ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1030 ਮਾਰੂ ਮਹਲਾ ੧ ॥ ਘਰਿ ਰਹੁ ਰੇ ਮਨ ਮੁਗਧ ਇਆਨੇ ॥ ਰਾਮੁ ਜਪਹੁ ਅੰਤਰਗਤਿ ਧਿਆਨੇ ॥ ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ ॥੧॥ ਜਿਸੁ ਬਿਸਰਿਐ ਜਮੁ ਜੋਹਣਿ ਲਾਗੈ ॥ ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥ ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ ॥੨॥ ਹਰਿ ਹਰਿ ਨਾਮੁ ਜਪਹੁ ਰਸੁ ਮੀਠਾ ॥ ਗੁਰਮੁਖਿ ਹਰਿ ਰਸੁ ਅੰਤਰਿ ਡੀਠਾ ॥ ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥੩॥ ਰਾਮ ਨਾਮੁ ਗੁਰ ਬਚਨੀ ਬੋਲਹੁ ॥ ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥ ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥ ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥ ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥ ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥ ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥ ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ ॥ ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ ॥੬॥ ਪੰਚ ਤਤੁ ਮਿਲਿ ਕਾਇਆ ਕੀਨੀ ॥ ਤਿਸ ਮਹਿ ਰਾਮ ਰਤਨੁ ਲੈ ਚੀਨੀ ॥ ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥ ਸਤ ਸੰਤੋਖਿ ਰਹਹੁ ਜਨ ਭਾਈ ॥ ਖਿਮਾ ਗਹਹੁ ਸਤਿਗੁਰ ਸਰਣਾਈ ॥ ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥ ਸਾਕਤ ਕੂੜ ਕਪਟ ਮਹਿ ਟੇਕਾ ॥ ਅਹਿਨਿਸਿ ਨਿੰਦਾ ਕਰਹਿ ਅਨੇਕਾ ॥ ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥੯॥ ਸਾਕਤ ਜਮ ਕੀ ਕਾਣਿ ਨ ਚੂਕੈ ॥ ਜਮ ਕਾ ਡੰਡੁ ਨ ਕਬਹੂ ਮੂਕੈ ॥ ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ ॥੧੦॥ ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ ॥ ਹਉਮੈ ਕਰਤਾ ਭਵਜਲਿ ਪਰਿਆ ॥ ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ ॥੧੧॥ ਗੁਰ ਕੀ ਦਾਤਿ ਨ ਮੇਟੈ ਕੋਈ ॥ ਜਿਸੁ ਬਖਸੇ ਤਿਸੁ ਤਾਰੇ ਸੋਈ ॥ ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥੧੨॥ ਗੁਰ ਤੇ ਭੂਲੇ ਆਵਹੁ ਜਾਵਹੁ ॥ ਜਨਮਿ ਮਰਹੁ ਫੁਨਿ ਪਾਪ ਕਮਾਵਹੁ ॥ ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥੧੩॥ ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥ ਸੋ ਜਾਣੈ ਜਿਨਿ ਦਾਤੈ ਦੀਏ ॥ ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ ॥੧੪॥ ਹਉਮੈ ਮਮਤਾ ਕਰਦਾ ਆਇਆ ॥ ਆਸਾ ਮਨਸਾ ਬੰਧਿ ਚਲਾਇਆ ॥ ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ ॥੧੫॥ ਹਰਿ ਕੀ ਭਗਤਿ ਕਰਹੁ ਜਨ ਭਾਈ ॥ ਅਕਥੁ ਕਥਹੁ ਮਨੁ ਮਨਹਿ ਸਮਾਈ ॥ ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥੧੬॥ ਹਰਿ ਗੁਰ ਪੂਰੇ ਕੀ ਓਟ ਪਰਾਤੀ ॥ ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥ ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ ॥੧੭॥੪॥੧੦॥ {ਪੰਨਾ 1030-1031} ਪਦ ਅਰਥ: ਘਰਿ = ਘਰ ਵਿਚ, ਆਪਣੇ ਆਪ ਵਿਚ, ਅਡੋਲਤਾ ਵਿਚ। ਮੁਗਧ = ਹੇ ਮੂਰਖ! ਅੰਤਰਗਤਿ = ਅੰਦਰ ਹੀ ਟਿਕੇ ਰਹਿ ਕੇ। ਧਿਆਨੇ = ਧਿਆਨ ਦੀ ਰਾਹੀਂ, ਸੁਰਤਿ ਜੋੜ ਕੇ। ਰਚਹੁ = ਲੀਨ ਰਹੋ। ਅਪਰੰਪਰਿ = ਅਪਰੰਪਰ (ਪ੍ਰਭੂ) ਵਿਚ, ਉਸ ਪ੍ਰਭੂ ਵਿਚ ਜੋ ਪਰੇ ਤੋਂ ਪਰੇ ਹੈ।1। ਜਮੁ = ਮੌਤ, ਆਤਮਕ ਮੌਤ। ਜੋਹਣਿ ਲਾਗੈ = ਤੱਕਣ ਲੱਗ ਪੈਂਦਾ ਹੈ। ਸਭਿ = ਸਾਰੇ। ਫੁਨਿ = ਫਿਰ, ਉਹਨਾਂ ਦੇ ਥਾਂ। ਆਗੈ = ਜੀਵਨ-ਰਾਹ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜੀਅੜੇ = ਹੇ ਜਿੰਦੇ! ਪਰਮ ਤਤੁ = ਸਭ ਤੋਂ ਵੱਡਾ ਮੂਲ, ਪਰਮਾਤਮਾ।2। ਅੰਤਰਿ = (ਆਪਣੇ) ਅੰਦਰ। ਅਹਿ = ਦਿਨ। ਨਿਸਿ = ਰਾਤ। ਰਾਮ ਰੰਗਿ = ਪਰਮਾਤਮਾ ਦੇ ਰੰਗ ਵਿਚ। ਸਾਰਾ = ਸ੍ਰੇਸ਼ਟ।3। ਟੋਲਹੁ = ਲੱਭੋ। ਘਰੁ = ਉਹ ਥਾਂ ਜਿਥੇ ਸਦਾ ਟਿਕੇ ਰਹਿ ਸਕੀਏ। ਬਹੁੜਿ = ਮੁੜ ਮੁੜ।4। ਸਚੁ = ਸਦਾ-ਥਿਰ ਰਹਿਣ ਵਾਲਾ। ਤੀਰਥਿ = ਤੀਰਥ ਉਤੇ। ਤਤੁ = ਮੂਲ-ਪ੍ਰਭੂ। ਅੰਤ ਕਾਲਿ = ਅਖ਼ੀਰਲੇ ਸਮੇ। ਜਮੁ = ਮੌਤ (ਦਾ ਡਰ) ।5। ਦਾਣਾ = ਸਿਆਣਾ। ਜਿਸੁ ਅੰਤਰਿ = ਜਿਸ (ਗੁਰੂ) ਦੇ ਅੰਦਰ। ਸਬਦਿ = ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ। ਮੇਲਿ = ਸੰਗਤਿ ਵਿਚ। ਭੈ ਭਾਰਾ = ਡਰ-ਸਹਿਮ ਦਾ ਭਾਰ।6। ਮਿਲਿ = ਮਿਲ ਕੇ। ਕਾਇਆ = ਸਰੀਰ। ਤਿਸੁ ਮਹਿ = ਉਸ (ਸਰੀਰ) ਵਿਚ। ਲੈ ਚੀਨੀ = ਚੀਨਿ ਲੈ, ਪਛਾਣ ਲੈ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।7। ਜਨ ਭਾਈ = ਹੇ ਭਾਈ ਜਨੋ! ਸੰਤੋਖਿ = ਸੰਤੋਖ ਵਿਚ। ਗਹਹੁ = ਗ੍ਰਹਿਣ ਕਰੋ। ਚੀਨਿ = ਪਛਾਣ ਕੇ। ਪਰਾਤਮੁ = ਪਰ ਆਤਮੁ, ਪਰਮ ਆਤਮਾ, ਪਰਮਾਤਮਾ।8। ਕੂੜ = ਮਾਇਆ ਦਾ ਮੋਹ। ਟੇਕ = ਆਸਰਾ। ਗ੍ਰਭ = ਗਰਭ।9। ਕਾਣਿ = ਡਰ। ਚੂਕੈ = ਮੁੱਕਦੀ। ਬੀਜੈ = ਲਈ ਜਾਂਦੀ ਹੈ, ਵਸੂਲ ਕੀਤੀ ਜਾਂਦੀ ਹੈ। ਅਫਰਿਓ = ਅਹੰਕਾਰੀ ਦੇ (ਸਿਰ ਉਤੇ) । ਅਫਾਰਾ = ਅਸਹਿ।10। ਕੋ ਸਾਕਤੁ = ਕੇਹੜਾ ਸਾਕਤ? ਭਵਜਲਿ = ਭਵਜਲ ਵਿਚ। ਪਾਰੁ = ਪਾਰਲਾ ਬੰਨਾ। ਪਾਰਿ = ਪਾਰਲੇ ਬੰਨੇ, ਪਾਰਲੇ ਪਾਸੇ।11। ਸੋਈ = ਉਹ (ਪ੍ਰਭੂ) ਹੀ। ਮਨਿ = ਮਨ ਵਿਚ। ਅਪਰ = ਜਿਸ ਤੋਂ ਪਰੇ ਹੋਰ ਕੋਈ ਨਹੀਂ।12। ਤੇ = ਤੋਂ। ਭੂਲੇ = ਖੁੰਝੇ ਹੋਏ। ਅਚੇਤ = ਗ਼ਾਫ਼ਿਲ, ਅਵੇਸਲੇ, ਬੇ-ਪਰਵਾਹ। ਤਾ = ਤੋਂ।13। ਜਿਨਿ ਦਾਤੇ = ਜਿਸ ਦਾਤੇ ਨੇ। ਕਉ = ਨੂੰ। ਪ੍ਰਾਣੀ = ਹੇ ਪ੍ਰਾਣੀ! ਸਹੁ = ਸਹਾਰ। ਕਰਾਰਾ = ਸਖ਼ਤ।14। ਮਮਤਾ = ਅਪਣੱਤ। ਬਿਖੁ = ਜ਼ਹਿਰ। ਛਾਰੁ = ਸੁਆਹ।15। ਅਕਥੁ = ਉਹ ਪ੍ਰਭੂ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਮਨਹਿ = ਮਨਿ ਹੀ, ਮਨ ਵਿਚ ਹੀ। ਚਲਤਾ = ਭਟਕਦਾ। ਠਾਕਿ = ਰੋਕ ਕੇ। ਘਰਿ ਅਪੁਨੈ = ਅਪਨੇ ਘਰ ਵਿਚ। 16। ਪਰਾਤੀ = ਪਛਾਣੀ। ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ। ਗੁਰਮੁਖਿ = ਗੁਰੂ ਦੀ ਰਾਹੀਂ। 17। ਅਰਥ: ਹੇ ਅੰਞਾਣ ਮੂਰਖ ਮਨ! ਅਡੋਲਤਾ ਵਿਚ ਟਿਕਿਆ ਰਹੁ। ਆਪਣੇ ਅੰਦਰ ਹੀ ਟਿਕਿਆ ਰਹਿ ਕੇ ਤੇ ਸੁਰਤਿ ਜੋੜ ਕੇ ਪ੍ਰਭੂ ਦਾ ਨਾਮ ਜਪ। (ਹੇ ਮਨ! ਮਾਇਆ ਦਾ) ਲਾਲਚ ਛੱਡ ਕੇ ਉਸ ਪ੍ਰਭੂ ਵਿਚ ਲੀਨ ਰਹੁ ਜੋ ਪਰੇ ਤੋਂ ਪਰੇ ਹੈ (ਜਿਸ ਤੋਂ ਅਗਾਂਹ ਕੋਈ ਹੋਰ ਹਸਤੀ ਨਹੀਂ ਹੈ) । ਇਸੇ ਤਰ੍ਹਾਂ ਤੂੰ (ਮਾਇਆ ਦੇ ਲਾਲਚ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲਏਂਗਾ।1। ਜਿਸ ਪ੍ਰਭੂ ਦੇ ਭੁੱਲ ਜਾਣ ਨਾਲ ਮੌਤ ਘੂਰਨ ਲੱਗ ਪੈਂਦੀ ਹੈ ਸਾਰੇ ਸੁਖ ਦੂਰ ਹੋ ਜਾਂਦੇ ਹਨ ਤੇ ਉਹਨਾਂ ਦੇ ਥਾਂ ਜੀਵਨ-ਪੰਧ ਵਿਚ ਦੁੱਖ ਹੀ ਦੁੱਖ ਵਾਪਰਦੇ ਹਨ, ਹੇ ਜਿੰਦੇ! ਗੁਰੂ ਦੀ ਸਰਨ ਪੈ ਕੇ ਉਸ ਪ੍ਰਭੂ ਦਾ ਨਾਮ ਜਪ, ਤੇ ਉਸ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ ਦੇ ਮੰਡਲ ਵਿਚ ਟਿਕਾ ਰੱਖ।2। ਹੇ ਜਿੰਦੇ! ਸਦਾ ਪਰਮਾਤਮਾ ਦਾ ਨਾਮ ਜਪ (ਜਪਿਆਂ ਹੀ ਸਮਝ ਪਏਗੀ ਕਿ ਨਾਮ ਜਪਣ ਦਾ) ਮਿੱਠਾ ਸੁਆਦ ਹੈ। ਗੁਰੂ ਦੀ ਸਰਨ ਪੈ ਕੇ ਇਹ ਨਾਮ-ਰਸ ਆਪਣੇ ਅੰਦਰ ਹੀ ਅਨੁਭਵ ਕਰ ਸਕੀਦਾ ਹੈ। (ਹੇ ਭਾਈ!) ਦਿਨ ਰਾਤ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹੋ, ਇਹ ਨਾਮ-ਰੰਗ ਹੀ ਸ੍ਰੇਸ਼ਟ ਤਪ ਹੈ, ਸ੍ਰੇਸ਼ਟ ਤਪ ਹੈ, ਸ੍ਰੇਸ਼ਟ ਸੰਜਮ ਹੈ।3। (ਹੇ ਭਾਈ!) ਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰੋ (ਆਤਮਕ ਆਨੰਦ ਮਿਲੇਗਾ, ਪਰ ਇਹ ਆਨੰਦ ਸਾਧ ਸੰਗਤਿ ਵਿਚ ਪ੍ਰਾਪਤ ਹੁੰਦਾ ਹੈ) ਸਾਧ ਸੰਗਤਿ ਵਿਚ ਜਾ ਕੇ ਇਸ ਆਨੰਦ ਦੀ ਭਾਲ ਕਰੋ। ਗੁਰੂ ਦੀ ਮਤਿ ਤੇ ਤੁਰ ਕੇ ਆਪਣਾ ਉਹ ਆਤਮਕ ਟਿਕਾਣਾ ਲੱਭੋ ਜਿਥੇ ਪਹੁੰਚ ਕੇ ਮੁੜ ਜਨਮ ਮਰਨ ਦੇ ਗੇੜ ਵਿਚ ਨਾਹ ਪੈਣਾ ਪਏ।4। ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰੋ) , ਪਰਮਾਤਮਾ ਦੇ ਗੁਣ ਗਾਵੋ (ਇਹੀ ਹੈ ਤੀਰਥ-ਇਸ਼ਨਾਨ, ਇਸ) ਤੀਰਥ ਉਤੇ ਇਸ਼ਨਾਨ ਕਰੋ। ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੋ, ਪਰਮਾਤਮਾ ਦੇ ਗੁਣਾਂ ਨੂੰ ਵਿਚਾਰੋ। ਪਿਆਰੇ ਪ੍ਰਭੂ ਦਾ ਨਾਮ ਸਿਮਰੋ, ਅਖ਼ੀਰਲੇ ਸਮੇ ਮੌਤ ਦਾ ਡਰ ਪੋਹ ਨਹੀਂ ਸਕੇਗਾ।4। ਗੁਰੂ ਅਕਾਲ ਪੁਰਖ (ਦਾ ਰੂਪ) ਹੈ, ਸਭ ਦਾਤਾਂ ਦੇਣ ਦੇ ਸਮਰੱਥ ਹੈ, ਬੜਾ ਸਿਆਣਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਸਦਾ ਲੀਨ ਰਹਿੰਦਾ ਹੈ, ਉਹ ਗੁਰੂ ਜਿਸ ਮਨੁੱਖ ਨੂੰ ਆਪਣੀ ਸੰਗਤਿ ਵਿਚ ਮਿਲਾਂਦਾ ਹੈ ਉਸ (ਦੇ ਸਿਰ) ਤੋਂ ਜਮਾਂ ਦੇ ਡਰ ਦਾ ਭਾਰ ਦੂਰ ਹੋ ਜਾਂਦਾ ਹੈ।6। (ਹੇ ਭਾਈ! ਆਪਣੇ) ਇਸ ਸਰੀਰ ਵਿਚ, ਜੋ ਪਰਮਾਤਮਾ ਨੇ ਪੰਜ (ਵਿਰੋਧੀ) ਤੱਤ ਰਲਾ ਕੇ ਬਣਾਇਆ ਹੈ, ਪਰਮਾਤਮਾ ਦਾ ਨਾਮ-ਰਤਨ ਖੋਜ ਕੇ ਲੱਭ ਲੈ। (ਜਿਉਂ ਜਿਉਂ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰੀਏ, (ਤਿਉਂ ਤਿਉਂ ਇਹ ਸਮਝ ਆ ਜਾਂਦੀ ਹੈ ਕਿ) ਆਤਮਾ ਤੇ ਪਰਮਾਤਮਾ ਇਕ-ਰੂਪ ਹਨ।7। ਹੇ ਭਾਈ ਜਨੋ! ਸੇਵਾ ਤੇ ਸੰਤੋਖ ਵਿਚ ਜੀਵਨ ਬਿਤਾਵੋ। ਗੁਰੂ ਦੀ ਸਰਨ ਪੈ ਕੇ ਦੂਜਿਆਂ ਦੀ ਵਧੀਕੀ ਸਹਾਰਨ ਦਾ ਗੁਣ ਗ੍ਰਹਣ ਕਰੋ। ਆਪਣੇ ਆਤਮਾ ਨੂੰ ਪਛਾਣ ਕੇ ਦੂਜਿਆਂ ਦੇ ਆਤਮਾ ਨੂੰ ਭੀ ਪਛਾਣੋ। ਗੁਰੂ ਦੀ ਸੰਗਤਿ ਵਿਚ ਰਿਹਾਂ ਇਹ ਨਿਰਨਾ ਆਉਂਦਾ ਹੈ।8। ਮਾਇਆ-ਵੇੜ੍ਹੇ ਬੰਦੇ ਮਾਇਆ ਦੇ ਮੋਹ ਵਿਚ ਤੇ ਛਲ ਵਿਚ (ਆਪਣੇ ਜੀਵਨ ਦਾ) ਆਸਰਾ (ਭਾਲਦੇ ਹਨ) , ਉਹ ਦਿਨ ਰਾਤ ਅਨੇਕਾਂ ਕਿਸਮਾਂ ਦੀ ਪਰਾਈ ਨਿੰਦਾ ਕਰਦੇ ਰਹਿੰਦੇ ਹਨ। ਸਿਮਰਨ ਤੋਂ ਵਾਂਝੇ ਰਹਿ ਕੇ ਉਹ (ਇਸ ਨਿੰਦਾ ਆਦਿਕ ਦੇ ਕੁਰਾਹੇ ਪੈ ਕੇ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦੇ ਹਨ, ਗਰਭ-ਜੂਨ ਦੇ ਨਰਕਾਂ ਵਿਚ ਪੈਂਦੇ ਹਨ।9। ਮਾਇਆ-ਵੇੜ੍ਹੇ ਜੀਵਾਂ ਦੇ ਅੰਦਰੋਂ ਜਮ ਦਾ ਡਰ ਦੂਰ ਨਹੀਂ ਹੁੰਦਾ, ਜਮ ਦੀ ਸਜ਼ਾ ਉਹਨਾਂ ਦੇ ਸਿਰ ਤੋਂ ਨਹੀਂ ਟਲਦੀ। ਅਹੰਕਾਰੀਆਂ ਦੇ ਸਿਰ ਉਤੇ (ਵਿਕਾਰਾਂ ਦਾ) ਅਸਹਿ ਭਾਰ ਟਿਕਿਆ ਰਹਿੰਦਾ ਹੈ (ਇਹ, ਮਾਨੋ, ਉਹਨਾਂ ਦੇ ਸਿਰ ਉਤੇ ਕਰਜ਼ਾ ਹੈ) ਧਰਮਰਾਜ ਦੇ ਇਸ ਕਰਜ਼ੇ ਦਾ ਲੇਖਾ ਉਹਨਾਂ ਪਾਸੋਂ ਲਿਆ ਹੀ ਜਾਂਦਾ ਹੈ।10। ਗੁਰੂ ਦੀ ਸਰਨ ਤੋਂ ਬਿਨਾ ਕੋਈ ਭੀ ਮਾਇਆ-ਵੇੜ੍ਹਿਆ ਬੰਦਾ (ਮਾਇਆ-ਮੋਹ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ (ਮਾਇਆ ਦੀ ਮਸਤੀ ਦੇ ਕਾਰਨ ਉਹ) 'ਹਉ ਹਉ ਮੈਂ ਮੈਂ' ਕਰਦਾ ਸੰਸਾਰ-ਸਮੁੰਦਰ ਵਿਚ ਡੁੱਬਾ ਰਹਿੰਦਾ ਹੈ। ਗੁਰੂ ਤੋਂ ਬਿਨਾ ਕੋਈ ਮਨੁੱਖ (ਇਸ ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ। ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਜਪਿਆਂ ਹੀ) ਪਾਰਲੇ ਕੰਢੇ ਪਹੁੰਚ ਸਕੀਦਾ ਹੈ।11। ਜਿਸ ਮਨੁੱਖ ਉਤੇ ਗੁਰੂ ਬਖ਼ਸ਼ਸ਼ ਕਰਦਾ ਹੈ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ, ਕੋਈ ਆਦਮੀ ਗੁਰੂ ਦੀ ਇਸ ਬਖ਼ਸ਼ਸ਼ ਦੇ ਰਾਹ ਵਿਚ ਰੁਕਾਵਟ ਨਹੀਂ ਪਾ ਸਕਦਾ। (ਗੁਰੂ ਦੀ ਮੇਹਰ ਨਾਲ) ਜਿਸ ਮਨੁੱਖ ਦੇ ਮਨ ਵਿਚ ਉਹ ਅਪਰ ਅਪਾਰ ਪ੍ਰਭੂ ਆ ਵੱਸਦਾ ਹੈ ਜਨਮ ਮਰਨ ਦਾ ਦੁੱਖ ਉਸ ਦੇ ਨੇੜੇ ਨਹੀਂ ਢੁਕਦਾ।12। ਹੇ ਭਾਈ! ਜੇ ਗੁਰੂ ਦੇ ਦਰ ਤੋਂ ਖੁੰਝੇ ਰਹੋਗੇ ਤਾਂ (ਸੰਸਾਰ ਵਿਚ ਮੁੜ ਮੁੜ) ਜੰਮਦੇ ਮਰਦੇ ਰਹੋਗੇ, ਜਨਮ ਮਰਨ ਦੇ ਗੇੜ ਵਿਚ ਪਏ ਰਹੋਗੇ ਤੇ ਪਾਪ-ਕਰਮ ਕਰਦੇ ਰਹੋਗੇ। ਮਾਇਆ-ਵੇੜ੍ਹੇ ਮੂਰਖ ਗ਼ਾਫ਼ਿਲ ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਦੋਂ ਕੋਈ ਦੁੱਖ ਵਿਆਪਦਾ ਹੈ ਤਾਂ ਉਸ ਵੇਲੇ 'ਹਾਇ ਰਾਮ! ਹਾਇ ਰਾਮ!' ਪੁਕਾਰਦੇ ਹਨ।13। ਹੇ ਪ੍ਰਾਣੀ! ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁਖ ਸੁਖ ਭੋਗੀਦੇ ਹਨ, ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ (ਇਹ ਦੁਖ ਸੁਖ ਭੋਗਣੇ) ਦਿੱਤੇ ਹਨ। ਹੇ ਪ੍ਰਾਣੀ! (ਵਾਪਰੇ ਦੁੱਖਾਂ ਦੇ ਕਾਰਨ) ਤੂੰ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ, ਇਹ ਤਾਂ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਸਹਾਰ।14। ਜੀਵ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਬੱਝਾ ਚਲਾ ਆ ਰਿਹਾ ਹੈ, (ਜਨਮ ਜਨਮਾਂਤਰਾਂ ਤੋਂ) ਹਉਮੈ ਤੇ ਮਮਤਾ ਅਹੰਕਾਰ-ਭਰੀਆਂ ਗੱਲਾਂ ਕਰਦਾ ਆ ਰਿਹਾ ਹੈ। 'ਇਹ ਮਾਇਆ ਮੇਰੀ ਹੈ ਇਹ ਮਾਇਆ ਮੇਰੀ ਹੈ' = ਇਹ ਆਖ ਆਖ ਕੇ ਇਥੋਂ ਆਪਣੇ ਨਾਲ ਭੀ ਕੁਝ ਨਹੀਂ ਲੈ ਜਾ ਸਕਦਾ। ਵਿਕਾਰਾਂ ਦੀ ਸੁਆਹ ਵਿਕਾਰਾਂ ਦਾ ਜ਼ਹਰ ਹੀ ਲੱਦ ਲੈਂਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਦੇਂਦਾ ਹੈ) ।15। ਹੇ ਭਾਈ ਜਨੋ! ਪਰਮਾਤਮਾ ਦੀ ਭਗਤੀ ਕਰੋ। ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, (ਇਸ ਤਰ੍ਹਾਂ ਇਹ ਵਿਕਾਰੀ) ਮਨ (ਰੱਬ) ਮਨ ਵਿਚ ਹੀ ਲੀਨ ਹੋ ਜਾਇਗਾ। ਹੇ ਭਾਈ! ਇਸ ਮਨ ਨੂੰ ਜੋ (ਮਾਇਆ ਦੇ ਪਿੱਛੇ) ਉਠ ਉਠ ਕੇ ਭੱਜਦਾ ਹੈ ਰੋਕ ਕੇ ਆਪਣੇ ਅਡੋਲ ਆਤਮਕ ਟਿਕਾਣੇ ਵਿਚ ਕਾਬੂ ਕਰ ਰੱਖੋ। (ਇਸ ਤਰ੍ਹਾਂ) ਸਾਰੇ ਦੁੱਖ ਕੱਟਣ ਦੇ ਸਮਰੱਥ ਪ੍ਰਭੂ ਦੁੱਖ ਦੂਰ ਕਰ ਦੇਵੇਗਾ। 16। ਜਿਸ ਮਨੁੱਖ ਨੇ ਪਰਮਾਤਮਾ ਦੀ ਤੇ ਪੂਰੇ ਗੁਰੂ ਦੀ ਸਰਨ ਦੀ ਕਦਰ ਪਛਾਣ ਲਈ ਹੈ, ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਸੁਰਤਿ ਜੋੜਨੀ ਸਮਝ ਲਈ ਹੈ, ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦੀ ਮਤਿ ਸ੍ਰੇਸ਼ਟ ਹੋ ਜਾਂਦੀ ਹੈ, ਪਰਮਾਤਮਾ ਉਸ ਉਤੇ ਮੇਹਰ ਕਰਦਾ ਹੈ ਤੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। 17।4।10। |
![]() |
![]() |
![]() |
![]() |
Sri Guru Granth Darpan, by Professor Sahib Singh |