ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 449

ਆਸਾ ਮਹਲਾ ੪ ॥ ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥ ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥ ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥ ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥ ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥ ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥ ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥ ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥੨॥ ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥ ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥ ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥ ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥ ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥ ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥ ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥ {ਪੰਨਾ 449}

ਪਦ ਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਧਾ = ਲੱਭ ਪਿਆ ਹੈ। ਕੰਚਨ ਕੋਟ ਗੜ = ਸੋਨੇ ਦਾ ਕਿਲ੍ਹਾ। ਕਾਇਆ = ਸਰੀਰ। ਸਿਧਾ = ਸਿੱਧਾ, ਪਰਗਟ। ਵਿਧਾ = ਵਿੱਝ ਗਿਆ ਹੈ। ਧੁਰਿ = ਧੁਰ ਦਰਗਾਹ ਤੋਂ। ਰਸਿ = ਰਸ ਵਿਚ, ਅਨੰਦ ਵਿਚ। ਗੁਧਾ = ਗੁੱਝ ਗਿਆ ਹਾਂ।1।

ਅਰਥ: (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਭਾਲ ਕਰਦਿਆਂ ਕਰਦਿਆਂ ਮੈਂ ਮਿੱਤਰ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ। ਮੇਰਾ ਇਹ ਸਰੀਰ ਕਿਲ੍ਹਾ (ਮਾਨੋ) ਸੋਨੇ ਦਾ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਇਸ ਵਿਚ ਪਰਮਾਤਮਾ ਪਰਗਟ ਹੋ ਗਿਆ ਹੈ। (ਹੇ ਭਾਈ! ਮੈਨੂੰ ਆਪਣੇ ਅੰਦਰ ਹੀ) ਪਰਮਾਤਮਾ ਦਾ ਨਾਮ-ਰਤਨ, ਪਰਮਾਤਮਾ ਦਾ ਨਾਮ-ਹੀਰਾ (ਮਿਲ ਪਿਆ) ਹੈ (ਜਿਸ ਨਾਲ ਮੇਰਾ ਕਠੋਰ) ਮਨ (ਮੇਰਾ ਕਠੋਰ) ਹਿਰਦਾ ਵਿੰਨ੍ਹਿਆ ਗਿਆ ਹੈ (ਨਰਮ ਹੋ ਗਿਆ ਹੈ) । ਹੇ ਨਾਨਕ! (ਆਖ– ਹੇ ਭਾਈ!) ਧੁਰ ਪ੍ਰਭੂ ਦੀ ਹਜ਼ੂਰੀ ਤੋਂ ਵੱਡੇ ਭਾਗਾਂ ਨਾਲ ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰਾ ਆਪਾ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਿਆ ਹੈ।1।

ਪਦ ਅਰਥ: ਪੰਥੁ = ਰਸਤਾ। ਦਸਾਵਾ = ਦਸਾਵਾਂ, ਮੈਂ ਪੁੱਛਦੀ ਹਾਂ। ਮੁੰਧ = ਜੀਵ-ਇਸਤ੍ਰੀ। ਜੋਬਨਿ = ਜਵਾਨੀ ਵਿਚ (ਮੱਤੀ ਹੋਈ) । ਬਾਲੀ = ਅੰਞਾਣ। ਗੁਰ = ਹੇ ਗੁਰੂ! ਚੇਤਾਇ = ਚੇਤੇ ਕਰਾ। ਮਾਰਗਿ = ਰਸਤੇ ਉਤੇ। ਚਾਲੀ = ਚੱਲਾਂ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਅਧਾਰੁ = ਆਸਰਾ। ਬਿਖੁ = ਜ਼ਹਿਰ। ਜਾਲੀ = ਜਾਲੀਂ, ਜਲਾਵਾਂ, ਸਾੜ ਦਿਆਂ। ਮੇਲਿ = ਮਿਲਾਂ। ਬਨਵਾਲੀ = ਪਰਮਾਤਮਾ।2।

ਅਰਥ: ਹੇ ਸਤਿਗੁਰੂ! ਮੈਂ ਜੋਬਨ-ਮੱਤੀ ਅੰਞਾਣ ਜੀਵ-ਇਸਤ੍ਰੀ (ਤੇਰੇ ਦਰ ਤੇ) ਸਦਾ ਖਲੋਤੀ ਹੋਈ (ਤੈਥੋਂ ਪਤੀ-ਪ੍ਰਭੂ ਦੇ ਦੇਸ ਦਾ) ਰਾਹ ਪੁਛਦੀ ਹਾਂ। ਹੇ ਸਤਿਗੁਰੂ! ਮੈਨੂੰ ਪ੍ਰਭੂ-ਪਤੀ ਦਾ ਨਾਮ ਚੇਤੇ ਕਰਾਂਦਾ ਰਹੁ (ਮੇਹਰ ਕਰ) ਮੈਂ ਪਰਮਾਤਮਾ ਦੇ (ਦੇਸ ਪਹੁੰਚਣ ਵਾਲੇ) ਰਸਤੇ ਉਤੇ ਤੁਰਾਂ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪ੍ਰਭੂ ਦਾ ਨਾਮ ਹੀ ਸਹਾਰਾ ਹੈ (ਜੇ ਤੇਰੀ ਕਿਰਪਾ ਹੋਵੇ ਤਾਂ ਇਸ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਮੈਂ ਹਉਮੈ-ਜ਼ਹਰ ਨੂੰ ਸਾੜ ਦਿਆਂ। ਹੇ ਦਾਸ ਨਾਨਕ! (ਆਖ– ਹੇ ਪ੍ਰਭੂ! ਮੈਨੂੰ) ਗੁਰੂ ਮਿਲਾ। ਜੇਹੜਾ ਭੀ ਕੋਈ ਪਰਮਾਤਮਾ ਨੂੰ ਮਿਲਿਆ ਹੈ ਗੁਰੂ ਦੀ ਰਾਹੀਂ ਹੀ ਮਿਲਿਆ ਹੈ।2।

ਪਦ ਅਰਥ: ਗੁਰਮੁਖਿ = ਗੁਰੂ ਦੀ ਰਾਹੀਂ। ਪਿਆਰੇ = ਹੇ ਪਿਆਰੇ ਹਰੀ! ਮੈ = ਮੈਨੂੰ। ਬੈਰਾਗਿਆ = ਓਦਰਿਆ ਹੋਇਆ ਹੈ। ਰਸਿ = (ਪ੍ਰੇਮ) ਜਲ ਨਾਲ। ਭਿੰਨੇ = ਭਿੱਜੇ ਹੋਏ। ਮਿਲਿ = ਮਿਲ ਕੇ। ਮੰਨੇ = ਪਤੀਜ ਜਾਏ, ਧਰਵਾਸ ਫੜੇ। ਹਉ = ਮੈਂ।3।

ਅਰਥ: ਹੇ ਪਿਆਰੇ ਹਰੀ! ਮੈਨੂੰ ਚਿਰ ਦੇ ਵਿਛੁੜੇ ਹੋਏ ਨੂੰ ਗੁਰੂ ਦੀ ਰਾਹੀਂ ਆ ਮਿਲ। ਹੇ ਹਰੀ! ਮੇਰਾ ਮਨ ਮੇਰਾ ਹਿਰਦਾ ਬਹੁਤ ਓਦਰਿਆ ਹੋਇਆ ਹੈ, ਮੇਰੀਆਂ ਅੱਖਾਂ (ਵਿਛੋੜੇ ਦੇ ਕਾਰਨ ਤੇਰੇ) ਪ੍ਰੇਮ-ਜਲ ਨਾਲ ਭਿੱਜੀਆਂ ਹੋਈਆਂ ਹਨ। ਹੇ ਹਰੀ! ਮੈਨੂੰ ਪਿਆਰੇ ਗੁਰੂ ਦੀ ਦੱਸ ਪਾ, ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿਚ ਗਿੱਝ ਜਾਏ। ਹੇ ਨਾਨਕ! (ਆਖ–) ਹੇ ਹਰੀ! ਮੈਂ ਮੂਰਖ ਹਾਂ, ਮੈਨੂੰ ਆਪਣੇ (ਨਾਮ ਸਿਮਰਨ ਦੇ) ਕੰਮ ਵਿਚ ਜੋੜ।3।

ਪਦ ਅਰਥ: ਗੁਰ ਦੇਹੁਰੀ = ਗੁਰੂ ਦਾ ਸੋਹਣਾ ਸਰੀਰ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬੁਰਕੇ = (ਹੋਰਨਾਂ ਦੇ ਹਿਰਦੇ ਸਰੀਰ ਵਿਚ) ਛਿੜਕਦਾ ਹੈ। ਮਨਿ = ਮਨ ਵਿਚ। ਭਾਈਆ = ਭਾਈ, ਪਿਆਰੀ ਲੱਗੀ। ਅੰਮ੍ਰਿਤਿ = ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਜਲ ਨਾਲ। ਛਕਿ ਛਕੇ = ਛਕਿ ਛਕਿ, ਛਕ ਛਕ ਕੇ। ਤੁਠੈ = ਦਇਆਵਾਨ ਹੋਣ ਨਾਲ। ਚੂਕੇ = ਮੁੱਕ ਗਏ। ਧਕ ਧਕੇ = ਨਿੱਤ ਦੇ ਧੱਕੇ, ਨਿੱਤ ਦੇ ਠੇਡੇ। ਨਾਨਕੁ = ਨਾਨਕ (ਆਖਦਾ ਹੈ) ।4।

ਅਰਥ: (ਹੇ ਭਾਈ!) ਗੁਰੂ ਦਾ ਸੋਹਣਾ ਹਿਰਦਾ ਸਦਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜਾ ਰਹਿੰਦਾ ਹੈ, ਉਹ (ਗੁਰੂ ਹੋਰਨਾਂ ਦੇ ਹਿਰਦੇ ਵਿਚ ਭੀ ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਦਾ ਰਹਿੰਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਵਿਚ ਸਤਿਗੁਰੂ ਦੀ ਬਾਣੀ ਪਿਆਰੀ ਲੱਗ ਪੈਂਦੀ ਹੈ, ਬਾਣੀ ਦਾ ਰਸ ਮਾਣ ਮਾਣ ਕੇ ਉਹਨਾਂ ਦੇ ਹਿਰਦੇ ਭੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਜਾਂਦੇ ਹਨ। ਨਾਨਕ (ਆਖਦਾ ਹੈ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਤੇ ਪਰਮਾਤਮਾ ਦਾ ਸੇਵਕ ਇਕ-ਰੂਪ ਹੋ ਜਾਂਦੇ ਹਨ, ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।4।9। 16।

ਆਸਾ ਮਹਲਾ ੪ ॥ ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥ ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥ ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥ ਜਨੁ ਨਾਨਕੁ ਗੁਰੁ ਤਿਨ੍ਹ੍ਹੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥ ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥ ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥ ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥ ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥ ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥ ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥ ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥ ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥ ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥ ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥ ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥ {ਪੰਨਾ 449-450}

ਪਦ ਅਰਥ: ਪਾਸੇ = ਪਾਸਿ, ਕੋਲ। ਸਾਚਾ ਸਾਹੁ = ਸਦਾ-ਥਿਰ ਨਾਮ-ਖ਼ਜ਼ਾਨੇ ਦਾ ਸਾਹੂਕਾਰ। ਸਿਖ = ਸਿੱਖਾਂ ਨੂੰ। ਦੇਇ = ਦੇਂਦਾ ਹੈ। ਰਾਸੇ = ਰਾਸਿ, ਪੂੰਜੀ, ਸਰਮਾਇਆ। ਧਨੁ ਧੰਨੁ = ਭਾਗਾਂ ਵਾਲਾ। ਸਾਬਾਸੇ = ਸਾਬਾਸ਼। ਜਿਨ ਲਿਲਾਟਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ। ਲਿਖਾਸੇ = ਲਿਖਿਆ ਹੋਇਆ ਹੈ।1।

ਅਰਥ: (ਹੇ ਭਾਈ!) ਆਤਮਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖ਼ਜ਼ਾਨੇ ਗੁਰੂ ਸਤਿਗੁਰੂ ਦੇ ਕੋਲ ਹੀ ਹਨ। ਇਸ ਸਦਾ-ਥਿਰ ਹਰਿ-ਭਗਤੀ ਦੇ ਖ਼ਜ਼ਾਨੇ ਦਾ ਸਾਹੂਕਾਰ ਗੁਰੂ ਸਤਿਗੁਰੂ ਹੀ ਹੈ, ਉਹ ਆਪਣੇ ਸਿੱਖਾਂ ਨੂੰ ਇਹ ਭਗਤੀ-ਸਰਮਾਇਆ ਦੇਂਦਾ ਹੈ। (ਹੇ ਭਾਈ!) (ਪ੍ਰਭੂ-ਭਗਤੀ ਦਾ ਵਣਜ) ਸ੍ਰੇਸ਼ਟ ਵਣਜ ਹੈ, ਭਾਗਾਂ ਵਾਲਾ ਹੈ ਉਹ ਮਨੁੱਖ ਜੋ ਇਹ ਵਣਜ ਕਰਦਾ ਹੈ, ਨਾਮ-ਧਨ ਦਾ ਸ਼ਾਹ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦੇਂਦਾ ਹੈ। ਦਾਸ ਨਾਨਕ (ਆਖਦਾ ਹੈ– ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ (ਇਸ ਸਰਮਾਏ ਦੀ ਪ੍ਰਾਪਤੀ ਦਾ) ਲੇਖ ਲਿਖਿਆ ਹੈ ਉਹਨਾਂ ਨੂੰ ਹੀ ਮਿਲਦਾ ਹੈ।1।

ਪਦ ਅਰਥ: ਸਚੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ। ਸਭੁ = ਸਾਰਾ। ਭਾਂਡੇ = ਸਰੀਰ। ਤੁਧੈ = ਤੂੰ ਹੀ। ਹਰਿ = ਹੇ ਹਰੀ! ਥਾਰਾ = ਤੇਰੀ ਹੀ। ਪਾਵਹਿ = ਤੂੰ ਪਾਂਦਾ ਹੈਂ। ਸਾ = ਉਹੀ। ਕਉ = ਨੂੰ।2।

ਅਰਥ: ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ (ਤੇਰਾ ਪੈਦਾ ਕੀਤਾ ਹੋਇਆ ਇਹ) ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ-ਸਰਮਾਏ ਨਾਲ ਨਾਮ ਦਾ ਵਣਜ ਕਰਨ ਆਇਆ ਹੋਇਆ ਹੈ। ਹੇ ਪ੍ਰਭੂ! ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ, ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ-ਵਸਤ ਮੌਜੂਦ ਹੈ। ਕੋਈ ਵਿਚਾਰਾ ਜੀਵ (ਆਪਣੇ ਉੱਦਮ ਨਾਲ) ਕੁਝ ਭੀ ਨਹੀਂ ਕਰ ਸਕਦਾ, ਜੇਹੜਾ ਕੋਈ (ਗੁਣ ਔਗੁਣ) ਪਦਾਰਥ ਤੂੰ ਇਹਨਾਂ ਸਰੀਰਾਂ ਵਿਚ ਪਾਂਦਾ ਹੈ ਉਹੀ ਉੱਘੜਦਾ ਹੈ। ਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ।2।

ਪਦ ਅਰਥ: ਹਮ = ਅਸੀਂ ਜੀਵ। ਵਿਥਰਹ = ਵਿਸਥਾਰ ਨਾਲ ਦੱਸ ਸਕਦੇ ਹਾਂ। ਕਿਆ ਗੁਣ = ਕੇਹੜੇ ਕੇਹੜੇ ਗੁਣ? ਸੁਆਮੀ = ਹੇ ਸੁਆਮੀ! ਅਪਰ = ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਸਾਲਾਹਹ = ਅਸੀਂ ਸਲਾਹੁੰਦੇ ਹਾਂ। ਆਧਾਰੋ = ਆਸਰਾ। ਕਿਛੂਅ = ਕੁਝ ਭੀ। ਨ ਜਾਣਹਾ = ਅਸੀਂ ਨਹੀਂ ਜਾਣਦੇ। ਕਿਵ = ਕਿਵੇਂ? ਪਾਵਹ = ਅਸੀਂ ਪਾਈਏ। ਪਾਰੋ = ਪਾਰ, ਅੰਤ। ਪਨਿਹਾਰੋ = ਪਾਣੀ ਭਰਨ ਵਾਲਾ, ਸੇਵਕ।3।

ਅਰਥ: ਹੇ ਮੇਰੇ ਮਾਲਕ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਅਸੀਂ ਤੇਰੇ ਕੇਹੜੇ ਕੇਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ? ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ, ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ। ਹੇ ਪ੍ਰਭੂ! ਅਸੀਂ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ? (ਹੇ ਭਾਈ!) ਦਾਸ ਨਾਨਕ ਤਾਂ ਪਰਮਾਤਮਾ ਦਾ ਦਾਸ ਹੈ, ਪਰਮਾਤਮਾ ਦੇ ਦਾਸਾਂ ਦਾ ਦਾਸ ਹੈ।3।

ਪਦ ਅਰਥ: ਭਾਵੈ = (ਤੈਨੂੰ) ਚੰਗਾ ਲੱਗੇ। ਪ੍ਰਭ = ਹੇ ਪ੍ਰਭੂ! ਭੂਲਿ = ਭੁੱਲ ਕੇ, ਕੁਰਾਹੇ ਪੈ ਕੇ। ਵਿਗਾੜਹ = ਅਸੀਂ ਆਪਣੇ ਜੀਵਨ ਨੂੰ ਖ਼ਰਾਬ ਕਰ ਰਹੇ ਹਾਂ। ਲਾਜ = ਇੱਜ਼ਤ। ਹਰਿ = ਹੇ ਹਰੀ! ਰਖਾਏ = ਰਖਾਇ, ਰੱਖ। ਦੇ = ਦੇ ਕੇ। ਸਮਝਾਏ = ਸਮਝਾਇ, ਸਮਝ ਬਖ਼ਸ਼। ਕਾਂਢਿਆ = ਕਿਹਾ ਜਾਂਦਾ ਹੈ, ਅਖਵਾਂਦਾ ਹੈ। ਪੈਜ = ਲਾਜ। ਰਖਾਏ = ਰਖਾਇ, ਰੱਖ।4।

ਅਰਥ: ਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤਿਵੇਂ ਸਾਨੂੰ (ਮੰਦੇ ਕੰਮਾਂ ਤੋਂ) ਬਚਾ ਲੈ। ਅਸੀਂ ਦਿਨ ਰਾਤ (ਜੀਵਨ-ਰਾਹ ਤੋਂ) ਖੁੰਝ ਕੇ (ਆਪਣੇ ਆਤਮਕ ਜੀਵਨ ਨੂੰ) ਖ਼ਰਾਬ ਕਰਦੇ ਰਹਿੰਦੇ ਹਾਂ। ਹੇ ਹਰੀ! ਸਾਡੀ ਇੱਜ਼ਤ ਰੱਖ। ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਗੁਰੂ ਹੈਂ ਤੂੰ ਸਾਡਾ ਪਿਤਾ ਹੈਂ, ਸਾਨੂੰ ਮਤਿ ਦੇ ਕੇ ਚੰਗੀ ਸਮਝ ਬਖ਼ਸ਼।

ਹੇ ਹਰੀ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ, (ਮੇਹਰ ਕਰ, ਆਪਣੇ ਦਾਸ ਦੀ) ਇੱਜ਼ਤ ਰੱਖ।4।10। 17।

TOP OF PAGE

Sri Guru Granth Darpan, by Professor Sahib Singh