ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 452

ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥ ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥ ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਨ ਪਵੈ ਕਿਵੈ ॥ ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥੩॥ {ਪੰਨਾ 452}

ਪਦ ਅਰਥ: ਰਤਿਅੜੇ = ਰੱਤੇ ਹੋਏ, ਪ੍ਰੇਮ-ਰੰਗ ਨਾਲ ਰੰਗੇ ਹੋਏ। ਮੈਡੇ = ਮੇਰੇ। ਲੋਇਣ = ਨੇਤਰ, ਅੱਖਾਂ। ਚਾਤ੍ਰਿਕ = ਪਪੀਹਾ। ਸੀਤਲੁ = ਠੰਡਾ। ਪੀਵੈ = ਪੀਂਦਾ ਹੈ। ਤਨਿ = ਸਰੀਰ ਵਿਚ (ਉਪਜਿਆ ਹੋਇਆ) । ਬਿਰਹੁ = ਵਿਛੋੜੇ ਦਾ ਦਰਦ। ਕਿਵੈ = ਕਿਸੇ ਤਰ੍ਹਾਂ ਭੀ। ਲਿਵ = ਸੁਰਤਿ।3।

ਅਰਥ: ਹੇ ਮੇਰੇ ਪਿਆਰੇ! ਮੇਰੀਆਂ ਅੱਖਾਂ ਪ੍ਰਭੂ-ਪਤੀ ਦੇ ਦਰਸ਼ਨ ਵਿਚ ਮਸਤ ਹਨ ਜਿਵੇਂ ਪਪੀਹਾ (ਸ੍ਵਾਂਤੀ ਵਰਖਾ ਦੀ) ਬੂੰਦ (ਲਈ ਤਾਂਘਦਾ ਹੈ) । ਹੇ ਮੇਰੇ ਪਿਆਰੇ! ਜਦੋਂ ਮੇਰਾ ਮਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਪੀਂਦਾ ਹੈ ਤਾਂ ਠੰਢਾ-ਠਾਰ ਹੋ ਜਾਂਦਾ ਹੈ। ਹੇ ਮੇਰੇ ਪਿਆਰੇ! ਮੇਰੇ ਸਰੀਰ ਵਿਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ, ਕਿਸੇ ਤਰ੍ਹਾਂ ਭੀ ਮੈਨੂੰ ਨੀਂਦ ਨਹੀਂ ਪੈਂਦੀ। ਹੇ ਨਾਨਕ! (ਆਖ–) ਹੇ ਮੇਰੇ ਪਿਆਰੇ! ਗੁਰੂ ਦੀ ਬਖ਼ਸ਼ੀ ਲਗਨ ਦੀ ਬਰਕਤਿ ਨਾਲ ਮੈਂ ਸੱਜਣ ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ।3।

ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥ ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥ ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ ॥ ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥ {ਪੰਨਾ 452}

ਪਦ ਅਰਥ: ਚੜਿ = ਚੜ੍ਹੈ, ਚੜ੍ਹਦਾ ਹੈ। ਭਲੀਅ = ਸੋਹਣੀ। ਰੁਤੇ = ਰੁਤਿ। ਬਾਝੜਿਅਹੁ = ਬਿਨਾ। ਆਂਗਣਿ = (ਹਿਰਦੇ ਦੇ) ਵੇਹੜੇ ਵਿਚ। ਧੂੜਿ = ਘੱਟਾ। ਲੁਤੇ = ਉੱਡ ਰਹੀ ਹੈ। ਮਨਿ = ਮਨ ਵਿਚ। ਉਡੀਣੀ = ਉਦਾਸ। ਨੈਨ = ਅੱਖਾਂ। ਜੁਤੇ = ਜੁੜੇ ਹੋਏ, ਟੱਕ ਨੀਝ ਲਾ ਰਹੇ। ਦੇਖਿ = ਵੇਖ ਕੇ। ਵਿਗਸੀ = ਖਿੜ ਪਈ। ਸੁਤੇ = ਸੁਤ, ਪੁੱਤਰ ਨੂੰ।4।

ਅਰਥ: ਹੇ ਮੇਰੇ ਪਿਆਰੇ! ਚੇਤ (ਦਾ ਮਹੀਨਾ) ਚੜ੍ਹਦਾ ਹੈ, ਬਸੰਤ (ਦਾ ਮੌਸਮ) ਆਉਂਦਾ ਹੈ, (ਸਾਰਾ ਸੰਸਾਰ ਆਖਦਾ ਹੈ ਕਿ ਇਹ) ਸੋਹਣੀ ਰੁੱਤ (ਆ ਗਈ ਹੈ, ਪਰ) ਹੇ ਮੇਰੇ ਪਿਆਰੇ! ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ (ਮੇਰੇ ਹਿਰਦੇ ਦੇ) ਵੇਹੜੇ ਵਿਚ ਧੂੜ ਉੱਡ ਰਹੀ ਹੈ। ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਉੱਠ ਰਹੀ ਹੈ, (ਮੈਂ ਦੁਨੀਆ ਦੇ ਭਾ ਦੀ ਸੋਹਣੀ ਬਸੰਤ ਰੁੱਤ ਵਲੋਂ) ਉਦਾਸ ਹਾਂ, ਮੇਰੀਆਂ ਦੋਵੇਂ ਅੱਖਾਂ (ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ-ਪਤੀ ਦੇ ਦਰਸਨ ਦੀ ਉਡੀਕ ਵਿਚ) ਜੁੜੀਆਂ ਪਈਆਂ ਹਨ।

ਨਾਨਕ (ਆਖਦਾ ਹੈ– ਹੁਣ) ਹੇ ਮੇਰੇ ਪਿਆਰੇ! ਗੁਰੂ ਨਾਨਕ ਨੂੰ ਵੇਖ ਕੇ (ਮੇਰੀ ਜਿੰਦ ਇਉਂ) ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ।4।

ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥ ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥ ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ ਮਨਿ ਚਿੰਦਿਅੜਾ ਫਲੁ ਪਾਇਆ ॥ ਹਰਿ ਤੁਠੜਾ ਮੇਰੇ ਪਿਆਰੇ ਜਨੁ ਨਾਨਕੁ ਨਾਮਿ ਸਮਾਇਆ ॥੫॥ {ਪੰਨਾ 452}

ਪਦ ਅਰਥ: ਵਿਟੜਿਅਹੁ = ਤੋਂ। ਹਉ = ਮੈਂ। ਘੋਲੀ = ਸਦਕੇ। ਜਿਨਿ = ਜਿਸ (ਗੁਰੂ) ਨੇ। ਸਭਿ = ਸਾਰੀਆਂ। ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ। ਤੁਠੜਾ = ਪ੍ਰਸੰਨ। ਨਾਮਿ = ਨਾਮ ਵਿਚ। ਨਾਨਕੁ = (ਆਖਦਾ ਹੈ) ।5।

ਅਰਥ: ਹੇ ਮੇਰੇ ਪਿਆਰੇ! ਮੈਨੂੰ ਗੁਰੂ ਨੇ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ, ਮੈਂ ਉਸ ਗੁਰੂ ਤੋਂ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ। ਹੇ ਮੇਰੇ ਪਿਆਰੇ! ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ, ਪ੍ਰਭੂ ਪਾਸੇ ਮੈਂ ਮਨ-ਚਿਤਵਿਆ ਫਲ ਪਾ ਲਿਆ ਹੈ।

ਨਾਨਕ (ਆਖਦਾ ਹੈ–) ਹੇ ਮੇਰੇ ਪਿਆਰੇ! ਜਿਸ (ਵਡ-ਭਾਗੀ ਮਨੁੱਖ ਉਤੇ) ਪਰਮਾਤਮਾ ਦਇਆਵਾਨ ਹੁੰਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।5।

ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ ॥ ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ ॥ ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ ॥ ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥ {ਪੰਨਾ 452}

ਪਦ ਅਰਥ: ਪਿਆਰੇ = ਹੇ ਪਿਆਰੇ! ਖੇਲਸਾ = ਖੇਲਸਾਂ; ਮੈਂ ਖੇਡਾਂਗੀ। ਕਿਉ = ਕਿਵੇਂ? ਪਾਈ = ਪਾਈਂ, ਮੈਂ ਲੱਭਾਂ। ਜਿਤੁ = ਜਿਸ ਦੀ ਰਾਹੀਂ। ਲਗਿ = (ਜਿਸ ਦੀ ਚਰਨੀਂ) ਲੱਗ ਕੇ। ਦੇਖਸਾ = ਦੇਖਸਾਂ, ਮੈਂ ਵੇਖਾਂ। ਦਾਤੜੇ = ਹੇ ਪਿਆਰੇ ਦਾਤਾਰ! ਗੁਰਮੁਖਿ = ਗੁਰੂ ਦੀ ਰਾਹੀਂ। ਮੁਖਿ ਮੇਲਸਾ = ਮੁਖਿ ਮੇਲਸਾਂ, ਮੈਂ ਮੂੰਹ ਨਾਲ ਮਿਲਾਵਾਂਗੀ, ਮੈਂ ਤੇਰਾ ਦਰਸਨ ਕਰਾਂਗੀ। ਧੁਰਿ = ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਸਾ = ਸੀ।6।

ਅਰਥ: ਹੇ ਪਿਆਰੇ! ਪਰਮਾਤਮਾ ਤੋਂ ਬਿਨਾ (ਕਿਸੇ ਹੋਰ ਨਾਲ) ਮੈਂ ਪ੍ਰੇਮ (ਦੀ ਖੇਡ) ਨਹੀਂ ਖੇਡਾਂਗੀ। (ਹੇ ਪਿਆਰੇ! ਦੱਸ) ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀਂ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ।

ਹੇ ਪਿਆਰੇ ਦਾਤਾਰ ਹਰੀ! ਮੈਨੂੰ ਗੁਰੂ ਮਿਲਾ, ਗੁਰੂ ਦੀ ਰਾਹੀਂ ਹੀ ਮੈਂ ਤੇਰਾ ਦਰਸਨ ਕਰ ਸਕਾਂਗੀ।

ਨਾਨਕ (ਆਖਦਾ ਹੈ–) ਹੇ ਮੇਰੇ ਪਿਆਰੇ! (ਜਿਸ ਵਡ-ਭਾਗੀ ਦੇ) ਮੱਥੇ ਉਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ।6।14। 21।

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥ ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥ ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥ ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥ ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥ ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥ ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥ {ਪੰਨਾ 452}

ਪਦ ਅਰਥ: ਅਨਦੋ ਅਨਦੁ = ਆਨੰਦ ਹੀ ਆਨੰਦ। ਘਣਾ = ਬਹੁਤ। ਵੂਠਾ = ਆ ਵੱਸਿਆ। ਤੁਠਾ = ਪ੍ਰਸੰਨ ਹੋਇਆ। ਸਹਜੁ = ਆਤਮਕ ਅਡੋਲਤਾ। ਗ੍ਰਿਹੁ = ਘਰ, ਹਿਰਦਾ-ਘਰ। ਵਸਿ ਆਇਆ = ਵੱਸ ਪਿਆ ਹੈ। ਮੰਗਲੁ = ਖ਼ੁਸ਼ੀ ਦਾ ਗੀਤ। ਓਇ = (ਲਫ਼ਜ਼ 'ਉਹ' ਤੋਂ ਬਹੁ-ਵਚਨ) । ਭਾਗਿ ਗਇਆ = ਭੱਜ ਗਏ। ਆਘਾਣੇ = ਰੱਜ ਗਏ ਹਨ। ਅੰਮ੍ਰਿਤ ਬਾਣੇ = ਆਤਮਕ ਜੀਵਨ ਦੇਣ ਵਾਲੀ ਬਾਣੀ ਨਾਲ। ਬਸੀਠਾ = ਵਕੀਲ, ਵਿਚੋਲਾ। ਸਿਉ = ਨਾਲ। ਨੈਣੀ = ਅੱਖਾਂ ਨਾਲ।1।

ਅਰਥ: (ਹੇ ਭਾਈ! ਮੇਰੇ ਹਿਰਦੇ-ਘਰ ਵਿਚ) ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ) ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ (ਜੋ ਆਨੰਦ ਦਾ ਸੋਮਾ ਹੈ) , ਅਤੇ ਮੈਂ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ। (ਹੇ ਭਾਈ!) ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿਚ ਆ ਵੱਸਿਆ ਹੈ (ਕਿਉਂਕਿ) ਸਤਿਗੁਰੂ (ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਗੁਰੂ ਦੀ ਮੇਹਰ ਨਾਲ ਮੇਰੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਗਈ ਹੈ। ਹੁਣ ਮੇਰਾ (ਹਿਰਦਾ) ਘਰ ਵੱਸ ਪਿਆ ਹੈ (ਮੇਰੇ ਗਿਆਨ-ਇੰਦ੍ਰੇ) ਖ਼ੁਸ਼ੀ ਦਾ ਗੀਤ ਗਾ ਰਹੇ ਹਨ (ਮੇਰੇ ਹਿਰਦੇ-ਘਰ ਵਿਚੋਂ) ਉਹ (ਕਾਮਾਦਿਕ) ਪੰਜ ਵੈਰੀ ਨੱਸ ਗਏ ਹਨ। (ਹੇ ਭਾਈ! ਜਦੋਂ ਦਾ) ਮਿੱਤਰ ਗੁਰੂ (ਪਰਮਾਤਮਾ ਨਾਲ ਮਿਲਾਣ ਵਾਸਤੇ) ਵਕੀਲ ਬਣਿਆ ਹੈ, ਉਸ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੇਰੇ ਗਿਆਨ-ਇੰਦ੍ਰੇ ਠੰਢੇ-ਠਾਰ ਹੋ ਗਏ ਹਨ (ਮਾਇਕ ਪਦਾਰਥਾਂ ਵਲੋਂ) ਰੱਜ ਗਏ ਹਨ।

ਹੇ ਨਾਨਕ! ਆਖ– ਮੇਰਾ ਮਨ ਹੁਣ ਪਰਮਾਤਮਾ ਨਾਲ ਗਿੱਝ ਗਿਆ ਹੈ, ਮੈਂ ਉਸ ਪਰਮਾਤਮਾ ਨੂੰ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ।1।

ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥ ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥ ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥ ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥ ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥ ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥ {ਪੰਨਾ 452}

ਪਦ ਅਰਥ: ਸੋਹਿਅੜੇ = ਸੋਭਨੀਕ ਹੋ ਗਏ ਹਨ। ਬੰਕ = ਬਾਂਕੇ, ਸੁੰਦਰ। ਮੇਰੇ ਦੁਆਰੇ = ਮੇਰੇ ਗਿਆਨ-ਇ੍ਰੰਦੇ। ਪਾਹੁਨੜੇ = ਮੇਰੀ ਜਿੰਦ ਦਾ ਪਤੀ। ਕਾਰਜ ਸਾਰੇ = ਮੇਰੇ (ਸਾਰੇ) ਕੰਮ ਸੰਵਾਰਦੇ ਹਨ। ਕਰਿ = ਕਰ ਕੇ। ਆਪੇ = ਆਪ ਹੀ। ਮਾਞੀ = (ਵਿਆਹ ਵਾਲੇ ਘਰ ਆਇਆ ਹੋਇਆ) ਮੇਲ। ਸੁਆਮੀ = ਖਸਮ। ਦੇਵਾ = ਇਸ਼ਟ-ਦੇਵ (ਜਿਸ ਦੇ ਸਾਹਮਣੇ ਵਿਆਹ ਹੁੰਦਾ ਹੈ) । ਕਾਰਜੁ = ਵਿਆਹ ਦਾ ਕੰਮ। ਧਾਰਨ ਧਾਰੇ = ਆਸਰਾ ਦੇਂਦਾ ਹੈ। ਸਹੁ = ਖਸਮ-ਪ੍ਰਭੂ। ਘਰ = ਹਿਰਦਾ-ਘਰ।2।

ਅਰਥ: (ਹੇ ਸਖੀ! ਮੇਰੇ ਹਿਰਦੇ-ਘਰ ਦੇ ਸਾਰੇ ਦਰਵਾਜ਼ੇ) ਮੇਰੇ ਗਿਆਨ-ਇੰਦ੍ਰੇ ਸੋਹਣੇ ਹੋ ਗਏ ਹਨ ਸੋਭਨੀਕ ਹੋ ਗਏ ਹਨ (ਕਿਉਂਕਿ ਮੇਰੇ ਹਿਰਦੇ-ਘਰ ਵਿਚ) ਮੇਰੀ ਜਿੰਦ ਦੇ ਸਾਈਂ ਮੇਰੇ ਸੰਤ-ਪ੍ਰਭੂ ਜੀ ਆ ਬਿਰਾਜੇ ਹਨ। ਮੇਰੇ ਪਿਆਰੇ ਸੰਤ-ਪ੍ਰਭੂ ਜੀ ਮੇਰੇ ਕੰਮ ਸਾਰੇ ਸੰਵਾਰ ਰਹੇ ਹਨ (ਮੇਰੇ ਸਾਰੇ ਗਿਆਨ-ਇ੍ਰੰਦੇ ਉਸ ਸੰਤ-ਪ੍ਰਭੂ ਨੂੰ) ਨਮਸਕਾਰ ਕਰ ਕੇ ਉਸ ਦੀ ਸੇਵਾ-ਭਗਤੀ ਵਿਚ ਲੱਗ ਗਏ ਹਨ। ਉਹ ਆਪ ਹੀ ਜਾਂਞੀ ਹੈ ਉਹ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਉਹ ਆਪ ਹੀ ਇਸ਼ਟ-ਦੇਵ ਹੈ। (ਮੇਰੀ ਜਿੰਦ ਦਾ ਮਾਲਕ-ਪ੍ਰਭੂ ਮੇਰੀ ਜਿੰਦ ਨੂੰ ਆਪਣੇ ਚਰਨਾਂ ਵਿਚ ਜੋੜਨ ਦਾ ਇਹ) ਆਪਣਾ ਕੰਮ ਆਪ ਹੀ ਸਿਰੇ ਚਾੜ੍ਹਦਾ ਹੈ।

ਹੇ ਨਾਨਕ! ਆਖ– ਮੇਰਾ ਖਸਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਬੈਠਦਾ ਹੈ, ਮੇਰੇ ਸਾਰੇ ਗਿਆਨ-ਇੰਦ੍ਰੇ ਸੋਹਣੇ ਬਣ ਗਏ ਹਨ।2।

ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥ ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥ ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥ ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥ ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥ {ਪੰਨਾ 452}

ਪਦ ਅਰਥ: ਨਵ = ਨੌ। ਨਿਧਿ = ਖ਼ਜ਼ਾਨਾ। ਨਵ ਨਿਧੇ = ਸ੍ਰਿਸ਼ਟੀ ਦੇ ਸਾਰੇ ਨੌ ਹੀ ਖ਼ਜ਼ਾਨੇ। ਘਰ = ਹਿਰਦਾ-ਘਰ। ਧਿਆਈ = ਧਿਆਈਂ, ਮੈਂ ਸਿਮਰਦਾ ਹਾਂ। ਸਖਾਈ = ਸਾਥੀ। ਸਹਜ = ਆਤਮਕ ਅਡੋਲਤਾ। ਸੁਭਾਈ = ਸ੍ਰੇਸ਼ਟ ਪ੍ਰੇਮ ਦਾ ਦਾਤਾ। ਗਣਤ = ਚਿੰਤਾ। ਚੂਕੀ = ਮੁੱਕ ਗਈ ਹੈ। ਧਾਈ = ਭਟਕਣਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ। ਚਿੰਦਾ = ਚਿੰਤਾ। ਗਾਜੇ = ਗੱਜ ਰਿਹਾ ਹੈ, ਪਰਗਟ ਹੋ ਰਿਹਾ ਹੈ। ਅਨਹਦ = ਇੱਕ-ਰਸ। ਅਨਹਦ ਵਾਜੇ = ਇੱਕ-ਰਸ ਵਾਜੇ ਵੱਜ ਰਹੇ ਹਨ। ਸੋਭ = ਸੋਭਾ। ਮੇਰੈ ਸੰਗੇ = ਮੇਰੇ ਨਾਲ।3।

ਅਰਥ: ਹੇ ਭਾਈ! ਹੁਣ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਮੈਨੂੰ ਹਰੇਕ ਪਦਾਰਥ ਮਿਲ ਗਿਆ ਹੈ, ਮੈਂ ਸਭ ਕੁਝ ਲੱਭ ਲਿਆ ਹੈ, ਸ੍ਰਿਸ਼ਟੀ ਦੇ ਸਾਰੇ ਹੀ ਨੌ ਖ਼ਜ਼ਾਨੇ ਮੇਰੇ ਹਿਰਦੇ-ਘਰ ਵਿਚ ਆ ਟਿਕੇ ਹਨ।

ਮੈਂ ਉਸ ਗੋਬਿੰਦ ਦਾ ਨਾਮ ਸਦਾ ਸਿਮਰਦਾ ਹਾਂ ਜੋ ਮੇਰਾ ਸਦਾ ਲਈ ਸਾਥੀ ਬਣ ਗਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ ਆਤਮਕ ਅਡੋਲਤਾ ਤੇ ਪ੍ਰੇਮ ਪੈਦਾ ਹੋ ਗਿਆ ਹੈ। ਮੈਂ, ਆਪਣੇ ਅੰਦਰ ਚਿੰਤਾ-ਫ਼ਿਕਰ ਮਿਟਾ ਲਿਆ ਹੈ, ਮੇਰੀ ਭਟਕਣਾ ਮੁੱਕ ਗਈ ਹੈ, ਕੋਈ ਚਿੰਤਾ ਮੇਰੇ ਮਨ ਉਤੇ ਕਦੇ ਜੋਰ ਨਹੀਂ ਪਾ ਸਕਦੀ। ਮੇਰੇ ਅੰਦਰ ਗੋਬਿੰਦ ਗੱਜ ਰਿਹਾ ਹੈ (ਪ੍ਰਭੂ ਦੇ ਸਿਮਰਨ ਦਾ ਆਨੰਦ ਪੂਰੇ ਜੋਬਨ ਵਿਚ ਹੈ। ਇਉਂ ਆਨੰਦ ਬਣਿਆ ਹੋਇਆ ਹੈ, ਮਾਨੋ, ਸਾਰੇ ਸੰਗੀਤਕ ਸਾਜ) ਇੱਕ-ਰਸ (ਮੇਰੇ ਅੰਦਰ) ਵੱਜ ਰਹੇ ਹਨ। (ਪਰਮਾਤਮਾ ਨੇ ਮੇਰੇ ਅੰਦਰ) ਹੈਰਾਨ ਕਰ ਦੇਣ ਵਾਲੀ ਆਤਮਕ ਸੁੰਦਰਤਾ ਪੈਦਾ ਕਰ ਦਿੱਤੀ। ਹੇ ਨਾਨਕ! ਆਖ– ਪ੍ਰਭੂ-ਪਤੀ ਮੇਰੇ ਅੰਗ-ਸੰਗ ਵੱਸ ਰਿਹਾ ਹੈ, ਤਾਹੀਏਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਲੱਭ ਲਏ ਹਨ।3।

TOP OF PAGE

Sri Guru Granth Darpan, by Professor Sahib Singh