ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1028

ਮਾਰੂ ਮਹਲਾ ੧ ॥ ਅਸੁਰ ਸਘਾਰਣ ਰਾਮੁ ਹਮਾਰਾ ॥ ਘਟਿ ਘਟਿ ਰਮਈਆ ਰਾਮੁ ਪਿਆਰਾ ॥ ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥ ਗੁਰਮੁਖਿ ਸਾਧੂ ਸਰਣਿ ਤੁਮਾਰੀ ॥ ਕਰਿ ਕਿਰਪਾ ਪ੍ਰਭਿ ਪਾਰਿ ਉਤਾਰੀ ॥ ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥੨॥ ਮਨਮੁਖ ਅੰਧੁਲੇ ਸੋਝੀ ਨਾਹੀ ॥ ਆਵਹਿ ਜਾਹਿ ਮਰਹਿ ਮਰਿ ਜਾਹੀ ॥ ਪੂਰਬਿ ਲਿਖਿਆ ਲੇਖੁ ਨ ਮਿਟਈ ਜਮ ਦਰਿ ਅੰਧੁ ਖੁਆਰਾ ਹੇ ॥੩॥ ਇਕਿ ਆਵਹਿ ਜਾਵਹਿ ਘਰਿ ਵਾਸੁ ਨ ਪਾਵਹਿ ॥ ਕਿਰਤ ਕੇ ਬਾਧੇ ਪਾਪ ਕਮਾਵਹਿ ॥ ਅੰਧੁਲੇ ਸੋਝੀ ਬੂਝ ਨ ਕਾਈ ਲੋਭੁ ਬੁਰਾ ਅਹੰਕਾਰਾ ਹੇ ॥੪॥ ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ ॥ ਪਰ ਪਿਰ ਰਾਤੀ ਖਸਮੁ ਵਿਸਾਰਾ ॥ ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥੫॥ ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥ ਨਰਕਿ ਪਚਹਿ ਅਗਿਆਨ ਅੰਧੇਰੇ ॥ ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥੬॥ ਸੂਰਜੁ ਤਪੈ ਅਗਨਿ ਬਿਖੁ ਝਾਲਾ ॥ ਅਪਤੁ ਪਸੂ ਮਨਮੁਖੁ ਬੇਤਾਲਾ ॥ ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ ॥੭॥ ਮਸਤਕਿ ਭਾਰੁ ਕਲਰ ਸਿਰਿ ਭਾਰਾ ॥ ਕਿਉ ਕਰਿ ਭਵਜਲੁ ਲੰਘਸਿ ਪਾਰਾ ॥ ਸਤਿਗੁਰੁ ਬੋਹਿਥੁ ਆਦਿ ਜੁਗਾਦੀ ਰਾਮ ਨਾਮਿ ਨਿਸਤਾਰਾ ਹੇ ॥੮॥ {ਪੰਨਾ 1028-1029}

ਪਦ ਅਰਥ: ਅਸੁਰ = ਦੈਂਤ, ਕਾਮਾਦਿਕ। ਸਘਾਰਣ = ਮਾਰਨ (ਵਾਲਾ) । ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ। ਨਾਲੇ = ਨਾਲ ਹੀ, ਹਰੇਕ ਜੀਵ ਦੇ ਅੰਦਰ ਹੀ। ਅਲਖੁ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਮੂਲੋ = ਬਿਲਕੁਲ, ਉੱਕਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਿਖੁ = (ਆਪਣੇ ਹਿਰਦੇ ਵਿਚ) ਪ੍ਰੋ ਲੈ। ਵੀਚਾਰਾ = ਗੁਣਾਂ ਦੀ ਵਿਚਾਰ।1।

ਸਾਧੂ = ਉਹ ਮਨੁੱਖ ਜਿਸ ਨੇ ਆਪਣੇ ਮਨ ਨੂੰ ਸਾਧ ਲਿਆ ਹੈ। ਪ੍ਰਭਿ = ਪ੍ਰਭੂ ਨੇ। ਅਤਿ = ਬਹੁਤ।2।

ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ। ਮਰਹਿ = ਆਤਮਕ ਮੌਤ ਸਹੇੜ ਲੈਂਦੇ ਹਨ। ਦਰਿ = ਦਰ ਤੇ। ਅੰਧੁ = ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ।3।

ਇਕਿ = ਅਨੇਕਾਂ ਜੀਵ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ ਆਤਮੇ, ਆਤਮਕ ਅਡੋਲਤਾ ਵਿਚ। ਅੰਧੁਲੇ = ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਜੀਵਾਂ ਨੂੰ।4।

ਧਨ = ਜੀਵ-ਇਸਤ੍ਰੀ। ਕਿਆ = ਕੀਹ ਲਾਭ? ਪਿਰ = ਖਸਮ। ਕੋ = ਕੌਣ? ਫੋਕਟ = ਫੋਕੇ, ਵਿਅਰਥ।5।

ਪਿੰਜਰ = ਸਰੀਰ। ਪ੍ਰੇਤ = ਵਿਕਾਰੀ ਜੀਵਾਤਮਾ। ਪਚਹਿ = ਖ਼ੁਆਰ ਹੁੰਦੇ ਹਨ। ਲੀਜੈ = ਵਸੂਲ ਕੀਤੀ ਜਾਂਦੀ ਹੈ। ਜਿਨਿ = ਜਿਸ ਮਨੁੱਖ ਨੇ।6।

ਤਪੈ = ਤਪਦਾ ਹੈ। ਝਾਲਾ = ਲਾਟਾਂ। ਅਪਤੁ = ਪਤ-ਹੀਣ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਬੇਤਾਲਾ = ਭੂਤਨਾ।7।

ਮਸਤਕਿ = ਮੱਥੇ ਉੱਤੇ। ਸਿਰਿ = ਸਿਰ ਉਤੇ। ਬੋਹਿਥੁ = ਜਹਾਜ਼। ਨਾਮਿ = ਨਾਮ ਦੀ ਰਾਹੀਂ।8।

ਅਰਥ: ਸਾਡਾ ਪਰਮਾਤਮਾ (ਸਾਡੇ ਮਨਾਂ ਵਿਚੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਦੇ ਸਮਰੱਥ ਹੈ। ਉਹ ਪਿਆਰਾ ਸੋਹਣਾ ਰਾਮ ਹਰੇਕ ਸਰੀਰ ਵਿਚ ਵੱਸਦਾ ਹੈ। ਹਰ ਵੇਲੇ ਸਾਡੇ ਅੰਦਰ ਮੌਜੂਦ ਹੈ, ਫਿਰ ਭੀ ਉਹ ਅਲੱਖ ਹੈ, ਉਸ ਦਾ ਸਰੂਪ ਉੱਕਾ ਹੀ ਬਿਆਨ ਨਹੀਂ ਕੀਤਾ ਜਾ ਸਕਦਾ। (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਉਸ ਦੇ ਗੁਣਾਂ ਦੀ ਵਿਚਾਰ (ਆਪਣੇ ਹਿਰਦੇ ਵਿਚ) ਪ੍ਰੋ ਲਵੋ।1।

ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਤੇਰੀ ਸਰਨ ਪੈਂਦੇ ਹਨ ਉਹ ਆਪਣੇ ਮਨ ਨੂੰ ਸਾਧ ਲੈਂਦੇ ਹਨ (ਵਿਕਾਰਾਂ ਵਲੋਂ ਰੋਕ ਲੈਂਦੇ ਹਨ) । (ਜਿਸ ਭੀ ਮਨੁੱਖ ਨੇ ਗੁਰੂ ਵਲ ਮੂੰਹ ਕੀਤਾ ਉਸ ਨੂੰ) ਪ੍ਰਭੂ ਨੇ ਮੇਹਰ ਕਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ। ਇਹ ਸੰਸਾਰ ਇਕ ਬੜਾ ਹੀ ਡੂੰਘਾ ਸਮੁੰਦਰ ਹੈ ਇਸ ਵਿਚ ਪਾਣੀ (ਦੇ ਥਾਂ ਵਿਕਾਰਾਂ ਦੀ) ਅੱਗ (ਭੜਕ ਰਹੀ) ਹੈ। ਇਸ ਵਿਚੋਂ ਸਤਿਗੁਰੂ ਪਾਰ ਲੰਘਾ ਲੈਂਦਾ ਹੈ।2।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਬੰਦਿਆਂ ਨੂੰ (ਇਸ ਤ੍ਰਿਸ਼ਨਾ-ਅੱਗ ਦੇ ਸਮੁੰਦਰ ਦੀ) ਸਮਝ ਨਹੀਂ ਪੈਂਦੀ। ਉਹ ਜਨਮ ਮਰਨ ਦੇ ਚੱਕਰ ਵਿਚ ਪੈਂਦੇ ਹਨ ਤੇ ਮੁੜ ਮੁੜ ਆਤਮਕ ਮੌਤੇ ਮਰਦੇ ਹਨ। (ਪਰ ਉਹ ਵਿਚਾਰੇ ਭੀ ਕੀਹ ਕਰਨ?) ਪਿਛਲੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲਿਖਿਆ ਲੇਖ (ਜੋ ਉਹਨਾਂ ਦੇ ਮਨ ਵਿਚ ਉੱਕਰਿਆ ਪਿਆ ਹੈ) ਮਿਟਦਾ ਨਹੀਂ। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਦਰ ਤੇ ਖ਼ੁਆਰ ਹੁੰਦਾ ਹੈ।3।

(ਇਸੇ ਹੀ ਤਰ੍ਹਾਂ ਮਾਇਆ ਮੋਹ ਵਿਚ ਫਸ ਕੇ) ਅਨੇਕਾਂ ਹੀ ਜੀਵ ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ, ਪਰ ਆਪਣੇ ਅੰਤਰ ਆਤਮੇ ਅਡੋਲਤਾ ਨਹੀਂ ਪ੍ਰਾਪਤ ਕਰ ਸਕਦੇ, ਉਹ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ (ਹੋਰ ਹੋਰ) ਪਾਪ ਕਰੀ ਜਾਂਦੇ ਹਨ। ਮਾਇਆ ਦਾ ਲੋਭ ਤੇ ਅਹੰਕਾਰ ਬੜੀ ਬੁਰੀ ਬਲਾ ਹੈ, ਇਸ ਵਿਚ ਅੰਨ੍ਹੇ ਹੋਏ ਜੀਵ ਨੂੰ ਕੋਈ ਸੂਝ ਬੂਝ ਆ ਨਹੀਂ ਸਕਦੀ (ਕਿ ਕਿਸ ਰਾਹੇ ਪਿਆ ਹੋਇਆ ਹੈ) ।4।

ਜੇਹੜੀ ਇਸਤ੍ਰੀ ਪਤੀ ਤੋਂ ਵਿਛੁੜੀ ਹੋਈ ਹੋਵੇ ਉਸ ਦਾ ਹਾਰ-ਸਿੰਗਾਰ ਕਿਸ ਅਰਥ? ਉਸ ਨੇ ਤਾਂ ਆਪਣਾ ਖਸਮ ਵਿਸਾਰ ਰੱਖਿਆ ਹੈ ਤੇ ਉਹ ਪਰਾਏ ਮਰਦ ਨਾਲ ਰੰਗ-ਰਲੀਆਂ ਮਾਣਦੀ ਹੈ। (ਇਹ ਹਾਰ-ਸਿੰਗਾਰ ਉਸ ਨੂੰ ਹੋਰ ਹੋਰ ਨਰਕ ਵਿਚ ਪਾਂਦਾ ਹੈ) । ਜਿਵੇਂ ਕਿਸੇ ਵੇਸੁਆ ਦੇ ਪੁੱਤਰ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ (ਉਹ ਜਗਤ ਵਿਚ ਹਾਸੋ-ਹੀਣਾ ਹੀ ਹੁੰਦਾ ਹੈ, ਇਸੇ ਤਰ੍ਹਾਂ ਪਤੀ-ਪ੍ਰਭੂ ਤੋਂ ਵਿਛੁੜੀ ਜੀਵ-ਇਸਤ੍ਰੀ ਦੇ) ਹੋਰ ਹੋਰ ਕਰਮ ਫੋਕੇ ਤੇ ਵਿਕਾਰ ਹੀ ਹਨ (ਇਹਨਾਂ ਵਿਚੋਂ ਨਮੋਸ਼ੀ ਹੀ ਮਿਲਦੀ ਹੈ) ।5।

(ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ, ਮਾਨੋ, ਪ੍ਰੇਤ-ਜੂਨ ਹਨ। ਉਹਨਾਂ ਦੇ ਇਹ ਮਨੁੱਖਾ ਸਰੀਰ ਭੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ) ਇਹਨਾਂ ਪ੍ਰੇਤ-ਪਿੰਜਰਾਂ ਵਿਚ ਉਹ ਬੇਅੰਤ ਦੁੱਖ ਸਹਿੰਦੇ ਹਨ। ਅਗਿਆਨਤਾ ਦੇ ਹਨੇਰੇ ਵਿਚ ਪੈ ਕੇ ਉਹ (ਆਤਮਕ ਮੌਤ ਦੇ) ਨਰਕ ਵਿਚ ਖ਼ੁਆਰ ਹੁੰਦੇ ਹਨ।

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ (ਉਸ ਦੇ ਸਿਰ ਤੇ ਵਿਕਾਰਾਂ ਦਾ ਕਰਜ਼ਾ ਚੜ੍ਹਦਾ ਜਾਂਦਾ ਹੈ, ਉਹ ਮਨੁੱਖ ਧਰਮਰਾਜ ਦਾ ਕਰਜ਼ਾਈ ਹੋ ਜਾਂਦਾ ਹੈ) ਉਸ ਪਾਸੋਂ ਧਰਮਰਾਜ ਦੇ ਇਸ ਕਰਜ਼ੇ ਦੀ ਵਸੂਲੀ ਕੀਤੀ ਹੀ ਜਾਂਦੀ ਹੈ (ਭਾਵ, ਵਿਕਾਰਾਂ ਦੇ ਕਾਰਨ ਉਸ ਨੂੰ ਦੁੱਖ ਸਹਾਰਨੇ ਹੀ ਪੈਂਦੇ ਹਨ) ।6।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਾਨੋ, ਭੂਤ ਹੈ, (ਮਨੁੱਖਾ ਸਰੀਰ ਹੁੰਦਿਆਂ ਭੀ ਅੰਤਰ ਆਤਮੇ) ਪਸ਼ੂ ਹੈ, ਉਸ ਨੂੰ ਕਿਤੇ ਆਦਰ ਨਹੀਂ ਮਿਲਦਾ। (ਮਨਮੁਖ ਦੇ ਅੰਦਰ ਮਾਨੋ, ਮਾਇਆ ਦੇ ਮੋਹ ਦਾ) ਸੂਰਜ ਤਪਦਾ ਰਹਿੰਦਾ ਹੈ, ਉਸ ਦੇ ਅੰਦਰ ਵਿਹੁਲੀ ਤ੍ਰਿਸ਼ਨਾ-ਅੱਗ ਦੀਆਂ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ।

ਜੇਹੜੇ ਬੰਦੇ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਫਸ ਕੇ ਮਾਇਆ ਦੇ ਮੋਹ ਦੀ ਕਮਾਈ ਹੀ ਕਰਦੇ ਰਹਿੰਦੇ ਹਨ, ਉਹਨਾਂ ਨੂੰ (ਮੋਹ ਦਾ ਇਹ) ਅੱਤ ਭੈੜਾ ਰੋਗ ਚੰਬੜਿਆ ਹੀ ਰਹਿੰਦਾ ਹੈ।7।

ਜਿਸ ਮਨੁੱਖ ਦੇ ਮੱਥੇ ਉਤੇ ਸਿਰ ਉਤੇ (ਪਾਪਾਂ ਦੇ) ਕੱਲਰ ਦਾ ਬਹੁਤ ਸਾਰਾ ਭਾਰ ਰੱਖਿਆ ਹੋਵੇ, ਉਹ ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਗਾ? ਦੁਨੀਆ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਮੁੱਢ ਤੋਂ ਹੀ ਸਤਿਗੁਰੂ ਜਹਾਜ਼ ਹੈ ਜੋ ਜੀਵਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ ਪਾਰ ਲੰਘਾ ਦੇਂਦਾ ਹੈ।8।

TOP OF PAGE

Sri Guru Granth Darpan, by Professor Sahib Singh