ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 467 ਪਉੜੀ ॥ ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥ ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ ਵਡਿਆਈ ਵਡਾ ਪਾਇਆ ॥੭॥ {ਪੰਨਾ 467} ਪਦ ਅਰਥ: ਸੰਤੋਖੀਈ = ਸੰਤੋਖੀ ਮਨੁੱਖਾਂ ਨੇ। ਸਚੋ ਸਚੁ = ਨਿਰੋਲ ਸੱਚਾ (ਰੱਬ) । ਮੰਦੈ = ਮੰਦੇ ਥਾਂ ਤੇ। ਸੁਕ੍ਰਿਤੁ = ਭਲਾ ਕੰਮ। ਧਰਮੁ ਕਮਾਇਆ = ਧਰਮ ਅਨੁਸਾਰ ਆਪਣਾ ਜੀਵਨ ਬਣਾਇਆ ਹੈ। ਬਖਸੀਸੀ = ਬਖ਼ਸ਼ਸ਼ ਕਰਨ ਵਾਲਾ। ਅਗਲਾ = ਵੱਡਾ, ਬਹੁਤ। ਦੇਵਹਿ = (ਹੇ ਹਰੀ!) ਤੂੰ ਜੀਵਾਂ ਨੂੰ ਦਾਤਾਂ ਦੇਂਦਾ ਹੈਂ। ਚੜਹਿ = ਤੂੰ ਚੜ੍ਹਦਾ ਹੈਂ, ਤੂੰ ਵਧਦਾ ਹੈਂ। ਸਵਾਇਆ = ਬਹੁਤ, ਵਧੀਕ। ਵਡਿਆਈ = (ਇਸ ਤਰ੍ਹਾਂ) ਵਡਿਆਈ ਕਰ ਕੇ।7। ਅਰਥ: ਜਿਹੜੇ ਸੰਤੋਖੀ ਮਨੁੱਖ ਸਦਾ ਇਕ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, (ਪ੍ਰਭੂ ਦੀ) ਸੇਵਾ ਉਹੀ ਕਰਦੇ ਹਨ। ਉਹ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਧਰਮ-ਅਨੁਸਾਰ ਆਪਣਾ ਜੀਵਨ ਨਿਬਾਹੁੰਦੇ ਹਨ। ਦੁਨੀਆ ਦੇ ਧੰਧਿਆਂ ਵਿਚ ਖਚਤ ਕਰਨ ਵਾਲੇ ਮਾਇਆ ਦੇ ਮੋਹ ਰੂਪ ਜ਼ੰਜੀਰ ਉਹਨਾਂ ਤੋੜ ਦਿੱਤੇ ਹਨ, ਥੋੜਾ ਖਾਂਦੇ ਹਨ, ਅਤੇ ਥੋੜਾ ਹੀ ਪੀਂਦੇ ਹਨ (ਭਾਵ, ਖਾਣ ਪੀਣ ਚਸਕੇ ਦੀ ਖ਼ਾਤਰ ਨਹੀਂ, ਸਰੀਰਕ ਨਿਰਬਾਹ ਵਾਸਤੇ ਹੈ) । "ਹੇ ਪ੍ਰਭੂ! ਤੂੰ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਸਦਾ ਜੀਵਾਂ ਨੂੰ ਦਾਤਾਂ ਬਖ਼ਸ਼ਦਾ ਹੈਂ" = ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ।7। ਸਲੋਕ ਮਃ ੧ ॥ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥ {ਪੰਨਾ 467} {ਨੋਟ: ਅਰਥ ਕਰਨ ਵੇਲੇ ਚੌਥੀ ਤੁਕ ਦਾ ਲਫ਼ਜ਼ 'ਮਿਤਿ', ਲਫ਼ਜ਼ 'ਪੁਰਖਾਂ' ਤੋਂ ਲੈ ਕੇ 'ਜੰਤਾਹ' ਤਕ ਹਰੇਕ 'ਨਾਵ' ਦੇ ਨਾਲ ਵਰਤਿਆ ਜਾਇਗਾ। } ਪਦ ਅਰਥ: ਮਿਤਿ = ਅੰਦਾਜ਼ਾ, ਮਰਯਾਦਾ। ਤਟ = ਨਦੀਆਂ ਦੇ ਕਿਨਾਰਿਆ ਦਾ। ਮੇਘ = ਬੱਦਲ। ਦੀਪ = ਉਹ ਧਰਤੀ ਜਿਸ ਦੇ ਦੋ ਪਾਸਿਆਂ ਵਲ ਪਾਣੀ ਹੋਵੇ। ਲੋਅ = ਲੋਕ, ਸਾਰੇ ਜਗਤ ਦਾ ਇਕ ਹਿੱਸਾ। ਸਾਧਾਰਨ ਤੌਰ ਤੇ ਤਿੰਨ ਲੋਕ ਗਿਣੇ ਗਏ ਹਨ– ਸੁਰਗ, ਪ੍ਰਿਥਵੀ ਅਤੇ ਪਤਾਲ; ਪਰ ਇਸ ਤੋਂ ਵਧੇਰੀ ਗਿਣਤੀ 14 ਭੀ ਕੀਤੀ ਗਈ ਹੈ, ਸੱਤ ਲੋਕ ਧਰਤੀ ਤੋਂ ਉਤਾਂਹ ਅਤੇ ਸੱਤ ਲੋਕ ਧਰਤੀ ਦੇ ਹੇਠਲੇ ਪਾਸੇ। ਮੰਡਲ = ਚੱਕਰ; ਚੰਦ, ਸੂਰਜ, ਧਰਤੀ ਆਦਿਕ ਕੁਝ ਗ੍ਰੈਹਾਂ ਦਾ ਇਕ ਇਕੱਠ ਜਾਂ ਚੱਕਰ। ਖੰਡ = ਟੋਟਾ, ਹਿੱਸਾ, ਧਰਤੀ ਦਾ ਹਿੱਸਾ, ਜਿਵੇਂ 'ਭਰਤਖੰਡ'। ਵਰਭੰਡ = ਬ੍ਰਹਿਮੰਡ, ਬ੍ਰਹਮ ਦਾ ਅੰਡਾ, ਸ੍ਰਿਸ਼ਟੀ। ਅੰਡਜ = ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਪੰਛੀ ਆਦਿਕ। ਜੇਰਜ = ਜਿਓਰ ਤੋਂ ਪੈਦਾ ਹੋਏ ਜੀਵ, ਪਸ਼ੂ ਮਨੁੱਖ ਆਦਿਕ। ਉਤਭੁਜ = ਧਰਤੀ ਵਿਚੋਂ ਉੱਗਣ ਵਾਲੇ, ਬਨਸਪਤੀ। ਖਾਣੀ = ਉਤਪੱਤੀ ਦੀ ਥਾਂ। (ਸ੍ਰਿਸ਼ਟੀ ਦੀ ਉਤਪੱਤੀ ਦੇ ਚਾਰ ਤਰੀਕੇ ਮੰਨੇ ਗਏ ਹਨ– ਅੰਡਜ, ਜੇਰਜ, ਉਤਭੁਜ ਅਤੇ ਸੇਤਜ) । ਸੇਤਜ = (ਸ੍ਵੇਦਜ) ਪਸੀਨੇ ਤੋਂ ਪੈਦਾ ਹੋਏ ਜੀਵ, ਜੂਆਂ ਆਦਿਕ। ਸੋ = ਉਹ ਪ੍ਰਭੂ। ਸਰਾਂ = ਸਰੋਵਰਾਂ ਦੀ। ਮੇਰਾਂ = ਮੇਰੂ (ਵਰਗੇ) ਪਰਬਤਾਂ ਦੀ। ਜੰਤਾਹ = ਸਾਰੇ ਜੀਵਾਂ ਦੀ। ਸੰਮਾਲੇ = ਸੰਭਾਲ ਕਰਦਾ ਹੈ। ਜਿਨਿ ਕਰਤੈ = ਜਿਸ ਕਰਤਾਰ ਨੇ। ਕਰਣਾ = ਸ੍ਰਿਸ਼ਟੀ। ਤਾਹ = ਉਸ ਕਰਤਾਰ ਨੇ। ਜੋਹਾਰੀ = ਮੈਂ ਪ੍ਰਣਾਮ ਕਰਦਾ ਹਾਂ, ਮੈਂ ਸਦਕੇ ਹਾਂ। ਸੁਅਸਤਿ = ਜੈ ਹੋਵੇ, ਸਦਾ ਅਟੱਲ ਰਹੇ। ਸੁਅਸਤਿ ਤਿਸੁ = ਉਸ ਪ੍ਰਭੂ ਦੀ ਜੈ ਹੋਵੇ। ਤਿਸੁ ਦੀਬਾਣੁ = ਉਸ ਪ੍ਰਭੂ ਦਾ ਆਸਰਾ। ਅਭਗੁ = ਨਾ ਨਾਸ ਹੋਣ ਵਾਲਾ। ਕਿਆ ਟਿਕਾ ਕਿਆ ਤਗੁ = ਟਿੱਕਾ ਤੇ ਜਨੇਊ ਕੀਹ ਹਨ? ਟਿੱਕਾ ਤੇ ਜਨੇਊ ਆਦਿਕ ਬਾਹਰ ਦੇ ਦਿਖਾਵੇ ਦੇ ਚਿੰਨ੍ਹ ਵਿਅਰਥ ਹਨ। ਅਰਥ: ਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ) ਬੱਦਲ, ਖੇਤ, ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰ ਆਦਿਕ ਪਰਬਤ, ਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਜੀਵ ਜੰਤ = ਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ (ਜਿਸ ਨੇ ਇਹ ਸਭ ਪੈਦਾ ਕੀਤੇ ਹਨ) । ਹੇ ਨਾਨਕ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ। ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ, ਮੈਂ ਉਸੇ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਭਾਵ, ਉਸੇ ਦੀ ਸਿਫ਼ਤਿ-ਸਾਲਾਹ ਕਰਦਾ ਹਾਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ। ਹੇ ਨਾਨਕ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਕ ਭੇਖ ਕਿਸੇ ਅਰਥ ਨਹੀਂ।1। ਮਃ ੧ ॥ ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥ ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥ ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥ ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥ {ਪੰਨਾ 467} ਪਦ ਅਰਥ: ਪੁੰਨਾ = ਧਰਮ ਦੇ ਕੰਮ। ਪਰਵਾਣੁ = (ਜੋ ਲੋਕਾਂ ਦੀਆਂ ਨਜ਼ਰਾਂ ਵਿਚ) ਕਬੂਲ (ਹੋਣ) । ਸਹਜ = ਸੁਭਾਵਕ, ਸ਼ਾਂਤੀ-ਪੂਰਵਕ, ਆਪਣੇ ਧੁਰ ਅਸਲੇ ਨਾਲ ਇਕ-ਮਿਕ ਹੋ ਕੇ। ਜੋਗ = ਜੋਗ ਮੱਤ ਅਨੁਸਾਰ ਚਿੱਤ ਦੇ ਫੁਰਨਿਆਂ ਨੂੰ ਰੋਕਣ ਦਾ ਨਾਉਂ 'ਜੋਗ' ਹੈ। ਬੇਬਾਣ = ਜੰਗਲਾਂ ਵਿਚ। ਛੁਟਹਿ ਪਰਾਣ = ਪਰਾਣ ਨਿਕਲਣ, ਅੰਤ ਸਮਾ ਆਵੇ। ਸੁਰਤੀ = ਧਿਆਨ ਜੋੜਨਾ। ਪੜੀਅਹਿ = ਪੜ੍ਹੇ ਜਾਣ। ਪਾਠ ਪੁਰਾਣ = ਪੁਰਾਣਾਂ ਦੇ ਪਾਠ। ਲਿਖਿਆ = ਲਿਖ ਦਿੱਤਾ ਹੈ। ਆਵਣ ਜਾਣੁ = ਜੀਵਾਂ ਦਾ ਜੰਮਣਾ ਮਰਨਾ। ਮਤੀ = ਹੋਰ ਮੱਤਾਂ। ਮਿਥਿਆ = ਵਿਅਰਥ। ਕਰਮੁ = ਮਿਹਰ, ਬਖ਼ਸ਼ਸ਼। ਨੀਸਾਣੁ = ਪਰਵਾਨਾ, ਰਾਹਦਾਰੀ, ਨਿਸ਼ਾਨ। ਸਚਾ ਨੀਸਾਣੁ = ਸੱਚਾ ਪਰਵਾਨਾ, ਸਦਾ ਕਾਇਮ ਰਹਿਣ ਵਾਲੀ ਰਾਹਦਾਰੀ।2। ਅਰਥ: ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ; ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ; ਰਣ-ਭੂਮੀਆਂ ਵਿਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ, ਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ; (ਪਰ) ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। (ਦਰਗਾਹ ਵਿਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ (ਤਾਂ ਤੇ ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨਾ ਹੀ ਉੱਤਮ ਮੱਤ ਹੈ) ।2। ਪਉੜੀ ॥ ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹ੍ਹੀ ਸਚੁ ਕਮਾਇਆ ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ ॥ ਮੂਰਖ ਸਚੁ ਨ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ ॥ ਵਿਚਿ ਦੁਨੀਆ ਕਾਹੇ ਆਇਆ ॥੮॥ {ਪੰਨਾ 467} ਪਦ ਅਰਥ: ਏਕ ਤੂੰ = ਕੇਵਲ ਤੂੰ। ਸਚੋ ਸਚੁ = ਪੂਰਨ ਅਡੋਲਤਾ, ਪੂਰਨ ਖਿੜਾਉ। ਵਰਤਾਇਆ = ਵੰਡ ਦਿੱਤਾ, ਉਤਪੰਨ ਕਰ ਦਿੱਤਾ। ਤੂੰ ਦੇਹਿ = ਤੂੰ ਦੇਂਦਾ ਹੈਂ। ਤਾ = ਤਾਂ, ਉਸ ਦਾਤਾਰ ਦੀ ਬਰਕਤਿ ਨਾਲ। ਤਿਨੀ = ਉਹਨਾਂ (ਵਡਭਾਗੀਆਂ) ਨੇ। ਸਚੁ ਕਮਾਇਆ = ਸੱਚ ਨੂੰ ਕਮਾਇਆ ਹੈ, ਪੂਰਨ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਇਆ ਹੈ। ਜਿਨ ਕੈ = ਜਿਨ੍ਹਾਂ ਮਨੁੱਖਾਂ ਦੇ। ਵਸਾਇਆ = ਗੁਰੂ ਨੇ ਟਿਕਾਇ ਦਿੱਤਾ। ਮਨਮੁਖੀ = ਉਹਨਾਂ ਮਨਮੁਖਾਂ ਨੇ। ਕਾਹੇ ਆਇਆ = ਕਿਉਂ ਆਏ, ਆਉਣ ਦਾ ਕੋਈ ਲਾਭ ਨਾਹ ਹੋਇਆ।8। ਅਰਥ: ਹੇ ਪ੍ਰਭੂ! ਕੇਵਲ ਤੂੰ ਹੀ ਪੂਰਨ ਤੌਰ ਤੇ ਅਡੋਲ ਰਹਿਣ ਵਾਲਾ ਮਾਲਕ (ਪੂਰਨ ਤੌਰ ਤੇ ਖਿੜਿਆ ਹੋਇਆ) ਹੈਂ, ਅਤੇ ਤੂੰ ਆਪ ਹੀ ਆਪਣੀ ਅਡੋਲਤਾ ਦਾ ਗੁਣ (ਜਗਤ ਵਿਚ) ਵਰਤਾ ਦਿੱਤਾ ਹੈ। (ਪਰ) ਇਹ ਖਿੜਾਉ ਵਾਲਾ ਗੁਣ (ਕੇਵਲ) ਉਸ ਉਸ ਜੀਵ ਨੂੰ ਹੀ ਮਿਲਦਾ ਹੈ ਜਿਸ ਜਿਸ ਨੂੰ ਤੂੰ ਆਪ ਦੇਂਦਾ ਹੈਂ, ਤੇਰੀ ਬਖ਼ਸ਼ਸ਼ ਦੀ ਬਰਕਤਿ ਨਾਲ, ਉਹ ਮਨੁੱਖ ਉਸ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਨ। ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਇਹ ਪੂਰਨ ਖਿੜਾਉ ਵਾਲੀ ਦਾਤ ਮਿਲਦੀ ਹੈ, ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਖਿੜਾਉ ਟਿਕਾ ਦੇਂਦਾ ਹੈ। ਮੂਰਖਾਂ ਨੂੰ ਇਸ ਖਿੜਾਉ ਦੀ ਸਾਰ ਨਹੀਂ ਆਉਂਦੀ, ਉਹ ਮਨਮੁਖ (ਇਸ ਤੋਂ ਵਾਂਜੇ ਰਹਿ ਕੇ) ਆਪਣਾ ਜਨਮ ਅਜਾਈਂ ਗਵਾਉਂਦੇ ਹਨ, ਜਗਤ ਵਿਚ ਜਨਮ ਲੈਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ।8। ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ {ਪੰਨਾ 467} ਪਦ ਅਰਥ: ਲਦੀਅਹਿ = ਲੱ ਦੀਆਂ ਜਾਣ, (ਪੜ੍ਹੀਆਂ ਹੋਈਆਂ ਪੁਸਤਕਾਂ ਨਾਲ ਗੱਡੀਆਂ) ਭਰੀਆਂ ਜਾਣ। ਭਰੀਅਹਿ = ਭਰ ਲਏ ਜਾਣ। ਸਾਥ = ਢੇਰ। ਭਰੀਅਹਿ ਸਾਥ = ਢੇਰਾਂ ਦੇ ਢੇਰ ਲਾਏ ਜਾ ਸਕਣ। ਬੇੜੀ ਪਾਈਐ = (ਪੜ੍ਹੀਆਂ ਹੋਈਆਂ ਪੋਥੀਆਂ ਨਾਲ) ਇਕ ਬੇੜੀ ਭਰੀ ਜਾ ਸਕੇ। ਗਡੀਅਹਿ = ਗੱਡੇ ਜਾ ਸਕਣ, ਪੂਰੇ ਜਾ ਸਕਣ। ਖਾਤ = ਟੋਏ, ਖਾਤੇ। ਜੇਤੇ ਬਰਸ = ਜਿਤਨੇ ਸਾਲ ਹਨ, ਕਈ ਸਾਲ। ਪੜੀਅਹਿ ਜੇਤੇ ਬਰਸ ਬਰਸ = ਕਈ ਸਾਲਾਂ ਦੇ ਸਾਲ ਪੜ੍ਹ ਕੇ ਗੁਜ਼ਾਰੇ ਜਾ ਸਕਣ। ਮਾਸ = ਮਹੀਨੇ। ਜੇਤੇ ਮਾਸ = ਜਿਤਨੇ ਭੀ ਮਹੀਨੇ ਹਨ। ਪੜੀਐ = ਪੜ੍ਹ ਕੇ ਬਿਤਾਈ ਜਾਏ। ਜੇਤੀ ਆਰਜਾ = ਜਿਤਨੀ ਉਮਰ ਹੈ। ਨੋਟ: 'ਪੜੀਐ' ਵਿਆਕਰਣ ਅਨੁਸਾਰ ਵਰਤਮਾਨ ਕਾਲ, ਕਰਮ ਵਾਚ (Passive Voice) , ਅੱਨ ਪੁਰਖ, ਇਕ-ਵਚਨ ਹੈ। 'ਪੜੀਅਹਿ' ਇਸੇ ਦਾ 'ਬਹੁ-ਵਚਨ' ਹੈ। 'ਪੜਹਿ' ਵਰਤਮਾਨ ਕਾਲ, ਕਰਤ੍ਰੀ ਵਾਚ (Active Voice) ਹੈ। ਵਧੀਕ ਸਮਝਣ ਵਾਸਤੇ, ਵੇਖੋ 'ਗੁਰਬਾਣੀ ਵਿਆਕਰਣ'। ਸਾਸ = ਸੁਆਸ। ਲੇਖੈ = ਲੇਖੇ ਵਿਚ, ਪਰਵਾਨਗੀ ਵਿਚ। ਇਕ ਗਲ = ਇਕ ਰੱਬ ਦੀ ਗੱਲ, ਇੱਕ ਦੀ ਸਿਫ਼ਤਿ-ਸਾਲਾਹ। ਹੋਰੁ = ਹੋਰ ਜਤਨ। ਝਖਣਾ ਝਾਖ = ਝਾਖ ਝਖਣਾ, ਝਖਾਂ ਮਾਰਨੀਆਂ।1। ਅਰਥ: ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ; ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ; ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ) । ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ।1। ਮਃ ੧ ॥ ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥ ਅੰਨੁ ਨ ਖਾਇਆ ਸਾਦੁ ਗਵਾਇਆ ॥ ਬਹੁ ਦੁਖੁ ਪਾਇਆ ਦੂਜਾ ਭਾਇਆ ॥ ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਨਾਨਕ ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥ {ਪੰਨਾ 467} ਪਦ ਅਰਥ: ਲਿਖਿ ਲਿਖਿ ਪੜਿਆ = (ਜਿਤਨਾ ਹੀ ਮਨੁੱਖ ਵਿੱਦਿਆ) ਲਿਖਦਾ ਪੜ੍ਹਦਾ ਹੈ। ਤੇਤਾ = ਉਤਨਾ ਹੀ। ਕੜਿਆ = ਅਹੰਕਾਰੀ ਹੋ ਜਾਂਦਾ ਹੈ। ਤੇਤੋ = ਉਤਨਾ ਹੀ ਵਧੀਕ। ਲਵਿਆ = (ਕਾਂ ਵਾਂਗ) ਲਉਂ ਲਉਂ ਕਰਦਾ ਹੈ, ਭਾਵ, ਥਾਂ ਥਾਂ ਆਖਦਾ ਫਿਰਦਾ ਹੈ ਕਿ ਮੈਂ ਤੀਰਥਾਂ ਦੀ ਯਾਤਰਾ ਕਰ ਆਇਆ ਹਾਂ। ਦੇਹੀ = ਸਰੀਰ। ਸਹੁ = ਸਹਾਰ। ਵੇ ਜੀਆ = ਹੇ ਜੀਵ! ਸਾਦੁ = ਸੁਆਦ। ਸਾਦੁ ਗਵਾਇਆ = ਸੁਆਦ ਗਵਾ ਲੈਂਦਾ ਹੈ, ਕੋਈ ਲੁਤਫ ਨਹੀਂ ਰਹਿ ਜਾਂਦਾ ਹੈ। ਦੂਜਾ = (ਨਾਮ ਤੋਂ ਬਿਨਾ) ਕੋਈ ਅਡੰਬਰ। ਭਾਇਆ = ਚੰਗਾ ਲੱਗਾ। ਅਹਿ = ਦਿਨ। ਨਿਸਿ = ਰਾਤ। ਕਹਰੈ = ਦੁੱਖ ਸਹਾਰਦਾ ਹੈ। ਮੋਨਿ = ਮੋਨ-ਧਾਰੀ ਜੋ ਚੁੱਪ ਬੈਠਾ ਰਹੇ। ਵਿਗੂਤਾ = ਕੁਰਾਹੇ ਪਿਆ ਹੋਇਆ ਹੈ। ਪਗ = ਪੈਰ, ਚਰਨ। ਉਪੇਤਾਣਾ = ਜੁੱਤੀ ਤੋਂ ਬਿਨਾ। ਅਲੁ ਮਲੁ = ਗੰਦੀਆਂ ਚੀਜ਼ਾਂ। ਸਿਰਿ = ਸਿਰ ਉਤੇ। ਛਾਈ = ਸੁਆਹ। ਮੂਰਖਿ = ਮੂਰਖ ਨੇ। ਪਤਿ = ਇੱਜ਼ਤ। ਥਾਇ ਨ ਪਾਈ = ਥਾਂ ਤੇ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ। ਬੇਬਾਣੀ = ਜੰਗਲਾਂ ਵਿਚ। ਅੰਧੁ = ਅੰਨ੍ਹਾ, ਮੂਰਖ ਮਨੁੱਖ। ਸਤਿਗੁਰੁ ਭੇਟੇ = (ਜਿਸ ਮਨੁੱਖ ਨੂੰ) ਗੁਰੂ ਮਿਲ ਪਏ। ਮੰਨਿ = ਮਨ ਵਿਚ। ਅੰਦੇਸੇ = ਚਿੰਤਾ। ਤੇ = ਤੋਂ। ਨਿਹਕੇਵਲੁ = ਅਛੋਹ, ਨਿਰਲੇਪ। ਸਬਦਿ = ਸ਼ਬਦ ਦੁਆਰਾ। ਅਰਥ: ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ) ; ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ-ਯਾਤ੍ਰਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ) । ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ, (ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਹੇ ਭਾਈ! ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ) । (ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ। ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ। ਕੱਪੜੇ ਨਹੀਂ ਪਾਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ। (ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ, ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ? (ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। (ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ, ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ। ਅੰਨ੍ਹਾ (ਮੂਰਖ) ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ, (ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ, ਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ। (ਪਰ) ਹੇ ਨਾਨਕ! ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ। ਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ।2। ਪਉੜੀ ॥ ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹ੍ਹੀ ਧਾਵਦੇ ॥ ਇਕਿ ਮੂਲੁ ਨ ਬੁਝਨ੍ਹ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥ ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥ ਤਿਨ੍ਹ੍ਹ ਮੰਗਾ ਜਿ ਤੁਝੈ ਧਿਆਇਦੇ ॥੯॥ ਪਦ ਅਰਥ: ਤੇਰੈ ਮਨਿ = ਤੇਰੇ ਮਨ ਵਿਚ। ਦਰਿ = (ਤੇਰੇ) ਦਰਵਾਜ਼ੇ ਉੱਤੇ। ਕੀਰਤਿ = ਸੋਭਾ, ਵਡਿਆਈ। ਕਰਮਾ ਬਾਹਰੇ = ਭਾਗ ਹੀਣ। ਢੋਅ = ਆਸਰਾ। ਧਾਵਦੇ = ਭਟਕਦੇ ਫਿਰਦੇ ਹਨ। ਇਕਿ = ਕਈ ਜੀਵ। ਮੂਲੁ = ਮੁੱਢ, ਪ੍ਰਭੂ। ਅਣਹੋਦਾ = (ਘਰ ਵਿਚ) ਪਦਾਰਥ ਤੋਂ ਬਿਨਾ ਹੀ। ਆਪੁ = ਆਪਣੇ ਆਪ ਨੂੰ। ਗਣਾਇਦੇ = ਵੱਡਾ ਜਤਲਾਂਦੇ ਹਨ। ਹਉ = ਮੈਂ। ਢਾਢੀ = ਵਡਿਆਈ ਕਰਨ ਵਾਲਾ, ਵਾਰ ਗਾਉਣ ਵਾਲਾ, ਭੱਟ। ਢਾਢੀ ਕਾ = ਮਾੜਾ ਜਿਹਾ ਢਾਢੀ (ਜਿਵੇਂ ਘਟੁਕਾ = ਨਿੱਕਾ ਜਿਹਾ ਘੜਾ) । ਨੀਚ ਜਾਤਿ = ਨੀਵੀ ਜ਼ਾਤ ਵਾਲਾ। ਹੋਰਿ = ਹੋਰ ਲੋਕ। ਉਤਮ ਜਾਤਿ = ਉੱਚੀ ਜ਼ਾਤ ਵਾਲੇ। ਅਰਥ: (ਹੇ ਪ੍ਰਭੂ!) ਤੈਨੂੰ ਆਪਣੇ ਮਨ ਵਿਚ ਭਗਤ ਪਿਆਰੇ ਲਗਦੇ ਹਨ, ਜੋ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ ਤੇ ਤੇਰੇ ਦਰ ਉੱਤੇ ਸੋਭ ਰਹੇ ਹਨ। ਹੇ ਨਾਨਕ! ਭਾਗ-ਹੀਣ ਮਨੁੱਖ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ, (ਕਿਉਂਕਿ) ਇਹ (ਵਿਚਾਰੇ) ਆਪਣੇ ਅਸਲੇ ਨੂੰ ਨਹੀਂ ਸਮਝਦੇ, (ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ) ਹੋਣ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਜਤਲਾਂਦੇ ਹਨ। (ਹੇ ਪ੍ਰਭੂ!) ਮੈਂ ਨੀਵੀਂ ਜਾਤ ਵਾਲਾ (ਤੇਰੇ ਦਰ ਦਾ) ਇਕ ਮਾੜਾ ਜਿਹਾ ਢਾਢੀ ਹਾਂ, ਹੋਰ ਲੋਕ (ਆਪਣੇ ਆਪ ਨੂੰ) ਉੱਤਮ ਜਾਤ ਵਾਲੇ ਅਖਵਾਂਦੇ ਹਨ। ਜੋ ਤੇਰਾ ਭਜਨ ਕਰਦੇ ਹਨ, ਮੈਂ ਉਹਨਾਂ ਪਾਸੋਂ (ਤੇਰਾ 'ਨਾਮ') ਮੰਗਦਾ ਹਾਂ।9। |
![]() |
![]() |
![]() |
![]() |
Sri Guru Granth Darpan, by Professor Sahib Singh |