ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 459 ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥ ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥ ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥ ਮਿਲਿ ਸਾਧਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥ ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥ ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥ {ਪੰਨਾ 459} ਪਦ ਅਰਥ: ਰੈਣਿ = ਰਾਤ। ਸੁਹਾਵੜੀ = ਸੁਹਾਵਣੀ, ਸੁਆਦਲੀ, ਸੋਹਣੀ। ਕਲਮਲ = ਪਾਪ। ਟਰੇ = ਟਲ ਗਏ, ਦੂਰ ਹੋ ਗਏ। ਦਾਰਿਦ੍ਰ = ਗਰੀਬੀ। ਨਾਠੇ = ਨੱਸ ਗਏ। ਪ੍ਰਗਟੁ = ਖੁਲ੍ਹਾ। ਮਗੁ = ਰਸਤਾ। ਮਿਲਿ = ਮਿਲ ਕੇ। ਸੰਗੇ = ਸੰਗਤਿ ਵਿਚ। ਰੰਗੇ = ਪ੍ਰੇਮ ਵਿਚ। ਮਨਿ = ਮਨ ਵਿਚ। ਲੋੜੀਦਾ = ਚਿਤਵਿਆ ਹੋਇਆ, ਮੰਗਿਆ ਹੋਇਆ। ਦੇਖਿ = ਦੇਖ ਕੇ। ਪੁੰਨੀ = ਪੂਰੀ ਹੋ ਗਈ। ਸਭਿ = ਸਾਰੇ। ਅਨਦਿਨੁ = ਹਰ ਰੋਜ਼।4। ਅਰਥ: ਹੇ ਭਾਈ! ਮਨੁੱਖ ਲਈ ਉਹ ਦਿਨ ਸੋਹਣਾ ਆਉਂਦਾ ਹੈ ਉਹ ਰਾਤ ਸੋਹਣੀ ਆਉਂਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ। ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਜਿਸ ਮਨੁੱਖ ਦੀ ਪ੍ਰੀਤਿ ਬਣ ਜਾਂਦੀ ਹੈ ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ। ਜਿਸ ਮਨੁੱਖ ਨੂੰ (ਗੁਰੂ ਨੇ ਜੀਵਨ ਦਾ) ਸਿੱਧਾ ਰਾਹ ਵਿਖਾ ਦਿੱਤਾ, ਉਸ ਦੇ ਦੁੱਖ ਉਸ ਦੀ ਭੁੱਖ ਉਸ ਦੀ ਗ਼ਰੀਬੀ ਸਭ ਦੂਰ ਹੋ ਗਏ। ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦੇ ਪ੍ਰੇਮ ਵਿਚ ਮਗਨ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਫਲ ਪਾ ਲੈਂਦਾ ਹੈ। ਪਰਮਾਤਮਾ ਦਾ ਦਰਸ਼ਨ ਕਰਕੇ ਮਨੁੱਖ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ, ਉਸ ਦੀਆਂ ਸਾਰੀਆਂ ਕੁਲਾਂ ਭੀ ਤਰ ਜਾਂਦੀਆਂ ਹਨ। ਹੇ ਨਾਨਕ! ਜੇਹੜੇ ਮਨੁੱਖ ਸਦਾ ਹਰਿ-ਨਾਮ ਵਿਚ ਸਿਮਰਦੇ ਰਹਿੰਦੇ ਹਨ, ਉਹਨਾਂ ਦੀ ਹਰੇਕ ਰਾਤ ਉਹਨਾਂ ਦਾ ਹਰੇਕ ਦਿਨ ਹਰ ਵੇਲੇ ਆਨੰਦ ਵਿਚ ਲੰਘਦਾ ਹੈ।4।6।9। ਆਸਾ ਮਹਲਾ ੫ ਛੰਤ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥ ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥ ਛੰਤ ॥ ਭਿੰਨੀ ਰੈਨੜੀਐ ਚਾਮਕਨਿ ਤਾਰੇ ॥ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥ ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥ ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥ ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥ ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥ {ਪੰਨਾ 459} ਪਦ ਅਰਥ: ਸੁਭ = ਭਲੀ। ਚਿੰਤਨ = ਸੋਚਾਂ। ਰਮਣ = ਸਿਮਰਨ। ਨਿਰਮਲ = ਪਵਿਤ੍ਰ। ਸਾਧੂ = ਗੁਰੂ। ਨ ਵਿਸਰਉ = ਮੈਂ ਨਾਹ ਭੁੱਲਾਂ। ਭਗਵੰਤ = ਹੇ ਭਗਵਾਨ!।1। ਛੰਤ। ਭਿੰਨੀ = ਤ੍ਰੇਲ-ਭਿੱਜੀ। ਰੈਨੜੀਐ = ਸੋਹਣੀ ਰਾਤ ਵਿਚ। ਚਾਮਕਨਿ = ਚਮਕਦੇ ਹਨ। ਜਾਗਹਿ = ਜਾਗਦੇ ਹਨ, ਸੁਚੇਤ ਰਹਿੰਦੇ ਹਨ। ਅਨਦਿਨੋ = ਅਨਦਿਨੁ, ਹਰ ਰੋਜ਼। ਪ੍ਰਭ = ਹੇ ਪ੍ਰਭੂ! ਖਿਨੋ = ਖਿਨੁ, ਰਤਾ ਭਰ ਭੀ। ਤਜਿ = ਤਿਆਗ ਕੇ। ਕਲਮਲਾ = ਪਾਪ। ਜਾਰੇ = ਸਾੜ ਲਏ।1। ਅਰਥ: ਹੇ ਨਾਨਕ! (ਆਖ–) ਹੇ ਭਗਵਾਨ! (ਮੇਰੇ ਉਤੇ) ਮੇਹਰ ਕਰ, ਮੈਂ ਇਕ ਘੜੀ ਵਾਸਤੇ ਭੀ ਤੇਰਾ ਨਾਮ ਨਾਹ ਭੁੱਲਾਂ, ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾਂ, ਮੈਂ ਗੋਬਿੰਦ ਦਾ ਨਾਮ ਜਪਦਾ ਰਹਾਂ, ਮੈਂ ਗੁਰੂ ਦੀ ਪਵਿਤ੍ਰ ਸੰਗਤਿ ਕਰਦਾ ਰਹਾਂ।1। (ਹੇ ਭਾਈ!) ਤ੍ਰੇਲ ਭਿੱਜੀ ਰਾਤ ਵਿਚ (ਆਕਾਸ਼ ਵਿਚ) ਤਾਰੇ ਡਲ੍ਹਕਦੇ ਹਨ (ਤਿਵੇਂ, ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ-ਆਕਾਸ਼ ਵਿਚ ਸੋਹਣੇ ਆਤਮਕ ਗੁਣ ਲਿਸ਼ਕਾਂ ਮਾਰਦੇ ਹਨ) । ਮੇਰੇ ਰਾਮ ਦੇ ਪਿਆਰੇ ਸੰਤ ਜਨ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ, ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ। ਸੰਤ ਜਨ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਹਨ (ਤੇ, ਉਸ ਦੇ ਦਰ ਤੇ ਅਰਦਾਸ ਕਰਦੇ ਹਨ–) ਹੇ ਪ੍ਰਭੂ ਰਤਾ ਜਿਤਨੇ ਸਮੇ ਲਈ ਭੀ ਸਾਡੇ ਦਿਲ ਤੋਂ ਦੂਰ ਨਾਹ ਹੋ। ਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ, ਮੋਹ ਤੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ। ਨਾਨਕ ਬੇਨਤੀ ਕਰਦਾ ਹੈ– (ਹੇ ਭਾਈ!) ਪਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।1। ਮੇਰੀ ਸੇਜੜੀਐ ਆਡੰਬਰੁ ਬਣਿਆ ॥ ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥ ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥ ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥ ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥ ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥ {ਪੰਨਾ 459} ਪਦ ਅਰਥ: ਸੇਜੜੀਐ = (ਹਿਰਦੇ ਦੀ) ਸੋਹਣੀ ਸੇਜ ਉੱਤੇ। ਆਡੰਬਰੁ = ਸਜਾਵਟ। ਮਨਿ = ਮਨ ਵਿਚ। ਆਵਤ = ਆਉਂਦਾ। ਸੁਖਹਗਾਮੀ = ਸੁਖ ਅਪੜਾਣ ਵਾਲੇ। ਚਾਵ = {ਲਫ਼ਜ਼ 'ਚਾਉ' ਤੋਂ ਬਹੁ-ਵਚਨ}। ਮੰਗਲ = ਖ਼ੁਸ਼ੀਆਂ। ਸੰਗਿ = ਨਾਲ। ਸਭਿ = ਸਾਰੇ। ਹਰੇ = ਹਰਿਆਵਲ-ਭਰੇ, ਤਰਾਵਤ ਵਾਲੇ, ਆਤਮਕ ਜੀਵਨ ਵਾਲੇ। ਸੰਜੋਗੁ = ਮਿਲਾਪ। ਸਾਹਾ = ਵਿਆਹ ਦਾ ਮੁਹੂਰਤ। ਸੁਭ = ਭਲਾ। ਗਣਿਆ = ਗਿਣਿਆ। ਸ੍ਰੀਧਰ = {ਸ੍ਰੀ = ਲੱਛਮੀ, ਲੱਛਮੀ ਦਾ ਸਹਾਰਾ} ਪਰਮਾਤਮਾ।2। ਅਰਥ: ਹੇ ਸਖੀ! ਜਦੋਂ ਮੈਂ ਪ੍ਰਭੂ ਨੂੰ (ਆਪਣੇ ਵਲ) ਆਉਂਦਾ ਸੁਣਿਆ, ਤਾਂ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ, ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਸਜਾਵਟ ਬਣ ਗਈ। ਹੇ ਸਖੀ! ਜਿਨ੍ਹਾਂ ਵਡ-ਭਾਗੀਆਂ ਨੂੰ ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਚਾਵਾਂ ਨਾਲ ਖ਼ੁਸ਼ੀਆਂ ਨਾਲ ਆਨੰਦ ਨਾਲ ਭਰ ਜਾਂਦੇ ਹਨ। ਉਹ ਪ੍ਰਭੂ ਦੇ ਅੰਗ (ਚਰਨਾਂ) ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੇ ਦੁੱਖ ਦੂਰ ਜੋ ਜਾਂਦੇ ਹਨ, ਉਹਨਾਂ ਦੀ ਜਿੰਦ ਉਹਨਾਂ ਦਾ ਮਨ ਉਹਨਾਂ ਦਾ ਸਰੀਰ = ਸਾਰੇ ਹੀ (ਆਤਮਕ ਜੀਵਨ ਨਾਲ) ਹਰੇ ਹੋ ਜਾਂਦੇ ਹਨ। (ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਪ੍ਰਭੂ ਦਾ ਧਿਆਨ ਧਰਦੇ ਹਨ, ਉਹਨਾਂ ਦੇ ਮਨ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਗੁਰੂ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਕਰਾਣ ਲਈ) ਭਲਾ ਸੰਜੋਗ ਬਣਾ ਦੇਂਦਾ ਹੈ, ਚੰਗਾ ਮੁਹੂਰਤ ਕੱਢ ਦੇਂਦਾ ਹੈ। ਨਾਨਕ ਬੇਨਤੀ ਕਰਦਾ ਹੈ– ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸਾਰੇ ਆਨੰਦ ਬਣ ਜਾਂਦੇ ਹਨ, ਹੁਲਾਰਾ ਬਣਿਆ ਰਹਿੰਦਾ ਹੈ।2। ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥ ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥ ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥ ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥ {ਪੰਨਾ 459} ਪਦ ਅਰਥ: ਮਿਲਿ = ਮਿਲ ਕੇ। ਸਖੀਆ = ਸਹੇਲੀਆਂ, ਸਤਸੰਗੀ। ਰਸਿ = ਆਨੰਦ ਵਿਚ (ਮਗਨ) । ਬੋਲਿ ਨ ਜਾਣੀ = ਮੈਂ ਦੱਸਣਾ ਨਹੀਂ ਜਾਣਦੀ। ਗੂੜ = ਡੂੰਘੇ। ਗੁਪਤ = ਗੁੱਝੇ। ਕਰਤੇ = ਕਰਤਾਰ ਦੇ। ਨਿਗਮ = ਵੇਦ। ਪਾਵਹੇ = ਪਾਵਹਿ, ਪਾਂਦੇ, ਪਾ ਸਕਦੇ। ਭਾਇ = ਪ੍ਰੇਮ ਵਿਚ। ਧਿਆਇ = ਧਿਆਨ ਧਰ ਕੇ। ਗਾਵਹੇ = ਗਾਵਹਿ, ਗਾਂਦੇ ਹਨ। ਸੁਗਿਆਨ = ਸ੍ਰੇਸ਼ਟ ਗਿਆਨ ਦਾ ਮਾਲਕ। ਪੂਰਨ = ਸਰਬ-ਵਿਆਪਕ। ਪ੍ਰਭ ਭਾਣੀ = ਪ੍ਰਭੂ ਨੂੰ ਪਿਆਰੀ ਲੱਗੀ। ਰੰਗਿ = ਰੰਗ ਵਿਚ। ਸਹਜਿ = ਆਤਮਕ ਅਡੋਲਤਾ ਵਿਚ।3। ਅਰਥ: ਸਹੇਲੀਆਂ ਮਿਲ ਕੇ (ਮੈਨੂੰ) ਪੁੱਛਦੀਆਂ ਹਨ ਕਿ ਖਸਮ-ਪ੍ਰਭੂ ਦੀ ਕੋਈ ਨਿਸ਼ਾਨੀ ਦੱਸ। ਮੈਂ ਉਸ ਦੇ ਮਿਲਾਪ ਦੇ ਆਨੰਦ ਵਿਚ ਮਗਨ ਤਾਂ ਹਾਂ, ਉਸ ਦੇ ਪ੍ਰੇਮ ਨਾਲ ਮੇਰਾ ਹਿਰਦਾ ਭਰਿਆ ਹੋਇਆ ਭੀ ਹੈ, ਪਰ ਮੈਂ ਉਸ ਦੀ ਕੋਈ ਨਿਸ਼ਾਨੀ ਦੱਸਣਾ ਨਹੀਂ ਜਾਣਦੀ। (ਮੇਰੇ ਉਸ) ਕਰਤਾਰ ਦੇ ਗੁਣ ਡੂੰਘੇ ਹਨ ਗੁੱਝੇ ਹਨ ਬੇਅੰਤ ਹਨ, ਵੈਦ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ, (ਉਸ ਦੇ ਸੇਵਕ) ਉਸ ਦੀ ਭਗਤੀ ਦੇ ਰੰਗ ਵਿਚ ਉਸਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਧਿਆਨ ਧਰ ਕੇ ਸਦਾ ਉਸ ਮਾਲਕ ਦੇ ਗੁਣ ਗਾਂਦੇ ਰਹਿੰਦੇ ਹਨ। ਨਾਨਕ ਬੇਨਤੀ ਕਰਦਾ ਹੈ– ਜੇਹੜੀ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਪ੍ਰੇਮ ਦੇ ਰੰਗ ਵਿਚ ਰੰਗੀ ਜਾਂਦੀ ਹੈ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ, ਉਹ ਆਪਣੇ ਉਸ ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਸ੍ਰੇਸ਼ਟ ਗਿਆਨ ਵਾਲਾ ਹੈ ਜੋ ਸਭ ਵਿਚ ਵਿਆਪਕ ਹੈ।3। ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥ ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥ ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥ ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥ ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥ {ਪੰਨਾ 459} ਪਦ ਅਰਥ: ਸੋਹਿਲੜੇ = ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ। ਸਾਜਨ = ਮਿੱਤਰ (ਸ਼ੁਭ ਗੁਣ) । ਸਰਸਿਅੜੇ = ਪ੍ਰਫੁਲਤ ਹੋਏ, ਵਧਣ ਫੁੱਲਣ ਲੱਗੇ। ਦੁਸਮਨ = (ਕਾਮਾਦਿਕ) ਵੈਰੀ। ਸੁਖ ਸਹਜ = ਆਤਮਕ ਅਡੋਲਤਾ ਦੇ ਸੁਖ। ਸਰਸੇ = ਮੌਲ ਪਏ। ਨਾਮਿ = ਨਾਮ ਵਿਚ। ਰਹਸੇ = ਪ੍ਰਸੰਨ ਹੋਏ। ਪ੍ਰਭਿ = ਪ੍ਰਭੂ ਨੇ। ਜਾਗੇ = ਸੁਚੇਤ ਰਹੇ। ਬਨਵਾਰੀ = ਜਗਤ ਦਾ ਮਾਲਕ। ਸਹਜਿ = ਆਤਮਕ ਅਡੋਲਤਾ ਵਿਚ। ਨਿਧਿ = ਖ਼ਜ਼ਾਨਾ। ਪਾਗੇ = ਪਗ, ਚਰਨ। ਤਾਗੇ = ਤੱਗੇ, ਤੋੜ ਨਿਭੇ, ਪ੍ਰੀਤ ਤੋੜ ਨਿਬਾਹੀ।4। ਅਰਥ: ਹੇ ਭਾਈ! ਪਰਮਾਤਮਾ ਦੇ ਭਗਤ (ਹਰਿ-ਜਨ) ਜਦੋਂ ਪਰਮਾਤਮਾ ਦੇ ਸੁਖਦਾਈ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਗਾਣ ਲੱਗ ਪੈਂਦੇ ਹਨ ਤਾਂ (ਉਹਨਾਂ ਦੇ ਅੰਦਰ ਸ਼ੁਭ ਗੁਣ) ਮਿੱਤਰ ਵਧਦੇ ਫੁੱਲਦੇ ਹਨ, ਉਹਨਾਂ ਦੇ ਦੁੱਖ (ਤੇ ਕਾਮਾਦਿਕ) ਵੈਰੀ ਨੱਸ ਜਾਂਦੇ ਹਨ। ਆਤਮਕ ਅਡੋਲਤਾ ਦੇ ਸੁਖ ਉਹਨਾਂ ਦੇ ਅੰਤਰ ਮੌਲਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹ ਪ੍ਰਸੰਨ-ਚਿੱਤ ਰਹਿੰਦੇ ਹਨ, ਪਰ ਇਹ ਸਾਰੀ ਮੇਹਰ ਪ੍ਰਭੂ ਨੇ ਆਪ ਹੀ ਕੀਤੀ ਹੁੰਦੀ ਹੈ। (ਆਪਣੇ ਸੇਵਕਾਂ ਤੇ ਪ੍ਰਭੂ ਮੇਹਰ ਕਰਦਾ ਹੈ) ਉਹ ਸੇਵਕ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ। ਹੇ ਭਾਈ! ਸੰਤ ਜਨਾਂ ਵਾਸਤੇ (ਜੀਵਨ ਦੇ ਇਹ) ਭਲੇ ਦਿਨ ਆਏ ਹੁੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਚਰਨ ਪਰਸਦੇ ਰਹਿੰਦੇ ਹਨ। ਨਾਨਕ ਬੇਨਤੀ ਕਰਦਾ ਹੈ– ਪਰਮਾਤਮਾ ਦੇ ਸੇਵਕ ਮਾਲਕ-ਪ੍ਰਭੂ ਦੀ ਸਰਨ ਆ ਕੇ ਸਦਾ ਲਈ ਉਸ ਨਾਲ ਪ੍ਰੀਤਿ ਨਿਬਾਹੁੰਦੇ ਹਨ।4।1।10। ਆਸਾ ਮਹਲਾ ੫ ॥ ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥ ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥ ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥ ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥ ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥ ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥ {ਪੰਨਾ 459-460} ਪਦ ਅਰਥ: ਉਠਿ = ਉੱਠ ਕੇ। ਵੰਞੁ = ਤੁਰ ਪਉ। ਵਟਾਊੜਿਆ = ਹੇ ਭੋਲੇ ਵਟਾਊ! ਹੇ ਭੋਲੇ ਰਾਹੀ! ਵਾਟ = ਰਸਤਾ। ਤੈ = ਤੂੰ {ਲਫ਼ਜ਼ 'ਤੈ' ਅਤੇ 'ਤੂੰ' ਦੇ ਫ਼ਰਕ ਵਾਸਤੇ ਵੇਖੋ 'ਗੁਰਬਾਣੀ ਵਿਆਕਰਣ'}। ਮੁਹਲਤਿ = ਮਿਲਿਆ ਹੋਇਆ ਜ਼ਿੰਦਗੀ ਦਾ ਸਮਾ। ਕਿਤੁ = ਕਿਸ ਵਿਚ? ਕੂੜਿ = ਠੱਗੀ ਵਿਚ। ਕਿਤੁ ਕੂੜਿ = ਕਿਸ ਠੱਗੀ ਵਿਚ? ਧੋਹੁ = ਧੋਖਾ। ਕਰਹਿ = ਤੂੰ ਕਰਦਾ ਹੈਂ। ਅਮਿਤਿਆ = ਅਣਗਿਣਤ। ਭਸਮ = ਸੁਆਹ। ਜਮਹਿ = ਜਮ ਨੇ। ਹੇਰੀ = ਤੱਕੀ, ਤੱਕ ਵਿਚ ਰੱਖੀ ਹੋਈ। ਕਾਲਿ = ਕਾਲ ਨੇ, ਆਤਮਕ ਮੌਤ ਨੇ। ਬਪੁੜੈ = ਵਿਚਾਰੇ ਨੂੰ। ਵੈਸੀ = ਚਲਾ ਜਾਏਗਾ। ਰਹਿਓ = ਖ਼ਤਮ ਹੋ ਗਿਆ। ਸੰਗਿ = ਨਾਲ। ਜੁਲਿਆ = ਚੱਲਿਆ। ਕਿਰਤੁ = {øq} ਕੀਤੇ ਕਰਮਾਂ ਦਾ ਇਕੱਠ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ।1। ਅਰਥ: ਹੇ ਭੋਲੇ ਰਾਹੀ (ਜੀਵ) ! ਉੱਠ, ਤੁਰ (ਤਿਆਰ ਹੋ) । ਤੂੰ ਕਿਉਂ ਚਿਰ ਲਾ ਰਿਹਾ ਹੈਂ! ਤੈਨੂੰ ਮਿਲਿਆ ਹੋਇਆ ਉਮਰ ਦਾ ਸਮਾ ਪੂਰਾ ਹੋ ਰਿਹਾ ਹੈ। ਤੂੰ ਕਿਸ ਠੱਗੀ ਵਿਚ ਫਸਿਆ ਹੋਇਆ ਹੈਂ? (ਧਿਆਨ ਕਰ, ਇਹ) ਮਾਇਆ (ਨਿਰਾ) ਧੋਖਾ ਹੈ (ਤੂੰ ਇਸ ਦੀ) ਠੱਗੀ ਵਿਚ ਫਸਿਆ ਹੋਇਆ ਹੈਂ, ਤੇ ਬੇਅੰਤ ਪਾਪ ਕਰੀ ਜਾ ਰਿਹਾ ਹੈਂ। ਇਹ ਸਰੀਰ (ਆਖ਼ਰ) ਮਿੱਟੀ ਦੀ ਢੇਰੀ (ਹੋ ਜਾਏਗਾ) , ਜਮ ਨੇ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ। (ਪਰ ਜੀਵ ਵਿਚਾਰਾ ਭੀ ਕੀਹ ਕਰੇ? ਇਸ) ਵਿਚਾਰੇ ਨੂੰ ਆਤਮਕ ਮੌਤ ਨੇ ਆਪਣੇ ਕਾਬੂ ਵਿਚ ਕੀਤਾ ਹੋਇਆ ਹੈ (ਇਹ ਨਹੀਂ ਸਮਝਦਾ ਕਿ ਇਹ) ਧਨ ਜਵਾਨੀ ਸਭ ਕੁਝ ਛੱਡ ਕੇ ਤੁਰ ਜਾਏਗਾ, ਤਦੋਂ ਇਸ ਦਾ ਖਾਣਾ ਪਹਿਨਣਾ ਮੁੱਕ ਜਾਏਗਾ। ਹੇ ਨਾਨਕ! (ਜਦੋਂ ਜੀਵ ਇਥੋਂ ਤੁਰਦਾ ਹੈ, ਤਾਂ) ਕਮਾਇਆ ਹੋਇਆ ਚੰਗਾ ਮੰਦਾ ਕਰਮ ਇਸ ਦੇ ਨਾਲ ਤੁਰ ਪੈਂਦਾ ਹੈ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ।1। |
![]() |
![]() |
![]() |
![]() |
Sri Guru Granth Darpan, by Professor Sahib Singh |