। ਓਪਤਿ = ਜਨਮ। ਖਪਤਿ = ਨਾਸ। ਅਜਰਾਵਰੁ = {ਅਜਰ-ਅਵਰੁ}। ਅਜਰ = ਜਰਾ-ਰਹਿਤ, ਜਿਸ ਨੂੰ ਬੁਢੇਪਾ ਨਾਹ ਆ ਸਕੇ। ਅਵਰੁ = ਸ੍ਰੇਸ਼ਟ। ਮਨਿ = (ਜਗਤ ਦੇ ਜੀਵਾਂ ਦੇ) ਮਨ ਵਿਚ।2।

ਸਿਰਿ = ਸਿਰ ਉਤੇ। ਅਲੇਖ = ਜਿਸ ਦੀ ਤਸਵੀਰ ਨਾਹ ਬਣਾਈ ਜਾ ਸਕੇ। ਅਗੰਮ = ਅਪਹੁੰਚ। ਪੁਰਖੁ = ਸਭ ਜੀਵਾਂ ਵਿਚ ਵਿਆਪਕ। ਸਤ = ਦਾਨ, ਸੇਵਾ। ਸਤ ਸੰਤੋਖਿ = ਸੇਵਾ ਤੇ ਸੰਤੋਖ ਵਿਚ (ਰਹਿ ਕੇ) । ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ) । ਸੀਤਲੁ = ਠੰਢਾ, ਸ਼ਾਂਤ। ਸਹਜ = ਆਤਮਕ ਅਡੋਲਤਾ। ਭਾਇ = ਭਾਵ ਨਾਲ। ਸਹਜ ਭਾਇ = ਆਤਮਕ ਅਡੋਲਤਾ ਦੇ ਭਾਵ ਨਾਲ, ਪੂਰਨ ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) ।3।

ਵਰਤਾਇ = ਵਰਤਾ ਕੇ, ਵੰਡ ਕੇ, ਪਸਾਰਾ ਪਸਾਰ ਕੇ। ਘਰਿ = ਘਰ ਵਿਚ। ਬਿਕਾਲ = {ਕਾਲ ਦੇ ਉਲਟ} ਜਨਮ। ਗ੍ਰਾਸਾ = ਗਿਰਾਹੀ। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਗੁਰਿ = ਗੁਰੂ ਨੇ। ਅਨਹਦ = ਇਕ-ਰਸ। ਸਬਦਿ = ਸ਼ਬਦ ਦੀ ਰਾਹੀਂ।4।

ਮਾਤੇ = ਮਸਤ। ਰੇਣ = ਚਰਨਾਂ ਦੀ ਧੂੜ।5।

ਸਭਿ = ਸਾਰੇ। ਗੁਰਿ = ਗੁਰੂ ਨੇ। ਦੀਪਾਇਆ = ਰੌਸ਼ਨ ਕੀਤਾ।6।

ਤਨੁ = ਸਰੀਰ। ਆਤਮ ਰਾਮ = ਸਰਬ-ਵਿਆਪਕ ਜੋਤਿ। ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ।7।

ਭੂਖ ਪਿਆਸ = ਮਾਇਆ ਦੀ ਭੁੱਖ-ਤ੍ਰੇਹ। ਰਸਿ = ਸੁਆਦ ਵਿਚ। ਬੈਰਾਗੀ = ਵਿਰਕਤ। ਭਾਇ = ਪ੍ਰੇਮ ਵਿਚ। ਸੁਭਾਇਆ = ਸੋਹਣਾ ਲੱਗਣ ਲੱਗ ਪੈਂਦਾ ਹੈ।8।

ਅਧਿਆਤਮ = {AÆXwÄm = The Supreme Spirit or the relation between the Supreme and the individual soul} ਜੀਵਾਤਮਾ ਤੇ ਪਰਮਾਤਮਾ ਦਾ ਪਰਸਪਰ ਡੂੰਘਾ ਸੰਬੰਧ ਬਣਾਣ ਵਾਲੇ। ਨਿਰੰਤਰਿ = {inr-ANqr = having no intervening space} ਇਕ-ਰਸ। ਰਸਾਲੁ = {ਰਸ-ਆਲਯ} ਰਸ ਦਾ ਘਰ, ਆਤਮਕ ਆਨੰਦ ਦੇਣ ਵਾਲਾ। ਰਸਨ ਰਸਿ = ਰਸਾਂ ਦੇ ਰਸ ਵਿਚ, ਮਹਾ ਸ੍ਰੇਸ਼ਟ ਰਸ ਵਿਚ। ਰਸਨਾ = ਜੀਭ। ਬੇਣੁ = ਬੰਸਰੀ।9।

ਤ੍ਰਿਭਵਣ ਸੋਝੀ = ਤਿੰਨ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸੂਝ। ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ।10।

ਨਿਰਾਰੇ = ਨਿਰਲੇਪ। ਜਗਿ = ਜਗਤ ਵਿਚ।11।

ਗੁਰ ਤੇ = ਗੁਰੂ ਤੋਂ, ਗੁਰੂ ਪਾਸੋਂ। ਮਹਲ ਮਹਲੀ = ਮਹਲ ਦਾ ਮਾਲਕ। ਸਚੁ = ਸਦਾ-ਥਿਰ ਰਹਿਣ ਵਾਲਾ।12।

ਚਤੁਰ ਦਸ ਹਟ = ਚੌਦਾਂ ਭਵਨ-ਰੂਪ ਹੱਟ। ਦੀਵੇ ਦੁਇ = ਸੂਰਜ ਤੇ ਚੰਦ੍ਰਮਾ। ਸਾਖੀ = ਗਵਾਹ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਵਸਤੁ ਅਨੂਪ = ਉਹ ਚੀਜ਼ ਜਿਸ ਵਰਗੀ ਹੋਰ ਕੋਈ ਨਹੀਂ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ।13।

ਤਖਤਿ = ਤਖਤ ਉਤੇ, ਹਿਰਦੇ-ਤਖ਼ਤ ਉਤੇ। ਲਾਇਕ = ਯੋਗ, ਹੱਕਦਾਰ। ਪੰਚ = ਪੰਜੇ ਕਾਮਾਦਿਕ। ਪਾਇਕ = ਸੇਵਕ। ਸਹਸਾ = ਸਹਮ। ਭਰਮੁ = ਭਟਕਣਾ।4।

ਲਿਵ ਜਾਤੀ = ਲਿਵ ਨਾਲ ਸਾਂਝ ਪਾ ਲਈ। ਤਰੁ ਤਾਰੀ = ਤਾਰੀ ਤਰੋ, ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦਾ ਜਤਨ ਕਰੋ। ਸਖਾਈ = ਮਦਦਗਾਰ।15।

ਅਰਥ: ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਦਿੱਸਦਾ ਹੈ। ਉਹ ਕਿਰਪਾ ਦਾ ਸੋਮਾ ਪ੍ਰਭੂ ਨਾਹ ਜੰਮਦਾ ਹੈ ਨਾਹ ਮਰਦਾ ਹੈ। ਸਭ ਜੀਵਾਂ ਦੇ ਅੰਦਰ (ਉਸੇ ਦੀ ਸਿਖਾਈ ਹੋਈ) ਜੀਵਨ-ਜਾਚ ਗੁਪਤ ਵਰਤ ਰਹੀ ਹੈ (ਭਾਵ, ਹਰੇਕ ਜੀਵ ਉਸੇ ਪਰਮਾਤਮਾ ਦੇ ਆਸਰੇ ਜਿਊ ਰਿਹਾ ਹੈ, ਪਰ) ਉਹ ਪਾਤਿਸ਼ਾਹ ਆਪ ਹੋਰ ਆਸਰਿਆਂ ਤੋਂ ਬੇ-ਮੁਥਾਜ ਰਹਿੰਦਾ ਹੈ।1।

(ਅਸਲ ਸਦਾ ਟਿਕੀ ਰਹਿਣ ਵਾਲੀ ਹਸਤੀ ਤਾਂ ਪਰਮਾਤਮਾ ਆਪ ਹੈ) ਜਗਤ ਉਸ ਪਰਮਾਤਮਾ ਦਾ ਪਰਛਾਵਾਂ ਹੈ (ਜਦੋਂ ਚਾਹੇ ਆਪਣੇ ਇਸ ਪਰਛਾਵੇਂ ਨੂੰ ਆਪਣੇ ਆਪ ਵਿਚ ਹੀ ਗੁੰਮ ਕਰ ਲੈਂਦਾ ਹੈ) । ਉਹ ਪਰਮਾਤਮਾ ਦਾ ਨਾਹ ਕੋਈ ਪਿਉ ਨਾਹ ਮਾਂ, ਨਾਹ ਕੋਈ ਭੈਣ ਨਾਹ ਭਾਈ ਤੇ ਨਾਹ ਕੋਈ ਸੇਵਕ। ਨਾਹ ਉਸ ਨੂੰ ਜਨਮ ਤੇ ਨਾਹ ਮੌਤ, ਨਾਹ ਉਸ ਦੀ ਕੋਈ ਕੁਲ ਤੇ ਨਾਹ ਜਾਤਿ। ਉਸ ਨੂੰ ਬੁਢੇਪਾ ਨਹੀਂ ਵਿਆਪ ਸਕਦਾ, ਉਹ ਮਹਾਨ ਸ੍ਰੇਸ਼ਟ ਹਸਤੀ ਹੈ (ਜਗਤ ਦੇ ਸਭ ਜੀਵਾਂ ਦੇ) ਮਨ ਵਿਚ ਉਹੀ ਪਿਆਰਾ ਲੱਗਦਾ ਹੈ।2।

ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ। ਤੂੰ ਸਰਬ-ਵਿਆਪਕ ਹੈਂ। ਜਿਸ ਮਨੁੱਖ ਨੇ ਸੇਵਾ ਸੰਤੋਖ (ਵਾਲੇ ਜੀਵਨ) ਵਿਚ (ਰਹਿ ਕੇ) ਗੁਰੂ ਦੇ ਸ਼ਬਦ (ਜੁੜ ਕੇ) ਪੂਰਨ ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) ਤੇਰੇ ਚਰਨਾਂ ਵਿਚ ਸੁਰਤਿ ਜੋੜੀ ਹੈ ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ।3।

ਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ ਪਸਾਰ ਕੇ ਪਰਮਾਤਮਾ ਆਪ (ਇਹਨਾਂ ਤੋਂ ਉਤਾਂਹ) ਚੌਥੇ ਘਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਤਿੰਨ ਗੁਣਾਂ ਦੀ ਪਹੁੰਚ ਨਹੀਂ ਹੋ ਸਕਦੀ) । ਜਨਮ ਤੇ ਮਰਨ ਉਸ ਨੇ ਇਕ ਗਿਰਾਹੀ ਕਰ ਲਏ ਹੋਏ ਹਨ (ਉਸ ਨੂੰ ਨਾਹ ਜਨਮ ਹੈ ਨਾਹ ਮੌਤ) । ਸਾਰੇ ਜੀਵਾਂ ਵਿਚ ਪਰਮਾਤਮਾ ਦੀ ਪਵਿੱਤ੍ਰ ਜੋਤਿ (ਚਾਨਣ ਕਰ ਰਹੀ ਹੈ) , ਉਹ ਜਗਤ ਦੀ ਜ਼ਿੰਦਗੀ ਦਾ ਸਹਾਰਾ ਹੈ। ਜਿਸ ਮਨੁੱਖ ਨੂੰ ਗੁਰੂ ਨੇ ਇਕ-ਰਸ ਆਪਣੇ ਸ਼ਬਦ ਵਿਚ ਜੋੜਿਆ ਹੈ ਉਸ ਨੂੰ ਉਸ (ਜਗਜੀਵਨ) ਦਾ ਦੀਦਾਰ ਕਰਾ ਦਿੱਤਾ ਹੈ।4।

ਜੇਹੜੇ ਬੰਦੇ ਪਰਮਾਤਮਾ ਦੇ ਪਿਆਰੇ ਹਨ ਉਹ ਸ੍ਰੇਸ਼ਟ ਜੀਵਨ ਵਾਲੇ ਹਨ ਉਹ ਸੰਤ ਹਨ ਉਹ ਭਲੇ ਹਨ, ਉਹ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ, ਪਰਮਾਤਮਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਹੇ ਨਾਨਕ! ਉਹਨਾਂ ਸੰਤ ਜਨਾਂ ਦੀ ਸੰਗਤਿ ਕਰ ਉਹਨਾਂ ਦੇ ਚਰਨਾਂ ਦੀ ਧੂੜ ਲੈ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਲੱਭ ਲਿਆ ਹੈ।5।

ਹੇ ਪ੍ਰਭੂ! ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਸੇਵਕ ਹਾਂ, ਤੂੰ ਸਾਨੂੰ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈਂ। ਕਿਰਪਾ ਕਰ ਕੇ ਸਾਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦੇਹ। (ਜਿਸ ਉਤੇ ਤੂੰ ਕਿਰਪਾ ਕਰਦਾ ਹੈਂ) ਗੁਰੂ ਨੇ ਉਸ ਦੇ ਅੰਦਰ ਤੇਰੇ ਗਿਆਨ ਦਾ ਰਤਨ ਰੌਸ਼ਨ ਕਰ ਦਿੱਤਾ ਹੈ।6।

(ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਵਿਚ) ਪੰਜਾਂ ਤੱਤਾਂ ਨੇ ਮਿਲ ਕੇ ਇਹ (ਮਨੁੱਖਾ) ਸਰੀਰ ਬਣਾਇਆ, ਜਿਸ ਮਨੁੱਖ ਨੇ ਉਸ ਸਰਬ-ਵਿਆਪਕ ਪ੍ਰਭੂ ਨੂੰ ਲੱਭ ਲਿਆ ਉਸ ਦੇ ਅੰਦਰ ਆਤਮਕ ਆਨੰਦ ਬਣ ਗਿਆ। (ਪਰਮਾਤਮਾ ਨਾਲ ਸੰਬੰਧ ਬਣਾਣ ਵਾਲੇ ਉਸ ਦੇ) ਕੰਮਾਂ ਨੂੰ ਉਸ ਦੇ ਉੱਦਮ ਨੂੰ ਉਹ ਨਾਮ-ਫਲ ਲੱਗਾ ਜਿਸ ਨੇ ਉਸ ਨੂੰ ਆਤਮਕ ਜੀਵਨ ਬਖ਼ਸ਼ਿਆ, ਉਸ ਨੇ ਆਪਣੇ ਮਨ ਵਿਚ ਹੀ ਪਰਮਾਤਮਾ ਦਾ ਨਾਮ-ਰਤਨ ਲੱਭ ਲਿਆ।7।

ਜਿਸ ਮਨੁੱਖ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਸ ਨੂੰ ਮਾਇਆ ਦੀ ਭੁੱਖ-ਤ੍ਰੇਹ ਨਹੀਂ ਰਹਿੰਦੀ, ਉਹ ਨਿਰੰਜਨ ਨੂੰ ਸਭ ਥਾਂ ਹਰੇਕ ਘਟ ਵਿਚ ਪਛਾਣ ਲੈਂਦਾ ਹੈ। ਉਹ ਆਤਮਕ ਜੀਵਨ ਦੇਣ ਵਾਲੇ ਸਿਰਫ਼ ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ, ਦੁਨੀਆ ਦੇ ਰਸਾਂ ਤੋਂ ਉਪਰਾਮ ਰਹਿੰਦਾ ਹੈ। ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਲੱਗਣ ਲੱਗ ਪੈਂਦਾ ਹੈ।8।

ਉਹ ਮਨੁੱਖ ਦਿਨ ਰਾਤ ਉਹੀ ਕਰਮ ਕਰਦਾ ਹੈ ਜੋ ਉਸ ਦੀ ਜਿੰਦ ਨੂੰ ਪਰਮਾਤਮਾ ਨਾਲ ਜੋੜੀ ਰੱਖਦੇ ਹਨ, ਉਹ ਪਰਮਾਤਮਾ ਦੀ ਪਵਿਤ੍ਰ ਜੋਤਿ ਨੂੰ ਹਰ ਥਾਂ ਇਕ-ਰਸ ਵਿਆਪਕ ਪਛਾਣ ਲੈਂਦਾ ਹੈ। ਸਭ ਰਸਾਂ ਦੇ ਸੋਮੇ ਗੁਰ-ਸ਼ਬਦ ਨੂੰ (ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ) । ਉਸ ਦੀ ਜੀਭ ਮਹਾਨ ਸ੍ਰੇਸ਼ਟ ਨਾਮ-ਰਸ ਵਿਚ (ਰਸੀ ਰਹਿੰਦੀ ਹੈ। ਉਹ (ਆਪਣੇ ਅੰਦਰ ਆਤਮਕ ਆਨੰਦ ਦੀ, ਮਾਨੋ,) ਇਕ ਰਸੀਲੀ ਬੰਸਰੀ ਵਜਾਂਦਾ ਹੈ।9।

ਪਰ ਇਹ ਰਸੀਲੀ ਬੰਸਰੀ ਉਹੀ ਮਨੁੱਖ ਵਜਾ ਸਕਦਾ ਹੈ ਜਿਸ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪੈ ਜਾਂਦੀ ਹੈ। ਹੇ ਨਾਨਕ! ਤੂੰ ਭੀ ਗੁਰੂ ਦੀ ਮਤਿ ਲੈ ਕੇ ਇਹ ਜਾਚ ਸਿੱਖ ਲੈ। ਜਿਸ ਕਿਸੇ ਨੇ ਗੁਰੂ ਦੀ ਮਤਿ ਲਈ ਹੈ ਉਸ ਦੀ ਸੁਰਤਿ ਪਰਮਾਤਮਾ ਦੇ ਨਾਮ ਵਿਚ ਜੁੜੀ ਰਹਿੰਦੀ ਹੈ।10।

ਜਗਤ ਵਿਚ ਅਜੇਹੇ ਬੰਦੇ ਬਹੁਤ ਥੋੜੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤਿ ਵਿਚ ਟਿਕਾਂਦੇ ਹਨ ਤੇ (ਦੁਨੀਆ ਵਿਚ ਵਿਚਰਦੇ ਹੋਏ ਭੀ ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ। ਉਹ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਤੇ ਉਹਨਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ਜੋ ਉਹਨਾਂ ਦੀ ਸੰਗਤਿ ਕਰਦੇ ਹਨ। ਜਗਤ ਵਿਚ ਅਜੇਹੇ ਬੰਦਿਆਂ ਦਾ ਆਉਣਾ ਲਾਹੇਵੰਦਾ ਹੈ।11।

ਉਹੀ ਬੰਦਾ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਪਛਾਣ ਲੈਂਦਾ ਹੈ ਜਿਸ ਨੂੰ ਪੂਰੇ ਗੁਰੂ ਤੋਂ (ਉੱਚੀ) ਸਮਝ ਮਿਲਦੀ ਹੈ। ਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਸਰੀਰ ਪਰਮਾਤਮਾ ਦੇ ਕਿਲ੍ਹੇ ਹਨ ਮਹਲ ਹਨ। ਉਹ ਮਹਲਾਂ ਦਾ ਮਾਲਕ ਪ੍ਰਭੂ ਸਦਾ ਹੀ ਥਿਰ ਰਹਿਣ ਵਾਲਾ ਹੈ (ਮਨੁੱਖਾ ਸਰੀਰ) ਉਸ ਨੇ ਆਪਣੇ ਬੈਠਣ ਲਈ ਤਖ਼ਤ ਬਣਾਇਆ ਹੋਇਆ ਹੈ।12।

ਇਹ ਬੇ-ਮਿਸਾਲ ਤੇ ਅਮੋਲਕ ਨਾਮ-ਧਨ ਹਰੇਕ ਸਰੀਰ-ਮਹਲ ਦੇ ਅੰਦਰ ਮੌਜੂਦ ਹੈ। ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹੀ ਇਹ ਧਨ ਲੱਭ ਪੈਂਦਾ ਹੈ। (ਜਿਨ੍ਹਾਂ ਨੂੰ ਇਹ ਨਾਮ-ਧਨ ਮਿਲ ਪੈਂਦਾ ਹੈ ਉਹ ਪ੍ਰਭੂ ਦੇ ਮੰਨੇ-ਪ੍ਰਮੰਨੇ ਸੇਵਕ ਅਖਵਾਂਦੇ ਹਨ) ਉਹ ਮੰਨੇ-ਪ੍ਰਮੰਨੇ ਸੇਵਕ (ਫਿਰ) ਉਸ ਮਾਇਆ-ਜ਼ਹਰ ਨੂੰ ਨਹੀਂ ਚੱਖਦੇ ਜੋ ਆਤਮਕ ਮੌਤ ਲਿਆਉਂਦੀ ਹੈ (ਉਹ ਅਟੱਲ ਆਤਮਕ ਜੀਵਨ ਦੇ ਮਾਲਕ ਬਣ ਜਾਂਦੇ ਹਨ) ਚੌਦਾਂ ਤਬਕ ਤੇ ਸੂਰਜ ਚੰਦ ਇਸ ਗੱਲ ਦੇ ਗਵਾਹ ਹਨ।13।

ਜੇਹੜਾ ਮਨੁੱਖ ਗੁਰੂ ਦੀ ਮਤਿ ਤੇ ਤੁਰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦੇ ਸੇਵਕ ਬਣ ਕੇ ਉਸ ਦੇ ਵੱਸ ਵਿਚ ਰਹਿੰਦੇ ਹਨ, ਉਹ ਹਿਰਦੇ-ਤਖ਼ਤ ਉਤੇ ਬੈਠਣ-ਜੋਗਾ ਹੋ ਜਾਂਦਾ ਹੈ ਤੇ ਹਿਰਦੇ-ਤਖ਼ਤ ਉਤੇ ਬੈਠਾ ਰਹਿੰਦਾ ਹੈ (ਭਾਵ, ਨਾਹ ਉਸ ਦੇ ਗਿਆਨ-ਇੰਦ੍ਰੇ ਮਾਇਆ ਵਲ ਡੋਲਦੇ ਹਨ ਅਤੇ ਨਾਹ ਹੀ ਉਸ ਦਾ ਮਨ ਵਿਕਾਰਾਂ ਵਲ ਜਾਂਦਾ ਹੈ) । ਜੇਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ ਜੁਗਾਂ ਦੇ ਆਦਿ ਤੋਂ ਹੈ, ਹੁਣ ਭੀ ਮੌਜੂਦ ਹੈ ਤੇ ਸਦਾ ਲਈ ਕਾਇਮ ਰਹੇਗਾ ਉਹ ਪਰਮਾਤਮਾ ਗੁਰੂ ਦੀ ਮਤਿ ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਸਹਮ ਤੇ ਉਸ ਦੀ ਭਟਕਣਾ ਦੂਰ ਕਰ ਦੇਂਦਾ ਹੈ।14।

ਹਿਰਦੇ-ਤਖ਼ਤ ਉਤੇ ਬੈਠੇ ਮਨੁੱਖ ਨੂੰ ਦਿਨ ਰਾਤ ਆਦਰ ਮਿਲਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਮਤਿ ਤੇ ਤੁਰ ਕੇ ਪਰਮਾਤਮਾ ਦੇ ਚਰਨਾਂ ਨਾਲ ਲਿਵ ਦੀ ਸਾਂਝ ਪਾ ਲਈ ਉਸ ਨੂੰ ਇਹ ਆਦਰ ਸਦਾ ਲਈ ਮਿਲਿਆ ਰਹਿੰਦਾ ਹੈ ਇਹ ਇੱਜ਼ਤ ਸਦਾ ਮਿਲੀ ਰਹਿੰਦੀ ਹੈ।

ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਦਾ ਨਾਮ ਜਪੋ। (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਸਿਮਰਨ ਦੀ) ਤਾਰੀ ਤਰੋ। ਜੇਹੜਾ ਮਨੁੱਖ ਸਿਮਰਨ ਕਰਦਾ ਹੈ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਜੋ ਆਖ਼ੀਰ ਤਕ ਸਾਥੀ ਬਣਿਆ ਰਹਿੰਦਾ ਹੈ।15।1। 18।

TOP OF PAGE

Sri Guru Granth Darpan, by Professor Sahib Singh