ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 460 ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥ ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥ ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥ ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥ ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥ ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥ {ਪੰਨਾ 460} ਪਦ ਅਰਥ: ਫਾਥੋਹੁ = ਤੂੰ ਫਸ ਰਿਹਾ ਹੈਂ। ਪੇਖਿ = ਵੇਖ ਕੇ। ਰੈਣਿ = ਰਾਤ (ਵੇਲੇ) । ਚੰਦ੍ਰਾਇਣੁ = ਚੰਦ ਵਰਗੀ ਚਾਨਣੀ {ਰਾਤ ਦੇ ਹਨੇਰੇ ਵਿਚ ਸ਼ਿਕਾਰੀ ਹਰਨ ਨੂੰ ਫੜਨ ਲਈ ਚਿੱਟਾ ਚਾਨਣ ਕਰਦਾ ਹੈ}। ਸੂਖਹੁ = ਸੁਖਾਂ ਤੋਂ। ਛਡਹਿ = ਤੂੰ ਛੱਡਦਾ। ਘਤਿ = ਪਾ ਕੇ। ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ-ਨਗਰੀ। ਲਬਿ = ਲੱਬ ਵਿਚ, ਜੀਭ ਦੇ ਚਸਕੇ ਵਿਚ। ਮਾਤਾ = ਮਸਤ। ਗਰਬਿ = ਅਹੰਕਾਰ ਵਿਚ। ਸਮਾਇਣੁ = ਲੀਨ। ਅਗਿਆਨਿ = ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ।3। ਅਰਥ: ਹੇ ਜੀਵ! ਜਿਵੇਂ ਹਰਨ ਰਾਤ ਵੇਲੇ (ਸ਼ਿਕਾਰ ਦਾ ਕੀਤਾ ਹੋਇਆ) ਚੰਦ ਵਰਗਾ ਚਾਨਣ ਵੇਖ ਕੇ (ਸ਼ਿਕਾਰੀ ਦੇ ਜਾਲ ਵਿਚ) ਫਸਦਾ ਹੈ (ਤਿਵੇਂ ਤੂੰ ਮਾਇਕ ਪਦਾਰਥਾਂ ਦੀ ਲਿਸ਼ਕ ਵੇਖ ਕੇ ਮਾਇਆ ਦੇ ਜਾਲ ਵਿਚ) ਫਸ ਰਿਹਾ ਹੈਂ, (ਜਿਨ੍ਹਾਂ ਸੁਖਾਂ ਦੀ ਖ਼ਾਤਰ ਤੂੰ ਫਸਦਾ ਹੈਂ ਉਹਨਾਂ) ਸੁਖਾਂ ਤੋਂ ਦੁੱਖ ਪੈਦਾ ਹੋ ਰਹੇ ਹਨ, (ਫਿਰ ਭੀ) ਤੂੰ ਸਦਾ ਪਾਪ ਕਮਾ ਰਿਹਾ ਹੈਂ। ਹੇ ਜੀਵ! ਤੂੰ ਪਾਪ ਕਰਨੇ ਛੱਡਦਾ ਨਹੀਂ ਹੈਂ (ਤੈਨੂੰ ਇਹ ਭੀ ਚੇਤਾ ਨਹੀਂ ਰਿਹਾ ਕਿ ਜਮਦੂਤ ਤੇਰੇ ਗਲ ਵਿਚ) ਗਲਾਵਾਂ ਪਾ ਕੇ (ਛੇਤੀ ਹੀ) ਲੈ ਜਾਣ ਵਾਲੇ ਹਨ। ਤੂੰ ਅਕਾਸ਼ ਦੀ ਖ਼ਿਆਲੀ ਨਗਰੀ (ਵਰਗੀ ਮਾਇਆ) ਨੂੰ ਵੇਖ ਕੇ ਠੱਗਿਆ ਜਾ ਰਿਹਾ ਹੈਂ, ਤੂੰ ਇਸ ਠੱਗੀ-ਰੂਪ ਸੇਜ ਨੂੰ (ਆਨੰਦ ਨਾਲ) ਮਾਣ ਰਿਹਾ ਹੈਂ। ਹੇ ਜੀਵ! ਤੂੰ ਜੀਭ ਦੇ ਚਸਕੇ ਵਿਚ, ਮਾਇਆ ਦੇ ਲੋਭ ਵਿਚ, ਅਹੰਕਾਰ ਵਿਚ ਮਸਤ ਹੈਂ, ਤੂੰ ਸਦਾ ਹਉਮੈ ਵਿਚ ਲੀਨ ਟਿਕਿਆ ਰਹਿੰਦਾ ਹੈਂ। ਹੇ ਨਾਨਕ! (ਆਖ–) ਇਹ ਜੀਵ-ਹਰਨ ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ ਆਤਮਕ ਮੌਤੇ ਮਰ ਰਹੇ ਹਨ ਇਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ।2। ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥ ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥ ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥ ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥ ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥ ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥ {ਪੰਨਾ 460} ਪਦ ਅਰਥ: ਗਰਤਿ = ਟੋਏ ਵਿਚ। ਹਸਤੀ = ਹਾਥੀ। ਦੁਹੇਲਾ = ਔਖਾ। ਚਿਤਿ = ਚਿੱਤ ਵਿਚ। ਸਜਾਈ ਗਣਤ = ਸਜ਼ਾਵਾਂ ਦੀ ਗਿਣਤੀ। ਗੁਝਾ = ਲੁਕਾ ਕੇ। ਈਤ = ਇਸ ਲੋਕ ਵਿਚ। ਉਤਹਿ = ਪਰਲੋਕ ਵਿਚ। ਮੂਠਾ = ਠੱਗਿਆ ਜਾਂਦਾ ਹੈ। ਮਨਮੁਖੋ = ਮਨਮੁਖੁ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।3। ਅਰਥ: (ਜਿਵੇਂ, ਗੁੜ ਆਦਿਕ) ਮਿੱਠੇ ਉੱਤੇ (ਬੈਠ ਕੇ) ਮੱਖੀ (ਗੁੜ ਨਾਲ ਚੰਬੜਦੀ ਜਾਂਦੀ ਹੈ) ਉੱਡ ਨਹੀਂ ਸਕਦੀ, (ਤੇ ਉੱਥੇ ਹੀ) ਮਰ ਜਾਂਦੀ ਹੈ (ਤਿਵੇਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ, ਤੇ ਜੀਵਨ ਉੱਚਾ ਨਹੀਂ ਕਰ ਸਕਦਾ) । (ਕਾਮ-ਵੱਸ ਹੋਇਆ) ਹਾਥੀ (ਉਸ) ਟੋਏ ਵਿਚ ਡਿੱਗ ਪੈਂਦਾ ਹੈ (ਜੋ ਹਾਥੀ ਨੂੰ ਫੜਨ ਵਾਸਤੇ ਪੁੱਟਿਆ ਜਾਂਦਾ ਹੈ ਤੇ ਉਸ ਵਿਚ ਕਾਗਜ਼ ਦੀ ਹਥਣੀ ਖੜੀ ਕੀਤੀ ਹੁੰਦੀ ਹੈ) ਇਸੇ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੇ ਟੋਏ ਵਿਚ ਡਿੱਗ ਪੈਂਦਾ ਹੈ। (ਹੇ ਭਾਈ! ਵਿਕਾਰਾਂ ਵਿਚ ਡਿੱਗੇ ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ (ਵਿਕਾਰਾਂ ਦੇ ਕਾਰਨ) ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੋ ਜਾਂਦਾ ਹੈ, ਕਦੇ ਮਾਲਕ-ਪ੍ਰਭੂ ਚਿੱਤ ਵਿਚ ਨਹੀਂ ਵੱਸ ਸਕਦਾ। ਇਤਨੇ ਦੁੱਖ ਵਾਪਰਦੇ ਹਨ, ਇਤਨੀ ਸਜ਼ਾ ਮਿਲਦੀ ਹੈ ਕਿ ਲੇਖਾ ਨਹੀਂ ਕੀਤਾ ਜਾ ਸਕਦਾ, ਮਨਮੁਖ ਆਪਣਾ ਕੀਤਾ ਭੁਗਤਦਾ ਹੈ। ਜੇਹੜਾ ਜੇਹੜਾ ਪਾਪ ਕਰਮ ਲੁਕ ਕੇ ਕਰਦਾ ਹੈ ਉਹ ਆਖ਼ਰ ਉੱਘੜ ਪੈਂਦਾ ਹੈ, ਮਨਮੁਖ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬੇ-ਇੱਜ਼ਤੀ ਕਰਾਂਦਾ ਹੈ। ਹੇ ਨਾਨਕ! (ਆਖ–) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਹੰਕਾਰਿਆ ਹੋਇਆ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਹੱਥੀਂ ਆਤਮਕ ਜੀਵਨ) ਲੁਟਾ ਬੈਠਦਾ ਹੈ।3। ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥ ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥ ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥ ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥ ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥ ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥ {ਪੰਨਾ 460} ਪਦ ਅਰਥ: ਜੀਵੇ = ਆਤਮਕ ਜੀਵਨ ਦੇ ਮਾਲਕ ਬਣ ਗਏ। ਲਗਿ = ਲੱਗ ਕੇ। ਕੰਠਿ = ਗਲ ਨਾਲ। ਰਖਣਹਾਰੈ = ਸਹਾਇਤਾ ਕਰਨ ਦੀ ਸਮਰਥਾ ਵਾਲੇ ਹਰੀ ਨੇ। ਨਿਰਮਲ = ਪਵਿਤ੍ਰ। ਕਰਣੀ = ਆਚਰਨ। ਨਰਕਿ = ਨਰਕ ਵਿਚ। ਕਬਹੂੰ = ਕਦੇ ਭੀ।4। ਅਰਥ: ਹੇ ਭਾਈ! ਪਰਮਾਤਮਾ ਦੇ ਦਾਸ ਪਰਮਾਤਮਾ ਦੀ ਚਰਨੀਂ ਪੈ ਕੇ ਉੱਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਉਸ ਮਾਲਕ-ਪ੍ਰਭੂ ਦੀ ਸਰਨ ਪੈਂਦੇ ਹਨ, ਤੇ ਉਹ ਪ੍ਰਭੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਪਰਮਾਤਮਾ ਉਹਨਾਂ ਨੂੰ ਆਪਣਾ ਆਤਮਕ ਬਲ ਦੇਂਦਾ ਹੈ, ਉੱਚੀ ਅਕਲ ਦੇਂਦਾ ਹੈ, ਆਪਣੇ ਨਾਲ ਡੂੰਘੀ ਸਾਂਝ ਬਖ਼ਸ਼ਦਾ ਹੈ, ਆਪਣੇ ਵਿਚ ਉਹਨਾਂ ਦੀ ਸੁਰਤਿ ਜੋੜੀ ਰੱਖਦਾ ਹੈ, ਤੇ, ਉਹਨਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ, ਸਾਧ ਸੰਗਤਿ ਵਿਚ ਆਪ ਉਹਨਾਂ ਦੇ ਹਿਰਦੇ ਅੰਦਰ ਪਰਗਟ ਹੁੰਦਾ ਹੈ ਤੇ ਉਹਨਾਂ ਨੂੰ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਹੇ ਨਾਨਕ! ਰੱਖਣਹਾਰ ਪਰਮਾਤਮਾ ਆਪਣੇ ਸੰਤਾਂ ਨੂੰ (ਵਿਕਾਰਾਂ ਤੋਂ) ਆਪ ਬਚਾਂਦਾ ਹੈ, (ਤਾਈਏਂ ਸੰਤ ਜਨਾਂ ਦਾ) ਆਚਰਨ ਸਦਾ ਪਵਿਤ੍ਰ ਰਹਿੰਦਾ ਹੈ, ਪਰਮਾਤਮਾ ਦੀ ਸਰਨ ਪਏ ਰਹਿਣ ਕਰਕੇ ਨਰਕ ਵਿਚ ਨਹੀਂ ਪੈਂਦੇ।4।2।11। ਆਸਾ ਮਹਲਾ ੫ ॥ ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥ ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥ ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥ ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥ ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥ ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥ {ਪੰਨਾ 460} ਪਦ ਅਰਥ: ਵੰਞੁ = ਚਲਾ ਜਾ। ਆਲਸਾ = ਹੇ ਆਲਸ! ਰਾਵਉ = ਹਿਰਦੇ ਵਿਚ ਸਿਮਰਦੀ ਹਾਂ, ਸਿਮਰਨ ਦਾ ਆਨੰਦ ਮਾਣਦੀ ਹਾਂ। ਸੰਗਿ = ਨਾਲ। ਸੋਹੰਤੀ = ਸੋਭ ਰਹੀ ਹਾਂ, ਮੇਰਾ ਜੀਵਨ ਸੋਹਣਾ ਬਣਦਾ ਜਾਂਦਾ ਹੈ। ਦਿਨਸੁ = ਦਿਨ। ਰੈਣੀ = ਰਾਤ। ਰਾਵੀਐ = ਸਿਮਰਨਾ ਚਾਹੀਦਾ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰਿ = ਚੇਤੇ ਕਰ ਕੇ, ਸਿਮਰ ਕੇ। ਗਾਵੀਐ = ਗਾਣੇ ਚਾਹੀਦੇ ਹਨ। ਬਿਰਹਾ = ਬਿਛੋੜਾ। ਲਜਾਇਆ = ਸ਼ਰਮ ਖਾ ਗਿਆ, ਦੂਰ ਹੋ ਗਿਆ। ਅਮਿਉ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਦ੍ਰਿਸਟਿ = ਨਿਗਾਹ ਨਾਲ। ਸਿੰਚੰਤੀ = ਸਿੰਜਿਆ।1। ਅਰਥ: ਹੇ ਮੇਰੇ ਆਲਸ! ਚਲਾ ਜਾ (ਮੇਰੀ ਖ਼ਲਾਸੀ ਕਰ, ਮੈਂ ਪ੍ਰਭੂ-ਪਤੀ ਦਾ ਸਿਮਰਨ ਕਰਾਂ) । (ਹੇ ਸਖੀ!) ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ (ਕਿ ਮੇਰਾ ਆਲਸ ਦੂਰ ਹੋ ਜਾਏ) । (ਹੇ ਸਖੀ! ਜਿਉਂ ਜਿਉਂ) ਮੈਂ ਆਪਣੇ ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹਾਂ (ਤਿਉਂ ਤਿਉਂ) ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ। ਹੇ ਸਖੀ! ਉਸ ਖਸਮ-ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੇਹੜੀ ਜੀਵ-ਇਸਤ੍ਰੀ ਸੁਆਮੀ ਕੰਤ ਦੇ ਚਰਨਾਂ ਵਿਚ ਜੁੜਦੀ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ! ਹੇ ਸਖੀ! ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ ਤੇ ਪ੍ਰਭੂ ਦਾ ਦਰਸਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ! ਹੇ ਸਖੀ! ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ। (ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਨੇ ਆਪਣੀ) ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜਿਆ ਉਸ ਨੇ ਪ੍ਰਭੂ-ਪਤੀ ਦਾ ਦਰਸ਼ਨ ਕਰ ਲਿਆ ਉਸ ਦੇ ਅੰਦਰੋਂ (ਪ੍ਰਭੂ-ਚਰਨਾਂ ਤੋਂ) ਵਿਛੋੜਾ ਦੂਰ ਹੋ ਗਿਆ। ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ– ਹੇ ਸਖੀ!) ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ, ਮੈਨੂੰ ਉਹ ਪ੍ਰਭੂ ਮਿਲ ਪਿਆ ਹੈ ਜਿਸ ਨੂੰ ਮੈਂ ਭਾਲ ਰਹੀ ਸਾਂ।1। ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥ ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥ ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥ ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥ ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥ ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥ {ਪੰਨਾ 460} ਪਦ ਅਰਥ: ਵੰਞਹੁ = ਚਲੇ ਜਾਉ। ਕਿਲਵਿਖ = ਪਾਪ। ਕਿਲਵਿਖਹੁ = ਹੇ ਪਾਪੋ! ਘਰਿ = ਹਿਰਦੇ-ਘਰ ਵਿਚ। ਦੂਤਹ ਦਹਨੁ = ਦੁਸ਼ਮਣਾਂ ਦਾ ਸੜਨ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਵਖਾਣਿਆ = ਸਿਫ਼ਤਿ-ਸਾਲਾਹ ਕੀਤੀ। ਆਚਰਜੁ = ਹੈਰਾਨ ਕਰਨ ਵਾਲਾ ਕੌਤਕ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੂਠਾ = ਆ ਵੱਸਿਆ। ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਜਾਣਿਆ = ਡੂੰਘੀ ਸਾਂਝ ਪਾਈ। ਮਨਿ = ਮਨ ਵਿਚ। ਵਜੀ ਵਧਾਈ = ਵਧਣ ਫੁਲਣ ਦਾ ਪ੍ਰਭਾਵ ਪ੍ਰਬਲ ਹੋ ਗਿਆ, ਚੜ੍ਹਦੀ ਕਲਾ ਪ੍ਰਗਟ ਹੋ ਪਈ। ਸਹਜਿ = ਆਤਮਕ ਅਡੋਲਤਾ ਵਿਚ। ਮੇਲਾ = ਮਿਲਾਪ।2। ਅਰਥ: ਹੇ ਪਾਪੋ! (ਮੇਰੇ ਹਿਰਦੇ-) ਘਰ ਵਿਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀ ਮੇਰੇ ਹਿਰਦੇ ਵਿਚੋਂ) ਚਲੇ ਜਾਵੋ। ਹੇ ਭਾਈ! ਜਿਸ ਹਿਰਦੇ ਵਿਚ ਗੋਵਿੰਦ ਪਰਗਟ ਹੋ ਜਾਏ, ਉਸ ਵਿਚੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ, ਤੇ ਪਿਆਰੇ ਗੋਪਾਲ ਗੋਵਿੰਦ ਜੀ (ਉਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦੇ ਹਨ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਗੋਵਿੰਦ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਗੋਬਿੰਦ ਨਾਲ ਡੂੰਘੀ ਸਾਂਝ ਪਾਂਦਾ ਹੈ ਉਹ (ਆਪਣੇ ਅੰਦਰ ਇਕ) ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ (ਕਿ ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ (= ਹੇ ਭਾਈ! ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਸ ਨੂੰ) ਪ੍ਰਭੂ ਆਪ ਹੀ ਆਨੰਦ-ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਪ੍ਰਭੂ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾਂਦਾ ਹੈ।2। ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥ ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥ ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥ ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥ ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥ ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥ {ਪੰਨਾ 460} ਪਦ ਅਰਥ: ਡੀਠੜਿਆ = ਵੇਖਿਆ। ਨਾਰਾਇਣ = ਪਰਮਾਤਮਾ। ਜੈ ਜੈ = ਸਿਫ਼ਤਿ-ਸਾਲਾਹ, ਨਮਸਕਾਰ। ਧਰਮੁ = ਧਰਮ-ਰਾਜ। ਦੂਤ = ਜਮਦੂਤ। ਭਏ ਪਲਾਇਣ = ਭੱਜ ਗਏ। ਸਹਜ = ਆਤਮਕ ਅਡੋਲਤਾ। ਅਨੁਗ੍ਰਹੁ = ਦਇਆ। ਤਜੇ = ਤਿਆਗ ਦਿੱਤੇ। ਗਹਿ = ਫੜ ਕੇ। ਕੰਠਿ = ਗਲ ਨਾਲ। ਗੁਰਿ = ਗੁਰੂ ਦੀ ਰਾਹੀਂ। ਅਘਾਇਣ = ਤ੍ਰਿਪਤੀ, ਰਜੇਵਾਂ।3। ਅਰਥ: ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ। ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ। ਸਾਧ ਸੰਗਤਿ ਵਿਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਡੋਲਤਾ ਮਿਲ ਜਾਂਦੀ ਹੈ। ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ। ਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ਉਹਨਾਂ ਨੂੰ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ। ਪਰਮਾਤਮਾ ਦਾ ਨਾਮ ਜਪ ਕੇ ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ। ਨਾਨਕ ਬੇਨਤੀ ਕਰਦਾ ਹੈ– ਉਹ ਮਨੁੱਖ ਮਾਲਕ-ਪ੍ਰਭੂ ਦਾ ਸਿਮਰਨ ਕਰ ਕੇ ਆਪਣੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ ਹਨ।3। |
![]() |
![]() |
![]() |
![]() |
Sri Guru Granth Darpan, by Professor Sahib Singh |