ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 464

ਮਃ ੧ ॥ ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਖਾਣਾ ਪੀਣਾ ਪੈਨ੍ਹ੍ਹਣੁ ਕੁਦਰਤਿ ਸਰਬ ਪਿਆਰੁ ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥ ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥ {ਪੰਨਾ 464}

ਪਦ ਅਰਥ: ਕੁਦਰਤਿ = ਕਲਾ, ਵਿਡਾਣੁ, ਅਚਰਜ ਤਮਾਸ਼ਾ। ਦਿਸੈ = ਜੋ ਕੁਝ ਦਿੱਸ ਰਿਹਾ ਹੈ। ਸੁਖ ਸਾਰੁ = ਸੁੱਖਾਂ ਦਾ ਸਾਰ। ਸਰਬ ਆਕਾਰੁ = ਸਾਰਾ ਦ੍ਰਿਸ਼ਟਮਾਨ ਸਰੂਪ, ਸਾਰਾ ਜਗਤ। ਕਤੇਬਾਂ = ਮੁਸਲਮਾਨਾਂ ਅਤੇ ਈਸਾਈਆਂ ਦੀਆਂ ਧਰਮ-ਪੁਸਤਕਾਂ। ਸਰਬ ਵੀਚਾਰੁ = ਸਾਰਾ ਵਿਚਾਰ, ਸਾਰੀ ਵਿਚਾਰ-ਸੱਤਾ। ਜੀਅ ਜਹਾਨ = ਜਗਤ ਦੇ ਜੀਵਾਂ ਵਿਚ। ਮਾਨੁ = ਆਦਰ। ਅਭਿਮਾਨੁ = ਅਹੰਕਾਰ। ਬੈਸੰਤਰੁ = ਅੱਗ। ਪਾਕੀ = ਪਵਿੱਤਰ। ਨਾਈ = ਵਡਿਆਈ, ਸਿਫ਼ਤ। ਪਾਕੁ = (ਤੂੰ ਆਪ) ਪਵਿੱਤਰ (ਹੈਂ) । ਵੇਖੈ = ਸੰਭਾਲ ਕਰਦਾ ਹੈ। ਤਾਕੋ ਤਾਕੁ = ਇਕੱਲਾ ਆਪ ਹੀ ਆਪ। ਵਰਤੈ = ਵਰਤ ਰਿਹਾ ਹੈ, ਮੌਜੂਦ ਹੈ।

ਅਰਥ: (ਹੇ ਪ੍ਰਭੂ!) ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ। ਪਤਾਲਾਂ ਤੇ ਅਕਾਸ਼ਾਂ ਵਿਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ।

ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ; (ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ।

ਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਜਗਤ ਦੇ ਜੀਵਾਂ ਵਿਚ ਤੇਰੀ ਹੀ ਕੁਦਰਤ ਵਰਤ ਰਹੀ ਹੈ, (ਜਗਤ ਵਿਚ) ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ; ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਅਹੰਕਾਰ ਪਰਧਾਨ ਹੈ– ਇਹ ਤੇਰਾ ਅਚਰਜ ਕੌਤਕ ਹੈ।

ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ) , ਇਹ ਸਾਰੇ ਤੇਰਾ ਹੀ ਤਮਾਸ਼ਾ ਹਨ। (ਹੇ ਪ੍ਰਭੂ!) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ।

ਹੇ ਨਾਨਕ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ।2।

ਪਉੜੀ ॥ ਆਪੀਨ੍ਹ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥ ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥ ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥ ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥ ਮਨਿ ਅੰਧੈ ਜਨਮੁ ਗਵਾਇਆ ॥੩॥ {ਪੰਨਾ 464}

ਪਦ ਅਰਥ: ਭੋਗ = ਪਦਾਰਥਾਂ ਦੇ ਭੋਗ। ਭੋਗਿ ਕੈ = ਮਾਣ ਕੇ, ਵਰਤ ਕੇ। ਹੋਇ = ਹੋ ਕੇ। ਭਸਮੜਿ = ਭਸਮ ਦੀ ਮੜ੍ਹੀ, ਮਿੱਟੀ ਦੀ ਢੇਰੀ। ਭਉਰੁ = ਆਤਮਾ। ਵਡਾ ਹੋਆ = ਮਰ ਗਿਆ। ਦੁਨੀਦਾਰੁ = ਦੁਨੀਆਦਾਰ, ਦੁਨੀਆ ਵਿਚ ਖਚਿਤ ਹੋਇਆ ਜੀਵ। ਗਲਿ = ਗਲ ਵਿਚ। ਘਤਿ = ਪਾ ਕੇ। ਚਲਾਇਆ = ਅੱਗੇ ਲਾ ਲਿਆ। ਅਗੈ = ਪਰਲੋਕ ਵਿਚ। ਕਰਣੀ = ਕਿਰਤ-ਕਮਾਈ। ਕੀਰਤਿ = ਵਡਿਆਈ, ਸਿਫ਼ਤਿ-ਸਾਲਾਹ। ਵਾਚੀਐ = ਵਾਚੀ ਜਾਂਦੀ ਹੈ, ਲੇਖੇ ਵਿਚ ਗਿਣੀ ਜਾਂਦੀ ਹੈ। ਬਹਿ = ਬੈਠ ਕੇ, ਭਾਵ, ਧੀਰਜ ਨਾਲ ਚੰਗੀ ਤਰ੍ਹਾਂ। ਥਾਉ ਨ ਹੋਵੀ = ਢੋਈ ਨਹੀਂ ਮਿਲਦੀ। ਪਉਦੀਈ = ਪੈਂਦਿਆਂ, ਜੁਤੀਆਂ ਪੈਂਦਿਆਂ। ਹੁਣਿ = ਐਸ ਵੇਲੇ, ਜਦੋਂ ਮਾਰ ਪੈਂਦੀ ਹੈ। ਕਿਆ ਰੂਆਇਆ = ਕਿਹੜੀ ਪੁਕਾਰ, ਕਿਹੜਾ ਰੋਣ ਕਿਹੜਾ ਤਰਲਾ। ਸੁਣੀਐ = ਸੁਣਿਆ ਜਾਂਦਾ ਹੈ। ਮਨਿ = ਮਨ ਨੇ। ਅੰਧੈ = ਅੰਧੇ ਨੇ। ਗਵਾਇਆ = ਵਿਅਰਥ ਕਰ ਲਿਆ।3।

ਅਰਥ: ਰੱਬ ਆਪ ਹੀ (ਜੀਵ-ਰੂਪ ਹੋ ਕੇ) ਪਦਾਰਥ ਦੇ ਰੰਗ ਮਾਣਦਾ ਹੈ (ਇਹ ਭੀ ਉਸ ਦੀ ਅਚਰਜ ਕੁਦਰਤ ਹੈ) । (ਸਰੀਰ) ਮਿੱਟੀ ਦੀ ਢੇਰੀ ਹੋ ਜਾਂਦਾ ਹੈ (ਤੇ ਆਖ਼ਰ ਜੀਵਾਤਮਾ-ਰੂਪ) ਭਉਰ (ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ। (ਇਸ ਤਰ੍ਹਾਂ ਦਾ) ਦੁਨੀਆ ਦੇ ਧੰਧਿਆਂ ਵਿਚ ਫਸਿਆ ਹੋਇਆ ਜੀਵ (ਜਦੋਂ) ਮਰਦਾ ਹੈ, (ਇਸ ਦੇ) ਗਲ ਵਿਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਹੈ (ਭਾਵ, ਮਾਇਆ ਵਿਚ ਵੇੜ੍ਹਿਆ ਹੋਇਆ ਜੀਵ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਤੇ 'ਹੰਸ ਚਲਸੀ ਡੁਮਣਾ') ।

ਪਰਲੋਕ ਵਿਚ (ਭਾਵ, ਧਰਮਰਾਜ ਦੇ ਦਰਬਾਰ ਵਿਚ, ਵੇਖੋ ਪਉੜੀ 2) ਰੱਬ ਦੀ ਸਿਫ਼ਤਿ-ਸਾਲਾਹ ਰੂਪ ਕਮਾਈ ਹੀ ਕਬੂਲ ਪੈਂਦੀ ਹੈ, ਓਥੈ (ਜੀਵ ਦੇ ਕੀਤੇ ਕਰਮਾਂ ਦਾ) ਹਿਸਾਬ ਚੰਗੀ ਤਰ੍ਹਾਂ (ਇਸ ਨੂੰ) ਸਮਝਾ ਦਿੱਤਾ ਜਾਂਦਾ ਹੈ।

(ਮਾਇਆ ਦੇ ਭੋਗਾਂ ਵਿਚ ਹੀ ਫਸੇ ਰਹਿਣ ਦੇ ਕਾਰਨ) ਓਥੇ ਮਾਰ ਪੈਂਦੇ ਨੂੰ ਕਿਤੇ ਢੋਈ ਨਹੀਂ ਮਿਲਦੀ, ਉਸ ਵੇਲੇ ਇਸ ਦੀ ਕੋਈ ਭੀ ਕੂਕ-ਪੁਕਾਰ ਸੁਣੀ ਨਹੀਂ ਜਾਂਦੀ।

ਮੂਰਖ ਮਨ (ਵਾਲਾ ਜੀਵ) ਆਪਣਾ (ਮਨੁੱਖਾ-) ਜਨਮ ਅਜਾਈਂ ਗਵਾ ਲੈਂਦਾ ਹੈ।3।

ਸਲੋਕ ਮਃ ੧ ॥ ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥

ਨੋਟ: 'ਸੱਤਿਆਰਥ ਪ੍ਰਕਾਸ਼' ਦੇ ਕਰਤਾ ਨੇ ਗੁਰੂ ਨਾਨਕ ਸਾਹਿਬ ਉੱਤੇ ਇਹ ਦੂਸ਼ਨ ਲਾਇਆ ਹੈ ਕਿ ਉਹ ਸੰਸਕ੍ਰਿਤ ਨਹੀਂ ਜਾਣਦੇ ਸਨ, ਪਰ ਆਪਣੇ ਆਪ ਨੂੰ ਸੰਸਕ੍ਰਿਤ ਦਾ ਵਿਦਵਾਨ ਪਰਗਟ ਕਰਨ ਦਾ ਜਤਨ ਕਰਦੇ ਸਨ, ਕਿਉਂਕਿ ਉਹਨਾਂ ਨੇ ਸੰਸਕ੍ਰਿਤ 'ਭਯ' ਦੇ ਥਾਂ 'ਭਉ' ਵਰਤਿਆ ਹੈ।

ਇਸ ਮਜ਼ਮੂਨ ਸੰਬੰਧੀ ਜੋ ਸੱਜਣ ਵਿਸਥਾਰ-ਪੂਰਵਕ ਵਿਚਾਰ ਪੜ੍ਹਨੀ ਚਾਹੁੰਦੇ ਹੋਣ, ਉਹ ਮੇਰੇ 'ਗੁਰਬਾਣੀ ਵਿਆਕਰਣ' ਦੇ ਅੰਕ 'ਵਰਣਬੋਧ' ਨੂੰ ਪੜ੍ਹਨ।

ਪਦ ਅਰਥ: ਭੈ ਵਿਚਿ = ਡਰ ਵਿਚ। ਪਵਣੁ ਵਹੈ– ਹਵਾ ਵਗਦੀ ਹੈ। ਸਦਵਾਉ = ਸਦਾ-ਏਵ, ਸਦਾ ਹੀ। ਚਲਹਿ = ਚੱਲਦੇ ਹਨ। ਕਢੈ ਵੇਗਾਰਿ = ਵਗਾਰ ਕੱਢਦੀ ਹੈ। ਭਾਰਿ = ਭਾਰ ਦੇ ਹੇਠ। ਇੰਦੁ = ਇੰਦਰ ਦੇਵਤਾ, ਬੱਦਲ। ਫਿਰੈ = ਫਿਰਦਾ ਹੈ। ਸਿਰ ਭਾਰਿ = ਸਿਰ ਦੇ ਭਾਰ। ਰਾਜਾ ਧਰਮ ਦੁਆਰੁ = ਧਰਮ ਰਾਜੇ ਦਾ ਦੁਆਰ। ਕੋਹ ਕਰੋੜੀ = ਕਰੋੜਾਂ ਕੋਹ। ਸਿਧ = ਅਣਿਮਾ ਆਦਿਕ ਅੱਠ ਸਿੱਧੀਆਂ ਨੂੰ ਜਿਨ੍ਹਾਂ ਮਹਾਤਮਾ ਲੋਕਾਂ ਨੇ ਪ੍ਰਾਪਤ ਕਰ ਲਿਆ ਹੁੰਦਾ ਸੀ, ਉਹਨਾਂ ਨੂੰ ਸਿੱਧ ਕਿਹਾ ਜਾਂਦਾ ਸੀ; ਪੁੱਗੇ ਹੋਏ ਜੋਗੀ। ਬੁਧ = ਗਿਆਨਵਾਨ, ਜੋ ਜਗਤ ਦੇ ਮਾਇਕ ਬੰਧਨਾਂ ਤੋਂ ਮੁਕਤ ਹਨ। ਆਡਾਣੇ = ਤਣੇ ਹੋਏ। ਮਹਾਬਲ = ਵੱਡੇ ਬਲ ਵਾਲੇ। ਆਵਹਿ = (ਜੋ ਭੀ ਜੀਵ ਜਗਤ ਵਿਚ) ਆਉਂਦੇ ਹਨ। ਪੂਰ = ਸਾਰੇ ਦੇ ਸਾਰੇ ਜੀਵ ਜੋ ਇਸ ਸੰਸਾਰ-ਸਾਗਰ ਵਿਚ ਜ਼ਿੰਦਗੀ-ਰੂਪ ਬੇੜੀ ਵਿਚ ਬੈਠੇ ਹੋਏ ਹਨ। ਸਗਲਿਆ ਸਿਰਿ = ਸਾਰੇ ਜੀਵਾਂ ਦੇ ਸਿਰ ਉੱਤੇ। ਲੇਖੁ ਲਿਖਿਆ = ਭਉ ਰੂਪੀ ਲੇਖ ਲਿਖਿਆ ਹੋਇਆ ਹੈ।

ਅਰਥ: ਹਵਾ ਸਦਾ ਹੀ ਰੱਬ ਦੇ ਡਰ ਵਿਚ ਚੱਲ ਰਹੀ ਹੈ। ਲੱਖਾਂ ਦਰੀਆਉ ਭੀ ਭੈ ਵਿਚ ਹੀ ਵਗ ਰਹੇ ਹਨ।

ਅੱਗ ਜੋ ਸੇਵਾ ਕਰ ਰਹੀ ਹੈ, ਇਹ ਭੀ ਰੱਬ ਦੇ ਭੈ ਵਿਚ ਹੀ ਹੈ। ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਪਈ ਹੈ।

ਰੱਬ ਦੇ ਭੈ ਵਿਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ (ਭਾਵ, ਮੇਘ ਉਸ ਦੀ ਰਜ਼ਾ ਵਿਚ ਹੀ ਉੱਡ ਰਹੇ ਹਨ) । ਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿਚ ਹੈ।

ਸੂਰਜ ਭੀ ਤੇ ਚੰਦ੍ਰਮਾ ਭੀ ਰੱਬ ਦੇ ਹੁਕਮ ਵਿਚ ਹਨ, ਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਓੜਕ ਨਹੀਂ ਆਉਂਦਾ।

ਸਿੱਧ, ਬੁਧ, ਦੇਵਤੇ ਤੇ ਨਾਥ = ਸਾਰੇ ਰੱਬ ਦੇ ਭੈ ਵਿਚ ਹਨ। ਇਹ ਉੱਪਰ ਤਣੇ ਹੋਏ ਅਕਾਸ਼ (ਜੋ ਦਿੱਸਦੇ ਹਨ, ਇਹ ਭੀ) ਭੈ ਵਿਚ ਹੀ ਹਨ।

ਬੜੇ ਬੜੇ ਬਲ ਵਾਲੇ ਜੋਧੇ ਤੇ ਸੂਰਮੇ ਸਭ ਰੱਬ ਦੇ ਭੈ ਵਿਚ ਹਨ। ਪੂਰਾਂ ਦੇ ਪੂਰ ਜੀਵ ਜੋ ਜਗਤ ਵਿਚ ਜੰਮਦੇ ਤੇ ਮਰਦੇ ਹਨ, ਸਭ ਭੈ ਵਿਚ ਹਨ।

ਸਾਰੇ ਹੀ ਜੀਵਾਂ ਦੇ ਮੱਥੇ ਤੇ ਭਉ-ਰੂਪ ਲੇਖ ਲਿਖਿਆ ਹੋਇਆ ਹੈ, ਭਾਵ, ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿਚ ਹਨ। ਹੇ ਨਾਨਕ! ਕੇਵਲ ਇਕ ਸੱਚਾ ਨਿਰੰਕਾਰ ਹੀ ਭੈ-ਰਹਿਤ ਹੈ।1।

ਮਃ ੧ ॥ ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ ਕੇਤੀਆ ਕੰਨ੍ਹ੍ਹ ਕਹਾਣੀਆ ਕੇਤੇ ਬੇਦ ਬੀਚਾਰ ॥ ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥ ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥ ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥ ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥ ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥ ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥ ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥ {ਪੰਨਾ 464}

ਪਦ ਅਰਥ: ਹੋਰਿ = (ਨਿਰੰਕਾਰ ਤੋਂ ਬਿਨਾ) ਹੋਰ ਸਾਰੇ। ਰਵਾਲ = ਧੂੜ, (ਭਾਵ) ਤੁੱਛ। ਕੇਤੀਆ = ਕਿੰਨੀਆਂ ਹੀ; ਬੇਅੰਤ। ਕੰਨ੍ਹ੍ਹ ਕਹਾਣੀਆ = ਕ੍ਰਿਸ਼ਨ ਜੀ ਦੀਆਂ ਕਹਾਣੀਆਂ। ਗਿੜਿ ਮੁੜਿ = ਭਉਂ ਭਉਂ ਕੇ, ਪਰਤ ਪਰਤ ਕੇ। ਬਾਜਾਰੀ = ਰਾਸਧਾਰੀਏ। ਆਇ ਕਢਹਿ ਬਾਜਾਰ = ਆ ਕੇ ਰਾਸਾਂ ਪਾਉਂਦੇ ਹਨ। ਆਲ = ਚਾਲ, ਠੱਗੀ। ਆਲ ਪਤਾਲ = ਪਤਾਲ ਦੇ ਆਲ, ਬੜੇ ਡੂੰਘੇ ਚਾਲਾਂ ਦੇ ਬਚਨ, ਉਹ ਬਚਨ ਜੋ ਦੂਜਿਆਂ ਦੀ ਸਮਝ ਵਿਚ ਨਾਹ ਆਉਣ। ਮੁੰਦੜੇ = ਸੋਹਣੇ ਸੋਹਣੇ ਵਾਲੇ। ਜਿਤੁ ਤਨਿ = ਜਿਸ ਜਿਸ ਸਰੀਰ ਉੱਤੇ। ਪਾਈਅਹਿ = ਪਾਏ ਜਾਂਦੇ ਹਨ। ਗਲੀਈ = ਗੱਲਾਂ ਦੀ ਰਾਹੀਂ। ਕਥਨਾ = ਬਿਆਨ ਕਰਨਾ। ਸਾਰੁ = ਲੋਹਾ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਹਿਕਮਤਿ = ਚਲਾਕੀ, ਢੰਗ।

ਅਰਥ: ਹੇ ਨਾਨਕ! ਇਕ ਨਿਰੰਕਾਰ ਹੀ ਭੈ-ਰਹਿਤ ਹੈ, (ਅਵਤਾਰੀ) ਰਾਮ (ਜੀ) ਵਰਗੇ ਕਈ ਹੋਰ (ਉਸ ਨਿਰੰਕਾਰ ਦੇ ਸਾਮ੍ਹਣੇ) ਤੁੱਛ ਹਨ; (ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਤੇ) ਕ੍ਰਿਸ਼ਨ (ਜੀ) ਦੀਆਂ ਕਈ ਸਾਖੀਆਂ ਤੇ ਵੇਦਾਂ ਦੇ ਕਈ ਵੀਚਾਰ ਭੀ ਤੁੱਛ ਹਨ।

(ਉਸ ਨਿਰੰਕਾਰ ਦਾ ਗਿਆਨ ਪ੍ਰਾਪਤ ਕਰਨ ਲਈ) ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ, ਰਾਸਧਾਰੀਏ ਭੀ ਬਜ਼ਾਰਾਂ ਵਿਚ ਆ ਕੇ ਰਾਸਾਂ ਪਾਂਦੇ ਹਨ, ਰਾਜਿਆਂ ਤੇ ਰਾਣੀਆਂ ਦੇ ਸਰੂਪ ਬਣਾ ਬਣਾ ਕੇ ਗਾਉਂਦੇ ਹਨ ਤੇ (ਮੂੰਹੋਂ) ਕਈ ਢੰਗਾਂ ਦੇ ਬਚਨ ਬੋਲਦੇ ਹਨ, ਲੱਖਾਂ ਰੁਪਇਆਂ ਦੇ (ਭਾਵ, ਕੀਮਤੀ) ਵਾਲੇ ਤੇ ਹਾਰ ਪਾਂਦੇ ਹਨ; ਪਰ, ਹੇ ਨਾਨਕ! (ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਵਾਲੇ ਤੇ ਹਾਰ ਤਾਂ) ਜਿਸ ਜਿਸ ਸਰੀਰ ਉੱਤੇ ਪਾਈਦੇ ਹਨ, ਉਹ ਸਰੀਰ (ਅੰਤ ਨੂੰ) ਸੁਆਹ ਹੋ ਜਾਂਦੇ ਹਨ (ਤੇ ਇਸ ਗਾਉਣ ਨੱਚਣ ਨਾਲ, ਇਹਨਾਂ ਵਾਲਿਆਂ ਤੇ ਹਾਰਾਂ ਦੇ ਪਹਿਨਣ ਨਾਲ 'ਗਿਆਨ' ਕਿਵੇਂ ਮਿਲ ਸਕਦਾ ਹੈ?)

ਗਿਆਨ ਨਿਰੀਆਂ ਗੱਲਾਂ ਨਾਲ ਨਹੀਂ ਭਾਲਿਆ ਜਾ ਸਕਦਾ, (ਗਿਆਨ ਕਿਵੇਂ ਮਿਲ ਸਕਦਾ ਹੈ– ਇਸ ਗੱਲ ਦਾ) ਬਿਆਨ ਕਰਨਾ ਇਉਂ ਕਰੜਾ ਹੈ ਜਿਵੇਂ ਲੋਹਾ (ਭਾਵ, ਬਹੁਤ ਔਖਾ ਹੈ) । (ਹਾਂ) ਰੱਬ ਦੀ ਮੇਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ, (ਮੇਹਰ ਤੋਂ ਬਿਨਾ ਕੋਈ) ਹੋਰ ਚਾਰਾਜੋਈ ਤੇ ਹੁਕਮ (ਵਰਤਣਾ) ਵਿਅਰਥ ਹੈ।2।

TOP OF PAGE

Sri Guru Granth Darpan, by Professor Sahib Singh