ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 461 ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥ ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥ ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥ ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥ ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥ {ਪੰਨਾ 461} ਪਦ ਅਰਥ: ਨਿਧਿ = ਖ਼ਜ਼ਾਨਾ। ਸਿਧਿ = ਕਰਾਮਾਤੀ ਤਾਕਤ। ਗਹੇ = ਫੜ ਲਏ। ਤਾ = ਤਦੋਂ। ਕਾੜਾ = ਚਿੰਤਾ-ਫ਼ਿਕਰ। ਵਸਿ = ਵੱਸ ਵਿਚ। ਅਸਾੜਾ = ਸਾਡਾ। ਗਹਿ ਭੁਜਾ = ਬਾਂਹ ਫੜ ਕੇ। ਕਰੁ = ਹੱਥ {ਇਕ-ਵਚਨ}। ਮਸਤਕਿ = ਮੱਥੇ ਉਤੇ। ਰਾਖਿਆ = ਬਚਾ ਲਿਆ। ਨਹ ਵਿਆਪੈ = ਜੋਰ ਨਹੀਂ ਪਾ ਸਕਦਾ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸੰਗੇ = ਸੰਗਤਿ ਵਿਚ। ਰੰਗੇ = ਰੰਗ ਵਿਚ, ਪ੍ਰੇਮ ਵਿਚ। ਰਣੁ = ਜੰਗ ਦਾ ਮੈਦਾਨ। ਅਖਾੜਾ = ਪਿੜ (ਜਿਥੇ ਪਹਲਵਾਨ ਘੁਲਦੇ ਹਨ) । ਜਮਿ = ਜਮ ਨੇ। ਉਪਾੜਾ = {aÄpwtn, aÈpwifA, ਉਪਾੜਾ} ਉਖੇੜਿਆ, ਪੈਰਾਂ ਤੋਂ ਕੱਢਿਆ, ਢਾਹ ਲਿਆ। ਬਹੁੜਿ = ਮੁੜ, ਫਿਰ।4। ਅਰਥ: ਹੇ ਭਾਈ! ਜਦੋਂ ਕਿਸੇ ਮਨੁੱਖ ਨੇ ਉਸ ਪਰਮਾਤਮਾ ਦੇ ਚਰਨ ਫੜ ਲਏ ਜੋ ਸਾਰੀਆਂ ਨਿਧੀਆਂ ਦਾ ਸਾਰੀਆਂ ਸਿੱਧੀਆਂ ਦਾ ਮਾਲਕ ਹੈ ਉਸ ਨੂੰ ਤਦੋਂ ਕੋਈ ਚਿੰਤਾ-ਫਿਕਰ ਨਹੀਂ ਰਹਿ ਜਾਂਦਾ (ਕਿਉਂਕਿ, ਹੇ ਭਾਈ!) ਸਾਡੇ ਸਿਰ ਉਤੇ ਉਹ ਪਰਮਾਤਮਾ ਰਾਖਾ ਹੈ ਜਿਸ ਦੇ ਵੱਸ ਵਿਚ ਹਰੇਕ ਚੀਜ਼ ਹੈ। (ਹੇ ਭਾਈ! ਜਿਸ ਮਨੁੱਖ ਨੂੰ) ਬਾਹੋਂ ਫੜ ਕੇ (ਪਰਮਾਤਮਾ ਆਪਣੇ ਵਿਚ) ਲੀਨ ਕਰ ਲੈਂਦਾ ਹੈ, ਜਿਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਸ ਦੇ ਮੱਥੇ ਉਤੇ ਹੱਥ ਰੱਖ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ। (ਹੇ ਭਾਈ! ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਰਸ ਦਾ ਸੁਆਦ ਚੱਖ ਲਿਆ, ਉਸ ਉਤੇ ਸੰਸਾਰ-ਸਮੁੰਦਰ (ਆਪਣਾ) ਜੋਰ ਨਹੀਂ ਪਾ ਸਕਦਾ। ਉਸ ਨੇ ਸਾਧ ਸੰਗਤਿ ਵਿਚ ਟਿਕ ਕੇ, ਹਰਿ-ਨਾਮ ਦੇ ਪ੍ਰੇਮ ਵਿਚ ਲੀਨ ਹੋ ਕੇ ਇਹ ਰਣ ਜਿੱਤ ਲਿਆ ਇਹ ਵੱਡਾ ਪਿੜ ਜਿੱਤ ਲਿਆ (ਜਿੱਥੇ ਕਾਮਾਦਿਕ ਪਹਲਵਾਨਾਂ ਨਾਲ ਸਦਾ ਘੋਲ ਹੁੰਦਾ ਰਹਿੰਦਾ ਹੈ) । ਨਾਨਕ ਬੇਨਤੀ ਕਰਦਾ ਹੈ– ਜੇਹੜਾ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੂੰ (ਇਸ ਜੀਵਨ-ਘੋਲ ਵਿਚ) ਮੁੜ ਕਦੇ ਜਮ ਪੈਰਾਂ ਤੋਂ ਉਖੇੜ ਨਹੀਂ ਸਕਦਾ।4।3।12। ਆਸਾ ਮਹਲਾ ੫ ॥ ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥ ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥ ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥ ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥ ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥ {ਪੰਨਾ 461} ਪਦ ਅਰਥ: ਕਮਾਇਅੜੋ = ਤੂੰ ਕਮਾਇਆ ਹੈ। ਸੋ = ਉਹ ਕਮਾਇਆ ਹੋਇਆ ਚੰਗਾ ਮੰਦਾ ਕਰਮ। ਮਾਥੈ = ਮੱਥੇ ਉਤੇ। ਆਇਓ ਮਾਥੈ = ਮੱਥੇ ਉਤੇ ਆ ਗਿਆ ਹੈ, ਭਾਗਾਂ ਵਿਚ ਲਿਖਿਆ ਗਿਆ ਹੈ। ਪਾਸਿ = ਪਾਸੋਂ। ਸਾਥੈ = (ਤੇਰੇ) ਨਾਮੁ ਹੀ (ਬੈਠਾ) । ਕਰਣਹਾਰਾ = ਸਿਰਜਣਹਾਰਾ। ਕਾਇ = ਕਿਉਂ? ਸੁਕ੍ਰਿਤੁ = ਭਲਾ ਕਰਮ। ਕੀਜੈ = ਕਰਨਾ ਚਾਹੀਦਾ ਹੈ। ਮੂਲਿ = ਬਿਲਕੁਲ। ਕਮਾਤੇ = ਕਮਾਤੇ ਹੋਏ।1। ਅਰਥ: ਹੇ ਭਾਈ! ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿਚ ਉੱਕਰਿਆ ਗਿਆ ਹੈ। ਹੇ ਭਾਈ! ਜਿਸ ਪਾਸੋਂ ਤੂੰ (ਆਪਣੇ ਕੀਤੇ ਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ। ਹੇ ਭਾਈ! ਸਿਰਜਣਹਾਰ (ਹਰੇਕ ਜੀਵ ਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾ ਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ, (ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮ ਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂ ਪਈਦਾ। ਹੇ ਭਾਈ! ਅੱਠੇ ਪਹਰ ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ। ਹੇ ਨਾਨਕ! (ਆਖ– ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ।1। ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥ ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥ ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥ ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥ ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥ ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥ {ਪੰਨਾ 461} ਪਦ ਅਰਥ: ਵੰਚ {vzc` = ਟੇਢੀ ਚਾਲੇ ਤੁਰਨਾ vzcX = ਠੱਗ ਲੈਣਾ}। ਵਲ = ਵਿੰਗ। ਵਲ ਵੰਚ = ਠੱਗੀ ਫਰੇਬ, ਵਲਛਲ। ਉਦਰੁ = ਢਿੱਡ। ਭਰਹਿ = ਤੂੰ ਭਰਦਾ ਹੈਂ। ਕਾਇ = ਕਿਉਂ? ਮਨਹੁ = ਮਨ ਤੋਂ। ਸੰਗੇ = ਸੰਗਤਿ ਵਿਚ। ਨਿਸੰਗੇ = ਸੰਗ ਲਾਹ ਕੇ, ਝਾਕਾ ਲਾਹ ਕੇ। ਸਮੂਹ = ਢੇਰ। ਕੁਲ ਸਮੂਹ = ਸਾਰੀਆਂ ਕੁਲਾਂ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਦੇਵ = ਦੇਵਤੇ। ਮੁਨਿ = ਸਮਾਧੀਆਂ ਲਾਣ ਵਾਲੇ। ਅਧਾਰਾ = ਆਸਰਾ। ਕਰਣੈਹਾਰਾ = ਪੈਦਾ ਕਰਨ ਵਾਲਾ।2। ਅਰਥ: ਹੇ ਮੂਰਖ! ਹੇ ਗੰਵਾਰ! ਤੂੰ (ਹੋਰਨਾਂ ਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ (ਰੋਜ਼ੀ ਕਮਾਂਦਾ ਹੈਂ। ਤੈਨੂੰ ਇਹ ਗੱਲ ਭੁੱਲ ਚੁਕੀ ਹੋਈ ਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ ਦੇ ਰਿਹਾ ਹੈ। ਹੇ ਭਾਈ! ਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ, ਉਸ ਨੂੰ ਕਦੇ ਭੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਹੇ ਭਾਈ! ਸਾਧ ਸੰਗਤਿ ਵਿਚ ਮਿਲ (-ਬੈਠ) , ਝਾਕਾ ਲਾਹ ਕੇ ਉਸ ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ ਆਪਣੀਆਂ) ਸਾਰੀਆਂ ਕੁਲਾਂ ਤਾਰ ਲਈਦੀਆਂ ਹਨ। ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਜੋਗ-ਸਾਧਨ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣ ਵਾਲੇ, ਭਗਤ = ਸਭਨਾਂ ਦੀ ਜ਼ਿੰਦਗੀ ਦਾ ਹਰਿ-ਨਾਮ ਹੀ ਸਹਾਰਾ ਬਣਿਆ ਚਲਿਆ ਆ ਰਿਹਾ ਹੈ। ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਸਦਾ ਉਸ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ ਹੈ।2। ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥ ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ ॥ ਸੰਸਾਰੁ ਸਾਗਰੁ ਤਿਨ੍ਹ੍ਹੀ ਤਰਿਆ ਜਿਨ੍ਹ੍ਹੀ ਏਕੁ ਧਿਆਇਆ ॥ ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥ ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥ ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥ {ਪੰਨਾ 461} ਪਦ ਅਰਥ: ਖੋਟੁ = ਧੋਖਾ। ਨ ਕੀਚਈ = ਨਹੀਂ ਕਰਨਾ ਚਾਹੀਦਾ। ਪਰਖਣਹਾਰਾ = (ਖੋਟੇ ਖਰੇ ਦੀ) ਪਛਾਣ ਕਰ ਸਕਣ ਵਾਲਾ। ਕੂੜੁ = ਝੂਠ। ਕਪਟੁ = ਫਰੇਬ। ਜਨਮਹਿ = (ਮੁੜ ਮੁੜ) ਜੰਮਦੇ ਹਨ। ਸਾਗਰੁ = ਸਮੁੰਦਰ। ਤਿਨੀ = ਉਹਨਾਂ ਮਨੁੱਖਾਂ ਨੇ। ਤਜਿ = ਤਿਆਗ ਕੇ। ਅਨਿੰਦ = ਨਾਹ ਨਿੰਦਣ-ਜੋਗ, ਭਲੇ। ਅਨਿੰਦ ਨਿੰਦਾ = ਭਲਿਆਂ ਦੀ ਨਿੰਦਾ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹਿਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਅਗਮ = ਅਪਹੁੰਚ। ਟੇਕ = ਸਹਾਰਾ।3। ਅਰਥ: (ਹੇ ਭਾਈ! ਕਦੇ ਕਿਸੇ ਨਾਲ) ਧੋਖਾ ਨਹੀਂ ਕਰਨਾ ਚਾਹੀਦਾ, (ਪਰਮਾਤਮਾ ਖਰੇ ਖੋਟੇ ਦੀ) ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ। ਜੇਹੜੇ ਮਨੁੱਖ (ਹੋਰਨਾਂ ਨੂੰ ਠੱਗਣ ਵਾਸਤੇ) ਝੂਠ ਬੋਲਦੇ ਹਨ, ਉਹ ਸੰਸਾਰ ਵਿਚ (ਮੁੜ ਮੁੜ) ਜੰਮਦੇ (ਮਰਦੇ) ਰਹਿੰਦੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਹੈ, ਜੇਹੜੇ ਕਾਮ ਕ੍ਰੋਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸਰਨ ਆ ਗਏ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ। ਨਾਨਕ ਬੇਨਤੀ ਕਰਦਾ ਹੈ (= ਹੇ ਭਾਈ!) ਜੇਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ, ਜੋ ਸਭ ਤੋਂ ਉੱਚਾ ਹੈ, ਜੋ ਅਪਹੁੰਚ ਹੈ ਤੇ ਬੇਅੰਤ ਹੈ, ਉਹ ਆਪਣੇ ਸੇਵਕਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ, ਉਸ ਦੇ ਸੋਹਣੇ ਕੋਮਲ ਚਰਨ ਉਸ ਦੇ ਸੇਵਕਾਂ ਲਈ ਆਸਰਾ ਹਨ।3। ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥ ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥ ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥ ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥ ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥ ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥ {ਪੰਨਾ 461} ਪਦ ਅਰਥ: ਪੇਖੁ = ਵੇਖ। ਹਰਿਚੰਦਉਰੜੀ = ਹਰਿਚੰਦ-ਨਗਰੀ, ਗੰਧਰਬ-ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਧੂਏਂ ਦਾ ਪਹਾੜ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਜੇਤੇ = ਜਿਤਨੇ ਭੀ ਹਨ। ਸੰਗਿ = ਨਾਲ। ਸੇ = ਉਹ {ਬਹੁ-ਵਚਨ}। ਨ ਜਾਹੀ = ਨ ਜਾਹਿ, ਨਹੀਂ ਜਾਂਦੇ। ਰੈਣਿ = ਰਾਤ। ਸਮਾਲੀਐ = ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ। ਅਵਰੁ = ਹੋਰ। ਭਾਉ = ਪਿਆਰ। ਦੁਤੀਆ = ਦੂਜਾ। ਜਾਲੀਐ = ਸਾੜ ਦੇਣਾ ਚਾਹੀਦਾ ਹੈ। ਮੀਤੁ = ਮਿੱਤਰ। ਸਰਬਸੁ = {svL = Ôv [ Ôv = ਧਨ। svL = ਸਾਰਾ} ਆਪਣਾ ਸਭ ਕੁਝ। ਕਰਿ = ਬਣਾ, ਮਿਥ। ਮਾਹੀ = ਮਾਹਿ, ਵਿਚ। ਵਡਭਾਗਿ = ਵੱਡੀ ਕਿਸਮਤਿ ਨਾਲ। ਸੂਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਹੀ = ਸਮਾਹਿ, ਲੀਨ ਰਹਿੰਦੇ ਹਨ।4। ਅਰਥ: (ਹੇ ਭਾਈ! ਇਹ ਸਾਰਾ ਸੰਸਾਰ ਜੋ ਦਿੱਸ ਰਿਹਾ ਹੈ ਇਸ ਨੂੰ) ਧੂਏਂ ਦਾ ਪਹਾੜ (ਕਰ ਕੇ) ਵੇਖ (ਇਸ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ। ਮਾਇਆ ਦੇ ਜਿਤਨੇ ਭੀ ਮੌਜ-ਮੇਲੇ ਹਨ ਉਹ ਸਾਰੇ (ਕਿਸੇ ਦੇ) ਨਾਲ ਨਹੀਂ ਜਾਂਦੇ। ਹੇ ਭਾਈ! ਪਰਮਾਤਮਾ ਹੀ ਸਦਾ ਤੇਰੇ ਨਾਲ ਨਿਭਣ ਵਾਲਾ ਸਾਥੀ ਹੈ, ਦਿਨ ਰਾਤ ਹਰ ਵੇਲੇ ਉਸ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ। ਇਕ ਪਰਮਾਤਮਾ ਤੋਂ ਬਿਨਾ ਹੋਰ ਕੁਝ ਭੀ (ਸਦਾ ਟਿਕੇ ਰਹਿਣ ਵਾਲਾ) ਨਹੀਂ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਿਆਰ (ਮਨ ਵਿਚੋਂ) ਸਾੜ ਦੇਣਾ ਚਾਹੀਦਾ ਹੈ। ਹੇ ਭਾਈ! ਮਿੱਤਰ, ਜਵਾਨੀ, ਧਨ, ਆਪਣਾ ਹੋਰ ਸਭ ਕੁਝ = ਇਹ ਸਭ ਕੁਝ ਇਕ ਪਰਮਾਤਮਾ ਨੂੰ ਹੀ ਆਪਣੇ ਮਨ ਵਿਚ ਸਮਝ। ਨਾਨਕ ਬੇਨਤੀ ਕਰਦਾ ਹੈ (= ਹੇ ਭਾਈ!) ਪਰਮਾਤਮਾ ਵੱਡੀ ਕਿਸਮਤਿ ਨਾਲ ਮਿਲਦਾ ਹੈ (ਜਿਨ੍ਹਾਂ ਨੂੰ ਮਿਲਦਾ ਹੈ ਉਹ ਸਦਾ) ਆਨੰਦ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ।4। 4।13। ਆਸਾ ਮਹਲਾ ੫ ਛੰਤ ਘਰੁ ੮ ੴ ਸਤਿਗੁਰ ਪ੍ਰਸਾਦਿ ॥ ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥ ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥ ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥ ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥ {ਪੰਨਾ 461-462} ਪਦ ਅਰਥ: ਕਮਲਾ = {kmlw} ਲੱਛਮੀ, ਮਾਇਆ। ਭ੍ਰਮ ਭੀਤਿ = ਭਰਮ ਦੀ ਕੰਧ। ਭ੍ਰਮ = ਭਟਕਣਾ। ਹੇ = ਹੈ। ਤੀਖਣ = ਤੇਜ਼, ਤ੍ਰਿੱਖਾ। ਮਦ = ਨਸ਼ਾ। ਬਿਪਰੀਤਿ = {ivprIq} ਉਲਟੇ ਪਾਸੇ ਲੈ ਜਾਣ ਵਾਲੀ। ਅਵਧ = ਉਮਰ। ਅਕਾਰਥ = ਵਿਅਰਥ। ਗਹਬਰ = ਸੰਘਣਾ। ਬਨ = ਜੰਗਲ। ਘੋਰ = ਭਿਆਨਕ। ਮੂਸਤ = ਚੁਰਾ ਰਿਹਾ ਹੈ, ਲੁੱਟ ਰਿਹਾ ਹੈ। ਦਿਨਕਰੋ = ਦਿਨਕਰੁ, ਸੂਰਜ। ਅਨਦਿਨੁ = ਹਰ ਰੋਜ਼, ਹਰ ਵੇਲੇ। ਖਾਤ = (ਉਮਰ ਨੂੰ) ਖਾ ਰਿਹਾ ਹੈ। ਪ੍ਰਭ = ਹੇ ਪ੍ਰਭੂ! ਕਰੁਣਾਪਤੇ = ਹੇ ਤਰਸ-ਸਰੂਪ ਪ੍ਰਭੂ! ਕਰੁਣਾ = ਤਰਸ। ਪਤੇ = ਹੇ ਪਤੀ! ਗਤੇ = ਆਤਮਕ ਹਾਲਤ। ਧੂਪ = ਸੁਗੰਧੀ। ਮਾਤ = ਮਾਂ, ਰਾਖਾ। ਕਰ = ਹੱਥ {ਬਹੁ-ਵਚਨ}। ਪ੍ਰਿਅ = ਹੇ ਪਿਆਰੇ! ਨਰਹਰ = ਹੇ ਪ੍ਰਭੂ! ਗਾਤ = ਗਤਿ, ਉੱਚੀ ਆਤਮਕ ਅਵਸਥਾ।1। ਅਰਥ: (ਹੇ ਭਾਈ!) ਮਾਇਆ ਭਟਕਣਾ ਵਿਚ ਪਾਣ ਵਾਲੀ ਕੰਧ ਹੈ (ਜਿਸ ਨੇ ਪਰਮਾਤਮਾ ਨਾਲੋਂ ਜੀਵਾਂ ਦੀ ਵਿੱਥ ਬਣਾ ਰੱਖੀ ਹੈ) , ਮਾਇਆ ਭਟਕਣਾ ਵਿਚ ਪਾਣ ਵਾਲੀ (ਤੇ ਪ੍ਰਭੂ ਨਾਲੋਂ ਉਹਲਾ ਬਣਾਣ ਵਾਲੀ) ਕੰਧ ਹੈ। ਇਸ ਮਾਇਆ ਦਾ ਨਸ਼ਾ ਤ੍ਰਿੱਖਾ ਹੈ, ਪਰ (ਜੀਵਨ-ਰਾਹ ਤੋਂ) ਉਲਟੇ ਪਾਸੇ ਲੈ ਜਾਣ ਵਾਲਾ ਹੈ। (ਮਾਇਆ ਵਿਚ ਫਸਿਆਂ) ਮਨੁੱਖ ਦੀ ਉਮਰ ਵਿਅਰਥ ਚਲੀ ਜਾਂਦੀ ਹੈ। (ਹੇ ਭਾਈ! ਇਹ ਸੰਸਾਰ ਇਕ) ਭਿਆਨਕ ਸੰਘਣਾ ਜੰਗਲ ਹੈ; ਭਿਆਨਕ ਸੰਘਣਾ ਜੰਗਲ ਹੈ, (ਇਥੇ ਮਨੁੱਖ ਦੇ ਹਿਰਦੇ-) ਘਰ ਨੂੰ (ਮਨੁੱਖ ਦਾ ਆਪਣਾ ਹੀ) ਚੋਰ-ਮਨ ਲੁੱਟੀ ਜਾ ਰਿਹਾ ਹੈ, ਤੇ, ਸੂਰਜ (ਭਾਵ, ਸਮਾ) ਹਰ ਵੇਲੇ (ਇਸ ਦੀ ਉਮਰ ਨੂੰ) ਮੁਕਾਈ ਜਾ ਰਿਹਾ ਹੈ। (ਹੇ ਭਾਈ! ਗੁਜ਼ਰਦੇ ਜਾ ਰਹੇ) ਦਿਨ (ਮਨੁੱਖ ਦੀ ਉਮਰ ਨੂੰ) ਖਾਈ ਜਾਂਦੇ ਹਨ, ਪਰਮਾਤਮਾ ਦੇ ਭਜਨ ਤੋਂ ਬਿਨਾ (ਮਨੁੱਖ ਦੀ ਉਮਰ ਵਿਅਰਥ) ਬੀਤਦੀ ਜਾ ਰਹੀ ਹੈ। ਹੇ ਪ੍ਰਭੂ! ਹੇ ਤਰਸ-ਸਰੂਪ ਪਤੀ! (ਮੇਰੇ ਉੱਤੇ ਤਰਸ ਕਰ, ਤੇ ਮੈਨੂੰ) ਮਿਲ। (ਹੇ ਭਾਈ!) ਜਨਮ ਮਰਨ ਦੇ ਅਨੇਕਾਂ ਗੇੜ ਲੰਘ ਗਏ ਹਨ, ਪਰ ਪਿਆਰੇ ਪ੍ਰਭੂ ਦੀ ਸੰਗਤਿ ਤੋਂ ਬਿਨਾ ਮੇਰਾ ਕੋਈ ਚੰਗਾ ਹਾਲ ਨਹੀਂ ਹੈ। (ਹੇ ਪਿਆਰੇ ਪ੍ਰਭੂ!) ਮੇਰੀ ਕੋਈ ਚੰਗੀ ਕੁਲ ਨਹੀਂ, ਮੇਰਾ ਸੁੰਦਰ ਰੂਪ ਨਹੀਂ, ਅੰਦਰ (ਗੁਣਾਂ ਦੀ) ਸੁਗੰਧੀ ਨਹੀਂ, ਮੈਨੂੰ ਆਤਮਕ ਜੀਵਨ ਦੀ ਕੋਈ ਸੂਝ-ਬੂਝ ਨਹੀਂ (ਹੇ ਪਿਆਰੇ!) ਤੈਥੋਂ ਬਿਨਾ ਮੇਰਾ ਹੋਰ ਕੋਈ ਰਾਖਾ ਨਹੀਂ। (ਤੇਰਾ ਸੇਵਕ) ਨਾਨਕ (ਦੋਵੇਂ) ਹੱਥ ਜੋੜ ਕੇ ਤੇਰੀ ਸਰਨ ਪਿਆ ਹੈ, ਹੇ ਪਿਆਰੇ! ਹੇ ਨਾਥ! ਹੇ ਪ੍ਰਭੂ! ਮੇਰੀ ਆਤਮਕ ਅਵਸਥਾ ਉੱਚੀ ਬਣਾ।1। |
![]() |
![]() |
![]() |
![]() |
Sri Guru Granth Darpan, by Professor Sahib Singh |