ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 451

ਆਸਾ ਮਹਲਾ ੪ ॥ ਜਿਨ੍ਹ੍ਹਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥ ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥ ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ਹ੍ਹ ਜਮੁ ਨੇੜਿ ਨ ਆਵੈ ॥ ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥ ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥ ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥ ਜਿਨ੍ਹ੍ਹੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਹ੍ਹਾ ਸੁਖੁ ਸਦ ਹੋਈ ॥ ਜਿਨ੍ਹ੍ਹਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਹ੍ਹਾ ਮਿਲਿਆ ਹਰਿ ਸੋਈ ॥੨॥ ਜਿਨ੍ਹ੍ਹਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨ੍ਹ੍ਹ ਹਰਿ ਰਖਣਹਾਰਾ ਰਾਮ ਰਾਜੇ ॥ ਤਿਨ੍ਹ੍ਹ ਕੀ ਨਿੰਦਾ ਕੋਈ ਕਿਆ ਕਰੇ ਜਿਨ੍ਹ੍ਹ ਹਰਿ ਨਾਮੁ ਪਿਆਰਾ ॥ ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥ ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥ ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥ ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥ ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥ {ਪੰਨਾ 451}

ਪਦ ਅਰਥ: ਜਿਨ੍ਹ੍ਹਾ ਭੇਟਿਆ = ਜਿਨ੍ਹਾਂ ਨੇ ਸਰਨ ਲਈ। ਦ੍ਰਿੜਾਵੈ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਤਿਸ ਕੀ = ਉਸ (ਮਨੁੱਖ) ਦੀ। ਤ੍ਰਿਸਨਾ = ਤ੍ਰੇਹ। ਜੋ = ਜੇਹੜਾ ਮਨੁੱਖ। ਜੋ ਧਿਆਇਦੇ = ਜੇਹੜੇ ਮਨੁੱਖ ਸਿਮਰਦੇ ਹਨ। ਤਿਨ੍ਹ੍ਹ ਨੇੜਿ = ਉਹਨਾਂ ਦੇ ਨੇੜੇ। ਕਰਿ = ਕਰੇ, ਕਰਦਾ ਹੈ। ਨਾਮਿ = ਨਾਮ ਵਿਚ (ਜੋੜ ਕੇ) । ਤਰਾਵੈ = ਪਾਰ ਲੰਘਾ ਦੇਂਦਾ ਹੈ।1।

ਅਰਥ: (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪਿਆਰੇ ਗੁਰੂ ਦਾ ਪੱਲਾ ਫੜ ਲਿਆ, ਗੁਰੂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਮਨੁੱਖ ਦੀ ਮਾਇਆ ਵਾਲੀ ਭੁੱਖ-ਤ੍ਰੇਹ ਸਾਰੀ ਦੂਰ ਹੋ ਜਾਂਦੀ ਹੈ। ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) । ਹੇ ਦਾਸ ਨਾਨਕ! (ਆਖ– ਜਿਸ ਮਨੁੱਖ ਉਤੇ) ਪਰਮਾਤਮਾ ਕਿਰਪਾ ਕਰਦਾ ਹੈ, ਉਹ ਸਦਾ ਉਸ ਦਾ ਨਾਮ ਜਪਦਾ ਹੈ, ਤੇ, ਪਰਮਾਤਮਾ ਉਸ ਨੂੰ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।1।

ਪਦ ਅਰਥ: ਗੁਰਮੁਖਿ = ਗੁਰੂ ਦੀ ਰਾਹੀਂ। ਬਿਘਨੁ = ਰੁਕਾਵਟ। ਸਦ = ਸਦਾ। ਪੁਰਖੁ = ਮਹਾ ਪੁਰਖ, ਸਮਰਥਾ ਵਾਲਾ। ਪੂਜੇ = ਆਦਰ ਕਰਦਾ ਹੈ। ਸਭੁ ਕੋਈ = ਹਰੇਕ ਜੀਵ। ਨਾਨਕੁ = ਨਾਨਕ (ਆਖਦਾ ਹੈ) । ਭੇਟਿਆ = ਸਰਨ ਲਈ, ਪੱਲਾ ਫੜਿਆ। ਸੋਈ = ਆਪ ਹੀ।2।

ਅਰਥ: (ਹੇ ਭਾਈ!) ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਮੁੜ (ਵਿਕਾਰਾਂ ਆਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ। ਜੇਹੜੇ ਮਨੁੱਖ (ਆਪਣਾ ਜੀਵਨ ਸੁੱਚਾ ਬਣਾ ਕੇ) ਸਮਰਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ, ਹਰੇਕ ਜੀਵ ਉਹਨਾਂ ਦਾ ਆਦਰ-ਸਤਕਾਰ ਕਰਦਾ ਹੈ। ਜੇਹੜੇ ਮਨੁੱਖ ਪਿਆਰੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ (ਗੁਰੂ ਦਾ ਆਸਰਾ ਲੈਂਦੇ ਹਨ) ਉਹਨਾਂ ਨੂੰ ਸਦਾ ਹੀ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ। ਨਾਨਕ (ਆਖਦਾ ਹੈ) ਜੇਹੜੇ ਮਨੁੱਖ ਗੁਰੂ ਦਾ ਪੱਲਾ ਫੜਦੇ ਹਨ ਉਹਨਾਂ ਨੂੰ ਪਰਮਾਤਮਾ ਆਪ ਆ ਮਿਲਦਾ ਹੈ।2।

{ਨੋਟ: ਧਿਆਇਆ, ਮਨਾਇਆ, ਸੇਵਿਆ, ਭੇਟਿਆ, ਮਿਲਿਆ = ਇਹ ਲਫ਼ਜ਼ 'ਭੂਤ ਕਾਲ' ਵਿਚ ਹਨ। ਅਰਥ 'ਵਰਤਮਾਨ ਕਾਲ' ਵਿਚ ਕੀਤਾ ਗਿਆ ਹੈ। }

ਪਦ ਅਰਥ: ਅੰਤਰਿ = ਹਿਰਦੇ ਵਿਚ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਿਆਂ। ਰਖਣਹਾਰਾ = ਬਚਾਣ ਦੀ ਸਮਰਥਾ ਵਾਲਾ। ਕਿਆ ਕਰੇ = ਕੀਹ ਕਰ ਸਕਦਾ ਹੈ? ਨਹੀਂ ਕਰ ਸਕਦਾ (ਕਿਉਂਕਿ ਉਹਨਾਂ ਵਿਚ ਕੋਈ ਵਿਕਾਰ ਰਹਿ ਹੀ ਨਹੀਂ ਜਾਂਦਾ ਜਿਸ ਨੂੰ ਭੰਡਿਆ ਜਾ ਸਕੇ) । ਸੇਤੀ = ਨਾਲ। ਮਾਨਿਆ = ਪਤੀਜ ਗਿਆ, ਗਿੱਝ ਗਿਆ। ਦੁਸਟ = ਦੁਰਜਨ, ਭੈੜੇ ਮਨੁੱਖ। ਝਖ = ਵਿਅਰਥ ਜਤਨ।3।

ਅਰਥ: (ਹੇ ਭਾਈ!) ਗੁਰੂ ਦੇ ਦੱਸੇ ਰਸਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਬਚਾਣ ਦੀ ਸਮਰਥਾ ਵਾਲਾ ਪਰਮਾਤਮਾ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) , ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਕੋਈ ਨਿੰਦਣ-ਜੋਗ ਭੈੜ ਉਹਨਾਂ ਦੇ ਜੀਵਨ ਵਿਚ ਰਹਿ ਹੀ ਨਹੀਂ ਜਾਂਦਾ, ਸੋ ਜਿਨ੍ਹਾਂ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ, ਭੈੜੇ ਮਨੁੱਖ (ਉਹਨਾਂ ਨੂੰ ਬਦਨਾਮ ਕਰਨ ਲਈ ਐਵੇਂ) ਵਿਅਰਥ ਟੱਕਰਾਂ ਮਾਰਦੇ ਹਨ। ਹੇ ਦਾਸ ਨਾਨਕ! (ਆਖ–) ਜੇਹੜੇ ਮਨੁੱਖ ਹਰਿ-ਨਾਮ ਸਿਮਰਦੇ ਹਨ, ਬਚਾਣ ਦੀ ਸਮਰਥਾ ਵਾਲਾ ਹਰੀ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ।3।

ਪਦ ਅਰਥ: ਜੁਗੁ ਜੁਗੁ = ਹਰੇਕ ਜੁਗ ਵਿਚ {ਵੇਖੋ 'ਗੁਰਬਾਣੀ ਵਿਆਕਰਣ'}। ਉਪਾਇਆ = ਪੈਦਾ ਕਰਦਾ ਆ ਰਿਹਾ ਹੈ। ਪੈਜ = ਇੱਜ਼ਤ। ਦੇਇ = ਦੇ ਕੇ। ਮੁਖਿ ਲਾਇਆ = ਆਪਣੇ ਮੂੰਹ ਲਾਇਆ, ਆਦਰ-ਸਨਮਾਨ ਦਿੱਤਾ, ਇੱਜ਼ਤ ਬਖ਼ਸ਼ੀ। ਐਸਾ = ਇਹੋ ਜਿਹੀ ਸਮਰਥਾ ਵਾਲਾ। ਅੰਤਿ = ਆਖ਼ਰ ਨੂੰ।4।

ਅਰਥ: ਪਰਮਾਤਮਾ ਹਰੇਕ ਜੁਗ ਵਿਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ (ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ (ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ। ਹੇ ਦਾਸ ਨਾਨਕ! ਜੇਹੜਾ ਭੀ ਮਨੁੱਖ ਇਹੋ ਜਿਹੀ ਸਮਰਥਾ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਪਰਮਾਤਮਾ ਉਸ ਨੂੰ (ਦੋਖੀਆਂ ਵਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ) ਆਖ਼ਰ ਬਚਾ ਲੈਂਦਾ ਹੈ।4।13। 20।

ਆਸਾ ਮਹਲਾ ੪ ਛੰਤ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥ ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥ ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥ {ਪੰਨਾ 451}

ਪਦ ਅਰਥ: ਵੇ ਮਨ = ਹੇ ਮਨ! ਪਰਦੇਸੀ = ਪਰਾਏ ਦੇਸ਼ਾਂ ਵਿਚ ਰਹਿਣ ਵਾਲੇ, ਥਾਂ ਥਾਂ ਭਟਕਣ ਵਾਲੇ। ਘਰੇ = ਘਰਿ, ਘਰ ਵਿਚ, ਪ੍ਰਭੂ-ਚਰਨਾਂ ਵਿਚ। ਮਿਲਾਵਹੁ = ਮਿਲ। ਵਸੈ = ਵੱਸਦਾ ਹੈ। ਹਰੇ = ਹਰੀ। ਰੰਗਿ = ਪ੍ਰੇਮ ਵਿਚ (ਟਿਕ ਕੇ) । ਰਲੀਆਂ = ਮੌਜਾਂ। ਤੁਠਾ = ਦਇਆਵਾਨ, ਪ੍ਰਸੰਨ।1।

ਅਰਥ: ਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੂ-ਚਰਨਾਂ ਵਿਚ ਜੁੜ। ਹੇ ਮੇਰੇ ਪਿਆਰੇ ਮਨ! ਹਰਿ-ਰੂਪ ਗੁਰੂ ਨੂੰ ਮਿਲ (ਤੈਨੂੰ ਸਮਝ ਪੈ ਜਾਇਗੀ ਕਿ ਸਭ ਸੁਖਾਂ ਦਾ ਦਾਤਾ) ਪਰਮਾਤਮਾ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਮੇਰੇ ਪਿਆਰੇ ਮਨ! ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਆਤਮਕ ਆਨੰਦ ਮਾਣ (ਅਰਦਾਸ ਕਰਦਾ ਰਹੁ ਕਿ ਤੇਰੇ ਉਤੇ) ਪ੍ਰਭੂ ਇਹ ਮੇਹਰ (ਦੀ ਦਾਤਿ) ਕਰੇ। ਨਾਨਕ (ਆਖਦਾ ਹੈ–) ਹੇ ਮੇਰੇ ਪਿਆਰੇ ਮਨ! ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਨੂੰ ਪਰਮਾਤਮਾ ਨਾਲ ਮਿਲਾ ਦੇਂਦਾ ਹੈ।1।

ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥ ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥ ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥ ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥ {ਪੰਨਾ 451}

ਪਦ ਅਰਥ: ਭਾਉ ਕਰੇ = ਭਾਉ ਕਰਿ, ਪਿਆਰ ਕਰ ਕੇ। ਮਨਿ = ਮਨ ਵਿਚ (ਵੱਸ ਰਹੀ) । ਆਸ = (ਮਾਇਆ ਦੀਆਂ) ਆਸਾਂ। ਜੋਬਨੁ = ਜਵਾਨੀ। ਜਾਵੈ = ਬੀਤਦਾ ਜਾ ਰਿਹਾ ਹੈ। ਹਿਰੇ = ਹੇਰੇ, ਤੱਕ ਰਿਹਾ ਹੈ। ਭਾਗਮਣੀ = ਭਾਗਾਂ ਦੀ ਮਣੀ। ਉਰਿ = ਹਿਰਦੇ ਵਿਚ।2।

ਅਰਥ: ਹੇ ਮੇਰੇ ਪਿਆਰੇ! ਮੈਂ (ਪ੍ਰਭੂ-ਚਰਨਾਂ ਵਿਚ) ਪ੍ਰੇਮ ਜੋੜ ਕੇ ਉਸ ਦੇ ਪਿਆਰ ਦਾ ਸੁਆਦ (ਕਦੇ ਭੀ) ਨਹੀਂ ਚੱਖਿਆ, (ਕਿਉਂਕਿ) ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਵੱਸ ਰਹੀ ਮਾਇਆ ਦੀ) ਤ੍ਰਿਸ਼ਨਾ ਕਦੇ ਮੁੱਕੀ ਹੀ ਨਹੀਂ, (ਮੇਰਾ ਮਨ) ਸਦਾ (ਮਾਇਆ ਦੀਆਂ ਹੀ) ਆਸਾਂ ਬਣਾਂਦਾ ਰਹਿੰਦਾ ਹੈ। ਹੇ ਮੇਰੇ ਪਿਆਰੇ! ਸਦਾ (ਇਸੇ ਹਾਲਤ ਵਿਚ ਹੀ) ਮੇਰੀ ਜਵਾਨੀ ਲੰਘਦੀ ਜਾ ਰਹੀ ਹੈ ਤੇ ਮੌਤ ਦਾ ਦੇਵਤਾ ਮੇਰੇ ਸੁਆਸਾਂ ਨੂੰ (ਗਹੁ ਨਾਲ) ਤੱਕ ਰਿਹਾ ਹੈ (ਕਿ ਸੁਆਸ ਪੂਰੇ ਹੋਣ ਤੇ ਇਸ ਨੂੰ ਆ ਫੜਾਂ) ।

ਹੇ ਨਾਨਕ! (ਆਖ–) ਹੇ ਮੇਰੇ ਪਿਆਰੇ! ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਬਣਦੀ ਹੈ ਉਸ ਦੇ ਮੱਥੇ ਉਤੇ ਭਾਗਾਂ ਦੀ ਮਣੀ ਚਮਕਦੀ ਹੈ ਜੇਹੜੀ ਪਰਮਾਤਮਾ (ਦੀ ਯਾਦ) ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ।2।

TOP OF PAGE

Sri Guru Granth Darpan, by Professor Sahib Singh