ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 462

ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥ ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥ ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥ ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥ ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥ ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥ {ਪੰਨਾ 462}

ਪਦ ਅਰਥ: ਮੀਨਾ = ਮੱਛੀ! ਜਲ ਹੀਨ = ਪਾਣੀ ਤੋਂ ਬਿਨਾ। ਖੀਨ = ਕਮਜ਼ੋਰ, ਲਿੱਸਾ। ਕਤ = ਕਿਵੇਂ? ਪ੍ਰਿਅ ਬਿਨੁ = ਪਿਆਰੇ ਤੋਂ ਬਿਨਾ। ਸਨਮੁਖ = ਸਾਹਮਣੇ, ਮੂੰਹ ਉਤੇ। ਸਹਿ = ਸਹੈ, ਸਹਾਰਦਾ ਹੈ। ਬਾਨ = ਤੀਰ। ਮ੍ਰਿਗ = ਹਰਨ। ਅਰਪੇ = ਭੇਟਾ ਕਰ ਦੇਂਦਾ ਹੈ। ਪ੍ਰਾਨ = ਜਿੰਦ। ਬੇਧਿਓ = ਵਿੰਨ੍ਹਿਆ ਜਾਂਦਾ ਹੈ। ਸਹਜ ਸਰੋਤ = ਆਤਮਕ ਅਡੋਲਤਾ ਦੇਣ ਵਾਲੇ ਨਾਦ ਨੂੰ ਸੁਣ ਕੇ। ਪ੍ਰਿਅ = ਹੇ ਪਿਆਰੇ! ਬੈਰਾਗੀ = ਉਦਾਸ-ਚਿੱਤ। ਧ੍ਰਿਗੁ = ਫਿਟਕਾਰ-ਜੋਗ। ਤਨੁ = ਸਰੀਰ। ਪਲਕਾ ਨ ਲਾਗੈ = ਅੱਖਾਂ ਦੀਆਂ ਪਲਕਾਂ ਨਹੀਂ ਇਕੱਠੀਆਂ ਹੁੰਦੀਆਂ, ਨੀਂਦ ਨਹੀਂ ਆਉਂਦੀ। ਪਾਗੈ = ਪਗ, ਚਰਨ। ਅਨਦਿਨੁ = ਹਰ ਵੇਲੇ। ਸ੍ਰੀ ਰੰਗ = ਲੱਛਮੀ ਦਾ ਪਤੀ, ਪਰਮਾਤਮਾ। ਸ੍ਰੀ = ਲੱਛਮੀ। ਮਾਤੇ = ਮਸਤ। ਭੈ = ਸਾਰੇ ਡਰ {'ਭਉ' ਤੋਂ ਬਹੁ-ਵਚਨ}। ਦੁਤੀਆ = ਦੂਜਾ, ਮਾਇਆ ਦਾ। ਭਰਮ ਦੁਤੀਆ = ਮਾਇਆ ਪਿੱਛੇ ਭਟਕਣਾ। ਮਇਆ = ਤਰਸ। ਦਇਆਲ = ਹੇ ਦਇਆਲ! ਪੂਰਨ = ਹੇ ਸਰਬ-ਵਿਆਪਕ! ਨਾਨਕ = ਹੇ ਨਾਨਕ!।2।

ਅਰਥ: ਹੇ ਭਾਈ! ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਪਾਣੀ ਤੋਂ ਵਿਛੁੜਿਆਂ ਉਸ ਦਾ ਮਨ ਉਸ ਦਾ ਸਰੀਰ ਲਿੱਸਾ ਹੋ ਜਾਂਦਾ ਹੈ। ਪਿਆਰੇ (ਪਾਣੀ) ਤੋਂ ਬਿਨਾ ਉਹ ਕਿਵੇਂ ਜੀਊ ਸਕਦੀ ਹੈ?

ਹੇ ਭਾਈ! ਹਰਨ ਆਤਮਕ ਜੀਵਨ ਦੇਣ ਵਾਲੀ (ਘੰਡੇ ਹੇੜੇ ਦੀ ਆਵਾਜ਼) ਸੁਣ ਕੇ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ (ਸਭ ਕੁਝ ਉਸ ਮਿੱਠੀ ਸੁਰ ਤੋਂ) ਸਦਕੇ ਕਰ ਦੇਂਦਾ ਹੈ, ਸਿੱਧਾ ਮੂੰਹ ਉਤੇ ਉਹ (ਸ਼ਿਕਾਰੀ ਦਾ) ਤੀਰ ਸਹਾਰਦਾ ਹੈ, ਸਾਹਮਣੇ ਮੂੰਹ ਰੱਖ ਕੇ ਤੀਰ ਸਹਾਰਦਾ ਹੈ।

ਹੇ ਪਿਆਰੇ! ਮੇਰੀ ਪ੍ਰੀਤਿ (ਤੇਰੇ ਚਰਨਾਂ ਵਿਚ) ਲੱਗ ਗਈ ਹੈ। (ਹੇ ਪ੍ਰਭੂ! ਮੈਨੂੰ) ਮਿਲ, ਮੇਰਾ ਚਿੱਤ (ਦੁਨੀਆ ਵਲੋਂ) ਉਦਾਸ ਹੈ। ਹੇ ਭਾਈ! ਉਸ ਪਿਆਰੇ ਦੇ ਮਿਲਾਪ ਤੋਂ ਬਿਨਾ ਜੇ ਇਹ ਸਰੀਰ ਇਕ ਖਿਨ ਭੀ ਟਿਕਿਆ ਰਹਿ ਸਕੇ ਤਾਂ ਇਹ ਸਰੀਰ ਫਿਟਕਾਰ-ਜੋਗ ਹੈ।

ਹੇ ਪਿਆਰੇ ਪ੍ਰਭੂ! ਮੈਨੂੰ ਨੀਂਦ ਨਹੀਂ ਪੈਂਦੀ, ਤੇਰੇ ਚਰਨਾਂ ਵਿਚ ਮੇਰੀ ਪ੍ਰੀਤ ਲੱਗੀ ਹੋਈ ਹੈ, ਮੇਰਾ ਮਨ ਹਰ ਵੇਲੇ ਤੈਨੂੰ ਹੀ ਚਿਤਾਰ ਰਿਹਾ ਹੈ।

ਹੇ ਭਾਈ! ਜੇਹੜੇ ਵਡ-ਭਾਗੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਜੇਹੜੇ ਉਸ ਦੇ ਨਾਮ ਵਿਚ ਮਸਤ ਹੋ ਜਾਂਦੇ ਹਨ, ਉਹ ਦੁਨੀਆ ਦੇ ਸਾਰੇ ਡਰ ਮਾਇਆ ਦੀ ਭਟਕਣਾ ਇਹ ਸਭ ਕੁਝ ਦੂਰ ਕਰ ਲੈਂਦੇ ਹਨ। ਹੇ ਨਾਨਕ! (ਆਖ–) ਹੇ ਸਰਬ-ਵਿਆਪਕ ਦਇਆਲ ਹਰੀ! ਮੇਰੇ ਉਤੇ ਮੇਹਰ ਕਰ, ਤਰਸ ਕਰ, ਮੈਂ ਸਦਾ ਤੇਰੇ ਪਿਆਰ ਵਿਚ ਮਸਤ ਰਹਾਂ।2।

ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥ ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥ ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥ ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥ ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥ ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥ {ਪੰਨਾ 462}

ਪਦ ਅਰਥ: ਅਲਿ = ਭੌਰਾ। ਅਲੀਅਲ = ਅਲਿਕੁਲ, ਭੌਰੇ। ਗੁੰਜਾਤ = ਗੁੰਜਾਰ ਪਾਂਦੇ। ਮਕਰੰਦ = ਫੁੱਲ ਦੀ ਵਿਚਲੀ ਧੂੜੀ। ਬਾਸਨ = ਸੁਗੰਧੀ। ਮਾਤ = ਮਸਤ। ਆਪ = ਆਪੁ, ਆਪਣੇ ਆਪ ਨੂੰ। ਚਾਤ੍ਰਿਕ = ਪਪੀਹਾ। ਘਨ = ਬੂੰਦ। ਬਚਿਤ੍ਰਿ = ਸੁੰਦਰ, ਸੋਹਣੀ। ਮਨਿ = ਮਨ ਵਿਚ। ਆਸ = ਤਾਂਘ। ਅਲ = ਅਲਿ, ਮਸਤ ਕਰ ਦੇਣ ਵਾਲਾ ਰਸ। ਤਾਪ = ਦੁੱਖ-ਕਲੇਸ਼। ਤਨਿ = ਤਨ ਵਿਚ, ਹਿਰਦੇ ਵਿਚ। ਘਨਾ = ਬਹੁਤ। ਸੁਜਾਨ = ਸਿਆਣਾ। ਰਸਨਾ = ਜੀਭ (ਨਾਲ) । ਭਨਾ = ਭਨਾਂ, ਮੈਂ ਉਚਾਰਾਂ। ਗਹਿ = ਫੜ ਕੇ। ਦ੍ਰਿਸਟਿ = ਨਜ਼ਰ, ਨਿਗਾਹ। ਜੰਪੈ = ਬੇਨਤੀ ਕਰਦਾ ਹੈ। ਪਤਿਤ ਪਾਵਨ = ਹੇ ਪਤਿਤਾਂ ਨੂੰ ਪਵਿਤ੍ਰ ਕਰਨ ਵਾਲੇ!।3।

ਅਰਥ: (ਹੇ ਭਾਈ! ਕੌਲ-ਫੁੱਲਾਂ ਦੇ ਦੁਆਲੇ) ਭੌਰੇ ਗੁੰਜਾਰ ਪਾਂਦੇ ਹਨ, ਭੌਰੇ ਨਿੱਤ ਗੁੰਜਾਰ ਪਾਂਦੇ ਹਨ, ਕੌਲ-ਫੁੱਲਾਂ ਦੀ ਧੂੜੀ ਦੇ ਰਸ ਦੀ ਸੁਗੰਧੀ ਵਿਚ ਮਸਤ ਹੁੰਦੇ ਹਨ, ਪ੍ਰੀਤੀ ਦੇ ਖਿੱਚੇ ਹੋਏ ਉਹ ਆਪਣੇ ਆਪ ਨੂੰ ਕੌਲ-ਫੁੱਲਾਂ ਵਿਚ ਬੰਨ੍ਹਾ ਲੈਂਦੇ ਹਨ।

(ਹੇ ਭਾਈ! ਭਾਵੇਂ ਸਰ ਤੇ ਟੋਭੇ ਪਾਣੀ ਨਾਲ ਭਰੇ ਪਏ ਹਨ, ਪਰ) ਪਪੀਹੇ ਦੇ ਚਿੱਤ ਨੂੰ (ਬੱਦਲਾਂ ਦੀ ਬੂੰਦ ਦੀ) ਪਿਆਸ ਹੈ, ਪਪੀਹੇ ਦੇ ਚਿੱਤ ਨੂੰ (ਸਿਰਫ਼ ਬੱਦਲਾਂ ਦੀ ਬੂੰਦ ਦੀ) ਤ੍ਰੇਹ ਹੈ, ਉਸ ਦੇ ਮਨ ਵਿਚ ਬੱਦਲਾਂ ਦੀ ਬੂੰਦ ਦੀ ਹੀ ਤਾਂਘ ਹੈ। ਜਦੋਂ ਪਪੀਹਾ ਉਸ ਮਸਤ ਕਰਾ ਦੇਣ ਵਾਲੀ ਬੂੰਦ ਨੂੰ ਪੀਂਦਾ ਹੈ, ਤਾਂ ਉਸ ਦੀ ਤਪਸ਼ ਮਿਟਦੀ ਹੈ।

ਹੇ ਜੀਵਾਂ ਦੇ ਦੁੱਖ-ਕਲੇਸ਼ ਨਾਸ ਕਰਨ ਵਾਲੇ! ਤਾਪ ਨਾਸ ਕਰਨ ਵਾਲੇ! (ਮੇਰੀ ਤੇਰੇ ਦਰ ਤੇ ਬੇਨਤੀ ਹੈ, ਮੈਨੂੰ) ਮਿਲ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਤੇਰੇ ਚਰਨਾਂ ਦਾ) ਬਹੁਤ ਡੂੰਘਾ ਪ੍ਰੇਮ ਹੈ। ਤੂੰ ਮੇਰਾ ਸੋਹਣਾ ਚਤੁਰ ਸਿਆਣਾ ਮਾਲਕ ਹੈਂ। ਮੈਂ (ਆਪਣੀ) ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰਾਂ?

ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਹਰੀ! ਮੈਨੂੰ ਬਾਹੋਂ ਫੜ ਕੇ ਆਪਣੀ ਚਰਨੀਂ ਲਾ ਲਵੋ, ਮੈਨੂੰ ਆਪਣਾ ਨਾਮ ਬਖ਼ਸ਼ੋ, ਤੇਰੀ ਨਿਗਾਹ ਮੇਰੇ ਉਤੇ ਪੈਂਦਿਆਂ ਹੀ ਮੇਰੇ ਸਾਰੇ ਪਾਪ ਮਿਟ ਜਾਂਦੇ ਹਨ। ਨਾਨਕ ਬੇਨਤੀ ਕਰਦਾ ਹੈ– ਹੇ ਹਰੀ! ਤੇਰਾ ਦਰਸਨ ਕੀਤਿਆਂ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।3।

ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥ ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥ ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥ ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥ ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥ {ਪੰਨਾ 462}

ਪਦ ਅਰਥ: ਚਿਤਵਉ = ਮੈਂ ਚਿਤਵਦਾ ਹਾਂ। ਨਾਥ = ਹੇ ਨਾਥ! ਅਨਾਥ = ਮੈਨੂੰ ਅਨਾਥ ਨੂੰ। ਚਾਈਲੇ = ਚਾਉ-ਭਰੇ। ਲੁਬਧ = ਲਾਲਚੀ। ਜਾਚਿਕ = ਮੰਗਤੇ। ਮਾਨ = ਆਦਰ। ਬਿਦੀਰਨ = ਨਾਸ ਕਰਨ ਵਾਲਾ। ਕੰਠਿ = ਗਲ ਨਾਲ। ਸਭਾਗੇ = ਭਾਗਾਂ ਵਾਲੇ। ਨਾਹ = ਨਾਥ, ਖਸਮ। ਪ੍ਰਭ = ਹੇ ਪ੍ਰਭੂ! ਮੁਰਾਰੀ = ਹੇ ਮੁਰਾਰੀ! ਕਲਮਲ = ਪਾਪ। ਸ੍ਰੀਧਰ = ਲੱਛਮੀ-ਪਤੀ। ਨਿਧਾਨ = ਖ਼ਜ਼ਾਨਾ।4।

ਅਰਥ: ਹੇ ਮੇਰੇ ਖਸਮ-ਪ੍ਰਭੂ! ਮੈਂ ਚਿੱਤ (ਵਿਚ ਤੈਨੂੰ ਹੀ) ਚਿਤਾਰਦਾ ਹਾਂ, ਹੇ ਨਾਥ! ਮੈਂ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ। ਮੈਨੂੰ ਅਨਾਥ ਨੂੰ ਆਪਣੀ ਸਰਨ ਵਿਚ ਰੱਖ ਲੈ। (ਹੇ ਨਾਥ! ਮੈਨੂੰ) ਮਿਲ (ਤੈਨੂੰ ਮਿਲਣ ਲਈ ਮੇਰੇ ਅੰਦਰ) ਚਾਉ ਹੈ, ਮੇਰੀ ਜਿੰਦ ਤੇਰੇ ਦਰਸਨ ਲਈ ਉਤਸ਼ਾਹ ਵਿਚ ਆਈ ਹੋਈ ਹੈ।

ਹੇ ਪ੍ਰਭੂ! ਤੇਰੇ ਸੋਹਣੇ ਸਰੂਪ ਵਿਚ ਮੇਰੀ ਸੁਰਤਿ ਜੁੜੀ ਹੋਈ ਹੈ, ਤੇਰੇ ਸੋਹਣੇ ਸਰੀਰ ਵਲ ਮੇਰਾ ਧਿਆਨ ਲੱਗਾ ਹੋਇਆ ਹੈ। ਹੇ ਗੋਪਾਲ! ਮੇਰਾ ਮਨ ਤੇਰੇ ਨਾਲ ਡੂੰਘੀ ਸਾਂਝ ਪਾਣ ਵਾਸਤੇ ਲਲਚਾ ਰਿਹਾ ਹੈ। ਤੂੰ ਉਹਨਾਂ (ਵਡ-ਭਾਗੀਆਂ) ਦਾ ਮਾਣ ਰੱਖਦਾ ਹੈਂ ਜੇਹੜੇ ਤੇਰੇ ਦਰ ਦੇ ਮੰਗਤੇ ਬਣਦੇ ਹਨ।

ਹੇ ਪ੍ਰਭੂ! ਆਪਣੇ ਦਰ ਦੇ ਮੰਗਤਿਆਂ ਦਾ ਆਦਰ-ਮਾਣ ਕਰਦਾ ਹੈਂ, ਤੂੰ ਉਹਨਾਂ ਦੇ ਦੁੱਖਾਂ ਦਾ ਨਾਸ ਕਰਦਾ ਹੈਂ, (ਤੇਰੀ ਮੇਹਰ ਨਾਲ ਉਹਨਾਂ ਦੀਆਂ) ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ।

ਹੇ ਭਾਈ! ਜੇਹੜੇ (ਵਡ-ਭਾਗੀ ਮਨੁੱਖ) ਪ੍ਰਭੂ-ਪਤੀ ਦੇ ਗਲ ਨਾਲ ਲੱਗਦੇ ਹਨ, ਉਹਨਾਂ (ਦੀ ਜ਼ਿੰਦਗੀ) ਦੇ ਦਿਨ ਭਾਗਾਂ ਵਾਲੇ ਹੋ ਜਾਂਦੇ ਹਨ, ਖਸਮ-ਪ੍ਰਭੂ ਨੂੰ ਮਿਲ ਕੇ ਉਹਨਾਂ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ। ਜਿਨ੍ਹਾਂ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਜਿਨ੍ਹਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਨਾਸ ਹੋ ਜਾਂਦੇ ਹਨ।

ਨਾਨਕ ਬੇਨਤੀ ਕਰਦਾ ਹੈ (= ਹੇ ਭਾਈ!) ਲੱਛਮੀ-ਪਤੀ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ-ਪ੍ਰਭੂ ਮੈਨੂੰ ਮਿਲ ਪਿਆ ਹੈ, ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ।4।1।14। 35।

ਮ: 5 = 14
ਮ: 4 = 14
ਮ: 3 = 2
ਮ: 5 = 5
. ਜੋੜ . . 35

ੴ ਸਤਿਗੁਰ ਪ੍ਰਸਾਦਿ ॥

ਆਸਾ ਦੀ ਵਾਰ ਦਾ ਭਾਵ

ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ 'ਆਸਾ ਦੀ ਵਾਰ' ਦੀ ਕੀਹ ਸ਼ਕਲ ਸੀ = ਇਸ ਗੱਲ ਦਾ ਨਿਰਨਾ "ਸਲੋਕ ਭੀ ਮਹਲੇ ਪਹਿਲੇ ਕੇ ਲਿਖੇ" ਦੇ ਸਿਰਲੇਖ ਦੀ ਵਿਆਖਿਆ ਵਿਚ ਕੀਤਾ ਗਿਆ ਹੈ। 'ਵਾਰ' ਪਹਿਲਾਂ ਕੇਵਲ ਪਉੜੀਆਂ ਹੀ ਸੀ। ਸੋ ਆਸਾ ਦੀ ਵਾਰ ਦਾ ਭਾਵ ਲਿਖਣ ਜਾਂ ਸਮਝਣ ਵੇਲੇ ਹਰੇਕ ਪਉੜੀ ਦੇ ਸਲੋਕਾਂ ਦਾ ਧਿਆਨ ਰੱਖਣ ਦੀ ਲੋੜ ਨਹੀਂ ਹੈ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਜਾਂ ਸਲੋਕ ਆਦਿਕ ਆਮ ਤੌਰ ਤੇ ਕਿਸੇ ਖ਼ਾਸ ਇਤਿਹਾਸਕ ਸਾਖੀ ਸੰਬੰਧੀ ਹਨ, ਪਰ ਉਹਨਾਂ ਦਾ ਮੁਖ-ਭਾਵ ਹਰੇਕ ਮਨੁੱਖ ਦੇ ਜੀਵਨ ਤੇ ਘਟ ਸਕਦਾ ਹੈ। ਇਸ ਗੱਲ ਦੀ ਲੋੜ ਨਹੀਂ ਹੈ ਕਿ ਜੇ ਉਹੋ ਜਿਹੀ ਇਤਿਹਾਸਕ ਘਟਨਾ ਵਰਤੋਂ ਵਿਚ ਆਵੇ, ਤਦੋਂ ਹੀ ਕੋਈ ਸ਼ਬਦ ਜਾਂ ਸਲੋਕ ਢੁਕ ਸਕੇਗਾ। ਇਸੇ ਤਰ੍ਹਾਂ 'ਆਸਾ ਦੀ ਵਾਰ' ਦੇ ਸਲੋਕਾਂ ਦਾ ਸਾਖੀ ਵਾਲਾ ਸੰਬੰਧ ਪਉੜੀਆਂ ਨਾਲ ਨਹੀਂ ਹੈ, ਕੇਵਲ ਮੁੱਖ ਭਾਵ ਦਾ ਸੰਬੰਧ ਪਉੜੀਆਂ ਦੇ ਭਾਵ ਨਾਲ ਹੈ।

ਇਸ ਗੱਲ ਨੂੰ ਹੋਰ ਵਧੀਕ ਸਮਝਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿਚੋਂ ਇਕ ਸਾਖੀ ਲੈ ਲਵੋ। ਸੰਗਲਾਦੀਪ ਤੋਂ ਆਉਂਦੇ ਹੋਏ, ਰਸਤੇ ਵਿਚ ਜੈਨੀਆਂ ਦੇ ਇਕ ਮੱਠ ਤੇ ਗੁਰੂ ਸਾਹਿਬ ਇਕ ਸਰੇਵੜੇ ਨੂੰ ਮਿਲੇ, ਜਿਸ ਦਾ ਨਾਉਂ 'ਅਨਭੀ' ਸੀ। ਇਸ ਦੇ ਨਾਲ ਧਰਮ-ਵਿਚਾਰ ਦੇ ਸੰਬੰਧ ਵਿਚ ਗੁਰੂ ਸਾਹਿਬ ਨੇ ਹੇਠ-ਲਿਖਿਆ ਸਲੋਕ ਉਚਾਰਿਆ:

ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ ਭੇਡਾ ਵਾਗੀ ਸਿਰ ਖੋਹਾਇਨਿ ਭਰੀ ਅਨਿ ਹਥ ਸੁਆਹੀ ॥......

ਐਸ ਵੇਲੇ ਇਹ ਸਲੋਕ 'ਮਾਝ ਕੀ ਵਾਰ' ਦੀ 26 ਵੀਂ ਪਉੜੀ ਦੇ ਨਾਲ ਦਰਜ ਹੈ। ਉਪਰਲੀ ਸਾਖੀ ਵਿਚ ਕਿਤੇ ਇਹ ਜ਼ਿਕਰ ਨਹੀਂ ਆਉਂਦਾ ਕਿ ਉਸ ਸਰੇਵੜੇ ਨੂੰ ਉਪਦੇਸ਼ ਕਰਨ ਵੇਲੇ ਗੁਰੂ ਨਾਨਕ ਸਾਹਿਬ ਨੇ ਇਹ 'ਮਾਝ ਕੀ ਵਾਰ' ਭੀ ਉਚਾਰੀ ਸੀ, ਜਿਸ ਵਿਚ ਹੁਣ ਉਪਰਲਾ ਸਲੋਕ ਦਰਜ ਹੈ। ਸਲੋਕਾਂ ਸਮੇਤ ਇਹ ਵਾਰ ਉਸ ਸਰੇਵੜੇ ਸੰਬੰਧੀ ਹੋ ਨਹੀਂ ਸੀ ਸਕਦੀ, ਕਿਉਂਕਿ ਇਸ ਵਿਚ ਮੁਸਲਮਾਨਾਂ ਬਾਰੇ ਸਲੋਕ ਭੀ ਦਰਜ ਹਨ।

ਸੋ 'ਮਾਝ ਕੀ ਵਾਰ' ਦੇ ਮੁਖ-ਉਪਦੇਸ਼ ਦਾ ਜ਼ਿਕਰ ਕਰਨ ਵਾਲੇ ਇਹਨਾਂ ਸਲੋਕਾਂ ਦੀਆਂ ਸਾਖੀਆਂ ਦਾ ਹਵਾਲਾ ਦੇਣਾ, ਜਾਂ ਇਉਂ ਆਖਣਾ ਕਿ 'ਮਾਝ ਕੀ ਵਾਰ' ਵਿਚ ਗੁਰੂ ਨਾਨਕ ਸਾਹਿਬ ਨੇ ਸਰੇਵੜਿਆਂ ਤੇ ਮੁਸਲਮਾਨਾਂ ਨੂੰ ਅਮੁਕਾ ਉਪਦੇਸ਼ ਕੀਤਾ, ਗ਼ਲਤ ਹੈ। 'ਮਾਝ ਕੀ ਵਾਰ' ਕੇਵਲ ਪਉੜੀਆਂ ਹਨ, ਇਸ ਵਾਸਤੇ 'ਵਾਰ' ਦਾ ਮੁਖ-ਭਾਵ ਕੇਵਲ ਪਉੜੀਆਂ ਦਾ ਹੀ ਮੁਖ-ਭਾਵ ਹੋ ਸਕਦਾ ਹੈ।

ਇਸੇ ਤਰ੍ਹਾਂ 'ਆਸਾ ਦੀ ਵਾਰ' ਦੇ ਮੁਖ-ਉਪਦੇਸ਼ ਦਾ ਵਰਣਨ ਕਰਨ ਵੇਲੇ ਇਹ ਆਖਣਾ ਅਸ਼ੁੱਧ ਹੈ ਕਿ ਗੁਰੂ ਨਾਨਕ ਸਾਹਿਬ ਨੇ 'ਆਸਾ ਦੀ ਵਾਰ' ਦੀ ਰਾਹੀਂ ਰਾਸਾਂ ਸੰਬੰਧੀ, ਮੁਸਲਮਾਨਾਂ ਦੇ ਮੁਰਦੇ ਦੱਬਣ ਸੰਬੰਧੀ, ਜਨੇਊ ਸੰਬੰਧੀ, ਗਊ ਦੇ ਗੋਬਰ ਦਾ ਪੋਚਾ ਫੇਰਨ ਸੰਬੰਧੀ, ਹਉਮੈ ਸੰਬੰਧੀ, ਇਸਤ੍ਰੀ ਜਾਤੀ ਸੰਬੰਧੀ, ਜਾਂ ਹੋਰ ਸਲੋਕਾਂ ਦੇ ਕਿਸੇ ਮਜ਼ਮੂਨ ਸੰਬੰਧੀ ਉਪਦੇਸ਼ ਕੀਤਾ ਹੈ। ਸਲੋਕਾਂ ਦੇ ਵਖੋ ਵਖਰੇ ਮਜ਼ਮੂਨ ਹੀ ਦੱਸ ਰਹੇ ਹਨ ਕਿ ਇਹ ਸਭ ਵਖੋ ਵਖਰੇ ਸਮੇਂ ਲੋੜ ਉਚਾਰੇ ਗਏ ਹਨ। ਜਨੇਊ ਦੀ ਸਾਖੀ ਆਮ ਪਰਸਿੱਧ ਹੈ। ਇਤਿਹਾਸ ਵਿਚ ਉਹ ਖ਼ਾਸ ਸਲੋਕ ਭੀ ਦਿੱਤੇ ਗਏ ਹਨ, ਜੋ ਜਨੇਊ ਵੇਲੇ ਗੁਰੂ ਸਾਹਿਬ ਨੇ ਪਾਂਧੇ ਨੂੰ ਸੁਣਾਏ ਸਨ, ਪਰ ਕੋਈ ਸਿਆਣਾ ਮਨੁੱਖ ਇਹ ਨਹੀਂ ਆਖ ਸਕਦਾ ਕਿ ਇਹ ਸਾਰੀ 'ਵਾਰ' ਸਾਰੇ ਸਲੋਕਾਂ ਸਮੇਤ ਗੁਰੂ ਨਾਨਕ ਦੇਵ ਜੀ ਨੇ ਉਸ ਜਨੇਊ ਦੇ ਸਮੇ ਪਾਂਧੇ ਨੂੰ ਉਪਦੇਸ਼ ਦੇਣ ਵਾਸਤੇ ਉਚਾਰੀ ਸੀ। ਜਨੇਊ ਦੇ ਸਲੋਕਾਂ ਦੀ ਸਾਖੀ ਦਾ 'ਆਸਾ ਦੀ ਵਾਰ' ਦੀ 15ਵੀਂ ਪਉੜੀ ਦੇ ਮਜ਼ਮੂਨ ਨਾਲ ਕੋਈ ਸੰਬੰਧ ਨਹੀਂ ਹੈ। ਇਹੀ ਹਾਲ ਸਾਰੇ ਸਲੋਕਾਂ ਦਾ ਹੈ। ਇਹਨਾਂ ਸਲੋਕਾਂ ਦੀ ਕੇਵਲ ਉਹੀ ਸਿੱਖਿਆ, ਜੋ "ਸਾਂਝੀ ਸਗਲ ਜਹਾਨੈ" ਹੈ ਤੇ ਇਨ੍ਹਾਂ ਪਉੜੀਆਂ ਦੇ ਭਾਵ ਨਾਲ ਰਲਦੀ ਹੈ, 'ਆਸਾ ਦੀ ਵਾਰ' ਦੇ ਮੁਖ ਉਪਦੇਸ਼ ਵਿਚ ਲਈ ਜਾਣੀ ਹੈ। ਦੂਜੇ ਅੱਖਰਾਂ ਵਿਚ ਇਉਂ ਆਖ ਲਵੋ ਕਿ 'ਆਸਾ ਦੀ ਵਾਰ' ਦਾ ਮੁਖ-ਭਾਵ ਕੇਵਲ ਪਉੜੀਆਂ ਦਾ ਹੀ ਮੁਖ-ਭਾਵ ਹੈ।

ਸੋ ਜੋ ਸੱਜਣ ਹੁਣ ਤਕ ਸ਼ਿਕਾਇਤ ਕਰਿਆ ਕਰਦੇ ਸਨ ਕਿ 'ਆਸਾ ਦੀ ਵਾਰ' ਦੇ ਸਾਰੇ ਮਜ਼ਮੂਨ ਦੀ ਇਕ ਲੜੀ ਨਹੀਂ ਬਣਦੀ, ਉਹਨਾਂ ਦੀ ਸੇਵਾ ਵਿਚ ਪ੍ਰਾਰਥਨਾ ਹੈ ਕਿ ਸਲੋਕਾਂ ਤੋਂ ਬਿਨਾ ਰਤਾ ਗਹੁ ਨਾਲ ਮੂਲ 'ਆਸਾ ਦੀ ਵਾਰ', ਅਰਥਾਤ ਕੇਵਲ ਪਉੜੀਆਂ ਦਾ ਪਾਠ ਕਰਨ, ਅਤੇ ਵੇਖ ਲੈਣ ਕਿ ਸਾਰੀਆਂ ਪਉੜੀਆਂ ਕਿਵੇਂ ਇਕੋ ਹੀ ਸੁੰਦਰ ਮਜ਼ਮੂਨ ਵਿਚ ਪਰੋਤੀਆਂ ਹੋਈਆਂ ਹਨ।

ਬਾਕੀ ਰਹੇ ਸਲੋਕ; ਉਹਨਾਂ ਦੀਆਂ ਭੀ ਸਾਖੀਆਂ ਨੂੰ ਛੱਡ ਕੇ ਜੇ ਸੱਜਣ ਜਨ 'ਸਾਂਝੇ ਉਪਦੇਸ਼', 'ਮੁਖ-ਭਾਵ' ਨੂੰ ਰਤਾ ਵਿਚਾਰ ਨਾਲ ਸੋਚਣਗੇ, ਤਾਂ ਪਰਤੱਖ ਪਰਗਟ ਹੋ ਜਾਵੇਗਾ ਕਿ ਹਰੇਕ ਸਲੋਕ ਜਿਸ ਪਉੜੀ ਦੇ ਨਾਲ ਦਰਜ ਹੈ ਉਸ ਦਾ ਮੁਖ-ਭਾਵ ਪਉੜੀ ਨਾਲ ਮਿਲਦਾ ਹੈ। ਕਈ ਇਤਿਹਾਸਕਾਰ ਲਿਖ ਗਏ ਹਨ ਕਿ 'ਆਸਾ ਦੀ ਵਾਰ' ਦੀਆਂ ਪਹਿਲੀਆਂ 9 ਪਉੜੀਆਂ (ਸਲੋਕਾਂ ਸਮੇਤ) ਪਾਕ-ਪਟਨ ਵਿਚ ਸ਼ੇਖ ਬ੍ਰਹਮ ਪਾਸ ਉਚਾਰੀਆਂ ਸਨ ਤੇ ਬਾਕੀ 15 ਕਿਸੇ ਹੋਰ ਥਾਂ। ਇਹ ਖ਼ਿਆਲ ਉੱਕਾ ਹੀ ਗ਼ਲਤ ਹੈ। ਸਾਰੀ 'ਵਾਰ' ਦਾ ਇਕੋ ਹੀ ਮਜ਼ਮੂਨ ਹੈ, ਜਿੱਥੇ ਭੀ ਉਚਾਰੀ ਹੈ, ਸਾਰੀ ਇਕੱਠੀ ਹੀ ਉਚਾਰੀ ਹੈ।

ਪਉੜੀ-ਵਾਰ ਭਾਵ:

(1) ਕੁਦਰਤਿ ਸਾਜ ਕੇ ਇਸ ਵਿਚ ਆਪ ਹੀ ਬੈਠਾ ਪ੍ਰਭੂ ਜਗਤ-ਤਮਾਸ਼ਾ ਵੇਖ ਰਿਹਾ ਹੈ।

(2) ਜਗਤ ਵਿਚ ਪ੍ਰਭੂ ਨੇ ਜੀਵ ਨੂੰ ਘੱਲਿਆ ਹੈ ਕਿ ਇਹ 'ਸਚ' ਨੂੰ ਗ੍ਰਹਣ ਕਰੇ; 'ਨਾਮ-ਸਿਮਰਨ' ਮਨੁੱਖ ਦੇ ਜੀਵਨ ਦਾ ਮਨੋਰਥ ਹੈ। ਹਰੇਕ ਜੀਵ ਨੂੰ ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਨਿੱਬੜਨਾ ਪੈਂਦਾ ਹੈ।

(3) ਜੋ ਜੀਵ ਸਿਰਫ਼ ਭੋਗਾਂ ਵਿਚ ਹੀ ਜੀਵਨ ਬਿਤਾ ਜਾਂਦੇ ਹਨ, ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ।

(4) ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ 'ਗੁਰੂ' ਮਿਲਾਉਂਦਾ ਹੈ, ਉਸ ਨੂੰ ਜਨਮ ਮਰਨ ਦੇ ਗੇੜ ਵਿਚੋਂ ਕੱਢ ਲੈਂਦਾ ਹੈ ਕਿਉਂਕਿ ਉਹ ਜੀਵ ਹਉਮੈ ਤਿਆਗ ਕੇ 'ਨਾਮ' ਜਪਦਾ ਹੈ।

(5) ਪ੍ਰਭੂ ਦਾ 'ਨਾਮ' ਹੀ ਦੁੱਖਾਂ ਨਰਕਾਂ ਤੋਂ ਬਚਾਉਂਦਾ ਹੈ। ਜੇ ਜੀਵ ਆਪਣਾ ਭਲਾ ਲੋੜਦਾ ਹੈ ਤਾਂ ਇਸ ਨੂੰ ਇਹੀ ਭਲੀ ਕਮਾਈ ਕਰਨੀ ਚਾਹੀਦੀ ਹੈ। ਜਗਤ ਵਿਚ ਸਦਾ ਨਹੀਂ ਬੈਠ ਰਹਿਣਾ।

(6) ਪਰ ਇਹ ਨਿਸਚੇ ਜਾਣੋ ਕਿ 'ਨਾਮ' ਦੀ ਦਾਤਿ 'ਗੁਰੂ' ਤੋਂ ਬਿਨਾ ਕਿਸੇ ਹੋਰ ਥਾਂ ਤੋਂ ਨਹੀਂ ਮਿਲਦੀ। ਗੁਰੂ ਵਿਚ ਹੀ ਨਿਰੰਕਾਰ ਨੇ ਆਪਣਾ ਆਪ ਪਰਗਟ ਕੀਤਾ ਹੈ।

(7) 'ਨਾਮ' ਉਹੀ ਮਨੁੱਖ ਸਿਮਰ ਸਕਦਾ ਹੈ ਜੋ ਸੰਤੋਖੀ ਹੈ ਤੇ ਮੰਦੇ ਪਾਸੇ ਪੈਰ ਨਹੀਂ ਧਰਦਾ, ਜੋ ਦੁਨੀਆ ਦੇ ਬੰਧਨਾਂ ਵਿਚ ਨਹੀਂ ਫਸਦਾ ਤੇ ਚਸਕਿਆਂ ਤੋਂ ਬਚਿਆ ਰਹਿੰਦਾ ਹੈ।

(8) ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਦੇ ਹਿਰਦੇ ਵਿਚ 'ਨਾਮ' ਵੱਸਦਾ ਹੈ। ਪਰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਬੰਦੇ ਜੀਵਨ ਅਜਾਈਂ ਗਵਾਉਂਦੇ ਹਨ।

(9) ਜੋ ਮਨੁੱਖ ਗ਼ਰੀਬ-ਸੁਭਾਉ ਰਹਿ ਕੇ ਪ੍ਰਭੂ ਦੇ ਦਰ ਤੇ ਸਿਫ਼ਤਿ-ਸਾਲਾਹ ਕਰਦੇ ਹਨ, ਉਹ ਹਨ ਪ੍ਰਭੂ ਦੇ ਭਗਤ; ਤੇ ਉਹ ਭਗਤ ਉਸ ਨੂੰ ਪਿਆਰੇ ਲੱਗਦੇ ਹਨ।

(10) ਤਾਂ ਤੇ, ਜੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਮਿਲੇ ਉਹ ਆਪਣੇ ਮੱਥੇ ਉਤੇ ਲਾਈਏ, ਭਾਵ, ਗੁਰਮੁਖਾਂ ਦੇ ਦਰ ਤੇ ਨਿੰਮ੍ਰਤਾ-ਭਾਵ ਨਾਲ ਆਵੀਏ। ਇਸ ਤਰ੍ਹਾਂ ਮਾਇਆ ਦੇ ਮੋਹ ਦਾ ਤਿਆਗ ਕੀਤਾ ਜਾ ਸਕਦਾ ਹੈ।

(11) ਫਿਰ ਭੀ, ਨਿਰਾ ਕਿਸੇ ਆਪਣੇ ਉੱਦਮ ਦੀ ਟੇਕ ਰੱਖਣਾ ਭੁੱਲ ਹੈ। ਧੁਰੋਂ ਜਿਨ੍ਹਾਂ ਉਤੇ ਮਿਹਰ ਹੈ ਉਹੀ 'ਨਾਮ' ਸਿਮਰਦੇ ਹਨ। ਹਰ ਵੇਲੇ ਬਖ਼ਸ਼ਸ਼ ਦੀ ਆਸ ਰੱਖੋ।

(12) ਪ੍ਰਭੂ ਦੀ ਹਜ਼ੂਰੀ ਵਿਚ ਪੜ੍ਹੇ ਅਨਪੜ੍ਹੇ ਦੀ ਵਿਚਾਰ ਨਹੀਂ; ਹਰੇਕ ਦੀ ਆਪੋ ਆਪਣੀ ਕਮਾਈ ਉਤੇ ਨਿਬੇੜਾ ਹੁੰਦਾ ਹੈ। ਜੋ ਭੀ ਮਨੁੱਖ ਮੂੰਹ-ਜ਼ੋਰ ਹੈ, ਉਹ ਅੰਤ ਦੁੱਖੀ ਹੁੰਦਾ ਹੈ।

(13) ਇਸ ਜਗਤ ਨੂੰ ਇਕ ਸਮੁੰਦਰ ਸਮਾਨ ਜਾਣੋ ਜਿਸ ਵਿਚ ਵਿਕਾਰਾਂ ਦੀਆਂ ਲਹਰਾਂ ਉਠ ਰਹੀਆਂ ਹਨ; ਇਸ ਵਿਚੋਂ ਪਾਰ ਲੰਘਣ ਲਈ ਗੁਰੂ, ਮਾਨੋ, ਜਹਾਜ਼ ਹੈ। ਪਰ, ਇਹ ਸਮਝ ਕਿਸੇ ਵਿਰਲੇ ਨੂੰ ਆਉਂਦੀ ਹੈ ਜਿਸ ਉਤੇ ਮਾਲਕ ਦੀ ਮਿਹਰ ਹੋਵੇ।

(14) ਰੂਪ (ਭਾਵ, ਵਿਖਾਵਾ) ਨਾਲ ਨਹੀਂ ਨਿਭਦਾ, ਚੰਗੀ ਮੰਦੀ ਕਮਾਈ ਹੀ ਨਾਲ ਜਾਂਦੀ ਹੈ। ਜਿਨ੍ਹਾਂ ਇਥੇ ਹੁਕਮ ਕੀਤੇ, ਉਹਨਾਂ ਦੀਆਂ ਵਧੀਕੀਆਂ ਉਹਨਾਂ ਦੇ ਸਾਹਮਣੇ ਜਮ-ਰੂਪ ਦਿੱਸਦੀਆਂ ਹਨ।

(15) ਜਿਸ ਜੀਵ ਉਤੇ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਆਪਣੇ 'ਹੁਕਮ' ਵਿਚ ਤੋਰਦਾ ਹੈ, ਜਿਸ ਕਰ ਕੇ ਉਹ ਜੀਵ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।

(16) ਹਰੇਕ ਦੀ ਸੰਭਾਲ ਆਪ ਹੀ ਕਰਦਾ ਹੈ, ਮਾਣ ਵਡਿਆਈ ਦੇਣ ਵਾਲਾ ਆਪ ਹੀ ਹੈ, ਪਰ, ਇਹਨਾਂ ਵਡਿਆਈਆਂ ਦਾ ਮਾਣ ਕੂੜਾ ਹੈ, ਉਹ ਕਦੇ ਬਾਦਸ਼ਾਹ ਨੂੰ ਭੀ ਭਿਖਾਰੀ ਬਣਾ ਕੇ ਦਰ ਦਰ ਰੁਲਾਉਂਦਾ ਹੈ।

(17) ਸੋਹਣੇ ਘੋੜੇ, ਮਹਲ ਮਾੜੀਆਂ, ਹਕੂਮਤ = ਇਹਨਾਂ ਵਿਚ ਮਸਤ ਹੋ ਕੇ ਮੌਤ ਨੂੰ ਭੁਲਾ ਦੇਣਾ ਭੁੱਲ ਹੈ, ਉਮਰ ਅਜਾਈਂ ਚਲੀ ਜਾਂਦੀ ਹੈ।

(18) ਅਸਲ ਵਡਿਆਈਆਂ ਹਨ ਉੱਚੇ ਆਤਮਕ ਗੁਣ ਜੋ ਗੁਰੂ ਪਾਸੋਂ ਹੀ ਮਿਲ ਸਕਦੇ ਹਨ। ਜਿਸ ਉਤੇ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਉਂਦਾ ਹੈ; ਗੁਰੂ ਮਿਲਿਆਂ ਅਉਗਣ ਦੂਰ ਹੁੰਦੇ ਹਨ ਤੇ ਗੁਣ ਪਰਗਟਦੇ ਹਨ।

(19) ਹਰੇਕ ਜੀਵ 'ਅਪਣੱਤ' ਵਿਚ ਫਸਿਆ ਪਿਆ ਹੈ; ਪਰ ਇਸ ਜਗਤ ਦੀ ਖ਼ਾਤਰ ਮਾਣ ਕਰਨਾ ਭੁੱਲ ਹੈ, ਕਿਉਂਕਿ ਇਹ ਨਾਲ ਨਹੀਂ ਨਿਭਣਾ।

(20) ਇਸ ਜੀਵ ਨੂੰ ਗਿਣੇ-ਮਿਥੇ ਦਿਨ ਮਿਲੇ ਹਨ; ਜੀਵ ਨੂੰ ਚਾਹੀਦਾ ਹੈ ਕਿ ਪ੍ਰਭੂ ਦਾ ਸਿਮਰਨ ਕਰ ਕੇ ਆਪਣਾ ਜੀਵਨ ਸਵਾਰੇ, ਉਹ ਪ੍ਰਭੂ ਹਰੇਕ ਨੂੰ ਜੀਵਨ-ਸੱਤਾ ਦੇ ਰਿਹਾ ਹੈ।

(21) ਆਪਣਾ ਬੀਜਿਆ ਹੀ ਵੱਢਣਾ ਪੈਂਦਾ ਹੈ। ਬੁਰਾਈ ਵਲੋਂ ਬਚੋ, ਉਹ ਬਾਜ਼ੀ ਖੇਡੋ ਜਿਸ ਕਰਕੇ ਮਾਲਕ ਨਾਲ ਬਣ ਆਵੇ।

(22) ਜੋ ਮਨੁੱਖ 'ਚਾਕਰ' ਬਣਦਾ ਹੈ ਤੇ 'ਰਜ਼ਾ' ਵਿਚ ਤੁਰਦਾ ਹੈ, ਉਹ ਮਾਣ ਪਾਉਂਦਾ ਹੈ; ਮਾਲਕ ਨਾਲ ਸ਼ਰੀਕਾ ਕੀਤਿਆਂ ਸ਼ਰਮਿੰਦਗੀ ਮਿਲਦੀ ਹੈ।

(23) ਪੈਦਾ ਕਰਨ ਵਾਲਾ ਤੇ ਮਾਰਨ ਵਾਲਾ ਪ੍ਰਭੂ ਆਪ ਹੀ ਹੈ, ਕਿਸੇ ਨੂੰ ਸੁਖ ਤੇ ਕਿਸੇ ਨੂੰ ਦੁੱਖ ਆਪ ਹੀ ਦੇਣਹਾਰ ਹੈ, ਉਹੀ ਹਰੇਕ ਦੀ ਸੰਭਾਲ ਕਰਨ ਵਾਲਾ ਹੈ।

(24) ਸਿਰਜਣਹਾਰ ਆਪ ਹੀ ਰਿਜ਼ਕ ਦੇਣ ਦੇ ਸਮਰੱਥ ਹੈ। ਉਸ ਤੋਂ ਬਿਨਾ ਜੀਵ ਦਾ ਹੋਰ ਕੋਈ ਆਸਰਾ ਨਹੀਂ ਹੈ।

ਸਮੁੱਚਾ ਭਾਵ:

1. (ਪਉੜੀ 1, 2, 3) ਪਰਮਾਤਮਾ ਨੇ ਆਪਣੇ ਆਪ ਤੋਂ ਜਗਤ ਰਚਿਆ ਹੈ, ਇਸ ਵਿਚ ਹਰ ਥਾਂ ਬੈਠ ਕੇ ਜਗਤ-ਤਮਾਸ਼ਾ ਵੇਖ ਰਿਹਾ ਹੈ। ਜਗਤ ਵਿਚ ਮਨੁੱਖ ਪੈਦਾ ਕੀਤਾ ਹੈ ਕਿ 'ਸਚ' ਨੂੰ ਗ੍ਰਹਣ ਕਰੇ, 'ਸੱਚੇ' ਪ੍ਰਭੂ ਦੀ ਬੰਦਗੀ ਕਰੇ, ਪਰ ਦੁਨੀਆ ਵਿਚ ਲੱਗ ਕੇ ਬੰਦਾ ਬਾਜ਼ੀ ਹਾਰ ਰਿਹਾ ਹੈ।

2. (ਨੰ: 4, 5, 6) ਪ੍ਰਭੂ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲਦਾ ਹੈ ਉਹ 'ਆਪਾ-ਭਾਵ' ਗਵਾ ਕੇ ਗੁਰੂ ਦਾ ਉਪਦੇਸ਼ ਸੁਣਦਾ ਹੈ ਤੇ 'ਨਾਮ' ਸਿਮਰਦਾ ਹੈ ਜਿਸ ਕਰ ਕੇ ਉਸ ਦੇ ਦੁੱਖ-ਕਲੇਸ਼ ਨਿਵਰਦੇ ਹਨ। ਗੁਰੂ ਤੋਂ ਬਿਨਾ ਇਹ ਦਾਤਿ ਨਹੀਂ ਮਿਲਦੀ, ਗੁਰੂ ਦੀ ਅੱਖ ਹੀ ਪ੍ਰਭੂ ਦਾ ਹਰ ਥਾਂ ਦੀਦਾਰ ਕਰਨ ਦੇ ਸਮਰੱਥ ਹੈ।

3. 'ਨਾਮ' ਦੀ ਕਮਾਈ ਕੀਹ ਹੈ? (7 ਤੋਂ 10) ਸੰਤੋਖ ਦਾ ਜੀਵਨ, ਆਪਣੇ ਅੰਦਰ ਹਰ ਵੇਲੇ ਪ੍ਰਭੂ ਨੂੰ ਦ੍ਰਿੜ ਕਰਨਾ, ਗੁਰਮੁਖਾਂ ਦੀ ਸੰਗਤਿ, ਨਿਰੀ ਆਪਣੀ ਨਿੱਕੀ ਜਿਹੀ ਮੱਤ ਤੇ ਟੇਕ ਰੱਖਣੀ; ਸਗੋਂ (11 ਤੋਂ 15) ਪਰਮਾਤਮਾ ਦੀ ਬਖ਼ਸ਼ਸ਼ ਤੇ ਆਸ ਰੱਖ ਕੇ ਉੱਦਮ ਕਰਨਾ, ਕਿਸੇ ਵਿੱਦਿਆ ਦੇ ਮਾਣ ਤੇ ਮੂੰਹ-ਜ਼ੋਰ ਨਾਹ ਹੋ ਜਾਣਾ, ਸਗੋਂ 'ਆਪਾ' ਗੁਰੂ ਤੋਂ ਵਾਰ ਦੇਣਾ, ਨੇਕ ਕਮਾਈ, ਨੇਕ ਅਮਲ ਅਤੇ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ।

4. ਦੁਨੀਆ ਦੀਆਂ ਵਡਿਆਈਆਂ ਦਾ ਮਾਣ ਕੂੜਾ ਹੈ; (16) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ ਪਰ ਜੇ ਖੋਹਣ ਲੱਗੇ ਤਾਂ ਰਾਜੇ ਤੋਂ ਕੰਗਾਲ ਬਣਾ ਦੇਂਦਾ ਹੈ। (17) ਰਾਜ ਮਿਲਖ ਤਖ਼ਤ ਮਹਲ ਵੇਖ ਕੇ ਮਨ-ਮੰਨੀਆਂ ਮੌਜਾਂ ਵਿਚ ਜੀਵਨ ਗਵਾ ਲੈਣਾ ਭਾਰੀ ਭੁੱਲ ਹੈ। (18) ਆਤਮਕ ਰੱਬੀ ਗੁਣ ਸਭ ਤੋਂ ਉੱਚਾ ਧਨ ਹੈ, ਇਹ ਗੁਣ ਗੁਰੂ ਤੋਂ ਮਿਲਦਾ ਹੈ। (19) ਮਮਤਾ ਵਿਚ ਫਸ ਕੇ ਕਿਸੇ ਅਹੰਕਾਰ ਵਿਚ ਆ ਕੇ ਮੰਦੇ ਪਾਸੇ ਨਾ ਤੁਰੀਏ, ਕਿਸੇ ਦਾ ਦਿਲ ਨਾਹ ਦੁਖਾਈਏ। (20) ਜੀਵਨ ਸੁਆਰੀਏ ਤੇ ਪ੍ਰਭੂ ਨੂੰ ਚੇਤੇ ਰੱਖੀਏ, ਇਥੇ ਸਦਾ ਨਹੀਂ ਰਹਿਣਾ। (21) ਆਪਣੇ ਕੀਤੇ ਅਨੁਸਾਰ ਸੁਖ ਦੁੱਖ ਮਿਲਦਾ ਹੈ, ਤਾਂ ਫਿਰ ਬੁਰੇ ਰਾਹ ਕਿਉਂ ਤੁਰੀਏ? (22) ਦੁਨੀਆ ਦੇ ਕੂੜੇ ਮਾਣ ਤੇ ਮਾਲਕ ਨਾਲ ਸ਼ਰੀਕਾ ਕੀਤਿਆਂ ਸ਼ਰਮਿੰਦਗੀ ਮਿਲਦੀ ਹੈ। (23) ਕਿਸੇ ਨੂੰ ਸੁਖ ਤੇ ਕਿਸੇ ਨੂੰ ਦੁੱਖ ਪ੍ਰਭੂ ਆਪ ਹੀ ਦੇ ਰਿਹਾ ਹੈ। (24) ਪਰਮਾਤਮਾ ਆਪ ਹੀ ਰਾਜ਼ਕ ਹੈ, ਉਸ ਤੋਂ ਬਿਨਾ ਜੀਵ ਦਾ ਹੋਰ ਕੋਈ ਆਸਰਾ ਨਹੀਂ ਹੈ।

ਮੁੱਖ ਭਾਵ:

ਕਰਤਾਰ ਨੇ ਜੀਵ ਨੂੰ 'ਸਚੁ' ਗ੍ਰਹਣ ਕਰਨ ਲਈ 'ਨਾਮ' ਸਿਮਰਨ ਲਈ ਪੈਦਾ ਕੀਤਾ ਹੈ, ਪਰ ਇਹ ਮਾਇਕ ਭੋਗਾਂ ਵਿਚ ਰੁੱਝ ਕੇ ਜੀਵਨ ਵਿਅਰਥ ਗਵਾ ਲੈਂਦਾ ਹੈ। ਜਿਸ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਾਉਂਦਾ ਹੈ, ਗੁਰੂ ਤੋਂ ਹੀ 'ਨਾਮ' ਪ੍ਰਾਪਤ ਹੁੰਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦਾ ਜੀਵਨ ਉੱਚਾ ਹੋ ਜਾਂਦਾ ਹੈ। ਉਸ ਨੂੰ ਸਮਝ ਆ ਜਾਂਦੀ ਹੈ ਕਿ ਦੁਨੀਆ ਦੀਆਂ ਵਡਿਆਈਆਂ ਦਾ ਮਾਣ ਕੂੜਾ ਹੈ, ਉਹ ਇਕ ਪ੍ਰਭੂ ਨੂੰ ਹੀ ਆਪਣਾ ਆਸਰਾ ਜਾਣਦਾ ਹੈ।

ਬਣਤਰ

ਇਸ 'ਵਾਰ' ਦੀਆਂ 24 ਪਉੜੀਆਂ ਹਨ, ਤੇ ਇਹਨਾਂ ਨਾਲ 59 ਸਲੋਕ ਹਨ। ਵੇਰਵਾ ਇਉਂ ਹੈ:

ਸਲੋਕ ਮ: 1 = 44
ਸਲੋਕ ਮ: 2 = 15
ਪਉੜੀ ਨੰ: 1, 2, 11, 12, 15, 18 ਅਤੇ 22 ਨੂੰ ਛੱਡ ਕੇ ਬਾਕੀ 17 ਪਉੜੀਆਂ ਨਾਲ ਦੋ ਦੋ ਸਲੋਕ ਹਨ; ਜੋੜ = 34
ਪਉੜੀ ਨੰ: 1, 2, 11 ਅਤੇ 18 ਨਾਲ ਤਿੰਨ ਤਿੰਨ ਸਲੋਕ ਹਨ; ਜੋੜ = 12।
ਪਉੜੀ ਨੰ: 12 ਅਤੇ 15 ਨਾਲ ਚਾਰ ਚਾਰ ਸਲੋਕ, ਜੋੜ 8।
ਪਉੜੀ ਨੰ: 22 ਨਾਲ 5 ਸਲੋਕ।
ਕੁੱਲ ਜੋੜ = 34+12+8+5=59।

ਪਉੜੀ ਨੰ: 21, 22, 23 ਨਾਲ ਗੁਰੂ ਨਾਨਕ ਸਾਹਿਬ ਦਾ ਕੋਈ ਭੀ ਸਲੋਕ ਨਹੀਂ ਹੈ। ਪਉੜੀ ਨੰ: 7 ਅਤੇ 24 ਨਾਲ ਇਕ ਇਕ ਸਲੋਕ; ਪਉੜੀ ਨੰ: 11 ਅਤੇ 18 ਨਾਲ ਗੁਰੂ ਨਾਨਕ ਦੇਵ ਜੀ ਦੇ ਤਿੰਨ ਤਿੰਨ ਸਲੋਕ ਅਤੇ ਪਉੜੀ ਨੰ: 15 ਨਾਲ ਗੁਰੂ ਨਾਨਕ ਸਾਹਿਬ ਦੇ ਚਾਰ ਸਲੋਕ ਹਨ।

ਕਵਿਤਾ ਦੇ ਦ੍ਰਿਸ਼ਟੀ-ਕੋਣ ਤੋਂ ਪਉੜੀਆਂ ਦੀ ਬਨਾਵਟ ਵਲ ਵੇਖੋ। ਪਉੜੀ ਨੰ: 18, 22 ਅਤੇ 23 ਨੂੰ ਛੱਡ ਕੇ ਬਾਕੀ ਸਭ ਦੀ ਬਨਾਵਟ ਇਕੋ ਜਿਹੀ ਹੈ, ਤੁਕਾਂ ਦੀ ਗਿਣਤੀ ਭੀ ਇਕ-ਸਮਾਨ ਹੈ। ਜੇ ਗੁਰੂ ਨਾਨਕ ਦੇਵ ਜੀ ਨੇ 'ਵਾਰ' ਉਚਾਰਨ ਵੇਲੇ ਸਲੋਕ ਭੀ ਨਾਲੋ ਨਾਲ ਹੀ ਉਚਾਰੇ ਹੁੰਦੇ ਤੇ ਆਪ ਹੀ ਇਹਨਾਂ ਪਉੜੀਆਂ ਨਾਲ ਦਰਜ ਕੀਤੇ ਹੁੰਦੇ, ਤਾਂ ਇਹ ਨਹੀਂ ਸੀ ਹੋ ਸਕਦਾ ਕਿ ਕੁਝ ਪਉੜੀਆਂ ਸਲੋਕਾਂ ਤੋਂ ਉੱਕਾ ਹੀ ਸੱਖਣੀਆਂ ਰਹਿਣ ਦੇਂਦੇ। ਫਿਰ, ਸਲੋਕਾਂ ਦੇ ਮਜ਼ਮੂਨ ਵਲ ਤੱਕੋ, ਸਾਫ਼ ਦਿੱਸਦਾ ਹੈ ਕਿ ਵਖੋ ਵਖ ਸਮੇ ਦੇ ਹਨ, ਜਨੇਊ, ਸੂਤਕ, ਮੁਰਦੇ ਦੱਬਣੇ, ਚਉਕੇ ਦੀ ਸੁੱਚ, ਰਾਸਾਂ ਆਦਿਕ। ਸੋ ਇਹ ਵਿਚਾਰਾਂ ਸਾਫ਼ ਪਰਗਟ ਕਰਦੀਆਂ ਹਨ ਕਿ 'ਵਾਰ' ਸਿਰਫ਼ 'ਪਉੜੀਆਂ' ਹੀ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਲੈ ਕੇ ਗੁਰੂ ਰਾਮ ਦਾਸ ਜੀ ਦੇ ਸਮੇ ਤਕ ਇਹ ਇਸੇ ਹੀ ਸ਼ਕਲ ਵਿਚ ਰਹੀ। ਸਲੋਕ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ ਸਨ।

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ {ਪੰਨਾ 462}

ੴ = 'ਓਅੰਕਾਰ' ਸੰਸਕ੍ਰਿਤ ਦੇ 'ਓਅੰ' ਸ਼ਬਦ ਤੋਂ ਲਿਆ ਗਿਆ ਹੈ। ਇਹ ਸ਼ਬਦ 'ਓਅੰ' ਸਭ ਤੋਂ ਪਹਿਲਾਂ ਉਪਨਿਸ਼ਦਾਂ ਵਿਚ ਵਰਤਿਆ ਗਿਆ ਹੈ 'ਮਾਂਡੂਕਯ' ਉਪਨਿਸ਼ਦ ਵਿਚ ਲਿਖਿਆ ਹੈ ਕਿ ਜੋ ਕੁਝ ਹੋ ਚੁਕਿਆ ਹੈ, ਜੋ ਐਸ ਵੇਲੇ ਮੌਜੂਦ ਹੈ ਅਤੇ ਜੋ ਹੋਵੇਗਾ, ਇਹ 'ਓਅੰ' ਹੀ ਹੈ।

ਉਪਨਿਸ਼ਦਾਂ ਤੋਂ ਪਿਛੋਂ ਦੇ ਸਮੇ ਵਿਚ ਸ਼ਬਦ 'ਓਅੰ' ਵਿਸ਼ਨੂੰ, ਸ਼ਿਵ ਅਤੇ ਬ੍ਰਹਮਾ ਦੇ ਸਮੁਦਾਇ ਲਈ ਵਰਤਿਆ ਗਿਆ।

'ਓਅੰਕਾਰ' ਸ਼ਬਦ 'ਅਕਾਲ ਪੁਰਖ' ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਉਂਦਾ ਹੈ, ਜਿਵੇਂ:

ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰ ਬੇਦ ਨਿਰਮਏ ॥

{ਰਾਮਕਲੀ ਮਹਲਾ 1 ਦਖਣੀ, ਓਅੰਕਾਰੁ

ਸ਼ਬਦ 'ਏਕੰਕਾਰ' ਭੀ (ਜੋ ੴ ਦਾ ਉਚਾਰਨ ਹੈ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਹੈ, ਯਥਾ:

ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥

{ਬਿਲਾਵਲੁ ਮਹਲਾ 1 ਥਿਤੀ ਘਰੁ 10 ਜਤਿ

ਸਤਿਨਾਮੁ: ਜਿਸ ਦਾ ਨਾਮ 'ਸਤਿ' ਹੈ। ਸ਼ਬਦ 'ਸਤਿ' ਸੰਸਕ੍ਰਿਤ ਦੇ ਧਾਤੂ 'ਅਸ' ਤੋਂ ਹੈ, ਜਿਸ ਦਾ ਅਰਥ ਹੈ 'ਹੋਣਾ'। 'ਸਤਿ' ਦਾ ਸੰਸਕ੍ਰਿਤ ਰੂਪ 'ਸਤਯ' ਹੈ। ਇਸ ਦਾ ਅਰਥ ਹੈ 'ਹੋਂਦ ਵਾਲਾ'। 'ਸਤਿਨਾਮੁ' ਦਾ ਅਰਥ ਹੈ, 'ਉਹ ਇਕ ਓਅੰਕਾਰ ਜਿਸ ਦਾ ਨਾਮ ਹੈ ਹੋਂਦ ਵਾਲਾ'।

ਪੁਰਖੁ: ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਦੇ ਅਰਥ ਇਉਂ ਕੀਤੇ ਹਨ: 'ਪੁਰਿ ਸ਼ੇਤੇ ਇਤਿ ਪੁਰੁਸ਼ਹ'। ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ। ਸੰਸਕ੍ਰਿਤ ਵਿਚ ਸ਼ਬਦ 'ਪੁਰਖੁ' ਦਾ ਪਰਚਲਤ ਅਰਥ ਹੈ 'ਮਨੁੱਖ'। ਭਗਵਤ ਗੀਤਾ ਵਿਚ 'ਪੁਰਖ' 'ਆਤਮਾ' ਅਰਥ ਵਿਚ ਵਰਤਿਆ ਗਿਆ ਹੈ। 'ਰਘੁਵੰਸ਼' ਪੁਸਤਕ ਵਿਚ ਇਹ ਸ਼ਬਦ 'ਬ੍ਰਹਮਾਂਡ ਦਾ ਆਤਮਾ' ਦੇ ਅਰਥਾਂ ਵਿਚ ਆਇਆ ਹੈ। ਇਸੇ ਤਰ੍ਹਾਂ ਪੁਸਤਕ 'ਸ਼ਿਸ਼ੂਪਾਲ ਵਧ' ਵਿਚ ਭੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਪੁਰਖੁ' ਦੇ ਅਰਥ ਹਨ ਓਹ ਓਅੰਕਾਰ ਜੋ ਸਾਰੇ ਜਗਤ ਵਿਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ। 'ਮਨੁੱਖ' ਅਤੇ 'ਆਤਮਾ' ਅਰਥ ਵਿਚ ਭੀ ਇਹ ਸ਼ਬਦ ਕਈ ਥਾਈਂ ਆਇਆ ਹੈ।

ਅਕਾਲ ਮੂਰਤਿ: ਸ਼ਬਦ 'ਮੂਰਤਿ' ਇਸਤ੍ਰੀ-ਲਿੰਗ ਹੈ। ਅਕਾਲ ਇਸ ਦਾ ਵਿਸ਼ੇਸ਼ਣ ਹੈ। ਇਸੇ ਕਰਕੇ ਇਹ ਇਸਤ੍ਰੀ ਲਿੰਗ ਰੂਪ ਵਿਚ ਲਿਖਿਆ ਗਿਆ ਹੈ। ਜੇ ਸ਼ਬਦ 'ਅਕਾਲ' ਇਕੱਲਾ ਹੀ 'ਪੁਰਖੁ' 'ਨਿਰਭਉ' 'ਨਿਰਵੈਰੁ' ਵਾਂਗ 1 ਓ ਦਾ ਗੁਣ-ਵਾਚਕ ਹੁੰਦਾ, ਤਾਂ ਪੁਲਿੰਗ ਰੂਪ ਵਿਚ ਹੁੰਦਾ, ਭਾਵ, ਤਾਂ ਇਸ ਦੇ ਅੰਤ ਵਿਚ (ੁ) ਹੁੰਦਾ।

ਅਰਥ: ਅਕਾਲ ਪੁਰਖ ਇੱਕ ਹੈ; ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ {ਪੰਨਾ 462}

ਸਾਰੀ ਬਾਣੀ ਨੂੰ ਤਰਤੀਬ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਇਕੱਤਰ ਕਰਾਉਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਸਨ। ਵਖੋ ਵਖਰੇ ਸ਼ਬਦਾਂ ਅਤੇ ਬਾਣੀਆਂ ਦੇ ਮੁੱਢ ਵਿਚ ਸਿਰਲੇਖ ਭੀ ਗੁਰੂ ਅਰਜਨ ਸਾਹਿਬ ਜੀ ਨੇ ਹੀ ਭਾਈ ਗੁਰਦਾਸ ਜੀ ਤੋਂ ਲਿਖਾਏ। ਆਸਾ ਦੀ ਵਾਰ ਦੇ ਮੁੱਢ ਤੇ ਭੀ ਇਹ ਪੰਕਤੀ 'ਸਲੋਕ ਭੀ ਮਹਲੇ ਪਹਿਲੇ ਕੇ ਲਿਖੇ' ਉਹਨਾਂ ਦੀ ਹੀ ਲਿਖਾਈ ਹੋਈ ਹੈ। ਉਹ ਆਪ ਹੀ ਲਿਖ ਰਹੇ ਹਨ ਕਿ ਇਸ ਵਾਰ ਦੇ 'ਨਾਲਿ' ਸਲੋਕ ਭੀ ਅਸਾਂ ਮਹਲੇ ਪਹਿਲੇ ਕੇ ਲਿਖ ਦਿੱਤੇ ਹਨ। ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਣ ਤੋਂ ਪਹਿਲਾਂ 'ਆਸਾ ਦੀ ਵਾਰ' ਕੇਵਲ 24 ਪਉੜੀਆਂ ਹੀ ਸੀ। ਸਾਰੇ ਗੁਰ-ਮਹਲਾਂ ਦੀ ਅਤੇ ਭਗਤਾਂ ਆਦਿਕਾਂ ਦੀ ਬਾਣੀ ਨੂੰ ਤਰਤੀਬ ਦੇਣ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਹਰੇਕ ਰਾਗ ਦੇ 'ਸ਼ਬਦ', ਫੇਰ 'ਅਸਟਪਦੀਆਂ', 'ਛੰਤ' ਤੇ 'ਵਾਰ' ਆਦਿਕ ਲਿਖਾਏ ਅਤੇ ਰਾਗ ਦੇ ਅਖ਼ੀਰ ਵਿਚ ਭਗਤਾਂ ਦੇ ਸ਼ਬਦ ਲਿਖਾਏ। ਏਸੇ ਤਰ੍ਹਾਂ ਸਾਰੇ ਗੁਰ-ਮਹਲਾਂ ਦੇ ਸਲੋਕਾਂ ਨੂੰ ਆਪ ਨੇ ਵਾਰਾਂ ਦੀਆਂ ਪਉੜੀਆਂ ਦੇ ਨਾਲ ਦੋ ਦੋ ਤਿੰਨ ਤਿੰਨ ਕਰ ਕੇ ਜੋੜ ਦਿੱਤਾ। ਜੇਹੜੇ ਸਲੋਕ ਵਧ ਰਹੇ, ਉਹਨਾਂ ਨੂੰ ਬੀੜ ਦੇ ਅਖ਼ੀਰ ਵਿਚ ਦਰਜ ਕੀਤਾ ਤੇ ਸਿਰਲੇਖ ਵਜੋਂ ਲਿਖਿਆ 'ਸਲੋਕ ਵਾਰਾਂ ਤੇ ਵਧੀਕ'।

ਟੁੰਡੇ ਅਸ ਰਾਜੈ ਕੀ ਧੁਨੀ ॥ {ਪੰਨਾ 462}

ਧੁਨੀ = ਸੁਰ। ਅਰਥ: (ਇਹ ਵਾਰ) ਟੁੰਡੇ (ਰਾਜਾ) ਅਸਰਾਜ ਦੀ (ਵਾਰ ਦੀ) ਸੁਰ ਉਤੇ (ਗਾਉਣੀ ਹੈ) ।

ਸਾਖੀ: ਅਸਰਾਜ ਇਕ ਰਾਜੇ ਦਾ ਪੁੱਤਰ ਸੀ, ਜਿਸ ਦਾ ਨਾਮ ਸਾਰੰਗ ਸੀ। ਆਪਣੀ ਇਸਤ੍ਰੀ ਮਰ ਜਾਣ ਕਰਕੇ ਰਾਜਾ ਸਾਰੰਗ ਨੇ ਪਿਛਲੀ ਉਮਰੇ ਇਕ ਹੋਰ ਵਿਆਹ ਕਰ ਲਿਆ। ਨਵੀਂ ਰਾਣੀ ਆਪਣੇ ਮਤ੍ਰੇਏ ਪੁੱਤਰ ਅਸਰਾਜ ਤੇ ਰੀਝ ਪਈ, ਪਰ ਅਸਰਾਜ ਆਪਣੇ ਧਰਮ ਤੇ ਕਾਇਮ ਰਿਹਾ। ਜਦੋਂ ਰਾਣੀ ਦੀ ਹੋਰ ਕੋਈ ਚਾਲ ਪੁੱਤਰ ਨੂੰ ਧਰਮ ਤੋਂ ਡੇਗਣ ਵਿਚ ਕਾਮਯਾਬ ਨਾਹ ਹੋਈ, ਤਾਂ ਉਸ ਨੇ ਰਾਜੇ ਪਾਸ ਅਸਰਾਜ ਦੇ ਉਲਟ ਝੂਠੇ ਦੂਸ਼ਣ ਲਗਾ ਦਿੱਤੇ। ਰਾਜੇ ਨੇ ਕ੍ਰੋਧ ਵਿਚ ਆ ਕੇ ਪੁੱਤਰ ਵਾਸਤੇ ਫਾਂਸੀ ਦਾ ਹੁਕਮ ਦੇ ਦਿੱਤਾ।

ਰਾਜੇ ਦਾ ਵਜ਼ੀਰ ਸਿਆਣਾ ਸੀ। ਉਸ ਨੇ ਅਸਰਾਜ ਨੂੰ ਜਾਨੋਂ ਤਾਂ ਨਾਹ ਮਾਰਿਆ ਪਰ ਉਸ ਦਾ ਇਕ ਹੱਥ ਕੱਟ ਕੇ ਉਸ ਨੂੰ ਸ਼ਹਿਰੋਂ ਬਾਹਰ ਕਿਸੇ ਉਜਾੜ ਵਿਚ ਇਕ ਖੂਹ ਤੇ ਛੱਡ ਦਿੱਤਾ। ਉੱਥੋਂ ਦੀ ਵਣਜਾਰਿਆਂ ਦਾ ਇਕ ਕਾਫ਼ਲਾ ਲੰਘਿਆ। ਉਹਨਾਂ ਵਿਚੋਂ ਇਕ ਵਣਜਾਰੇ ਨੇ ਅਸਰਾਜ ਨੂੰ ਆਪਣੇ ਨਾਲ ਲੈ ਲਿਆ। ਵਣਜਾਰੇ ਕਿਸੇ ਹੋਰ ਰਾਜੇ ਦੇ ਸ਼ਹਿਰ ਵਿਚੋਂ ਦੀ ਲੰਘੇ। ਉਥੇ ਅਸਰਾਜ ਇਕ ਧੋਬੀ ਦੇ ਪਾਸ ਵੇਚ ਦਿੱਤਾ ਗਿਆ।

ਅਸਰਾਜ ਉੱਥੇ ਧੋਬੀ ਦੇ ਘਰ ਰਹਿ ਕੇ ਸੇਵਾ ਵਿਚ ਆਪਣੇ ਦਿਨ ਬਿਤਾਉਣ ਲੱਗ ਪਿਆ। ਸਮਾ ਪਾ ਕੇ ਉਸ ਸ਼ਹਿਰ ਦਾ ਰਾਜਾ ਸੰਤਾਨ-ਹੀਨ ਹੀ ਮਰ ਗਿਆ। ਵਜ਼ੀਰਾਂ ਨੇ ਆਪੋ ਵਿਚ ਫ਼ੈਸਲਾ ਕੀਤਾ ਕਿ ਸਵੇਰੇ ਜੋ ਮਨੁੱਖ ਸਭ ਤੋਂ ਪਹਿਲਾਂ ਸ਼ਹਿਰ ਦਾ ਦਰਵਾਜ਼ਾ ਖੜਕਾਏ, ਉਸ ਨੂੰ ਰਾਜ ਦੇ ਦਿੱਤਾ ਜਾਏ। ਅਸਰਾਜ ਦੇ ਭਾਗ ਜਾਗੇ ਧੋਬੀ ਦਾ ਬਲਦ ਖੁਲ੍ਹ ਗਿਆ ਬਲਦ ਦੀ ਢੂੰਡ ਭਾਲ ਵਿਚ ਅਸਰਾਜ ਸਵੇਰੇ ਹੀ ਉਠ ਤੁਰਿਆ ਤੇ ਦਰਵਾਜ਼ਾ ਜਾ ਖੜਕਾਇਓਸੁ। ਇਸ ਤਰ੍ਹਾਂ ਉਸ ਦੇਸ਼ ਦਾ ਰਾਜ ਇਸ ਨੂੰ ਮਿਲ ਗਿਆ।

ਰਾਜੇ ਦਾ ਪੁੱਤਰ ਹੋਣ ਕਰਕੇ ਅਸਰਾਜ ਦੇ ਅੰਦਰ ਰਾਜ-ਪਰਬੰਧ ਵਾਲੇ ਸੰਸਕਾਰ ਮੌਜੂਦ ਸਨ; ਸੋ ਏਸ ਨੇ ਦੇਸ਼ ਦੇ ਪਰਬੰਧ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ। ਕੁਝ ਸਮਾ ਪਾ ਕੇ ਗੁਆਂਢੀ ਦੇਸ਼ਾਂ ਵਿਚ ਕਾਲ ਪੈ ਗਿਆ, ਪਰ ਅਸਰਾਜ ਦੇ ਦੇਸ਼ ਵਿਚ ਚੰਗਾ ਸੁਕਾਲ ਸੀ। ਦੂਸਰੇ ਦੇਸ਼ਾਂ ਦੇ ਲੋਕ ਇਸ ਦੇ ਰਾਜ ਵਿਚੋਂ ਅੰਨ ਦਾਣਾ ਮੁੱਲ ਲੈਣ ਵਾਸਤੇ ਆਉਣ ਲੱਗ ਪਏ। ਇਸ ਦੇ ਪਿਤਾ ਦਾ ਵਜ਼ੀਰ ਭੀ ਆਇਆ। ਅਸਰਾਜ ਨੇ ਵਜ਼ੀਰ ਨੂੰ ਪਛਾਣ ਲਿਆ। ਆਪੋ ਵਿਚ ਦੋਵੇਂ ਬੜੇ ਪ੍ਰੇਮ ਨਾਲ ਮਿਲੇ। ਅਸਰਾਜ ਨੇ ਵਜ਼ੀਰ ਦੀ ਬੜੀ ਸੇਵਾ ਕੀਤੀ, ਤੇ ਕੁਝ ਦਿਨ ਕੋਲ ਰੱਖ ਕੇ ਆਪਣੇ ਪਿਤਾ ਦੇ ਦੇਸ਼-ਵਾਸੀਆਂ ਵਾਸਤੇ ਬਹੁਤ ਸਾਰਾ ਅੰਨ ਮੁੱਲ ਲੈਣ ਤੋਂ ਬਿਨਾ ਹੀ ਭੇਟ ਕੀਤਾ।

ਵਜ਼ੀਰ ਨੇ ਵਾਪਸ ਆ ਕੇ ਇਹ ਸਾਰਾ ਬ੍ਰਿਤਾਂਤ ਰਾਜੇ ਨੂੰ ਦੱਸਿਆ ਤੇ ਪ੍ਰੇਰਿਆ ਕਿ ਆਪਣੇ ਪੁੱਤਰ ਨੂੰ ਹੀ ਆਪਣਾ ਰਾਜ ਭੀ ਸਉਂਪੇ। ਰਾਜੇ ਨੂੰ ਆਪਣੇ ਪੁੱਤਰ ਦੇ ਨੇਕ ਆਚਰਨ ਦਾ ਪਤਾ ਲੱਗ ਚੁਕਾ ਹੋਇਆ ਸੀ। ਉਸ ਨੇ ਆਪਣੇ ਵਜ਼ੀਰ ਦੀ ਇਹ ਭਲੀ ਸਲਾਹ ਮੰਨ ਲਈ ਤੇ ਆਪਣੇ ਪੁੱਤਰ ਨੂੰ ਸਦਵਾ ਕੇ ਆਪਣਾ ਰਾਜ ਭੀ ਉਸ ਦੇ ਹਵਾਲੇ ਕਰ ਦਿੱਤਾ।

ਢਾਡੀਆਂ ਨੇ ਇਹ ਸਾਰਾ ਬ੍ਰਿਤਾਂਤ 'ਵਾਰ' ਵਿਚ ਜੋੜ ਕੇ ਰਾਜਾ ਦੇ ਦਰਬਾਰ ਵਿਚ ਗਾਂਵਿਆ ਤੇ ਇਨਾਮ ਹਾਸਲ ਕੀਤੇ। ਤਦੋਂ ਤੋਂ ਢਾਡੀ ਇਹ ਵਾਰ ਗਾਂਵਦੇ ਚਲੇ ਆ ਰਹੇ ਹਨ।

ਸਤਿਗੁਰੂ ਜੀ ਨੇ 'ਆਸਾ ਦੀ ਵਾਰ' ਭੀ ਇਸੇ 'ਵਾਰ' ਦੀ ਸੁਰ ਉਤੇ ਗਾਉਣ ਦੀ ਆਗਿਆ ਕੀਤੀ ਹੈ।

ਸਲੋਕੁ ਮਃ ੧ ॥ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥ {ਪੰਨਾ 462}

ਪਦ ਅਰਥ: ਦਿਉਹਾੜੀ = ਦਿਹਾੜੀ ਵਿਚ। ਸਦ ਵਾਰ = ਸਉ (ਸੌ) ਵਾਰੀ। ਜਿਨਿ = ਜਿਸ (ਗੁਰੂ) ਨੇ। ਮਾਣਸ ਤੇ = ਮਨੁੱਖਾਂ ਤੋਂ। ਕਰਤ = ਬਣਾਉਂਦਿਆਂ। ਵਾਰ = ਦੇਰ, ਚਿਰ।

ਅਰਥ: ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿਚ ਸੌ ਵਾਰੀ ਸਦਕੇ ਹੁੰਦਾ ਹਾਂ, ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ।1।

TOP OF PAGE

Sri Guru Granth Darpan, by Professor Sahib Singh