ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 455 ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥ ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥ ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥ ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥ ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥ ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥ {ਪੰਨਾ 455} ਪਦ ਅਰਥ: ਨੀਰ = ਪਾਣੀ। ਧੀਰੇ = ਧੀਰਜ ਕਰਦੀ। ਮਨ = ਹੇ ਮਨ! ਨੇਹੁ = ਪ੍ਰੇਮ। ਕਰੇਹੁ = ਕਰ। ਚਾਤ੍ਰਿਕ = ਪਪੀਹਾ। ਬੂੰਦ = ਵਰਖਾ ਦੀ ਕਣੀ। ਚਵੈ = ਬੋਲਦਾ ਹੈ। ਚਵੈ ਮੇਹੁ = ਚਵੈ ਮੇਘੁ, ਬੱਦਲ ਨੂੰ ਆਖਦਾ ਹੈ। ਸੁਹਾਵੇ = ਹੇ ਸੋਹਣੇ (ਮੇਘ) ! ਬਰਸੁ = ਵਰਖਾ ਕਰ। ਦੀਜੈ = ਭੇਟ ਕਰ ਦੇਣਾ ਚਾਹੀਦਾ ਹੈ। ਮੁਰਾਰੀ = ਪਰਮਾਤਮਾ (ਨਾਲ) । ਮਾਨੁ = ਅਹੰਕਾਰ। ਸੁਪ੍ਰਸੰਨੇ = ਦਇਆਵਾਨ। ਨਾਹ = ਹੇ ਨਾਥ! ਹੇ ਪ੍ਰਭੂ-ਪਤੀ! ਵਿਛੁੰਨੇ = ਹੇ ਵਿਛੁੜੇ ਹੋਏ! ਧਨ = ਜੀਵ-ਇਸਤ੍ਰੀ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ। ਨਾਨਕ = ਹੇ ਨਾਨਕ! ਛੰਤ = ਸਿਫ਼ਤਿ-ਸਾਲਾਹ ਦੇ ਗੀਤ। ਨੇਹਾ = ਨੇਹੁ, ਪ੍ਰੇਮ।2। ਅਰਥ: ਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ; ਜਿਹੋ ਜਿਹਾ (ਪਪੀਹੇ ਦਾ ਪ੍ਰੇਮ ਵਰਖਾ-ਬੂੰਦ ਨਾਲ ਹੈ) , ਪਪੀਹਾ ਤਿਹਾਇਆ ਹੈ (ਪਰ ਹੋਰ ਪਾਣੀ ਨਹੀਂ ਪੀਂਦਾ, ਉਹ) ਮੁੜ ਮੁੜ ਵਰਖਾ ਦੀ ਕਣੀ ਮੰਗਦਾ ਹੈ, ਤੇ ਬੱਦਲ ਨੂੰ ਆਖਦਾ ਹੈ– ਹੇ ਸੋਹਣੇ (ਮੇਘ) ! ਵਰਖਾ ਕਰ। ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਪਿਆਰ ਦੇ ਵੱਟੇ ਆਪਣਾ) ਇਹ ਮਨ ਉਸ ਦੇ ਹਵਾਲੇ ਕਰਨਾ ਚਾਹੀਦਾ ਹੈ (ਤੇ ਇਸ ਤਰ੍ਹਾਂ) ਮਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜਨਾ ਚਾਹੀਦਾ ਹੈ; ਅਹੰਕਾਰ ਨਹੀਂ ਕਰਨਾ ਚਾਹੀਦਾ, ਪਰਮਾਤਮਾ ਦੀ ਸਰਨ ਪੈਣਾ ਚਾਹੀਦਾ ਹੈ, ਉਸ ਦੇ ਦਰਸਨ ਦੀ ਖ਼ਾਤਰ ਆਪਣਾ ਆਪ ਸਦਕੇ ਕਰਨਾ ਚਾਹੀਦਾ ਹੈ। ਹੇ ਭਾਈ! ਜਿਸ ਜੀਵ-ਇਸਤ੍ਰੀ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈ ਕਰਦੀ ਹੈ– ਹੇ ਵਿਛੁੜੇ ਹੋਏ ਪ੍ਰਭੂ-ਪਤੀ! ਮੈਨੂੰ (ਆ ਕੇ) ਮਿਲ। ਹੇ ਨਾਨਕ! ਤੂੰ ਭੀ ਬੇਅੰਤ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ। ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ, ਅਜੇਹਾ ਪਿਆਰ (ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ ਜਿਹੋ ਜਿਹਾ ਪਪੀਹੇ ਦਾ ਵਰਖਾ ਬੂੰਦ ਨਾਲ ਹੈ) ।2। ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥ ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥ ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥ ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥ ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥ ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥ {ਪੰਨਾ 455} ਪਦ ਅਰਥ: ਸੂਰ = ਸੂਰਜ {suXL}। ਸਨੇਹੁ = ਪਿਆਰ। ਚਿਤਵੈ = ਚਿਤਾਰਦੀ ਹੈ। ਘਣੀ = ਬਹੁਤ। ਕਦਿ = ਕਦੋਂ? ਦਿਨੀਅਰੁ = {idnkr} ਦਿਨ ਬਨਾਣ ਵਾਲਾ, ਸੂਰਜ। ਕੋਕਿਲ = ਕੋਇਲ। ਚਵੈ ਸੁਹਾਵਿਆ = ਮਿੱਠਾ ਬੋਲਦੀ ਹੈ। ਰੰਗੁ = ਪਿਆਰ। ਹਭਿ = ਸਾਰੇ। ਪਾਹੁਣਿਆ = ਪ੍ਰਾਹੁਣੇ। ਥਿਰੁ = ਅਡੋਲ ਚਿੱਤ। ਜੁ = ਜੇਹੜਾ ਮੋਹ। ਕਿਤੀਐ = ਤੂੰ ਬਣਾਇਆ ਹੋਇਆ ਹੈ। ਮਨਿ = ਮਨ ਵਿਚ।3। ਅਰਥ: ਹੇ (ਮੇਰੇ) ਮਨ! (ਤੈਨੂੰ) ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ (ਉਹੋ ਜਿਹਾ ਪਿਆਰ ਜਿਹੋ ਜਿਹਾ ਚਕਵੀ ਸੂਰਜ ਨਾਲ ਕਰਦੀ ਹੈ ਤੇ ਕੋਇਲ ਅੰਬ ਨਾਲ ਕਰਦੀ ਹੈ) । ਚਕਵੀ ਦਾ ਸੂਰਜ ਨਾਲ ਪਿਆਰ ਹੈ, ਉਹ (ਸਾਰੀ ਰਾਤ ਸੂਰਜ ਦਾ ਹੀ) ਚੇਤਾ ਕਰਦੀ ਰਹਿੰਦੀ ਹੈ, ਬੜੀ ਤਾਂਘ ਕਰਦੀ ਹੈ ਕਿ ਕਦੋਂ ਸੂਰਜ ਦਾ ਦੀਦਾਰ ਹੋਵੇਗਾ। ਕੋਇਲ ਦਾ ਅੰਬ ਨਾਲ ਪਿਆਰ ਹੈ (ਉਹ ਅੰਬ ਦੇ ਰੁੱਖ ਉਤੇ ਬੈਠ ਕੇ) ਸੋਹਣਾ ਬੋਲਦੀ ਹੈ। ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਆਪਣੇ ਕਿਸੇ ਧਨ-ਪਦਾਰਥ ਆਦਿਕ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਥੇ ਅਸੀ) ਸਾਰੇ ਇਕ ਰਾਤ ਦੇ ਪ੍ਰਾਹੁਣੇ (ਹੀ) ਹਾਂ। ਫਿਰ ਭੀ ਤੂੰ ਕਿਉਂ (ਜਗਤ ਨਾਲ) ਪਿਆਰ ਪਾਇਆ ਹੈ, ਮਾਇਆ ਨਾਲ ਮੋਹ ਬਣਾਇਆ ਹੋਇਆ ਹੈ, (ਇਥੇ ਸਭ) ਨੰਗੇ (ਖ਼ਾਲੀ-ਹੱਥ) ਆਉਂਦੇ ਹਨ ਤੇ (ਇਥੋਂ) ਨੰਗੇ (ਖ਼ਾਲੀ-ਹੱਥ) ਹੀ ਚਲੇ ਜਾਂਦੇ ਹਨ। ਹੇ ਭਾਈ! ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ, ਗੁਰੂ ਦੇ ਚਰਨੀਂ ਪੈਣਾ ਚਾਹੀਦਾ ਹੈ (ਗੁਰੂ ਦੀ ਸਰਨ ਪਿਆਂ ਹੀ ਮਨ) ਅਡੋਲ ਹੋ ਸਕਦਾ ਹੈ, ਤੇ ਤਦੋਂ ਹੀ ਇਹ ਮੋਹ ਟੁੱਟੇਗਾ ਜੇਹੜਾ ਤੂੰ (ਮਾਇਆ ਨਾਲ) ਬਣਾਇਆ ਹੋਇਆ ਹੈ। ਹੇ ਨਾਨਕ! ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, ਆਪਣੇ ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ (ਉਸੇ ਤਰ੍ਹਾਂ ਜਿਵੇਂ ਚਕਵੀ ਸਾਰੀ ਰਾਤ ਤਾਂਘ ਕਰਦੀ ਰਹਿੰਦੀ ਹੈ ਕਿ) ਕਦੋਂ ਸੂਰਜ ਦਾ ਦਰਸਨ ਹੋਵੇਗਾ।3। ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥ ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥ ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥ ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥ ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥ ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥ {ਪੰਨਾ 455} ਪਦ ਅਰਥ: ਨਿਸਿ = ਰਾਤ ਵੇਲੇ। ਕੁਰੰਕ = ਹਰਨ। ਨਾਦ = (ਘੰਡੇ ਹੇੜੇ ਦੀ) ਆਵਾਜ਼। ਸ੍ਰਵਣੀ = ਕੰਨਾਂ ਨਾਲ। ਹੀਉ = ਹਿਰਦਾ। ਡਿਵੈ = ਦੇਂਦਾ ਹੈ। ਮਨ = ਹੇ ਮਨ! ਤਰੁਣਿ = ਜਵਾਨ ਇਸਤ੍ਰੀ। ਉਰਝੀ = ਫਸੀ ਹੋਈ। ਸਿਵੈ = ਸੇਵਾ ਕਰਦੀ ਹੈ। ਲਾਲ = ਸੁਹਣੇ (ਹਰੀ) ਨੂੰ। ਲਾਲਹਿ = ਲਾਲ ਨੂੰ। ਹਭਿ = ਸਾਰੀਆਂ। ਅਤਿ ਚਿਰਾਣੇ = ਮੁੱਢ ਕਦੀਮਾਂ ਦੇ। ਸਾਖੀ = ਗਵਾਹ, ਵਿਚੋਲਾ। ਡਿਠਮੁ = ਮੈਂ ਵੇਖ ਲਿਆ ਹੈ। ਆਖੀ = ਅੱਖਾਂ ਨਾਲ। ਮੋਹਨ– ਮਨ ਨੂੰ ਮੋਹ ਲੈਣ ਵਾਲਾ ਹਰੀ {ਖ਼ਿਆਲ ਕਰਨਾ ਜੀ, ਲਫ਼ਜ਼ 'ਮੋਹਨ' ਪਰਮਾਤਮਾ ਵਾਸਤੇ ਹੈ। "ਮੋਹਨ ਤੇਰੈ ਊਚੇ ਮੰਦਰਿ" = ਉਥੇ ਭੀ 'ਮੋਹਨ' ਪਰਮਾਤਮਾ ਹੀ ਹੈ}। ਗਹੀਜੈ = ਪਕੜ ਲੈਣਾ ਚਾਹੀਦਾ ਹੈ।4। ਅਰਥ: ਹੇ (ਮੇਰੇ) ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਪਾਣਾ ਚਾਹੀਦਾ ਹੈ ਜਿਹੋ ਜਿਹਾ ਪਿਆਰ ਹਰਨ ਪਾਂਦਾ ਹੈ, ਰਾਤ ਵੇਲੇ ਹਰਨ ਘੰਡੇ ਹੇੜੇ ਦੀ ਆਵਾਜ਼ ਆਪਣੇ ਕੰਨੀਂ ਸੁਣ ਕੇ ਆਪਣਾ ਹਿਰਦਾ (ਉਸ ਆਵਾਜ਼ ਦੇ) ਹਵਾਲੇ ਕਰ ਦੇਂਦਾ ਹੈ। ਜਿਵੇਂ ਜਵਾਨ ਇਸਤ੍ਰੀ ਆਪਣੇ ਪਤੀ ਦੇ ਪਿਆਰ ਵਿਚ ਬੱਝੀ ਹੋਈ ਪਤੀ ਦੀ ਸੇਵਾ ਕਰਦੀ ਹੈ, (ਉਸੇ ਤਰ੍ਹਾਂ ਹੇ ਭਾਈ!) ਆਪਣਾ ਇਹ ਮਨ ਸੋਹਣੇ ਪ੍ਰਭੂ ਨੂੰ ਦੇਣਾ ਚਾਹੀਦਾ ਹੈ, ਤੇ ਉਸ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ। (ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਉਸ) ਦੇ ਮਿਲਾਪ ਦੀਆਂ ਸਾਰੀਆਂ ਖ਼ੁਸ਼ੀਆਂ ਮਿਲਾਪ ਦੇ ਸਾਰੇ ਆਨੰਦ ਮਾਣਦੀ ਹੈ। ਉਹ ਆਪਣੇ ਪ੍ਰਭੂ-ਪਤੀ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ, ਉਹ ਆਪਣੀ ਆਤਮਾ ਨੂੰ ਗੂੜ੍ਹਾ ਪ੍ਰੇਮ-ਰੰਗ ਚਾੜ੍ਹ ਲੈਂਦੀ ਹੈ (ਜਿਵੇਂ ਸੁਹਾਗਣ ਲਾਲ ਕੱਪੜਾ ਪਹਿਨਦੀ ਹੈ) ਉਹ ਮੁੱਢ ਕਦੀਮਾਂ ਦੇ ਮਿੱਤਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ। (ਹੇ ਸਖੀ! ਜਦੋਂ ਤੋਂ) ਗੁਰੂ ਮੇਰਾ ਵਿਚੋਲਾ ਬਣਿਆ ਹੈ, ਮੈਂ ਪ੍ਰਭੂ-ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ, ਮੈਨੂੰ ਪ੍ਰਭੂ-ਪਤੀ ਵਰਗਾ ਹੋਰ ਕੋਈ ਨਹੀਂ ਦਿੱਸਦਾ। ਹੇ ਨਾਨਕ! (ਆਖ–) ਹੇ ਮੇਰੇ ਮਨ! ਦਇਆ ਦੇ ਘਰ, ਤੇ ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੁ। ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਪਾਣਾ ਚਾਹੀਦਾ ਹੈ (ਜਿਹੋ ਜਿਹਾ ਹਰਨ ਨਾਦ ਨਾਲ ਪਾਂਦਾ ਹੈ ਜਿਹੋ ਜਿਹਾ ਜਵਾਨ ਇਸਤ੍ਰੀ ਆਪਣੇ ਪਤੀ ਨਾਲ ਪਾਂਦੀ ਹੈ) ।4।1।4। ਆਸਾ ਮਹਲਾ ੫ ॥ ਸਲੋਕੁ ॥ ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥ ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥ ਛੰਤ ॥ ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ॥ ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥ ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥ ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ ॥ ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ ॥ ਦਇਆਲ ਲਾਲ ਗੋਬਿੰਦ ਨਾਨਕ ਮਿਲੁ ਸਾਧਸੰਗਤਿ ਹੋਇ ਗਤੇ ॥੧॥ {ਪੰਨਾ 455} ਪਦ ਅਰਥ: ਬਨੁ ਬਨੁ = ਹਰੇਕ ਜੰਗਲ। ਹਾਕੀ = ਥੱਕ ਗਈ। ਅਵਗਾਹਿ = ਗਾਹ ਕੇ, ਭਾਲ ਕਰ ਕਰ ਕੇ। ਸਾਧ = ਗੁਰੂ। ਮਾਹਿ = ਵਿਚ।1। ਛੰਤ। ਜਾ ਕਉ = ਜਿਸ ਨੂੰ। ਅਸੰਖ = ਅਣਗਿਣਤ। ਮੁਨੀ = ਸਮਾਧੀਆਂ ਲਾਣ ਵਾਲੇ। ਤਪੇ = ਧੂਣੀਆਂ ਤਪਾਣ ਵਾਲੇ। ਕੋਟਿ = ਕ੍ਰੋੜਾਂ। ਅਰਾਧਹਿ = ਅਰਾਧਦੇ ਹਨ। ਗਿਆਨੀ = ਗਿਆਨਵਾਨ, ਧਰਮ-ਪੁਸਤਕਾਂ ਦੇ ਵਿਦਵਾਨ। ਜਪੇ = ਜਪਿ, ਜਪ ਕੇ। ਸੰਜਮ = ਇੰਦ੍ਰਿਆਂ ਨੂੰ ਰੋਕਣ ਦੇ ਜਤਨ। ਕਿਰਿਆ = (ਮਿਥੀਆਂ) ਧਾਰਮਿਕ ਰਸਮਾਂ। ਸੋਧਨ = ਸਰੀਰ ਨੂੰ ਪਵਿਤ੍ਰ ਕਰਨ ਦੇ ਜਤਨ। ਬੰਦਨਾ = ਸਿਰ ਨਿਵਾਣੇ, ਨਮਸਕਾਰ। ਗਵਨੁ = ਭੌਣਾ। ਬਦੁਧਾ = ਧਰਤੀ। ਮਜਨੁ = ਇਸ਼ਨਾਨ। ਨਿਰੰਜਨ = ਨਿਰਲੇਪ ਹਰੀ। ਤਿਨੁ = ਤ੍ਰਿਣ, ਘਾਹ, ਬਨਸਪਤੀ। ਨਾਨਕ ਮਿਲੁ = ਨਾਨਕ ਨੂੰ ਮਿਲ। ਗਤੇ = ਗਤਿ, ਉੱਚੀ ਆਤਮਕ ਅਵਸਥਾ।1। ਅਰਥ: (ਸਾਰੀ ਲੁਕਾਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ) ਹਰੇਕ ਜੰਗਲ ਖੋਜਦੀ ਫਿਰੀ, (ਜੰਗਲਾਂ ਵਿਚ) ਭਾਲ ਕਰ ਕਰ ਥੱਕ ਗਈ (ਪਰ ਪਰਮਾਤਮਾ ਨਾਹ ਲੱਭਾ) । ਹੇ ਨਾਨਕ! (ਜਿਸ ਵਡ-ਭਾਗੀ ਨੂੰ) ਜਦੋਂ ਗੁਰੂ ਮਿਲ ਪਿਆ, ਉਸ ਨੇ ਆਪਣੇ ਮਨ ਵਿਚ (ਪਰਮਾਤਮਾ ਨੂੰ) ਲੱਭ ਲਿਆ।1। ਛੰਤ। (ਹੇ ਭਾਈ!) ਜਿਸ ਪਰਮਾਤਮਾ ਨੂੰ ਬੇਅੰਤ ਸਮਾਧੀ-ਇਸਥਿਤ ਰਿਸ਼ੀ ਅਤੇ ਅਨੇਕਾਂ ਧੂਣੀਆਂ ਤਪਾਣ ਵਾਲੇ ਸਾਧੂ ਲੱਭਦੇ ਹਨ, ਕ੍ਰੋੜਾਂ ਹੀ ਬ੍ਰਹਮਾ ਅਤੇ ਧਰਮ-ਪੁਸਤਕਾਂ ਦੇ ਵਿਦਵਾਨ ਜਿਸ ਦਾ ਜਾਪ ਜਪ ਕੇ ਆਰਾਧਨ ਕਰਦੇ ਹਨ। (ਹੇ ਭਾਈ!) ਜਿਸ ਨਿਰਲੇਪ ਪ੍ਰਭੂ ਨੂੰ ਮਿਲਣ ਵਾਸਤੇ ਲੋਕ ਕਈ ਕਿਸਮ ਦੇ ਜਪ ਤਪ ਕਰਦੇ ਹਨ, ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਹਨ, ਅਨੇਕਾਂ (ਮਿਥੀਆਂ) ਧਾਰਮਿਕ ਰਸਮਾਂ ਤੇ ਪੂਜਾ ਕਰਦੇ ਹਨ, ਆਪਣੇ ਸਰੀਰ ਨੂੰ ਪਵਿਤ੍ਰ ਕਰਨ ਦੇ ਸਾਧਨ ਅਤੇ (ਡੰਡਉਤ) ਬੰਦਨਾ ਕਰਦੇ ਹਨ, (ਤਿਆਗੀ ਬਣ ਕੇ) ਸਾਰੀ ਧਰਤੀ ਦਾ ਚੱਕਰ ਲਾਂਦੇ ਹਨ (ਸਾਰੇ) ਤੀਰਥਾਂ ਦੇ ਇਸ਼ਨਾਨ ਕਰਦੇ ਹਨ (ਉਹ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਸਾਧ ਸੰਗਤਿ ਵਿਚ ਮਿਲ ਪੈਂਦਾ ਹੈ) । ਹੇ ਦਇਆ ਦੇ ਸੋਮੇ ਗੋਬਿੰਦ! ਹੇ ਮੇਰੇ ਪਿਆਰੇ ਪ੍ਰਭੂ! ਮਨੁੱਖ, ਜੰਗਲ, ਬਨਸਪਤੀ, ਪਸ਼ੂ, ਪੰਛੀ = ਇਹ ਸਾਰੇ ਹੀ ਤੇਰਾ ਆਰਾਧਨ ਕਰਦੇ ਹਨ। (ਮੈਂ ਨਾਨਕ ਉਤੇ ਦਇਆ ਕਰ, ਮੈਨੂੰ) ਨਾਨਕ ਨੂੰ ਗੁਰੂ ਦੀ ਸੰਗਤਿ ਵਿਚ ਮਿਲਾ, ਤਾ ਕਿ ਮੈਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਏ।1। ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥ ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥ ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥ ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ ॥ ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ ॥ ਅਨਾਥ ਨਾਥ ਦਇਆਲ ਨਾਨਕ ਸਾਧਸੰਗਤਿ ਮਿਲਿ ਉਧਾਰ ॥੨॥ {ਪੰਨਾ 455} ਪਦ ਅਰਥ: ਸੰਕਰ = ਸ਼ੰਕਰ, ਸ਼ਿਵ। ਜਟਾਧਾਰ = ਜਟਾ-ਧਾਰੀ, ਲਿਟਾਂ ਵਾਲੇ। ਦਇਆਰ = ਹੇ ਦਇਆਲ! ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਰੁਚ = ਤਾਂਘ। ਅਪਾਰ = ਬੇਅੰਤ। ਅਗਮ = ਹੇ ਅਪਹੁੰਚ! ਪੁਰਕ = (ਕਾਮਨਾ) ਪੂਰੀ ਕਰਨ ਵਾਲੇ! ਧਨੀ = ਹੇ ਮਾਲਕ! ਸੁਰ = ਦੇਵਤੇ। ਸਿਧ = ਸਮਾਧੀਆਂ ਵਿਚ ਪੁੱਗੇ ਹੋਏ ਜੋਗੀ। ਗੁਣ = ਸ਼ਿਵ ਜੀ ਦੇ ਸੇਵਕ। ਗੰਧਰਬ = ਦੇਵਤਿਆਂ ਦੇ ਰਾਗੀ। ਜਖ = ਦੇਵਤਿਆਂ ਦੀ ਇਕ ਸ਼੍ਰੇਣੀ। ਕਿੰਨਰ = ਦੇਵਤਿਆਂ ਦੀ ਇਕ ਹੌਲੇ ਮੇਲ ਦੀ ਜਮਾਤ ਜਿਨ੍ਹਾਂ ਦਾ ਉਪਰਲਾ ਅੱਧਾ ਧੜ ਮਨੁੱਖ ਦਾ ਅਤੇ ਹੇਠਲਾ ਘੋੜੇ ਦਾ ਮਿਥਿਆ ਗਿਆ ਹੈ। ਭਨੀ = ਉਚਾਰਦੇ ਹਨ। ਜੈ ਜੈਕਾਰ = ਸਦਾ ਜਿੱਤ ਹੋਵੇ ਸਦਾ ਜਿੱਤ ਹੋਵੇ ਜਾਂ ਇਕ-ਰਸ ਉਚਾਰਨ। ਅਨਾਥ ਨਾਥ = ਨਿਖਸਮਿਆਂ ਦਾ ਖਸਮ। ਮਿਲਿ = ਮਿਲ ਕੇ। ਉਧਾਰ = ਵਿਕਾਰਾਂ ਤੋਂ ਬਚਾਓ।2। ਅਰਥ: ਹੇ ਦਇਆਲ ਹਰੀ! ਵਿਸ਼ਨੂੰ ਦੇ ਕ੍ਰੋੜਾਂ ਅਵਤਾਰ ਅਤੇ ਕ੍ਰੋੜਾਂ ਜਟਾਧਾਰੀ ਸ਼ਿਵ ਤੈਨੂੰ (ਮਿਲਣਾ) ਲੋਚਦੇ ਹਨ, ਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ (ਤੇਰੇ ਮਿਲਣ ਦੀ) ਤਾਂਘ ਰਹਿੰਦੀ ਹੈ। ਹੇ ਬੇਅੰਤ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਗੋਬਿੰਦ! ਹੇ ਠਾਕੁਰ! ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਹੇ ਸਭ ਦੇ ਮਾਲਕ! ਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸ਼ਿਵ ਦੇ ਗਣ, ਦੇਵਤਿਆਂ ਦੇ ਰਾਗੀ, ਜੱਖ, ਕਿੰਨਰ (ਆਦਿਕ ਸਾਰੇ) ਤੇਰਾ ਸਿਮਰਨ ਕਰਦੇ ਹਨ, ਤੇ ਗੁਣ ਉਚਾਰਦੇ ਹਨ। ਹੇ ਭਾਈ! ਕ੍ਰੋੜਾਂ ਇੰਦਰ, ਅਨੇਕਾਂ ਦੇਵਤੇ, ਮਾਲਕ-ਪ੍ਰਭੂ ਦੀ ਜੈਕਾਰ ਜਪਦੇ ਰਹਿੰਦੇ ਹਨ। ਹੇ ਨਾਨਕ! ਉਸ ਨਿਖਸਮਿਆਂ ਦੇ ਖਸਮ ਪ੍ਰਭੂ ਨੂੰ, ਦਇਆ ਦੇ ਸੋਮੇ ਪ੍ਰਭੂ ਨੂੰ ਸਾਧ ਸੰਗਤਿ ਦੀ ਰਾਹੀਂ (ਹੀ) ਮਿਲ ਕੇ (ਸੰਸਾਰ-ਸਮੁੰਦਰ ਤੋਂ) ਬੇੜਾ ਪਾਰ ਹੁੰਦਾ ਹੈ।2। |
![]() |
![]() |
![]() |
![]() |
Sri Guru Granth Darpan, by Professor Sahib Singh |