ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 468

ਸਲੋਕੁ ਮਃ ੧ ॥ ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥ {ਪੰਨਾ 468}

ਪਦ ਅਰਥ: ਕੂੜੁ = ਛਲ, ਭਰਮ।

ਨੋਟ: ਸ਼ਬਦ 'ਕੂੜੁ' ਵਿਸ਼ੇਸ਼ਣ ਨਹੀਂ ਹੈ, 'ਨਾਂਵ' ਹੈ ਅਤੇ ਪੁਲਿੰਗ ਹੈ। ਇਹੀ ਕਾਰਨ ਹੈ ਕਿ 'ਮਾੜੀ', 'ਕਾਇਆ', 'ਬੀਬੀ' ਆਦਿਕ ਇਸਤ੍ਰੀ ਲਿੰਗ ਸ਼ਬਦਾਂ ਨਾਲ ਭੀ ਸ਼ਬਦ 'ਕੂੜੁ' ਪੁਲਿੰਗ ਇਕ-ਵਚਨ ਹੀ ਹੈ।

ਮੰਡਪ = ਸ਼ਾਮਿਆਨੇ। ਮਾੜੀ = ਮਹਲ। ਬੈਸਣਹਾਰੁ = (ਮਹਲ ਵਿਚ) ਵੱਸਣ ਵਾਲਾ। ਰੁਪਾ = ਚਾਂਦੀ। ਕਾਇਆ = ਸਰੀਰ। ਅਪਾਰੁ = ਬੇਅੰਤ, ਬਹੁਤ। ਮੀਆ = ਖਸਮ, ਪਤੀ। ਬੀਬੀ = ਬੀਵੀ, ਔਰਤ, ਇਸਤ੍ਰੀ। ਖਪਿ = ਖਪ ਕੇ, ਖਚਿਤ ਹੋ ਕੇ। ਖਾਰੁ = ਖੁਆਰ, ਜ਼ਲੀਲ, ਬੇਇੱਜ਼ਤ। ਕੂੜਿ = ਕੂੜ ਵਿਚ, ਛਲ ਵਿਚ। ਕੂੜੈ = ਕੂੜੇ ਮਨੁੱਖ ਦਾ, ਛਲ ਵਿਚ ਫਸੇ ਹੋਏ ਜੀਵ ਦਾ। ਕੀਚੈ = ਕੀਤੀ ਜਾਏ। ਮਿਠਾ = ਸੁਆਦਲਾ, ਪਿਆਰਾ। ਪੂਰੁ = (ਜ਼ਿੰਦਗੀ-ਰੂਪ ਬੇੜੀ ਹੈ, ਸਾਰੇ ਜੀਵ ਇਸ ਦਾ 'ਪੂਰ' ਹਨ) ; ਸਾਰੇ ਜੀਵ। ਨਾਨਕੁ ਵਖਾਣੈ = ਨਾਨਕ ਆਖਦਾ ਹੈ। ਕੂੜੋ ਕੂੜੀ = ਕੂੜ ਹੀ ਕੂੜ, ਛਲ ਹੀ ਛਲ।

ਨੋਟ: ਇਸ ਸਲੋਕ ਵਿਚ ਸ਼ਬਦ 'ਕੂੜੁ', 'ਕੂੜਿ' ਅਤੇ 'ਕੂੜੈ' ਤ੍ਰੈਵੇਂ ਸਮਝਣ-ਜੋਗ ਹਨ। 'ਕੂੜੁ' ਨਾਂਵ (noun) ਹੈ, ਕਰਤਾ ਕਾਰਕ, ਇਕ-ਵਚਨ।

'ਕੂੜਿ' ਸ਼ਬਦ 'ਕੂੜੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ। 'ਕੂੜੈ' ਸ਼ਬਦ 'ਕੂੜਾ' ਤੋਂ ਸੰਬੰਧ ਕਾਰਕ, ਇਕ-ਵਚਨ ਹੈ। ਚੇਤੇ ਰੱਖਣ ਦੀ ਲੋੜ ਹੈ ਕਿ ਸ਼ਬਦ 'ਕੂੜੈ' ਸ਼ਬਦ 'ਕੂੜਾ' ਤੋਂ ਹੈ, 'ਕੂੜੁ' ਤੋਂ ਨਹੀਂ।

ਸ਼ਬਦ 'ਕੂੜਾ' ਸੰਸਕ੍ਰਿਤ ਦੇ ਸ਼ਬਦ ਕੂਟਕ (#`Øtk) ਦਾ ਪ੍ਰਾਕ੍ਰਿਤ ਤੇ ਪੰਜਾਬੀ ਰੂਪ ਹੈ, ਜੋ ਵਿਸ਼ੇਸ਼ਣ ਹੈ ਤੇ ਜਿਸ ਦਾ ਅਰਥ ਹੈ 'ਝੂਠਾ, ਛਲ ਵਿਚ ਫਸਿਆ ਹੋਇਆ'।1।

ਅਰਥ: ਇਹ ਸਾਰਾ ਜਗਤ ਛਲ ਰੂਪ ਹੈ (ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ) , (ਇਸ ਵਿਚ ਕੋਈ) ਰਾਜਾ (ਹੈ, ਤੇ ਕਈ ਲੋਕ) ਪਰਜਾ (ਹਨ) । ਇਹ ਭੀ (ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਵਿਖਾਣ ਵਾਂਗ) ਛਲ ਹੀ ਹਨ। (ਇਸ ਜਗਤ ਵਿਚ ਕਿਤੇ ਇਹਨਾਂ ਰਾਜਿਆਂ ਦੇ) ਸ਼ਾਮਿਆਨੇ ਤੇ ਮਹਲ ਮਾੜੀਆਂ (ਹਨ, ਇਹ) ਭੀ ਛਲ ਰੂਪ ਹਨ, ਤੇ ਇਹਨਾਂ ਵਿਚ ਵੱਸਣ ਵਾਲਾ (ਰਾਜਾ) ਭੀ ਛਲ ਹੀ ਹੈ। ਸੋਨਾ, ਚਾਂਦੀ (ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ) ਭਰਮ ਰੂਪ ਹੀ ਹਨ, ਇਹ ਸਰੀਰਕ ਅਕਾਰ, (ਸੋਹਣੇ ਸੋਹਣੇ) ਕੱਪੜੇ ਅਤੇ (ਸਰੀਰਾਂ ਦਾ) ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛਲ ਹੀ ਹਨ (ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਹਿਹਾ ਹੈ) । (ਪ੍ਰਭੂ ਨੇ ਕਿਤੇ) ਮਨੁੱਖ (ਬਣਾ ਦਿੱਤੇ ਹਨ, ਕਿਤੇ) ਇਸਤ੍ਰੀਆਂ; ਇਹ ਸਾਰੇ ਭੀ ਛਲ ਰੂਪ ਹਨ, ਜੋ (ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛਲ ਵਿਚ) ਖਚਿਤ ਹੋ ਕੇ ਖ਼ੁਆਰ ਹੋ ਰਹੇ ਹਨ।

(ਇਸ ਦ੍ਰਿਸ਼ਟਮਾਨ) ਛਲ ਵਿਚ ਫਸੇ ਹੋਏ ਜੀਵ ਦਾ ਛਲ ਵਿਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ। (ਇਸ ਨੂੰ ਯਾਦ ਨਹੀਂ ਰਹਿ ਗਿਆ ਕਿ) ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਭੀ ਮੋਹ ਨਹੀਂ ਪਾਣਾ ਚਾਹੀਦਾ।

(ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ) ਛਲ (ਸਾਰੇ ਜੀਵਾਂ ਨੂੰ) ਪਿਆਰਾ ਲੱਗ ਰਿਹਾ ਹੈ, ਸ਼ਹਿਦ (ਵਾਂਗ) ਮਿੱਠਾ ਲੱਗਦਾ ਹੈ, ਇਸ ਤਰ੍ਹਾਂ ਇਹ ਛਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ। (ਹੇ ਪ੍ਰਭੂ!) ਨਾਨਕ (ਤੇਰੇ ਅੱਗੇ) ਅਰਜ਼ ਕਰਦਾ ਹੈ ਕਿ ਤੈਥੋਂ ਬਿਨਾ (ਇਹ ਜਗਤ) ਛਲ ਹੈ।1।

ਮਃ ੧ ॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥ {ਪੰਨਾ 468}

ਪਦ ਅਰਥ: ਤਾ ਪਰੁ = ਤਾਂ ਹੀ, ਤਦੋਂ ਹੀ। ਜਾਣੀਐ = ਜਾਣਿਆ ਜਾ ਸਕਦਾ ਹੈ। ਸਚੁ = (ਸ਼ਬਦ 'ਕੂੜੁ' ਦੇ ਉਲਟ ਸ਼ਬਦ 'ਸਚੁ' ਹੈ; 'ਕੂੜੁ' ਦਾ ਅਰਥ ਹੈ 'ਛਲੁ' ਜੋ ਅਸਲੀਅਤ ਤੋਂ ਬਿਨਾ ਹੈ, ਜੋ ਉਤਨਾ ਚਿਰ ਹੀ ਹੈ, ਜਿਤਨਾ ਚਿਰ ਉਸ ਦਾ ਬਣਾਣ ਵਾਲਾ ਉਸ ਦੀ ਹੋਂਦ ਚਾਹੁੰਦਾ ਹੈ। ਇਸ ਦੇ ਉਲਟ 'ਸਚੁ' ਦਾ ਅਰਥ ਹੈ) ਅਸਲੀਅਤ। ਰਿਦੈ = ਹਿਰਦੇ ਵਿਚ। ਸਚਾ = ਅਸਲੀਅਤ ਵਾਲਾ, ਹਰੀ। ਕੂੜ ਕੀ ਮਲੁ = ਮਾਇਆ ਰੂਪ ਛਲ ਦੀ (ਮਨ ਉੱਤੇ) ਮੈਲ। ਰਹਸੀਐ = ਖਿੜ ਪੈਂਦਾ ਹੈ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ, ਮਾਇਆ ਰੂਪ ਛਲ ਦੇ ਜ਼ੰਜੀਰਾਂ ਤੋਂ ਛੁੱਟਣ ਦਾ ਰਸਤਾ। ਜੁਗਤਿ = ਜ਼ਿੰਦਗੀ ਸੋਹਣੇ ਤਰੀਕੇ ਨਾਲ ਗੁਜ਼ਾਰਨ ਦਾ ਢੰਗ। ਧਰਤਿ ਕਾਇਆ = ਸਰੀਰ ਰੂਪ ਧਰਤੀ। ਦੇਇ = ਦੇ ਦੇਵੇ, ਬੀਜ ਦੇਵੇ। ਕਰਤਾ ਬੀਉ = ਕਰਤਾਰ ਦਾ ('ਨਾਮ' ਰੂਪ) ਬੀਜ। ਆਤਮ ਤੀਰਥਿ = ਆਤਮ ਰੂਪ ਤੀਰਥ ਉੱਤੇ। ਬਹਿ ਰਹੈ– ਬੈਠਾ ਰਹੇ, ਮਨ ਨੂੰ ਵਿਕਾਰਾਂ ਵਲ ਦੌੜਨ ਤੋਂ ਰੋਕ ਰੱਖੇ।

ਅਰਥ: (ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿਚ ਟਿਕ ਜਾਏ। ਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ।

(ਮਾਇਆ ਛਲ ਵਲੋਂ ਮਨ ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿਚ ਮਨ ਜੋੜਦਾ ਹੈ, (ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ।

ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ, ਭਾਵ, ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿਚ ਪ੍ਰਭੂ ਦਾ ਨਾਮ ਬੀਜ ਦੇਵੇ।

ਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ ਸਿੱਖਿਆ (ਗੁਰੂ ਪਾਸੋਂ) ਲਏ ਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ (ਲੋੜਵੰਦਾਂ ਨੂੰ) ਕੁਝ ਦਾਨ ਪੁੰਨ ਕਰੇ।

ਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ, ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ।

ਨਾਨਕ ਅਰਜ਼ ਕਰਦਾ ਹੈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ, ਉਨ੍ਹਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ) ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ) ।2।

ਪਉੜੀ ॥ ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥ ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥ ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ ॥ ਮਤਿ ਥੋੜੀ ਸੇਵ ਗਵਾਈਐ ॥੧੦॥ {ਪੰਨਾ 468}

ਪਦ ਅਰਥ: ਦਾਨੁ = ਬਖ਼ਸ਼ਸ਼। ਮਹਿੰਡਾ = ਮੇਰਾ, ਭਾਵ, ਮੇਰੇ ਵਾਸਤੇ। ਤਲੀ ਖਾਕੁ = (ਪੈਰਾਂ ਦੀਆਂ ਤਲੀਆਂ ਦੀ ਖਾਕ, ਚਰਨ-ਧੂੜ। ਤ = ਤਾਂ। ਕੂੜਾ = ਕੂੜ ਵਿਚ ਫਸਾਣ ਵਾਲਾ, ਮਾਇਆ ਦੇ ਜਾਲ ਵਿਚ ਫਸਾਣ ਵਾਲਾ। ਅਲਖੁ = ਅਦ੍ਰਿਸ਼ਟ। ਤੇਵੇਹੋ = ਤਿਹੋ ਜਿਹਾ ਹੀ। ਜੇਵੇਹੀ = ਜਿਹੋ ਜਿਹੀ। ਪੂਰਬਿ = ਪਹਿਲੇ ਤੋਂ, ਮੁੱਢ ਤੋਂ, ਧੁਰ ਤੋਂ। ਲਿਖਿਆ = ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੀ ਹੋਂਦ। ਮਤਿ ਥੋੜੀ = ਆਪਣੀ ਮਤਿ ਥੋੜਿ ਹੋਵੇ, ਜੇ ਆਪਣੀ ਥੋੜੀ ਮਤ ਦੀ ਟੇਕ ਰੱਖੀਏ।10।

ਅਰਥ: (ਮੇਰਾ ਇਹ ਚਿੱਤ ਕਰਦਾ ਹੈ ਕਿ ਮੈਨੂੰ ਸੰਤਾਂ ਦੇ) ਪੈਰਾਂ ਦੀ ਖ਼ਾਕ ਦਾ ਦਾਨ ਮਿਲੇ। ਜੇ ਇਹ ਦਾਨ ਮਿਲ ਜਾਏ, ਤਾਂ ਮੱਥੇ ਉੱਤੇ ਲਾਣੀ ਚਾਹੀਦੀ ਹੈ। (ਹੋਰ) ਲਾਲਚ, ਜੋ ਮਾਇਆ ਦੇ ਜਾਲ ਵਿਚ ਹੀ ਫਸਾਂਦਾ ਹੈ, ਛੱਡ ਦੇਣਾ ਚਾਹੀਦਾ ਹੈ, ਅਤੇ ਮਨ ਨੂੰ ਕੇਵਲ ਪ੍ਰਭੂ ਵਿਚ ਜੋੜ ਕੇ ਉਸ ਦੀ ਭਗਤੀ ਕਰਨੀ ਚਾਹੀਦੀ ਹੈ, (ਕਿਉਂਕਿ) ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ। ਪਰ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਤਾਂ ਹੀ ਮਿਲਦੀ ਹੈ ਜੇ ਚੰਗੇ ਭਾਗ ਹੋਣ। (ਗੁਰਮੁਖਾਂ ਦਾ ਆਸਰਾ-ਪਰਨਾ ਛੱਡ ਕੇ) ਜੇ ਆਪਣੀ ਹੋਛੀ ਜਿਹੀ ਮਤ ਦੀ ਟੇਕ ਰੱਖੀਏ ਤਾਂ (ਇਸ ਦੇ ਆਸਰੇ) ਕੀਤੀ ਹੋਈ ਘਾਲ-ਕਮਾਈ ਵਿਅਰਥ ਜਾਂਦੀ ਹੈ।10।

ਸਲੋਕੁ ਮਃ ੧ ॥ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥ {ਪੰਨਾ 468}

ਪਦ ਅਰਥ: ਸਚਿ = ਸੱਚ ਵਿਚ। ਸਚਿ ਕਾਲੁ = ਸੱਚ ਵਿਚ ਕਾਲ ਪੈ ਗਿਆ ਹੈ ਅਸਲੀਅਤ ਦੀ ਪਰਖ ਨਹੀਂ ਰਹੀ। ਕਾਲਖ = ਕਾਲਾਪਨ, ਵਿਕਾਰਾਂ ਦੀ ਸਿਆਹੀ। ਬੇਤਾਲ = ਭੂਤ ਪ੍ਰੇਤ। ਬੀਉ = ਨਾਮ ਰੂਪ ਬੀਜ। ਬੀਜਿ = ਬੀਜ ਕੇ। ਕਿਉ ਉਗਵੈ = ਨਹੀਂ ਉੱਗ ਸਕਦੀ। ਦਾਲਿ = ਦਾਣੇ ਦੇ ਦੋਵੇਂ ਹਿੱਸੇ ਵਖੋ ਵਖਰੇ। ਇਕੁ = ਸਾਬਤ ਬੀਜ। ਰੁਤੀ ਹੂ ਰੁਤਿ = ਰੁਤਾਂ ਵਿਚੋਂ ਰੁਤ, ਭਾਵ ਚੰਗੀ ਰੁਤ, ਫਬਵੀਂ ਰੁਤ। ਪਾਹ = ਲਾਗ, ਕੱਪੜੇ ਨੂੰ ਪੱਕਾ ਰੰਗ ਚਾੜ੍ਹਨ ਲਈ ਜੋ ਪਾਣੀ ਵਿਚ ਰੰਗ ਤੋਂ ਪਹਿਲਾਂ ਪਾਈਦੀ ਹੈ। ਕੋਰੈ = ਕੋਰੇ (ਕੱਪੜੇ) ਨੂੰ। ਰੰਗੁ ਸੋਇ = ਉਹ (ਪੱਕਾ) ਰੰਗ ਜੋ (ਹੋਣਾ ਚਾਹੀਦਾ ਹੈ, ਭਾਵ) ਵਧੀਆ ਪੱਕਾ ਰੰਗ। ਸਰਮੁ = ਮਿਹਨਤ। ਰਪੈ = ਰੰਗਿਆ ਜਾਏ। ਕੂੜੈ = ਕੂੜ ਦੀ ਛਲ ਠੱਗੀ ਦੀ। ਸੋਇ = ਖ਼ਬਰ, ਭਿਣਖ।1।

{ਨੋਟ: ਇਸ ਸਲੋਕ ਵਿਚ ਦੋ ਦ੍ਰਿਸ਼ਟਾਂਤ ਦਿੱਤੇ ਗਏ ਹਨ ਪਹਿਲੀਆਂ 3 ਤੁਕਾਂ ਵਿਚ ਖੇਤੀ ਬੀਜਣ ਦਾ ਅਤੇ ਦੂਜੀਆਂ 3 ਤੁਕਾਂ ਵਿਚ ਕੱਪੜਾ ਰੰਗਣ ਦਾ। ਪਹਿਲੇ ਦ੍ਰਿਸ਼ਟਾਂਤ ਵਿਚ ਦੱਸਿਆ ਗਿਆ ਹੈ ਕਿ ਜਿਵੇਂ ਸਾਬਤ ਦਾਣਾ ਹੀ ਬੀਜਿਆਂ ਉੱਗ ਸਕਦਾ ਹੈ, ਜੇ ਦਾਣਾ ਦਲ ਦਿੱਤਾ ਜਾਏ, ਤਾਂ ਨਹੀਂ ਉੱਗਦਾ। ਇਸੇ ਤਰ੍ਹਾਂ ਜੇ ਮਨ ਦੋ-ਫਾੜ ਰਹੇ, ਭਾਵ, ਜੇ ਅੰਦਰ ਦੁਚਿੱਤਾ-ਪਨ ਰਹੇ, ਤਾਂ 'ਨਾਮ' ਬੀਜ ਉੱਗ ਨਹੀਂ ਸਕਦਾ, ਵਧ-ਫੁਲ ਨਹੀਂ ਸਕਦਾ।

ਦੂਜੇ ਦ੍ਰਿਸ਼ਟਾਂਤ ਵਿਚ ਲਿਖਿਆ ਹੈ ਕਿ ਕੋਰੇ ਕੱਪੜੇ ਨੂੰ ਪੱਕਾ ਰੰਗ ਨਹੀਂ ਚੜ੍ਹ ਸਕਦਾ। ਪਹਿਲਾਂ ਖੁੰਬ ਤੇ ਚਾੜ੍ਹਨ ਦੀ ਲੋੜ ਹੈ, ਫੇਰ ਰੰਗ ਦੇਣ ਤੋਂ ਪਹਿਲਾਂ ਪਾਹ ਦੇਣੀ ਪੈਂਦੀ ਹੈ। ਇਸੇ ਤਰ੍ਹਾਂ ਇਸ ਕੋਰੇ ਮਨ ਨੂੰ ਨਾਮ ਵਿਚ ਰੰਗਣ ਵਾਸਤੇ ਪਹਿਲਾਂ ਰੱਬ ਦੇ ਡਰ ਰੂਪ ਖੁੰਬ ਤੇ ਚਾੜ੍ਹਨ ਦੀ ਲੋੜ ਹੈ। ਇਸ ਤਰ੍ਹਾਂ ਇਸ ਦਾ ਕੋਰਾ-ਪਨ (ਨਿਰਦਇਤਾ) ਦੂਰ ਹੋ ਜਾਂਦਾ ਹੈ, ਜੀਵ ਰੱਬ ਦੇ ਡਰ ਵਿਚ ਰਹਿ ਕੇ ਜੀਆਂ ਤੇ ਤਰਸ ਕਰਨ ਲੱਗ ਪੈਂਦਾ ਹੈ। ਫੇਰ ਇਸ ਮਨ ਨੂੰ ਮਿਹਨਤ ਦੀ ਪਾਹ ਦਿੱਤੀ ਜਾਏ, ਭਾਵ ਆਲਸ ਤਿਆਗ ਕੇ ਉੱਦਮੀ ਬਣਿਆ ਰਹੇ। ਤਦੋਂ ਰੱਬ ਦੇ ਭਗਤੀ-ਰੰਗ ਵਿਚ ਰੰਗਿਆਂ ਸੋਹਣੇ ਰੰਗ ਵਾਲਾ ਹੋ ਜਾਂਦਾ ਹੈ। }

ਅਰਥ: (ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉੱਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵ ਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖ਼ਿਆਲ ਜੀਵਾਂ ਦੇ ਹਿਰਦਿਆਂ ਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ) । ਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ। ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ) । ਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀ ਚੰਗੀ ਫਬਵੀਂ ਹੋਵੇ, (ਇਸੇ ਤਰ੍ਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾ ਅੰਮ੍ਰਿਤ ਵੇਲਾ ਭੀ ਖੁੰਝਾਇਆ ਨਾ ਜਾਏ) ।

ਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋ ਲਾਗ ਵਰਤਿਆਂ ਚੜ੍ਹਦਾ ਹੈ। ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ। (ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ।1।

TOP OF PAGE

Sri Guru Granth Darpan, by Professor Sahib Singh