ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 465 ਪਉੜੀ ॥ ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥ ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥ ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥ ਜਿਨਿ ਸਚੋ ਸਚੁ ਬੁਝਾਇਆ ॥੪॥ {ਪੰਨਾ 465} ਪਦ ਅਰਥ: ਨਦਰਿ = ਮਿਹਰ ਦੀ ਨਜ਼ਰ। ਕਰਹਿ = (ਹੇ ਪ੍ਰਭੂ! ਤੂੰ) ਕਰਹਿ। ਨਦਰੀ = ਤੇਰੀ ਮਿਹਰ ਦੀ ਨਜ਼ਰ ਨਾਲ। ਭਰੰਮਿਆ = ਭਟਕ ਚੁਕਿਆ। ਸਤਿਗੁਰਿ = ਸਤਿਗੁਰ ਨੇ। ਸਭਿ ਲੋਕ ਸਬਾਇਆ = ਹੇ ਸਾਰੇ ਲੋਕੋ! ਸਤਿਗੁਰਿ ਮਿਲੀਐ = ਜੇ ਸਤਿਗੁਰੂ ਮਿਲ ਪਏ, (ਕਿਹੜਾ ਸਤਿਗੁਰੂ? ਉਤਰ: "ਜਿਨਿ ਸਚੋ ਸਚੁ ਬੁਝਾਇਆ") । ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਿਨ੍ਹ੍ਹ੍ਹ੍ਹ੍ਹ੍ਹ੍ਹ੍ਹੀ = ਜਿਨ੍ਹਾਂ ਮਨੁੱਖਾਂ ਨੇ। ਆਪੁ = ਆਪਣਾ ਆਪ, ਅਪਣੱਤ, ਅਹੰਕਾਰ। ਸਚੋ ਸਚੁ = ਨਿਰੋਲ ਸੱਚ, ਸੱਚ ਹੀ ਸੱਚ। ਬੁਝਾਇਆ = ਸਮਝਾ ਦਿੱਤਾ। ਜਿਨਿ = ਜਿਸ (ਗੁਰੂ) ਨੇ। ਅਰਥ: ਹੇ ਪ੍ਰਭੂ! ਜੇ ਤੂੰ (ਜੀਵ ਉੱਤੇ) ਮਿਹਰ ਦੀ ਨਜ਼ਰ ਕਰੇਂ, ਤਾਂ ਉਸ ਨੂੰ ਤੇਰੀ ਕਿਰਪਾ-ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ। ਇਹ (ਵਿਚਾਰਾ) ਜੀਵ (ਜਦੋਂ) ਬਹੁਤੇ ਜਨਮਾਂ ਵਿਚ ਭਟਕ ਚੁਕਿਆ (ਤੇ ਤੇਰੀ ਮਿਹਰ ਦੀ ਨਜ਼ਰ ਹੋਈ) ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸ਼ਬਦ ਸੁਣਾਇਆ। ਹੇ ਸਾਰੇ ਲੋਕੋ! ਧਿਆਨ ਦੇ ਕੇ ਸੁਣੋ, ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ। ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ-ਭਾਵ ਗਵਾ ਦਿੱਤਾ ਹੈ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ, ਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੈ (ਭਾਵ, ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਉਂਦੇ ਹਨ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸੂਝ ਦੇਂਦਾ ਹੈ) ।4। ਸਲੋਕ ਮਃ ੧ ॥ ਘੜੀਆ ਸਭੇ ਗੋਪੀਆ ਪਹਰ ਕੰਨ੍ਹ੍ਹ ਗੋਪਾਲ ॥ ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥ ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥ ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥ {ਪੰਨਾ 465} ਪਦ ਅਰਥ: ਘੜੀਆ = ਜਿਵੇਂ ਸੰਸਕ੍ਰਿਤ 'ਘਟ' ਤੋਂ 'ਘੜਾ' ਪੰਜਾਬੀ ਸ਼ਬਦ ਹੈ, ਜਿਵੇਂ ਸੰਸਕ੍ਰਿਤ 'ਕਟਕ' ਤੋਂ 'ਕੜਾ' ਪੰਜਾਬੀ ਹੈ, ਤਿਵੇਂ ਸੰਸਕ੍ਰਿਤ 'ਘਟਿਕਾ' ਤੋਂ ਪੰਜਾਬੀ ਵਿਚ 'ਘੜੀ' ਹੈ। 'ਘੜੀ' ਸਮੇ ਦੀ ਇਕ ਵੰਡ ਦਾ ਨਾਉਂ ਹੈ, ਜੋ 24 ਮਿੰਟਾਂ ਦੇ ਬਰਾਬਰ ਹੁੰਦੀ ਹੈ। ਗੋਪੀ = ਗਾਈਆਂ ਦੀ ਰਾਖੀ ਕਰਨ ਵਾਲੀ, ਗੁਜਰਾਣੀ। ਇਹ ਸ਼ਬਦ 'ਗੋਪੀ' ਖ਼ਾਸ ਤੌਰ ਤੇ ਬਿੰਦ੍ਰਾਬਨ ਦੀਆਂ ਗੁਜਰਾਣੀਆਂ ਵਾਸਤੇ ਵਰਤਿਆ ਜਾਂਦਾ ਹੈ ਜੋ ਕ੍ਰਿਸ਼ਨ ਜੀ ਦੇ ਗੋਕਲ ਰਹਿਣ ਦੇ ਸਮੇ ਉਹਨਾਂ ਨਾਲ ਖੇਡਿਆ ਕਰਦੀਆਂ ਸਨ। ਕ੍ਰਿਸ਼ਨ ਜੀ ਦਾ ਜਨਮ ਤਾਂ ਮਥਰਾ ਵਿਚ ਹੋਇਆ ਸੀ, ਜੋ ਹਿੰਦੂ ਮਤ ਅਨੁਸਾਰ ਭਾਰਤ ਦੀਆਂ ਸਭ ਤੋਂ ਵਧੀਕ ਸੱਤ ਪਵਿੱਤਰ ਨਗਰੀਆਂ ਵਿਚੋਂ ਇਕ ਹੈ। ਉਹ ਸੱਤ ਨਗਰੀਆਂ ਇਹ ਹਨ: ਅਜੁਧਿਆ, ਮਥਰਾ, ਮਾਯਾ, ਕਾਂਸੀ, ਕਾਂਚੀ, ਅਵੰਤਿਕਾ ਅਤੇ ਪੁਰੀ। ਪਹਰ = ਸਾਰੇ ਦਿਨ ਦਾ ਅਠਵਾਂ ਹਿੱਸਾ, ਜੋ 3 ਘੰਟੇ ਦੇ ਬਰਾਬਰ ਹੁੰਦਾ ਹੈ। ਕੰਨ੍ਹ੍ਹ = ਸੰਸਕ੍ਰਿਤ ਸ਼ਬਦ 'ਕ੍ਰਿਸ਼ਨ' ਦਾ ਪ੍ਰਾਕ੍ਰਿਤ ਰੂਪ ਹੈ। ਗੋਪਾਲ = ਕ੍ਰਿਸ਼ਨ ਜੀ ਦਾ ਨਾਮ ਹੈ। ਬੈਸੰਤਰੁ = ਅੱਗ। ਮੁਸੈ = ਠੱਗੀ ਜਾ ਰਹੀ ਹੈ। ਵਿਹੂਣੀ = ਸੱਖਣੀ, ਖ਼ਾਲੀ। ਅਰਥ: (ਸਾਰੀਆਂ) ਘੜੀਆਂ (ਮਾਨੋ) ਗੋਪੀਆਂ ਹਨ; (ਦਿਨ ਦੇ ਸਾਰੇ) ਪਹਿਰ, (ਮਾਨੋ) ਕਾਨ੍ਹ ਹਨ; ਪਉਣ ਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ) । (ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ) ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ। ਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ। (ਮਾਇਆ ਦੀ ਇਸ ਰਾਸ ਵਿਚ) ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ।1। ਭਾਵ = ਇਹ ਜਗਤ ਰੱਬ ਦੀ ਨਿਰਤਕਾਰੀ ਦਾ ਥਾਂ ਹੈ, ਇਸ ਵਿਚ ਪਉਣ, ਪਾਣੀ ਅਗਨੀ, ਧਰਤੀ ਆਦਿਕ ਤੱਤਾਂ ਤੋਂ ਬਣੇ ਹੋਏ ਸੋਹਣੇ ਪਦਾਰਥ ਤੱਕ ਕੇ ਜੀਵ ਮੋਹਿਤ ਹੋ ਰਹੇ ਹਨ, ਤੇ ਆਪਣੀ ਉਮਰ ਇਸੇ ਮਸਤੀ ਵਿਚ ਹੀ ਵਿਅਰਥ ਗਵਾ ਰਹੇ ਹਨ। ਮਃ ੧ ॥ ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨ੍ਹ੍ਹਿ ਸਿਰ ॥ ਉਡਿ ਉਡਿ ਰਾਵਾ ਝਾਟੈ ਪਾਇ ॥ ਵੇਖੈ ਲੋਕੁ ਹਸੈ ਘਰਿ ਜਾਇ ॥ ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ ਧਰਤੀ ਨਾਲਿ ॥ ਗਾਵਨਿ ਗੋਪੀਆ ਗਾਵਨਿ ਕਾਨ੍ਹ੍ਹ ॥ ਗਾਵਨਿ ਸੀਤਾ ਰਾਜੇ ਰਾਮ ॥ ਨਿਰਭਉ ਨਿਰੰਕਾਰੁ ਸਚੁ ਨਾਮੁ ॥ ਜਾ ਕਾ ਕੀਆ ਸਗਲ ਜਹਾਨੁ ॥ ਸੇਵਕ ਸੇਵਹਿ ਕਰਮਿ ਚੜਾਉ ॥ ਭਿੰਨੀ ਰੈਣਿ ਜਿਨ੍ਹ੍ਹਾ ਮਨਿ ਚਾਉ ॥ ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥ ਕੋਲੂ ਚਰਖਾ ਚਕੀ ਚਕੁ ॥ ਥਲ ਵਾਰੋਲੇ ਬਹੁਤੁ ਅਨੰਤੁ ॥ ਲਾਟੂ ਮਾਧਾਣੀਆ ਅਨਗਾਹ ॥ ਪੰਖੀ ਭਉਦੀਆ ਲੈਨਿ ਨ ਸਾਹ ॥ ਸੂਐ ਚਾੜਿ ਭਵਾਈਅਹਿ ਜੰਤ ॥ ਨਾਨਕ ਭਉਦਿਆ ਗਣਤ ਨ ਅੰਤ ॥ ਬੰਧਨ ਬੰਧਿ ਭਵਾਏ ਸੋਇ ॥ ਪਇਐ ਕਿਰਤਿ ਨਚੈ ਸਭੁ ਕੋਇ ॥ ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਉਡਿ ਨ ਜਾਹੀ ਸਿਧ ਨ ਹੋਹਿ ॥ ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ ॥੨॥ {ਪੰਨਾ 465} ਪਦ ਅਰਥ: ਵਾਇਨਿ = (ਸਾਜ) ਵਜਾਉਂਦੇ ਹਨ। ਰਾਵਾ = ਘੱਟਾ। ਝਾਟੈ = ਝਾਟੇ ਵਿਚ। ਪੂਰਹਿ ਤਾਲ = ਤਾਲ ਪੂਰਦੇ ਹਨ, ਨੱਚਦੇ ਹਨ। ਪਛਾੜਹਿ = ਪਛਾੜਦੇ ਹਨ, ਮਰਦੇ ਹਨ। ਗਾਵਨਿ ਗੋਪੀਆ = ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਚੜਾਉ = ਚੜ੍ਹਦੀ ਕਲਾ। ਰੈਣਿ = ਰਾਤ, ਜ਼ਿੰਦਗੀ ਰੂਪ ਰਾਤ। ਸਿਖੀ = ਸਿੱਖ ਲਈ। ਗੁਰ ਵੀਚਾਰਿ = ਗੁਰੂ ਦੀ ਵੀਚਾਰ ਦੀ ਰਾਹੀਂ। ਥਲ ਵਾਰੋਲੇ = ਥਲਾਂ ਦੇ ਵਾਰੋਲੇ। ਅਨਗਾਹ = ਅੰਨ ਗਾਹੁਣ ਵਾਲੇ ਫਲ੍ਹੇ। ਭਉਦੀਆ = ਭੰਭੀਰੀਆਂ। ਬਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ। ਪਇਐ ਕਿਰਤਿ = ਕੀਤੇ ਹੋਏ ਕਰਮ ਦੇ ਸੰਸਕਾਰਾਂ ਅਨੁਸਾਰ। ਰੋਇ = ਰੋ ਕੇ। ਉਡਿ ਨ ਜਾਹੀ = (ਕਿਸੇ ਉੱਚੀ ਅਵਸਥਾ ਉੱਤੇ) ਉੱਡ ਕੇ ਨਹੀਂ ਅੱਪੜਦੇ। ਅਰਥ: (ਰਾਸਾਂ ਵਿਚ) ਚੇਲੇ ਸਾਜ ਵਜਾਉਂਦੇ ਹਨ, ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ। (ਨਾਚ ਵੇਲੇ ਉਹ ਗੁਰੂ) ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ। (ਉਹਨਾਂ ਦੇ ਪੈਰਾਂ ਨਾਲ) ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿਚ ਪੈਂਦਾ ਹੈ, (ਰਾਸ ਵੇਖਣ ਆਏ ਹੋਏ) ਲੋਕ (ਉਹਨਾਂ ਨੂੰ ਨੱਚਦਿਆਂ) ਵੇਖਦੇ ਹਨ ਅਤੇ ਹੱਸਦੇ ਹਨ (ਅੱਖਰੀਂ = ਲੋਕ ਵੇਖਦਾ ਹੈ ਅਤੇ ਹੱਸਦਾ ਹੈ) । (ਪਰ ਉਹ ਰਾਸਧਾਰੀਏ) ਰੋਜ਼ੀ ਦੀ ਖ਼ਾਤਰ ਨੱਚਦੇ ਹਨ ਅਤੇ ਆਪਣੇ ਆਪ ਨੂੰ ਭੁਇਂ ਤੇ ਮਾਰਦੇ ਹਨ। ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ, ਕਾਨ੍ਹ (ਦੇ ਸਾਂਗ ਬਣ ਕੇ) ਗਾਉਂਦੇ ਹਨ, ਸੀਤਾ ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ। ਜਿਸ ਪ੍ਰਭੂ ਦਾ ਸਾਰਾ ਜਗਤ ਬਣਾਇਆ ਹੋਇਆ ਹੈ, ਜੋ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ ਸਦਾ ਅਟੱਲ ਹੈ, ਉਸ ਨੂੰ (ਕੇਵਲ ਉਹੀ) ਸੇਵਕ ਸਿਮਰਦੇ ਹਨ, ਜਿਨ੍ਹਾਂ ਦੇ ਅੰਦਰ (ਰੱਬ ਦੀ) ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿਚ (ਸਿਮਰਨ ਕਰਨ ਦਾ) ਉਤਸ਼ਾਹ ਹੈ, ਉਹਨਾਂ ਸੇਵਕਾਂ ਦੀ ਜ਼ਿੰਦਗੀ-ਰੂਪ ਰਾਤ ਸੁਆਦਲੀ ਗੁਜ਼ਰਦੀ ਹੈ– ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ, ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖ਼ਸ਼ਸ਼ ਦੁਆਰਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। (ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ, ਵੇਖੋ ਬੇਅੰਤ ਪਦਾਰਥ ਤੇ ਜੀਵ ਸਦਾ ਭੌਂਦੇ ਰਹਿੰਦੇ ਹਨ) ਕੋਹਲੂ, ਚਰਖਾ, ਚੱਕੀ, ਚੱਕ ਥਲਾਂ ਦੇ ਬੇਅੰਤ ਵਰੋਲੇ, ਲਾਟੂ, ਮਧਾਣੀਆਂ, ਫਲ੍ਹੇ, ਪੰਛੀ, ਭੰਭੀਰੀਆਂ ਜੋ ਇਕ-ਸਾਹੇ ਉਡਦੀਆਂ ਰਹਿੰਦੀਆਂ ਹਨ– ਇਹ ਸਭ ਭੌਂਦੇ ਰਹਿੰਦੇ ਹਨ। ਸੂਲ ਉੱਤੇ ਚਾੜ੍ਹ ਕੇ ਕਈ ਜੰਤ ਭਵਾਈਂਦੇ ਹਨ। ਹੇ ਨਾਨਕ! ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ। (ਇਸੇ ਤਰ੍ਹਾਂ) ਉਹ ਪ੍ਰਭੂ ਜੀਵਾਂ ਨੂੰ (ਮਾਇਆ ਦੇ) ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ, ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ। ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ। (ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ। ਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ, ਹੇ ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ।2। ਪਉੜੀ ॥ ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥ ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥ ਕੋ ਰਹੈ ਨ ਭਰੀਐ ਪਾਈਐ ॥੫॥ {ਪੰਨਾ 465} ਪਦ ਅਰਥ: ਨਾਇ ਲਇਐ = ਜੇ (ਤੇਰਾ) ਨਾਮ ਸਿਮਰੀਏ। ਪਿੰਡੁ = ਸਰੀਰ। ਤਿਸ ਦਾ = ਉਸ (ਰੱਬ) ਦਾ। ਖਾਜੇ = ਖਾਜ, ਖ਼ੁਰਾਕ, ਭੋਜਨ। ਲੋੜਹਿ = ਤੂੰ ਲੋੜਦਾ ਹੈਂ, ਤੂੰ ਚਾਹੁੰਦਾ ਹੈਂ। ਕਰਿ ਪੁੰਨਹੁ = ਭਲਿਆਈ ਕਰ ਕੇ। ਜਰਵਾਣਾ = ਬਲਵਾਨ। ਜਰੁ = ਬੁਢੇਪਾ। ਪਰਹਰੈ = ਛੱਡਣਾ ਚਾਹੁੰਦਾ ਹੈ। ਵੇਸ ਕਰੇਦੀ = ਵੇਸ ਧਾਰ ਧਾਰ ਕੇ। ਆਈਐ = (ਬੁਢੇਪਾ) ਆ ਰਿਹਾ ਹੈ। ਭਰੀਐ ਪਾਈਐ = ਜਦੋਂ ਪਾਈ ਭਰੀ ਜਾਂਦੀ ਹੈ, ਜਦੋਂ ਸੁਆਸ ਪੂਰੇ ਹੋ ਜਾਂਦੇ ਹਨ। ਅਰਥ: (ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ। ਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ) ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ। ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ। ਜੇ (ਕੋਈ ਜੀਵ) ਬੁਢੇਪੇ ਨੂੰ ਪਰੇ ਹਟਾਉਣਾ ਚਾਹੇ (ਭਾਵ, ਬੁਢੇਪੇ ਤੋਂ ਬਚਣਾ ਚਾਹੇ, ਤਾਂ ਇਹ ਜਤਨ ਫ਼ਜ਼ੂਲ ਹੈ) ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ। ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਤਾਂ ਕੋਈ ਜੀਵ ਇੱਥੇ ਰਹਿ ਨਹੀਂ ਸਕਦਾ।5। ਸਲੋਕ ਮਃ ੧ ॥ ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥ ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥ ਜੋਗੀ ਸੁੰਨਿ ਧਿਆਵਨ੍ਹ੍ਹਿ ਜੇਤੇ ਅਲਖ ਨਾਮੁ ਕਰਤਾਰੁ ॥ ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥ ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥ ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥ ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥ ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥ {ਪੰਨਾ 465-466} ਪਦ ਅਰਥ: ਬੰਦੇ ਸੇ = (ਸ਼ਰਹ ਅਨੁਸਾਰ ਇਹ ਵੀਚਾਰ ਕਰਦੇ ਹਨ ਕਿ) ਬੰਦੇ ਉਹੀ ਹਨ। ਬੰਦੀ = (ਸ਼ਰਹ ਦੀ) ਬੰਦਸ਼। ਦਰਸਨ = ਸ਼ਾਸਤਰ। ਸਾਲਾਹਨਿ = ਸਲਾਹ ਕਰਦੇ ਹਨ। ਦਰਸਨਿ = ਸ਼ਾਸਤਰ ਦੁਆਰਾ। ਸਾਲਾਹੀ = ਸਾਲਾਹੁਣ-ਜੋਗ ਹਰੀ ਨੂੰ। ਰੂਪਿ = ਸੁੰਦਰ। ਤੀਰਥਿ = ਤੀਰਥ ਉੱਤੇ। ਅਰਚਾ = ਆਦਰ ਸਤਕਾਰ, ਪੂਜਾ। ਅਗਰਵਾਸੁ = ਚੰਦਨ ਦੀ ਵਾਸ਼ਨਾ। ਬਹਕਾਰੁ = ਮਹਿਕਾਰ, ਖ਼ੁਸ਼ਬੋ। ਸੁੰਨਿ = ਸੁੰਨ ਵਿਚ, ਅਫੁਰ ਅਵਸਥਾ ਵਿਚ। ਸੂਖਮ ਮੂਰਤਿ = ਰੱਬ ਦਾ ਉਹ ਸਰੂਪ ਜਿਹੜਾ ਇਹਨਾਂ ਅਸਥੂਲ ਇੰਦਰਿਆਂ ਨਾਲ ਨਹੀਂ ਵੇਖਿਆ ਜਾ ਸਕਦਾ। ਸਤੀ = ਦਾਨੀ ਮਨੁੱਖ। ਦੇਣੈ ਕੇ ਵੀਚਾਰਿ = (ਕਿਸੇ ਨੂੰ ਕੁਝ) ਦੇਣ ਦੇ ਖ਼ਿਆਲ ਵਿਚ। ਸੰਤੋਖੁ = ਖ਼ੁਸ਼ੀ, ਉਤਸ਼ਾਹ। ਸਹਸਾ ਗੂਣਾ = (ਆਪਣੇ ਦਿੱਤੇ ਹੋਏ ਨਾਲੋਂ) ਹਜ਼ਾਰ ਗੁਣਾ (ਵਧੀਕ) । ਜਾਰਾ = ਪਰ ਇਸਤ੍ਰੀ-ਗਾਮੀ। ਤੈ = ਅਤੇ। ਕੂੜਿਆਰ = ਝੂਠ ਬੋਲਣ ਵਾਲੇ। ਖਰਾਬ = ਭੈੜੇ। ਵੇਕਾਰ = ਮੰਦ ਕਰਮੀ। ਇਕਿ = ਕਈ ਮਨੁੱਖ। ਹੋਦਾ = ਕੋਲ ਹੁੰਦੀ ਵਸਤ। ਐਥਾਊ = ਏਥੋਂ, ਇਸ ਜਗਤ ਤੋਂ। ਖਾਇ ਚਲਹਿ = ਖਾ ਕੇ ਤੁਰ ਪੈਂਦੇ ਹਨ। ਤਿਨਾ ਭਿ = ਉਹਨਾਂ ਨੂੰ ਭੀ। ਕਾਈ ਕਾਰ = ਕੋਈ ਨ ਕੋਈ ਸੇਵਾ। ਜਲਿ = ਜਲ ਵਿਚ। ਜੀਆ = ਜੀਵ। ਲੋਅ = ਲੋਕ। ਆਕਾਰਾ ਆਕਾਰ = ਸਾਰੇ ਦ੍ਰਿਸ਼ਟਮਾਨ ਬ੍ਰਹਿਮੰਡਾਂ ਦੇ। ਓਇ = ਉਹ ਸਾਰੇ ਜੀਵ। ਜਿ = ਜੋ ਕੁਝ। ਤੂੰ ਹੈ– ਤੂੰ ਹੀ, (ਹੇ ਪ੍ਰਭੂ!) । ਸਾਰ = ਬਲ, ਤਾਕਤ, ਆਸਰਾ। ਭੁਖ ਸਾਲਾਹਣੁ = ਸਿਫ਼ਤਿ-ਸਾਲਾਹ ਰੂਪੀ ਭੁੱਖ। ਆਧਾਰੁ = ਆਸਰਾ। ਪਾ ਛਾਰੁ = ਪੈਰਾਂ ਦੀ ਖ਼ਾਕ।1। ਅਰਥ: ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ) , ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ (ਇਹ) ਵਿਚਾਰ ਕਰਦੇ ਹਨ (ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ। {ਨੋਟ: ਗੁਰਬਾਣੀ ਨੂੰ ਗਹੁ ਨਾਲ ਪੜ੍ਹ ਕੇ ਵਿਚਾਰਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਸਤਿਗੁਰੂ ਜੀ ਕਿਸੇ ਇਕ ਜਾਂ ਕਈ ਮਤਾਂ ਤੇ ਕੋਈ ਵਿਚਾਰ ਕਰਦੇ ਹਨ, ਤਾਂ ਪਹਿਲਾਂ ਆਪ ਉਹਨਾਂ ਮਤਾਂ ਦੇ ਖ਼ਿਆਲ ਲਿਖਦੇ ਹਨ, ਅੰਤ ਵਿਚ ਆਪਣਾ ਮਤ ਪੇਸ਼ ਕਰਦੇ ਹਨ। ਇਸ ਸਲੋਕ ਦੀਆਂ ਜੇ ਦੋ ਦੋ ਤੁਕਾਂ ਨੂੰ ਗਹੁ ਨਾਲ ਵੇਖਿਆ ਜਾਵੇ, ਤਾਂ ਸਾਫ਼ ਪਰਗਟ ਹੁੰਦਾ ਹੈ ਕਿ ਇਸਲਾਮ, ਹਿੰਦੂ ਮਤ, ਜੋਗ ਮਤ, ਦਾਨੀ ਅਤੇ ਵਿਕਾਰੀ ਆਦਿਕਾਂ ਸੰਬੰਧੀ ਗੁਰੂ ਸਾਹਿਬ ਖ਼ਿਆਲ ਦੱਸ ਰਹੇ ਹਨ। ਸੁਤੇ ਹੀ ਯੋਗ ਇਹੀ ਦਿੱਸਦਾ ਹੈ ਕਿ ਇਹਨਾਂ ਸਭਨਾਂ ਦਾ ਜ਼ਿਕਰ ਕਰ ਕੇ ਗੁਰੂ ਸਾਹਿਬ ਆਪਣਾ ਸਾਂਝਾ ਖ਼ਿਆਲ ਅਖ਼ੀਰ ਤੇ ਦੱਸਦੇ। ਤਾਂ ਤੇ ਉਪਰਲੀਆਂ ਦੋ ਤੁਕਾਂ ਵਿਚੋਂ ਪਹਿਲੀ ਨੂੰ ਇਸਲਾਮ ਸੰਬੰਧੀ ਵਰਤ ਕੇ ਦੂਜੀ ਨੂੰ ਗੁਰਮਤ ਦਾ ਸਿੱਧਾਂਤ ਦੱਸਣਾ ਭੁੱਲ ਹੈ, ਕਿਉਂਕਿ ਇਹ ਨਿਯਮ ਅਗਲੀਆਂ ਤੁਕਾਂ ਵਿਚ ਕਿਤੇ ਨਹੀਂ ਵਰਤਿਆ ਗਿਆ। ਅਸਲ 'ਵਾਰ' ਨਿਰੀਆਂ ਪਉੜੀਆਂ ਤੋਂ ਬਣੀ ਹੋਈ ਹੈ। ਹਰੇਕ ਪਉੜੀ ਨਾਲ ਢੁਕਵੇਂ ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਲਿਖੇ ਹੋਏ ਹਨ। ਜਦੋਂ ਇਸ ਪਉੜੀ ਦੇ ਭਾਵ ਨੂੰ ਗਹੁ ਨਾਲ ਵਿਚਾਰੀਏ, ਤਾਂ ਭੀ: "ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤ ਲਾਇਆ ॥ ਜਗ ਜੀਵਨੁ ਦਾਤਾ ਪਾਇਆ ॥" ਵਾਲਾ ਸਿੱਧਾਂਤ ਸਲੋਕ ਦੀਆਂ ਅੰਤਲੀਆਂ ਤੁਕਾਂ "ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ" ਵਿਚੋਂ ਮਿਲਦਾ ਹੈ। } ਹਿੰਦੂ ਸ਼ਾਸਤਰ ਦੁਆਰਾ ਹੀ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ, ਹਰੇਕ ਤੀਰਥ ਤੇ ਨ੍ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ। ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ 'ਅਲਖ, ਅਲਖ' ਉਸ ਦਾ ਨਾਮ ਉਚਾਰਦੇ ਹਨ। (ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ। ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕੁਝ ਦੇਣ ਦੀ ਵਿਚਾਰ ਕਰਦੇ ਹਨ; (ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੍ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ। (ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ, ਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ। ਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ = ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ। |
![]() |
![]() |
![]() |
![]() |
Sri Guru Granth Darpan, by Professor Sahib Singh |