ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 466 ਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ। ਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ।1। ਮਃ ੧ ॥ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥ {ਪੰਨਾ 466} ਪਦ ਅਰਥ: ਕੀਆ = ਬਣਾਈਆਂ। ਕਰੇ ਪੁਕਾਰ = (ਉਹ ਮਿੱਟੀ, ਮਾਨੋ) ਪੁਕਾਰ ਕਰਦੀ ਹੈ। ਜਲਿ ਜਲਿ = ਸੜ ਸੜ ਕੇ। ਪਵਹਿ = (ਭੁੰਞੇ) ਡਿਗਦੇ ਹਨ। ਜਿਨਿ ਕਰਤੈ = ਜਿਸ ਕਰਤਾਰ ਨੇ। ਕਾਰਣੁ = ਜਗਤ ਦੀ ਮਾਇਆ।2। ਅਰਥ: (ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ, ਪਰ) ਉਸ ਥਾਂ ਦੀ ਮਿੱਟੀ ਭੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ (ਕਈ ਵਾਰੀ) ਕੁਮ੍ਹਿਆਰ ਦੇ ਵੱਸ ਪੈ ਜਾਂਦੀ ਹੈ (ਭਾਵ, ਉਹ ਮਿੱਟੀ ਚੀਕਣੀ ਹੋਣ ਕਰਕੇ ਕੁਮ੍ਹਿਆਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਣ ਲਈ ਲੈ ਆਉਂਦੇ ਹਨ) ; (ਕੁਮ੍ਹਿਆਰ ਉਸ ਮਿੱਟੀ ਨੂੰ) ਘੜ ਕੇ (ਉਸ ਦੇ) ਭਾਂਡੇ ਤੇ ਇੱਟਾਂ ਬਣਾਉਂਦਾ ਹੈ, (ਤੇ ਆਵੀ ਵਿਚ ਪੈ ਕੇ, ਉਹ ਮਿੱਟੀ, ਮਾਨੋ) ਸੜਦੀ ਹੋਈ ਪੁਕਾਰ ਕਰਦੀ ਹੈ, ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ, (ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ) , ਹੇ ਨਾਨਕ! ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਉਹ (ਅਸਲ ਭੇਦ ਨੂੰ) ਜਾਣਦਾ ਹੈ।2। ਭਾਵ: ਜਦੋਂ ਜੀਵਾਤਮਾ ਆਪਣਾ ਸਰੀਰ-ਚੋਲਾ ਛੱਡ ਜਾਏ, ਤਾਂ ਉਸ ਸਰੀਰ ਨੂੰ ਦੱਬਣ ਜਾਂ ਸਾੜਨ ਆਦਿਕ ਕਿਸੇ ਕਿਰਿਆ ਦਾ ਕੋਈ ਅਸਰ ਜੀਵਾਤਮਾ ਉੱਤੇ ਨਹੀਂ ਪੈ ਸਕਦਾ। ਜਿਤਨਾ ਚਿਰ ਇਹ ਸਰੀਰ ਵਿਚ ਰਹਿੰਦਾ ਸੀ, ਤਦੋਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਹੈ। ਉਹ ਫ਼ੈਸਲਾ ਕੀ ਹੈ? ਹਰੇਕ ਜੀਵ ਸਬੰਧੀ ਇਸ ਪ੍ਰਸ਼ਨ ਦੇ ਉੱਤਰ ਨੂੰ ਤਾਂ ਕਰਤਾਰ ਹੀ ਜਾਣਦਾ ਹੈ, ਜਿਸ ਨੇ ਜਗਤ-ਮਰਯਾਦਾ ਰਚੀ ਹੈ (ਭਾਵ, ਰੱਬ ਆਪ ਹੀ ਜਾਣਦਾ ਹੈ, ਕਿ ਜੀਵ ਆਪਣੀ ਕਮਾਈ ਅਨੁਸਾਰ ਉਸ ਦੇ ਹੁਕਮ ਵਿਚ ਕਿੱਥੇ ਜਾ ਅੱਪੜਿਆ ਹੈ) । ਸੋ ਇਹ ਝਗੜਾ ਵਿਅਰਥ ਹੈ। ਇਕ ਵਿਚਾਰ ਜੋ ਹਰੇਕ ਜੀਵ ਲਈ ਗੁਣਕਾਰੀ ਹੈ, ਉਹ ਇਹ ਹੈ: "ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥ ਜਗ ਜੀਵਨੁ ਦਾਤਾ ਪਾਇਆ ॥" ਤੀਜੀ ਪਾਤਿਸ਼ਾਹੀ ਭੀ ਇਸੇ ਖ਼ਿਆਲ ਨੂੰ ਇਉਂ ਫੁਰਮਾਉਂਦੇ ਹਨ: ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥2॥16॥ ਸੋਰਠਿ ਕੀ ਵਾਰ ਮ: 3 ਪਉੜੀ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥ ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥ ਜਗਜੀਵਨੁ ਦਾਤਾ ਪਾਇਆ ॥੬॥ {ਪੰਨਾ 466} ਨੋਟ: 'ਪਾਇਓ' ਤੇ 'ਪਾਇਆ' ਦੇ ਅਰਥ ਇਹ ਕਰਨੇ ਕਿ ਪਿਛਲੇ ਸਮੇ ਵਿਚ 'ਪਾਇਆ' ਤੇ 'ਹੁਣ ਪਾਇਆ' ਵਿਆਕਰਣ ਅਨੁਸਾਰ ਅਸ਼ੁੱਧ ਹਨ। ਪਾਇਓ ਤੇ ਪਾਇਆ ਦੋਵੇਂ ਹੀ ਭੂਤ ਕਾਲ ਦੇ ਰੂਪ ਹਨ, ਦੋਹਾਂ ਦਾ ਇਕੋ ਹੀ ਅਰਥ ਹੈ। (ਵੇਖੋ 'ਗੁਰਬਾਣੀ ਵਿਆਕਰਣ') । ਦੋ ਵਾਰੀ ਉਹੋ ਗੱਲ ਆਖਣ ਨਾਲ ਇਸ ਖ਼ਿਆਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਗੁਰੂ ਤੋਂ ਬਿਨਾ ਕਿਸੇ ਨੂੰ ਰੱਬ ਨਹੀਂ ਮਿਲਿਆ। ਪਦ ਅਰਥ: ਕਿਨੈ = ਕਿਨਿ ਹੀ, ਕਿਸੇ ਨੇ ਹੀ। ਪਾਇਓ = ਪਾਇਆ। ਰਖਿਓਨੁ = ਉਸ ਨੇ ਰੱਖ ਦਿੱਤਾ ਹੈ (ਇਸ ਕ੍ਰਿਆ-ਰੂਪ ਨੂੰ ਸਮਝਣ ਵਾਸਤੇ ਵੇਖੋ 'ਗੁਰਬਾਣੀ ਵਿਆਕਰਣ') । ਸਤਿਗੁਰ ਮਿਲਿਐ = ਜੇ (ਇਹੋ ਜਿਹਾ) ਗੁਰੂ ਮਿਲ ਪਏ। ਜਿਨਿ = ਜਿਸ (ਮਨੁੱਖ) ਨੇ। ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦੀ ਜਾਨ (ਪ੍ਰਭੂ) । ਅਰਥ: ਕਿਸੇ ਮਨੁੱਖ ਨੂੰ ('ਜਗ ਜੀਵਨੁ ਦਾਤਾ') ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ ('ਜਗ ਜੀਵਨ ਦਾਤਾ') ਨਹੀਂ ਮਿਲਿਆ। (ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ। ਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ। (ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ।6। ਸਲੋਕ ਮਃ ੧ ॥ ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥ ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥ ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ ਹਉ ਵਿਚਿ ਹਸੈ ਹਉ ਵਿਚਿ ਰੋਵੈ ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥ ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥ ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥ ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥੧॥ {ਪੰਨਾ 466} ਪਦ ਅਰਥ: ਹਉ = ਮੈਂ, ਜੀਵ ਦਾ ਆਪਣੀ 'ਮੈਂ' ਦਾ ਖ਼ਿਆਲ, ਆਪਣੀ ਵੱਖਰੀ ਹਸਤੀ ਦਾ ਖ਼ਿਆਲ, ਰੱਬ ਨਾਲੋਂ ਅੱਡਰੀ ਹੋਂਦ ਦਾ ਖ਼ਿਆਲ। ਗਇਆ = ਗੁਆਚਿਆ, ਨੁਕਸਾਨ ਹੋਇਆ। ਨਰਕਿ ਸੁਰਗਿ ਅਵਤਾਰੁ = ਨਰਕ ਜਾਂ ਸੁਰਗ ਵਿਚ ਪੈਣਾ। ਭਰੀਐ = (ਪਾਪਾਂ ਦੀ ਮੈਲ ਨਾਲ) ਮਲੀਨ ਹੋ ਜਾਂਦਾ ਹੈ। ਜਾਤੀ ਜਿਨਸੀ = ਜ਼ਾਤ ਪਾਤ। ਸਾਰ = ਸਮਝ। ਛਾਇਆ = (ਮਾਇਆ ਦਾ) ਸਾਇਆ। ਸੂਝੈ = ਸੁਝ ਪੈਂਦਾ ਹੈ, ਦਿੱਸ ਪੈਂਦਾ ਹੈ। ਕਥਿ ਕਥਿ = ਆਖ ਆਖ ਕੇ। ਲੂਝੈ = ਲੁੱਝਦਾ ਹੈ ਖਿੱਝਦਾ ਹੈ। ਹੁਕਮਿ = (ਰੱਬ ਦੇ) ਹੁਕਮ ਅਨੁਸਾਰ। ਲੇਖੁ = (ਇਹ ਹਉਮੈ ਵਾਲਾ) ਲੇਖ, ਜੀਵ ਦੇ ਅੰਦਰ ਦਾ ਇਹ ਸੰਸਕਾਰ ਕਿ ਮੈਂ ਇਕ ਅੱਡਰੀ ਹਸਤੀ ਹਾਂ। ਵੇਖਹਿ = (ਜੀਵ) ਵੇਖਦੇ ਹਨ, (ਹੋਰਨਾਂ ਵਲ) ਵੇਖਦੇ ਹਨ, ਜੀਆਂ ਦੀ ਨੀਅਤ ਹੁੰਦੀ ਹੈ। ਵੇਖੁ = ਦ੍ਰਿੱਸ਼, ਸ਼ਕਲ, ਸਰੂਪ, ਵੱਖਰੀ ਹਸਤੀ, ਹਉਂ। ਅਰਥ: (ਜਦ ਤਾਈਂ ਜੀਵ) 'ਹਉ' ਵਿਚ (ਹੈ, ਭਾਵ, ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅੱਡਰੀ ਹਸਤੀ ਬਣਾਈ ਬੈਠਾ ਹੈ, ਤਦ ਤਾਈਂ ਕਦੇ) ਜਗਤ ਵਿਚ ਆਉਂਦਾ ਹੈ (ਕਦੇ) ਜਗਤ ਤੋਂ ਚਲਾ ਜਾਂਦਾ ਹੈ, ਕਦੇ ਜੰਮਦਾ ਹੈ, ਕਦੇ ਮਰਦਾ ਹੈ। ਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ। ਇਸੇ 'ਮੈਂ, ਮੈਂ' ਦੇ ਖ਼ਿਆਲ ਵਿਚ (ਕਿ ਇਹ ਕੰਮ 'ਮੈਂ' ਕਰਦਾ ਹਾਂ, 'ਮੈਂ' ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ। ਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ ਕਦੇ ਝੂਠਾ ਹੈ ਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ (ਭਾਵ, ਇਹ ਸੋਚਦਾ ਹੈ ਕਿ 'ਮੈ' ਇਹ ਭਲੇ ਕੰਮ ਕੀਤੇ ਹਨ, 'ਮੈ' ਇਹ ਮਾੜੇ ਕੰਮ ਕੀਤੇ ਹਨ) ਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ (ਭਾਵ, ਰੱਬ ਵਿਚ ਆਪਣਾ ਆਪ ਇਕ-ਰੂਪ ਨਾ ਕਰਨ ਕਰਕੇ) ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ। ਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ (ਭਾਵ, ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁੱਖੀ) ਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ। ਇਸ ਵਖਰੀ ਹੋਂਦ ਵਿਚ ਗ੍ਰਸਿਆ ਹੋਇਆ ਜੀਵ ਕਦੇ ਜ਼ਾਤਪਾਤ ਦੇ ਖ਼ਿਆਲ ਵਿਚ ਪੈ ਕੇ (ਭਾਵ ਇਹ ਖ਼ਿਆਲ ਕਰ ਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਣਾ ਆਪ) ਗਵਾ ਲੈਂਦਾ ਹੈ। ਜਿਤਨਾ ਚਿਰ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ-ਦੀਵਾਰੀ ਦੇ ਅੰਦਰ ਹੈ, ਇਹ (ਲੋਕਾਂ ਦੀ ਨਜ਼ਰ ਵਿਚ) ਕਦੇ ਮੂਰਖ (ਗਿਣਿਆ ਜਾਂਦਾ) ਹੈ ਕਦੇ ਸਿਆਣਾ (ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ, ਜਦ ਤਕ ਇਸ ਹੱਦ-ਬੰਦੀ ਦੇ ਵਿਚ ਬੱਝਾ ਹੋਇਆ ਹੈ, ਇਸ ਹੱਦਬੰਦੀ ਤੋਂ ਬਾਹਰ ਹੋਣ ਦੀ, ਭਾਵ) ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ। ਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿਚ ਹੈ, ਤਦ ਤਾਈਂ ਜੀਵ 'ਮਾਇਆ ਮਾਇਆ' (ਕੂਕਦਾ ਫਿਰਦਾ ਹੈ) , ਤਦ ਤਾਈਂ ਇਸ ਉਤੇ ਮਾਇਆ ਦਾ ਪਰਭਾਵ ਪਿਆ ਹੋਇਆ ਹੈ; ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ। ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਭਾਵ, ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੀ ਵਖੇਵੇਂ ਵਾਲੀ ਹੱਦਬੰਦੀ ਵਿਚ ਕੈਦ ਹਾਂ, (ਰੱਬ ਨਾਲੋਂ ਟੁਟਿਆ ਪਿਆ ਹਾਂ) ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ, (ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ। ਹੇ ਨਾਨਕ! ਜੀਵ ਜਿਵੇਂ ਜਿਵੇਂ ਵੇਖਦੇ ਹਨ, ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵਖਰੀ ਹਸਤੀ ਬਣ ਜਾਂਦੀ ਹੈ; ਉਹੋ ਜਿਹੀ ਉਹਨਾਂ ਦੀ 'ਹਉ' ਬਣ ਜਾਂਦੀ ਹੈ, ਪਰ) ਇਹ ਲੇਖ (ਭੀ) ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ, (ਭਾਵ ਹਰੇਕ ਜੀਵ ਦੀ ਇਹ ਵਖੋ ਵਖਰੀ ਹਸਤੀ, ਵਖੋ ਵਖਰੀ 'ਹਉ' ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਦੀ ਰਾਹੀਂ ਮਨੁੱਖ ਦੀ ਆਪਣੀ ਇਕ ਵਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ) ।1। ਮਹਲਾ ੨ ॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466} ਪਦ ਅਰਥ: ਜਾਤਿ = ਕੁਦਰਤੀ ਸੁਭਾਉ, ਲੱਖਣ। ਹਉਮੈ ਕਰਮ = ਹਉਮੈ ਦੇ ਕੰਮ, ਉਹ ਕੰਮ ਜਿਨ੍ਹਾਂ ਨਾਲ 'ਹਉ' ਬਣੀ ਰਹੇ। ਏਈ = ਇਹੈ ਹੀ। ਕਿਤੁ ਸੰਜਮਿ = ਕਿਸ ਜੁਗਤੀ ਨਾਲ, ਕਿਸ ਤਰੀਕੇ ਨਾਲ। ਪਇਐ ਕਿਰਤਿ ਫਿਰਾਹਿ = ਕਿਰਤ ਦੇ ਪਾਣ ਦੇ ਕਾਰਨ ਜੀਵ ਫਿਰਦੇ ਹਨ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਾਸਤੇ ਦੌੜਦੇ ਹਨ। ਦੀਰਘ = ਲੰਮਾ, ਢੇਰ ਚਿਰ ਰਹਿਣ ਵਾਲਾ। {ਕਿਸੇ ਕੁਸੰਗ ਵਿਚ ਪੈ ਕੇ ਜਦੋਂ ਇਕ ਦੋ ਵਾਰੀ ਸ਼ਰਾਬ ਪੀਤਿਆਂ ਕਿਸੇ ਮਨੁੱਖ ਨੂੰ ਸ਼ਰਾਬ ਪੀਣ ਦਾ ਚਸਕਾ ਪੈ ਜਾਂਦਾ ਹੈ, ਤਾਂ ਉਹ ਚਸਕਾ ਹੀ ਮੁੜ ਆਪਣੇ ਆਪ ਉਸ ਨੂੰ ਸ਼ਰਾਬ-ਖਾਨੇ ਵਲ ਲਈ ਫਿਰਦਾ ਹੈ; ਇਸ ਤਰ੍ਹਾਂ ਉਹ ਚਸਕਾ ਹੋਰ ਵਧ ਜਾਂਦਾ ਹੈ, ਇਹ ਇਕ ਦੀਰਘ ਰੋਗ ਬਣ ਜਾਂਦਾ ਹੈ। ਇਸੇ ਤਰ੍ਹਾਂ ਜੋ ਭੀ ਆਦਤ ਇਕ ਵਾਰੀ ਬਣਦੀ ਹੈ ਉਹ ਆਪਣੇ ਆਪ ਇਸ ਨਿਯਮ ਅਨੁਸਾਰ ਲੰਮੀ ਹੁੰਦੀ ਜਾਂਦੀ ਹੈ। } ਦਾਰੂ ਭੀ = ਇਲਾਜ ਭੀ ਹੈ, (ਭਾਵ, ਇਹ ਹਉਮੈ ਇਲਾਜ ਤੋਂ ਬਿਨਾ ਨਹੀਂ ਹੈ) । ਇਸੁ ਮਾਹਿ = ਇਸ ਹਉਮੈ ਵਿਚ, ਇਸ ਹਉਮੈ ਦਾ। ਦਾਰੂ ਭੀ ਇਸੁ ਮਾਹਿ = {ਨੋਟ: ਸ਼ਬਦ 'ਭੀ' ਜਿਸ ਸ਼ਬਦ ਦੇ ਨਾਲ ਵਰਤਿਆ ਜਾਂਦਾ ਹੈ, ਉਚਾਰਨ ਵਿਚ ਤੇ ਅਰਥ ਵਿਚ ਉਸ ਉੱਤੇ ਜ਼ੋਰ ਦੇਈਦਾ ਹੈ। ਇਸ ਉਪਰਲੀ ਤੁਕ ਵਿਚ ਸ਼ਬਦ 'ਦਾਰੂ' ਨੂੰ ਬਾਕੀ ਸ਼ਬਦਾਂ ਨਾਲੋਂ ਵਧੀਕ ਜ਼ੋਰ ਦੇ ਕੇ ਪੜ੍ਹਨਾ ਹੈ। ਇਸ ਤਰ੍ਹਾਂ ਪਾਠ ਕਰਨ ਦੇ ਨਾਲ ਹੀ ਇਸ ਦਾ ਅਰਥ ਭੀ ਖੁਲ੍ਹ ਜਾਂਦਾ ਹੈ। ਕਈ ਸੱਜਣ ਪਾਠ ਵੇਲੇ ਸ਼ਬਦ 'ਇਸੁ' ਉੱਤੇ ਜ਼ੋਰ ਦੇਂਦੇ ਹਨ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਅਰਥ ਕਰਨ ਵੇਲੇ ਔਝੜੇ ਪੈ ਜਾਈਦਾ ਹੈ, ਕਿਉਂਕਿ ਵਧੀਕ ਧਿਆਨ ਸ਼ਬਦ 'ਇਸੁ' ਵਲ ਰਹਿੰਦਾ ਹੈ। ਇਹੀ ਕਾਰਨ ਹੈ ਕਿ ਕਈ ਸੱਜਣ ਇਸ ਤੁਕ ਦਾ ਅਰਥ ਕਰਨ ਵੇਲੇ ਇਹ ਪੁੱਛਦੇ ਸੁਣੀਦੇ ਹਨ ਕਿ 'ਇਸ ਹਉਮੈ ਦੇ ਵਿਚ ਹੀ ਦਾਰੂ ਕਿਸ ਤਰ੍ਹਾਂ ਹੈ'। } ਨਾਨਕੁ ਕਹੈ– ਆਖਦਾ ਹੈ। ਇਤੁ ਸੰਜਮਿ = ਇਸ ਜੁਗਤੀ ਨਾਲ। ਅਰਥ: 'ਹਉਮੈ' ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ। ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ। (ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ। (ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ) । ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ। ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ।2। |
![]() |
![]() |
![]() |
![]() |
Sri Guru Granth Darpan, by Professor Sahib Singh |