ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1027

ਮਾਰੂ ਮਹਲਾ ੧ ॥ ਹਰਿ ਸਾ ਮੀਤੁ ਨਾਹੀ ਮੈ ਕੋਈ ॥ ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥ ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥ ਗੁਰੁ ਸਰਵਰੁ ਹਮ ਹੰਸ ਪਿਆਰੇ ॥ ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥ ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥ ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥ ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥ ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥ ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥ ਓਹੁ ਆਦਿ ਜੁਗਾਦੀ ਰਾਮ ਸਨੇਹੀ ॥ ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥ ਸਤਿਗੁਰੁ ਦਾਤਾ ਮੁਕਤਿ ਕਰਾਏ ॥ ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥ ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥ ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥ ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥ ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥ ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥ ਪਉਣ ਪਾਣੀ ਬੈਸੰਤਰੁ ਗਾਜੈ ॥ ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥ ਨਾਮੁ ਵਿਸਾਰਿ ਦੋਖ ਦੁਖ ਸਹੀਐ ॥ ਹੁਕਮੁ ਭਇਆ ਚਲਣਾ ਕਿਉ ਰਹੀਐ ॥ ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥ ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥ ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥ ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ ॥ ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥ ਮੀਤ ਸਖੇ ਕੇਤੇ ਜਗ ਮਾਹੀ ॥ ਬਿਨੁ ਗੁਰ ਪਰਮੇਸਰ ਕੋਈ ਨਾਹੀ ॥ ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥ ਕੂੜੁ ਛੋਡਿ ਸਾਚੇ ਕਉ ਧਾਵਹੁ ॥ ਜੋ ਇਛਹੁ ਸੋਈ ਫਲੁ ਪਾਵਹੁ ॥ ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥ ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥ ਦਰਸਨੁ ਪਾਵਹੁ ਸਹਜਿ ਮਹਲਹੁ ॥ ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥ ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥ ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥ ਨਾਰਦ ਸਾਰਦ ਸੇਵਕ ਤੇਰੇ ॥ ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥ ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥ ਇਕਿ ਦਰਿ ਸੇਵਹਿ ਦਰਦੁ ਵਞਾਏ ॥ ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥ ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥ ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥ ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥ ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥੧੭॥੨॥੮॥ {ਪੰਨਾ 1027-1028}

ਪਦ ਅਰਥ: ਸਾ = ਵਰਗਾ। ਜਿਨਿ = ਜਿਸ (ਪ੍ਰਭੂ) ਨੇ। ਸੁਰਤਿ = ਸੂਝ। ਸਮੋਈ = ਟਿਕਾ ਦਿੱਤਾ ਹੈ। ਸਮਾਨੇ = ਸੰਭਾਲ ਕਰਦਾ ਹੈ। ਦਾਨਾ = ਦਿਲ ਦੀ ਜਾਣਨ ਵਾਲਾ। ਬੀਨਾ = ਵੇਖਣ ਵਾਲਾ।1।

ਹੰਸ ਪਿਆਰੇ = ਪਿਆਰੇ ਦੇ ਹੰਸ। ਸਾਗਰ = ਸਮੁੰਦਰ। ਭੀਨਾ = ਖ਼ੁਸ਼ ਹੁੰਦਾ ਹੈ।2।

ਅਗਾਹੁ = ਅਥਾਹ। ਰੰਗਿ = ਰੰਗ ਵਿਚ, ਪ੍ਰੇਮ ਵਿਚ।3।

ਕਿਨੇਹੀ = ਕਿਹੋ ਜਿਹੀ! ਸਨੇਹੀ = ਪਿਆਰ ਕਰਨ ਵਾਲਾ।4।

ਜਾਗਾਤਿ = ਮਸੂਲੀਆ। ਕਰੁ = ਮਸੂਲ। ਠਰੁ = ਠੰਢਾ, ਠਰਿਆ ਹੋਇਆ।5।

ਕਾਇਆ = ਸਰੀਰ। ਹੰਸ = ਜੀਵਾਤਮਾ। ਓਹੁ ਜੋਗੀ = ਉਹ ਜੀਵਾਤਮਾ ਜੋਗੀ ਵਾਂਗ ਫੇਰੀ ਪਾ ਕੇ ਚਲੇ ਜਾਣ ਵਾਲਾ। ਅਹਿ = ਦਿਨ। ਨਿਸਿ = ਰਾਤ। ਬਿਨੋਦੀ = ਰੰਗ ਰਲੀਆਂ ਮਾਣਨ ਵਾਲਾ।6।

ਛਾਜੈ = ਉਪਰ ਸਾਇਆ ਕਰ ਰਿਹਾ ਹੈ, ਰੱਖਿਆ ਕਰ ਰਿਹਾ ਹੈ। ਗਾਜੈ = ਗੱਜਦਾ ਹੈ। ਬੈਸੰਤਰੁ = ਅੱਗ। ਦੂਤ = ਕਾਮਾਦਿਕ ਵੈਰੀ। ਪਾਏ = ਭੁਗਤਦਾ ਹੈ। ਕੀਨਾ = (ਆਪਣਾ) ਕੀਤਾ।7।

ਕੂਪ = ਖੂਹ। ਮੀਨਾ = ਮੱਛੀ।8।

ਸਾਕਤੁ = ਮਾਇਆ-ਵੇੜ੍ਹਿਆ ਜੀਵ। ਚਉਰਾਸੀਹ ਨਰਕ = ਚੁਰਾਸੀ ਲੱਖ ਜੂਨਾਂ-ਰੂਪ ਨਰਕ। ਕਿਰਤਿ ਬਾਧਾ = ਆਪਣੇ ਕੀਤੇ ਕਰਮਾਂ ਦਾ ਬੱਧਾ ਹੋਇਆ।9।

ਕਲਤ੍ਰ = ਇਸਤ੍ਰੀ। ਸੁਤ = ਪੁੱਤਰ।10।

ਕੇਤੇ = ਕਿਤਨੇ ਹੀ। ਪਰਾਇਣਿ = ਆਸਰਾ। ਅਨਦਿਨੁ = ਹਰ ਰੋਜ਼।11।

ਸਾਚ = ਸਦਾ-ਥਿਰ ਰਹਿਣ ਵਾਲਾ। ਲਾਹਾ = ਲਾਭ।12।

ਸਹਜਿ = ਆਤਮਕ ਅਡੋਲਤਾ ਵਿਚ। ਸਮ ਦਰਸੀ = ਇਕੋ (ਪਿਆਰ ਦੀ) ਨਿਗਾਹ ਨਾਲ ਵੇਖਣ ਵਾਲਾ।13।

ਕੋ = ਕੋਈ ਵਿਰਲੇ। ਆਤਮਰਾਮੈ = ਆਤਮਰਾਮ ਵਿਚ, ਸਰਬ-ਵਿਆਪਕ ਹਰੀ ਵਿਚ।14।

ਸਾਰਦ = ਸਾਰਦਾ, ਸਰਸ੍ਵਤੀ ਦੇਵੀ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਜਗਤ ਵਿਚ। ਸਿਰਿ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਕਾਰਣੁ = ਜਗਤ।15।

ਦਰਿ = ਪ੍ਰਭੂ ਦੇ ਦਰ ਤੇ। ਇਕਿ = ਅਨੇਕਾਂ ਜੀਵ। ਵਞਾਏ = ਵਞਾਇ, ਦੂਰ ਕਰ ਕੇ। ਓਇ = ਉਹ ਬੰਦੇ। ਪੈਧੇ = ਆਦਰ ਪਾਂਦੇ ਹਨ। ਸਤਿਗੁਰਿ = ਸਤਿਗੁਰੂ ਨੇ। ਚਲਣਿ ਨ ਦੀਨਾ = ਭਟਕਣ ਨਹੀਂ ਦਿੱਤਾ। 16।

ਚੀਨਹੁ = ਵੇਖ ਲਵੋ। ਬਿਧਿ = ਤਰੀਕਾ। ਜਿਤੁ = ਜਿਸ ਤਰੀਕੇ ਦੀ ਰਾਹੀਂ। ਗਣਤ = ਲੇਖਾ। ਹਰਿ ਰੰਗਿ = ਪ੍ਰਭੂ ਦੇ ਪ੍ਰੇਮ-ਰੰਗ ਵਿਚ। 17।

ਅਰਥ: ਮੈਨੂੰ ਪਰਮਾਤਮਾ ਵਰਗਾ ਹੋਰ ਕੋਈ ਮਿੱਤਰ ਨਹੀਂ ਦਿੱਸਦਾ, (ਪਰਮਾਤਮਾ ਹੀ ਹੈ) ਜਿਸ ਨੇ ਮੈਨੂੰ ਇਹ ਸਰੀਰ ਦਿੱਤਾ ਇਹ (ਮਨ) ਜਿੰਦ ਦਿੱਤੀ ਤੇ ਮੇਰੇ ਅੰਦਰਿ ਸੁਰਤਿ ਟਿਕਾ ਦਿੱਤੀ। (ਉਹ ਸਿਰਫ਼ ਪ੍ਰਭੂ ਹੀ ਹੈ ਜੋ) ਸਾਰੇ ਜੀਵਾਂ ਦੀ ਪਾਲਣਾ ਕਰ ਕੇ ਸਭ ਦੀ ਸੰਭਾਲ ਕਰਦਾ ਹੈ, ਉਹ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਦੇ ਦਿਲ ਦੀ ਜਾਣਦਾ ਹੈ, ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ।1।

(ਪਰ ਉਹ ਮਿੱਤਰ-ਪ੍ਰਭੂ ਗੁਰੂ ਦੀ ਸਰਨ ਪਿਆਂ ਮਿਲਦਾ ਹੈ) ਗੁਰੂ ਸਰੋਵਰ ਹੈ, ਅਸੀਂ ਜੀਵ ਉਸ ਪਿਆਰੇ (ਸਰੋਵਰ) ਦੇ ਹੰਸ ਹਾਂ (ਗੁਰੂ ਦੇ ਹੋ ਕੇ ਰਹਿਣ ਵਾਲੇ ਹੰਸਾਂ ਨੂੰ ਗੁਰੂ-ਮਾਨਸਰੋਵਰ ਵਿਚੋਂ ਮੋਤੀ ਮਿਲਦੇ ਹਨ) । (ਗੁਰੂ ਸਮੁੰਦਰ ਹੈ) ਉਸ ਸਮੁੰਦਰ ਵਿਚ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਰਤਨ ਹਨ, ਲਾਲ ਹਨ, ਮੋਤੀ ਮਾਣਕ ਹਨ, ਹੀਰੇ ਹਨ। (ਗੁਰੂ-ਸਮੁੰਦਰ ਵਿਚ ਟਿਕ ਕੇ) ਪਰਮਾਤਮਾ ਦੇ ਗੁਣ ਗਾਵਿਆਂ ਮਨ (ਹਰੀ ਦੇ ਪ੍ਰੇਮ-ਰੰਗ ਵਿਚ) ਭਿੱਜ ਜਾਂਦਾ ਹੈ, ਸਰੀਰ (ਭੀ) ਭਿੱਜ ਜਾਂਦਾ ਹੈ।2।

(ਸਭ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਅਥਾਹ ਹੈ, ਉਸ ਦੇ ਗੁਣਾਂ (ਦੇ ਸਮੁੰਦਰ) ਦੀ ਹਾਥ ਨਹੀਂ ਲੱਭਦੀ, ਉਹ ਨਿਰਲੇਪ ਹੈ। ਸ੍ਰਿਸ਼ਟੀ ਦੇ ਰਾਖੇ, ਸਭ ਤੋਂ ਵੱਡੇ ਹਰੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਭ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਪ੍ਰਭੂ ਸਤਿਗੁਰੂ ਦੀ ਮਤਿ ਦੇ ਕੇ ਪਾਰ ਲੰਘਾ ਲੈਂਦਾ ਹੈ। ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਦੇ ਪ੍ਰੇਮ-ਰੰਗ ਵਿਚ ਲੀਨ ਹੋ ਜਾਂਦਾ ਹੈ।3।

ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਸਭ ਵਿਚ ਵਿਆਪਕ ਤੇ ਸਭ ਨਾਲ ਪਿਆਰ ਕਰਨ ਵਾਲਾ ਹੈ (ਉਹ ਆਪ ਹੀ ਗੁਰੂ ਮਿਲਾਂਦਾ ਹੈ) , ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ-ਸਮੁੰਦਰ ਤੋਂ) ਖ਼ਲਾਸੀ ਨਹੀਂ ਮਿਲਦੀ। ਉਹ ਪਰਮਾਤਮਾ ਮੇਹਰ ਕਰ ਕੇ ਸਾਡੇ ਕੀਤੇ ਔਗੁਣਾਂ ਨੂੰ ਬਖ਼ਸ਼ਦਾ ਹੈ, ਸਾਨੂੰ ਔਗੁਣਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਆਪਣੀ ਹਜ਼ੂਰੀ ਵਿਚ ਰੱਖਦਾ ਹੈ।4।

(ਪਰਮਾਤਮਾ ਦੀ ਮੇਹਰ ਨਾਲ ਮਿਲਿਆ ਹੋਇਆ) ਸਤਿਗੁਰੂ ਆਤਮਕ ਜੀਵਨ ਦੇ ਗੁਣਾਂ ਦੀ ਦਾਤਿ ਕਰਦਾ ਹੈ, ਵਿਕਾਰਾਂ ਤੋਂ ਬਚਾਂਦਾ ਹੈ, ਸਾਡੇ ਹਿਰਦੇ ਵਿਚ ਨਾਮ-ਅੰਮ੍ਰਿਤ ਦਾ ਰਸ ਪਾ ਕੇ ਸਾਡੇ ਰੋਗ ਦੂਰ ਕਰਦਾ ਹੈ। (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੀ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ਜਿਸ ਦੀ ਛਾਤੀ (ਨਾਮ ਦੀ ਠੰਢ ਨਾਲ) ਠੰਢੀ-ਠਾਰ ਹੋ ਜਾਂਦੀ ਹੈ, ਜਮ ਮਸੂਲੀਆ ਉਸ ਦੇ ਨੇੜੇ ਨਹੀਂ ਢੁਕਦਾ, ਉਸ ਨੂੰ (ਜਮ ਦਾ) ਮਸੂਲ ਨਹੀਂ ਦੇਣਾ ਪੈਂਦਾ (ਕਿਉਂਕਿ ਉਸ ਨੇ ਗੁਰੂ ਦੀ ਕਿਰਪਾ ਨਾਲ ਸਿਮਰਨ ਤੋਂ ਬਿਨਾ ਕੋਈ ਹੋਰ ਮਾਇਕ ਵੱਖਰ ਆਪਣੇ ਜੀਵਨ-ਬੇੜੇ ਵਿਚ ਲੱਦਿਆ ਹੀ ਨਹੀਂ) ।5।

ਇਹ ਜੀਵਾਤਮਾ (ਮਾਨੋ) ਇਕ ਜੋਗੀ ਹੈ (ਜੋ ਜੋਗੀ ਵਾਲੀ ਫੇਰੀ ਪਾ ਕੇ ਜਗਤ ਤੋਂ ਚਲਾ ਜਾਂਦਾ ਹੈ) ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ। ਰੰਗ-ਰਲੀਆਂ ਵਿਚ ਮਸਤ ਜੋਗੀ-ਜੀਵਤਮਾ ਦਿਨ ਰਾਤ ਕਾਂਇਆਂ ਨੂੰ ਭੋਗਦਾ ਹੈ (ਦਰਗਾਹੋਂ ਸੱਦਾ ਆਉਣ ਤੇ) ਤੁਰਨ ਵੇਲੇ (ਜੋਗੀ-ਜੀਵ ਕਾਇਆ-ਨਾਰ ਨਾਲ) ਸਲਾਹ ਭੀ ਨਹੀਂ ਕਰਦਾ।6।

ਜਗਤ ਪੈਦਾ ਕਰ ਕੇ ਪ੍ਰਭੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ, ਹਵਾ ਪਾਣੀ ਅੱਗ (ਆਦਿਕ ਸਭ ਤੱਤਾਂ ਤੋਂ ਸਰੀਰ ਰਚ ਕੇ ਸਭ ਦੇ ਅੰਦਰ) ਪਰਗਟ ਰਹਿੰਦਾ ਹੈ, (ਪਰ ਉਸ ਰੱਖਣਹਾਰ ਪ੍ਰਭੂ ਨੂੰ ਭੁਲਾ ਕੇ) ਮੂਰਖ ਮਨ ਕਾਮਾਦਿਕ ਵੈਰੀਆਂ ਦੀ ਸੰਗਤਿ ਵਿਚ ਰਲ ਕੇ ਭਟਕਦਾ ਹੈ, ਤੇ ਆਪਣੇ ਕੀਤੇ ਦਾ ਫਲ ਪਾਂਦਾ ਰਹਿੰਦਾ ਹੈ।7।

ਪਰਮਾਤਮਾ ਦਾ ਨਾਮ ਭੁਲਾ ਕੇ ਦੋਖਾਂ (ਵਿਕਾਰਾਂ) ਵਿਚ ਫਸ ਜਾਈਦਾ ਹੈ ਦੁੱਖ ਸਹਾਰਨੇ ਪੈਂਦੇ ਹਨ। ਜਦੋਂ ਪ੍ਰਭੂ ਦਾ ਹੁਕਮ (ਸੱਦਾ) ਆਉਂਦਾ ਹੈ, ਇਥੋਂ ਤੁਰਨਾ ਪੈ ਜਾਂਦਾ ਹੈ, ਫਿਰ ਇਥੇ ਰਹਿ ਸਕੀਦਾ ਹੀ ਨਹੀਂ। (ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਸਾਰੀ ਉਮਰ) ਨਰਕਾਂ ਦੇ ਖੂਹ ਵਿਚ ਗੋਤੇ ਖਾਂਦਾ ਰਹਿੰਦਾ ਹੈ (ਇਉਂ ਤੜਫਦਾ ਰਹਿੰਦਾ ਹੈ) ਜਿਵੇਂ ਪਾਣੀ ਤੋਂ ਬਾਹਰ ਨਿਕਲ ਕੇ ਮੱਛੀ (ਤੜਫਦੀ ਹੈ) ।8।

ਮਾਇਆ-ਵੇੜ੍ਹਿਆ ਜੀਵ (ਪਰਮਾਤਮਾ ਨੂੰ ਭੁਲਾ ਕੇ) ਚੁਰਾਸੀ ਲੱਖ ਜੂਨਾਂ ਦੇ ਗੇੜ ਦੇ ਦੁੱਖ ਭੋਗਦਾ ਹੈ, (ਸਿਰਜਣਹਾਰ ਦੀ ਰਜ਼ਾ ਦਾ ਨਿਯਮ ਹੀ ਐਸਾ ਹੈ ਕਿ) ਜਿਹੋ ਜਿਹਾ ਕਰਮ ਕਰੀਦਾ ਹੈ ਤਿਹੋ ਜਿਹਾ ਫਲ ਭੋਗੀਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ (ਚੁਰਾਸੀ ਦੇ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ, ਆਪਣੇ ਕੀਤੇ ਕਰਮਾਂ ਦਾ ਬੱਝਾ ਜੀਵ ਉਸ ਗੇੜ ਵਿਚ ਫਸਿਆ ਰਹਿੰਦਾ ਹੈ।9।

(ਇਸ ਵਿਕਾਰ-ਭਰੇ ਜਗਤ ਵਿਚ ਸਹੀ ਇਨਸਾਨੀ ਜੀਵਨ ਦਾ ਰਸਤਾ, ਮਾਨੋ,) ਇਕ ਬੜੀ ਹੀ ਤੰਗ ਗਲੀ (ਵਿਚੋਂ ਦੀ ਲੰਘਦਾ ਹੈ ਜਿਥੇ ਬੜਾ ਹੀ ਸੰਕੋਚ ਕਰ ਕੇ ਤੁਰਨਾ ਪੈਂਦਾ) ਹੈ (ਉਹ ਰਸਤਾ, ਮਾਨੋ,) ਖੰਡੇ ਦੀ ਧਾਰ (ਵਰਗਾ ਤ੍ਰਿੱਖਾ) ਹੈ (ਜਿਸ ਉਤੋਂ ਲੰਘਦਿਆਂ ਰਤਾ ਭਰ ਭੀ ਡੋਲਿਆਂ ਵਿਕਾਰਾਂ ਦੇ ਸਮੁੰਦਰ ਵਿਚ ਡਿੱਗ ਪਈਦਾ ਹੈ) । ਕੀਤੇ ਕਰਮਾਂ ਦਾ ਹਿਸਾਬ ਭੀ ਮੁਕਾਣਾ ਪੈਂਦਾ ਹੈ (ਭਾਵ, ਜਦ ਤਕ ਮਨ ਵਿਚ ਵਿਕਾਰਾਂ ਦੇ ਸੰਸਕਾਰ ਮੌਜੂਦ ਹਨ, ਤਦ ਤਕ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ) ਜਿਵੇਂ ਤਿਲਾਂ ਨੂੰ (ਕੋਲ੍ਹੂ ਵਿਚ) ਪੀੜਿਆਂ ਹੀ ਤੇਲ ਨਿਕਲਦਾ ਹੈ (ਤਿਵੇਂ ਦੁੱਖ ਦੇ ਕੋਲ੍ਹੂ ਵਿਚ ਪੈ ਕੇ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ) । ਇਸ ਦੁੱਖ ਵਿਚ ਮਾਂ ਪਿਉ ਵਹੁਟੀ ਪੁੱਤਰ ਕੋਈ ਭੀ ਸਹਾਈ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ-ਰਸ ਦੀ ਪ੍ਰਾਪਤੀ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੁੰਦੀ।10।

ਜਗਤ ਵਿਚ (ਭਾਵੇਂ) ਅਨੇਕਾਂ ਹੀ ਮਿੱਤਰ ਸਾਥੀ (ਬਣਾ ਲਈਏ) , ਪਰ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਦੇ ਜੀਵ ਦਾ) ਕੋਈ ਮਦਦਗਾਰ ਨਹੀਂ ਬਣਦਾ। ਗੁਰੂ ਦੀ ਦੱਸੀ ਸੇਵਾ ਹੀ (ਵਿਕਾਰਾਂ ਤੋਂ) ਖ਼ਲਾਸੀ ਦਾ ਆਸਰਾ ਬਣਦਾ ਹੈ। (ਜੇਹੜਾ ਬੰਦਾ) ਹਰ ਵੇਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ (ਉਹ ਵਿਕਾਰਾਂ ਤੋਂ ਸੁਤੰਤਰ ਹੋ ਜਾਂਦਾ ਹੈ) ।11।

(ਹੇ ਭਾਈ!) ਮਾਇਆ ਦਾ ਮੋਹ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਦਾ ਉੱਦਮ ਕਰੋ (ਮਾਇਆ ਵਲੋਂ ਭੀ ਤਰਸੇਵਾਂ ਨਹੀਂ ਰਹੇਗਾ) , ਜੋ ਕੁਝ (ਪ੍ਰਭੂ-ਦਰ ਤੋਂ) ਮੰਗੋਗੇ ਉਹੀ ਮਿਲ ਜਾਇਗਾ। (ਪਰ ਮਾਇਆ ਇਤਨੀ ਪ੍ਰਬਲ ਹੈ ਕਿ) ਸਦਾ ਕਾਇਮ-ਰਹਿਣ ਵਾਲੇ ਨਾਮ-ਵੱਖਰ ਦੇ ਵਣਜਣ ਵਾਲੇ (ਜਗਤ ਵਿਚ) ਕੋਈ ਵਿਰਲੇ ਹੀ ਹੁੰਦੇ ਹਨ। ਜੇਹੜਾ ਮਨੁੱਖ ਇਹ ਵਣਜ ਕਰਦਾ ਹੈ ਉਹ (ਉੱਚੀ ਆਤਮਕ ਅਵਸਥਾ ਦਾ) ਲਾਭ ਖੱਟ ਲੈਂਦਾ ਹੈ।12।

(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਸੌਦਾ (ਇਥੋਂ) ਖ਼ਰੀਦ ਕੇ ਤੁਰੋ, ਪਰਮਾਤਮਾ ਦਾ ਦਰਸ਼ਨ ਪਾਵੋਗੇ, ਉਸ ਦੀ ਦਰਗਾਹ ਤੋਂ (ਉਹ ਦਾਤਿ ਮਿਲੇਗੀ ਜਿਸ ਦੀ ਬਰਕਤਿ ਨਾਲ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹੋਗੇ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੰਦੇ (ਆਤਮਕ ਗੁਣਾਂ ਵਿਚ) ਪੂਰਨ (ਹੋ ਕੇ ਪ੍ਰਭੂ ਦਾ ਨਾਮ-ਵੱਖਰ) ਹਾਸਲ ਕਰ ਲੈਂਦੇ ਹਨ, ਤੇ ਇਸ ਤਰ੍ਹਾਂ ਸਭ ਨਾਲ ਪਿਆਰ ਕਰਨ ਵਾਲੇ ਪਰਮਾਤਮਾ ਨੂੰ (ਆਪਣੇ ਅੰਦਰ ਵੱਸਦਾ ਹੀ) ਪਛਾਣ ਲੈਂਦੇ ਹਨ।13।

ਕੋਈ ਵਿਰਲੇ (ਭਾਗਾਂ ਵਾਲੇ) ਬੰਦੇ ਗੁਰੂ ਦੀ ਮਤਿ ਲੈ ਕੇ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ ਨੂੰ ਲੱਭ ਲੈਂਦੇ ਹਨ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਮਨ ਨੂੰ (ਵਿਕਾਰਾਂ ਵਲ ਦੌੜਨ ਤੋਂ ਹਟਣ ਲਈ) ਸਮਝਾਂਦੇ ਹਨ। ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਪੂਰਨ ਸਰਧਾ ਬਣਾਵੋ। ਇਸ ਤਰ੍ਹਾਂ (ਭਾਵ, ਗੁਰੂ ਦੀ ਬਾਣੀ ਵਿਚ ਸਰਧਾ ਬਣਾਇਆਂ) ਸਰਬ-ਵਿਆਪਕ ਪਰਮਾਤਮਾ ਵਿਚ ਲੀਨ ਹੋ ਜਾਈਦਾ ਹੈ (ਤੇ ਵਿਕਾਰਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ) ।14।

ਹੇ ਪ੍ਰਭੂ! ਨਾਰਦ (ਆਦਿਕ ਵੱਡੇ ਵੱਡੇ ਰਿਸ਼ੀ) ਤੇ ਸਾਰਦਾ (ਵਰਗੀਆਂ ਬੇਅੰਤ ਦੇਵੀਆਂ) ਸਭ ਤੇਰੇ (ਹੀ ਦਰ ਦੇ) ਸੇਵਕ ਹਨ, ਇਸ ਤ੍ਰਿਭਵਨੀ ਸੰਸਾਰ ਵਿਚ ਵੱਡੇ ਤੋਂ ਵੱਡੇ ਅਖਵਾਣ ਵਾਲੇ ਭੀ ਤੇਰੇ ਦਰ ਦੇ ਸੇਵਕ ਹਨ। ਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ। ਤੂੰ ਹਰੇਕ ਜੀਵ ਦੇ ਸਿਰ ਉਤੇ ਰਾਜ਼ਕ ਹੈਂ।15।

ਅਨੇਕਾਂ ਹੀ ਜੀਵ (ਤੇਰੇ ਨਾਮ ਦੀ ਬਰਕਤਿ ਨਾਲ ਆਪਣਾ) ਦੁੱਖ ਦਰਦ ਦੂਰ ਕਰ ਕੇ ਤੇਰੇ ਦਰ ਤੇ ਤੇਰੀ ਸੇਵਾ-ਭਗਤੀ ਕਰਦੇ ਹਨ। ਜਿਨ੍ਹਾਂ ਨੂੰ ਸਤਿਗੁਰੂ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲੈਂਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਸਤਕਾਰ ਮਿਲਦਾ ਹੈ। ਜਿਨ੍ਹਾਂ (ਵਡ-ਭਾਗੀਆਂ) ਦੇ ਹਉਮੈ ਦੇ ਬੰਧਨ ਸਤਿਗੁਰੂ ਨੇ ਤੋੜ ਦਿੱਤੇ, ਉਹਨਾਂ ਦੇ ਚੰਚਲ ਮਨ ਨੂੰ ਗੁਰੂ ਨੇ (ਵਿਕਾਰਾਂ ਵਲ) ਭਟਕਣ ਨਹੀਂ ਦਿੱਤਾ। 16।

ਹੇ ਭਾਈ! ਤੁਸੀ ਗੁਰੂ ਨੂੰ ਮਿਲੋ, ਤੇ (ਗੁਰੂ ਪਾਸੋਂ) ਉਹ ਢੰਗ ਸਿੱਖ ਲਵੋ ਜਿਸ ਦੀ ਸਹਾਇਤਾ ਨਾਲ ਪਰਮਾਤਮਾ ਨੂੰ ਮਿਲ ਸਕੋ, ਤੇ ਕਰਮਾਂ ਦਾ ਲੇਖਾ ਭੀ ਕੋਈ ਨਾਹ ਰਹਿ ਜਾਏ। ਆਪਣੀ ਹਉਮੈ ਮਾਰ ਕੇ ਗੁਰੂ ਦੀ ਦੱਸੀ ਸੇਵਾ ਕਰੋ।

ਹੇ ਦਾਸ ਨਾਨਕ! (ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ) ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਜਾਂਦਾ ਹੈ। 17।2।8।

TOP OF PAGE

Sri Guru Granth Darpan, by Professor Sahib Singh