ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 456

ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥ ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥ ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ ॥ ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ ॥ ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥੩॥ {ਪੰਨਾ 456}

ਪਦ ਅਰਥ: ਲਖਿਮੀ = ਧਨ ਦੀ ਦੇਵੀ। ਅਨਿਕ ਭਾਤਿ = ਅਨੇਕਾਂ ਤਰੀਕਿਆਂ ਨਾਲ। ਗੁਪਤ = ਅਣਦਿੱਸਦੇ। ਨਖਿਅਤ੍ਰ = ਤਾਰੇ। ਸਸੀਅਰ = {__Dr} ਚੰਦਰਮਾ। ਸੂਰ = ਸੂਰਜ। ਬਸੁਧ = ਧਰਤੀ। ਗਗਨ = ਆਕਾਸ਼। ਗਾਵਏ = ਗਾਵੈ, ਗਾਉਂਦਾ ਹੈ। ਖਾਣੀ = (ਅੰਡਜ, ਜੇਰਜ, ਸੇਤਜ, ਉਤਭਜ = ਇਹਨਾਂ ਚਾਰ) ਖਾਣੀਆਂ (ਦਾ ਹਰੇਕ ਜੀਵ) । ਧਿਆਵਏ = ਧਿਆਵੈ, ਧਿਆਉਂਦਾ ਹੈ। ਚਤੁਰ = ਚਾਰ। ਖਟੁ = ਛੇ। ਜਪਾਤਿ = ਜਪਤ। ਪਤਿਤ ਪਾਵਨ = ਵਿਕਾਰਾਂ ਵਿਚ ਡਿਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਭਗਤਿ ਵਛਲ = ਭਗਤੀ ਨੂੰ ਪਿਆਰ ਕਰਨ ਵਾਲਾ। ਸੰਗਿ ਸਾਤਿ = ਸਦਾ-ਥਿਰ ਸਤ ਸੰਗ ਵਿਚ। ਸਾਤਿ = ਸਤਿ, ਸਦਾ-ਥਿਰ।3।

ਅਰਥ: (ਹੇ ਭਾਈ!) ਕ੍ਰੋੜਾਂ ਦੇਵੀਆਂ ਜਿਸ ਪਰਮਾਤਮਾ ਦੀ ਸੇਵਾ-ਭਗਤੀ ਕਰਦੀਆਂ ਹਨ, ਧਨ ਦੀ ਦੇਵੀ ਲਛਮੀ ਅਨੇਕਾਂ ਤਰੀਕਿਆਂ ਨਾਲ ਜਿਸ ਦੀ ਸੇਵਾ ਕਰਦੀ ਹੈ, ਦਿੱਸਦੇ ਅਣਦਿੱਸਦੇ ਸਾਰੇ ਜੀਵ-ਜੰਤੂ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਹਨ, ਹਵਾ ਪਾਣੀ ਦਿਨ ਰਾਤ ਜਿਸ ਨੂੰ ਧਿਆਉਂਦੇ ਹਨ; (ਬੇਅੰਤ) ਤਾਰੇ ਚੰਦਰਮਾ ਅਤੇ ਸੂਰਜ ਜਿਸ ਪਰਮਾਤਮਾ ਦਾ ਧਿਆਨ ਧਰਦੇ ਹਨ, ਧਰਤੀ ਜਿਸ ਦੀ ਸਿਫ਼ਤਿ-ਸਾਲਾਹ ਕਰਦੀ ਹੈ, ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ, ਸਤਾਈ ਸਿਮ੍ਰਿਤੀਆਂ, ਅਠਾਰਾਂ ਪੁਰਾਣ, ਚਾਰ ਵੇਦ, ਛੇ ਸ਼ਾਸਤ੍ਰ ਜਿਸ ਪਰਮਾਤਮਾ ਨੂੰ ਜਪਦੇ ਰਹਿੰਦੇ ਹਨ, ਉਸ ਪਤਿਤ-ਪਾਵਨ ਪ੍ਰਭੂ ਨੂੰ ਉਸ ਭਗਤਿ-ਵਛਲ ਹਰੀ ਨੂੰ, ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤਿ ਦੀ ਰਾਹੀਂ ਹੀ ਮਿਲ ਸਕੀਦਾ ਹੈ।3।

ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥ ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥ ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥ ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥ ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥ ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥ {ਪੰਨਾ 456}

ਪਦ ਅਰਥ: ਜੇਤੀ = ਜਿਤਨੀ ਸ੍ਰਿਸ਼ਟੀ। ਜਨਾਈ = ਦੱਸੀ ਹੈ, ਸੂਝ ਦਿੱਤੀ ਹੈ। ਰਸਨਾ = ਜੀਭ। ਤੇਤ = ਉਤਨੀ। ਭਨੀ = ਕਹਿ ਦਿੱਤੀ ਹੈ। ਅਨ ਜਾਨਤ = (ਜਿਤਨੀ ਹੋਰ ਸ੍ਰਿਸ਼ਟੀ ਦਾ) ਮੈਨੂੰ ਪਤਾ ਨਹੀਂ। ਤੇਤੀ = ਉਹ ਸਾਰੀ। ਅਵਿਗਤ = ਅਦ੍ਰਿਸ਼ਟ। ਮੰਝੇ = ਵਿਚ, ਅੰਦਰ। ਜਾਚਿਕ = ਮੰਗਤੇ। ਵਸਿ = ਵਸ ਵਿਚ। ਜੀਅ = (ਜੇਹੜੇ) ਜੀਵ। ਤਾ ਕੀ = ਉਹਨਾਂ ਦੀ। ਉਪਮਾ = ਵਡਿਆਈ। ਕਿਤ = ਕਿਤਨੀ? ਗਨੀ = ਮੈਂ ਦੱਸਾਂ। ਮਾਨੁ = ਆਦਰ। ਸੀਸੁ = ਸਿਰ। ਸਾਧਹ ਚਰਨੀ = ਗੁਰਮੁਖਾਂ ਦੇ ਪੈਰਾਂ ਉਤੇ। ਧਰਿ = ਧਰੀ ਰੱਖੇ।4।

ਅਰਥ: ਹੇ ਭਾਈ! ਜਿਤਨੀ ਸ੍ਰਿਸ਼ਟੀ ਦੀ ਸੂਝ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਤਨੀ ਮੇਰੀ ਜੀਭ ਨੇ ਬਿਆਨ ਕਰ ਦਿੱਤੀ ਹੈ (ਕਿ ਇਤਨੀ ਸ੍ਰਿਸ਼ਟੀ ਪਰਮਾਤਮਾ ਦੀ ਸੇਵਾ-ਭਗਤੀ ਕਰ ਰਹੀ ਹੈ) । ਪਰ ਹੋਰ ਜਿਤਨੀ ਲੁਕਾਈ ਦਾ ਮੈਨੂੰ ਪਤਾ ਨਹੀਂ ਜੇਹੜੀ ਉਹ ਲੁਕਾਈ ਪ੍ਰਭੂ ਦੀ ਸੇਵਾ-ਭਗਤੀ ਕਰਦੀ ਹੈ ਉਹ ਮੈਥੋਂ ਗਿਣੀ ਨਹੀਂ ਜਾ ਸਕਦੀ। ਉਹ ਪਰਮਾਤਮਾ ਅਦ੍ਰਿਸ਼ਟ ਹੈ, ਉਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ (ਮਾਨੋ) ਬੇਅੰਤ ਡੂੰਘਾ ਸਮੁੰਦਰ ਹੈ, ਉਹ ਸਭ ਦਾ ਮਾਲਕ ਹੈ, ਸਭ ਜੀਵਾਂ ਦੇ ਅੰਦਰ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ, ਸਾਰੇ ਜੀਵ-ਜੰਤ ਉਸ (ਦੇ ਦਰ) ਦੇ ਮੰਗਤੇ ਹਨ, ਉਹ ਇਕ ਸਭ ਨੂੰ ਦਾਤਾਂ ਦੇਣ ਵਾਲਾ ਹੈ, ਉਹ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਉਹ ਸਭ ਦੇ ਨਾਲ ਵੱਸਦਾ ਹੈ ਤੇ ਪਰਤੱਖ ਹੈ।

ਹੇ ਭਾਈ! ਉਹ ਪਰਮਾਤਮਾ ਆਪਣੇ ਭਗਤਾਂ ਦੇ ਵੱਸ ਵਿੱਚ ਹੈ, ਜੇਹੜੇ ਜੀਵ ਉਸ ਨੂੰ ਮਿਲ ਪੈਂਦੇ ਹਨ ਉਹਨਾਂ ਦੀ ਵਡਿਆਈ ਮੈਂ ਕਿਤਨੀ ਕੁ ਬਿਆਨ ਕਰਾਂ? (ਬਿਆਨ ਨਹੀਂ ਕੀਤੀ ਜਾ ਸਕਦੀ) । (ਜੇ ਉਸ ਦੀ ਮੇਹਰ ਹੋਵੇ ਤਾਂ) ਨਾਨਕ (ਉਸ ਦੇ ਭਗਤ-ਜਨਾਂ ਦੇ) ਚਰਨਾਂ ਉੱਤੇ ਆਪਣਾ ਸਿਰ ਰੱਖੀ ਰੱਖੇ।4।2।5।

ਆਸਾ ਮਹਲਾ ੫ ॥ ਸਲੋਕ ॥ ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥ ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥ ਛੰਤੁ ॥ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥ ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥ ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥ ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥ ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥ ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥ {ਪੰਨਾ 456}

ਪਦ ਅਰਥ: ਹਰਿ ਰਾਇ = ਪ੍ਰਭੂ ਪਾਤਿਸ਼ਾਹ। ਹੋਵਹਿ = ਹੁੰਦੇ ਹਨ, ਮਿਲਦੇ ਹਨ। ਜਾਇ = ਦੂਰ ਹੋ ਜਾਂਦਾ ਹੈ। ਭ੍ਰਮੁ = ਭਟਕਣਾ।1।

ਛੰਤੁ। ਨਹ ਅਲਸਾਈਐ = ਆਲਸ ਨਹੀਂ ਕਰਨਾ ਚਾਹੀਦਾ। ਭੇਟਤ = ਮਿਲਿਆਂ। ਸਾਧੂ = ਗੁਰੂ। ਸੰਗਿ = ਨਾਲ। ਜਮਪੁਰਿ = ਜਮ ਦੀ ਪੁਰੀ ਵਿਚ। ਨ ਬਿਆਪੈ = ਜੋਰ ਨਹੀਂ ਪਾ ਸਕਦਾ। ਸਦ = ਸਦਾ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮਨਿ = ਮਨ ਵਿਚ। ਮੁਖੀ = ਮੁਖਿ, ਮੂੰਹ ਨਾਲ। ਰਸਾਲ = ਹੇ ਸਾਰੇ ਰਸਾਂ ਦੇ ਘਰ! ਗੁਣਣਿਧਿ = ਹੇ ਗੁਣਾਂ ਦੇ ਖ਼ਜ਼ਾਨੇ! ਲਾਈਐ = ਲਾ ਲੈ। ਪਇਅੰਪੈ = {ਪਾਦਿ = ਪਾਇ, ਪਇ। ਅੰਪੈ = ਅਰਪੈ। ਪੈਰਾਂ ਤੇ ਭੇਟਾ ਧਰਦਾ ਹੈ, ਪੇਸ਼ ਕਰਦਾ ਹੈ}, ਬੇਨਤੀ ਪੇਸ਼ ਕਰਦਾ ਹੈ। ਜੰਪੈ = ਜਪਦਾ ਹੈ।1।

ਅਰਥ: ਹੇ ਨਾਨਕ! (ਆਖ–) ਹੇ ਵੱਡੇ ਭਾਗਾਂ ਵਾਲਿਓ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ, ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ।1।

ਛੰਤ। ਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ, ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ। ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ। ਹੇ ਭਾਈ! ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।

ਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰ (ਮੈਨੂੰ ਨਾਨਕ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜ। ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਹੇ ਭਾਈ! ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ।1।

ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥ ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥ ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥ ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥ ਨਾਨਕੁ ਪਇਅੰਪੈ ਚਰਣ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥੨॥ {ਪੰਨਾ 456}

ਪਦ ਅਰਥ: ਪਾਵਨ = ਪਵਿਤ੍ਰ। ਪਤਿਤ ਪੁਨੀਤ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਨਿਰੰਜਨ = ਜਿਸ ਉਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ, ਨਿਰ-ਅੰਜਨ। ਭਰਮ = ਭਟਕਣਾ। ਅੰਧੇਰ = ਹਨੇਰਾ। ਅੰਜਨਾ = ਸੁਰਮਾ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਸਤਹ ਉਤੇ, ਆਕਾਸ਼ ਵਿਚ, ਪੁਲਾੜ ਵਿਚ। ਨਿਮਖ = ਅੱਖ ਦੇ ਫਰਕਣ ਜਿਤਨਾ ਸਮਾ। ਰਿਦੈ = ਹਿਰਦੇ ਵਿਚ। ਤਿਸਹਿ = ਤਿਸੁ ਹੀ, ਉਸ ਦੇ ਹੀ। ਵਿਸੂਰਿਆ = ਵਿਸੂਰੇ, ਚਿੰਤਾ-ਫਿਕਰ, ਝੋਰੇ। ਅਗਾਧਿ ਬੋਧ = ਅਥਾਹ ਗਿਆਨ ਦਾ ਮਾਲਕ। ਭਉ = ਡਰ।2।

ਅਰਥ: ਹੇ ਭਾਈ! ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ। ਹੇ ਭਾਈ! ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ (ਇਕ ਐਸਾ) ਸੁਰਮਾ ਹੈ (ਜੋ ਮਨ ਦੀ) ਭਟਕਣਾ ਦੇ ਹਨੇਰੇ ਦਾ ਨਾਸ ਕਰ ਦੇਂਦਾ ਹੈ। ਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ (ਇਹ ਸਮਝ ਪੈਦਾ ਕਰ ਦੇਂਦਾ ਹੈ ਕਿ) ਪਰਮਾਤਮਾ ਨਿਰਲੇਪ (ਹੁੰਦਿਆਂ ਭੀ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ, ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇਂ ਲਈ ਭੀ ਵੱਸਦਾ ਹੈ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।

ਹੇ ਭਾਈ! ਪਰਮਾਤਮਾ ਅਥਾਹ ਗਿਆਨ ਦਾ ਮਾਲਕ ਹੈ, ਸਭ ਕੁਝ ਕਰਨ ਜੋਗਾ ਹੈ, ਸਭ ਦਾ ਮਾਲਕ ਹੈ, ਸਭ ਦਾ ਡਰ ਨਾਸ ਕਰਨ ਵਾਲਾ ਹੈ। ਨਾਨਕ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ (ਤੇ ਆਖਦਾ ਹੈ ਕਿ) ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿੱਚ ਡੁੱਬੇ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ।2।

ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥ ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥ ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥ ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥ ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥ ਨਾਨਕੁ ਪਇਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥੩॥ {ਪੰਨਾ 456}

ਪਦ ਅਰਥ: ਗਹੀ = ਫੜੀ। ਗੋਪਾਲ = ਹੇ ਗੋਪਾਲ! ਕ੍ਰਿਪਾ ਨਿਧੇ = ਹੇ ਕਿਰਪਾ ਦੇ ਖ਼ਜ਼ਾਨੇ! ਮੋਹਿ = ਮੈਨੂੰ। ਤੁਅ = ਤੇਰੇ। ਸਿਧੇ = ਸਿੱਧੀ, ਜੀਵਨ-ਸਫਲਤਾ। ਕਾਰਨ ਕਰਨ = ਸ੍ਰਿਸ਼ਟੀ ਦਾ ਮੂਲ। ਕਰਨ = ਸ੍ਰਿਸ਼ਟੀ। ਭਵ = ਜਨਮ। ਖੋਜਹਿ = ਖੋਜਦੇ ਹਨ। ਸੁਨੀ = ਮੈਂ ਸੁਣੀ ਹੈ। ਉਧਰਨ ਬਿਧੇ = ਸਮੁੰਦਰ ਤੋਂ ਪਾਰ ਲੰਘਣ ਦੀ ਵਿਧੀ।3।

ਅਰਥ: ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਦਇਆ ਦੇ ਸੋਮੇ! ਹੇ ਕਿਰਪਾ ਦੇ ਖ਼ਜ਼ਾਨੇ! ਮੈਂ ਤੇਰੀ ਓਟ ਲਈ ਹੈ। ਮੈਨੂੰ ਤੇਰੇ ਹੀ ਚਰਨਾਂ ਦਾ ਸਹਾਰਾ ਹੈ। ਤੇਰੀ ਸਰਨ ਵਿਚ ਹੀ ਰਹਿਣਾ ਮੇਰੇ ਜੀਵਨ ਦੀ ਕਾਮਯਾਬੀ ਹੈ। ਹੇ ਹਰੀ! ਹੇ ਸੁਆਮੀ! ਹੇ ਜਗਤ ਦੇ ਮੂਲ! ਤੇਰੇ ਚਰਨਾਂ ਦਾ ਆਸਰਾ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਬਚਾਣ-ਜੋਗਾ ਹੈ, ਸੰਸਾਰ-ਸਮੁੰਦਰ ਦੇ ਜਨਮ-ਮਰਨ ਦੇ ਘੁੰਮਣ-ਘੇਰ ਵਿਚੋਂ ਪਾਰ ਲੰਘਾਣ ਜੋਗਾ ਹੈ। ਤੇਰਾ ਨਾਮ ਸਿਮਰ ਕੇ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਰਹੇ ਹਨ।

ਹੇ ਪ੍ਰਭੂ! ਜਗਤ-ਰਚਨਾ ਦੇ ਆਰੰਭ ਵਿਚ ਭੀ ਤੂੰ ਹੀ ਹੈਂ, ਅੰਤ ਵਿਚ ਭੀ ਤੂੰ ਹੀ (ਅਸਥਿਰ) ਹੈਂ। ਬੇਅੰਤ ਜੀਵ ਤੇਰੀ ਭਾਲ ਕਰ ਰਹੇ ਹਨ। ਤੇਰੇ ਸੰਤ ਜਨਾਂ ਦੀ ਸੰਗਤਿ ਹੀ ਇਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਬਚ ਸਕੀਦਾ ਹੈ। ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਹੇ ਗੋਪਾਲ! ਹੇ ਦਇਆਲ! ਹੇ ਕ੍ਰਿਪਾ ਦੇ ਖ਼ਜ਼ਾਨੇ! ਮੈਂ ਤੇਰਾ ਪੱਲਾ ਫੜਿਆ ਹੈ।3।

ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥ ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥ ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥ ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥ ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥ ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥ {ਪੰਨਾ 456-457}

ਪਦ ਅਰਥ: ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਜਹ ਜਹ = ਜਿੱਥੇ ਜਿੱਥੇ। ਅਰਾਧਹਿ = ਅਰਾਧਨ ਕਰਦੇ ਹਨ। ਪ੍ਰਗਟਾਇਆ = (ਆਪਣੇ ਆਪ ਨੂੰ) ਪਰਗਟ ਕਰ ਦੇਂਦਾ ਹੈ। ਪ੍ਰਭਿ = ਪ੍ਰਭੂ ਨੇ। ਲੀਏ ਸਮਾਇ = (ਆਪਣੇ ਚਰਨਾਂ ਵਿਚ) ਲੀਨ ਕੀਤੇ ਹੋਏ ਹਨ। ਸਹਜਿ = ਆਤਮਕ ਅਡੋਲਤਾ ਵਿਚ। ਭਗਤ ਕਾਰਜ = ਭਗਤਾਂ ਦੇ ਕੰਮ। ਸਾਰਿਆ = ਸਵਾਰੇ ਹਨ। ਹਰਿ ਜਸ = ਪਰਮਾਤਮਾ ਦੀ ਸਿਫ਼ਤਿ-ਸਾਲਾਹ। ਚਮਤਕਾਰ = ਝਲਕ। ਪ੍ਰਗਾਸੁ = ਚਾਨਣ। ਦਹ = ਦਸ। ਦਿਸ = ਤਰਫ਼ਾਂ। ਦਹ ਦਿਸ = ਦਸੀਂ ਪਾਸੀਂ {ਪੂਰਬ ਪੱਛਮ ਆਦਿਕ ਚਾਰੇ ਪਾਸੇ +ਚਾਰ ਨੁੱਕਰਾਂ+ਉਪਰ+ਹੇਠਾਂ}। ਤਹ = ਉੱਥੇ, ਭਗਤਾਂ ਦੇ ਹਿਰਦੇ ਵਿਚ।4।

ਅਰਥ: ਹੇ ਭਾਈ! ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ, (ਸੋ,) ਜਿੱਥੇ ਜਿੱਥੇ (ਉਸ ਦੇ) ਸੰਤ (ਉਸ ਦਾ) ਆਰਾਧਨ ਕਰਦੇ ਹਨ ਉੱਥੇ ਉੱਥੇ ਉਹ ਜਾ ਦਰਸ਼ਨ ਦੇਂਦਾ ਹੈ। ਹੇ ਭਾਈ! ਪਰਮਾਤਮਾ ਨੇ ਆਪ ਹੀ (ਆਪਣੇ ਭਗਤ ਆਪਣੇ ਚਰਨਾਂ ਵਿਚ) ਲੀਨ ਕੀਤੇ ਹੋਏ ਹਨ, ਆਤਮਕ ਅਡੋਲਤਾ ਵਿਚ ਤੇ ਪ੍ਰੇਮ ਵਿਚ ਟਿਕਾਏ ਹੋਏ ਹਨ, ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ। ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਹਰਿ-ਮਿਲਾਪ ਦੀ ਖ਼ੁਸ਼ੀ ਦੇ ਗੀਤ ਗਾਂਦੇ ਹਨ, ਆਤਮਕ ਆਨੰਦ ਮਾਣਦੇ ਹਨ, ਤੇ ਆਪਣੇ ਸਾਰੇ ਦੁੱਖ ਭੁਲਾ ਲੈਂਦੇ ਹਨ। ਹੇ ਭਾਈ! ਜਿਸ ਪਰਮਾਤਮਾ ਦੇ ਨੂਰ ਦੀ ਝਲਕ ਜੋਤਿ ਦਾ ਚਾਨਣ ਦਸੀਂ ਪਾਸੀਂ (ਸਾਰੇ ਹੀ ਸੰਸਾਰ ਵਿਚ) ਹੋ ਰਿਹਾ ਹੈ ਉਹੀ ਪਰਮਾਤਮਾ ਭਗਤ ਜਨਾਂ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ। ਨਾਨਕ ਬੇਨਤੀ ਕਰਦਾ ਹੈ, ਪ੍ਰਭੂ-ਚਰਨਾਂ ਦਾ ਧਿਆਨ ਧਰਦਾ ਹੈ, (ਤੇ ਆਖਦਾ ਹੈ ਕਿ) ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ।4।3।6।

TOP OF PAGE

Sri Guru Granth Darpan, by Professor Sahib Singh