ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 444

ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ਹ੍ਹ ਦੂਜੈ ਚਿਤੁ ਨ ਲਾਇਆ ਰਾਮ ॥ ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥ ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥ ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥ ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥ ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥ {ਪੰਨਾ 444}

ਪਦ ਅਰਥ: ਨਾਮਿ = ਨਾਮ ਵਿਚ। ਸਰਧਾ = ਨਿਸ਼ਚਾ। ਦੂਜੈ = ਕਿਸੇ ਹੋਰ ਪਦਾਰਥ ਵਿਚ। ਸਭ = ਸਾਰੀ। ਕੰਚਨੁ = ਸੋਨਾ। ਕਰਿ = ਬਣਾ ਕੇ। ਭਾਇਆ = ਚੰਗਾ ਲੱਗਾ। ਮਨਿ = ਮਨ ਵਿਚ। ਪਰਮ = ਸਭ ਤੋਂ ਉੱਚਾ। ਅੰਤਿ = ਅਖ਼ੀਰ ਵਿਚ। ਸਖਾਈ = ਸਾਥੀ। ਪੂੰਜੀ = ਸਰਮਾਇਆ। ਸੰਚੀ = ਇਕੱਠੀ ਕੀਤੀ। ਜਾਈ = ਜ਼ਾਇਆ ਹੁੰਦੀ। ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ, ਜਗਤ ਵਿਚ। ਤੁਲਹਾ = ਦਰਿਆ ਤੋਂ ਪਾਰ ਲੰਘਣ ਲਈ ਛਤੀਰੀਆਂ ਆਦਿਕ ਦਾ ਬਣਾਇਆ ਹੋਇਆ ਸਹਾਰਾ। ਜਮ ਕਾਲੁ = ਮੌਤ, ਆਤਮਕ ਮੌਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਛਾਤਾ = ਸਾਂਝ ਪਾ ਲਈ।7।

ਅਰਥ: (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਵਿਚ ਨਿਸ਼ਚਾ ਪੱਕਾ ਕਰ ਲਿਆ, ਉਹ (ਹਰਿ-ਨਾਮ ਦਾ ਪਿਆਰ ਛੱਡ ਕੇ) ਕਿਸੇ ਹੋਰ ਪਦਾਰਥ ਵਿਚ ਆਪਣਾ ਚਿੱਤ ਨਹੀਂ ਜੋੜਦੇ। ਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦੇਈਏ, ਤਾਂ ਭੀ ਪਰਮਾਤਮਾ ਦੇ ਨਾਮ ਤੋਂ ਛੁਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ। ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ (ਨਾਮ ਦੀ ਬਰਕਤਿ ਨਾਲ) ਉਹ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਮਾਣਦੇ ਹਨ, ਅਖ਼ੀਰ ਵੇਲੇ ਦੁਨੀਆ ਤੋਂ ਤੁਰਨ ਲੱਗਿਆਂ ਭੀ ਇਹ ਹਰਿ-ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ। ਉਹ ਸਦਾ ਪਰਮਾਤਮਾ ਦਾ ਨਾਮ-ਧਨ ਨਾਮ-ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ, ਇਹ ਧਨ ਇਹ ਸਰਮਾਇਆ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਗਵਾਚਦਾ ਹੈ।

ਹੇ ਭਾਈ! (ਸੰਸਾਰ-ਨਦੀ ਤੋਂ ਪਾਰ ਲੰਘਣ ਲਈ) ਪਰਮਾਤਮਾ ਦਾ ਨਾਮ ਇਸ ਜਗਤ ਵਿਚ (ਮਾਨੋ) ਤੁਲਹਾ ਹੈ। (ਜੇਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ) ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਪਰਮਾਤਮਾ ਮੇਹਰ ਕਰ ਕੇ ਆਪ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।7।

ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥ ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥ ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥ ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥ ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥ {ਪੰਨਾ 444}

ਪਦ ਅਰਥ: ਸਤੇ ਸਤਿ = ਸਤਿ ਸਤਿ, ਸਦਾ ਕਾਇਮ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਜਿਨਿ = ਜਿਸ (ਸੇਵਕ) ਨੇ। ਅਰਪਿ = ਭੇਟਾ ਕਰ ਕੇ। ਚੜ੍ਹਾਇਆ = ਚੜ੍ਹਾਵਾ ਚਾੜ੍ਹ ਦਿੱਤਾ। ਮਨਿ = ਮਨ ਵਿਚ। ਸਰਧਿਆ = ਸਰਧਾ ਪੈਦਾ ਹੋਈ। ਭਾਇ = ਪ੍ਰੇਮ ਦੇ ਕਾਰਨ। ਭਾਉ = ਪ੍ਰੇਮ। ਦੀਨਾ ਨਾਥੁ = ਗਰੀਬਾਂ ਦਾ ਰਾਖਾ। ਜੀਆ ਕਾ = ਸਭ ਜੀਵਾਂ ਦਾ। ਤੇ = ਤੋਂ, ਪਾਸੋਂ। ਚਲਾਏ = ਲੜੀ ਤੋਰਦਾ ਹੈ। ਮੰਤੁ = ਉਪਦੇਸ਼। ਮਿਲਣੁ = ਮਿਲਾਪ। ਸੁਭਾਏ = ਸੁਭਾਇ, ਸ੍ਰੇਸ਼ਟ ਪ੍ਰੇਮ ਦੇ ਕਾਰਨ।8।

ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ। (ਪਰ) ਉਹੀ (ਮਨੁੱਖ) ਸੇਵਕ (ਬਣ ਕੇ) ਗੁਰੂ ਦੀ ਦੱਸੀ ਸੇਵਾ ਵਿਚ ਰੁੱਝਦਾ ਹੈ ਜਿਸ ਨੇ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਚੜ੍ਹਾਵੇ ਦੇ ਤੌਰ ਤੇ (ਗੁਰੂ ਅੱਗੇ) ਰੱਖ ਦਿੱਤਾ ਹੈ। ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿੱਤਾ, ਉਸ ਦੇ ਮਨ ਵਿਚ ਗੁਰੂ ਵਾਸਤੇ ਬਹੁਤ ਸਰਧਾ ਪੈਦਾ ਹੋ ਜਾਂਦੀ ਹੈ (ਗੁਰੂ ਉਸ ਨੂੰ) ਉਸ ਪ੍ਰੇਮ ਦੀ ਬਰਕਤਿ ਨਾਲ (ਪ੍ਰਭੂ-ਚਰਨਾਂ ਵਿਚ) ਮਿਲਾ ਦੇਂਦਾ ਹੈ (ਜੇਹੜਾ ਪ੍ਰੇਮ) ਗੁਰੂ ਦੇ ਸੇਵਕ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ। (ਹੇ ਭਾਈ!) ਪਰਮਾਤਮਾ ਗਰੀਬਾਂ ਦਾ ਖਸਮ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ।

(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ।8।2।9।

ਨੋਟ:

ਛੰਤ ਮ: 4 = 2
ਛੰਤ ਮ: 3 = 2
ਛੰਤ ਮ: 1 = 5
. . . . . . = =
. . ਜੋੜ . . . 9

ੴ ਸਤਿਗੁਰ ਪ੍ਰਸਾਦਿ ॥ ਆਸਾ ਛੰਤ ਮਹਲਾ ੪ ਘਰੁ ੨ ॥ ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥ ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥ ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥ ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥ ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥ ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥ {ਪੰਨਾ 444}

ਪਦ ਅਰਥ: ਕਰਤਾ = ਕਰਤਾਰ, ਜਗਤ-ਰਚਨਾ ਕਰਨ ਵਾਲਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨੁ = ਪਵਿਤ੍ਰ। ਭਾਈ = ਚੰਗੀ ਲੱਗੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਕਾਮੁ = ਕੰਮ। ਊਤਮੁ = ਸ੍ਰੇਸ਼ਟ, ਉੱਤਮ। ਜਪੀਐ = ਜਪਣਾ ਚਾਹੀਦਾ ਹੈ। ਅਸਥਿਰੁ = (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ। ਸਹਜੇ = ਆਤਮਕ ਅਡੋਲਤਾ ਵਿਚ। ਸੁਖਿ = ਆਤਮਕ ਆਨੰਦ ਵਿਚ। ਸੋਵੈ = ਲੀਨ ਰਹਿੰਦਾ ਹੈ। ਠਾਕੁਰ = ਹੇ ਠਾਕੁਰ! ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ।1।

ਅਰਥ: (ਹੇ ਭਾਈ!) ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ। ਜਿਸ ਮਨੁੱਖ ਨੂੰ ਪਰਮਾਤਮਾ ਦੀ ਸੇਵਾ-ਭਗਤੀ ਪਿਆਰੀ ਲੱਗਦੀ ਹੈ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। (ਹੇ ਭਾਈ!) ਹਰਿ-ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ। ਪਰਮਾਤਮਾ ਦਾ ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ (ਜੇਹੜਾ ਮਨੁੱਖ ਹਰਿ-ਨਾਮ ਸਿਮਰਦਾ ਹੈ ਉਹ ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ। ਉਹ ਮਨੁੱਖ ਜਨਮਾਂ ਦੇ ਗੇੜ ਦਾ ਦੁੱਖ ਆਤਮਕ ਮੌਤ ਦਾ ਦੁੱਖ = ਇਹ ਦੋਵੇਂ ਦੁੱਖ ਮਿਟਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।1।

ਹੇ ਹਰੀ! ਹੇ ਮਾਲਕ! ਕਿਰਪਾ ਕਰ। (ਹੇ ਭਾਈ! ਜੇ ਪਰਮਾਤਮਾ ਕਿਰਪਾ ਕਰੇ ਤਾਂ) ਉਸ ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਜਪਿਆ ਜਾ ਸਕਦਾ ਹੈ। (ਹੇ ਭਾਈ!) ਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਜੋਗਾ ਹੈ।1।

ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥ ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥ ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥ ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥ ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥ ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥ {ਪੰਨਾ 444}

ਪਦ ਅਰਥ: ਕਲਿਜੁਗਿ = ਕਲਜੁਗ ਵਿਚ, ਮਾਇਆ-ਗ੍ਰਸੇ ਸੰਸਾਰ ਵਿਚ। ਸਤਿਗੁਰ ਭਾਇ = ਗੁਰੂ ਦੇ ਪਿਆਰ ਵਿਚ (ਟਿਕ ਕੇ) । ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੜੀਐ = ਪੜ੍ਹਿਆ ਜਾ ਸਕਦਾ ਹੈ। ਸੁਣੀਐ = ਸੁਣਿਆ ਜਾ ਸਕਦਾ ਹੈ। ਜਾਇ = ਦੂਰ ਹੋ ਜਾਂਦਾ ਹੈ। ਪਰਮ = ਸਭ ਤੋਂ ਉੱਚਾ। ਗਿਆਨੁ = ਆਤਮਕ ਜੀਵਨ ਦੀ ਉੱਚੀ ਸੂਝ। ਬਲਿਆ = ਪ੍ਰਬਲ ਹੋਇਆ, ਚਮਕਿਆ। ਘਟਿ = ਹਿਰਦੇ ਵਿਚ। ਅੰਧੇਰੁ = ਹਨੇਰਾ। ਜਿਨ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ। ਪਾਇ = ਰੱਖ ਦਿੱਤਾ ਹੈ।2।

ਅਰਥ: (ਹੇ ਭਾਈ!) ਇਸ ਮਾਇਆ-ਗ੍ਰਸੇ ਜਗਤ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪ੍ਰੇਮ ਵਿਚ ਟਿਕ ਕੇ ਹੀ ਜਪਿਆ ਜਾ ਸਕਦਾ ਹੈ। ਗੁਰੁ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਪੜ੍ਹੀ ਜਾ ਸਕਦੀ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀ ਜਾ ਸਕਦੀ ਹੈ। ਪਰਮਾਤਮਾ ਦਾ ਨਾਮ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ। ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਉਸ ਦਾ ਦੁੱਖ ਨਾਸ ਹੋ ਗਿਆ, ਜਿਸ ਨੇ ਹਰਿ-ਨਾਮ (ਧਨ ਪ੍ਰਾਪਤ ਕੀਤਾ) ਉਸ ਨੇ ਸਭ ਤੋਂ ਉੱਚਾ ਆਨੰਦ ਮਾਣਿਆ। ਗੁਰੂ ਦੀ ਦਿੱਤੀ ਆਤਮਕ ਜੀਵਨ ਦੀ ਸੂਝ ਜਿਸ ਮਨੁੱਖ ਦੇ ਅੰਦਰ ਚਮਕ ਪਈ ਉਸ ਦੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਪਿਆ, ਉਸ ਨੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲਿਆ।

ਹੇ ਭਾਈ! ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ। (ਹੇ ਭਾਈ!) ਇਸ ਮਾਇਆ-ਗ੍ਰਸੇ ਸੰਸਾਰ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪਿਆਰ ਵਿਚ ਜੁੜ ਕੇ ਹੀ ਜਪਿਆ ਜਾ ਸਕਦਾ ਹੈ।2।

ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥ ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥ ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥ ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥ ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥ ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥ {ਪੰਨਾ 444-445}

ਪਦ ਅਰਥ: ਮਨ ਭਾਇਆ = ਮਨ ਵਿਚ ਚੰਗਾ ਲੱਗਾ। ਲਾਹਾ = ਲਾਭ, ਖੱਟੀ। ਨਿਰਬਾਣੁ ਪਦੁ = ਉਹ ਆਤਮਕ ਅਵਸਥਾ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਨਿਰਬਾਣੁ = ਵਾਸਨਾ-ਰਹਿਤ। ਸਖਾਈ = ਸਾਥੀ। ਭ੍ਰਮੁ = ਭਟਕਣਾ। ਚੂਕਾ = ਮੁੱਕ ਗਿਆ। ਕਿਲਵਿਖ = ਪਾਪ। ਨਾਮਿ = ਨਾਮ ਵਿਚ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ।3।

ਅਰਥ: (ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਸ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਵਿਚ ਪ੍ਰੀਤਿ ਜੋੜੀ, ਹਰਿ-ਨਾਮ ਉਸ ਦਾ ਸਦਾ ਲਈ ਸਾਥੀ ਬਣ ਗਿਆ, ਉਸ ਦੀ (ਮਾਇਆ ਵਾਲੀ) ਭਟਕਣਾ ਮੁੱਕ ਗਈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ। (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ ਦੀ ਭਟਕਣਾ ਉਹਨਾਂ ਦਾ (ਹਰੇਕ ਕਿਸਮ ਦਾ) ਡਰ ਦੂਰ ਹੋ ਗਿਆ, ਜਨਮ ਜਨਮਾਂਤਰਾਂ ਦੇ ਕੀਤੇ ਹੋਏ ਉਹਨਾਂ ਦੇ ਪਾਪ ਤੇ ਦੁੱਖ ਲਹਿ ਗਏ, ਉਹ ਸਦਾ ਲਈ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਏ।

ਜਿਨ੍ਹਾਂ ਨੇ ਧੁਰ ਦਰਗਾਹ ਤੋਂ ਲਿਖੇ ਭਾਗਾਂ ਅਨੁਸਾਰ ਨਾਮ ਦੀ ਦਾਤਿ ਪ੍ਰਾਪਤ ਕਰ ਲਈ ਤੇ ਹਰਿ-ਨਾਮ ਸਿਮਰਿਆ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਉਹ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਗਏ। (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਹਨਾਂ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਹਨਾਂ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ।3।

TOP OF PAGE

Sri Guru Granth Darpan, by Professor Sahib Singh