ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 463 ਮਹਲਾ ੨ ॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ {ਪੰਨਾ 463} ਪਦ ਅਰਥ: ਸਉ ਚੰਦਾ = ਇਕ ਸੌ ਚੰਦ੍ਰਮਾ। ਏਤੇ ਚਾਨਣ = ਇਤਨੇ ਚਾਨਣ। ਗੁਰ ਬਿਨੁ = ਗੁਰੂ ਤੋਂ ਬਿਨਾ। ਘੋਰ ਅੰਧਾਰ = ਘੁੱਪ ਹਨੇਰਾ। ਅਰਥ: ਜੇ (ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ, ਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ ਵਾਲੇ ਜੇ ਇਤਨੇ ਭੀ ਚੰਦ੍ਰਮਾ ਸੂਰਜ ਆਦਿਕ ਗ੍ਰਹਿ ਅਕਾਸ਼ ਵਿਚ ਚੜ੍ਹ ਪੈਣ) , ਗੁਰੂ ਤੋਂ ਬਿਨਾ (ਫੇਰ ਭੀ) ਘੁੱਪ ਹਨੇਰਾ ਹੈ।2। ਮਃ ੧ ॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥ {ਪੰਨਾ 463} ਪਦ ਅਰਥ: ਨਾਨਕ = ਹੇ ਨਾਨਕ! ਨ ਚੇਤਨੀ = ਨਹੀਂ ਚੇਤਦੇ। ਮਨਿ ਆਪਣੈ = ਆਪਣੇ ਮਨ ਵਿਚ। ਤਿਲ ਬੂਆੜ ਜਿਉ = ਬੂਆੜ ਤਿਲਾਂ ਵਾਂਗ। ਛੁਟੇ = ਛੁੱਟੜ ਪਏ ਹਨ। ਛੁਟਿਆ = ਛੁੱਟੜ ਪਏ ਹੋਇਆਂ ਦੇ। ਸਉ = (ਇਕ) ਸੌ। ਨਾਹ = ਖਸਮ। ਬਪੁੜੇ = ਵਿਚਾਰੇ। ਬੂਆੜ = ਸੜਿਆ ਹੋਇਆ (s: ÒXuÕt) । ਨੋਟ: ਉਪਰਲੇ ਸਲੋਕ ਨੰ: 2 ਵਿਚ 'ਸਉ ਚੰਦਾ' ਪਦ ਆਇਆ ਹੈ। ਇਸ ਸਲੋਕ ਵਿਚ 'ਸਉ ਨਾਹ' ਪਦ ਵਰਤਿਆ ਗਿਆ ਹੈ। ਕਈ ਸੱਜਣ ਪਹਿਲੇ 'ਸਉ' ਦਾ ਅਰਥ 'ਸੈਂਕੜਾ' ਕਰਦੇ ਹਨ ਅਤੇ ਦੂਜੇ 'ਸਉ' ਦਾ ਅਰਥ 'ਸ਼ਹੁ' 'ਖਸਮ' ਕਰਦੇ ਹਨ। ਇਹ ਉੱਕਾ ਹੀ ਅਸ਼ੁੱਧ ਹੈ। ਦੋਹੀ ਥਾਂਈ ਸ਼ਬਦ 'ਸਉ' ਦਾ ਜੋੜ ਇਕੋ ਹੀ ਹੈ। ਦੂਜੇ ਥਾਂ 'ਸਉ' ਦਾ ਉਚਾਰਨ ਕਰਨ ਵੇਲੇ 'ਹ' ਦਾ ਉਚਾਰਨ ਕਰ ਕੇ 'ਸਹੁ' ਆਖਣਾ ਵੱਡੀ ਭੁੱਲ ਹੈ। ਇਸ ਦੂਜੇ 'ਸਉ' ਦਾ ਉਚਾਰਨ ਤੇ ਅਰਥ 'ਸਹੁ' ਕਰਨ ਵਾਲੇ ਸੱਜਣ ਸ਼ਬਦ 'ਨਾਹ' ਦਾ ਅਰਥ 'ਨਹੀਂ' ਕਰਦੇ ਹਨ। ਇਕ ਇਹ ਹੋਰ ਭੁੱਲ ਹੈ। ਇਸ ਤਰ੍ਹਾਂ ਉਹ ਸਜਣ ਇਸ ਸ਼ਬਦ 'ਨਾਹ' ਨੂੰ ਕ੍ਰਿਆ-ਵਿਸ਼ੇਸ਼ਣ (Adverb) ਬਣਾ ਦੇਂਦੇ ਹਨ। ਗੁਰਬਾਣੀ ਨੂੰ ਵਿਆਕਰਣ ਅਨੁਸਾਰ ਪੜ੍ਹਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਇਹ ਸ਼ਬਦ ਕ੍ਰਿਆ-ਵਿਸ਼ੇਸ਼ਣ ਹੋਵੇ, ਤਾਂ ਇਸ ਦਾ ਰੂਪ 'ਨਾਹਿ' ਹੁੰਦਾ ਹੈ, ਭਾਵ ਇਸ ਦੇ ਅੰਤ ਵਿਚ (ਿ) ਹੁੰਦੀ ਹੈ, ਕਿਉਂਕਿ ਇਹ 'ਨਾਹਿ' ਸ਼ਬਦ ਅਸਲ ਵਿਚ ਸੰਸਕ੍ਰਿਤ ਦੇ ਦੋ ਸ਼ਬਦਾਂ 'ਨ' (n) ਅਤੇ 'ਹਿ' (ih) ਦੇ ਜੋੜ ਤੋਂ ਬਣਿਆ ਹੋਇਆ ਹੈ। ਸ਼ਬਦ 'ਨਾਹ' ਸੰਸਕ੍ਰਿਤ ਦੇ ਸ਼ਬਦ 'ਨਾਥ' (nwQ) ਦਾ ਪ੍ਰਾਕ੍ਰਿਤ ਰੂਪ ਹੈ। 'ਥ' ਤੋਂ 'ਹ' ਕਿਉਂ ਹੋ ਗਿਆ, ਇਸ ਵਿਸ਼ੇ ਉੱਤੇ 'ਗੁਰਬਾਣੀ ਵਿਆਕਰਣ' ਵਿਚ ਵਿਸਥਾਰ ਨਾਲ ਵਿਚਾਰ ਕੀਤੀ ਗਈ ਹੈ। ਗੁਰਬਾਣੀ ਵਿਚ ਕਈ ਥਾਈਂ ਸ਼ਬਦ 'ਨਾਹ' ਆਇਆ ਹੈ, ਜਿਸ ਦਾ ਅਰਥ ਹੈ 'ਖਸਮ'। ਨਾਹੁ = ਇਕ ਖਸਮ (ਇਕ-ਵਚਨ, Singular) ਨਾਹ = (ਬਹੁਤੇ) ਖਸਮ (ਬਹੁ-ਵਚਨ, Plural) = ਵੇਖੋ 'ਗੁਰਬਾਣੀ ਵਿਆਕਰਣ'। ਅਰਥ: ਹੇ ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤਰ (ਬਣੇ ਹੋਏ) ਹਨ, ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ। ਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ, ਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ) , ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ, ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ। ਨੋਟ: ਸ਼ਬਦ 'ਸਉ' ਦਾ ਅਰਥ 'ਸਹੁ' ਅਤੇ 'ਨਾਹ' ਦਾ ਅਰਥ 'ਨਾਹਿ' ਕਰਨ ਵਾਲੇ ਸੱਜਣ ਸ਼ਾਇਦ ਇੱਥੇ ਇਹ ਇਤਰਾਜ਼ ਕਰਨ ਕਿ ਨਿਖਸਮੇ ਬੂਟਿਆਂ ਦੇ ਸੌ ਖਸਮ ਕਿਵੇਂ ਹੋਏ। ਇਸ ਦੇ ਉੱਤਰ ਵਿਚ ਕੇਵਲ ਇਹ ਬੇਨਤੀ ਹੈ ਕਿ ਕਿਸੇ ਸੱਜਣ ਦੇ ਆਪਣੇ ਮਨ ਦੇ ਖ਼ਿਆਲਾਂ ਦੀ ਪੁਸ਼ਟੀ ਕਰਨ ਵਾਸਤੇ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਪਰਤੱਖ ਵਿਆਕਰਣ ਦੇ ਉਲਟ ਨਹੀਂ ਕੀਤੇ ਜਾ ਸਕਦੇ। ਉਂਞ ਇਹ ਗੱਲ ਹੈ ਭੀ ਬੜੀ ਸਾਫ਼। ਕਦੇ ਕਦੇ ਬੇ-ਰੁਤੀ ਵਰਖਾ ਤੇ ਬੱਦਲਾਂ ਦੀ ਲਿਸ਼ਕ ਦੇ ਕਾਰਨ ਛੋਲਿਆਂ ਦੇ ਫ਼ਸਲਾਂ ਦੇ ਫ਼ਸਲ ਸੜ ਜਾਂਦੇ ਹਨ। ਨਾ ਤਾ ਉਹਨਾਂ ਵਿਚ ਦਾਣੇ ਹੀ ਪੈਂਦੇ ਹਨ ਅਤੇ ਨਾ ਹੀ ਉਹ ਪਸ਼ੂਆਂ ਦੇ ਖਾਣ ਦੇ ਕੰਮ ਆ ਸਕਦੇ ਹਨ। ਜ਼ਿਮੀਦਾਰਾਂ ਪਾਸ ਵਿਹਲ ਨਾਹ ਹੋਣ ਕਰਕੇ, ਉਹ ਫ਼ਸਲ ਨਿਖਸਮੇ ਹੀ ਖੇਤਾਂ ਵਿਚ ਪਏ ਰਹਿੰਦੇ ਹਨ। ਤਦੋਂ ਪਿੰਡਾਂ ਦੇ ਕਮੀਣ ਤੇ ਗ਼ਰੀਬ ਲੋੜਵੰਦੇ ਲੋਕ ਰੋਜ਼ ਜਾ ਕੇ ਬਾਲਣ ਵਾਸਤੇ ਭਰੀਆਂ ਦੀਆਂ ਭਰੀਆਂ ਬੰਨ੍ਹ ਕੇ ਲੈ ਆਉਂਦੇ ਹਨ। ਉਥੇ ਇਹ ਗੱਲ ਪਰਤੱਖ ਵੇਖੀਦੀ ਹੈ ਕਿ ਇੱਕ ਜ਼ਿਮੀਦਾਰ ਖਸਮ ਦੇ ਨਾ ਹੋਣ ਕਰਕੇ ਕਮੀਣ ਆਦਿਕ ਉਹਨਾਂ ਦੇ ਕਈ ਖਸਮ ਆ ਬਣਦੇ ਹਨ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਵਿਚ ਚਤਰ ਬਣ ਕੇ ਗੁਰੂ ਨੂੰ ਮਨੋਂ ਵਿਸਾਰ ਦੇਂਦੇ ਹਾਂ, ਗੁਰੂ ਦੀ ਰਾਹਬਰੀ ਦੀ ਲੋੜ ਨਹੀਂ ਸਮਝਦੇ, ਤਾਂ ਕਾਮਾਦਿਕ ਸੌ ਖਸਮ ਇਸ ਮਨ ਦੇ ਆ ਬਣਦੇ ਹਨ, ਭਾਵ, ਮਨ ਕਦੇ ਕਿਸੇ ਵਿਕਾਰ ਅਤੇ ਕਦੇ ਕਿਸੇ ਵਿਕਾਰ ਦਾ ਸ਼ਿਕਾਰ ਪਿਆ ਬਣਦਾ ਹੈ। ਪਉੜੀ ॥ ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ ॥੧॥ {ਪੰਨਾ 463} ਪਦ ਅਰਥ: ਆਪੀਨ੍ਹ੍ਹੈ– ਆਪ ਹੀ ਨੇ, (ਅਕਾਲ ਪੁਰਖ) ਨੇ ਆਪ ਹੀ। ਆਪੁ = ਆਪਣੇ ਆਪ ਨੂੰ। ਨਾਉ = ਨਾਮਣਾ, ਵਡਿਆਈ। ਦੁਯੀ = ਦੂਜੀ। ਸਾਜੀਐ = ਬਣਾਈ ਹੈ। ਕਰਿ = ਕਰ ਕੇ, ਬਣਾ ਕੇ। ਚਾਉ = ਤਮਾਸ਼ਾ। ਤੁਸਿ = ਤ੍ਰੁੱਠ ਕੇ, ਪ੍ਰਸੰਨ ਹੋ ਕੇ। ਦੇਵਹਿ = ਤੂੰ ਦੇਂਦਾ ਹੈਂ। ਕਰਹਿ = ਤੂੰ ਕਰਦਾ ਹੈਂ। ਪਸਾਉ = ਪ੍ਰਸਾਦ, ਕਿਰਪਾ, ਬਖ਼ਸ਼ਸ਼। ਜਾਣੋਈ = ਜਾਣਨਹਾਰਾ, ਜਾਣੂ। ਸਭਸੈ = ਸਭਨਾਂ ਦਾ। ਦੇ = ਦੇ ਕੇ। ਲੈਸਹਿ = ਲੈ ਲਵੇਂਗਾ। ਜਿੰਦੁ ਕਵਾਉ = ਜਿੰਦ ਅਤੇ ਜਿੰਦ ਦਾ ਕਵਾਉ (ਲਿਬਾਸ, ਪੋਸ਼ਾਕ) , ਭਾਵ, ਸਰੀਰ।1। ਅਰਥ: ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ। ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿਚ ਵਿਆਪਕ ਹੋ ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ। (ਹੇ ਪ੍ਰਭੂ!) ਤੂੰ ਆਪ ਹੀ (ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ (ਇਹਨਾਂ ਦੇ) ਸਾਜਣ ਵਾਲਾ ਹੈਂ। (ਤੂੰ ਆਪ ਹੀ ਤ੍ਰੁੱਠ ਕੇ (ਜੀਵਾਂ ਨੂੰ) ਦੇਂਦਾ ਹੈਂ ਅਤੇ ਬਖ਼ਸ਼ਸ਼ ਕਰਦਾ ਹੈਂ। ਤੂੰ ਸਭਨਾਂ ਜੀਆਂ ਦੀ ਜਾਣਨਹਾਰ ਹੈਂ। ਜਿੰਦ ਅਤੇ ਸਰੀਰ ਦੇ ਕੇ (ਤੂੰ ਆਪ ਹੀ) ਲੈ ਲਵੇਂਗਾ (ਭਾਵ, ਤੂੰ ਆਪ ਹੀ ਜਿੰਦ ਤੇ ਸਰੀਰ ਦੇਂਦਾ ਹੈਂ, ਆਪ ਹੀ ਮੁੜ ਲੈ ਲੈਂਦਾ ਹੈਂ) । ਤੂੰ (ਕੁਦਰਤ ਵਿਚ) ਆਸਣ ਜਮਾ ਕੇ ਤਮਾਸ਼ਾ ਵੇਖ ਰਿਹਾ ਹੈਂ।1। ਸਲੋਕੁ ਮਃ ੧ ॥ ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥ ਸਚੇ ਤੇਰੇ ਕਰਣੇ ਸਰਬ ਬੀਚਾਰ ॥ ਸਚਾ ਤੇਰਾ ਅਮਰੁ ਸਚਾ ਦੀਬਾਣੁ ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ ਸਚਾ ਤੇਰਾ ਕਰਮੁ ਸਚਾ ਨੀਸਾਣੁ ॥ ਸਚੇ ਤੁਧੁ ਆਖਹਿ ਲਖ ਕਰੋੜਿ ॥ ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥ ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ ਨਾਨਕ ਸਚੁ ਧਿਆਇਨਿ ਸਚੁ ॥ ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥ {ਪੰਨਾ 463} ਪਦ ਅਰਥ: ਸਚੇ = ਸਦਾ-ਥਿਰ ਰਹਿਣ ਵਾਲੇ। ਖੰਡ = ਟੁਕੜੇ, ਹਿੱਸੇ, ਸ੍ਰਿਸ਼ਟੀ ਦੇ ਹਿੱਸੇ। ਬ੍ਰਹਮੰਡ = ਸ੍ਰਿਸ਼ਟੀ, ਜਗਤ। ਲੋਅ = ਚੌਦਾਂ ਲੋਕ। ਆਕਾਰ = ਸਰੂਪ, ਸ਼ਕਲ, ਰੰਗ ਰੰਗ ਦੇ ਜੀਅ ਜੰਤ, ਪਦਾਰਥ ਆਦਿਕ ਜੋ ਦਿਖਾਈ ਦੇ ਰਹੇ ਹਨ। ਕਰਣੇ = ਕੰਮ। ਸਰਬ = ਸਾਰੇ। ਅਮਰੁ = ਹੁਕਮੁ, ਪਾਤਸ਼ਾਹੀ। ਦੀਬਾਣੁ = ਦੀਵਾਨ, ਕਚਹਿਰੀ, ਦਰਬਾਰ। ਨੀਸਾਣੁ = ਨਿਸ਼ਾਨ, ਜਲਵਾ, ਜ਼ਹੂਰ। ਕਰਮੁ = ਬਖ਼ਸ਼ਸ਼। ਸਚੇ = (ਉਹ ਜੀਵ) ਸੱਚੇ ਹਨ, ਸਦਾ-ਥਿਰ ਹਨ। ਸਚੈ = ਸੱਚੇ ਦੇ (ਵਿਚ) । ਤਾਣਿ = ਤਾਣ ਵਿਚ। ਸਚੈ ਜੋਰਿ = ਸੱਚੇ ਦੇ ਜੋਰ ਵਿਚ। ਸਚੇ ਪਾਤਿਸਾਹ = ਹੇ ਸੱਚੇ ਪਾਤਸ਼ਾਹ! ਕੁਦਰਤਿ = ਰਚਨਾ। ਮਰਿ = ਮਰ ਕੇ। ਮਰਿ ਜੰਮੇ = ਮਰ ਕੇ ਜੰਮੇ, ਭਾਵ, ਮਰਦੇ ਹਨ ਤੇ ਜੰਮਦੇ ਹਨ, ਜੰਮਣ ਮਰਨ ਦੇ ਗੇੜ ਵਿਚ ਪੈਂਦੇ ਹਨ। ਸੁ = ਉਹ ਜੀਵ। ਕਚੁ = ਨਿਕਚੁ ਨਿਰੋਲ ਕੱਚੇ।1। ਅਰਥ: ਹੇ ਸੱਚੇ ਪਾਤਸ਼ਾਹ! ਤੇਰੇ (ਪੈਦਾ ਕੀਤੇ ਹੋਏ) ਖੰਡ ਤੇ ਬ੍ਰਹਿਮੰਡ ਸੱਚੇ ਹਨ (ਭਾਵ, ਖੰਡ ਤੇ ਬ੍ਰਹਿਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ ਅਟੱਲ ਹੈ) । ਤੇਰੇ (ਸਿਰਜੇ ਹੋਏ ਚੌਂਦਾਂ) ਲੋਕ ਤੇ (ਇਹ ਬੇਅੰਤ) ਆਕਾਰ ਭੀ ਸਦਾ-ਥਿਰ ਰਹਿਣ ਵਾਲੇ ਹਨ; ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ-ਰਹਿਤ ਹਨ। ਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ, ਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ। ਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ) ਸਦਾ ਵਾਸਤੇ ਕਾਇਮ ਹੈ। ਲੱਖਾਂ ਕਰੋੜਾਂ ਜੀਵ, ਜੋ ਤੈਨੂੰ ਸਿਮਰ ਰਹੇ ਹਨ, ਸੱਚੇ ਹਨ (ਭਾਵ, ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ = ਇਹ ਭੀ ਤੇਰਾ ਇਕ ਅਜਿਹਾ ਚਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਥਿਰ ਹੈ) । (ਇਹ ਖੰਡ, ਬ੍ਰਹਿਮੰਡ, ਲੋਕ, ਆਕਾਰ, ਜੀਅ ਜੰਤ ਆਦਿਕ) ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜ਼ੋਰ ਵਿਚ ਹਨ (ਭਾਵ, ਇਹਨਾਂ ਸਭਨਾਂ ਦੀ ਹਸਤੀ, ਸਭਨਾਂ ਦਾ ਆਸਰਾ ਪ੍ਰਭੂ ਆਪ ਹੈ) । ਤੇਰੀ ਸਿਫ਼ਤਿ-ਸਾਲਾਹ ਕਰਨੀ ਤੇਰਾ ਇਕ ਅਟੱਲ ਸਿਲਸਿਲਾ ਹੈ; ਹੇ ਸੱਚੇ ਪਾਤਿਸ਼ਾਹ! ਇਹ ਸਾਰੀ ਰਚਨਾ ਹੀ ਤੇਰਾ ਇਕ ਨਾ ਮੁੱਕਣ ਵਾਲਾ ਪਰਬੰਧ ਹੈ। ਹੇ ਨਾਨਕ! ਜੋ ਜੀਵ ਉਸ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਉਹ ਭੀ ਉਸ ਦਾ ਰੂਪ ਹਨ; ਪਰ ਜੋ ਜੰਮਣ ਮਰਨ ਦੇ ਗੇੜ ਵਿਚ ਪਏ ਹਨ, ਉਹ (ਅਜੇ) ਬਿਲਕੁਲ ਕੱਚੇ ਹਨ (ਭਾਵ, ਉਸ ਅਸਲ ਜੋਤ ਦਾ ਰੂਪ ਨਹੀਂ ਹੋਏ) ।1। ਨੋਟ: ਸ਼ਬਦ 'ਸਚੁ' ਸੰਸਕ੍ਰਿਤ ਸ਼ਬਦ 'ਸਤਯ' (sÄX) ਦਾ ਪੰਜਾਬੀ ਰੂਪ ਹੈ, 'ਸਤਯ' ਦਾ ਅਰਥ ਹੈ 'ਅਸਲੀ', ਜੋ ਸੱਚ-ਮੁੱਚ ਹੋਂਦ ਵਿਚ ਹੈ। ਕਈ ਮਤਾਂ ਵਾਲੇ ਇਹ ਖ਼ਿਆਲ ਕਰਦੇ ਹਨ ਕਿ ਜਗਤ ਅਸਲ ਵਿਚ ਕੁਝ ਨਹੀਂ ਹੈ। ਗੁਰੂ ਨਾਨਕ ਸਾਹਿਬ ਇਸ ਸਲੋਕ ਵਿਚ ਫ਼ੁਰਮਾਉਂਦੇ ਹਨ ਕਿ ਖੰਡਾਂ, ਬ੍ਰਹਿਮੰਡਾਂ ਆਦਿਕ ਵਾਲਾ ਇਹ ਸਾਰਾ ਸਿਲਸਲਾ ਭਰਮ ਰੂਪ ਨਹੀਂ ਹੈ; ਹਸਤੀ ਵਾਲੇ ਰੱਬ ਦਾ ਸੱਚ-ਮੁੱਚ ਇਹ ਹਸਤੀ ਵਾਲਾ ਹੀ ਪਸਾਰਾ ਹੈ। ਪਰ ਹੈ ਇਹ ਸਾਰੀ ਖੇਡ ਉਸ ਦੇ ਆਪਣੇ ਹੱਥ ਵਿਚ। ਸਮੁੱਚੇ ਤੌਰ ਤੇ ਇਹ ਸਾਰੀ ਕੁਦਰਤ ਉਸ ਦਾ ਇਕ ਅਟੱਲ ਪਰਬੰਧ ਹੈ, ਪਰ ਇਸ ਦੇ ਵਿਚ ਜੇ ਵਖੋ ਵਖਰੇ ਪਦਾਰਥ, ਜੀਆ ਜੰਤਾਂ ਦੇ ਸਰੀਰ ਆਦਿਕ ਲਈਏ ਤਾਂ ਇਹ ਨਾਸਵੰਤ ਹਨ। ਹਾਂ, ਜੋ ਉਸ ਨੂੰ ਸਿਮਰਦੇ ਹਨ, ਉਹ ਉਸ ਦਾ ਰੂਪ ਹੋ ਜਾਂਦੇ ਹਨ। ਮਃ ੧ ॥ ਵਡੀ ਵਡਿਆਈ ਜਾ ਵਡਾ ਨਾਉ ॥ ਵਡੀ ਵਡਿਆਈ ਜਾ ਸਚੁ ਨਿਆਉ ॥ ਵਡੀ ਵਡਿਆਈ ਜਾ ਨਿਹਚਲ ਥਾਉ ॥ ਵਡੀ ਵਡਿਆਈ ਜਾਣੈ ਆਲਾਉ ॥ ਵਡੀ ਵਡਿਆਈ ਬੁਝੈ ਸਭਿ ਭਾਉ ॥ ਵਡੀ ਵਡਿਆਈ ਜਾ ਪੁਛਿ ਨ ਦਾਤਿ ॥ ਵਡੀ ਵਡਿਆਈ ਜਾ ਆਪੇ ਆਪਿ ॥ ਨਾਨਕ ਕਾਰ ਨ ਕਥਨੀ ਜਾਇ ॥ ਕੀਤਾ ਕਰਣਾ ਸਰਬ ਰਜਾਇ ॥੨॥ {ਪੰਨਾ 463} ਪਦ ਅਰਥ: ਜਾ = ਜਿਸ ਦਾ, ਜਿਸ ਪ੍ਰਭੂ ਦਾ, ਕਿ ਉਸ ਪ੍ਰਭੂ ਦਾ। ਨਾਉ = ਨਾਮ, ਨਾਮਣਾ, ਜਸ। ਨਿਹਚਲ = ਅਚੱਲ, ਨਾ ਚੱਲਣ ਵਾਲਾ, ਅਬਿਨਾਸੀ। ਆਲਾਉ = ਅਲਾਪ, ਜੀਵਾਂ ਦੇ ਅਲਾਪ, ਜੀਵਾਂ ਦੇ ਬਚਨ, ਜੋ ਕੁਝ ਜੀਵ ਬੋਲਦੇ ਹਨ, ਜੀਆਂ ਦੀਆਂ ਅਰਦਾਸਾਂ। ਭਾਉ = ਵਲਵਲੇ, ਤਰੰਗ। ਜਾ = ਕਿ ਉਹ। ਪੁਛਿ = (ਕਿਸੇ ਨੂੰ) ਪੁੱਛ ਕੇ। ਆਪੇ ਆਪਿ = ਆਪ ਹੀ ਆਪ ਹੈ, ਭਾਵ, ਸੁਤੰਤਰ ਹੈ। ਕਾਰ = ਉਸ ਦਾ ਰਚਿਆ ਹੋਇਆ ਇਹ ਸਾਰਾ ਖੇਲ, ਉਸ ਦੀ ਕੁਦਰਤੀ ਕਲਾ। ਕੀਤਾ ਕਰਣਾ = ਉਸ ਦੀ ਰਚੀ ਹੋਈ ਸ੍ਰਿਸ਼ਟੀ। ਰਜਾਇ = ਰੱਬ ਦੇ ਹੁਕਮ ਵਿਚ। ਅਰਥ: ਉਸ ਪ੍ਰਭੂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮਣਾ ਵੱਡਾ ਹੈ। ਪ੍ਰਭੂ ਦਾ ਇਹ ਇਕ ਵੱਡਾ ਗੁਣ ਹੈ ਕਿ ਉਸ ਦਾ ਨਾਉਂ (ਸਦਾ) ਅਟੱਲ ਹੈ। ਉਸ ਦੀ ਇਹ ਇਕ ਵੱਡੀ ਸਿਫ਼ਤ ਹੈ ਕਿ ਉਸ ਦਾ ਆਸਣ ਅਡੋਲ ਹੈ। ਪ੍ਰਭੂ ਦੀ ਇਹ ਇਕ ਬੜੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ ਅਤੇ ਸਾਰਿਆਂ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ। ਰੱਬ ਦੀ ਇਹ ਇਕ ਉੱਚੀ ਸਿਫ਼ਤ ਹੈ ਕਿ ਕਿਸੇ ਦੀ ਸਲਾਹ ਲੈ ਕੇ (ਜੀਵਾਂ ਨੂੰ) ਦਾਤਾਂ ਨਹੀਂ ਦੇ ਰਿਹਾ (ਆਪਣੇ ਆਪ ਬੇਅੰਤ ਦਾਤਾਂ ਬਖ਼ਸ਼ਦਾ ਹੈ) (ਕਿਉਂਕਿ) ਉਸ ਵਰਗਾ ਹੋਰ ਕੋਈ ਨਹੀਂ ਹੈ। ਹੇ ਨਾਨਕ! ਰੱਬ ਦੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਸਾਰੀ ਰਚਨਾ ਉਸ ਆਪਣੇ ਹੁਕਮ ਵਿਚ ਰਚੀ ਹੈ।2। ਮਹਲਾ ੨ ॥ ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥ ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥ {ਪੰਨਾ 463} ਪਦ ਅਰਥ: ਸਚੈ ਕੀ ਹੈ ਕੋਠੜੀ = ਸਦਾ ਕਾਇਮ ਰਹਿਣ ਵਾਲੇ ਰੱਬ ਦੀ ਥਾਂ ਹੈ। ਇਕਨ੍ਹ੍ਹਾ = ਕਈ ਜੀਵਾਂ ਨੂੰ। ਹੁਕਮਿ = ਆਪਣੇ ਹੁਕਮ ਅਨੁਸਾਰ। ਸਮਾਇ ਲਏ = ਆਪਣੇ ਵਿਚ ਸਮਾ ਲੈਂਦਾ ਹੈ। ਭਾਣੈ = ਆਪਣੀ ਰਜ਼ਾ ਅਨੁਸਾਰ। ਕਢਿ ਲਏ = (ਮਾਇਆ ਦੇ ਮੋਹ ਵਿਚੋਂ) ਕੱਢ ਲੈਂਦਾ ਹੈ। ਏਵ ਭਿ = ਏਸ ਤਰ੍ਹਾਂ ਭੀ, ਇਹ ਗੱਲ ਭੀ। ਆਖਿ ਨ ਜਾਪਈ = ਆਖੀ ਨਹੀਂ ਜਾ ਸਕਦੀ। ਜਿ = ਕਿ। ਕਿਸੈ = ਕਿਸ ਜੀਵ ਨੂੰ। ਆਣੈ ਰਾਸਿ = ਰਾਸ ਲਿਆਉਂਦਾ ਹੈ, ਸਿੱਧੇ ਰਾਹੇ ਪਾਉਂਦਾ ਹੈ, ਬੇੜਾ ਪਾਰ ਕਰਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਜਾਣੀਐ = ਸਮਝ ਆਉਂਦੀ ਹੈ। ਜਾ ਕਉ = ਜਿਸ ਮਨੁੱਖ ਉੱਤੇ।3। ਅਰਥ: ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ। ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ। ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ। ਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ। ਹੇ ਨਾਨਕ! ਜਿਸ (ਵਡਭਾਗੀ) ਮਨੁੱਖ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਸਮਝ ਪੈ ਜਾਂਦੀ ਹੈ।3। ਪਉੜੀ ॥ ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥ ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ ਲਿਖਿ ਨਾਵੈ ਧਰਮੁ ਬਹਾਲਿਆ ॥੨॥ {ਪੰਨਾ 463} ਪਦ ਅਰਥ: ਜੀਅ ਉਪਾਇ ਕੈ = ਜੀਵਾਂ ਨੂੰ ਪੈਦਾ ਕਰ ਕੇ। ਧਰਮੁ = ਧਰਮ ਰਾਜ। ਲਿਖਿ ਨਾਵੈ = ਨਾਵਾਂ ਲਿਖਣ ਲਈ, ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਲਈ। ਓਥੈ = ਉਸ ਧਰਮ-ਰਾਜ ਦੇ ਅੱਗੇ। ਨਿਬੜੈ = ਨਿਬੜਦੀ ਹੈ। ਚੁਣਿ = ਚੁਣ ਕੇ। ਜਜਮਾਲਿਆ = ਜਜ਼ਾਮੀ ਜੀਵ, ਕੋਹੜੇ ਜੀਵ, ਗੰਦੇ ਜੀਵ, ਮੰਦ-ਕਰਮੀ ਜੀਵ। ਸਚੇ ਹੀ ਸਚਿ = ਨਿਰੋਲ ਸੱਚ ਹੀ ਰਾਹੀਂ, ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ। ਨੋਟ: ਇਸ ਪਉੜੀ ਦੀ ਦੂਜੀ ਤੁਕ ਦਾ ਪਾਠ ਆਮ ਤੌਰ ਤੇ ਗ਼ਲਤ ਕੀਤਾ ਜਾ ਰਿਹਾ ਹੈ, 'ਸਚੇ ਹੀ ਸਚਿ' ਦੇ ਥਾਂ 'ਸਚੋ ਹੀ ਸਚੁ' ਪਰਚਲਤ ਹੋ ਗਿਆ ਹੈ। ਵਿਆਕਰਣ ਤੋਂ ਨਾਵਾਕਫ਼ ਹੋਣ ਦੇ ਕਾਰਣ 'ਸਚੇ ਹੀ ਸਚਿ' ਅਸ਼ੁੱਧ ਪਰਤੀਤ ਹੋਣ ਲੱਗ ਪਿਆ। ਸ਼ਾਇਦ ਕਿਸੇ ਸੱਜਣ ਨੂੰ ਇਹ ਖ਼ਿਆਲ ਭੀ ਆਇਆ ਹੋਵੇ ਕਿ ਛਾਪੇ ਵਿਚ ਗ਼ਲਤੀ ਨਾਲ 'ਸਚੇ ਹੀ ਸਚਿ' ਛਪ ਗਿਆ ਹੈ, ਚਾਹੀਦਾ 'ਸਚੋ ਹੀ ਸਚੁ' ਸੀ। ਕਈ ਸੱਜਣ ਗੁਟਕਿਆਂ ਵਿਚ ਅਤੇ ਟੀਕਿਆਂ ਵਿਚ 'ਸਚੇ ਹੀ ਸਚਿ' ਦੇ ਥਾਂ 'ਸਚੋ ਹੀ ਸਚੁ' ਛਾਪਣ ਲੱਗ ਪਏ ਹਨ। ਥਾਉ ਨ ਪਾਇਨਿ = ਥਾਂ ਨਹੀਂ ਪਾਂਦੇ। ਮੁਹ ਕਾਲ੍ਹ੍ਹੈ– ਮੂੰਹ ਕਾਲੇ ਨਾਲ, ਮੂੰਹ ਕਾਲਾ ਕਰ ਕੇ। ਦੋਜਕਿ = ਦੋਜ਼ਕ ਵਿਚ। ਚਾਲਿਆ = ਧੱਕੇ ਜਾਂਦੇ ਹਨ, ਪਾਏ ਜਾਂਦੇ ਹਨ। ਤੇਰੈ ਨਾਇ = ਤੇਰੇ ਨਾਮ ਵਿਚ। ਜਿਣਿ = ਜਿੱਤ ਕੇ। ਹਾਰਿ = (ਬਾਜ਼ੀ) ਹਾਰ ਕੇ। ਸਿ = ਉਹ ਮਨੁੱਖ। ਠਗਣ ਵਾਲਿਆ = ਠੱਗਣ ਵਾਲੇ ਮਨੁੱਖ, ਵਲ-ਫਰੇਬ ਕਰਨ ਵਾਲੇ ਮਨੁੱਖ।2। ਅਰਥ: ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ। ਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ, ਜਿਨ੍ਹਾਂ ਦੇ ਪੱਲੇ 'ਸਚੁ' ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ। ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ। (ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ। (ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ।2। ਸਲੋਕ ਮਃ ੧ ॥ ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥ ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਨਾਗੇ ਫਿਰਹਿ ਜੰਤ ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥ ਵਿਸਮਾਦੁ ਸਾਦਿ ਲਗਹਿ ਪਰਾਣੀ ॥ ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥ ਵਿਸਮਾਦੁ ਭੁਖ ਵਿਸਮਾਦੁ ਭੋਗੁ ॥ ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥ ਵਿਸਮਾਦੁ ਉਝੜ ਵਿਸਮਾਦੁ ਰਾਹ ॥ ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥ ਵਿਸਮਾਦੁ ਦੇਖੈ ਹਾਜਰਾ ਹਜੂਰਿ ॥ ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਨਾਨਕ ਬੁਝਣੁ ਪੂਰੈ ਭਾਗਿ ॥੧॥ {ਪੰਨਾ 463-464} ਪਦ ਅਰਥ: ਵਿਦਮਾਦੁ = ਨੋਟ: ਸੰਸਕ੍ਰਿਤ ਪੁਸਤਕਾਂ ਵਿਚ ਸਾਧਾਰਨ ਤੌਰ ਤੇ ਕਾਵ੍ਯਾ ਦੇ ਅੱਠ ਰਸ (ਵਲਵਲਾ, ਤਰੰਗ) ਗਿਣੇ ਗਏ ਹਨ। (ਸਿੰਗ੍ਰਾਰ, ਹਾਸਯ, ਕਰੁਣਾ, ਰੌਦ੍ਰ ਵੀਰ, ਭਿਆਨਕ, ਬੀਭਤ ਅਤੇ ਅਦਭੁਤ) । ਪਰ ਕਈ ਵਾਰੀ 'ਸ਼ਾਂਤ ਰਸ' ਰਲਾ ਕੇ ਕੁੱਲ ਨੌ ਰਸ ਮਿਥੇ ਜਾਂਦੇ ਹਨ। 'ਅਦਭੁਤ' ਰਸ ਕੀਹ ਹੈ? ਹੈਰਾਨਗੀ; ਅਚਰਜਤਾ, ਵਿਸਮਾਦ। ਕੁਦਰਤ ਦੇ ਬੇਅੰਤ ਰੰਗਾ-ਰੰਗ ਦੇ ਪਦਾਰਥਾਂ ਨੂੰ ਵੇਖ ਕੇ ਮਨੁੱਖ ਦੇ ਮਨ ਵਿਚ ਇਕ ਹੈਰਾਨਗੀ ਪੈਦਾ ਹੁੰਦੀ ਹੈ, ਜਿਸ ਤੋਂ 'ਅਦਭੁਤ' ਰਸ ਉਤਪੰਨ ਹੁੰਦਾ ਹੈ। ਕੁਦਰਤ ਦੇ ਬੇਅੰਤ ਪਦਾਰਥਾਂ ਨੂੰ ਵੇਖ ਕੇ (ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੀ ਅਕਲ ਚਕ੍ਰਿਤ ਜਿਹੀ ਹੋ ਜਾਏ, ਜਿਨ੍ਹਾਂ ਤੋਂ ਕਾਦਰ ਦੀ ਕਾਰੀਗੀਰੀ ਦਾ ਕਮਾਲ ਪਰਗਟ ਹੋਵੇ) ਮਨੁੱਖ ਦੇ ਮਨ ਵਿਚ ਇਕ ਥੱਰਾਹਟ ਜਿਹੀ, ਇਕ ਕਾਂਬਾ ਜਿਹਾ ਆ ਜਾਂਦਾ ਹੈ। ਇਸ ਥੱਰਾਹਟ ਇਸ ਕਾਂਬੇ ਨੂੰ 'ਵਿਸਮਾਦ' ਕਿਹਾ ਜਾਂਦਾ ਹੈ। ਨਾਦ = ਅਵਾਜ਼, ਰਾਗ। ਵੇਦ = ਹਿੰਦੂ ਮਤ ਦੇ ਧਰਮ ਪੁਸਤਕ। ਭੇਦ = ਜੀਵਾਂ ਦੇ ਭੇਦ, ਜੀਵਾਂ ਦੀਆਂ ਬੇਅੰਤ ਕਿਸਮਾਂ। ਅਗਨੀ ਖੇਡਹਿ ਵਿਡਾਣੀ = ਅਗਨੀਆਂ ਜੋ ਅਚਰਜ ਖੇਡਾਂ ਖੇਡਦੀਆਂ ਹਨ। {ਨੋਟ: ਅਗਨੀਆਂ ਕਈ ਕਿਸਮ ਦੀਆਂ ਗਿਣੀਆਂ ਜਾਂਦੀਆਂ ਹਨ– ਬੜਵਾ ਅਗਨੀ, ਜੋ ਸਮੁੰਦਰ ਵਿਚ ਹੈ; ਦਾਵਾ ਅਗਨੀ, ਜੰਗਲ ਦੀ ਅੱਗ; ਜਠਰ ਅਗਨੀ, ਪੇਟ ਦੀ ਅੱਗ, ਜੋ ਭੋਜਨ ਪਚਾਂਦੀ ਹੈ; ਕੋਪ ਅਗਨੀ; ਚਿੰਤਾ-ਅਗਨੀ; ਗਿਆਨ ਅਗਨੀ; ਰਾਜ-ਅਗਨੀ। ਹਵਾ ਦੀਆਂ ਅਗਨੀਆਂ ਤਿੰਨ ਕਿਸਮ ਦੀਆਂ ਹਨ– ਗਾਰ੍ਹਪਤ੍ਯ, ਆਹਨੀ੍ਯ, ਦਖ੍ਹਿਣ) । ਖਾਣੀ = ਸ੍ਰਿਸ਼ਟੀ ਦੀ ਉਤਪੱਤੀ ਦੀਆਂ ਚਾਰ ਖਾਣਾਂ ਅੰਡ, ਜੇਰ, ਉਦਕ, ਸੇਤ, (ਅੰਡਾ, ਜਿਉਰ, ਪਾਣੀ ਤੇ ਮੁੜ੍ਹਕਾ) ; ਇਹਨਾਂ ਚੌਹਾਂ ਖਾਣੀਆਂ ਦੀ ਪੈਦਾਇਸ਼ ਦੇ ਨਾਮ ਇਹਨਾਂ ਦੇ ਅਨੁਸਾਰ ਇਹ ਹਨ– ਅੰਡਜ, ਜੇਰਜ, ਉਤਭਜ, ਸੇਤਜ। ਸਾਦਿ = ਸੁਆਦ ਵਿਚ। ਸੰਜੋਗੁ = ਮੇਲ, ਜੀਵਾਂ ਦਾ ਮੇਲ। ਵਿਜੋਗੁ = ਵਿਛੋੜਾ। ਭੋਗੁ = ਪਦਾਰਥਾਂ ਦਾ ਵਰਤਣਾ। ਉਝੜ = ਅਸਲੀ ਰਾਹ ਤੋਂ ਖੁੰਝ ਕੇ ਕੁ-ਰਸਤਾ। ਵਿਡਾਣੁ = ਅਚਰਜ ਕੌਤਕ। ਵੇਖਿ = ਵੇਖ ਕੇ। ਰਹਿਆ ਵਿਸਮਾਦੁ = ਵਿਸਮਾਦ ਪੈਦਾ ਹੋ ਰਿਹਾ ਹੈ, ਹਿਰਦੇ ਵਿਚ ਥੱਰਾਹਟ ਪੈਦਾ ਹੋ ਰਹੀ ਹੈ, ਮਨ ਵਿਚ ਕਾਂਬਾ ਹੋ ਰਿਹਾ ਹੈ। ਬੁਝਣੁ = (ਇਸ 'ਵਿਡਾਣੁ' ਨੂੰ) ਸਮਝਣਾ। ਅਰਥ: ਹੇ ਨਾਨਕ! (ਰੱਬ ਦੀ) ਅਚਰਜ ਕੁਦਰਤ ਨੂੰ ਪੂਰੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ; ਇਸ ਨੂੰ ਵੇਖ ਕੇ ਮਨ ਵਿਚ ਕਾਂਬਾ ਜਿਹਾ ਛਿੜ ਰਿਹਾ ਹੈ। ਕਈ ਨਾਦ ਤੇ ਕਈ ਵੇਦ; ਬੇਅੰਤ ਜੀਵ ਤੇ ਜੀਵਾਂ ਦੇ ਕਈ ਭੇਦ; ਜੀਵਾਂ ਦੇ ਤੇ ਹੋਰ ਪਦਾਰਥਾਂ ਦੇ ਕਈ ਰੂਪ ਤੇ ਕਈ ਰੰਗ = ਇਹ ਸਭ ਕੁਝ ਵੇਖ ਕੇ ਵਿਸਮਾਦ ਅਵਸਥਾ ਬਣ ਰਹੀ ਹੈ। ਕਈ ਜੰਤ (ਸਦਾ) ਨੰਗੇ ਹੀ ਫਿਰ ਰਹੇ ਹਨ; ਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ, ਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ ਰਹੀਆਂ ਹਨ; ਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣੀਆਂ = ਇਹ ਕੁਦਰਤ ਵੇਖ ਕੇ ਮਨ ਵਿਚ ਥੱਰਾਹਟ ਪੈਦਾ ਹੋ ਰਹੀ ਹੈ। ਜੀਵ ਪਦਾਰਥਾਂ ਦੇ ਸੁਆਦ ਵਿਚ ਲੱਗ ਰਹੇ ਹਨ; ਕਿਤੇ ਜੀਵਾਂ ਦਾ ਮੇਲ ਹੈ, ਕਿਤੇ ਵਿਛੋੜਾ ਹੈ; ਕਿਤੇ ਭੁੱਖ (ਸਤਾ ਰਹੀ ਹੈ) , ਕਿਤੇ ਪਦਾਰਥਾਂ ਦਾ ਭੋਗ ਹੈ (ਭਾਵ, ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ) , ਕਿਤੇ (ਕੁਦਰਤ ਦੇ ਮਾਲਕ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ, ਕਿਤੇ ਔਝੜ ਹੈ, ਕਿਤੇ ਰਸਤੇ ਹਨ– ਇਹ ਅਚਰਜ ਖੇਡ ਵੇਖ ਕੇ ਮਨ ਵਿਚ ਹੈਰਤ ਹੋ ਰਹੀ ਹੈ। (ਕੋਈ ਆਖਦਾ ਹੈ ਰੱਬ) ਨੇੜੇ ਹੈ (ਕੋਈ ਆਖਦਾ ਹੈ) ਦੂਰ ਹੈ; (ਕੋਈ ਆਖਦਾ ਹੈ ਕਿ) ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ– ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ। ਹੇ ਨਾਨਕ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ।1। |
![]() |
![]() |
![]() |
![]() |
Sri Guru Granth Darpan, by Professor Sahib Singh |