ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1037

ਮਾਰੂ ਮਹਲਾ ੧ ॥ ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥ ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥ ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਸੁੰਨੇ ਵਰਤੇ ਜੁਗ ਸਬਾਏ ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥ ਸੁੰਨਹੁ ਸਪਤ ਸਰੋਵਰ ਥਾਪੇ ॥ ਜਿਨਿ ਸਾਜੇ ਵੀਚਾਰੇ ਆਪੇ ॥ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥ ਸੁੰਨਹੁ ਚੰਦੁ ਸੂਰਜੁ ਗੈਣਾਰੇ ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥ ਸੁੰਨਹੁ ਧਰਤਿ ਅਕਾਸੁ ਉਪਾਏ ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥ ਸੁੰਨਹੁ ਖਾਣੀ ਸੁੰਨਹੁ ਬਾਣੀ ॥ ਸੁੰਨਹੁ ਉਪਜੀ ਸੁੰਨਿ ਸਮਾਣੀ ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥ ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥ ਓਪਤਿ ਖਪਤਿ ਸੁਖਾ ਦੁਖ ਦੀਏ ॥ ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥੮॥ ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥ ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥ ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥ ਸੁੰਨਹੁ ਸਪਤ ਪਾਤਾਲ ਉਪਾਏ ॥ ਸੁੰਨਹੁ ਭਵਣ ਰਖੇ ਲਿਵ ਲਾਏ ॥ ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥ ਰਜ ਤਮ ਸਤ ਕਲ ਤੇਰੀ ਛਾਇਆ ॥ ਜਨਮ ਮਰਣ ਹਉਮੈ ਦੁਖੁ ਪਾਇਆ ॥ ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥ ਸੁੰਨਹੁ ਉਪਜੇ ਦਸ ਅਵਤਾਰਾ ॥ ਸ੍ਰਿਸਟਿ ਉਪਾਇ ਕੀਆ ਪਾਸਾਰਾ ॥ ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥ ਗੁਰਮੁਖਿ ਸਮਝੈ ਰੋਗੁ ਨ ਹੋਈ ॥ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥ ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥ ਪੰਚ ਤਤੁ ਸੁੰਨਹੁ ਪਰਗਾਸਾ ॥ ਦੇਹ ਸੰਜੋਗੀ ਕਰਮ ਅਭਿਆਸਾ ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥ ਊਤਮ ਸਤਿਗੁਰ ਪੁਰਖ ਨਿਰਾਲੇ ॥ ਸਬਦਿ ਰਤੇ ਹਰਿ ਰਸਿ ਮਤਵਾਲੇ ॥ ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥ ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥ ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥ ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥ ਸਤਿਗੁਰ ਤੇ ਪਾਏ ਵੀਚਾਰਾ ॥ ਸੁੰਨ ਸਮਾਧਿ ਸਚੇ ਘਰ ਬਾਰਾ ॥ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥ {ਪੰਨਾ 1037-1038}

ਪਦ ਅਰਥ: ਅਪਰੰਪਰ = ਉਹ ਪ੍ਰਭੂ ਜੋ ਪਰੇ ਤੋਂ ਪਰੇ ਹੈ, ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ। ਅਪਰੰਪਰਿ = ਅਪਰੰਪਰ ਨੇ, ਉਸ ਪ੍ਰਭੂ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ। ਸੁੰਨ = {_uNX} ਸੁੰਞ, ਉਹ ਜਿਸ ਤੋਂ ਬਿਨਾ ਹੋਰ ਸੁੰਞ ਹੀ ਸੁੰਞ ਹੈ, ਉਹ ਪ੍ਰਭੂ ਜਿਸ ਤੋਂ ਬਿਨਾ ਕੁਝ ਭੀ ਨਹੀਂ, ਪ੍ਰਭੂ ਆਪ ਹੀ ਆਪ ਹੈ। ਸੰਨ ਅਪਰੰਪਰਿ = ਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਤੇ ਜੋ ਸਿਰਫ਼ ਆਪ ਹੀ ਆਪ ਹੈ। ਕਲਾ = ਸੱਤਿਆ। ਧਾਰੀ = ਧਾਰਨ ਕੀਤੀ ਹੋਈ ਹੈ। ਨਿਰਾਲਮੁ = {inrwlMb} ਜੋ ਆਪਣੇ ਸਹਾਰੇ ਆਪ ਹੀ ਹੈ, ਜਿਸ ਨੂੰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ (ਆਲੰਬ = ਸਹਾਰਾ) । ਅਪਾਰ = ਜਿਸ ਦਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਸੁੰਨਹੁ ਸੁੰਨੁ = ਨਿਰੋਲ ਸੁੰਨ ਹਾਲਤ, ਨਿਰੋਲ ਉਹ ਹਾਲਤ ਜਦੋਂ ਉਸ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਹੁੰਦਾ।1।

ਸੁੰਨੈ ਤੇ = ਸੁੰਨ ਤੋਂ ਹੀ, ਨਿਰੋਲ ਆਪਣੇ ਆਪੇ ਤੋਂ ਹੀ। ਕਾਇਆ ਗੜ ਰਾਜੇ = ਸਰੀਰ-ਕਿਲ੍ਹਿਆਂ ਦੇ ਰਾਜੇ, ਜੀਵ। ਜੀਉ = ਜੀਵਾਤਮਾ। ਸੁੰਨੇ = ਸੁੰਨ ਵਿਚ ਹੀ, ਨਿਰੋਲ ਆਪਣੇ ਆਪ ਵਿਚ ਹੀ।2।

ਮਹੇਸੁ = ਸ਼ਿਵ। ਵਰਤੇ = ਬੀਤ ਗਏ। ਸਬਾਏ = ਸਾਰੇ। ਪਦ = ਅਵਸਥਾ, ਆਤਮਕ ਅਵਸਥਾ। ਵੀਚਾਰੇ = ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ। ਪੂਰਾ = ਜੋ ਕੋਈ ਉਕਾਈ ਨਹੀਂ ਖਾਂਦਾ।3।

ਸਪਤ ਸਰੋਵਰ = ਸਤ ਸਰੋਵਰ (ਪੰਜ ਗਿਆਨ ਇੰਦ੍ਰੇ, ਮਨ, ਬੁਧਿ) । ਜਿਨਿ = ਜਿਸ ਪਰਮਾਤਮਾ ਨੇ। ਵੀਚਾਰੇ = ਆਪਣੀ ਸੋਚ-ਮੰਡਲ ਵਿਚ ਰੱਖਦਾ ਹੈ। ਤਿਤੁ = ਉਸ ਵਿਚ। ਸਤ ਸਰਿ = ਸ਼ਾਂਤੀ ਦੇ ਸਰ ਵਿਚ। ਤਿਤੁ ਸਤ ਸਰਿ = ਉਸ ਸ਼ਾਂਤੀ-ਦੇ-ਸਰ (ਪ੍ਰਭੂ) ਵਿਚ। ਬਾਹੁੜਿ = ਮੁੜ।4।

ਗੈਣਾਰੈ = ਆਕਾਸ਼। ਸੁੰਨੇ = ਸੁੰਨ ਵਿਚ ਹੀ, ਨਿਰੋਲ ਆਪਣੇ ਆਪ ਵਿਚ ਹੀ।5।

ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਕਲ = ਸੱਤਿਆ। ਮੇਖੁਲੀ = ਤੜਾਗੀ। ਖਪਾਇਦਾ = ਨਾਸ ਕਰਦਾ ਹੈ।6।

ਸੁੰਨਹੁ = ਸੁੰਨ ਤੋਂ ਹੀ, ਨਿਰੋਲ ਆਪਣੇ ਆਪ ਤੋਂ ਹੀ। ਉਪਜੀ = ਪੈਦਾ ਹੁੰਦੀ ਹੈ। ਸੁੰਨਿ = ਨਿਰੋਲ ਉਸ ਦੇ ਆਪਣੇ ਆਪੇ ਵਿਚ। ਸਿਰਿ = ਸਿਰ ਤੇ, ਸਭ ਤੋਂ ਪਹਿਲਾਂ। ਉਤਭੁਜ ਚਲਤੁ = ਉਤਭੁਜ ਦਾ ਤਮਾਸ਼ਾ, ਜਿਵੇਂ ਧਰਤੀ ਵਿਚੋਂ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ ਇਹੋ ਜਿਹਾ ਹੀ ਜਗਤ-ਰਚਨਾ ਦਾ ਕੌਤਕ। ਕਰਤੈ = ਕਰਤਾਰ ਨੇ। ਬਿਸਮਾਦੁ = ਹੈਰਾਨ ਕਰਨ ਵਾਲਾ ਚਲਤ। ਸਬਦਿ = ਆਪਣੇ ਸ਼ਬਦ (ਹੁਕਮ) ਦੀ ਰਾਹੀਂ।7।

ਦੁਇ = ਦੋਵੇਂ। ਓਪਤਿ = ਉਤਪੱਤੀ। ਖਪਤਿ = ਨਾਸ, ਪਰਲੌ। ਅਮਰੁ = ਜਿਸ ਨੂੰ ਮੌਤ ਨਾਹ ਆਵੇ, ਜਿਸ ਨੂੰ ਆਤਮਕ ਮੌਤ ਪੋਹ ਨ ਸਕੇ। ਅਤੀਤ = (ਮਾਇਆ ਦੇ ਪਰਭਾਵ ਤੋਂ) ਪਰੇ ਲੰਘਿਆ ਹੋਇਆ।8।

ਰਿਗੁ = ਰਿਗ ਵੇਦ। ਜੁਜਰੁ = ਜਜੁਰ ਵੇਦ। ਬ੍ਰਹਮੇ ਮੁਖਿ = ਬ੍ਰਹਮਾ ਦੀ ਰਾਹੀਂ। ਤਾ ਕੀ = ਉਸ (ਪਰਮਾਤਮਾ) ਦੀ।9।

ਸਪਤ = ਸੱਤ। ਲਿਵ ਲਾਏ = ਲਿਵ ਲਾ ਕੇ, ਧਿਆਨ ਨਾਲ। ਅਪਰੰਪਰਿ = ਅਪਰੰਪਰ ਨੇ। ਸਭੁ = ਹਰੇਕ ਜੀਵ।10।

ਰਜ ਤਮ ਸਤ = ਮਾਇਆ ਦੇ ਤਿੰਨੇ ਗੁਣ। ਕਲ = ਸੱਤਿਆ। ਛਾਇਆ = ਆਸਰਾ, ਸਾਇਆ। ਗੁਣਿ ਚਉਥੈ = ਚੌਥੇ ਗੁਣ ਵਿਚ।11।

ਦਾਨਵ = ਦੈਂਤ। ਗਣ = ਸ਼ਿਵਜੀ ਦੇ ਖ਼ਾਸ ਉਪਾਸਕ। ਗੰਧਰਬ = ਦੇਵਤਿਆਂ ਦੇ ਰਾਗੀ। ਸਭਿ = ਸਾਰੇ।12।

ਗੁਰ ਕੀ ਪਉੜੀ = ਗੁਰੂ ਦੇ ਦੱਸੇ ਰਾਹ ਤੇ ਤੁਰਨਾ। ਕੋਈ = ਕੋਈ ਵਿਰਲਾ। ਪਰਾਇਣ = ਆਸਰਾ। ਜੁਗਹ ਜੁਗੰਤਰਿ = ਅਨੇਕਾਂ ਹੀ ਜੁਗਾਂ ਤੋਂ। ਪਤਿ = ਇਜ਼ਤ।13।

ਪੰਚ ਤਤੁ = ਪੰਜ ਤੱਤਾਂ ਤੋਂ ਬਣਿਆ ਸਰੀਰ। ਦੇਹ = ਸਰੀਰ। ਸੰਜੋਗੀ = ਸੰਜੋਗ ਦੀ ਰਾਹੀਂ, ਸੰਬੰਧ ਬਣਨ ਨਾਲ। ਦੁਇ = ਦੋਵੇਂ। ਮਸਤਕਿ = ਮੱਥੇ ਉਤੇ।14।

ਨਿਰਾਲੇ = ਨਿਰਲੇਪ। ਸਤਿਗੁਰ ਪੁਰਖ ਸਬਦਿ ਰਤੇ = ਜੋ ਬੰਦੇ ਸਤਿਗੁਰ ਪੁਰਖ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ। ਹਰਿ ਰਸਿ = ਹਰੀ ਦੇ ਰਸ ਵਿਚ। ਰਿਧਿ ਸਿਧਿ = ਆਤਮਕ ਤਾਕਤਾਂ। ਗੁਰੂ ਤੇ = ਗੁਰੂ ਤੋਂ।15।

ਕਉ = ਨੂੰ। ਘਨੇਰਾ = ਬਹੁਤ। ਨਿਬੇਰਾ = ਫ਼ੈਸਲਾ। ਨਿਬੇਰਾ ਕਰਹੁ = (ਮਾਇਆ ਦਾ ਨੇਹੁ) ਮੁਕਾ ਦਿਉ। ਮਨਸਾ = {mnI = w = desire, wish} ਕਾਮਨਾ। ਸਹਸਾ = ਸਹਮ। 16।

ਤੇ = ਤੋਂ। ਵੀਚਾਰ = ਪ੍ਰਭੂ ਦੇ ਗੁਣਾਂ ਦੀ ਵਿਚਾਰ। ਸਚੇ ਘਰ ਬਾਰਾ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ। ਨਾਦੁ = ਰਾਗ। ਧੁਨਿ = ਰੌ। ਰਾਮੈ ਨਾਮਿ = ਪਰਮਾਤਮਾ ਦੇ ਨਾਮ ਵਿਚ। 17।

ਅਰਥ: ਉਸ ਪਰਮਾਤਮਾ ਨੇ, ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਤੇ ਜੋ ਨਿਰੋਲ ਆਪ ਹੀ ਆਪ ਹੈ, ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ। ਉਹ ਅਪਰ ਤੇ ਅਪਾਰ ਪ੍ਰਭੂ ਆਪਣੇ ਸਹਾਰੇ ਆਪ ਹੀ ਹੈ (ਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ) । ਉਹ ਪਰਮਾਤਮਾ ਨਿਰੋਲ ਉਹ ਹਾਲਤ ਭੀ ਆਪ ਹੀ ਪੈਦਾ ਕਰਦਾ ਹੈ ਜਦੋਂ ਉਸ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਹੁੰਦਾ, ਤੇ ਆਪ ਹੀ ਆਪਣੀ ਕੁਦਰਤਿ ਰਚ ਕੇ ਵੇਖਦਾ ਹੈ।1।

ਹਵਾ ਪਾਣੀ (ਆਦਿਕ ਤੱਤ) ਉਹ ਨਿਰੋਲ ਆਪਣੇ ਆਪੇ ਤੋਂ ਪੈਦਾ ਕਰਦਾ ਹੈ। ਸ੍ਰਿਸ਼ਟੀ ਪੈਦਾ ਕਰ ਕੇ (ਆਪਣੇ ਆਪੇ ਤੋਂ ਹੀ) ਸਰੀਰ ਤੇ ਸਰੀਰ-ਕਿਲ੍ਹਿਆਂ ਦੇ ਰਾਜੇ (ਜੀਵ) ਪੈਦਾ ਕਰਦਾ ਹੈ। ਹੇ ਪ੍ਰਭੂ! ਅੱਗ ਪਾਣੀ ਆਦਿਕ ਤੱਤਾਂ ਦੇ ਬਣੇ ਸਰੀਰ ਵਿਚ ਜੀਵਾਤਮਾ ਤੇਰੀ ਹੀ ਜੋਤਿ ਹੈ। ਤੂੰ ਨਿਰੋਲ ਆਪਣੇ ਆਪੇ ਵਿਚ ਆਪਣੀ ਸ਼ਕਤੀ ਟਿਕਾਈ ਰੱਖਦਾ ਹੈਂ।2।

ਬ੍ਰਹਮਾ ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਪੈਦਾ ਕੀਤੇ। ਸਾਰੇ ਅਨੇਕਾਂ ਜੁਗ ਨਿਰੋਲ ਉਸ ਦੇ ਆਪਣੇ ਆਪੇ ਵਿਚ ਹੀ ਬੀਤਦੇ ਗਏ। ਜੇਹੜਾ ਮਨੁੱਖ ਇਸ (ਹੈਰਾਨ ਕਰਨ ਵਾਲੀ) ਹਾਲਤ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਹੋਰ ਹੋਰ ਆਸਰੇ ਭਾਲਣ ਦੀ) ਉਕਾਈ ਨਹੀਂ ਖਾਂਦਾ। ਅਜੇਹੇ ਪੂਰਨ ਮਨੁੱਖ ਦੀ ਸੰਗਤਿ ਕਰਨੀ ਚਾਹੀਦੀ ਹੈ ਉਹ ਹੋਰਨਾਂ ਦੀ ਭਟਕਣਾ ਭੀ ਦੂਰ ਕਰ ਦੇਂਦਾ ਹੈ।3।

ਪਰਮਾਤਮਾ ਨੇ (ਜੀਵਾਂ ਦੇ ਪੰਜ ਗਿਆਨ ਇੰਦ੍ਰੇ ਮਨ ਤੇ ਬੁਧਿ = ਇਹ) ਸੱਤ ਸਰੋਵਰ ਭੀ ਨਿਰੋਲ ਆਪਣੇ ਆਪੇ ਤੋਂ ਬਣਾਏ ਹਨ। ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹ ਆਪ ਹੀ ਉਹਨਾਂ ਨੂੰ ਆਪਣੇ ਸੋਚ-ਮੰਡਲ ਵਿਚ ਰੱਖਦਾ ਹੈ। ਜਿਸ ਮਨੁੱਖ ਦਾ ਮਨ ਗੁਰੂ ਦੀ ਸਰਨ ਪੈ ਕੇ ਉਸ ਸ਼ਾਂਤੀ ਦੇ ਸਰ (ਪ੍ਰਭੂ) ਵਿਚ ਇਸ਼ਨਾਨ ਕਰਦਾ ਹੈ, ਉਹ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪੈਂਦਾ।4।

ਚੰਦ ਸੂਰਜ ਆਕਾਸ਼ ਭੀ ਪ੍ਰਭੂ ਦੇ ਨਿਰੋਲ ਆਪਣੇ ਹੀ ਆਪੇ ਤੋਂ ਬਣੇ। ਉਸ ਦੀ ਆਪਣੀ ਹੀ ਜੋਤਿ ਸਾਰੇ ਤਿੰਨਾਂ ਭਵਨਾਂ ਵਿਚ ਪਸਰ ਰਹੀ ਹੈ। ਉਹ ਅਦ੍ਰਿਸ਼ਟ ਤੇ ਬੇਅੰਤ ਪਰਮਾਤਮਾ ਨਿਰੋਲ ਆਪਣੇ ਆਪੇ ਵਿਚ ਕਿਸੇ ਹੋਰ ਆਸਰੇ ਤੋਂ ਬੇ-ਮੁਥਾਜ ਰਹਿੰਦਾ ਹੈ, ਤੇ ਆਪਣੇ ਹੀ ਆਪੇ ਵਿਚ ਮਸਤ ਰਹਿੰਦਾ ਹੈ।5।

ਪਰਮਾਤਮਾ ਨੇ ਧਰਤੀ ਆਕਾਸ਼ ਨਿਰੋਲ ਆਪਣੇ ਆਪੇ ਤੋਂ ਹੀ ਪੈਦਾ ਕੀਤੇ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਤਾਕਤ ਦੇ ਸਹਾਰੇ ਹੀ ਬਿਨਾ ਕਿਸੇ ਹੋਰ ਥੰਮ੍ਹਾਂ ਦੇ ਟਿਕਾਈ ਰੱਖਦਾ ਹੈ। ਤਿੰਨੇ ਭਵਨ ਪੈਦਾ ਕਰ ਕੇ ਪਰਮਾਤਮਾ ਆਪ ਹੀ ਇਹਨਾਂ ਨੂੰ ਮਾਇਆ ਦੀ ਤੜਾਗੀ (ਵਿਚ ਬੰਨ੍ਹੀ ਰੱਖਦਾ ਹੈ) । ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ।6।

ਪ੍ਰਭੂ ਨਿਰੋਲ ਆਪਣੇ ਆਪੇ ਤੋਂ ਹੀ ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਬਣਾਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ। ਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿਚ ਹੀ ਸਮਾ ਜਾਂਦੀ ਹੈ। ਸਭ ਤੋਂ ਪਹਿਲਾਂ ਕਰਤਾਰ ਨੇ ਜਗਤ-ਰਚਨਾ ਦਾ ਕੁਝ ਅਜੇਹਾ ਕੌਤਕ ਹੀ ਰਚਿਆ ਜਿਵੇਂ ਧਰਤੀ ਵਿਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ। ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਦੇਂਦਾ ਹੈ।7।

ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਦੋਵੇਂ ਦਿਨ ਤੇ ਰਾਤ ਬਣਾ ਦਿੱਤੇ। ਆਪ ਹੀ ਜੀਵਾਂ ਨੂੰ ਜਨਮ ਤੇ ਮਰਨ, ਸੁਖ ਤੇ ਦੁਖ ਦੇਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸੁਖਾਂ ਦੁਖਾਂ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ, ਉਹ ਉਸ ਘਰ ਨੂੰ ਲੱਭ ਲੈਂਦਾ ਹੈ ਜੇਹੜਾ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ (ਭਾਵ, ਉਹ ਸਦਾ ਲਈ ਪ੍ਰਭੂ-ਚਰਨਾਂ ਵਿਚ ਜੁੜ ਜਾਂਦਾ ਹੈ) ।8।

ਬ੍ਰਹਮਾ ਦੀ ਰਾਹੀਂ ਸਾਮ ਰਿਗ ਜਜੁਰ ਅਥਰਬਣ = ਇਹ ਚਾਰੇ ਵੇਦ ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ ਪ੍ਰਗਟੇ, ਮਾਇਆ ਦੇ ਤਿੰਨੇ ਗੁਣ ਭੀ ਉਸ ਦੇ ਆਪੇ ਤੋਂ ਹੀ ਪੈਦਾ ਹੋਏ। ਕੋਈ ਜੀਵ ਉਸ ਪਰਮਾਤਮਾ ਦਾ ਮੁੱਲ ਨਹੀਂ ਪਾ ਸਕਦਾ। ਜੀਵ ਉਸੇ ਤਰ੍ਹਾਂ ਹੀ ਬੋਲ ਸਕਦਾ ਹੈ ਜਿਵੇਂ ਪ੍ਰਭੂ ਆਪ ਪ੍ਰੇਰਨਾ ਕਰਦਾ ਹੈ।9।

ਪ੍ਰਭੂ ਨੇ ਨਿਰੋਲ ਆਪਣੇ ਆਪੇ ਤੋਂ ਹੀ ਸੱਤ ਪਾਤਾਲ (ਤੇ ਸੱਤ ਆਕਾਸ਼) ਪੈਦਾ ਕੀਤੇ, ਨਿਰੋਲ ਆਪਣੇ ਆਪੇ ਤੋਂ ਹੀ ਤਿੰਨੇ ਭਵਨ ਬਣਾ ਕੇ ਪੂਰੇ ਧਿਆਨ ਨਾਲ ਉਹਨਾਂ ਦੀ ਸੰਭਾਲ ਕਰਦਾ ਹੈ। ਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਹੈ ਆਪ ਹੀ ਜਗਤ-ਰਚਨਾ ਦਾ ਮੁੱਢ ਬਣਾਇਆ।

ਹੇ ਪ੍ਰਭੂ! ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ ਕਰਮ ਕਰਦਾ ਹੈ।10।

(ਮਾਇਆ ਦੇ ਤਿੰਨ ਗੁਣ) ਰਜੋ ਤਮੋ ਤੇ ਸਤੋ (ਹੇ ਪ੍ਰਭੂ!) ਤੇਰੀ ਹੀ ਤਾਕਤ ਦੇ ਆਸਰੇ ਬਣੇ। ਜੀਵਾਂ ਵਾਸਤੇ ਜੰਮਣਾ ਤੇ ਮਰਨਾ ਤੂੰ ਆਪ ਹੀ ਪੈਦਾ ਕੀਤਾ, ਹਉਮੈ ਦਾ ਦੁੱਖ ਭੀ ਤੂੰ ਆਪ ਹੀ (ਜੀਵਾਂ ਦੇ ਅੰਦਰ) ਪਾ ਦਿੱਤਾ ਹੈ।

ਪਰਮਾਤਮਾ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਪਾ ਕੇ (ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੀ ਅਵਸਥਾ ਵਿਚ ਅਪੜਾਂਦਾ ਹੈ ਤੇ (ਮਾਇਆ ਦੇ ਮੋਹ ਤੋਂ) ਮੁਕਤੀ ਦੇਂਦਾ ਹੈ।11।

ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਹੋਏ। (ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ) ਸ੍ਰਿਸ਼ਟੀ ਪੈਦਾ ਕਰ ਕੇ ਇਹ ਜਗਤ-ਖਿਲਾਰਾ ਖਿਲਾਰਿਆ। ਦੇਵਤੇ, ਦੈਂਤ, ਸ਼ਿਵ ਜੀ ਦੇ ਗਣ, (ਦੇਵਤਿਆਂ ਦੇ ਰਾਗੀ) ਗੰਧਰਬ = ਇਹ ਸਾਰੇ ਹੀ ਪਰਮਾਤਮਾ ਨੇ ਨਿਰੋਲ ਆਪਣੇ ਆਪੇ ਤੋਂ ਪੈਦਾ ਕੀਤੇ। ਸਭ ਜੀਵ ਧੁਰੋਂ ਪ੍ਰਭੂ ਦੇ ਹੁਕਮ ਵਿਚ ਹੀ ਆਪਣੇ ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ ਕਰਮ ਕਮਾ ਰਹੇ ਹਨ।12।

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਇਸ ਬੇਅੰਤ ਕਲਾ ਨੂੰ) ਸਮਝਦਾ ਹੈ (ਉਹ ਉਸ ਦੀ ਯਾਦ ਤੋਂ ਨਹੀਂ ਖੁੰਝਦਾ, ਤੇ) ਉਸ ਨੂੰ ਕੋਈ ਰੋਗ (ਵਿਕਾਰ) ਪੋਹ ਨਹੀਂ ਸਕਦਾ। ਪਰ ਕੋਈ ਵਿਰਲਾ ਬੰਦਾ ਗੁਰੂ ਦੀ ਦੱਸੀ ਹੋਈ ਇਸ (ਸਿਮਰਨ ਦੀ) ਪੌੜੀ (ਦਾ ਭੇਤ) ਸਮਝਦਾ ਹੈ। ਜੁਗਾਂ ਜੁਗਾਂ ਤੋਂ ਹੀ (ਗੁਰੂ ਦੀ ਇਹ ਪੌੜੀ ਜੀਵਾਂ ਦੀ) ਮੁਕਤੀ ਦਾ ਵਸੀਲਾ ਬਣੀ ਆ ਰਹੀ ਹੈ। (ਜੇਹੜਾ ਮਨੁੱਖ ਸਿਮਰਨ ਦੀ ਇਸ ਪੌੜੀ ਦਾ ਆਸਰਾ ਲੈਂਦਾ ਹੈ) ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਪਾਂਦਾ ਹੈ।13।

ਪੰਜਾਂ ਤੱਤਾਂ ਤੋਂ ਬਣਿਆ ਇਹ ਮਾਨੁਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ ਹੋਇਆ। ਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿਚ ਰੁੱਝ ਪੈਂਦਾ ਹੈ। ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) ।14।

ਜੇਹੜੇ ਮਨੁੱਖ ਸਤਿਗੁਰੂ ਪੁਰਖ ਦੇ ਸ਼ਬਦ ਵਿਚ ਰੱਤੇ ਰਹਿੰਦੇ ਹਨ ਜੋ ਪ੍ਰਭੂ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ, ਉਹ ਮਨੁੱਖ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦੇ ਹਨ।

ਆਤਮਕ ਤਾਕਤਾਂ ਉੱਚੀ ਅਕਲ ਤੇ ਪਰਮਾਤਮਾ ਨਾਲ ਡੂੰਘੀ ਸਾਂਝ (ਦੀ ਦਾਤਿ) ਗੁਰੂ ਤੋਂ ਹੀ ਮਿਲਦੀ ਹੈ। ਚੰਗੇ ਭਾਗਾਂ ਨਾਲ ਗੁਰੂ (ਸਰਨ ਆਏ ਜੀਵ ਨੂੰ ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ।15।

ਹੇ ਗਿਆਨਵਾਨ ਪੁਰਸ਼ੋ! ਇਸ ਮਨ ਨੂੰ ਮਾਇਆ ਦਾ ਬਹੁਤ ਮੋਹ ਚੰਬੜਿਆ ਰਹਿੰਦਾ ਹੈ; (ਇਸ ਦੇ ਰਾਜ਼ ਨੂੰ) ਸਮਝੋ ਤੇ ਇਸ ਮੋਹ ਨੂੰ ਖ਼ਤਮ ਕਰੋ। ਜੇਹੜਾ ਮਨੁੱਖ ਲੋਭ ਦੇ ਪ੍ਰਭਾਵ ਹੇਠ ਨਿੱਤ ਮਾਇਆ ਦੇ ਮੋਹ ਦਾ ਧੰਧਾ ਹੀ ਕਰਦਾ ਰਹਿੰਦਾ ਹੈ ਉਸ ਨੂੰ (ਦੁਨੀਆ ਦੀਆਂ) ਆਸਾਂ ਕਾਮਨਾਂ ਹਉਮੈ ਸਹਮ (ਆਦਿਕ) ਚੰਬੜੇ ਰਹਿੰਦੇ ਹਨ। 16।

ਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦੀ ਦਾਤਿ) ਪ੍ਰਾਪਤ ਕਰ ਲੈਂਦਾ ਹੈ, ਉਹ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ! ਉਸ ਮਨੁੱਖ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ ਸਿਫ਼ਤਿ-ਸਾਲਾਹ ਦੀ ਰੌ ਬਣੀ ਰਹਿੰਦੀ ਹੈ ਜੀਵਨ ਨੂੰ ਪਵਿੱਤ੍ਰ ਕਰਨ ਵਾਲਾ ਰਾਗ (ਜਿਹਾ) ਹੁੰਦਾ ਰਹਿੰਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ। 17।5। 17।

TOP OF PAGE

Sri Guru Granth Darpan, by Professor Sahib Singh