ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 450

ਆਸਾ ਮਹਲਾ ੪ ॥ ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥ ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥ ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥ ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥ ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥ ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥ ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥ ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥ ਜਿਨ੍ਹ੍ਹ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥ ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ {ਪੰਨਾ 450}

ਪਦ ਅਰਥ: ਮਸਤਕਿ = ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧੇਰਾ = ਹਨੇਰਾ। ਘਟਿ = ਹਿਰਦੇ ਵਿਚ। ਬਲਿਆ = ਚਮਕ ਪਿਆ। ਲਧਾ = ਲੱਭ ਪਿਆ। ਪਦਾਰਥੋ = ਕੀਮਤੀ ਚੀਜ਼। ਬਹੁੜਿ = ਮੁੜ। ਚਲਿਆ = ਗਵਾਚਿਆ। ਆਰਾਧਿ = ਸਿਮਰ ਕੇ।1।

ਅਰਥ: (ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਪਰਮਾਤਮਾ (ਗੁਰੂ-ਮਿਲਾਪ ਦਾ ਲੇਖ) ਲਿਖ ਦੇਂਦਾ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ (ਉਹਨਾਂ ਦੇ ਮਨ ਵਿਚੋਂ, ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ, ਉਹਨਾਂ ਦੇ ਹਿਰਦੇ ਵਿਚ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ। ਉਹਨਾਂ ਨੂੰ ਪਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਹੈ ਜੇਹੜਾ ਮੁੜ (ਉਹਨਾਂ ਪਾਸੋਂ ਕਦੇ) ਗੁਆਚਦਾ ਨਹੀਂ। ਹੇ ਦਾਸ ਨਾਨਕ! (ਆਖ– ਹੇ ਭਾਈ!) ਗੁਰੂ ਦੀ ਸਰਨ ਪੈ ਕੇ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਨਾਮ ਸਿਮਰ ਕੇ ਉਹ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੇ ਹਨ।1।

ਪਦ ਅਰਥ: ਐਸਾ = ਅਜੇਹਾ ਕੀਮਤੀ। ਸੇ = ਉਹ ਬੰਦੇ। ਕਾਹੇ = ਕਿਸ ਵਾਸਤੇ? ਜਗਿ = ਜਗਤ ਵਿਚ। ਦੁਲੰਭੁ = ਦੁਰਲੱਭ, ਬੜੀ ਮੁਸ਼ਕਲ ਨਾਲ ਮਿਲਣ ਵਾਲਾ। ਬਿਰਥਾ = ਅਜਾਈਂ। ਸਭੁ = ਸਾਰਾ। ਹੁਣਿ = ਇਸ ਮਨੁੱਖਾ ਜਨਮ ਵਿਚ। ਵਤੈ = ਵੱਤਰ ਦੇ ਵੇਲੇ। ਅਗੈ = ਪਰਲੋਕ ਵਿਚ, ਸਮਾ ਲੰਘ ਜਾਣ ਤੇ। ਕਿਆ ਖਾਏ = ਕੀਹ ਖਾਏਗਾ? ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਹਰਿ ਭਾਇ = ਹਰੀ ਨੂੰ (ਇਹੀ) ਚੰਗਾ ਲੱਗਦਾ ਹੈ।2।

ਅਰਥ: (ਹੇ ਭਾਈ! ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਜੰਮੇ? (ਉਹਨਾਂ ਦਾ ਮਨੁੱਖਾ ਜਨਮ ਕਿਸੇ ਕੰਮ ਨਾਹ ਆਇਆ) । ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ। (ਹੇ ਭਾਈ! ਜੇਹੜਾ ਕਿਸਾਨ ਵੱਤਰ ਵੇਲੇ ਪੈਲੀ ਨਹੀਂ ਬੀਜਦਾ ਉਹ ਵੇਲਾ ਬੀਤ ਜਾਣ ਤੇ ਭੁੱਖਾ ਮਰਦਾ ਹੈ, ਤਿਵੇਂ ਹੀ) ਜੇਹੜਾ ਮਨੁੱਖਾ ਜਨਮ ਵਿਚ ਢੁਕਵੇਂ ਸਮੇ (ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਪਰਲੋਕ ਵਿਚ ਤਦੋਂ ਕੇਹੜੀ ਖ਼ੁਰਾਕ ਵਰਤੇਗਾ ਜਦੋਂ ਆਤਮਕ ਜੀਵਨ ਦੇ ਪਲ੍ਹਰਨ ਵਾਸਤੇ ਨਾਮ-ਭੋਜਨ ਦੀ ਲੋੜ ਪਏਗੀ? ਹੇ ਨਾਨਕ! (ਆਖ–) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ।2।

ਪਦ ਅਰਥ: ਸਭੁ ਕੋ = ਹਰੇਕ ਜੀਵ। ਸਭਿ = ਸਾਰੇ। ਹਾਥਿ = ਹੱਥ ਵਿਚ। ਚਲਹਿ = ਚੱਲਦੇ ਹਨ, ਤੁਰਦੇ ਹਨ। ਪਿਆਰੇ = ਹੇ ਪਿਆਰੇ! ਤੁਧੁ = ਤੈਨੂੰ। ਮਨਿ = ਮਨ ਵਿਚ। ਭਾਏ = ਚੰਗੇ ਲੱਗਦੇ ਹਨ। ਨਾਮਿ = ਨਾਮ ਦੀ ਰਾਹੀਂ। ਤਰਾਏ = ਪਾਰ ਲੰਘਾਂਦਾ ਹੈ।3।

ਅਰਥ: ਹੇ ਹਰੀ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ) , ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ। ਕਿਸੇ ਜੀਵ ਦੇ ਆਪਣੇ ਵੱਸ ਵਿਚ ਕੁਝ ਨਹੀਂ, ਜਿਵੇਂ ਤੂੰ ਤੋਰਦਾ ਹੈਂ ਤਿਵੇਂ ਸਾਰੇ ਜੀਵ ਤੁਰਦੇ ਹਨ। ਹੇ ਪਿਆਰੇ! ਜਿਨ੍ਹਾਂ ਜੀਵਾਂ ਨੂੰ ਤੂੰ ਆਪਣੇ ਨਾਲ ਮਿਲਾਂਦਾ ਹੈਂ, ਜੇਹੜੇ ਤੈਨੂੰ ਆਪਣੇ ਮਨ ਵਿਚ ਚੰਗੇ ਲੱਗਦੇ ਉਹ ਤੇਰੇ ਚਰਨਾਂ ਵਿਚ ਜੁੜੇ ਰਹਿੰਦੇ ਹਨ।

ਹੇ ਦਾਸ ਨਾਨਕ! (ਆਖ– ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਹਨਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।3।

ਪਦ ਅਰਥ: ਗਾਵੈ = ਗੁਣ ਗਾਂਦਾ ਹੈ। ਰਾਗੀ = ਰਾਗੀਂ, ਰਾਗਾਂ ਦੀ ਰਾਹੀਂ ਗਾ ਕੇ। ਨਾਦੀ = ਨਾਦੀਂ, ਸੰਖ ਆਦਿ ਵਜਾ ਕੇ। ਬੇਦੀ = ਬੇਦੀਂ, ਧਰਮ-ਪੁਸਤਕਾਂ ਦੀ ਰਾਹੀਂ। ਬਹੁ ਭਾਂਤਿ ਕਰਿ = ਕਈ ਤਰੀਕਿਆਂ ਨਾਲ। ਭੀਜੈ = ਪ੍ਰਸੰਨ ਹੁੰਦਾ। ਅੰਤਰਿ = ਅੰਦਰ। ਕਪਟੁ = ਫ਼ਰੇਬ। ਰੋਇ = ਰੋ ਕੇ। ਸਿਰਿ ਰੋਗ = ਰੋਗਾਂ ਦੇ ਸਿਰ ਉਤੇ। ਹਥੁ ਦੀਜੈ = ਹੱਥ ਦਿੱਤਾ ਜਾਏ। ਸੁਧੁ = ਪਵਿਤ੍ਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।4।

ਅਰਥ: (ਹੇ ਭਾਈ!) ਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ਪਰ ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ (ਕਿਉਂਕਿ) ਕਰਤਾਰ (ਹਰੇਕ ਮਨੁੱਖ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਅੰਦਰਲੇ ਰੋਗਾਂ ਉਤੇ ਬੇਸ਼ੱਕ ਹੱਥ ਦਿੱਤਾ ਜਾਏ (ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ, ਤਾਂ ਭੀ ਪਰਮਾਤਮਾ ਪਾਸੋਂ ਲੁਕੇ ਨਹੀਂ ਰਹਿ ਸਕਦੇ) । ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹੀ ਹਰੀ ਦਾ ਨਾਮ ਲੈਂਦੇ ਹਨ।4।11। 18।

ਆਸਾ ਮਹਲਾ ੪ ॥ ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥ ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥ ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥ ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥ ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥ ਜਿਨ੍ਹ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥ ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥ ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥ ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥ ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥ ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥ ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥ ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਹ੍ਹਾ ਮੇਰਾ ਸਤਿਗੁਰੁ ਤੁਠਾ ॥ ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥ {ਪੰਨਾ 450-451}

ਪਦ ਅਰਥ: ਅੰਤਰਿ = ਹਿਰਦੇ ਵਿਚ। ਤੇ ਜਨ = ਉਹ ਬੰਦੇ। ਸੁਘੜ = ਸੁਚੱਜੇ, ਚੰਗੀ ਮਾਨਸਕ ਘਾੜਤ ਵਾਲੇ। ਭੁਲਿ = ਭੁੱਲ ਕੇ। ਚੁਕਿ = ਉਕਾਈ ਖਾ ਕੇ। ਭੀ = ਫਿਰ ਭੀ। ਖਰੇ = ਚੰਗੇ। ਭਾਣੇ = ਪਿਆਰੇ ਲੱਗਦੇ ਹਨ। ਥਾਉਂ = ਥਾਂ, ਆਸਰਾ। ਦੀਬਾਣੁ = ਸਹਾਰਾ, ਫਰਿਆਦ ਦੀ ਥਾਂ। ਤਾਣੁ = ਤਾਕਤ, ਬਾਹੂ-ਬਲ। ਸਤਾਣੇ = ਤਕੜੇ, ਤਾਕਤ ਵਾਲੇ।1।

ਅਰਥ: (ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ। ਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ। (ਹੇ ਭਾਈ!) ਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ। ਹੇ ਨਾਨਕ! (ਆਖ–) ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ।1।

ਪਦ ਅਰਥ: ਜਿਥੈ = ਜਿਸ ਥਾਂ ਤੇ। ਜਾਇ = ਜਾ ਕੇ। ਸੁਹਾਵਾ = ਸੁਹਣਾ। ਗੁਰਸਿਖੀ = ਗੁਰ-ਸਿੱਖਾਂ ਨੇ। ਭਾਲਿਆ = ਲੱਭ ਲਿਆ। ਧੂਰਿ = ਧੂੜ। ਮੁਖਿ = ਮੂੰਹ ਉਤੇ। ਘਾਲ = ਮੇਹਨਤ। ਥਾਇ ਪਈ = (ਪ੍ਰਭੂ-ਦਰ ਤੇ) ਕਬੂਲ ਹੋ ਗਈ। ਪੂਜ ਕਰਾਵਾ = ਪੂਜਾ ਕਰਾਂਦਾ ਹੈ। ਕਰਾਵਾ = ਕਰਾਈ। ਲਾਵਾ = ਲਾਈ। ਧਿਆਵਾ = ਧਿਆਇਆ।2।

ਅਰਥ: (ਹੇ ਭਾਈ!) ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ। ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ। ਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ। ਨਾਨਕ (ਆਖਦਾ ਹੈ–) ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ।2।

ਪਦ ਅਰਥ: ਮਨਿ = ਮਨ ਵਿਚ। ਹਰਿ = ਹੇ ਹਰੀ! ਕਰਿ ਪੂਰਾ = ਪੂਰਨ ਜਾਣ ਕੇ, ਅਭੁੱਲ ਜਾਣ ਕੇ। ਭੁਖ = ਮਾਇਆ ਦੀ ਭੁੱਖ। ਮੇਰੀ = ਮਾਇਆ ਦੀ ਮਮਤਾ। ਜਾਇ ਲਹਿ = ਲਹਿ ਜਾਂਦੀ ਹੈ। ਸਭ = ਸਾਰੀ। ਖਾਇ = (ਆਤਮਕ ਖ਼ੁਰਾਕ) ਖਾਂਦੀ ਹੈ। ਘਨੇਰੀ = ਬਹੁਤ ਲੁਕਾਈ। ਹਰਿ ਪੁੰਨੁ = ਨਾਮ ਸਿਮਰਨ ਦਾ ਭਲਾ ਬੀਜ। ਤੋਟਿ = ਕਮੀ, ਘਾਟ। ਕੇਰੀ = ਦੀ। ਪੁੰਨ ਕੇਰੀ = ਭਲੇ ਕੰਮ ਦੀ।

ਅਰਥ: ਹੇ ਹਰੀ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤਿ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ, ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ (ਜਿਸ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚੋਂ) ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੀ ਸੰਗਤਿ ਕਰ ਕੇ ਹੋਰ ਬਥੇਰੀ ਲੁਕਾਈ (ਨਾਮ ਸਿਮਰਨ ਦੀ ਆਤਮਕ ਖ਼ੁਰਾਕ) ਖਾਂਦੀ ਹੈ। ਹੇ ਦਾਸ ਨਾਨਕ! ਜੇਹੜੇ ਮਨੁੱਖ (ਆਪਣੇ ਹਿਰਦੇ-ਖੇਤ ਵਿਚ) ਹਰਿ-ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ।3।

ਪਦ ਅਰਥ: ਮਨਿ = ਮਨ ਵਿਚ। ਵਾਧਾਈਆ = ਖ਼ੁਸ਼ੀਆਂ, ਆਤਮਕ ਉਤਸ਼ਾਹ, ਚੜ੍ਹਦੀ ਕਲਾ। ਜਿਨ੍ਹ੍ਹ = ਜਿਨ੍ਹਾਂ ਨੇ। ਗਲ = ਗੱਲ, ਜ਼ਿਕਰ। ਸੋ = ਉਹ ਮਨੁੱਖ। ਮਿਠਾ = ਪਿਆਰਾ। ਪੈਨ੍ਹ੍ਹਾਈਅਹਿ = ਸਰੋਪਾ ਦਿੱਤੇ ਜਾਂਦੇ ਹਨ, ਸਨਮਾਨੇ ਜਾਂਦੇ ਹਨ {ਵਰਤਮਾਨ ਕਾਲ ਕਰਮ ਵਾਚ, ਅੰਨ ਪੁਰਖ, ਬਹੁ-ਵਚਨ}। ਤੁਠਾ = ਮੇਹਰਬਾਨ ਹੋਇਆ। ਨਾਨਕੁ = ਨਾਨਕ (ਆਖਦਾ ਹੈ) । ਵੁਠਾ = ਆ ਵੱਸਿਆ।4।

ਅਰਥ: (ਹੇ ਭਾਈ!) ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦੇ ਮਨ ਵਿਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਜੇ ਕੋਈ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। (ਹੇ ਭਾਈ!) ਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਮਾਣ ਮਿਲਦਾ ਹੈ। ਨਾਨਕ ਆਖਦਾ ਹੈ ਉਹ ਗੁਰਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ।4।12। 19।

TOP OF PAGE

Sri Guru Granth Darpan, by Professor Sahib Singh