ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 454 ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥ ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥ ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥ ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥ ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥ ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥ {ਪੰਨਾ 454} ਪਦ ਅਰਥ: ਰਾਤੀ = ਮਸਤ। ਜਲਿ = ਜਲ ਵਿਚ। ਰਸਿ = ਰਸ ਵਿਚ, ਆਨੰਦ ਵਿਚ। ਮਾਤੇ = ਮਸਤ। ਗੁਰ ਪੂਰੈ = ਪੂਰੇ ਗੁਰੂ ਨੇ। ਜੀਵਨ ਗਤਿ = ਚੰਗਾ ਆਤਮਕ ਜੀਵਨ ਦੇਣ ਵਾਲਾ। ਭਾਤੇ = ਭਾ ਜਾਂਦੇ ਹਨ, ਚੰਗੇ ਲੱਗਦੇ ਹਨ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਲੜਿ = ਲੜ ਨਾਲ, ਪੱਲੇ ਨਾਲ। ਕਤਹੂ = ਕਿਤੇ ਭੀ। ਸੁਘਰੁ = ਸੁਚੱਜਾ (ਸੋਹਣੀ ਆਤਮਕ ਘਾੜਤ ਵਾਲਾ) । ਸਰੂਪੁ = ਸੋਹਣਾ, ਰੂਪ ਵਾਲਾ। ਸੁਜਾਨੁ = ਸਿਆਣਾ। ਦਾਤੇ = ਦਾਤਿ-ਸੰਗ ਨਾਲ।2। ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰੇ ਗੁਰੂ ਨੇ (ਹਰਿ-ਨਾਮ ਸਿਮਰਨ ਦਾ) ਉਪਦੇਸ਼ ਦੇ ਦਿੱਤਾ, ਉਹ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ, ਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ। ਹੇ ਨਾਨਕ! ਪਰਮਾਤਮਾ ਸੋਹਣੀ ਆਤਮਕ ਘਾੜਤ ਵਾਲਾ ਹੈ, ਸੋਹਣੇ ਰੂਪ ਵਾਲਾ ਹੈ, ਸਿਆਣਾ ਹੈ, (ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਹੋਈ ਹੋਈ) ਉਸ ਪਰਮਾਤਮਾ ਦੀ ਬਖਸ਼ਸ਼ ਕਦੇ ਮਿਟਦੀ ਨਹੀਂ (ਇਸ ਵਾਸਤੇ ਉਹ ਮਨੁੱਖ) ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀ (ਡੂੰਘੇ) ਪਾਣੀ ਦੀ ਸੰਗਤਿ ਵਿਚ।2। ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥ ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥ ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥ ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥ ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥ ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥ {ਪੰਨਾ 454} ਪਦ ਅਰਥ: ਚਾਤ੍ਰਿਕੁ = ਪਪੀਹਾ। ਜਾਚੈ = ਮੰਗਦਾ ਹੈ। ਬੂੰਦਿ = ਕਣੀ। ਪ੍ਰਾਨ ਅਧਾਰਾ = ਜਿੰਦ ਦਾ ਸਹਾਰਾ। ਖਜੀਨਾ = ਖ਼ਜ਼ਾਨੇ। ਸੁਤ = ਪੁੱਤਰ। ਸਭ ਹੂੰ ਤੇ = ਸਭਨਾਂ ਨਾਲੋਂ। ਪੁਰਖੁ = ਸਰਬ-ਵਿਆਪਕ। ਨਿਰਾਰਾ = ਨਿਰਾਲਾ, ਔਖਾ। ਗਤਿ = ਆਤਮਕ ਅਵਸਥਾ। ਜਾਨੀਐ = ਜਾਣੀ ਜਾ ਸਕਦੀ। ਸਾਸਿ = ਹਰੇਕ ਸਾਹ ਦੇ ਨਾਲ। ਗਿਰਾਸਿ = ਹਰੇਕ ਗਿਰਾਹੀ ਦੇ ਨਾਲ। ਮਾਣੀਐ = ਮਾਣਿਆ ਜਾ ਸਕਦਾ ਹੈ। ਜਗ ਜੀਵਨੋ = ਜਗਜੀਵਨ, ਜਗਤ ਦੀ ਜ਼ਿੰਦਗੀ (ਦਾ ਸਹਾਰਾ) । ਜਪਿ = ਜਪ ਕੇ। ਡਾਰਾ = ਦੂਰ ਕਰ ਲਏ।3। ਅਰਥ: ਹੇ ਭਾਈ! ਜਿਵੇਂ ਪਪੀਹਾ (ਸ੍ਵਾਂਤ ਨਛੱਤ੍ਰ ਦੀ ਵਰਖਾ ਦੀ) ਕਣੀ ਮੰਗਦਾ ਹੈ (ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਮੰਗਦੇ ਹਨ, ਤਿਵੇਂ ਸੰਤ ਜਨਾਂ ਵਾਸਤੇ) ਪਰਮਾਤਮਾ ਦਾ ਨਾਮ-ਜਲ ਜ਼ਿੰਦਗੀ ਦਾ ਸਹਾਰਾ; ਦੁਨੀਆ ਦਾ ਧਨ-ਪਦਾਰਥ, ਖ਼ਜ਼ਾਨੇ, ਪੁੱਤਰ, ਭਰਾ, ਮਿੱਤਰ = ਇਹਨਾਂ ਸਭਨਾਂ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ। ਹੇ ਭਾਈ! ਜਿਸ ਪਰਮਾਤਮਾ ਦੀ ਉੱਚੀ ਆਤਮਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ (ਸਾਰੇ ਸੰਸਾਰ ਤੋਂ) ਨਿਰਾਲਾ ਤੇ ਸਰਬ-ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ; ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ = ਕਦੇ ਭੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ। (ਪਰ, ਹੇ ਭਾਈ!) ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਮਾਣਿਆ ਜਾ ਸਕਦਾ ਹੈ। ਹੇ ਭਾਈ! ਜੇਹੜਾ ਪਰਮਾਤਮਾ ਸਰਬ-ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ, ਸੰਤ ਜਨ ਉਸ ਦੇ ਨਾਮ-ਜਲ ਦਾ ਰਸ ਪੀਂਦੇ ਹਨ, ਉਸ ਦਾ ਨਾਮ ਜਪ ਜਪ ਕੇ ਉਹ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੇ ਦੁੱਖ ਦੂਰ ਕਰ ਲੈਂਦੇ ਹਨ। ਹੇ ਭਾਈ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ-ਜਲ ਜੀਵਨ ਦਾ ਆਸਰਾ ਹੈ।3। ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥ ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥ ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥ ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥ ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥ ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋੁ ਪੂਰਾ ॥੪॥੧॥੩॥ {ਪੰਨਾ 454} ਪਦ ਅਰਥ: ਢਾਠੀ = ਢਹਿ ਪਈ। ਭੀਤਿ = ਕੰਧ। ਭਰੰਮ = ਭਟਕਣਾ। ਸੂਰਾ = ਸੂਰਮਾ। ਪੂਰਨ = ਸਾਰੇ ਗੁਣਾਂ ਦਾ ਮਾਲਕ। ਪੁਰਬਿ = ਪਹਿਲੇ ਜਨਮ ਵਿਚ। ਨਿਧਿ = ਖ਼ਜ਼ਾਨਾ। ਦਇਆਲਾ = ਦਇਆ ਕਰਨ ਵਾਲਾ। ਆਦਿ = ਸ਼ੁਰੂ ਵਿਚ। ਮਧਿ = ਵਿਚਕਾਰ। ਅੰਤਿ = ਅਖ਼ੀਰ ਵਿਚ। ਗੁਰ = ਵੱਡਾ। ਗੋਪਾਲਾ = ਧਰਤੀ ਦਾ ਪਾਲਣਹਾਰ। ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ। ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਸਾਧੂ = ਗੁਰੂ। ਮਾਨੋਰਥੋੁ = (ਅਸਲ ਲਫ਼ਜ਼ 'ਮਾਨੋਰਥੁ' ਹੈ, ਇਥੇ 'ਮਾਨੋਰਥੋ' ਪੜ੍ਹਨਾ ਹੈ}।4। ਅਰਥ: (ਹੇ ਭਾਈ!) ਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ (ਪ੍ਰਭੂ-ਚਰਨਾਂ ਵਿਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ) , ਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ) । (ਪਰ, ਹੇ ਭਾਈ!) ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ। (ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ। ਹੇ ਭਾਈ! ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ। ਹੇ ਨਾਨਕ! (ਆਖ–) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।4।1।3। ਆਸਾ ਮਹਲਾ ੫ ਛੰਤ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥ ਨਾਨਕ ਪ੍ਰੀਤਿ ਲਗੀ ਤਿਨ੍ਹ੍ਹ ਰਾਮ ਸਿਉ ਭੇਟਤ ਸਾਧ ਸੰਗਾਤ ॥੧॥ ਛੰਤੁ ॥ ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥ ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥ ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥ ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥ ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥ ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥ {ਪੰਨਾ 454} ਪਦ ਅਰਥ: ਜਾ ਕਉ = ਜਿਨ੍ਹਾਂ ਉਤੇ। ਕ੍ਰਿਪਾਲ = ਦਇਆਵਾਨ। ਸੇਈ = ਉਹ ਬੰਦੇ। ਜਪਾਤ = ਜਪਦੇ ਹਨ। ਸਿਉ = ਨਾਲ। ਸਾਧ ਸੰਗਤਿ = ਗੁਰੂ ਦੀ ਸੰਗਤਿ ਵਿਚ।1। ਛੰਤੁ। ਨਿਆਈ = ਵਾਂਗ। ਰੀਤਿ = ਮਰਯਾਦਾ। ਅਬ = ਹੁਣ, ਤਦੋਂ। ਆਚ = ਸੇਕ। ਮਨ = ਹੇ ਮਨ! ਹਰੇ = ਹਰੀ ਦੀ। ਉਰਝਿਓ = ਫਸ ਗਿਆ। ਅਲਿ = ਭੌਰਾ। ਬਾਸਨ = ਸੁਗੰਧੀ। ਮਗਨ = ਮਸਤ। ਟਰੈ = ਟਾਲਦਾ, ਪਰੇ ਹਟਦਾ। ਟਰੀਐ = ਹਟਣਾ ਚਾਹੀਦਾ। ਹਭਿ = ਸਾਰੇ। ਰਸ = ਸੁਆਦ। ਅਰਪੀਐ = ਭੇਟਾ ਕਰ ਦੇਣੇ ਚਾਹੀਦੇ ਹਨ। ਜਹ = ਜਿੱਥੇ। ਪੰਥੁ = ਰਸਤਾ। ਭਣੀਐ = ਆਖਿਆ ਜਾਂਦਾ ਹੈ। ਤਹ = ਉਥੇ। ਨ ਡਰਪੀਐ = ਨਹੀਂ ਡਰੀਦਾ। ਕੀਰਤਿ = ਸਿਫ਼ਤਿ-ਸਾਲਾਹ। ਗੁਣੀਐ = ਗੁਣਾਂ ਦੀ। ਪ੍ਰਾਛਤ = ਪਛਤਾਵੇ। ਹਰੇ = ਦੂਰ ਕਰ ਦੇਂਦਾ ਹੈ। ਛੰਤ = ਸਿਫ਼ਤਿ-ਸਾਲਾਹ ਦੇ ਗੀਤ। ਮਨ = ਹੇ ਮਨ! ਕਰੇਹੁ = ਕਰ। ਹਰੇ = ਹਰੀ ਦੀ।1। ਅਰਥ: ਸਲੋਕੁ। ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਦਾ ਜਪਦੇ ਹਨ। ਪਰ, ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਮਿਲਿਆਂ ਹੀ ਉਹਨਾਂ ਦੀ ਪ੍ਰੀਤਿ ਪਰਮਾਤਮਾ ਨਾਲ ਬਣਦੀ ਹੈ।1। ਛੰਤੁ। ਹੇ ਭਾਈ! ਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ। (ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ। ਹੇ ਮਨ! ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ) । (ਜਦੋਂ ਕੌਲ-ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ) ਤਦੋਂ ਭੌਰਾ ਕੌਲ-ਫੁੱਲ਼ ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈ (ਕੌਲ-ਫੁੱਲ ਤੋਂ) ਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇ (ਫੁੱਲ ਦੀਆਂ ਪੱਤੀਆਂ ਵਿਚ) ਫਸ ਜਾਂਦਾ ਹੈ। (ਇਸੇ ਤਰ੍ਹਾਂ ਹੇ ਭਾਈ!) ਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ। (ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤਿ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ। ਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ। ਹੇ ਨਾਨਕ! ਆਖ– (ਹੇ ਮਨ! ਗੋਬਿੰਦ ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ। ਪਰਮਾਤਮਾ ਨਾਲ ਪਿਆਰ ਬਣਾਈ ਰੱਖ। ਹੇ ਮਨ! ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ।1। |
![]() |
![]() |
![]() |
![]() |
Sri Guru Granth Darpan, by Professor Sahib Singh |