ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 446

ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥ ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥ ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥ ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥ ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥ ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥ {ਪੰਨਾ 446}

ਪਦ ਅਰਥ: ਅਉਖਧੁ = ਦਵਾਈ। ਕੀਰਤਿ = ਸਿਫ਼ਤਿ-ਸਾਲਾਹ। ਰੁਤਿ = ਸਮਾ, ਮਨੁੱਖਾ ਜਨਮ ਦਾ ਸਮਾ। ਵਡਾਈ = ਆਦਰ-ਮਾਣ। ਖੇਤੁ = ਫਸਲ। ਕਲਿਜੁਗਿ = ਕਲਜੁਗ (ਦੇ ਪ੍ਰਭਾਵ) ਵਿਚ। ਲਾਹਾ = ਲਾਭ। ਮੂਲੁ = ਸਰਮਾਇਆ। ਨਾਨਕਿ = ਨਾਨਕ ਨੇ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਲਖਾਇ = ਪਰਗਟ ਕਰ ਦਿੱਤਾ।4।

ਅਰਥ: (ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਧਰਮ-ਬਲਦ ਦੇ) ਤਿੰਨ ਪੈਰ ਤਿਲਕ ਗਏ (ਜਿਸ ਮਨੁੱਖ ਦੇ ਅੰਦਰ ਧਰਮ-ਬਲਦ ਸਿਰਫ਼) ਚੌਥਾ ਪੈਰ ਟਿਕਾਈ ਰੱਖਦਾ ਹੈ (ਜਿਸ ਦੇ ਅੰਦਰ ਸਿਰਫ਼ ਨਾਮ-ਮਾਤ੍ਰ ਧਰਮ ਰਹਿ ਜਾਂਦਾ ਹੈ, ਉਸ ਦੇ ਵਾਸਤੇ) ਪਰਮਾਤਮਾ ਨੇ (ਮਾਨੋ) ਕਲਿਜੁਗ ਬਣਾ ਦਿੱਤਾ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ) ਉਹ ਹਰਿ-ਨਾਮ ਦਵਾਈ ਹਾਸਲ ਕਰ ਲੈਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪਰਮਾਤਮਾ (ਉਸ ਦੇ ਅੰਦਰ) ਸ਼ਾਂਤੀ ਪੈਦਾ ਕਰ ਦੇਂਦਾ ਹੈ। (ਉਸ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਇਹ ਮਨੁੱਖਾ ਜਨਮ ਦੀ) ਰੁੱਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਸਤੇ ਮਿਲੀ ਹੈ, ਪਰਮਾਤਮਾ ਦਾ ਨਾਮ ਹੀ (ਲੋਕ-ਪਰਲੋਕ ਵਿਚ) ਆਦਰ-ਮਾਣ ਦੇਂਦਾ ਹੈ (ਉਹ ਮਨੁੱਖ ਆਪਣੇ ਅੰਦਰ) ਪਰਮਾਤਮਾ ਦੇ ਨਾਮ (ਦਾ) ਫਸਲ ਬੀਜਦਾ ਹੈ। ਪਰ ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਛੱਡ ਕੇ (ਕਰਮ ਕਾਂਡ ਆਦਿਕ ਕੋਈ ਹੋਰ) ਬੀਜ ਬੀਜਦਾ ਹੈ ਉਹ (ਮਾਨੋ) ਕਲਿਜੁਗ (ਦੇ ਪ੍ਰਭਾਵ) ਵਿਚ ਹੈ ਉਹ ਸਰਮਾਇਆ ਭੀ ਗਵਾ ਲੈਂਦਾ ਹੈ ਤੇ ਲਾਭ ਭੀ ਕੋਈ ਨਹੀਂ ਖੱਟਦਾ।

(ਹੇ ਭਾਈ! ਪਰਮਾਤਮਾ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪੂਰਾ ਗੁਰੂ ਲੱਭ ਲਿਆ ਹੈ, ਗੁਰੂ ਨੇ (ਨਾਨਕ ਦੇ) ਮਨ ਵਿਚ ਹਿਰਦੇ ਵਿਚ ਪ੍ਰਭੂ ਨਾਮ ਪਟਗਟ ਕਰ ਦਿੱਤਾ ਹੈ।

(ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਧਰਮ-ਬਲਦ ਦੇ) ਤਿੰਨ ਪੈਰ ਤਿਲਕ ਗਏ (ਜਿਸ ਮਨੁੱਖ ਦੇ ਅੰਦਰ ਧਰਮ-ਬਲਦ ਸਿਰਫ਼) ਚੌਥਾ ਪੈਰ ਟਿਕਾਈ ਰੱਖਦਾ ਹੈ (ਜਿਸ ਦੇ ਅੰਦਰ ਸਿਰਫ਼-ਨਾਮ-ਮਾਤ੍ਰ ਧਰਮ ਰਹਿ ਜਾਂਦਾ ਹੈ, ਉਸ ਦੇ ਵਾਸਤੇ) ਪਰਮਾਤਮਾ ਨੇ (ਮਾਨੋ) ਕਲਿਜੁਗ ਬਣਾ ਦਿੱਤਾ ਹੈ।4। 4।11।

ਆਸਾ ਮਹਲਾ ੪ ॥ ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥ ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥ ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥ ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥ ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥ ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥

ਪਦ ਅਰਥ: ਕੀਰਤਿ = ਸਿਫ਼ਤਿ-ਸਾਲਾਹ। ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਰਸੁ = ਸੁਆਦ। ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਪੁਰਾਨ = ਪੁਰਾਣਾ, ਪਹਿਲਾ। ਨਾਮਿ = ਨਾਮ ਦੀ ਰਾਹੀਂ। ਸੁਹਾਗੁ = ਖਸਮ-ਪ੍ਰਭੂ। ਮਣੀ = ਰਤਨ। ਪ੍ਰਗਟੀ = ਚਮਕ ਪਈ। ਸੋਹਾਇਆ = ਸੋਹਣਾ ਬਣਾ ਦਿੱਤਾ। ਮਾਨ = ਮੰਨ ਗਿਆ।1।

ਅਰਥ: (ਹੇ ਭਾਈ! ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗ ਗਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ। ਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਸਿਮਰਨ ਕੀਤਾ, ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖੇ ਹੋਏ ਪਹਿਲੇ ਭਾਗ ਜਾਗ ਪਏ। ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ, ਹਰਿ-ਨਾਮ ਵਿਚ ਜੁੜ ਕੇ ਉਸ ਨੇ ਖਸਮ-ਪ੍ਰਭੂ ਨੂੰ ਲੱਭ ਲਿਆ, ਉਹ ਸਦਾ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ। ਉਸ ਦੇ ਮੱਥੇ ਉਤੇ ਪ੍ਰਭੂ-ਚਰਨਾਂ ਦੀ ਪ੍ਰੀਤਿ ਦੀ ਮਣੀ ਚਮਕ ਉਠਦੀ ਹੈ। ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ। (ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗਣ ਲੱਗ ਪਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ।1।

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥ ਤਿਨ੍ਹ੍ਹ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥ ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥ ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥ ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥ ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥ {ਪੰਨਾ 446}

ਪਦ ਅਰਥ: ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਪਰਮ ਪਦੁ = ਉੱਚਾ ਆਤਮਕ ਦਰਜਾ। ਤੇ ਜਨ = ਉਹ ਬੰਦੇ। ਪਰਧਾਨ = ਮੰਨੇ-ਪ੍ਰਮੰਨੇ। ਸਰੇਵਹ = ਅਸੀਂ ਸੇਵਾ ਕਰਦੇ ਹਾਂ। ਧੋਵਹ = ਅਸੀਂ ਧੋਂਦੇ ਹਾਂ। ਪਗ = ਪੈਰ। ਮੁਖਿ = ਮੂੰਹ ਉਤੇ। ਰਤੀ = ਰਤਨ, ਮਣੀ। ਚਾਰੇ = ਚਾਰ, ਸੁੰਦਰ। ਉਰਿ = ਹਿਰਦੇ ਵਿਚ। ਕੰਠਿ = ਗਲ ਵਿਚ। ਸਭ = ਸਾਰੀ ਲੁਕਾਈ। ਸਮਤੁ = ਬਰਾਬਰ, ਇਕੋ ਜਿਹਾ। ਕਰਿ = ਕਰ ਕੇ, ਸਮਝ ਕੇ। ਸਭੁ = ਹਰ ਥਾਂ। ਆਤਮ ਰਾਮੁ = ਸਰਬ-ਵਿਆਪਕ ਪ੍ਰਭੂ।2।

ਅਰਥ: (ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ। (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ, ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਅਸੀਂ ਉਹਨਾਂ ਦੇ ਹਰ ਵੇਲੇ ਪੈਰ ਧੋਂਦੇ ਹਾਂ।

(ਹੇ ਭਾਈ!) ਜਿਨ੍ਹਾਂ ਨੂੰ ਪਰਮਾਤਮਾ ਪਿਆਰਾ ਲੱਗਾ, ਉਹਨਾਂ ਸਭ ਤੋਂ ਉੱਚਾ ਆਤਮਕ ਆਨੰਦ ਮਾਣਿਆ, ਉਹਨਾਂ ਦੇ ਮੂੰਹ ਉਤੇ ਚੰਗੇ ਭਾਗਾਂ ਦੀ ਸੁੰਦਰ ਮਣੀ ਚਮਕ ਪਈ।

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪਰਮਾਤਮਾ ਦੇ ਗੁਣਾਂ ਦਾ ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਦਾ ਹੈ ਆਪਣੇ ਗਲ ਵਿਚ ਪਾਂਦਾ ਹੈ ਉਹ ਸਾਰੀ ਲੁਕਾਈ ਨੂੰ ਇਕ (ਪਿਆਰ-) ਨਿਗਾਹ ਨਾਲ ਇਕੋ ਜਿਹਾ ਸਮਝ ਕੇ ਵੇਖਦਾ ਹੈ, ਉਹ ਹਰ ਥਾਂ ਸਰਬ-ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣਦਾ ਹੈ। (ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ।2।

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥ ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥ ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥ ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥ ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥ ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥ {ਪੰਨਾ 446}

ਪਦ ਅਰਥ: ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ। ਹਰਿ ਰਸਨ ਰਸਾਈ = ਹਰਿ-ਨਾਮ ਦੇ ਰਸ ਨਾਲ ਰਸੀ (ਭਿੱਜੀ) ਹੋਈ। ਹਰਿ ਰਸੁ = ਹਰਿ-ਨਾਮ ਦਾ ਸੁਆਦ। ਗੁਰ ਸਬਦਿ = ਗੁਰੂ ਦੇ ਸਬਦ ਦੀ ਰਾਹੀਂ। ਵਿਗਾਸਿਆ = ਖਿੜ ਪੈਂਦਾ ਹੈ। ਬੀਜਾ = ਦੂਜਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜਿਨਿ = ਜਿਸ ਨੇ। ਬਿਧਿ = ਦਸ਼ਾ। ਲਗਿ = (ਚਰਨੀਂ) ਲੱਗ ਕੇ। ਪਛਾਣੈ = ਸਾਂਝ ਪਾਂਦਾ ਹੈ। ਸੇਵਿ = ਸੇਵ ਕੇ, ਸਿਮਰ ਕੇ।3।

ਅਰਥ: (ਹੇ ਭਾਈ!) ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ। ਉਹ ਮਨੁੱਖ ਜਿਉਂ ਜਿਉਂ ਪਰਮਾਤਮਾ ਦਾ ਨਾਮ ਆਰਾਧਦਾ ਹੈ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦਾ ਹਿਰਦਾ) ਖਿੜ ਆਉਂਦਾ ਹੈ ਉਸ ਨੂੰ ਕਿਤੇ ਭੀ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ। ਉਸ ਨੂੰ ਕਿਤੇ ਭੀ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਉਹ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਰਹਿੰਦਾ ਹੈ। ਜੇਹੜਾ ਮਨੁੱਖ ਇਹ ਨਾਮ-ਅੰਮ੍ਰਿਤ ਪੀਂਦਾ ਹੈ ਉਹੀ ਆਪਣੀ ਆਤਮਕ ਦਸ਼ਾ ਨੂੰ ਜਾਣਦਾ ਹੈ (ਬਿਆਨ ਨਹੀਂ ਕੀਤੀ ਜਾ ਸਕਦੀ) । ਉਹ ਮਨੁੱਖ ਹਰ ਵੇਲੇ ਪੂਰੇ ਗੁਰੂ ਦਾ ਧੰਨਵਾਦ ਕਰਦਾ ਹੈ ਕਿਉਂਕਿ ਗੁਰੂ ਦੀ ਰਾਹੀਂ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ ਗੁਰੂ ਦੀ ਸੰਗਤਿ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾਂਦਾ ਹੈ। ਉਹ ਮਨੁੱਖ ਸਦਾ ਹਰਿ-ਨਾਮ ਹੀ ਸਿਮਰਦਾ ਹੈ ਹਰਿ-ਨਾਮ ਹੀ ਆਰਾਧਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਨੂੰ ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗਦੀ।

(ਹੇ ਭਾਈ!) ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ-ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ।3।

ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥ ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥ ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥ ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥ ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥ ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥ {ਪੰਨਾ 446-447}

ਪਦ ਅਰਥ: ਪ੍ਰਭ = ਹੇ ਪ੍ਰਭੂ! ਪਾਖਣ = ਪੱਥਰ, ਕਠੋਰ-ਦਿਲ। ਸਬਦਿ = (ਗੁਰੂ ਦੇ) ਸ਼ਬਦ ਵਿਚ (ਜੋੜ ਕੇ) । ਸੁਭਾਇ = (ਆਪਣੇ) ਪ੍ਰੇਮ ਵਿਚ (ਜੋੜ ਕੇ) । ਚੀਕੜਿ = ਚਿੱਕੜ ਵਿਚ। ਨਿਘਰਤ ਜਾਤੇ = ਆਤਮਕ ਜੀਵਨ ਵਲੋਂ ਡਿੱਗਦੇ ਜਾ ਰਹੇ ਹਾਂ। ਹਰਿ = ਹੇ ਹਰੀ! ਪ੍ਰਭਿ = ਪ੍ਰਭੂ ਨੇ। ਪਕਰਾਈ = ਫੜਾਈ। ਜਨੁ = (ਉਹ) ਮਨੁੱਖ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਸਭਾਗਾ ਭਾਗੁ = ਚੰਗਾ ਭਾਗ। ਮਨਿ = ਮਨ ਵਿਚ।4।

ਅਰਥ: ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ। ਹੇ ਹਰੀ! ਅਸੀਂ (ਮਾਇਆ ਦੇ) ਮੋਹ ਦੇ ਚਿੱਕੜ ਵਿਚ ਫਸੇ ਹੋਏ ਹਾਂ, ਆਤਮਕ ਜੀਵਨ ਵਲੋਂ ਅਸੀਂ ਡਿੱਗਦੇ ਜਾ ਰਹੇ ਹਾਂ, ਹੇ ਪ੍ਰਭੂ! ਸਾਨੂੰ ਆਪਣੀ ਬਾਂਹ ਫੜਾ।

(ਹੇ ਭਾਈ! ਜਿਸ ਮਨੁੱਖ ਨੂੰ) ਪ੍ਰਭੂ ਨੇ ਆਪਣੀ ਬਾਂਹ ਫੜਾ ਦਿੱਤੀ ਉਸ ਨੇ ਸ੍ਰੇਸ਼ਟ ਮਤਿ ਪ੍ਰਾਪਤ ਕਰ ਲਈ, ਉਹ ਮਨੁੱਖ ਗੁਰੂ ਦੀ ਸਰਨ ਜਾ ਪਿਆ, ਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਰਿ-ਨਾਮ ਸਿਮਰਨ ਲੱਗ ਪਿਆ, ਉਸ ਦੇ ਮੂੰਹ ਉਤੇ ਉਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪਿਆ। ਹੇ ਦਾਸ ਨਾਨਕ! (ਆਖ–) ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।

ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ, ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ।4।5।12।

TOP OF PAGE

Sri Guru Granth Darpan, by Professor Sahib Singh