ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 448

ਆਸਾ ਮਹਲਾ ੪ ਛੰਤ ॥ ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥ ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥ ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥ ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥ ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥ ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥ {ਪੰਨਾ 448}

ਪਦ ਅਰਥ: ਅਗਮ = ਅਪਹੁੰਚ। ਅਗੋਚਰੁ = {ਗੋ = ਗਿਆਨ-ਇੰਦ੍ਰੇ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਆਦਿ = ਸਭ ਦੇ ਮੁੱਢ। ਨਿਰੰਜਨੁ = {ਨਿਰ-ਅੰਜਨੁ} ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਨਿਰੰਕਾਰੁ = {ਨਿਰ-ੁਆਕਾਰ} ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ। ਗਤਿ = ਹਾਲਤ। ਅਮਿਤਿ = ਅਮਿਣਵੀ। ਅਲਖ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਪਰੰਪਰੁ = ਪਰੇ ਤੋਂ ਪਰੇ ਬੇਅੰਤ। ਕਹੀਅਹਿ = ਕਹੇ ਜਾਣ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।1।

ਅਰਥ: (ਹੇ ਭਾਈ!) ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ। (ਹੇ ਭਾਈ!) ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ (ਹੇ ਭਾਈ!) ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ। ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ। ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ) ?

(ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ। ਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ।

(ਹੇ ਭਾਈ!) ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ।1।

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥ ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥ ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥ ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥ {ਪੰਨਾ 448}

ਪਦ ਅਰਥ: ਪੁਰਖੁ = ਸਰਬ-ਵਿਆਪਕ। ਕਰਤਾ = ਸਿਰਜਣਹਾਰ। ਪਾਰੁ = ਪਾਰਲਾ ਬੰਨਾ। ਘਟ = ਸਰੀਰ। ਨਿਰੰਤਰਿ = ਬਿਨਾ ਵਿੱਥ ਦੇ {ਅੰਤਰੁ = ਵਿੱਥ}। ਅੰਤਰਿ = ਅੰਦਰ, ਵਿਚ। ਰੇਖ = ਚਿਹਨ ਚੱਕਰ {ਰੇਖਾ = ਲਕੀਰ}। ਅਦਿਸਟੁ = ਨਾਹ ਦਿੱਸਣ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਅਨੰਦਿ = ਆਨੰਦ ਵਿਚ। ਸਹਜੇ = ਆਤਮਕ ਅਡੋਲਤਾ ਵਿਚ, ਸਹਜਿ ਹੀ।2।

ਅਰਥ: ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ। ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ।

ਹੇ ਭਾਈ! ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ। ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ।2।

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥ ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥ ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥ ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥ ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥ ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥ {ਪੰਨਾ 448}

ਪਦ ਅਰਥ: ਸਤਿ = ਸਦਾ ਕਾਇਮ ਰਹਿਣ ਵਾਲਾ। ਪਰਮੇਸਰੁ = ਪਰਮ ਈਸ਼੍ਵਰ, ਸਭ ਤੋਂ ਵੱਡਾ ਹਾਕਮ। ਅਬਿਨਾਸੀ = ਕਦੇ ਨਾਸ ਨਾਹ ਹੋਣ ਵਾਲਾ। ਗੁਣ ਨਿਧਾਨੁ = (ਸਾਰੇ) ਗੁਣਾਂ ਦਾ ਖ਼ਜ਼ਾਨਾ। ਪੁਰਖੁ = ਸਰਬ-ਵਿਆਪਕ। ਸੁਜਾਨੁ = ਸਿਆਣਾ। ਪਰਧਾਨੁ = ਮੰਨਿਆ-ਪ੍ਰਮੰਨਿਆ।

ਸਬਦੁ = ਹੁਕਮੁ। ਸਭੁ = ਹਰ ਥਾਂ। ਤੂੰ ਹੈ– ਤੂੰ ਹੀ। ਵਰਤਹਿ = ਮੌਜੂਦ ਹੈਂ। ਰਵਿਆ = ਵਿਆਪਕ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਲਖਿਆ = ਸਮਝਿਆ ਜਾਂਦਾ ਹੈ।3।

ਅਰਥ: ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ। ਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।

ਹੇ ਭਾਈ! ਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ।

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।3।

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥ ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥ ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥ ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥ ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥ ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥ {ਪੰਨਾ 448}

ਪਦ ਅਰਥ: ਸਭੁ = ਹਰ ਥਾਂ। ਕਰਤਾ = ਹੇ ਕਰਤਾਰ! ਵਡਿਆਈ = ਬਜ਼ੁਰਗੀ, ਵਡੱਪਣ, ਤੇਜ-ਪ੍ਰਤਾਪ। ਭਾਵੈ = ਚੰਗਾ ਲੱਗੇ। ਚਲਾਇ = ਤੋਰ। ਸਭ = ਸਾਰੀ ਲੁਕਾਈ। ਸਬਦਿ = ਹੁਕਮ ਵਿਚ। ਸਮਾਇ = ਲੀਨ ਰਹਿੰਦੀ ਹੈ, ਅਨੁਸਾਰ ਹੋ ਕੇ ਤੁਰਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਆਪੁ = ਆਪਾ-ਭਾਵ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਅਗੋਚਰੁ = ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਨਾਮਿ = ਨਾਮ ਵਿਚ।4।

ਅਰਥ: ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ। ਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ। ਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ।

ਹੇ ਭਾਈ! ਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ।

ਹੇ ਨਾਨਕ! (ਆਖ– ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀਾ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ। ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ।4।7।14।

ੴ ਸਤਿਗੁਰ ਪ੍ਰਸਾਦਿ ॥ ਆਸਾ ਮਹਲਾ ੪ ਛੰਤ ਘਰੁ ੪ ॥ ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥ ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥ ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥ ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥ ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥ ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥ ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥ ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥ ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥ ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥ ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥ ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥ ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥ ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥ ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥ ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥ {ਪੰਨਾ 448-449}

ਪਦ ਅਰਥ: ਭਿੰਨੇ = ਭਿੱਜੇ ਹੋਏ ਹਨ, ਤਰ ਹੋ ਗਏ ਹਨ, ਸਰੂਰ ਵਿਚ ਆ ਗਏ ਹਨ। ਲੋਇਣ = ਅੱਖਾਂ। ਪ੍ਰੇਮਿ = ਪ੍ਰੇਮ-ਰੰਗ ਵਿਚ। ਰਤੰਨਾ = ਰੱਤਾ ਹੋਇਆ, ਰੰਗਿਆ ਗਿਆ ਹੈ। ਰਾਮਿ = ਰਾਮ ਨੇ। ਕੰਚਨੁ = ਸੋਨਾ। ਸੋਵਿੰਨਾ = ਸੁਵੰਨ, ਸੋਹਣੇ ਰੰਗ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਚਲੂਲਿਆ = ਗੂੜ੍ਹੇ ਲਾਲ ਰੰਗ ਨਾਲ ਰੰਗਿਆ ਗਿਆ ਹੈ। ਤਨੋ = ਤਨੁ, ਸਰੀਰ, ਹਿਰਦਾ। ਮੁਸਕਿ = ਕਸਤੂਰੀ ਨਾਲ। ਝਕੋਲਿਆ = ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ। ਧਨੁ ਧੰਨਾ = ਭਾਗਾਂ ਵਾਲਾ, ਸਫਲ।1।

ਅਰਥ: ਹੇ ਭਾਈ! ਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਜਲ ਨਾਲ ਸਰੂਰ ਵਿਚ ਆ ਗਈਆਂ ਹਨ, ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ। ਪਰਮਾਤਮਾ ਨੇ ਮੇਰੇ ਮਨ ਨੂੰ (ਆਪਣੇ ਨਾਮ ਦੀ) ਕਸਵੱਟੀ ਉਤੇ ਘਸਾਇਆ ਹੈ, ਤੇ ਇਹ ਸੁੱਧ ਸੋਨਾ ਬਣ ਗਿਆ ਹੈ। ਗੁਰੂ ਦੀ ਸਰਨ ਪਿਆਂ ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਗੂੜ੍ਹਾ ਲਾਲ ਹੋ ਗਿਆ ਹੈ, ਮੇਰਾ ਮਨ ਤਰੋ-ਤਰ ਹੋ ਗਿਆ ਹੈ, ਮੇਰਾ ਹਿਰਦਾ ਤਰੋ-ਤਰ ਹੋ ਗਿਆ ਹੈ। (ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ (ਪ੍ਰਭੂ ਦੇ ਨਾਮ ਦੀ) ਕਸਤੂਰੀ ਨਾਲ ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ, (ਦਾਸ ਨਾਨਕ ਦਾ) ਸਾਰਾ ਜੀਵਨ ਹੀ ਭਾਗਾਂ ਵਾਲਾ ਬਣ ਗਿਆ ਹੈ।1।

ਪਦ ਅਰਥ: ਅਣੀਆਲੇ = ਅਣੀ ਵਾਲੇ, ਤ੍ਰਿੱਖੀ ਨੋਕ ਵਾਲੇ (ਤੀਰ) । ਪੀਰ = ਪੀੜ, ਦਰਦ। ਪਿਰੰਮ = ਪ੍ਰੇਮ। ਜਰੀਆ = ਜਰੀ ਜਾਂਦੀ ਹੈ। ਜੀਵਨ ਮੁਕਤਿ = ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਮਰਿ = ਮਰ ਕੇ, ਮਾਇਆ ਵਲੋਂ ਅਛੋਹ ਹੋ ਕੇ। ਦੁਤਰੁ = ਜਿਸ ਤੋਂ ਪਾਰ ਲੰਘਣਾ ਔਖਾ ਹੈ।2।

ਅਰਥ: ਪ੍ਰਭੂ-ਚਰਨਾਂ ਵਿਚ ਪ੍ਰੇਮ ਪੈਦਾ ਕਰਨ ਵਾਲੀ ਗੁਰਬਾਣੀ ਨੇ ਮੇਰਾ ਮਨ ਵਿੰਨ੍ਹ ਲਿਆ ਹੈ ਜਿਵੇਂ ਤ੍ਰਿੱਖੀ ਨੋਕ ਵਾਲੇ ਤੀਰ (ਕਿਸੇ ਚੀਜ਼ ਨੂੰ) ਵਿੰਨ੍ਹ ਲੈਂਦੇ ਹਨ। (ਹੇ ਭਾਈ!) ਜਿਸ ਮਨੁੱਖ ਦੇ ਅੰਦਰ ਪ੍ਰਭੂ ਪ੍ਰੇਮ ਦੀ ਪੀੜ ਉੱਠਦੀ ਹੈ ਉਹੀ ਜਾਣਦਾ ਹੈ ਕਿ ਉਸ ਨੂੰ ਕਿਵੇਂ ਸਹਾਰਿਆ ਜਾ ਸਕਦਾ ਹੈ। ਜੇਹੜਾ ਮਨੁੱਖ ਮਾਇਆ ਦੇ ਮੋਹ ਵਲੋਂ ਅਛੋਹ ਹੋ ਕੇ ਆਤਮਕ ਜੀਵਨ ਜੀਊਂਦਾ ਹੈ ਉਹ ਦੁਨੀਆ ਦੀ ਕਿਰਤ ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ। ਹੇ ਦਾਸ ਨਾਨਕ! (ਆਖ–) ਹੇ ਹਰੀ! ਮੈਨੂੰ ਗੁਰੂ ਮਿਲਾ, ਤਾ ਕਿ ਮੈਂ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਸਕਾਂ ਜਿਸ ਨੂੰ ਤਰਨਾ ਔਖਾ ਹੈ।2।

ਪਦ ਅਰਥ: ਮੁਗਧ = ਮੂਰਖ, ਬੇ-ਸਮਝ। ਗੋਵਿੰਦ = ਹੇ ਗੋਵਿੰਦ! ਰੰਗਾ = ਕਈ ਚੋਜ-ਤਮਾਸ਼ੇ ਕਰਨ ਵਾਲਾ। ਗੁਰਿ = ਗੁਰੂ ਦੀ ਰਾਹੀਂ। ਮੰਗਾ = ਮੰਗਾਂ, ਮੈਂ ਮੰਗਦਾ ਹਾਂ। ਸਬਦਿ = ਗੁਰ-ਸ਼ਬਦ ਦੀ ਰਾਹੀਂ। ਵਿਗਾਸਿਆ = ਖਿੜ ਪਿਆ ਹੈ। ਜਪਿ = ਜਪ ਕੇ। ਅਨਤ ਤਰੰਗਾ = ਅਨੰਤ ਤਰੰਗਾਂ ਵਾਲਾ, ਜਿਸ ਵਿਚ ਬੇਅੰਤ ਲਹਰਾਂ ਉਠ ਰਹੀਆਂ ਹਨ। ਮਿਲਿ = ਮਿਲ ਕੇ {ਲਫ਼ਜ਼ 'ਮਿਲੁ' ਅਤੇ 'ਮਿਲਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}।3।

ਅਰਥ: ਹੇ ਬੇਅੰਤ ਕੌਤਕਾਂ ਦੇ ਮਾਲਕ ਗੋਵਿੰਦ! (ਸਾਨੂੰ) ਮਿਲ, ਅਸੀਂ ਮੂਰਖ ਬੇ-ਸਮਝ ਤੇਰੀ ਸਰਨ ਆਏ ਹਾਂ। (ਹੇ ਭਾਈ!) ਮੈਂ (ਗੁਰੂ ਪਾਸੋਂ) ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦਾ ਹਾਂ (ਕਿਉਂਕਿ) ਪੂਰੇ ਗੁਰੂ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ। (ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਬੇਅੰਤ ਲਹਰਾਂ ਵਾਲੇ (ਸਮੁੰਦਰ-ਪ੍ਰਭੂ) ਨੂੰ ਸਿਮਰ ਕੇ ਮੇਰਾ ਮਨ ਖਿੜ ਪਿਆ ਹੈ, ਮੇਰਾ ਹਿਰਦਾ ਪ੍ਰਫੁਲਤ ਹੋ ਗਿਆ ਹੈ। ਹੇ ਨਾਨਕ! (ਆਖ–) ਸੰਤ ਜਨਾਂ ਨੂੰ ਮਿਲ ਕੇ ਸੰਤਾਂ ਦੀ ਸੰਗਤਿ ਵਿਚ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ।3।

ਪਦ ਅਰਥ: ਦਇਆਲ = ਹੇ ਦਇਆ ਦੇ ਘਰ! ਪ੍ਰਭ = ਹੇ ਪ੍ਰਭੂ! ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ! ਹਉ = ਮੈਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਸਰਣਿ = ਆਸਰਾ, ਓਟ। ਮੁਖਿ = ਮੁਖ ਵਿਚ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਲਾਜ = ਇੱਜ਼ਤ। ਨਾਮਿ = ਨਾਮ ਦੀ ਰਾਹੀਂ।4।

ਅਰਥ: ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਹਰੀ! ਹੇ ਪ੍ਰਭੂ! ਹੇ ਪ੍ਰਭੂ ਪਾਤਿਸ਼ਾਹ! ਮੇਰੀ ਬੇਨਤੀ ਸੁਣ। ਹੇ ਹਰੀ! ਮੈਂ ਤੇਰੇ ਨਾਮ ਦਾ ਆਸਰਾ ਮੰਗਦਾ ਹਾਂ। ਹੇ ਹਰੀ! (ਤੇਰੀ ਮੇਹਰ ਹੋਵੇ ਤਾਂ ਮੈਂ ਤੇਰਾ ਨਾਮ) ਆਪਣੇ ਮੂੰਹ ਵਿਚ ਪਾ ਸਕਦਾ ਹਾਂ (ਮੂੰਹ ਨਾਲ ਜਪ ਸਕਦਾ ਹਾਂ) ।

(ਹੇ ਭਾਈ!) ਪਰਮਾਤਮਾ ਦਾ ਇਹ ਮੁੱਢ ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ ਨਾਲ ਪਿਆਰ ਕਰਦਾ ਹੈ (ਜੇਹੜਾ ਉਸ ਦੀ ਸਰਨ ਪਏ, ਉਸ ਦੀ) ਇੱਜ਼ਤ ਰੱਖ ਲੈਂਦਾ ਹੈ। (ਹੇ ਭਾਈ!) ਦਾਸ ਨਾਨਕ (ਭੀ) ਉਸ ਹਰੀ ਦੀ ਸਰਨ ਆ ਪਿਆ ਹੈ (ਸਰਨ ਆਏ ਮਨੁੱਖ ਨੂੰ) ਹਰੀ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।4।8।15।

TOP OF PAGE

Sri Guru Granth Darpan, by Professor Sahib Singh