ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1031

ਮਾਰੂ ਮਹਲਾ ੧ ॥ ਸਰਣਿ ਪਰੇ ਗੁਰਦੇਵ ਤੁਮਾਰੀ ॥ ਤੂ ਸਮਰਥੁ ਦਇਆਲੁ ਮੁਰਾਰੀ ॥ ਤੇਰੇ ਚੋਜ ਨ ਜਾਣੈ ਕੋਈ ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥ ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥ ਘਟਿ ਘਟਿ ਰੂਪੁ ਅਨੂਪੁ ਦਇਆਲਾ ॥ ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ ॥੨॥ ਅੰਤਰਿ ਜੋਤਿ ਭਲੀ ਜਗਜੀਵਨ ॥ ਸਭਿ ਘਟ ਭੋਗੈ ਹਰਿ ਰਸੁ ਪੀਵਨ ॥ ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥ ਜਗਤੁ ਉਪਾਇ ਖੇਲੁ ਰਚਾਇਆ ॥ ਪਵਣੈ ਪਾਣੀ ਅਗਨੀ ਜੀਉ ਪਾਇਆ ॥ ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥੪॥ ਚਾਰਿ ਨਦੀ ਅਗਨੀ ਅਸਰਾਲਾ ॥ ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥ ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥੫॥ ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥ ਤਿਨ ਮਹਿ ਪੰਚ ਤਤੁ ਘਰਿ ਵਾਸਾ ॥ ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥ ਇਹੁ ਮਨੁ ਭੀਜੈ ਸਬਦਿ ਪਤੀਜੈ ॥ ਬਿਨੁ ਨਾਵੈ ਕਿਆ ਟੇਕ ਟਿਕੀਜੈ ॥ ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥੭॥ ਦੁੰਦਰ ਦੂਤ ਭੂਤ ਭੀਹਾਲੇ ॥ ਖਿੰਚੋਤਾਣਿ ਕਰਹਿ ਬੇਤਾਲੇ ॥ ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥੮॥ ਕੂੜੁ ਕਲਰੁ ਤਨੁ ਭਸਮੈ ਢੇਰੀ ॥ ਬਿਨੁ ਨਾਵੈ ਕੈਸੀ ਪਤਿ ਤੇਰੀ ॥ ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥੯॥ ਜਮ ਦਰਿ ਬਾਧੇ ਮਿਲਹਿ ਸਜਾਈ ॥ ਤਿਸੁ ਅਪਰਾਧੀ ਗਤਿ ਨਹੀ ਕਾਈ ॥ ਕਰਣ ਪਲਾਵ ਕਰੇ ਬਿਲਲਾਵੈ ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥ ਸਾਕਤੁ ਫਾਸੀ ਪੜੈ ਇਕੇਲਾ ॥ ਜਮ ਵਸਿ ਕੀਆ ਅੰਧੁ ਦੁਹੇਲਾ ॥ ਰਾਮ ਨਾਮ ਬਿਨੁ ਮੁਕਤਿ ਨ ਸੂਝੈ ਆਜੁ ਕਾਲਿ ਪਚਿ ਜਾਤਾ ਹੇ ॥੧੧॥ ਸਤਿਗੁਰ ਬਾਝੁ ਨ ਬੇਲੀ ਕੋਈ ॥ ਐਥੈ ਓਥੈ ਰਾਖਾ ਪ੍ਰਭੁ ਸੋਈ ॥ ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੇ ॥੧੨॥ ਭੂਲੇ ਸਿਖ ਗੁਰੂ ਸਮਝਾਏ ॥ ਉਝੜਿ ਜਾਦੇ ਮਾਰਗਿ ਪਾਏ ॥ ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥ ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥ ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥ ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥ ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥ ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥ ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥ ਭੋਜਨ ਗਿਆਨੁ ਮਹਾ ਰਸੁ ਮੀਠਾ ॥ ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥ ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥ ਸਤਿਗੁਰੁ ਸੇਵਹਿ ਸੇ ਪਰਧਾਨਾ ॥ ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥ ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥ {ਪੰਨਾ 1031-1032}

ਪਦ ਅਰਥ: ਗੁਰਦੇਵ = ਹੇ ਗੁਰ ਦੇਵ! ਹੇ ਸਭ ਤੋਂ ਵੱਡੇ ਦੇਵਤੇ! ਹੇ ਪ੍ਰਭੂ! ਮੁਰਾਰੀ = {ਮੁਰ-ਅਰਿ = ਮੁਰ ਦੈਂਤ ਦਾ ਵੈਰੀ} ਦੈਂਤਾਂ ਦਾ ਨਾਸ ਕਰਨ ਵਾਲਾ। ਚੋਜ = ਕੌਤਕ, ਤਮਾਸ਼ੇ। ਪੂਰਾ = ਸਾਰੇ ਗੁਣਾਂ ਦਾ ਮਾਲਕ। ਬਿਧਾਤਾ = ਪੈਦਾ ਕਰਨ ਵਾਲਾ।1।

ਆਦਿ = ਜਗਤ ਦੇ ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਘਟਿ ਘਟਿ = (ਤੂੰ) ਹਰੇਕ ਘਟ ਵਿਚ (ਹੈਂ) । ਰੂਪੁ ਅਨੂਪੁ = ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਰੂਪ ਨਹੀਂ {ਅਨ-ਊਪ। ਊਪ = ਉਪਮਾ}। ਤੇਰੋ = ਤੇਰਾ।2।

ਜੋਤਿ ਜਗ ਜੀਵਨ = ਜਗਤ ਦੇ ਜੀਵਨ ਪ੍ਰਭੂ ਦੀ ਜੋਤਿ। ਭਲੀ = ਸੋਭ ਰਹੀ ਹੈ। ਸਭਿ = ਸਾਰੇ। ਤਿਹੁ ਲੋਈ = ਤਿੰਨਾਂ ਹੀ ਭਵਨਾਂ ਵਿਚ। ਲੋਈ = ਲੋਕ, ਭਵਨ {'ਕਹਤ ਕਬੀਰ ਸੁਨਹੁ ਰੇ ਲੋਈ'। ਰੇ ਲੋਈ = ਹੇ ਜਗਤ!}। ਜਗਤ ਪਿਤ = ਜਗਤ ਦਾ ਪਿਤਾ।3।

ਉਪਾਇ = ਪੈਦਾ ਕਰ ਕੇ। ਜੀਉ = ਜੀਵਾਤਮਾ। ਪਾਇਆ = ਰੱਖ ਦਿੱਤਾ। ਦੇਹੀ = ਸਰੀਰ। ਦਰਵਾਜੇ = ਕੰਨ ਨੱਕ ਆਦਿਕ ਗੋਲਕਾਂ, ਕਰਮ-ਇੰਦ੍ਰੇ। ਦਸਵਾ = ਦਸਵਾਂ ਦਰਵਾਜ਼ਾ (ਜਿਸ ਵਿਚੋਂ ਲੰਘ ਕੇ ਪਰਮਾਤਮਾ ਦੇ ਘਰ ਵਿਚ ਪਹੁੰਚੀਦਾ ਹੈ) । ਰਹਾਤਾ = ਰੱਖਦਾ ਹੈ।4।

ਚਾਰਿ ਨਦੀ = (ਹਿੰਸਾ, ਮੋਹ, ਲੋਭ, ਕ੍ਰੋਧ = ਇਹ) ਚਾਰੇ ਨਦੀਆਂ। ਅਸਰਾਲਾ = ਭਿਆਨਕ। ਨਿਰਾਲਾ = ਵਿਰਲਾ। ਸਾਕਤ = ਮਾਇਆ-ਵੇੜ੍ਹੇ ਜੀਵ। ਦਾਝਹਿ = ਸੜਦੇ ਹਨ। ਗੁਰਿ = ਗੁਰੂ ਨੇ। ਰਾਤਾ = ਰੱਤੇ ਹੋਏ, ਮਸਤ।5।

ਅਪੁ = {Awp`} ਪਾਣੀ। ਤੇਜੁ = ਅੱਗ। ਵਾਇ = ਹਵਾ। ਪੰਚ ਤਤੁ = ਪੰਜ-ਤੱਤੀ ਸਰੀਰ। ਤਿਨ ਮਹਿ = ਇਹਨਾਂ ਤੱਤਾਂ ਦੇ ਮੇਲ ਵਿਚ। ਘਰਿ = ਇਸ ਸਰੀਰ-ਘਰ ਵਿਚ। ਰੰਗਿ ਰਾਤਾ = ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੱਤੇ। ਭ੍ਰਾਤਾ = ਭ੍ਰਾਂਤੀ।6।

ਪਤੀਜੈ = ਪ੍ਰਸੰਨ ਹੁੰਦਾ ਹੈ, ਖਿੜਿਆ ਰਹਿੰਦਾ ਹੈ। ਟੇਕ = ਆਸਰਾ। ਚੋਰੁ = (ਵਿਕਾਰ ਵਿਚ ਫਸਿਆ) ਮਨ-ਚੋਰ। ਮੁਹੈ– ਲੁੱਟਦਾ ਹੈ। ਇਨਿ = ਇਸ ਨੇ। ਇਨਿ ਸਾਕਤਿ = ਇਸ ਸਾਕਤ ਨੇ। ਦੂਤੁ = ਵੈਰੀ।7।

ਦੁੰਦਰ = ਰੌਲਾ ਪਾਣ ਵਾਲੇ। ਦੂਤ = ਕਾਮਾਦਿਕ ਵੈਰੀ। ਭੀਹਾਲੇ = ਭਿਆਨਕ। ਬੇਤਾਲੇ = ਪ੍ਰੇਤ। ਖਿੰਚੋਤਾਣਿ = ਆਪੋ ਆਪਣੇ ਪਾਸੇ ਖਿੱਚਾ-ਖਿੱਚੀ। ਪਤਿ = ਇੱਜ਼ਤ। ਖੋਈ = ਗਵਾ ਲਈ।8।

ਭਸਮੈ = ਭਸਮ ਦੀ, ਸੁਆਹ ਦੀ। ਮੁਕਤਿ = ਖ਼ਲਾਸੀ। ਜੁਗ ਚਾਰੇ = ਚੌਹਾਂ ਜੁਗਾਂ ਵਿਚ ਹੀ, ਕਦੇ ਭੀ। ਜਮ ਕੰਕਰਿ = ਜਮ ਦੇ ਕਿੰਕਰ (ਦਾਸ) ਨੇ, ਜਮ-ਦੂਤ ਨੇ। ਕਾਲਿ = ਕਾਲ ਨੇ, ਆਤਮਕ ਮੌਤ ਨੇ। ਪਰਾਤਾ = ਪਛਾਣਿਆ।9।

ਦਰਿ = ਦਰ ਤੇ। ਮਿਲਹਿ = ਮਿਲਦੀਆਂ ਹਨ। ਗਤਿ = ਹਾਲਤ, ਦਸ਼ਾ। ਕਰਣ ਪਲਾਵ {k{xw pRlwp} ਤਰਲੇ, ਕੀਰਨੇ, ਤਰਸ-ਭਰੇ ਵਿਰਲਾਪ। ਮੀਨੁ = ਮੱਛੀ। ਪਰਾਤਾ = ਪੈ ਜਾਂਦਾ ਹੈ, ਫਸ ਜਾਂਦਾ ਹੈ।10।

ਪੜੈ = ਪੈਂਦਾ ਹੈ। ਜਮ ਵਸਿ = ਜਮ ਦੇ ਵੱਸ ਵਿਚ। ਅੰਧੁ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਦੁਹੇਲਾ = ਦੁਖੀ। ਆਜੁ ਕਾਲਿ = ਅੱਜ ਭੀ ਭਲਕ ਭੀ, ਹਰ ਰੋਜ਼। ਪਚਿ ਜਾਤਾ = ਖ਼ੁਆਰ ਹੁੰਦਾ ਹੈ।11।

ਬੇਲੀ = ਮਦਦ ਕਰਨ ਵਾਲਾ, ਮਿੱਤਰ। ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ। ਸਲਲੈ = ਪਾਣੀ ਵਿਚ।12।

ਉਝੜਿ = ਗ਼ਲਤ ਰਸਤੇ ਤੇ। ਮਾਰਗਿ = (ਠੀਕ) ਰਾਹ ਤੇ। ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ। ਸੰਗਿ = ਨਾਲ। ਸਖਾਤਾ = ਸਖਾ, ਸਾਥੀ।13।

ਬ੍ਰਹਮੈ = ਬ੍ਰਹਮਾ ਨੇ। ਇੰਦ੍ਰਿ = ਇੰਦਰ ਨੇ। ਮਹੇਸਿ = ਮਹੇਸ਼ ਨੇ। ਅਲਖੁ = {Al™X} ਅਦ੍ਰਿਸ਼ਟ, ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ। ਤਿਸਹਿ = ਉਸ ਨੇ ਹੀ।14।

ਪਰਸਨੁ = ਛੋਹ, ਮੇਲ। ਅਹਿ = ਦਿਨ। ਨਿਸਿ = ਰਾਤ। ਨਿਰਮਲ = ਪਵਿੱਤ੍ਰ। ਸਬਾਈ = ਸਾਰੀ ਲੋਕਾਈ ਵਿਚ। ਘਟਿ = (ਆਪਣੇ) ਹਿਰਦੇ-ਘਰ ਵਿਚ।15।

ਮਹਾ ਰਸੁ = ਬੜੇ ਸੁਆਦ ਵਾਲਾ। ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ (ਮਨੁੱਖ) ਨੇ। ਦੇਖਿ = ਵੇਖ ਕੇ। ਬੈਰਾਗੀ = ਪ੍ਰੇਮੀ ਜੀਵ। ਮਨਸਾ = ਮਨ ਦਾ ਮਾਇਕ ਫੁਰਨਾ {mnI = w = ਇੱਛਾ, ਖ਼ਾਹਿਸ਼}। 16।

ਸੇ = ਉਹ ਬੰਦੇ। ਪਰਧਾਨਾ = ਮੰਨੇ ਪ੍ਰਮੰਨੇ ਹੋਏ। ਤਿਨ = ਉਹਨਾਂ ਬੰਦਿਆਂ ਨੇ। ਨਾਨਕ = ਨਾਨਕ ਨੂੰ। 17।

ਅਰਥ: ਹੇ ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ (ਕਾਮਾਦਿਕ) ਵੈਰੀਆਂ ਦਾ ਮਾਰਨ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ। ਕੋਈ ਜੀਵ ਤੇਰੇ ਕੌਤਕ ਸਮਝ ਨਹੀਂ ਸਕਦਾ, ਤੂੰ ਸਭ ਗੁਣਾਂ ਦਾ ਮਾਲਕ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ।1।

ਜਗਤ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਤੂੰ (ਸਭ ਜੀਵਾਂ ਦੀ) ਪਾਲਣਾ ਕਰਦਾ ਆ ਰਿਹਾ ਹੈਂ, ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਨਹੀਂ, ਤੂੰ ਦਇਆ ਦਾ ਸੋਮਾ ਹੈਂ। ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸੰਸਾਰ ਦੀ ਕਾਰ ਚਲਾ ਰਿਹਾ ਹੈਂ, ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ (ਕਰਮ) ਕਰਦਾ ਹੈ।2।

ਜਗਤ ਦੇ ਜੀਵਨ ਪ੍ਰਭੂ ਦੀ ਜੋਤਿ ਹਰੇਕ ਦੇ ਅੰਦਰ ਸੋਭ ਰਹੀ ਹੈ, ਸਾਰੇ ਸਰੀਰਾਂ ਵਿਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਆਪਣੇ ਨਾਮ ਦਾ ਰਸ ਪੀ ਰਿਹਾ ਹੈ, ਮਾਣ ਰਿਹਾ ਹੈ। ਇਹ ਹਰਿ-ਨਾਮ-ਰਸ ਆਪ ਹੀ (ਜੀਵਾਂ ਵਿਚ ਬੈਠਾ) ਲੈ ਰਿਹਾ ਹੈ, ਆਪ ਹੀ (ਜੀਵਾਂ ਨੂੰ ਇਹ ਨਾਮ-ਰਸ) ਦੇਂਦਾ ਹੈ। ਜਗਤ ਦਾ ਪਿਤਾ ਪ੍ਰਭੂ ਤਿੰਨਾਂ ਹੀ ਭਵਨਾਂ ਵਿਚ ਮੌਜੂਦ ਹੈ ਤੇ ਸਭ ਦਾਤਾਂ ਦੇ ਰਿਹਾ ਹੈ।3।

ਜਗਤ ਪੈਦਾ ਕਰ ਕੇ ਪ੍ਰਭੂ ਨੇ (ਮਾਨੋ, ਇਕ) ਖੇਡ ਬਣਾ ਦਿੱਤੀ ਹੈ; ਹਵਾ ਪਾਣੀ ਅੱਗ (ਆਦਿਕ ਤੱਤਾਂ ਨੂੰ ਇਕੱਠਾ ਕਰ ਕੇ ਤੇ ਸਰੀਰ ਬਣਾ ਕੇ ਉਸ ਵਿਚ) ਜਿੰਦ ਟਿਕਾ ਦਿੱਤੀ ਹੈ। ਇਸ ਸਰੀਰ-ਨਗਰੀ ਨੂੰ ਉਸ ਨੇ ਨੌ ਦਰਵਾਜ਼ੇ (ਤਾਂ ਪਰਗਟ ਤੌਰ ਤੇ) ਲਾ ਦਿੱਤੇ ਹਨ, (ਜਿਸ ਦਰਵਾਜ਼ੇ ਰਾਹੀਂ ਉਸ ਦੇ ਘਰ ਵਿਚ ਪਹੁੰਚੀਦਾ ਹੈ) ਉਹ ਦਸਵਾਂ ਦਰਵਾਜ਼ਾ (ਉਸ ਨੇ) ਗੁਪਤ ਰੱਖਿਆ ਹੋਇਆ ਹੈ।4।

(ਇਸ ਜਗਤ ਵਿਚ ਨਿਰਦਇਤਾ ਮੋਹ ਲੋਭ ਤੇ ਕ੍ਰੋਧ) ਚਾਰ ਅੱਗ ਦੀਆਂ ਭਿਆਨਕ ਨਦੀਆਂ ਹਨ। ਪਰ ਕੋਈ ਵਿਰਲਾ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਗੱਲ ਨੂੰ ਸਮਝਦਾ ਹੈ, (ਨਹੀਂ ਤਾਂ) ਮਾਇਆ-ਵੇੜ੍ਹੇ ਜੀਵ ਭੈੜੀ ਮੱਤੇ ਲੱਗ ਕੇ (ਇਹਨਾਂ ਨਦੀਆਂ ਵਿਚ) ਗੋਤੇ ਖਾਂਦੇ ਹਨ ਤੇ ਸੜਦੇ ਹਨ। ਜਿਨ੍ਹਾਂ ਨੂੰ ਗੁਰੂ ਨੇ (ਇਹਨਾਂ ਅੱਗ-ਨਦੀਆਂ ਤੋਂ) ਬਚਾ ਲਿਆ ਉਹ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦੇ ਹਨ।5।

ਪਾਣੀ ਅੱਗ ਹਵਾ ਧਰਤੀ ਤੇ ਆਕਾਸ਼ = ਇਹਨਾਂ ਪੰਜਾਂ ਦੇ ਮੇਲ ਦੀ ਰਾਹੀਂ ਪਰਮਾਤਮਾ ਨੇ ਪੰਜ-ਤੱਤੀ ਘਰ ਬਣਾ ਦਿੱਤਾ ਹੈ ਉਸ ਘਰ ਵਿਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ। ਜੇਹੜੇ ਜੀਵ ਸਤਿਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਮਾਇਆ ਦੀ ਹਉਮੈ ਤੇ ਮਾਇਆ ਦੀ ਖ਼ਾਤਰ ਭਟਕਣਾ ਛੱਡ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।6।

ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਭਿੱਜ ਜਾਂਦਾ ਹੈ (ਸ਼ਬਦ ਵਿਚ ਖ਼ੁਸ਼ ਹੋ ਕੇ ਜੁੜਦਾ ਹੈ) ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਪ੍ਰਸੰਨ ਹੁੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਕੋਈ ਹੋਰ ਆਸਰਾ ਨਹੀਂ ਭਾਲਦਾ। ਪਰ ਜੋ ਮਨੁੱਖ ਮਾਇਆ-ਵੇੜ੍ਹਿਆ ਹੈ ਉਸ ਦੇ ਅੰਦਰ (ਵਿਕਾਰੀ ਮਨ-) ਚੋਰ ਦਾ ਘਰ-ਘਾਟ ਲੁੱਟਦਾ ਜਾਂਦਾ ਹੈ, ਇਸ ਮਾਇਆ-ਵੇੜ੍ਹੇ ਜੀਵ ਨੇ ਇਸ ਚੋਰ ਨੂੰ ਪਛਾਣਿਆ ਹੀ ਨਹੀਂ।7।

ਜਿਸ ਮਨੁੱਖ ਦੇ ਅੰਦਰ ਰੌਲਾ ਪਾਣ ਵਾਲੇ ਤੇ ਡਰਾਉਣੇ ਭੂਤਾਂ ਵਰਗੇ ਕਾਮਾਦਿਕ ਵੈਰੀ ਵੱਸਦੇ ਹੋਣ ਤੇ ਉਹ ਭੂਤ ਆਪੋ ਆਪਣੇ ਪਾਸੇ ਵਲ ਖਿੱਚਾ-ਖਿੱਚੀ ਕਰ ਰਹੇ ਹੋਣ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤਿ-ਸੂਝ ਤੋਂ ਵਾਂਜਿਆ ਰਹਿ ਕੇ ਜੰਮਦਾ ਮਰਦਾ ਰਹਿੰਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।8।

ਹੇ ਜੀਵ! ਤੂੰ ਸਾਰੀ ਉਮਰ ਕੂੜ (-ਰੂਪ) ਕੱਲਰ ਹੀ (ਵਿਹਾਝਦਾ ਹੈਂ) , ਸਰੀਰ ਭੀ ਆਖ਼ਰ ਸੁਆਹ ਦੀ ਢੇਰੀ ਹੋ ਜਾਣ ਵਾਲਾ ਹੈ (ਤੇਰੇ ਪੱਲੇ ਕੀਹ ਪਿਆ ਹੈ?) । ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਆਪਣੀ ਇੱਜ਼ਤ ਗਵਾ ਲੈਂਦਾ ਹੈਂ। ਮਾਇਆ ਦੇ ਮੋਹ ਵਿਚ ਬੱਝੇ ਹੋਏ ਦੀ ਖ਼ਲਾਸੀ ਪ੍ਰਭੂ ਦੇ ਨਾਮ ਤੋਂ ਬਿਨਾ ਕਦੇ ਭੀ ਨਹੀਂ ਹੋ ਸਕੇਗੀ (ਇਉਂ ਹੈ ਜਿਵੇਂ) ਕਾਲ-ਜਮਦੂਤ ਨੇ ਤੈਨੂੰ (ਖ਼ਾਸ ਤੌਰ ਤੇ) ਪਛਾਣਿਆ ਹੋਇਆ ਹੈ (ਕਿ ਇਹ ਮੇਰਾ ਸ਼ਿਕਾਰ ਹੈ) ।9।

(ਕੂੜ ਕੱਲਰ ਦੇ ਵਪਾਰੀ ਨੂੰ) ਜਮ ਦੇ ਦਰ ਤੇ ਬੱਝੇ ਨੂੰ ਸਜ਼ਾਵਾਂ ਮਿਲਦੀਆਂ ਹਨ, ਉਸ (ਵਿਚਾਰੇ) ਮੰਦ-ਕਰਮੀ ਦਾ ਭੈੜਾ ਹਾਲ ਹੁੰਦਾ ਹੈ, ਵਿਲਕਦਾ ਹੈ ਤਰਲੇ ਲੈਂਦਾ ਹੈ (ਪਰ ਮੋਹ ਦੀ ਫਾਹੀ ਵਿਚੋਂ ਖ਼ਲਾਸੀ ਨਹੀਂ ਹੁੰਦੀ) ਜਿਵੇਂ ਮੱਛੀ ਕੁੰਡੀ ਵਿਚ ਫਸ ਜਾਂਦੀ ਹੈ।10।

ਮਾਇਆ-ਵੇੜ੍ਹਿਆ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਵੱਸ ਵਿਚ ਪਿਆ ਦੁੱਖੀ ਹੁੰਦਾ ਹੈ, ਉਸ ਦੀ ਇਕੱਲੀ ਆਪਣੀ ਜਿੰਦ ਉਸ ਫਾਹੀ ਵਿਚ ਫਸੀ ਹੁੰਦੀ ਹੈ। (ਉਹ ਮਾਇਆ-ਵੇੜ੍ਹਿਆ ਜੀਵ ਪ੍ਰਭੂ-ਨਾਮ ਤੋਂ ਵਾਂਜਿਆਂ ਰਹਿੰਦਾ ਹੈ, ਤੇ) ਹਰੀ-ਨਾਮ ਤੋਂ ਬਿਨਾ ਖ਼ਲਾਸੀ ਦਾ ਕੋਈ ਵਸੀਲਾ ਨਹੀਂ ਸੁੱਝ ਸਕਦਾ, ਨਿੱਤ (ਮੋਹ ਦੀ ਫਾਹੀ ਵਿਚ ਹੀ) ਖ਼ੁਆਰ ਹੁੰਦਾ ਹੈ।11।

ਸਤਿਗੁਰੂ ਤੋਂ ਬਿਨਾ (ਜੀਵਨ-ਰਾਹ ਦੱਸਣ ਵਾਲਾ) ਕੋਈ ਮਦਦਗਾਰ ਨਹੀਂ ਬਣਦਾ (ਗੁਰੂ ਹੀ ਦੱਸਦਾ ਹੈ ਕਿ) ਲੋਕ ਪਰਲੋਕ ਵਿਚ ਪਰਮਾਤਮਾ ਹੀ (ਜੀਵ ਦੀ) ਰਾਖੀ ਕਰਨ ਵਾਲਾ ਹੈ। (ਸਤਿਗੁਰੂ) ਮੇਹਰ ਕਰ ਕੇ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਇਸ ਤਰ੍ਹਾਂ (ਜੀਵ ਪਰਮਾਤਮਾ ਦੇ ਚਰਨਾਂ ਵਿਚ ਇਉਂ ਮਿਲ ਜਾਂਦਾ ਹੈ, ਜਿਵੇਂ) ਪਾਣੀ ਵਿਚ ਪਾਣੀ ਰਲ ਜਾਂਦਾ ਹੈ।12।

ਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ, ਕੁਰਾਹੇ ਜਾਂਦੇ ਨੂੰ (ਠੀਕ) ਰਾਹ ਤੇ ਪਾਂਦਾ ਹੈ। (ਹੇ ਭਾਈ! ਤੂੰ) ਦਿਨ ਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ। ਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਤ੍ਰਤਾ ਬਣਾ ਦੇਂਦਾ ਹੈ।13।

(ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ? ਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ। ਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ।14।

ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਦਾ) ਪ੍ਰੇਮ ਹੈ ਉਸ ਨੂੰ (ਪਰਮਾਤਮਾ ਦਾ) ਦੀਦਾਰ ਪ੍ਰਾਪਤ ਹੁੰਦਾ ਹੈ, ਜਿਸ ਦੀ ਪ੍ਰੀਤਿ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ-ਚਰਨਾਂ ਦੀ ਛੁਹ ਮਿਲ ਜਾਂਦੀ ਹੈ। ਉਸ ਨੂੰ ਸਾਰੀ ਹੀ ਲੋਕਾਈ ਵਿਚ ਪ੍ਰਭੂ ਦੀ ਪਵਿਤ੍ਰ ਜੋਤਿ ਵਿਆਪਕ ਦਿੱਸਦੀ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿਚ ਦਿਨ ਰਾਤ (ਗਿਆਨ ਦਾ) ਦੀਵਾ (ਜਗਦਾ) ਦਿੱਸਦਾ ਹੈ।15।

(ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ) ਗਿਆਨ ਇਕ ਐਸੀ (ਆਤਮਕ) ਖ਼ੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸੁਆਦਲੀ ਹੈ, ਜਿਸ ਨੇ ਇਹ ਸੁਆਦ ਚੱਖਿਆ ਹੈ ਉਸ ਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੈ। ਜੇਹੜੇ ਪ੍ਰੇੁਮੀ (ਗੁਰੂ ਦੀ ਰਾਹੀਂ ਪਰਮਾਤਮਾ ਦਾ) ਦਰਸਨ ਕਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ, ਉਹਨਾਂ ਦਾ ਮਨ (ਆਪਣੀਆਂ) ਕਾਮਨਾਂ ਨੂੰ ਮਾਰ ਕੇ (ਸਦਾ ਲਈ ਪਰਮਾਤਮਾ ਦੀ ਯਾਦ ਵਿਚ) ਲੀਨ ਹੋ ਜਾਂਦਾ ਹੈ। 16।

ਜੇਹੜੇ ਮਨੁੱਖ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਂਦੇ ਹਨ, ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ।

(ਨਾਨਕ ਦੀ ਅਰਦਾਸਿ ਹੈ ਕਿ) ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਹਰੀ ਦੇ ਜਨਾਂ ਦੀ ਸੰਗਤਿ ਨਾਨਕ ਨੂੰ ਭੀ ਮਿਲ ਜਾਏ (ਉਹਨਾਂ ਦੀ ਸੰਗਤਿ ਵਿਚ ਹੀ ਰਹਿ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ। 17।5।11।

TOP OF PAGE

Sri Guru Granth Darpan, by Professor Sahib Singh