ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 458

ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥ ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥ ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥ ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥ ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥ ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥੨॥ {ਪੰਨਾ 458}

ਪਦ ਅਰਥ: ਮਤਿ ਹੀਨੁ = ਅਕਲੋਂ ਸੱਖਣਾ। ਅਨਾਥੁ = ਨਿਆਸਰਾ। ਸਠ = ਵਿਕਾਰੀ। ਕਠੋਰੁ = ਕਰੜੇ ਹਿਰਦੇ ਵਾਲਾ {ਕਾਠ-ਉਰ}। ਕੀਚੁ = ਚਿੱਕੜ। ਮਲ = ਮੈਲ। ਅਹੰ = ਹਉਮੈ। ਮਮਤਾ = ਅਪਣੱਤ। ਚੀਤਿ = ਚਿੱਤ ਵਿਚ। ਆਵਏ = ਆਵੈ, ਆਉਂਦੀ। ਬਨਿਤਾ = ਇਸਤ੍ਰੀ। ਬਿਨੋਦ = ਚੋਜ-ਤਮਾਸ਼ੇ। ਲਪਟਾਵਏ = ਲਪਟਾਵੈ, ਲਪਟ ਰਹੀ ਹੈ, ਚੰਬੜੀ ਹੋਈ ਹੈ। ਖਿਸੈ = ਖਿਸਕ ਰਿਹਾ ਹੈ। ਜੋਬਨੁ = ਜਵਾਨੀ। ਬਧੈ = ਵਧ ਰਿਹਾ ਹੈ। ਜਰੂਆ = ਬੁਢੇਪਾ। ਨਿਹਾਰੇ = ਤੱਕ ਰਹੀ ਹੈ, ਉਡੀਕ ਰਹੀ ਹੈ। ਸੰਗਿ = (ਮੇਰੇ) ਨਾਲ। ਮੀਚੁ = ਮੌਤ। ਸਾਧੂ = ਗੁਰੂ।2।

ਅਰਥ: ਹੇ ਪ੍ਰਭੂ! ਮੈਂ ਗੁਨਾਹਗਾਰ ਹਾਂ, ਅਕਲੋਂ ਸੱਖਣਾ ਹਾਂ, ਗੁਣ-ਹੀਣ ਹਾਂ, ਨਿਆਸਰਾ ਹਾਂ, ਮੰਦੇ ਸੁਭਾਵ ਵਾਲਾ ਹਾਂ। ਹੇ ਪ੍ਰਭੂ! ਮੈਂ ਵਿਕਾਰੀ ਹਾਂ, ਬੇ-ਤਰਸ ਹਾਂ, ਨੀਵੀਂ ਕੁਲ ਵਾਲਾ ਹਾਂ, ਮੋਹ ਦਾ ਚਿੱਕੜ ਮੇਰੇ ਉਤੇ ਆਪਣਾ ਦਬਾਉ ਪਾ ਰਿਹਾ ਹੈ।

ਹੇ ਪ੍ਰਭੂ! ਭਟਕਣਾ ਵਿਚ ਪੈਣ ਵਾਲੇ ਕਰਮਾਂ ਦੀ ਮੈਲ ਮੈਨੂੰ ਲੱਗੀ ਹੋਈ ਹੈ, ਮੇਰੇ ਅੰਦਰ ਅਹੰਕਾਰ ਹੈ, ਮਮਤਾ ਹੈ, (ਇਸ ਵਾਸਤੇ) ਮੌਤ ਮੈਨੂੰ ਚੇਤੇ ਨਹੀਂ ਆਉਂਦੀ। ਮੈਂ ਇਸਤ੍ਰੀ ਦੇ ਚੋਜ-ਤਮਾਸ਼ਿਆਂ ਵਿਚ ਮਾਇਆ ਦੇ ਮੌਜ-ਮੇਲਿਆਂ ਵਿਚ (ਗ਼ਰਕ ਹਾਂ) , ਮੈਨੂੰ ਅਗਿਆਨਤਾ ਚੰਬੜੀ ਹੋਈ ਹੈ।

ਹੇ ਪ੍ਰਭੂ! ਮੇਰੀ ਜਵਾਨੀ ਢਲ ਰਹੀ ਹੈ, ਬੁਢੇਪਾ ਵਧ ਰਿਹਾ ਹੈ, ਮੌਤ (ਮੇਰੇ) ਨਾਲ (ਮੇਰੀ ਜ਼ਿੰਦਗੀ ਦੇ) ਦਿਨ ਤੱਕ ਰਹੀ ਹੈ। ਤੇਰਾ ਦਾਸ ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਮੈਨੂੰ ਤੇਰੀ ਹੀ ਆਸ ਹੈ, ਮੈਨੂੰ ਨੀਚ ਨੂੰ ਗੁਰੂ ਦੀ ਸਰਨ ਰੱਖ।2।

ਭਰਮੇ ਜਨਮ ਅਨੇਕ ਸੰਕਟ ਮਹਾ ਜੋਨ ॥ ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥ ਭ੍ਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸਹ ਧਾਇਓ ॥ ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾਇਓ ॥ ਰਾਖਨਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨ ਹੋਆ ਹੋਨ ॥ ਸੂਖ ਸਹਜ ਆਨੰਦ ਨਾਨਕ ਕ੍ਰਿਪਾ ਤੇਰੀ ਤਰੈ ਭਉਨ ॥੩॥ {ਪੰਨਾ 458}

ਪਦ ਅਰਥ: ਭਰਮੇ = ਭਟਕਦੇ ਰਹੇ। ਸੰਕਟ ਮਹਾ = ਵੱਡੇ ਦੁੱਖ। ਜੋਨ = ਜੂਨਾਂ ਦੇ (ਜੋਨਿ) । ਲਪਟਿ ਰਹਿਓ = ਚੰਬੜਿਆ। ਤਿਹ ਸੰਗਿ = ਉਹਨਾਂ ਨਾਲ। ਸੋਨ = ਸੋਨਾ, ਧਨ-ਪਦਾਰਥ। ਭਾਰ ਅਗਨਤ = ਅਣਗਿਣਤ (ਪਾਪਾਂ ਦੇ) ਭਾਰ। ਪ੍ਰਦੇਸਹ = ਪਰਦੇਸਾਂ ਵਿਚ, ਕਈ ਜਨਮਾਂ ਵਿਚ। ਧਾਇਓ = ਦੌੜਦਾ ਰਿਹਾ। ਓਟ = ਆਸਰਾ। ਮੁਰਾਰੀ = ਹੇ ਮੁਰਾਰੀ! {ਮੁਰ-ਅਰਿ} ਹੇ ਪਰਮਾਤਮਾ! ਨਾਇਓ = ਨਾਮ ਵਿਚ। ਤੇ = ਤੋਂ, ਪਾਸੋਂ। ਨ ਹੋਆ = ਨਹੀਂ ਹੋ ਸਕਿਆ। ਨ ਹੋਨ = ਨਹੀਂ ਹੋ ਸਕੇਗਾ। ਭਉਨ = ਭਵਨ, ਭਵਸਾਗਰ, ਸੰਸਾਰ-ਸਮੁੰਦਰ।3।

ਅਰਥ: ਹੇ ਪ੍ਰਭੂ! ਹੇ ਮੁਰਾਰੀ! ਮੈਂ ਅਨੇਕਾਂ ਜਨਮਾਂ ਵਿਚ ਭਟਕਿਆ ਹਾਂ, ਮੈਂ ਕਈ ਜੂਨਾਂ ਦੇ ਵੱਡੇ ਦੁੱਖ ਸਹਾਰੇ ਹਨ। ਧਨ ਤੇ ਪਦਾਰਥਾਂ ਦੇ ਭੋਗ ਮੈਨੂੰ ਮਿੱਠੇ ਲੱਗ ਰਹੇ ਹਨ, ਮੈਂ ਇਹਨਾਂ ਨਾਲ ਹੀ ਚੰਬੜਿਆ ਰਹਿੰਦਾ ਹਾਂ। ਅਨੇਕਾਂ ਪਾਪਾਂ ਦਾ ਭਾਰ ਚੁੱਕ ਕੇ ਮੈਂ ਭਟਕਦਾ ਆ ਰਿਹਾ ਹਾਂ, ਅਨੇਕਾਂ ਪਰਦੇਸਾਂ ਵਿਚ (ਜੂਨਾਂ ਵਿਚ) ਦੌੜ ਚੁਕਿਆ ਹਾਂ (ਦੁੱਖ ਹੀ ਦੁੱਖ ਵੇਖੇ ਹਨ) । ਹੁਣ ਮੈਂ ਤੇਰਾ ਪੱਲਾ ਫੜਿਆ ਹੈ, ਤੇ, ਹੇ ਹਰੀ! ਤੇਰੇ ਨਾਮ ਵਿਚ ਮੈਨੂੰ ਸਾਰੇ ਸੁਖ ਮਿਲ ਗਏ ਹਨ।

ਹੇ ਰੱਖਿਆ ਕਰਨ ਦੇ ਸਮਰਥ ਪਿਆਰੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਥੋਂ ਹੁਣ ਤਕ ਕੁਝ ਨਹੀਂ ਹੋ ਸਕਿਆ, ਅਗਾਂਹ ਨੂੰ ਭੀ ਕੁਝ ਨਹੀਂ ਹੋ ਸਕੇਗਾ। ਹੇ ਨਾਨਕ! (ਆਖ– ਹੇ ਪ੍ਰਭੂ!) ਜਿਸ ਮਨੁੱਖ ਉਤੇ ਤੇਰੀ ਕਿਰਪਾ ਹੋ ਜਾਂਦੀ ਹੈ, ਉਸ ਨੂੰ ਆਤਮਕ ਅਡੋਲਤਾ ਤੇ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।3।

ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥ ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥ ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥ ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥ ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥ ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥ {ਪੰਨਾ 458}

ਪਦ ਅਰਥ: ਨਾਮ ਧਾਰੀਕ = (ਸਿਰਫ਼ ਭਗਤ-) ਨਾਮ ਧਾਰਨ ਵਾਲੇ। ਸੰਸਾ = ਸਹਮ। ਕਉਨ = ਕੇਹੜਾ। ਜੇਨ ਕੇਨ ਪਰਕਾਰੇ = ਜਿਸ ਕਿਸੇ ਤਰੀਕੇ ਨਾਲ (ਭੀ ਹੋ ਸਕੇ) । ਜਸੁ = ਸਿਫ਼ਤਿ-ਸਾਲਾਹ। ਸ੍ਰਵਨ = ਕੰਨਾਂ ਨਾਲ। ਸੁਨਿ = ਸੁਣ। ਬਾਨੀ = ਸਿਫ਼ਤਿ-ਸਾਲਾਹ ਦੀ ਬਾਣੀ। ਪੁਰਖ ਗਿਆਨੀ = ਹੇ ਗਿਆਨਵਾਨ ਬੰਦੇ! ਮਨਿ = ਮਨ ਵਿਚ। ਨਿਧਾਨਾ = ਖ਼ਜ਼ਾਨਾ। ਪਾਵਹੇ = ਪਾਵਹਿ, ਲੱਭ ਲਏਂਗਾ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੱਤੇ ਹੋਏ, ਮਸਤ। ਬਿਧਾਤੇ = ਸਿਰਜਣਹਾਰ। ਗਾਵਹੇ = ਗਾਵਹਿ, ਗਾਂਦੇ ਹਨ। ਬਸੁਧ = ਬਸੁਧਾ, ਧਰਤੀ। ਬਨਰਾਜ = ਬਨਸਪਤੀ। ਕਉ = ਵਾਸਤੇ। ਪਵਨ = ਹਵਾ। ਬੇਅੰਤ ਅੰਤੁ = ਬੇਅੰਤ (ਪ੍ਰਭੂ) ਦਾ ਅੰਤ। ਗਹੀ = (ਮੈਂ) ਫੜੀ ਹੈ।4।

ਅਰਥ: ਹੇ ਭਾਈ! ਪਰਮਾਤਮਾ ਨੇ ਤਾਂ ਉਹ ਬੰਦੇ ਭੀ (ਵਿਕਾਰਾਂ ਤੋਂ) ਬਚਾ ਲਏ ਜਿਨ੍ਹਾਂ ਨੇ ਸਿਰਫ਼ ਆਪਣਾ ਨਾਮ ਹੀ ਭਗਤ ਰਖਾਇਆ ਹੋਇਆ ਸੀ। (ਸੱਚੇ) ਭਗਤਾਂ ਨੂੰ (ਤਾਂ ਸੰਸਾਰ-ਸਮੁੰਦਰ ਦਾ) ਕੋਈ ਸਹਮ ਨਹੀਂ ਰਹਿ ਸਕਦਾ। (ਸੋ, ਹੇ ਭਾਈ!) ਜਿਸ ਤਰ੍ਹਾਂ ਭੀ ਹੋ ਸਕੇ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦੇ ਰਿਹਾ ਕਰੋ।

ਹੇ ਗਿਆਨਵਾਨ ਬੰਦੇ! ਆਪਣੇ ਕੰਨਾਂ ਨਾਲ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ (ਇਸ ਤਰ੍ਹਾਂ ਤੂੰ) ਮਨ ਵਿਚ ਨਾਮ-ਖ਼ਜ਼ਾਨਾ ਲੱਭ ਲਏਂਗਾ। (ਹੇ ਭਾਈ! ਭਾਗਾਂ ਵਾਲੇ ਹਨ ਉਹ ਮਨੁੱਖ ਜੇਹੜੇ) ਸਿਰਜਣਹਾਰ ਹਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਉਸ ਦੇ ਗੁਣ ਗਾਂਦੇ ਹਨ।

(ਹੇ ਭਾਈ!) ਜੇ ਸਾਰੀ ਧਰਤੀ ਕਾਗ਼ਜ਼ ਬਣ ਜਾਏ, ਜੇ ਸਾਰੀ ਬਨਸਪਤੀ ਕਲਮ ਬਣ ਜਾਏ, ਤੇ ਜੇ ਹਵਾ ਲਿਖਣ ਵਾਸਤੇ (ਲਿਖਾਰੀ) ਬਣ ਜਾਏ, ਤਾਂ ਭੀ ਬੇਅੰਤ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਨਾਨਕ! (ਆਖ– ਮੈਂ ਉਸ ਪਰਮਾਤਮਾ ਦੇ) ਚਰਨਾਂ ਦਾ ਆਸਰਾ ਲਿਆ ਹੈ।4।5।8।

ਆਸਾ ਮਹਲਾ ੫ ॥ ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ ॥ ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥ ਮਾਤ ਪਿਤਾ ਸੁਤ ਮੀਤ ਸੁਰਿਜਨ ਇਸਟ ਬੰਧਪ ਜਾਣਿਆ ॥ ਗਹਿ ਕੰਠਿ ਲਾਇਆ ਗੁਰਿ ਮਿਲਾਇਆ ਜਸੁ ਬਿਮਲ ਸੰਤ ਵਖਾਣਿਆ ॥ ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥ ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥੧॥ {ਪੰਨਾ 458}

ਪਦ ਅਰਥ: ਪੁਰਖ ਪਤੇ = ਸਭ ਜੀਵਾਂ ਦਾ ਖਸਮ। ਤਾ ਕੀ = ਉਸ (ਭਗਵਾਨ) ਦੀ। ਗਹੀ = ਪਕੜੀ। ਪਰਾਨ = ਜਿੰਦ। ਲਹੀ = ਲਹਿ ਗਈ। ਸੁਤ = ਪੁੱਤਰ। ਸੁਰਿਜਨ = ਗੁਰਮੁਖ। ਇਸਟ = ਪਿਆਰੇ। ਬੰਧਪ = ਰਿਸ਼ਤੇਦਾਰ। ਗਹਿ = ਫੜ ਕੇ। ਕੰਠਿ = ਗਲ ਨਾਲ। ਗੁਰਿ = ਗੁਰੂ ਨੇ। ਬਿਮਲ = ਪਵਿਤ੍ਰ (ਕਰਨ ਵਾਲਾ) । ਸੰਤ = ਸੰਤਾਂ ਨੇ। ਮਹਿਮਾ = ਵਡਿਆਈ। ਕਛੂ = ਕੁਝ ਭੀ। ਏਕ ਅਨੇਕ = ਇਕ ਤੋਂ ਅਨੇਕ ਰੂਪ ਧਾਰਨ ਵਾਲਾ। ਅਲਖ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਤਿਸੁ ਓਟ = ਉਸ (ਪਰਮਾਤਮਾ ਦਾ) ਆਸਰਾ।1।

ਅਰਥ: (ਹੇ ਭਾਈ!) ਜੇਹੜਾ ਭਗਵਾਨ ਸਭ ਜੀਵਾਂ ਦਾ ਖਸਮ ਹੈ ਜਿਨ੍ਹਾਂ ਸੰਤ ਜਨਾਂ ਨੇ ਉਸ ਦਾ ਆਸਰਾ ਲਿਆ ਹੋਇਆ ਹੈ (ਉਸ ਆਸਰੇ ਦੀ ਬਰਕਤਿ ਨਾਲ) ਉਹਨਾਂ ਦੀ ਜਿੰਦ (ਦੁਨੀਆ ਦੇ) ਡਰਾਂ ਤੋਂ ਰਹਿਤ ਹੋ ਗਈ ਹੈ, ਉਹਨਾਂ ਦੀ ਹਰੇਕ ਕਿਸਮ ਦੀ ਚਿੰਤਾ ਦੂਰ ਹੋ ਗਈ ਹੈ। ਉਹਨਾਂ ਨੇ ਭਗਵਾਨ ਨੂੰ ਹੀ ਆਪਣੇ ਮਾਂ ਪਿਉ ਪੁੱਤਰ ਮਿੱਤਰ ਸੱਜਣ ਪਿਆਰੇ ਰਿਸ਼ਤੇਦਾਰ ਸਮਝ ਰੱਖਿਆ ਹੈ। ਗੁਰੂ ਨੇ ਉਹਨਾਂ ਨੂੰ ਭਗਵਾਨ ਦੇ ਚਰਨਾਂ ਵਿਚ ਜੋੜ ਦਿੱਤਾ ਹੈ, (ਭਗਵਾਨ ਨੇ ਉਹਨਾਂ ਦੀ ਬਾਂਹ) ਫੜ ਕੇ ਉਹਨਾਂ ਨੂੰ ਆਪਣੇ ਗਲ ਲਾ ਲਿਆ ਹੈ। ਉਹ ਸੰਤ ਜਨ ਪਰਮਾਤਮਾ ਦੀ ਸਿਫ਼ਤਿ ਉਚਾਰਦੇ ਰਹਿੰਦੇ ਹਨ।

ਹੇ ਭਾਈ! ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਅਨੇਕਾਂ ਵਡਿਆਈਆਂ ਹਨ, ਉਸ (ਦੀ ਬਜ਼ੁਰਗੀ) ਦਾ ਰਤਾ ਭਰ ਭੀ ਮੁੱਲ ਨਹੀਂ ਦੱਸਿਆ ਜਾ ਸਕਦਾ। ਉਹ ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕ-ਰੂਪ ਬਣਿਆ ਹੋਇਆ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਭ ਦਾ ਮਾਲਕ ਹੈ। ਹੇ ਨਾਨਕ! (ਆਖ– ਸੰਤ ਜਨਾਂ ਨੇ) ਉਸ ਪਰਮਾਤਮਾ ਦਾ ਆਸਰਾ ਲਿਆ ਹੋਇਆ ਹੈ।1।

ਅੰਮ੍ਰਿਤ ਬਨੁ ਸੰਸਾਰੁ ਸਹਾਈ ਆਪਿ ਭਏ ॥ ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ ॥ ਗਤੁ ਭਰਮ ਮੋਹ ਬਿਕਾਰ ਬਿਨਸੇ ਜੋਨਿ ਆਵਣ ਸਭ ਰਹੇ ॥ ਅਗਨਿ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ॥ ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥ ਨਾਨਕ ਨਾਮੁ ਧਿਆਇ ਪੂਰਨ ਸਾਧਸੰਗਿ ਪਾਈ ਪਰਮ ਗਤੇ ॥੨॥ {ਪੰਨਾ 458}

ਪਦ ਅਰਥ: ਬਨੁ = ਜਲ {vnz jly kwnny}। ਸਹਾਈ = ਮਦਦਗਾਰ। ਉਰ ਹਾਰੁ = ਹਿਰਦੇ ਦਾ ਹਾਰ। ਬਿਖੁ = ਜ਼ਹਰ। ਦਿਵਸ = ਦਿਨ। ਗਤੁ = ਚਲਾ ਗਿਆ। ਰਹੇ = ਮੁੱਕ ਗਏ। ਸਾਧ ਅੰਚਲ = ਗੁਰੂ ਦਾ ਪੱਲਾ। ਗਹਿ ਰਹੇ = ਫੜ ਰੱਖਿਆ। ਸੰਮ੍ਰਿਥ = ਸਭ ਤੋਂ ਉੱਚੀ ਆਤਮਕ ਅਵਸਥਾ।2।

ਅਰਥ: ਹੇ ਭਾਈ! ਪਰਮਾਤਮਾ ਆਪ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ, ਉਸ ਦੇ ਵਾਸਤੇ ਸੰਸਾਰ-ਸਮੁੰਦਰ ਆਤਮਕ ਜੀਵਨ ਦੇਣ ਵਾਲਾ ਜਲ ਬਣ ਜਾਂਦਾ ਹੈ। ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦਾ ਹਾਰ ਬਣਾ ਲੈਂਦਾ ਹੈ, ਉਸ ਦੇ ਵਾਸਤੇ (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦਾ) ਜ਼ਹਰ ਖਾਣ ਵਾਲੇ ਦਿਨ ਬੀਤ ਜਾਂਦੇ ਹਨ। ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਦੇ ਅੰਦਰੋਂ ਮੋਹ ਤੇ ਵਿਕਾਰ ਨਾਸ ਹੋ ਜਾਂਦੇ ਹਨ, ਉਸ ਦੇ ਜਨਮਾਂ ਦੇ ਗੇੜ ਮੁੱਕ ਜਾਂਦੇ ਹਨ।

ਜੇਹੜਾ ਮਨੁੱਖ ਗੁਰੂ ਦਾ ਪੱਲਾ ਫੜੀ ਰੱਖਦਾ ਹੈ, ਵਿਕਾਰਾਂ ਦੀ ਅੱਗ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਉਸ ਦੇ ਵਾਸਤੇ ਠੰਢਾ-ਠਾਰ ਹੋ ਜਾਂਦਾ ਹੈ।

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਗੋਵਿੰਦ ਗੁਪਾਲ ਦਇਆਲ ਸਮਰੱਥ ਪਰਮਾਤਮਾ ਦੀ ਜੈ ਜੈਕਾਰ ਕਰਦਾ ਰਿਹਾ ਕਰ। ਗੁਰੂ ਦੀ ਸੰਗਤਿ ਵਿਚ ਰਹਿ ਕੇ ਪੂਰਨ ਪਰਮਾਤਮਾ ਦਾ ਨਾਮ ਸਿਮਰ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ।2।

ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥ ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ ॥ ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥ ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ ॥ ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥ ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥੩॥ {ਪੰਨਾ 458}

ਪਦ ਅਰਥ: ਜਹ = ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉੱਥੇ। ਸੰਗਿ = ਨਾਲ। ਰਵਿ ਰਹਿਆ = ਵੱਸ ਰਿਹਾ ਹੈ। ਘਟ = ਸਰੀਰ। ਵਿਰਲੈ ਕਿਨੈ = ਕਿਸੇ ਵਿਰਲੇ ਮਨੁੱਖ ਨੇ। ਲਹਿਆ = ਲੱਭਾ, ਸਮਝਿਆ ਹੈ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲੇ ਉਤੇ, ਪੁਲਾੜ ਵਿਚ। ਕੀਟ = ਕੀੜਾ। ਹਸਤਿ = ਹਾਥੀ। ਸਮਾਨਿਆ = ਇਕੋ ਜਿਹਾ। ਆਦਿ = ਜਗਤ-ਰਚਨਾ ਦੇ ਸ਼ੁਰੂ ਵਿਚ। ਅੰਤੇ = ਅਖ਼ੀਰ ਵਿਚ। ਮਧਿ = ਵਿਚਕਾਰ, ਹੁਣ। ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਲੀਲਾ = ਖੇਡ। ਨਿਧਿ = ਖ਼ਜ਼ਾਨਾ। ਜਨਿ = ਜਨ ਨੇ, ਕਿਸੇ ਵਿਰਲੇ ਸੇਵਕ ਨੇ। ਕਹਿਆ = ਸਿਮਰਿਆ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।3।

ਅਰਥ: ਹੇ ਭਾਈ! ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਮੇਰੇ ਨਾਲ ਮੈਨੂੰ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਉਹ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਰੱਖਦਾ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ। ਉਹ ਵਿਆਪਕ ਪ੍ਰਭੂ ਪਾਣੀ ਵਿਚ ਧਰਤੀ ਵਿਚ ਪੁਲਾੜ ਵਿਚ ਹਰ ਥਾਂ ਵੱਸ ਰਿਹਾ ਹੈ, ਕੀੜੀ ਵਿਚ ਹਾਥੀ ਵਿਚ ਇਕੋ ਜਿਹਾ। ਜਗਤ-ਰਚਨਾ ਦੇ ਸ਼ੁਰੂ ਵਿਚ ਉਹ ਆਪ ਹੀ ਸੀ, ਰਚਨਾ ਦੇ ਅੰਤ ਵਿੱਚ ਵੀ ਉਹ ਆਪ ਹੀ ਹੋਵੇਗਾ, ਹੁਣ ਭੀ ਉਹ ਆਪ ਹੀ ਆਪ ਹੈ। ਗੁਰੂ ਦੀ ਕਿਰਪਾ ਨਾਲ ਹੀ ਇਸ ਗੱਲ ਦੀ ਸਮਝ ਆਉਂਦੀ ਹੈ।

ਹੇ ਭਾਈ! ਹਰ ਪਾਸੇ ਪਰਮਾਤਮਾ ਦਾ ਹੀ ਪਸਾਰਾ ਹੈ, ਪਰਮਾਤਮਾ ਦੀ ਹੀ ਰਚੀ ਹੋਈ ਖੇਡ ਹੋ ਰਹੀ ਹੈ, ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕਿਸੇ ਵਿਰਲੇ ਸੇਵਕ ਨੇ ਉਸ ਨੂੰ ਜਪਿਆ ਹੈ। ਹੇ ਨਾਨਕ! ਹਰੇਕ ਦੇ ਦਿਲ ਦੀ ਜਾਣਨ ਵਾਲੇ ਉਸ ਮਾਲਕ ਨੂੰ ਸਿਮਰਦਾ ਰਹੁ, ਉਹ ਹਰੀ ਆਪ ਹੀ ਹਰ ਥਾਂ ਮੌਜੂਦ ਹੈ।3।

TOP OF PAGE

Sri Guru Granth Darpan, by Professor Sahib Singh