ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1029

ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ ॥ ਮਾਇਆ ਮੋਹੁ ਪਸਰਿਆ ਪਾਸਾਰਾ ॥ ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ ॥੯॥ ਕੂੜਿ ਮੁਠੀ ਚਾਲੈ ਬਹੁ ਰਾਹੀ ॥ ਮਨਮੁਖੁ ਦਾਝੈ ਪੜਿ ਪੜਿ ਭਾਹੀ ॥ ਅੰਮ੍ਰਿਤ ਨਾਮੁ ਗੁਰੂ ਵਡ ਦਾਣਾ ਨਾਮੁ ਜਪਹੁ ਸੁਖ ਸਾਰਾ ਹੇ ॥੧੦॥ ਸਤਿਗੁਰੁ ਤੁਠਾ ਸਚੁ ਦ੍ਰਿੜਾਏ ॥ ਸਭਿ ਦੁਖ ਮੇਟੇ ਮਾਰਗਿ ਪਾਏ ॥ ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥੧੧॥ ਖੇਹੂ ਖੇਹ ਰਲੈ ਤਨੁ ਛੀਜੈ ॥ ਮਨਮੁਖੁ ਪਾਥਰੁ ਸੈਲੁ ਨ ਭੀਜੈ ॥ ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥੧੨॥ ਮਾਇਆ ਬਿਖੁ ਭੁਇਅੰਗਮ ਨਾਲੇ ॥ ਇਨਿ ਦੁਬਿਧਾ ਘਰ ਬਹੁਤੇ ਗਾਲੇ ॥ ਸਤਿਗੁਰ ਬਾਝਹੁ ਪ੍ਰੀਤਿ ਨ ਉਪਜੈ ਭਗਤਿ ਰਤੇ ਪਤੀਆਰਾ ਹੇ ॥੧੩॥ ਸਾਕਤ ਮਾਇਆ ਕਉ ਬਹੁ ਧਾਵਹਿ ॥ ਨਾਮੁ ਵਿਸਾਰਿ ਕਹਾ ਸੁਖੁ ਪਾਵਹਿ ॥ ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥੧੪॥ ਕੂਕਰ ਸੂਕਰ ਕਹੀਅਹਿ ਕੂੜਿਆਰਾ ॥ ਭਉਕਿ ਮਰਹਿ ਭਉ ਭਉ ਭਉ ਹਾਰਾ ॥ ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥੧੫॥ ਸਤਿਗੁਰੁ ਮਿਲੈ ਤ ਮਨੂਆ ਟੇਕੈ ॥ ਰਾਮ ਨਾਮੁ ਦੇ ਸਰਣਿ ਪਰੇਕੈ ॥ ਹਰਿ ਧਨੁ ਨਾਮੁ ਅਮੋਲਕੁ ਦੇਵੈ ਹਰਿ ਜਸੁ ਦਰਗਹ ਪਿਆਰਾ ਹੇ ॥੧੬॥ ਰਾਮ ਨਾਮੁ ਸਾਧੂ ਸਰਣਾਈ ॥ ਸਤਿਗੁਰ ਬਚਨੀ ਗਤਿ ਮਿਤਿ ਪਾਈ ॥ ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥ {ਪੰਨਾ 1029-1030}

ਪਦ ਅਰਥ: ਕਲਤ੍ਰ = ਇਸਤ੍ਰੀ। ਜਗਿ = ਜਗਤ ਵਿਚ। ਹੇਤੁ = ਹਿਤ, ਮੋਹ। ਪਾਸਾਰਾ = ਖਿਲਾਰਾ। ਸਤਿਗੁਰਿ = ਸਤਿਗੁਰੂ ਨੇ।9।

ਕੂੜਿ = ਮਾਇਆ ਦੇ ਮੋਹ ਵਿਚ। ਪੜਿ = ਪੈ ਕੇ। ਭਾਹੀ = ਅੱਗ ਵਿਚ। ਦਾਣਾ = ਸਿਆਣਾ। ਸਾਰਾ = ਸ੍ਰੇਸ਼ਟ।10।

ਸਭਿ = ਸਾਰੇ। ਮਾਰਗਿ = ਰਸਤੇ ਉਤੇ। ਕੰਡਾ = ਹਉਮੈ ਦਾ ਕੰਡਾ। ਪਾਇ = ਪੈਰ ਵਿਚ। ਗਡਈ = ਚੁੱਭਦਾ। ਮੂਲੇ = ਬਿਲਕੁਲ।11।

ਖੇਹੂ = ਸੁਆਹ ਵਿਚ। ਛੀਜੈ = ਛਿੱਜਦਾ ਹੈ, ਕਮਜ਼ੋਰ ਹੁੰਦਾ ਹੈ। ਸੈਲੁ = ਪੱਥਰ, ਪਹਾੜ। ਕਰਣ ਪਲਾਵ = {k{xwpRlwp} ਤਰਲੇ, ਕੀਰਨੇ, ਤਰਸ-ਭਰੇ ਵਿਰਲਾਪ। ਅਵਤਾਰਾ = ਜਨਮਦਾ।12।

ਬਿਖੁ = ਜ਼ਹਿਰ। ਭੁਇਅੰਗਮ = ਸੱਪ। ਇਨਿ = ਇਸ ਨੇ। ਪਤੀਆਰਾ = ਪਤੀਜਦਾ।13।

ਸਾਕਤ = ਮਾਇਆ-ਵੇੜ੍ਹੇ ਮਨੁੱਖ। ਧਾਵਹਿ = ਦੌੜਦੇ ਹਨ। ਵਿਸਾਰਿ = ਵਿਸਾਰ ਕੇ।14।

ਕੂਕਰ = ਕੁੱਤੇ। ਸੂਕਰ = ਸੂਰ। ਭਉਕਿ = ਭੌਂਕ ਕੇ। ਮਰਹਿ = ਆਤਮਕ ਮੌਤੇ ਮਰਦੇ ਹਨ। ਭਉ ਭਉ ਭਉ = ਭਟਕ ਭਟਕ ਕੇ। ਹਾਰਾ = ਥੱਕ ਜਾਂਦੇ ਹਨ।15।

ਟੇਕੈ = ਆਸਰਾ ਦੇਂਦਾ ਹੈ। ਪਰੇਕੈ = ਪਏ ਹੋਏ ਨੂੰ। 16।

ਸਾਧੂ = ਗੁਰੂ। ਗਤਿ = ਹਾਲਤ। ਮਿਤਿ = ਮਰਯਾਦਾ। ਮਨ = ਹੇ ਮਨ!। 17।

ਅਰਥ: ਜਗਤ ਵਿਚ ਮਾਇਆ ਦਾ ਮੋਹ-ਰੂਪ ਖਿਲਾਰਾ ਖਿਲਰਿਆ ਪਿਆ ਹੈ, (ਸਭ ਜੀਵਾਂ ਦਾ) ਪੁੱਤਰ ਨਾਲ ਇਸਤ੍ਰੀ ਨਾਲ ਮੋਹ ਹੈ ਪਿਆਰ ਹੈ (ਪਰ ਇਹ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ) , ਇਸ ਆਤਮਕ ਮੌਤ ਦੀਆਂ ਫਾਹੀਆਂ ਸਤਿਗੁਰੂ ਨੇ (ਉਸ ਮਨੁੱਖ ਦੇ ਗਲੋਂ) ਤੋੜ ਦਿੱਤੀਆਂ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ।9।

ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ (ਪੈ ਕੇ ਆਤਮਕ ਜੀਵਨ ਦੀ ਪੂੰਜੀ) ਲੁਟਾ ਬੈਠਦੀ ਹੈ, ਉਹ (ਸਹੀ ਜੀਵਨ-ਰਾਹ ਤੋਂ ਖੁੰਝ ਕੇ) ਕਈ ਰਾਹਾਂ ਵਿਚ ਭਟਕਦੀ ਫਿਰਦੀ ਹੈ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਤ੍ਰਿਸ਼ਨਾ ਦੀ ਅੱਗ ਵਿਚ ਪੈ ਪੈ ਕੇ ਸੜਦਾ ਹੈ (ਦੁਖੀ ਹੁੰਦਾ ਹੈ) । (ਇਸ ਰੋਗ ਤੋਂ ਬਚਾਣ ਲਈ) ਗੁਰੂ (ਜੋ) ਵੱਡਾ ਸਿਆਣਾ (ਹਕੀਮ) ਹੈ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇਂਦਾ ਹੈ। (ਹੇ ਭਾਈ! ਗੁਰੂ ਦੀ ਸਰਨ ਪੈ ਕੇ) ਨਾਮ ਜਪੋ (ਇਸੇ ਵਿਚ) ਸ੍ਰੇਸ਼ਟ ਸੁਖ ਹੈ।10।

ਜਿਸ ਮਨੁੱਖ ਉਤੇ ਗੁਰੂ ਤ੍ਰੁੱਠਦਾ ਹੈ ਉਸ ਨੂੰ ਸਦਾ-ਥਿਰ ਹਰੀ-ਨਾਮ (ਹਿਰਦੇ ਵਿਚ) ਪੱਕਾ ਕਰਾ ਦੇਂਦਾ ਹੈ, ਉਸ ਦੇ ਸਾਰੇ ਦੁੱਖ ਮਿਟਾ ਦੇਂਦਾ ਹੈ ਉਸ ਨੂੰ ਜ਼ਿੰਦਗੀ ਦੇ ਸਹੀ ਰਸਤੇ ਤੇ ਪਾ ਦੇਂਦਾ ਹੈ। ਸਤਿਗੁਰੂ ਜਿਸ ਮਨੁੱਖ ਦਾ ਰਾਖਾ ਬਣਦਾ ਹੈ (ਜ਼ਿੰਦਗੀ ਦੇ ਪੈਂਡੇ ਤੁਰਦਿਆਂ) ਉਸ ਦੇ ਪੈਰ ਵਿਚ ਕੰਡਾ ਨਹੀਂ ਚੁੱਭਦਾ (ਉਸ ਨੂੰ ਹਉਮੈ ਦਾ ਕੰਡਾ ਦੁਖੀ ਨਹੀਂ ਕਰਦਾ) ।11।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪੱਥਰ ਦਿਲ ਹੀ ਰਹਿੰਦਾ ਹੈ ਕਦੇ (ਭਗਤੀ-ਭਾਵ ਵਿਚ) ਨਹੀਂ ਭਿੱਜਦਾ, ਸਾਰੀ ਉਮਰ ਮਾਇਆ ਦੇ ਮੋਹ ਵਿਚ ਹੀ ਉਸ ਦਾ ਸਰੀਰ ਆਖ਼ਰ ਨਾਸ ਹੋ ਜਾਂਦਾ ਹੈ ਤੇ (ਉਸ ਦਾ ਸ੍ਰੇਸ਼ਟ ਮਨੁੱਖਾ ਜੀਵਨ) ਸੁਆਹ ਵਿਚ ਹੀ ਰਲ ਜਾਂਦਾ ਹੈ। (ਜੀਵਨ ਦਾ ਸਮਾ ਵਿਹਾ ਜਾਣ ਤੇ ਜੇ ਉਹ) ਬਥੇਰੇ ਤਰਲੇ ਭੀ ਕਰੇ (ਤਾਂ ਕਿਸੇ ਅਰਥ ਨਹੀਂ) ਉਹ ਕਦੇ ਨਰਕ ਵਿਚ ਕਦੇ ਸੁਰਗ ਵਿਚ ਜੰਮਦਾ ਹੀ ਰਹਿੰਦਾ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਸੁਖ ਭੋਗਦਾ ਰਹਿੰਦਾ ਹੈ) ।12।

(ਗੁਰੂ ਦੀ ਸਰਨ ਤੋਂ ਬਿਨਾ) ਮਾਇਆ ਦੇ ਮੋਹ-ਰੂਪ ਸੱਪ ਦਾ ਜ਼ਹਿਰ ਜੀਵਾਂ ਦੇ ਅੰਦਰ ਟਿਕਿਆ ਰਹਿੰਦਾ ਹੈ (ਤੇ ਜੀਵਾਂ ਨੂੰ ਆਤਮਕ ਮੌਤੇ ਮਾਰਦਾ ਰਹਿੰਦਾ ਹੈ) । ਇਸ ਨੇ ਦੁਬਿਧਾ ਵਿਚ ਪਾ ਕੇ ਅਨੇਕਾਂ ਘਰ ਗਾਲ ਦਿੱਤੇ ਹਨ (ਮੋਹ ਨੇ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਪੈ ਕੇ ਅਨੇਕਾਂ ਜੀਵਨ ਬਰਬਾਦ ਕਰ ਦਿੱਤੇ ਹਨ) । ਗੁਰੂ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਪ੍ਰੀਤਿ ਪੈਦਾ ਨਹੀਂ ਹੁੰਦੀ। ਜੇਹੜੇ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਭਗਤ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਖ਼ੁਸ਼ ਰਹਿੰਦਾ ਹੈ।13।

ਮਾਇਆ-ਵੇੜ੍ਹੇ ਜੀਵ ਮਾਇਆ ਇਕੱਠੀ ਕਰਨ ਦੀ ਖ਼ਾਤਰ ਬਹੁਤ ਭੱਜ-ਦੌੜ ਕਰਦੇ ਹਨ (ਕਿਉਂਕਿ ਉਹ ਇਸੇ ਵਿਚ ਸੁਖ ਲੱਭਣ ਦੀ ਆਸ ਰੱਖਦੇ ਹਨ) ਪਰ ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਆਨੰਦ ਕਿੱਥੋਂ ਲੈ ਸਕਦੇ ਹਨ? ਉਹ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਫਸੇ ਰਹਿ ਕੇ ਦੁਖੀ ਹੁੰਦੇ ਹਨ (ਹੋਰਨਾਂ ਨੂੰ ਭੀ) ਦੁਖੀ ਕਰਦੇ ਹਨ। ਦੁੱਖਾਂ ਦੇ ਇਸ ਸਮੁੰਦਰ ਵਿਚੋਂ ਉਹ ਪਾਰਲੇ ਬੰਨੇ ਨਹੀਂ ਪਹੁੰਚ ਸਕਦੇ।14।

ਨਿਰੇ ਕੂੜ ਦੇ ਵਪਾਰੀ ਬੰਦੇ (ਵੇਖਣ ਨੂੰ ਤਾਂ ਮਨੁੱਖ ਹਨ, ਪਰ ਅਸਲ ਵਿਚ ਉਹ) ਕੁੱਤੇ ਤੇ ਸੂਰ ਹੀ (ਆਪਣੇ ਆਪ ਨੂੰ) ਅਖਵਾਂਦੇ ਹਨ (ਕਿਉਂਕਿ ਕੁੱਤਿਆਂ ਤੇ ਸੂਰਾਂ ਵਾਂਗ ਮਾਇਆ ਦੀ ਖ਼ਾਤਰ) ਭੌਂਕ ਭੌਂਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਸਾਰੀ ਉਮਰ ਭਟਕਦੇ ਭਟਕਦੇ ਥੱਕ ਟੁੱਟ ਜਾਂਦੇ ਹਨ। ਉਹਨਾਂ ਦੇ ਮਨ ਵਿਚ ਮਾਇਆ ਦਾ ਮੋਹ, ਉਹਨਾਂ ਦੇ ਸਰੀਰ ਵਿਚ ਮਾਇਆ ਦਾ ਮੋਹ, ਸਾਰੀ ਉਮਰ ਉਹ ਮੋਹ ਦੀ ਕਮਾਈ ਹੀ ਕਰਦੇ ਹਨ। ਇਸ ਭੈੜੀ ਮੱਤੇ ਲੱਗ ਕੇ ਪਰਮਾਤਮਾ ਦੀ ਦਰਗਾਹ ਵਿਚ ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ।15।

ਜੇ ਸਤਿਗੁਰੂ ਮਿਲ ਪਏ ਤਾਂ ਉਹ ਸਰਨ ਪਏ ਮਨੁੱਖ ਨੂੰ ਪਰਮਾਤਮਾ ਦਾ ਨਾਮ ਦੇ ਕੇ ਉਸ ਦੇ (ਡੋਲਦੇ) ਮਨ ਨੂੰ ਸਹਾਰਾ ਦੇਂਦਾ ਹੈ। ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੂਪ ਅਮੋਲਕ (ਕੀਮਤੀ) ਧਨ ਦੇਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਦਾਤਿ) ਦੇਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਨੂੰ) ਪ੍ਰਭੂ ਦੀ ਦਰਗਾਹ ਵਿਚ ਆਦਰ-ਪਿਆਰ ਮਿਲਦਾ ਹੈ। 16।

ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ ਮਿਲਦਾ ਹੈ। ਗੁਰੂ ਦੇ ਬਚਨਾਂ ਤੇ ਤੁਰਿਆਂ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਕਿਹੋ ਜਿਹਾ (ਦਇਆਲ) ਹੈ ਤੇ ਕੇਡਾ ਵੱਡਾ (ਬੇਅੰਤ) ਹੈ। ਹੇ ਨਾਨਕ! (ਆਪਣੇ ਮਨ ਨੂੰ ਸਮਝਾ ਤੇ ਆਖ-) ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ (ਨਾਮ ਜਪਣ ਵਾਲੇ ਵਡ-ਭਾਗੀ ਨੂੰ) ਮੇਲਣਹਾਰ ਪ੍ਰਭੂ ਆਪਣੇ ਚਰਣਾਂ ਵਿਚ ਮਿਲਾ ਲੈਂਦਾ ਹੈ। 17।3।9।

TOP OF PAGE

Sri Guru Granth Darpan, by Professor Sahib Singh