ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 470

ਸਲੋਕੁ ਮਃ ੧ ॥ ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥ ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥ ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥ ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥ ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥ ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥ {ਪੰਨਾ 470}

ਪਦ ਅਰਥ: ਮੇਰੁ = ਜਿਵੇਂ 'ਮੇਰੂ' ਪਰਬਤ ਦੇ ਦੁਆਲੇ ਸਾਰੇ ਗ੍ਰਹਿ (ਤਾਰੇ) ਭੌਂਦੇ ਹਨ, ਸਾਰੇ 'ਦੀਪਾਂ' ਦਾ ਇਹ ਕੇਂਦਰ ਹੈ ਤੇ ਇਸ ਵਿਚ ਸੋਨਾ ਤੇ ਹੀਰੇ ਮਿਲਦੇ ਹਨ; ਜਿਵੇਂ ਮਾਲਾ ਦੇ 108 ਮਣਕਿਆਂ ਵਿਚ ਸਿਰਤਾਜ ਮਣਕਾ 'ਮੇਰੂ' ਹੈ; ਜਿਵੇਂ ਮੋਤੀਆਂ ਦੇ ਹਾਰ ਦਾ ਸ਼ਿਰੋਮਣ ਮੋਤੀ 'ਮੇਰੂ' ਅਖਵਾਂਦਾ ਹੈ, ਤਿਵੇਂ ਪ੍ਰਭੂ ਦੀ ਰਚਨਾ ਦੀਆਂ ਬੇਅੰਤ ਜੂਨੀਆਂ ਵਿਚੋਂ ਸ਼ਿਰੋਮਣੀ ਜੂਨ ਮਨੁੱਖਾ-ਜੂਨ 'ਮੇਰੂ' ਅਖਵਾਂਦੀ ਹੈ ਅਤੇ ਮਨੁੱਖਾ-ਸਰੀਰ ਬਾਕੀ ਸਭ ਜੂਨੀਆਂ ਦੇ ਸਰੀਰਾਂ ਵਿਚੋਂ 'ਮੇਰੂ' ਹੈ। ਮੇਰੁ ਸਰੀਰ ਕਾ = (ਸਰੀਰਾਂ ਵਿਚੋਂ) ਮੇਰੁ ਸਰੀਰ ਦਾ, (ਸਾਰੀਆਂ ਜੂਨੀਆਂ ਦੇ ਸਰੀਰਾਂ ਵਿਚੋਂ) ਮੇਰੂ ਸਰੀਰ ਦਾ, ਸ਼ਿਰੋਮਣੀ ਸਰੀਰ ਦਾ, ਭਾਵ, ਮਨੁੱਖਾ-ਸਰੀਰ ਦੇ ਵਾਸਤੇ। ਰਥੁ = ਕਾਠ ਉਪਨਿਸ਼ਦ ਵਿਚ ਮਨੁੱਖਾ ਸਰੀਰ ਨੂੰ ਰਥ ਨਾਲ ਉਪਮਾ ਦਿੱਤੀ ਗਈ ਹੈ; ਭਾਵ, ਸਰੀਰ ਨੂੰ ਰਥ ਸਮਝੋ ਤੇ ਆਤਮਾ ਨੂੰ ਇਸ ਰਥ ਦਾ ਰਥਵਾਹੀ ਜਾਣੋ। ਰਥਵਾਹੁ = ਰਥ ਨੂੰ ਚਲਾਣ ਵਾਲਾ। ਜੁਗੁ ਜੁਗੁ = ਹਰੇਕ ਜੁਗ ਵਿਚ। ਜੁਗੁ = ਇਸ ਸ੍ਰਿਸ਼ਟੀ ਦੀ ਇਕ ਉਮਰ ਨੂੰ 'ਜੁਗ' ਕਿਹਾ ਜਾਂਦਾ ਹੈ। ਜੁਗ ਗਿਣਤੀ ਵਿਚ ਚਾਰ ਹਨ– ਸਤਜੁਗ, ਤ੍ਰੇਤਾ, ਦੁਆਪਰ ਤੇ ਕਲਜੁਗ। ਹਰੇਕ ਜੁਗ ਦੀ ਉਮਰ ਕ੍ਰਮ ਅਨੁਸਾਰ 1728000, 1596000, 864000 ਅਤੇ 472000 ਸਾਲ (ਮਨੁੱਖਾਂ ਦੇ ਸਾਲ) ਹੈ; ਇਹ ਸਾਰਾ ਸਮਾ ਮਿਲਾ ਕੇ ਇਕ 'ਮਹਾ ਜੁਗ' ਬਣਦਾ ਹੈ। ਹਰੇਕ ਜੁਗ ਦੀ ਉਮਰ ਤਰਤੀਬ-ਵਾਰ ਘਟਦੀ ਗਈ ਹੈ। ਇਸ ਸੰਬੰਧੀ ਖ਼ਿਆਲ ਇਹ ਹੈ ਕਿ ਇਹਨਾਂ ਜੁਗਾਂ ਵਿਚ ਦੇ ਜੀਵਾਂ ਦਾ ਸਰੀਰਕ ਬਲ ਤੇ ਆਚਰਨ ਕਮਜ਼ੋਰ ਹੁੰਦਾ ਜਾ ਰਿਹਾ ਹੈ, ਇਸ ਕਰਕੇ ਜੁਗਾਂ ਦੀ ਉਮਰ ਭੀ ਨਾਲੋ ਨਾਲ ਘਟਦੀ ਜਾ ਰਹੀ ਹੈ। ਵਟਾਈਅਹਿ = ਵਟਾਏ ਜਾਂਦੇ ਹਨ, ਬਦਲਦੇ ਰਹਿੰਦੇ ਹਨ। ਗਿਆਨੀ = ਗਿਆਨ ਵਾਲੇ ਮਨੁੱਖ। ਤਾਹਿ = ਇਸ ਗੱਲ ਨੂੰ। ਸਤਜੁਗਿ = ਸਤਜੁਗ ਵਿਚ। ਤ੍ਰੇਤੈ = ਤ੍ਰੇਤੇ ਜੁਗ ਵਿਚ। ਸਤੁ = ਉੱਚਾ ਆਚਰਨ।1।

ਅਰਥ: ਹੇ ਨਾਨਕ! ਚੌਰਾਸੀਹ ਲੱਖ ਜੂਨਾਂ ਵਿਚੋਂ ਸ਼ਿਰੋਮਣੀ ਮਨੁੱਖਾ ਸਰੀਰ ਦਾ ਇਕ ਰਥ ਹੈ ਤੇ ਇਕ ਰਥਵਾਹੀ ਹੈ (ਭਾਵ, ਇਹ ਜ਼ਿੰਦਗੀ ਦਾ ਇਕ ਲੰਮਾ ਸਫ਼ਰ ਹੈ, ਮਨੁੱਖ ਮੁਸਾਫ਼ਰ ਹੈ; ਇਸ ਲੰਮੇ ਸਫ਼ਰ ਨੂੰ ਸੌਖੇ ਤਰੀਕੇ ਨਾਲ ਤੈ ਕਰਨ ਵਾਸਤੇ ਜੀਵ ਸਮੇ ਦੇ ਪਰਭਾਵ ਵਿਚ ਆਪਣੀ ਮਤ ਅਨੁਸਾਰ ਕਿਸੇ ਨ ਕਿਸੇ ਦੀ ਅਗਵਾਈ ਵਿਚ ਤੁਰ ਰਹੇ ਹਨ, ਕਿਸੇ ਨ ਕਿਸੇ ਦਾ ਆਸਰਾ ਤੱਕ ਰਹੇ ਹਨ। ਪਰ ਜਿਉਂ ਜਿਉਂ ਸਮਾ ਗੁਜ਼ਰਦਾ ਜਾ ਰਿਹਾ ਹੈ, ਜੀਵਾਂ ਦੇ ਸੁਭਾਉ ਬਦਲ ਰਹੇ ਹਨ, ਇਸ ਵਾਸਤੇ ਜੀਵਾਂ ਦਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਮਨੋਰਥ ਭੀ ਬਦਲ ਰਿਹਾ ਹੈ; ਤਾਂ ਤੇ) ਹਰੇਕ ਜੁਗ ਵਿਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ, ਇਸ ਭੇਦ ਨੂੰ ਸਿਆਣੇ ਮਨੁੱਖ ਸਮਝਦੇ ਹਨ।

ਸਤਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਸੰਤੋਖ' ਹੁੰਦਾ ਹੈ ਤੇ ਰਥਵਾਹੀ 'ਧਰਮ' ਹੈ (ਭਾਵ, ਜਦੋਂ ਮਨੁੱਖਾਂ ਦਾ ਆਮ ਤੌਰ ਤੇ ਜ਼ਿੰਦਗੀ ਦਾ ਨਿਸ਼ਾਨਾ 'ਧਰਮ' ਹੋਵੇ, 'ਧਰਮ' ਜੀਵਨ-ਮਨੋਰਥ ਹੋਣ ਕਰਕੇ ਸੁਤੇ ਹੀ 'ਸੰਤੋਖ' ਉਹਨਾਂ ਦੀ ਸਵਾਰੀ ਹੁੰਦਾ ਹੈ, 'ਸੰਤੋਖ' ਵਾਲਾ ਸੁਭਾਉ ਜੀਵਾਂ ਦੇ ਅੰਦਰ ਪਰਬਲ ਹੁੰਦਾ ਹੈ। ਇਹ ਜੀਵ, ਮਾਨੋ, ਸਤਜੁਗੀ ਹਨ, ਸਤਜੁਗ ਵਿਚ ਵੱਸ ਰਹੇ ਹਨ) ।

ਤ੍ਰੇਤੇ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਜਤੁ' ਹੈ ਤੇ ਇਸ 'ਜਤ' ਰੂਪ ਰਥ ਦੇ ਅੱਗੇ ਰਥਵਾਹੀ 'ਜੋਰੁ' ਹੈ (ਭਾਵ, ਜਦੋਂ ਮਨੁੱਖਾਂ ਦਾ ਜ਼ਿੰਦਗੀ ਦਾ ਨਿਸ਼ਾਨਾ 'ਸੂਰਮਤਾ' (Chivalry) ਹੋਵੇ, ਤਦੋਂ ਸੁਤੇ ਹੀ 'ਜਤੁ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਸੂਰਮਤਾ' ਦੇ ਪਿਆਰੇ ਮਨੁੱਖਾਂ ਦੇ ਅੰਦਰ 'ਜਤੀ' ਰਹਿਣ ਦਾ ਵਲਵਲਾ ਸਭ ਤੋਂ ਵਧੀਕ ਪਰਬਲ ਹੁੰਦਾ ਹੈ।

ਦੁਆਪਰ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਤਪੁ' ਹੈ ਤੇ ਇਸ 'ਤਪ' ਰੂਪ ਰਥ ਦੇ ਅੱਗੇ ਰਥਵਾਹੀ 'ਸਤੁ' ਹੁੰਦਾ ਹੈ (ਭਾਵ, ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚਾ ਆਚਰਨ ਹੋਵੇ, ਤਦੋਂ ਸੁਤੇ ਹੀ 'ਤਪ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਉੱਚੇ ਆਚਰਨ' ਦੇ ਆਸ਼ਕ ਆਪਣੇ ਸਰੀਰਕ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੀ ਖ਼ਾਤਰ ਕਈ ਤਰ੍ਹਾਂ ਦੇ ਤਪ, ਕਸ਼ਟ ਝੱਲਦੇ ਹਨ) ।

ਕਲਜੁਗ ਵਿਚ ਮਨੁੱਖਾ-ਸਰੀਰ ਦਾ ਰਥ ਤ੍ਰਿਸ਼ਨਾ-ਅੱਗ ਹੈ ਤੇ ਇਸ 'ਅੱਗ' ਰੂਪ ਰਥ ਦੇ ਅੱਗੇ ਰਥਵਾਹੀ 'ਕੂੜੁ' ਹੈ (ਭਾਵ, ਜਦੋਂ ਜੀਵਾਂ ਦਾ ਜ਼ਿੰਦਗੀ ਦਾ ਮਨੋਰਥ 'ਕੂੜੁ' ਠੱਗੀ ਆਦਿਕ ਹੋਵੇ ਤਦੋਂ ਸੁਤੇ ਹੀ 'ਤ੍ਰਿਸ਼ਨਾ' ਰੂਪ ਅੱਗ ਉਹਨਾਂ ਦੀ ਸਵਾਰੀ ਹੁੰਦੀ ਹੈ। ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਅੱਗ ਭੜਕਦੀ ਰਹਿੰਦੀ ਹੈ) ।

ਨੋਟ: ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਜੀ ਹਿੰਦੂ ਮਤ ਅਨੁਸਾਰ ਜੁਗਾਂ ਦੀ ਕੀਤੀ ਹੋਈ ਵੰਡ ਤੇ ਵਿਚਾਰ ਕਰਦੇ ਹੋਏ ਫੁਰਮਾਂਦੇ ਹਨ ਕਿ ਸਤਜੁਗ, ਤ੍ਰੇਤਾ, ਦੁਆਪਰ, ਕਲਜੁਗ ਦੇ ਪਹਿਰੇ ਦੀ ਪਛਾਣ ਕਰਨ ਵਾਸਤੇ ਜੀਵਾਂ ਦੇ ਆਮ ਪਰਵਿਰਤੀ ਸੁਭਾਉ ਵਲ ਵੇਖੋ। ਜਿੱਥੇ 'ਧਰਮ' ਪਰਬਲ ਹੈ, ਉਥੇ ਮਾਨੋ, 'ਸਤਜੁਗ' ਦਾ ਰਾਜ ਹੈ, ਤੇ ਜਿੱਥੇ 'ਕੂੜੁ' ਪਰਧਾਨ ਹੈ, ਉਥੇ ਸਮਝੋ ਕਲਜੁਗ ਦਾ ਪਹਿਰਾ ਹੈ। ਜੁਗਾਂ ਦਾ ਪਰਭਾਵ ਜਗਤ ਤੇ ਨਹੀਂ ਹੈ, ਜਗਤ ਦੇ ਜੀਵਾਂ ਦਾ ਸੁਭਾਉ ਤੇ ਆਚਰਨ ਬਦਲਣ ਨਾਲ ਮਾਨੋ ਜੁਗ ਬਦਲ ਗਿਆ ਹੈ।1।

ਮਃ ੧ ॥ ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥ ਸਭੁ ਕੋ ਸਚਿ ਸਮਾਵੈ ॥ ਰਿਗੁ ਕਹੈ ਰਹਿਆ ਭਰਪੂਰਿ ॥ ਰਾਮ ਨਾਮੁ ਦੇਵਾ ਮਹਿ ਸੂਰੁ ॥ ਨਾਇ ਲਇਐ ਪਰਾਛਤ ਜਾਹਿ ॥ ਨਾਨਕ ਤਉ ਮੋਖੰਤਰੁ ਪਾਹਿ ॥ ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ੍ਹ ਕ੍ਰਿਸਨੁ ਜਾਦਮੁ ਭਇਆ ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥ ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥ ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥ ਚਾਰੇ ਵੇਦ ਹੋਏ ਸਚਿਆਰ ॥ ਪੜਹਿ ਗੁਣਹਿ ਤਿਨ੍ਹ੍ਹ ਚਾਰ ਵੀਚਾਰ ॥ ਭਾਉ ਭਗਤਿ ਕਰਿ ਨੀਚੁ ਸਦਾਏ ॥ ਤਉ ਨਾਨਕ ਮੋਖੰਤਰੁ ਪਾਏ ॥੨॥ {ਪੰਨਾ 470}

ਪਦ ਅਰਥ: ਪਾਰਜਾਤੁ = ਇੰਦਰ ਦੇ ਬਾਗ਼ 'ਨੰਦਨ' ਵਿਚ ਪੰਜ ਸ੍ਰੇਸ਼ਟ ਰੁੱਖਾਂ ਵਿਚੋਂ ਇਕ ਦਾ ਨਾਉਂ 'ਪਾਰਜਾਤ' ਹੈ। ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਨੂੰ ਰਿੜਕਿਆ ਸੀ, ਤਦੋਂ ਉਸ ਵਿਚੋਂ ਚੌਦਾਂ ਰਤਨ ਨਿਕਲੇ, ਜਿਨ੍ਹਾਂ ਵਿਚੋਂ ਇਕ 'ਪਾਰਜਾਤ' ਰੁੱਖ ਸੀ। ਕ੍ਰਿਸ਼ਨ ਜੀ ਨੇ ਇਹ ਰੁੱਖ ਉਸ ਬਾਗ਼ ਵਿਚੋਂ ਪੁੱਟ ਕੇ ਲੈ ਆਂਦਾ ਤੇ ਆਪਣੀ ਪਿਆਰੀ 'ਸਤ੍ਯਭਾਮਾ' ਦੇ ਬਾਗ਼ ਵਿਚ ਲਾ ਦਿੱਤਾ। ਇਹ 'ਸਤ੍ਯਭਾਮਾ' ਰਾਜਾ ਸ਼ਤ੍ਰਾਜਿਤ ਦੀ ਧੀ ਤੇ ਸ੍ਰੀ ਕ੍ਰਿਸ਼ਨ ਜੀ ਦੀ ਪਿਆਰੀ ਇਸਤ੍ਰੀ ਸੀ।

ਇੰਦਰ ਦੇ ਬਾਗ਼ 'ਨੰਦਨ' ਵਿਚ ਪੰਜ ਵਧੀਆ ਜਾਤੀ ਦੇ ਰੁੱਖ ਦੱਸੇ ਗਏ ਹਨ। ਉਹ ਪੰਜੇ ਰੁੱਖ ਇਹ ਹਨ:

ਮੰਦਾਰ, ਪਾਰਜਾਤ, ਸੰਤਾਨ, ਕਲਪ-ਰੁੱਖ ਤੇ ਹਰੀ ਚੰਦਨ।

ਚੰਦ੍ਰਾਵਲਿ = ਇਕ ਗੋਪੀ ਦਾ ਨਾਮ ਸੀ। ਇਹ ਰਾਧਾ ਦੀ ਚਚੇਰੀ ਭੈਣ ਸੀ, ਰਾਧਾ ਦੇ ਪਿਤਾ ਵ੍ਰਿਖਭਾਨ ਦੇ ਜੇਠੇ ਭਰਾ ਚੰਦ੍ਰਭਾਨ ਦੀ ਇਹ ਲੜਕੀ ਸੀ। ਚੰਦ੍ਰਾਵਲੀ ਗੋਵਰਧਨ ਨਾਲ ਵਿਆਹੀ ਗਈ ਸੀ, ਜੋ ਕਰਲਾ ਨਾਮਕ ਪਿੰਡ ਦਾ ਰਹਿਣ ਵਾਲਾ ਸੀ। ਸਾਮ = ਤੀਜਾ ਵੇਦ; ਪਹਿਲੇ ਦੋ 'ਰਿਗ' ਅਤੇ 'ਯਜੁਰ' ਹਨ। ਰਾਮ ਨਾਮੁ = (ਸ੍ਰੀ) ਰਾਮ (ਜੀ) ਦਾ ਨਾਮ। ਦੇਵਾ ਮਹਿ = ਦੇਵਤਿਆਂ ਵਿਚ। ਸੂਰੁ = ਸੂਰਜ। ਨਾਇ ਲਇਐ = ਜੇ ਨਾਮ ਜਪੀਏ। ਪਰਾਛਤ = ਪਾਪ। ਜੋਰਿ = ਜ਼ੋਰ ਨਾਲ, ਧੱਕੇ ਨਾਲ। ਜਾਦਮੁ = 'ਜਦੁ' ਕੁਲ ਵਿਚ ਪੈਦਾ ਹੋਇਆ ਸ੍ਰੀ ਕ੍ਰਿਸ਼ਨ। ਗੋਪੀ = 'ਸਤ੍ਯਭਾਮਾ' ਗੋਪੀ ਦੇ ਵਾਸਤੇ। ਕਲਿ ਮਹਿ = ਕਲਿਜੁਗ ਵਿਚ। ਅਲਹੁ = ਅੱਲਾ, ਰੱਬ। ਅਮਲੁ = ਹੁਕਮੁ, ਰਾਜ। ਤੁਰਕ ਪਠਾਣੀ = ਤੁਰਕਾਂ ਪਠਾਣਾਂ ਨੇ। ਪੜਹਿ = (ਜੋ) ਪੜ੍ਹਦੇ ਹਨ। ਗੁਣਹਿ = ਜੋ ਵਿਚਾਰਦੇ ਹਨ। ਤਿਨ੍ਹ੍ਹ ਵੀਚਾਰ = ਉਹਨਾਂ ਦੇ ਵਿਚਾਰ। ਚਾਰ = ਸੁੰਦਰ।

ਅਰਥ ਸੰਬੰਧੀ ਨੋਟ:

'ਕਲਿ ਮਹਿ ਬੇਦੁ ਅਥਰਬਣੁ ਹੂਆ' = ਜਿਵੇਂ ਇਸ ਤੁਕ ਵਿਚ 'ਕਲਜੁਗ' ਦੇ ਨਾਲ 'ਬੇਦੁ ਅਥਰਬਣੁ' ਵਰਤਿਆ ਗਿਆ ਹੈ ਤਿਵੇਂ ਪਹਿਲੀਆਂ ਤੁਕਾਂ ਵਿਚ ਸ਼ਬਦ 'ਸਾਮ' ਨਾਲ 'ਦੁਆਪਰ' ਵਰਤਣਾ ਹੈ। 'ਨਾਉ ਖੁਦਾਈ ਅਲਹੁ ਭਇਆ' = ਕਲਜੁਗ ਵਿਚ 'ਸੁਆਮੀ' ਦਾ ਨਾਉਂ 'ਖੁਦਾਇ' ਤੇ 'ਅਲਹੁ' ਪਰਧਾਨ ਹੋ ਗਿਆ। 'ਕਲਿ......ਕੀਆ' = ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜੀਵਾਂ ਦੀ ਅਗਵਾਈ ਮਾਨੋ, ਅਥਰਬਣ ਬੇਦ ਕਰ ਰਿਹਾ ਹੈ, ਭਾਵ, ਕਲਜੁਗ ਵਿਚ ਜਾਦੂ ਟੂਣੇ, ਵੈਰ-ਵਿਰੋਧ ਤੇ ਜ਼ੁਲਮ ਪਰਧਾਨ ਹਨ; ਭਾਵ, 'ਕਲਿਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ। ' ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ, ਜਿਨ੍ਹਾਂ ਨੇ ਨੀਲੇ ਬਸਤਰ ਲੈ ਕੇ ਉਹਨਾਂ ਦੇ ਕੱਪੜੇ (ਬਣਵਾ ਕੇ) ਪਾਏ ਹੋਏ ਹਨ; ਉਹਨਾਂ ਦੇ ਹੀ ਤੇਜ ਪਰਤਾਪ ਕਰਕੇ ਹੁਣ 'ਸੁਆਮੀ' ਦਾ ਨਾਉਂ 'ਖੁਦਾਇ' ਤੇ 'ਅਲਹੁ' ਵੱਜ ਰਿਹਾ ਹੈ। 'ਜੁਜ ਮਹਿ......ਕਾਨ੍ਹ੍ਹ ਕ੍ਰਿਸ਼ਨ ਜਾਦਮੁ ਭਇਆ' = ਦੁਆਪਰ ਵਿਚ 'ਸੁਆਮੀ ਦਾ ਨਾਉਂ' 'ਜਾਦਮੁ ਕਾਨ੍ਹ੍ਹ ਕ੍ਰਿਸ਼ਨ' ਵੱਜਦਾ ਸੀ। ਕਿਹੜਾ 'ਕ੍ਰਿਸ਼ਨ'? ਜੋ 'ਕਾਨ੍ਹ੍ਹ' ਸਾਵਲੇ ਰੰਗ ਦਾ ਸੀ ਤੇ 'ਜਾਦਮੁ' ਜਾਦਵਾਂ ਦੀ ਕੁਲ ਵਿਚੋਂ ਸੀ; ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ ਸੀ, ਜਿਸ ਨੇ (ਆਪਣੀ) ਗੋਪੀ (ਸਤ੍ਯਭਾਮਾ) ਦੀ ਖ਼ਾਤਰ 'ਪਾਰਜਾਤ' ਰੁੱਖ ਇੰਦਰ ਦੇ ਬਾਗ਼ ਵਿਚੋਂ ਲੈ ਆਂਦਾ ਸੀ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਕੀਤੇ ਸਨ। ਰਿਗੁਵੇਦ ਆਖਦਾ ਹੈ ਕਿ (ਤ੍ਰੇਤੇ ਜੁਗ ਵਿਚ ਸ੍ਰੀ ਰਾਮ ਜੀ ਦਾ ਨਾਮ ਹੀ ਸਾਰੇ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਸੀ, ਭਾਵ, ਤ੍ਰੇਤੇ ਵਿਚ 'ਸਵਾਮੀ' ਦਾ ਨਾਉਂ 'ਰਾਮ' ਪਰਧਾਨ ਸੀ। ਉਸੇ ਰਾਮ ਜੀ ਨੂੰ ਹੀ 'ਭਰਪੂਰਿ ਰਹਿਆ' ਸਮਝਿਆ ਗਿਆ, ਭਾਵ, ਉਸੇ ਦੀ ਹੀ ਪੂਜਾ 'ਸੁਆਮੀ' ਦੀ ਪੂਜਾ ਸਮਾਨ ਹੋਣ ਲੱਗ ਪਈ।2।

ਨੋਟ: ਸਤਿਗੁਰੂ ਜੀ ਕਿਸੇ ਵੇਦ ਦਾ ਕਿਸੇ ਖ਼ਾਸ ਜੁਗ ਨਾਲ ਸੰਬੰਧ ਨਹੀਂ ਦੱਸ ਰਹੇ। ਜਿਵੇਂ ਪਹਿਲੇ ਸਲੋਕ ਵਿਚ ਹਰੇਕ ਸਮੇ ਦੇ ਜੀਵਾਂ ਦੇ ਸੁਭਾਉ ਆਦਿਕ ਦੀ ਤਬਦੀਲੀ ਦਾ ਜ਼ਿਕਰ ਹੈ, ਤਿਵੇਂ ਹੀ ਇਥੇ ਹੈ। 'ਸਾਮ', 'ਰਿਗੁ', 'ਜੁਜ' ਅਤੇ 'ਅਥਰਵਣੁ' ਨੂੰ ਤਰਤੀਬਵਾਰ ਕੇਵਲ ਸ਼ਬਦ 'ਸੇਤੰਬਰ' 'ਰਾਮ' 'ਜਾਦਮੁ' ਅਤੇ 'ਅਲਹੁ' ਨਾਲ ਵਰਤਿਆ ਗਿਆ ਹੈ। ਹਰੇਕ ਵੇਦ ਦੇ ਨਾਉਂ ਦਾ ਪਹਿਲਾ ਅੱਖਰ ਰੱਬ ਦੇ ਉਸ ਸਮੇ ਦੇ ਪਰਧਾਨ ਨਾਮ ਦੇ ਪਹਿਲੇ ਅੱਖਰ ਨਾਲ ਮਿਲਦਾ ਹੈ।

ਅਰਥ: ਸਾਮ ਵੇਦ ਆਖਦਾ ਹੈ ਕਿ (ਭਾਵ, ਸਤਜੁਗ ਵਿਚ) ਜਗਤ ਦੇ ਮਾਲਕ (ਸੁਆਮੀ) ਦਾ ਨਾਮ 'ਸੇਤੰਬਰੁ' (ਪਰਸਿੱਧ) ਹੈ (ਭਾਵ, ਤਦੋਂ ਰੱਬ ਨੂੰ 'ਸੇਤੰਬਰ' ਮੰਨ ਕੇ ਪੂਜਾ ਹੋ ਰਹੀ ਸੀ) , ਜੋ ਸਦਾ 'ਸੱਚ' ਵਿਚ ਟਿਕਿਆ ਰਹਿੰਦਾ ਹੈ; ਤਦੋਂ ਹਰੇਕ ਜੀਵ 'ਸੱਚ' ਵਿਚ ਲੀਨ ਹੁੰਦਾ ਹੈ ('ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ') ; (ਜਦੋਂ ਆਮ ਤੌਰ ਤੇ ਹਰੇਕ ਜੀਵ 'ਸੱਚ' ਵਿਚ, 'ਧਰਮੁ' ਵਿਚ ਦ੍ਰਿੜ੍ਹ ਸੀ, ਤਦੋਂ ਸਤਜੁਗ ਵਰਤ ਰਿਹਾ ਸੀ) ।

ਰਿਗਵੇਦ ਆਖਦਾ ਹੈ ਕਿ (ਭਾਵ, ਤ੍ਰੇਤੇ ਜੁਗ ਵਿਚ) (ਸ੍ਰੀ) ਰਾਮ (ਜੀ) ਦਾ ਨਾਮ ਹੀ ਸਾਰੇ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ; ਉਹੀ ਸਭ ਥਾਈਂ ਵਿਆਪਕ ਹੈ। ਹੇ ਨਾਨਕ! (ਰਿਗਵੇਦ ਆਖਦਾ ਹੈ ਕਿ) (ਸ੍ਰੀ) ਰਾਮ (ਜੀ) ਦਾ ਨਾਮ ਲਿਆਂ (ਹੀ) ਪਾਪ ਦੂਰ ਹੋ ਜਾਂਦੇ ਹਨ ਅਤੇ (ਜੀਵ) ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ।

ਯਜੁਰ ਵੇਦ (ਵਿਚ ਭਾਵ, ਦੁਆਪਰ ਵਿਚ) ਜਗਤ ਦੇ ਮਾਲਕ ਦਾ ਨਾਮ ਸਾਂਵਲ 'ਜਾਦਮੁ' ਕ੍ਰਿਸ਼ਨ ਪਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ ਜਿਸ ਨੇ ਆਪਣੀ ਗੋਪੀ (ਸਤ੍ਯਭਾਮਾ) ਦੀ ਖ਼ਾਤਰ ਪਾਰਜਾਤ ਰੁੱਖ (ਇੰਦਰ ਦੇ ਬਾਗ਼ ਵਿਚੋਂ) ਲੈ ਆਂਦਾ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਵਰਤਾਇਆ।

ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜਗਤ ਦੇ ਮਾਲਕ ਦਾ ਨਾਮ 'ਖੁਦਾਇ' ਤੇ 'ਅਲਹੁ' ਵੱਜਣ ਲੱਗ ਪਿਆ ਹੈ; ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ।

ਚਾਰੇ ਵੇਦ ਸੱਚੇ ਹੋ ਗਏ ਹਨ (ਭਾਵ, ਚੌਹਾਂ ਹੀ ਜੁਗਾਂ ਵਿਚ ਜਗਤ ਦੇ ਮਾਲਕ ਦਾ ਨਾਮ ਵਖੋ-ਵਖਰਾ ਵੱਜਦਾ ਰਿਹਾ ਹੈ, ਹਰੇਕ ਸਮੇ ਇਹੀ ਖ਼ਿਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ 'ਸੇਤੰਬਰ', 'ਰਾਮ', 'ਕ੍ਰਿਸ਼ਨ' ਤੇ 'ਅਲਹੁ' ਆਖ ਆਖ ਕੇ ਜਪੇਗਾ, ਉਹੀ ਮੁਕਤੀ ਪਾਏਗਾ) ; ਅਤੇ ਜੋ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, (ਭਾਵ, ਆਪੋ ਆਪਣੇ ਸਮੇ ਵਿਚ ਜੋ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮ-ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ) ਉਹ ਹੋਏ ਭੀ ਚੰਗੀਆਂ ਯੁਕਤੀਆਂ (ਚਾਰ=ਸੁੰਦਰ; ਵੀਚਾਰ=ਦਲੀਲ, ਯੁਕਤੀ) ਵਾਲੇ ਹਨ। (ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਭਾਵ, ਅਹੰਕਾਰ ਤੋਂ ਬਚਿਆ ਰਹਿੰਦਾ ਹੈ) ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ।2।

ਪਉੜੀ ॥ ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥ ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥ ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥ ਕਰਿ ਕਿਰਪਾ ਪਾਰਿ ਉਤਾਰਿਆ ॥੧੩॥ {ਪੰਨਾ 470}

ਪਦ ਅਰਥ: ਵਿਟਹੁ = ਤੋਂ। ਜਿਤ ਮਿਲਿਐ = ਜਿਸ ਗੁਰੂ ਨੂੰ ਮਿਲਣ ਕਰ ਕੇ। ਜਿਨਿ = ਜਿਸ ਗੁਰੂ ਨੇ। ਜਗਤੁ ਨਿਹਾਲਿਆ = ਜਗਤ ਨੂੰ, ਭਾਵ, ਜਗਤ ਦੀ ਅਸਲੀਅਤ ਨੂੰ ਵੇਖ ਲਿਆ ਹੈ। ਦੂਜੈ = ਦੂਜੇ ਵਿਚ, ਕਿਸੇ ਹੋਰ ਵਿਚ। ਵਣਜਾਰਿਆ = ਵਣਜਾਰੇ, ਵਣਜ ਕਰਨ ਵਾਲੇ, ਜਗਤ ਵਿਚ ਵਣਜ ਕਰਨ ਆਏ ਹੋਏ ਜੀਵ।13।

ਅਰਥ: ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੂੰ ਮਿਲਣ ਕਰ ਕੇ ਮੈਂ ਮਾਲਕ ਨੂੰ ਯਾਦ ਕਰਦਾ ਹਾਂ, ਅਤੇ ਜਿਸ ਨੇ ਆਪਣੀ ਸਿੱਖਿਆ ਦੇ ਕੇ (ਮਾਨੋ) ਗਿਆਨ ਦਾ ਸੁਰਮਾ ਦੇ ਦਿੱਤਾ ਹੈ, (ਜਿਸ ਦੀ ਬਰਕਤਿ ਕਰਕੇ) ਮੈਂ ਇਹਨਾਂ ਅੱਖਾਂ ਨਾਲ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ (ਅਤੇ ਸਮਝ ਲਿਆ ਹੈ ਕਿ) ਜੋ ਮਨੁੱਖ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿਚ ਚਿੱਤ ਜੋੜ ਰਹੇ ਹਨ, ਉਹ ਇਸ ਸੰਸਾਰ (ਸਾਗਰ) ਵਿਚ ਡੁੱਬ ਗਏ ਹਨ। (ਮੇਰੇ ਸਤਿਗੁਰੂ ਨੇ) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਕਰ ਦਿੱਤਾ ਹੈ।13।

ਸਲੋਕੁ ਮਃ ੧ ॥ ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥ ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥ {ਪੰਨਾ 470}

ਪਦ ਅਰਥ: ਸਰਾਇਰਾ = ਸਿੱਧਾ। ਦੀਰਘ = ਲੰਮਾ। ਮੁਚੁ = ਵੱਡਾ, ਮੋਟਾ। ਕਿਤੁ = ਕਿਉਂ। ਪਤ = ਪੱਤਰ। ਮਿਠਤੁ = ਮਿਠਾਸ। ਨੀਵੀ = ਨੀਵੇਂ ਰਹਿਣ ਵਿਚ। ਤਤੁ = ਸਾਰ। ਆਪ ਕਉ = ਆਪਣੇ ਮਤਲਬ ਵਾਸਤੇ, ਆਪਣੇ ਲਈ। ਗਉਰਾ = ਭਾਰਾ। ਹੰਤਾ = ਮਾਰਨ ਵਾਲਾ। ਸੀਸ ਨਿਵਾਇਐ = ਜੇ ਨਿਰਾ ਸਿਰ ਨਿਵਾਇਆ ਜਾਏ। ਕੁਸੁਧੇ = ਖੋਟੇ।1।

ਅਰਥ: ਸਿੰਮਲ ਦਾ ਰੁੱਖ ਕੇਡਾ ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ। (ਪਰ) ਉਹ ਪੰਛੀ ਜੋ (ਫਲ ਖਾਣ ਦੀ) ਆਸ ਰੱਖ ਕੇ (ਇਸ ਉਤੇ) ਆ ਬੈਠਦੇ ਹਨ, ਉਹ ਨਿਰਾਸ ਹੋ ਕੇ ਕਿਉਂ ਜਾਂਦੇ ਹਨ? ਇਸ ਦਾ ਕਾਰਨ ਇਹ ਹੈ ਕਿ ਰੁੱਖ ਭਾਵੇਂ ਏਡਾ ਉੱਚਾ, ਲੰਮਾ ਤੇ ਮੋਟਾ ਹੈ, ਪਰ (ਇਸ ਦੇ) ਫਲ ਫਿੱਕੇ ਹੁੰਦੇ ਹਨ, ਤੇ ਫੁੱਲ ਬੇਸੁਆਦੇ ਹਨ, ਪੱਤਰ ਭੀ ਕਿਸੇ ਕੰਮ ਨਹੀਂ ਆਉਂਦੇ। ਹੇ ਨਾਨਕ! ਨੀਵੇਂ ਰਹਿਣ ਵਿਚ ਮਿਠਾਸ ਹੈ, ਗੁਣ ਹਨ, ਨੀਵਾਂ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ, ਭਾਵ, ਸਭ ਤੋਂ ਚੰਗਾ ਗੁਣ ਹੈ। (ਭਾਵੇਂ ਆਮ ਤੌਰ ਤੇ ਜਗਤ ਵਿਚ) ਹਰੇਕ ਜੀਵ ਆਪਣੇ ਸੁਆਰਥ ਲਈ ਲਿਫਦਾ ਹੈ, ਕਿਸੇ ਦੂਜੇ ਦੀ ਖ਼ਾਤਰ ਨਹੀਂ, (ਇਹ ਭੀ ਵੇਖ ਲਵੋ ਕਿ) ਜੇ ਤੱਕੜੀ ਉਤੇ ਧਰ ਕੇ ਤੋਲਿਆ ਜਾਏ (ਭਾਵ, ਜੇ ਚੰਗੀ ਤਰ੍ਹਾਂ ਪਰਖ ਕੀਤੀ ਜਾਏ ਤਾਂ ਭੀ) ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ, (ਭਾਵ ਜੋ ਲਿਫਦਾ ਹੈ ਉਹੀ ਵੱਡਾ ਗਿਣੀਦਾ ਹੈ) । (ਪਰ ਨਿਊਣ ਦਾ ਭਾਵ, ਮਨੋਂ ਨਿਊਣਾ ਹੈ, ਨਿਰਾ ਸਰੀਰ ਨਿਵਾਉਣਾ ਨਹੀਂ ਹੈ; ਜੇ ਸਰੀਰ ਦੇ ਨਿਵਾਉਣ ਨੂੰ ਨੀਵਾਂ ਰਹਿਣਾ ਆਖੀਦਾ ਹੋਵੇ ਤਾਂ) ਸ਼ਿਕਾਰੀ ਜੋ ਮਿਰਗ ਮਾਰਦਾ ਫਿਰਦਾ ਹੈ, ਲਿਫ ਕੇ ਦੋਹਰਾ ਹੋ ਜਾਂਦਾ ਹੈ, ਪਰ ਜੇ ਨਿਰਾ ਸਿਰ ਹੀ ਨਿਵਾ ਦਿੱਤਾ ਜਾਏ, ਤੇ ਅੰਦਰੋਂ ਜੀਵ ਖੋਟੇ ਹੀ ਰਹਿਣ ਤਾਂ ਇਸ ਨਿਊਣ ਦਾ ਕੋਈ ਲਾਭ ਨਹੀਂ ਹੋ ਸਕਦਾ ਹੈ।1।

ਮਃ ੧ ॥ ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥ ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥੨॥ {ਪੰਨਾ 470}

ਪਦ ਅਰਥ: ਪੁਸਤਕ = (ਵੇਦ ਸ਼ਾਸਤਰ ਆਦਿਕ ਧਰਮ) ਪੁਸਤਕਾਂ। ਬਾਦੰ = ਚਰਚਾ। ਸਿਲ = ਪੱਥਰ ਦੀ ਮੂਰਤੀ। ਬਗੁਲ = ਬਗਲਿਆਂ ਵਾਂਗ। ਬਿਭੂਖਣ = ਗਹਿਣੇ। ਸਾਰੰ = ਸ੍ਰੇਸ਼ਟ, ਸੋਹਣੇ। ਤ੍ਰੈਪਾਲ = ਤਿੰਨ ਪਾਲਾਂ ਵਾਲੀ, ਤਿੰਨ ਪਦਾਂ ਵਾਲੀ ਤ੍ਰਿਪਦਾ; ਗਾਯਤ੍ਰੀ ਮੰਤਰ। ਗਾਯਤ੍ਰੀ ਇਕ ਬੜੇ ਪਵਿੱਤਰ ਛੰਦ ਦਾ ਨਾਮ ਹੈ, ਜਿਸ ਨੂੰ ਹਰੇਕ ਬ੍ਰਾਹਮਣ ਸੰਧਿਆ ਕਰਨ ਵੇਲੇ ਅਤੇ ਕਈ ਹੋਰ ਸਮਿਆਂ ਉੱਤੇ ਭੀ ਬੜੀ ਸ਼ਰਧਾ ਨਾਲ ਪੜ੍ਹਦਾ ਹੈ। ਉਹਨਾਂ ਦਾ ਵਿਸ਼ਵਾਸ ਹੈ ਕਿ ਇਸ ਮੰਤਰ ਦਾ ਪ੍ਰੇਮ ਨਾਲ ਪਾਠ ਕੀਤਿਆਂ ਸਭ ਪਾਪ ਨਿਵਿਰਤ ਹੋ ਜਾਂਦੇ ਹਨ। ਇਹ ਮੰਤਰ ਰਿਗਵੇਦ ਦੇ ਤੀਜੇ ਮੰਡਲ ਵਿਚ ਇਉਂ ਲਿਖਿਆ ਹੈ:

qÄsivquvL ryg`X BgIL dybÔX DImhI iDXo Xo n: pRcodXwq` ]¢g`]3]63]10]

ਤਿਹਾਲ = ਤ੍ਰਿਹਕਾਲ, ਤਿੰਨ ਵਾਰੀ। ਲਿਲਾਟੰ = ਮੱਥੇ ਉਤੇ। ਕਪਾਟੰ = ਸਿਰ ਉੱਤੇ। ਬ੍ਰਹਮੰ ਕਰਮੰ = ਬ੍ਰਹਮ ਦੇ ਕੰਮ, ਰੱਬ ਦੀ (ਬੰਦਗੀ) ਦੇ ਕੰਮ। ਫੋਕਟ = ਫੋਕੇ, ਵਿਅਰਥ। ਨਿਸਚਉ = ਨਿਸ਼ਚੇ ਕਰ ਕੇ, ਯਕੀਨਨ, ਜ਼ਰੂਰ। ਨਿਹਚਉ = ਸ਼ਰਧਾ ਧਾਰ ਕੇ। ਵਾਟ = ਰਸਤਾ।2।

ਅਰਥ: (ਪੰਡਤ ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ) ਚਰਚਾ ਛੇੜਦਾ ਹੈ, ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ; ਮੁਖੋਂ ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ; (ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ; ਗਲ ਵਿਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ; (ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇਕ ਵਸਤਰ ਧਰ ਲੈਂਦਾ ਹੈ।

ਪਰ ਜੇ ਇਹ ਪੰਡਤ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ, ਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ ਹਨ। ਆਖ, ਹੇ ਨਾਨਕ! (ਮਨੁੱਖ) ਸਰਧਾ ਧਾਰ ਕੇ ਰੱਬ ਨੂੰ ਸਿਮਰੇ = ਕੇਵਲ ਇਹੋ ਰਸਤਾ ਗੁਣਕਾਰੀ ਹੈ, (ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ।2।

ਪਉੜੀ ॥ ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥ ਕਰਿ ਅਉਗਣ ਪਛੋਤਾਵਣਾ ॥੧੪॥ {ਪੰਨਾ 470-471}

ਪਦ ਅਰਥ: ਕਪੜੁ = ਜਿੰਦ ਦਾ ਕੱਪੜਾ, ਸਰੀਰ। ਰਾਹਿ ਭੀੜੈ = ਭੀੜੇ ਰਸਤੇ ਵਿਚੋਂ ਦੀ। ਅਗੈ = ਭਾਵ, ਮਰਨ ਤੋਂ ਪਿਛੋਂ, ਇਹ ਦਿੱਸਦਾ ਜਗਤ ਛੱਡ ਕੇ। ਨੰਗਾ = ਨੰਗਾ ਕਰ ਕੇ, ਪਾਜ ਉਘੇੜ ਕੇ, ਨਸ਼ਰ ਕਰ ਕੇ। ਦੋਜਕਿ = ਦੋਜ਼ਕ ਵਿਚ। ਚਾਲਿਆ = ਚਲਾਇਆ ਜਾਂਦਾ ਹੈ, ਧੱਕਿਆ ਜਾਂਦਾ ਹੈ। ਤਾ = ਤਦੋਂ, ਉਸ ਵੇਲੇ। ਖਰਾ = ਬਹੁਤ।14।

ਅਰਥ: ਇਹ ਸੋਹਣਾ ਸਰੀਰ ਤੇ ਸੋਹਣਾ ਰੂਪ (ਇਸੇ ਜਗਤ ਵਿਚ) (ਜੀਵਾਂ ਨੇ) ਛੱਡ ਕੇ ਤੁਰ ਜਾਣਾ ਹੈ। (ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ। ਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਔਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ) । (ਇਹੋ ਜਿਹਾ ਜੀਵ) ਨੰਗਾ (ਕੀਤਾ ਜਾਂਦਾ ਹੈ, ਭਾਵ, ਉਸ ਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਮ੍ਹਣੇ ਰੱਖਿਆ ਜਾਂਦਾ ਹੈ) ਦੋਜ਼ਕ ਵਿਚ ਧਕਿਆ ਜਾਂਦਾ ਹੈ, ਅਤੇ ਉਸ ਵੇਲੇ (ਉਸ ਨੂੰ ਆਪਣੇ ਆਪ ਨੂੰ) ਬੜਾ ਡਰਾਉਣਾ ਰੂਪ ਦਿਸਦਾ ਹੈ। ਭੈੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਹੈ।14।

TOP OF PAGE

Sri Guru Granth Darpan, by Professor Sahib Singh