ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 469

ਮਃ ੧ ॥ ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥ ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥ ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥ {ਪੰਨਾ 469}

ਪਦ ਅਰਥ: ਲਬੁ = ਜੀਭ ਦਾ ਚਸਕਾ। ਮਹਤਾ = ਵਜ਼ੀਰ। ਸਿਕਦਾਰੁ = ਚੌਧਰੀ। ਨੇਬੁ = ਨਾਇਬ। ਸਦਿ = ਸੱਦ ਕੇ, ਬੁਲਾ ਕੇ। ਅੰਧੀ ਰਯਤਿ = ਕਾਮਾਦਿਕ ਵਿਕਾਰਾਂ ਦੇ ਅਧੀਨ ਰਹਿ ਕੇ ਅੰਨ੍ਹੇ ਹੋਏ ਜੀਵ। ਭਾਹਿ = ਅੱਗ, ਤ੍ਰਿਸ਼ਨਾ ਦੀ ਅੱਗ। ਮੁਰਦਾਰੁ = ਹਰਾਮ, ਵੱਢੀ, ਰਿਸ਼ਵਤ। ਭਰੇ ਮੁਰਦਾਰੁ = (ਰਯਤ) ਚੱਟੀ ਭਰਦੀ ਹੈ। ਗਿਆਨੀ = ਹੋਰਨਾਂ ਨੂੰ ਉਪਦੇਸ਼ ਕਰਨ ਵਾਲੇ। ਵਾਵਹਿ = ਵਜਾਂਦੇ ਹਨ। ਰੂਪ ਕਰਹਿ = ਕਈ ਭੇਸ ਵਟਾਂਦੇ ਹਨ। ਵਾਦਾ = ਝਗੜੇ ਜੁੱਧਾਂ ਦੇ ਪਰਸੰਗ। ਜੋਧਾ ਕਾ ਵੀਚਾਰੁ = ਸੂਰਮਿਆਂ ਦੀਆਂ ਕਹਾਣੀਆਂ ਦੀ ਵਿਆਖਿਆ। ਹਿਕਮਤਿ = ਚਲਾਕੀ। ਹੁਜਤਿ = ਦਲੀਲ। ਸੰਜੈ = ਮਾਇਆ ਦੇ ਇਕੱਠਾ ਕਰਨ ਵਿਚ। ਧਰਮੀ = ਆਪਣੇ ਆਪ ਨੂੰ ਧਰਮ-ਵਾਲਾ ਸਮਝਣ ਵਾਲੇ। ਗਾਵਾਵਹਿ = ਗਵਾ ਲੈਂਦੇ ਹਨ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ। ਜਤੀ = ਉਹ ਮਨੁੱਖ ਜਿਨ੍ਹਾਂ ਨੇ ਆਪਣਿਆਂ ਇੰਦਰਿਆਂ ਨੂੰ ਕਾਬੂ ਰੱਖਿਆ ਹੋਇਆ ਹੈ। ਜੁਗਿਤ = (ਜਤੀ ਬਣਨ ਦੀ) ਜਾਚ। ਛਡਿ ਬਹਹਿ = ਛੱਡ ਬੈਠਦੇ ਹਨ। ਘਰ ਬਾਰੁ = ਗ੍ਰਿਹਸਤ, ਘਰ ਘਾਟ। ਸਭੁ ਕੋ = ਹਰੇਕ ਜੀਵ। ਪੂਰਾ = ਮੁਕੰਮਲ, ਅਭੁੱਲ। ਘਟਿ = ਊਣਾ। ਪਤਿ = ਇੱਜ਼ਤ। ਪਰਵਾਣਾ = ਵੱਟਾ। ਪਿਛੈ = (ਤੱਕੜੀ ਦੇ) ਪਿਛਲੇ ਛਾਬੇ ਵਿਚ।2।

ਅਰਥ: (ਜਗਤ ਵਿਚ ਜੀਵਾਂ ਵਾਸਤੇ) ਜੀਭ ਦਾ ਚਸਕਾ, ਮਾਨੋ, ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ, (ਇਸੇ ਲੱਬ ਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ, (ਇਸ ਨੂੰ) ਸੱਦ ਕੇ ਸਲਾਹ ਪੁੱਛੀ ਜਾਂਦੀ ਹੈ, ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ। (ਇਹਨਾਂ ਦੀ) ਪਰਜਾ ਗਿਆਨ ਤੋਂ ਸੱਖਣੀ (ਹੋਣ ਦੇ ਕਾਰਣ) , ਮਾਨੋ ਅੰਨ੍ਹੀ ਹੋਈ ਹੋਈ ਹੈ ਅਤੇ ਤ੍ਰਿਸ਼ਨਾ (ਅੱਗ) ਦੀ ਚੱਟੀ ਭਰ ਰਹੀ ਹੈ।

ਜੋ ਮਨੁੱਖ ਆਪਣੇ ਆਪ ਨੂੰ ਗਿਆਨ-ਵਾਨ (ਉਪਦੇਸ਼ਕ) ਅਖਵਾਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਂਦੇ ਹਨ ਤੇ ਸ਼ਿੰਗਾਰ ਕਰਦੇ ਹਨ; ਉਹ ਗਿਆਨੀ ਉੱਚੀ ਉੱਚੀ ਕੂਕਦੇ ਹਨ, ਜੁੱਧਾਂ ਦੇ ਪਰਸੰਗ ਸੁਣਾਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ।

ਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, (ਪਰ) ਮਾਇਆ ਦੇ ਇਕੱਠਾ ਕਰਨ ਵਿਚ ਜੁੱਟੇ ਹੋਏ ਹਨ।

(ਜੋ ਮਨੁੱਖ ਆਪਣੇ ਆਪ ਨੂੰ) ਧਰਮੀ ਸਮਝਦੇ ਹਨ, ਉਹ ਆਪਣੇ ਵਲੋਂ (ਤਾਂ) ਧਰਮ ਦਾ ਕੰਮ ਕਰਦੇ ਹਨ, ਪਰ (ਸਾਰੀ) (ਮਿਹਨਤ) ਗਵਾ ਬੈਠਦੇ ਹਨ, (ਕਿਉਂਕਿ ਇਸ ਦੇ ਵੱਟੇ ਵਿਚ) ਮੁਕਤੀ ਦਾ ਦਰ ਮੰਗਦੇ ਹਨ ਕਿ ਅਸੀਂ ਮੁਕਤ ਹੋ ਜਾਵੀਏ, (ਭਾਵ, ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਭੀ ਵਾਸ਼ਨਾ ਦੇ ਬੱਧੇ ਹਨ) ।

(ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ।

(ਇਸ ਲੱਬ, ਪਾਪ, ਕੂੜ ਅਤੇ ਕਾਮ ਦਾ ਇਤਨਾ ਜਬ੍ਹਾ ਹੈ,) (ਜਿਧਰ ਤੱਕੋ) ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ ਹੈ। ਕੋਈ ਮਨੁੱਖ ਇਹ ਨਹੀਂ ਆਖਦਾ ਕਿ ਮੇਰੇ ਵਿਚ ਕੋਈ ਊਣਤਾ ਹੈ। ਪਰ ਹੇ ਨਾਨਕ! ਤਾਂ ਹੀ ਮਨੁੱਖ ਤੋਲ ਵਿਚ (ਭਾਵ, ਪਰਖ ਵਿਚ) ਪੂਰਾ ਉਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿਚ (ਰੱਬ ਦੀ ਦਰਗਾਹ ਵਿਚ ਮਿਲੀ ਹੋਈ) ਇੱਜ਼ਤ ਰੂਪ ਵੱਟਾ ਪਾਇਆ ਜਾਏ; ਭਾਵ ਉਹੀ ਮਨੁੱਖ ਊਣਤਾ-ਰਹਿਤ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲੇ।2।

ਮਃ ੧ ॥ ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥ {ਪੰਨਾ 469}

ਪਦ ਅਰਥ: ਵਦੀ = ਮਿਥੀ ਹੋਈ, ਰੱਬ ਵਲੋਂ ਨੀਯਤ ਹੋਈ ਹੋਈ। ਸੁ = ਉਹੀ ਗੱਲ। ਵਜਗਿ = ਵੱਜੇਗੀ, ਪਰਗਟ ਹੋਵੇਗੀ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਵੇਖੈ = (ਹਰੇਕ ਜੀਵ ਦੀ) ਸੰਭਾਲ ਕਰ ਰਿਹਾ ਹੈ। ਸਭਨੀ = ਸਭ ਜੀਵਾਂ ਨੇ। ਛਾਲਾ ਮਾਰੀਆ = ਆਪਣਾ ਜ਼ੋਰ ਲਾਇਆ ਹੈ। ਸੁ ਹੋਇ = ਉਹੀ ਕੁਝ ਵਰਤਦਾ ਹੈ। ਅਗੈ = ਇਹ ਸਰੀਰ ਛੱਡ ਕੇ ਜਿੱਥੇ ਜਾਣਾ ਹੈ ਓਥੇ। ਜਾਤਿ = ਭਾਵ, ਕਿਸੇ ਉੱਚੀ ਜਾਂ ਨੀਵੀਂ ਜਾਤ ਦਾ ਵਿਤਕਰਾ। ਜੋਰੁ = ਧੱਕਾ। ਸੇਈ ਕੇਇ = ਉਹੀ ਕੋਈ ਕੋਈ (ਜੀਵ) । ਲੇਖੈ = ਲੇਖਾ ਹੋਣ ਵੇਲੇ।3।

ਅਰਥ: ਜੋ ਗੱਲ ਰੱਬ ਵਲੋਂ ਥਾਪੀ ਜਾ ਚੁਕੀ ਹੈ ਉਹੀ ਹੋ ਕੇ ਰਹੇਗੀ, (ਕਿਉਂਕਿ) ਉਹ ਸੱਚਾ ਪ੍ਰਭੂ (ਹਰੇਕ ਜੀਵ ਦੀ ਆਪ) ਸੰਭਾਲ ਕਰ ਰਿਹਾ ਹੈ। ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦੀ ਉਹੀ ਹੈ ਜੋ ਕਰਤਾਰ ਕਰਦਾ ਹੈ। ਰੱਬ ਦੀ ਦਰਗਾਹ ਵਿਚ ਨਾ (ਕਿਸੇ ਉੱਚੀ ਨੀਵੀਂ) ਜਾਤ (ਦਾ ਵਿਤਕਰਾ) ਹੈ, ਨਾ ਹੀ (ਕਿਸੇ ਦਾ) ਧੱਕਾ (ਚੱਲ ਸਕਦਾ) ਹੈ, ਕਿਉਂਕਿ ਓਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ (ਭਾਵ, ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਸੇ ਦਬਾਉ ਵਿਚ ਨਹੀਂ ਆਉਂਦੇ) । ਓਥੇ ਉਹੋ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ (ਭਾਵ ਜਿਨ੍ਹਾਂ ਨੇ ਜਗਤ ਵਿਚ ਭਲੇ ਕੰਮ ਕੀਤੇ ਹੋਏ ਸਨ, ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ) ।3।

ਪਉੜੀ ॥ ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥ ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥ ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥ ਸਹਜੇ ਹੀ ਸਚਿ ਸਮਾਇਆ ॥੧੧॥ {ਪੰਨਾ 469}

ਪਦ ਅਰਥ: ਧੁਰਿ = ਧੁਰ ਤੋਂ, ਮੁੱਢ ਤੋਂ। ਕਰਮੁ = ਬਖ਼ਸ਼ਸ਼, ਮਿਹਰ। ਤੁਧੁ = ਤੂੰ ਹੇ ਕਰਤਾਰ! ਵੇਕੀ = ਕਈ ਤਰ੍ਹਾਂ ਦਾ, ਕਈ ਰੰਗਾਂ ਦਾ। ਇਕਨਾ ਨੋ = ਕਈ ਜੀਵਾਂ ਨੂੰ। ਇਕਿ = ਕਈ ਜੀਵ। ਆਪਹੁ = ਆਪਣੇ ਆਪ ਤੋਂ। ਤੁਧੁ = ਤੂੰ, ਹੇ ਪ੍ਰਭੂ! ਖੁਆਇਆ = ਖੁੰਝਾਏ ਹੋਏ ਹਨ, ਪਰੇ ਕੀਤੇ ਹੋਏ ਹਨ। ਜਾਣਿਆ = (ਤੈਨੂੰ) ਜਾਣ ਲਿਆ। ਜਿਥੈ = ਜਿਸ ਮਨੁੱਖ ਦੇ ਅੰਦਰ। ਆਪੁ = ਆਪਣਾ ਆਪਾ। ਬੁਝਾਇਆ = ਸਮਝਾ ਦਿੱਤਾ ਹੈ। ਸਹਜੇ ਹੀ = ਸੁਤੇ ਹੀ। ਸਚਿ = ਸੱਚ ਵਿਚ, ਥਿਰਤਾ ਵਿਚ, ਅਡੋਲਤਾ ਵਿਚ, ਅਸਲੀਅਤ ਵਿਚ। ਸਮਾਇਆ = ਲੀਨ ਹੋ ਜਾਂਦਾ ਹੈ।11।

ਅਰਥ: (ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਮਾਲਕ ਨੂੰ (ਭਾਵ, ਤੈਨੂੰ) ਸਿਮਰਿਆ ਹੈ। ਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ (ਕਿ ਤੇਰਾ ਸਿਮਰਨ ਕਰ ਸਕਣ) । ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ; ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ।

ਜਿਸ (ਵਡਭਾਗੀ) ਮਨੁੱਖ ਦੇ ਹਿਰਦੇ ਵਿਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ ਅਤੇ ਉਹ ਸਹਿਜ ਸੁਭਾਇ ਹੀ (ਆਪਣੇ) ਅਸਲੇ ਵਿਚ ਇਕ-ਮਿਕ ਹੋ ਗਿਆ ਹੈ।11।

ਸਲੋਕੁ ਮਃ ੧ ॥ ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥ ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥ ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥ ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ ॥ ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

ਪਦ ਅਰਥ: ਤਾਮਿ = ਤਦੋਂ। ਕਰਣਾ = ਕਰਨਹਾਰ। ਮੈ ਨਾਹੀ = ਮੈਂ ਕੁਝ ਭੀ ਨਹੀਂ, ਮੇਰੀ ਕੋਈ ਪਾਂਇਆਂ ਨਹੀਂ ਹੈ। ਜਾ ਹਉ ਕਰੀ = ਜੇ ਮੈਂ 'ਹਉ' ਆਖਾਂ, ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਬੈਠਾਂ। ਨ ਹੋਈ = ਨਹੀਂ ਫਬਦਾ, ਇਹ ਗੱਲ ਫਬਦੀ ਨਹੀਂ। ਜਾਤਿ = ਸ੍ਰਿਸ਼ਟੀ। ਜੋਤਿ = ਰੱਬ ਦਾ ਨੂਰ। ਜੋਤਿ ਮਹਿ = ਸਾਰੀਆਂ ਜੋਤੀਆਂ ਵਿਚ, ਸਾਰੇ ਜੀਵਾਂ ਵਿਚ। ਜਾਤਾ = ਵੇਖਿਆ ਜਾਂਦਾ ਹੈ, ਦਿੱਸ ਰਿਹਾ ਹੈ। ਅਕਲ = ਸੰਪੂਰਨ। ਕਲਾ = ਟੋਟਾ, ਹਿੱਸਾ। ਅਕਲ ਕਲਾ = ਜਿਸ ਦੇ ਵਖੋ ਵਖਰੇ ਟੋਟੇ ਨਾ ਹੋਣ, ਇਕ-ਰਸ ਸੰਪੂਰਣ ਪ੍ਰਭੂ। ਸੁਆਲਿਉ = ਸੋਹਣੀ, ਸੁੰਦਰ। ਜਿਨਿ ਕੀਤੀ = ਜਿਸਨੇ (ਤੇਰੀ ਵਡਿਆਈ) ਕੀਤੀ। ਨਾਨਕ = ਹੇ ਨਾਨਕ! ਕਹੁ ਕਰਤੇ ਕੀਆ ਬਾਤਾ = ਕਰਤਾਰ ਦੀਆਂ ਗੱਲਾਂ ਆਖ।

ਅਰਥ: (ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ। ਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ) , ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ) । ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ।1।

ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ।1। ਰਹਾਉ।

ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ। ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਗਿਆ ਹੈ। ਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫ਼ਤਿ-ਸਾਲਾਹ ਕਰ, (ਤੇ ਆਖ ਕਿ) ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ) ।1।

ਮਃ ੨ ॥ ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥ {ਪੰਨਾ 469}

ਪਦ ਅਰਥ: ਸਬਦੰ = ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼, ਗੁਰੂ ਦਾ ਹੁਕਮ, ਜੀਵ ਦਾ ਧਰਮ। ਜੋਗ ਸਬਦੰ = ਜੋਗ ਦਾ ਧਰਮ। ਸਬਦੰ ਬ੍ਰਾਹਮਣਹ = ਬ੍ਰਾਹਮਣਾਂ ਦਾ ਧਰਮ। ਪਰਾਕ੍ਰਿਤਹ = ਪਰਾਈ ਕਿਰਤ ਕਰਨੀ, ਦੂਜਿਆਂ ਦੀ ਸੇਵਾ ਕਰਨੀ। ਸਰਬ ਸਬਦੰ = ਸਾਰਿਆਂ ਧਰਮਾਂ ਦਾ ਧਰਮ, ਭਾਵ, ਸਭ ਤੋਂ ਸ੍ਰੇਸ਼ਟ ਧਰਮ। ਏਕ ਸਬਦੰ = ਇਕ ਪ੍ਰਭੂ ਦਾ ਸਿਮਰਨ ਰੂਪ ਧਰਮ। ਭੇਉ = ਭੇਦ। ਸੋਈ = ਉਹੀ ਮਨੁੱਖ। ਨਿਰੰਜਨ ਦੇਉ = ਪ੍ਰਭੂ (ਦਾ ਰੂਪ) ਹੈ।2।

ਅਰਥ: ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ) । ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ। ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ। ਪਰ ਸਾਰਿਆਂ ਦਾ ਮੁੱਖ-ਧਰਮ ਇਹ ਹੈ ਕਿ ਇਕ ਪ੍ਰਭੂ ਦਾ ਸਿਮਰਨ ਕਰੀਏ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ।2।

ਮਃ ੨ ॥ ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥ ਆਤਮਾ ਬਾਸੁਦੇਵਸ੍ਯ੍ਯਿ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥ {ਪੰਨਾ 469}

ਪਦ ਅਰਥ: ਏਕ ਕ੍ਰਿਸਨੰ = ਇਕ ਪਰਮਾਤਮਾ। ਸਰਬ ਦੇਵ ਆਤਮਾ = ਸਾਰੇ ਦੇਵਤਿਆਂ ਦਾ ਆਤਮਾ। ਦੇਵ ਦੇਵਾ ਆਤਮਾ = ਦੇਵਤਿਆਂ ਦੇ ਦੇਵਤਿਆਂ ਦਾ ਆਤਮਾ। ਤ = ਭੀ। ਵਾਸਦੇਵ = (ਜਿਵੇਂ ਸ਼ਬਦ 'ਕ੍ਰਿਸ਼ਨ' ਦਾ ਅਰਥ 'ਪਰਮਾਤਮਾ' ਭੀ ਹੈ, ਤਿਵੇਂ 'ਕ੍ਰਿਸ਼ਨ' ਜੀ ਦਾ ਇਹ ਨਾਮ ਭੀ 'ਪਰਮਾਤਮਾ' ਅਰਥ ਵਿਚ ਹੀ ਲੈਣਾ ਹੈ) ਪਰਮਾਤਮਾ। ਬਾਸੁਦੇਵਸ੍ਯ੍ਯਿ = ਪਰਮਾਤਮਾ ਦਾ। ਬਾਸੁਦੇਵਸ੍ਯ੍ਯਿ ਆਤਮਾ = ਪ੍ਰਭੂ ਦਾ ਆਤਮਾ। ਨਿਰੰਜਨ = ਅੰਜਨ (ਭਾਵ, ਮਾਇਆ ਰੂਪ ਕਾਲਖ) ਤੋਂ ਰਹਿਤ ਹਰੀ।3।

ਅਰਥ: ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ। ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ।3।

ਮਃ ੧ ॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥ {ਪੰਨਾ 469}

ਪਦ ਅਰਥ: ਕੁੰਭ = ਘੜਾ। ਕੁੰਭੇ = ਘੜੇ ਵਿਚ ਹੀ। ਬਧਾ = ਬੱਝਾ ਹੋਇਆ ਹੈ। ਰਹੈ– ਰਹਿੰਦਾ ਹੈ, ਟਿਕ ਸਕਦਾ ਹੈ। ਕੁੰਭੁ ਨ ਹੋਇ = ਘੜਾ ਨਹੀਂ ਹੁੰਦਾ, ਘੜਾ ਨਹੀਂ ਬਣ ਸਕਦਾ। ਮਨੁ ਰਹੈ– ਮਨ ਟਿਕਦਾ ਹੈ।4।

ਅਰਥ: (ਜਿਵੇਂ) ਪਾਣੀ ਘੜੇ (ਆਦਿਕ ਭਾਂਡੇ) ਵਿਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ) । (ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ (ਤਿਵੇਂ) ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ।4।

ਪਉੜੀ ॥ ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥ ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥ ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥ ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥ ਮੁਹਿ ਚਲੈ ਸੁ ਅਗੈ ਮਾਰੀਐ ॥੧੨॥ {ਪੰਨਾ 469}

ਪਦ ਅਰਥ: ਪੜਿਆ = ਪੜ੍ਹਿਆ ਹੋਇਆ ਮਨੁੱਖ। ਗੁਨਹਗਾਰੁ = ਮੰਦੇ ਕੰਮ ਕਰਨ ਵਾਲਾ। ਓਮੀ = ਨਿਰਾ ਸ਼ਬਦ 'ਓਮ' ਨੂੰ ਹੀ ਜਾਣਨ ਵਾਲਾ, ਭਾਵ, ਅਨਪੜ੍ਹ ਮਨੁੱਖ। ਸਾਧੁ = ਭਲਾ ਮਨੁੱਖ। ਨ ਮਾਰੀਐ = ਮਾਰ ਨਹੀਂ ਖਾਂਦਾ। ਘਾਲਣਾ ਘਾਲੇ = ਕਮਾਈ ਕਰੇ। ਤੇਵੇਹੋ = ਤਿਹੋ ਜਿਹਾ ਹੀ। ਪਚਾਰੀਐ = ਪਰਚਲਤ ਹੋ ਜਾਂਦਾ ਹੈ, ਮਸ਼ਹੂਰ ਹੋ ਜਾਂਦਾ ਹੈ। ਕਲਾ = ਖੇਡ। ਜਿਤੁ = ਜਿਸ ਦੇ ਕਾਰਨ। ਵੀਚਾਰੀਐ = ਵਿਚਾਰੀ ਜਾਂਦੀ ਹੈ, ਕਬੂਲ ਪੈਂਦੀ ਹੈ। ਮੁਹਿ ਚਲੈ = ਮੂੰਹ ਦੇ ਜ਼ੋਰ ਚੱਲੇ, ਜੋ ਮਨੁੱਖ ਮੂੰਹ-ਜ਼ੋਰ ਹੋਵੇ, ਆਪਣੀ ਮਰਜ਼ੀ ਦੇ ਅਨੁਸਾਰ ਤੁਰੇ।12।

ਅਰਥ: ਜੇ ਪੜ੍ਹਿਆ-ਲਿਖਿਆ ਮਨੁੱਖ ਮੰਦ-ਕਰਮੀ ਹੋ ਜਾਏ (ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਦਾ ਇਹ ਹਾਲ, ਤਾਂ ਅਨਪੜ੍ਹ ਦਾ ਕੀ ਬਣੇਗਾ, ਕਿਉਂਕਿ ਜੇ) ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। (ਨਿਬੇੜਾ ਮਨੁੱਖ ਦੀ ਕਮਾਈ ਤੇ ਹੁੰਦਾ ਹੈ, ਪੜ੍ਹਨ ਜਾਂ ਨਾਹ ਪੜ੍ਹਨ ਦਾ ਮੁੱਲ ਨਹੀਂ ਪੈਂਦਾ) । ਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ; (ਤਾਂ ਤੇ) ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿਚ ਜਾ ਕੇ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਬੈਠੀਏ।

ਮਨੁੱਖ ਭਾਵੇਂ ਪੜ੍ਹਿਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ। ਜੋ ਮਨੁੱਖ (ਇਸ ਜਗਤ ਵਿਚ) ਆਪਣੀ ਮਰਜ਼ੀ ਅਨੁਸਾਰ ਹੀ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ।12।

TOP OF PAGE

Sri Guru Granth Darpan, by Professor Sahib Singh