ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 445 ਜਿਨ੍ਹ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥ ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰ ਸਬਦੀ ਹਰਿ ਰਸ ਭੋਗ ਜੀਉ ॥ ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥ ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥ ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥ ਜਿਨ੍ਹ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥੪॥੩॥੧੦॥ {ਪੰਨਾ 445} ਪਦ ਅਰਥ: ਮੀਠਾ = ਮਿੱਠਾ, ਪਿਆਰਾ। ਤੇ ਜਨ = ਉਹ ਬੰਦੇ! ਪਰਧਾਨਾ = ਮੰਨੇ ਪ੍ਰਮੰਨੇ, ਇੱਜ਼ਤ-ਦਾਰ। ਹਰਿ ਲੋਗ = ਰੱਬ ਦੇ ਪਿਆਰੇ ਮਨੁੱਖ। ਵਡਾਈ = ਆਦਰ-ਮਾਣ। ਸਖਾਈ = ਸਾਥੀ, ਮਿੱਤਰ। ਸਬਦੀ = ਸ਼ਬਦ ਦੀ ਰਾਹੀਂ। ਭੋਗ = ਆਨੰਦ। ਨਿਰਜੋਗ = ਨਿਰਲੇਪ। ਸੇ = ਉਹ ਬੰਦੇ। ਧੰਨੁ = ਭਾਗਾਂ ਵਾਲੇ। ਸਤ ਪੁਰਖਾ = ਉੱਚੇ ਜੀਵਨ ਵਾਲੇ ਮਨੁੱਖ। ਰੇਣੁ = ਚਰਨ-ਧੂੜ। ਪਗ = ਪੈਰ। ਸਾਧੂ = ਗੁਰੂ। ਮਨਿ = ਮਨ ਵਿਚ (ਟਿਕਿਆ ਹੋਇਆ) । ਸੋਗੁ = ਗ਼ਮ। ਵਿਜੋਗ = ਵਿਛੋੜਾ।4। ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ। ਪਰਮਾਤਮਾ ਦਾ ਨਾਮ (ਉਹਨਾਂ ਵਾਸਤੇ) ਇੱਜ਼ਤ-ਮਾਣ ਹੈ, ਪਰਮਾਤਮਾ ਦਾ ਨਾਮ ਉਹਨਾਂ ਦਾ (ਸਦਾ ਲਈ) ਸਾਥੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦੇ ਹਨ। ਉਹ ਮਨੁੱਖ ਸਦਾ ਹਰਿ-ਨਾਮ-ਰਸ ਮਾਣਦੇ ਹਨ, ਜਿਸ ਦੀ ਬਰਕਤਿ ਨਾਲ ਉਹ ਬੜੇ ਨਿਰਲੇਪ ਰਹਿੰਦੇ ਹਨ, ਵੱਡੀ ਕਿਸਮਤ ਨਾਲ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਗਿਆ ਹੁੰਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਬਣ ਗਏ ਉਹ ਉੱਚੇ ਤੇ ਪੂਰੇ ਆਤਮਕ ਜੀਵਨ ਵਾਲੇ ਬਣ ਗਏ। ਦਾਸ ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ (ਜਿਨ੍ਹਾਂ ਨੂੰ ਇਹ ਚਰਨ-ਧੂੜ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ) ਮਨ ਵਿਚ ਵੱਸ ਰਿਹਾ ਚਿੰਤਾ ਫ਼ਿਕਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਵਿਚ ਵੱਸਦਾ ਪ੍ਰਭੂ-ਚਰਨਾਂ ਤੋਂ ਵਿਛੋੜਾ ਦੂਰ ਹੋ ਜਾਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ।4।3।10। ਆਸਾ ਮਹਲਾ ੪ ॥ ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥ ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥ ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥ ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥ ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥ {ਪੰਨਾ 445} ਪਦ ਅਰਥ: ਸਤ ਜੁਗਿ = ਸਤਜੁਗ ਵਿਚ, ਉਸ ਆਤਮਕ ਅਵਸਥਾ ਵਿਚ ਜੇਹੜੀ ਸਤਜੁਗ ਵਾਲੀ ਕਹੀ ਜਾਂਦੀ ਹੈ। ਸਭੁ = ਹਰ ਥਾਂ। ਪਗ ਚਾਰੇ ਧਰਮੁ = ਚਹੁ ਪੈਰਾਂ ਵਾਲਾ ਧਰਮ (-ਰੂਪ ਧੌਲ) {ਅੰਞਾਣ ਲੋਕ ਖ਼ਿਆਲ ਕਰਦੇ ਸਨ ਕਿ ਧਰਤੀ ਨੂੰ ਇਕ ਬਲਦ ਨੇ ਆਪਣੇ ਸਿੰਙਾਂ ਉਤੇ ਚੁੱਕਿਆ ਹੋਇਆ ਹੈ}। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਹਰਿ ਗਾਵਹਿ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ। ਪਰਮ = ਸਭ ਤੋਂ ਉੱਚਾ। ਪਾਵਹਿ = ਪ੍ਰਾਪਤ ਕਰਦੇ ਹਨ। ਹਰਿ ਗੁਣ ਗਿਆਨੁ = ਪਰਮਾਤਮਾ ਦੇ ਗੁਣਾਂ ਦੀ ਡੂੰਘੀ ਸਾਂਝ। ਕਿਰਤਾਰਥੁ = ਸਫਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਿਵ ਲਾਈ = ਸੁਰਤਿ ਜੋੜੀ। ਸਖਾਈ = ਮਿੱਤਰ, ਸਾਥੀ। ਪਾਵੈ = ਹਾਸਲ ਕਰਦਾ ਹੈ। ਮਾਨੁ = ਆਦਰ।1। ਅਰਥ: ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ) ਦੇਈ ਰੱਖਦਾ ਹੈ, ਹਰ ਵੇਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ। (ਸਤਜੁਗੀ) ਆਤਮਕ ਅਵਸਥਾ ਵਿਚ ਟਿਕੇ ਹੋਏ (ਮਨੁੱਖ) ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਤੇ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਟਿਕੀ ਰਹਿੰਦੀ ਹੈ। ਸਤਜੁਗੀ ਆਤਮਕ ਅਵਸਥਾ ਵਿਚ ਟਿਕਿਆ ਹੋਇਆ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਨੂੰ ਕੀਮਤੀ ਚੀਜ਼ ਜਾਣਦਾ ਹੈ, ਹਰਿ-ਨਾਮ ਸਿਮਰਨ ਵਿਚ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ (ਹਰ ਥਾਂ) ਸੋਭਾ ਮਿਲਦੀ ਹੈ। ਉਸ ਨੂੰ ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ। (ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ, ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ। (ਹੇ ਭਾਈ!) ਅਜੇਹੀ ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ ਦੇਈ ਰੱਖਦਾ ਹੈ) ਹਰ ਗੱਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ।1। ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥ ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥ ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥ ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥ ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥ ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥ {ਪੰਨਾ 445} ਪਦ ਅਰਥ: ਅੰਤਰਿ = ਜਿਸ ਮਨੁੱਖ ਦੇ ਅੰਦਰ। ਜੋਰੁ = ਧੱਕਾ। ਸੰਜਮੁ = ਇੰਦ੍ਰਿਆਂ ਨੂੰ ਕਾਬੂ ਕਰਨ ਦੇ 'ਜਤ' ਆਦਿਕ ਜਤਨ। ਪਗੁ = ਪੈਰ। ਮਨਿ = ਮਨ ਵਿਚ। ਜਲਾਇ = ਸਾੜਦਾ ਹੈ। ਬਿਸਲੋਧੁ = {ਬਿਸ = ਜ਼ਹਰ। ਲੋਧੁ = ਲਾਲ ਜਾਂ ਚਿੱਟੇ ਫੁੱਲਾਂ ਵਾਲਾ ਇਕ ਕਿਸਮ ਦਾ ਰੁੱਖ ਹੈ} ਵਿਹੁਲਾ ਰੁੱਖ। ਨਿਰਪ = ਰਾਜੇ। ਧਾਵਹਿ = ਦੌੜਦੇ ਹਨ, ਇਕ ਦੂਜੇ ਉਤੇ ਹਮਲੇ ਕਰਦੇ ਹਨ। ਮਮਤਾ = ਅਪਣੱਤ। ਮੇਰੈ ਠਾਕੁਰਿ = ਮੇਰੇ ਠਾਕੁਰ ਨੇ। ਬਿਖੁ = ਜ਼ਹਰ। ਨਾਮਿ = ਨਾਮ ਦੀ ਰਾਹੀਂ।2। ਅਰਥ: (ਹੇ ਭਾਈ!) ਜਿਸ ਮਨੁੱਖ ਦੇ ਅੰਦਰ (ਦੂਜਿਆਂ ਉਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ, ਉਸ ਦੇ ਭਾ ਦਾ ਤ੍ਰੇਤਾ ਜੁਗ ਆ ਜਾਂਦਾ ਹੈ (ਉਸ ਦੇ ਅੰਦਰ ਮਾਨੋ ਤ੍ਰੇਤਾ ਜੁਗ ਵਾਪਰ ਰਿਹਾ ਹੈ। ਉਹ ਮਨੁੱਖ ਪਰਮਾਤਮਾ ਦਾ ਸਿਮਰਨ ਭੁਲਾ ਕੇ) ਵੀਰਜ ਨੂੰ ਰੋਕਣਾ (ਹੀ ਧਰਮ ਸਮਝ ਲੈਂਦਾ ਹੈ) ਉਹ ਮਨੁੱਖ ਇੰਦ੍ਰਿਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ। ਉਸ ਮਨੁੱਖ ਦੇ ਅੰਦਰੋਂ (ਧਰਮ-ਬਲਦ ਦਾ) ਚੌਥਾ ਪੈਰ ਤਿਲਕ ਜਾਂਦਾ ਹੈ (ਉਸ ਦੇ ਅੰਦਰ ਧਰਮ-ਬਲਦ) ਤਿੰਨਾਂ ਪੈਰਾਂ ਦੇ ਸਹਾਰੇ ਖਲੋਂਦਾ ਹੈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਕ੍ਰੋਧ ਪੈਦਾ ਹੁੰਦਾ ਹੈ ਜੋ ਉਸ (ਦੇ ਆਤਮਕ ਜੀਵਨ) ਨੂੰ ਸਾੜਦਾ ਹੈ। (ਹੇ ਭਾਈ!) ਉਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਕ੍ਰੋਧ ਪੈਦਾ ਹੋਇਆ ਰਹਿੰਦਾ ਹੈ ਜੋ, ਮਾਨੋ, ਇਕ ਵੱਡਾ ਵਿਹੁਲਾ ਰੁੱਖ (ਉੱਗਾ ਹੋਇਆ) ਹੈ। (ਧੱਕਾ ਕਰਨ ਦੇ ਸੁਭਾਵ ਤੋਂ ਪੈਦਾ ਹੋਏ ਇਸ ਕ੍ਰੋਧ ਦੇ ਕਾਰਨ ਹੀ) ਰਾਜੇ ਇਕ ਦੂਜੇ ਉਤੇ ਹਮਲੇ ਕਰਦੇ ਹਨ, ਆਪੋ ਵਿਚ ਲੜ ਲੜ ਕੇ ਦੁੱਖ ਪਾਂਦੇ ਹਨ। ਜਿਸ ਮਨੁੱਖ ਦੇ ਅੰਦਰ ਮਮਤਾ ਦਾ ਰੋਗ ਲੱਗ ਜਾਂਦਾ ਹੈ ਉਸ ਦੇ ਅੰਦਰ ਹਉਮੈ ਵਧਦੀ ਹੈ ਅਹੰਕਾਰ ਵਧਦਾ ਹੈ ਪਰ ਜਿਸ ਮਨੁੱਖ ਉੱਤੇ ਮੇਰੇ ਮਾਲਕ ਪ੍ਰਭੂ ਨੇ ਮੇਹਰ ਕੀਤੀ, ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਇਹ ਜ਼ਹਰ ਉਤਰ ਜਾਂਦੀ ਹੈ। (ਹੇ ਭਾਈ!) ਜਿਸ ਮਨੁੱਖ ਦੇ ਅੰਦਰ (ਦੂਜਿਆਂ ਉੱਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ ਉਸ ਦੇ ਅੰਦਰ, ਮਾਨੋ, ਤ੍ਰੇਤਾ ਜੁਗ ਵਾਪਰ ਰਿਹਾ ਹੈ।2। ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥ ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥ ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥ ਮਹਾ ਜੁਧ ਜੋਧ ਬਹੁ ਕੀਨ੍ਹ੍ਹੇ ਵਿਚਿ ਹਉਮੈ ਪਚੈ ਪਚਾਇ ਜੀਉ ॥ ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥ ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨ੍ਹ੍ਹੁ ਉਪਾਇ ਜੀਉ ॥੩॥ {ਪੰਨਾ 445} ਪਦ ਅਰਥ: ਭਰਮਿ = (ਮਾਇਆ ਦੀ) ਭਟਕਣਾ ਵਿਚ। ਗੋਪੀ ਕਾਨੁ੍ਹ੍ਹ = ਇਸਤ੍ਰੀ ਮਰਦ {'ਨਾਚੰਤੀ ਗੋਪੀ ਜੰਨਾ'}। ਤਾਪਹਿ = ਤਪਦੇ ਹਨ, ਕਲੇਸ਼ ਸਹਾਰਦੇ ਹਨ। ਪੁੰਨ = (ਮਿਥੇ ਹੋਏ) ਨੇਕ ਕੰਮ। ਜੋਧ = ਜੋਧੇ, ਸੂਰਮੇ। ਪਚੈ = ਸੜਦਾ ਹੈ। ਪਚਾਇ = ਸਾੜਦਾ ਹੈ। ਦਇਆਲਿ = ਦਇਆਲ ਨੇ। ਸਾਧੁ = ਗੁਰੂ। ਮਿਲਿ = ਮਿਲ ਕੇ।3। ਅਰਥ: ਜੋ ਜੋ ਇਸਤ੍ਰੀ ਮਰਦ ਪਰਮਾਤਮਾ ਨੇ ਪੈਦਾ ਕੀਤਾ ਹੈ (ਇਹ ਸਾਰੇ ਇਸਤ੍ਰੀ ਮਰਦ ਜੋ ਹਰੀ ਨੇ ਪੈਦਾ ਕੀਤੇ ਹਨ, ਇਹਨਾਂ ਵਿਚੋਂ ਜੇਹੜਾ ਜੇਹੜਾ ਮਾਇਆ ਦੀ) ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ। (ਅਜੇਹੇ ਲੋਕ ਭਟਕਣਾ ਵਿਚ ਪੈ ਕੇ) ਤਪ ਸਾਧਦੇ ਹਨ, ਧੂਣੀਆਂ ਤਪਾਣ ਦੇ ਕਸ਼ਟ ਸਹਾਰਦੇ ਹਨ, ਜੱਗ ਆਦਿਕ (ਮਿਥੇ ਹੋਏ) ਪੁੰਨ ਕਰਮ ਕਰਦੇ ਹਨ। (ਜੇਹੜਾ ਭੀ ਮਨੁੱਖ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਹੋਰ ਧਾਰਮਿਕ ਮਿਥਿਆ ਹੋਇਆ) ਕਿਰਿਆ ਕਰਮ ਕਰਦਾ ਹੈ (ਉਸ ਦੇ ਅੰਦਰੋਂ ਧਰਮ-ਬਲਦ ਆਪਣੇ ਦੋਵੇਂ) ਪੈਰ ਖਿਸਕਾ ਲੈਂਦਾ ਹੈ (ਉਸ ਦੇ ਅੰਦਰ ਧਰਮ-ਬਲਦ) ਦੋ ਪੈਰਾਂ ਦੇ ਆਸਰੇ ਟਿਕਿਆ ਰਹਿੰਦਾ ਹੈ। (ਇਹ ਦੁਆਪੁਰ ਜੁਗ ਦਾ ਪ੍ਰਭਾਵ ਹੀ ਸਮਝੋ ਕਿ ਮਾਇਆ ਦੀ ਭਟਕਣਾ ਵਿਚ ਫਸ ਕੇ) ਬੜੇ ਬੜੇ ਸੂਰਮੇ ਵੱਡੇ ਜੁੱਧ ਮਚਾ ਦੇਂਦੇ ਹਨ। (ਮਾਇਆ ਦੀ ਭਟਕਣਾ ਦੇ ਕਾਰਨ ਹੀ ਮਨੁੱਖ ਆਪ) ਹਉਮੈ ਵਿਚ ਸੜਦਾ ਹੈ ਤੇ ਹੋਰਨਾਂ ਨੂੰ ਸਾੜਦਾ ਹੈ। ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਾ ਦਿੱਤਾ, ਗੁਰੂ ਨੂੰ ਮਿਲ ਕੇ (ਉਸ ਦੇ ਅੰਦਰੋਂ ਮਾਇਆ ਦੀ) ਮੈਲ ਲਹਿ ਜਾਂਦੀ ਹੈ। (ਹੇ ਭਾਈ!) ਜੋ ਜੋ ਇਸਤ੍ਰੀ ਮਰਦ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇਹੜਾ ਜੇਹੜਾ ਮਾਇਆ ਦੀ ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ।3। |
![]() |
![]() |
![]() |
![]() |
Sri Guru Granth Darpan, by Professor Sahib Singh |