ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 435

ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ ॥ ਅੰਤਰ ਆਤਮੈ ਬ੍ਰਹਮੁ ਨ ਚੀਨ੍ਹ੍ਹਿਆ ਮਾਇਆ ਕਾ ਮੁਹਤਾਜੁ ਭਇਆ ॥੭॥ {ਪੰਨਾ 435}

ਪਦ ਅਰਥ: ਹਿਰਿ ਲਈ = ਖੋਹ ਲਈ, ਮਾਰ ਦਿੱਤੀ। ਚੀਨ੍ਹ੍ਹਿਆ = ਪਛਾਣਿਆ। ਅੰਤਰ ਆਤਮੈ = ਆਪਣੇ ਆਤਮਾ ਵਿਚ। ਬ੍ਰਹਮੁ = ਪਰਮਾਤਮਾ। ਮੁਹਤਾਜੁ = ਲੋੜਵੰਦਾ, ਪਰ-ਅਧੀਨ।

ਅਰਥ: ਹੇ ਮੂਰਖ! (ਇਕ ਪਾਸੇ ਮਾਇਆ ਦੇ ਲਾਲਚ ਨੇ) ਤੇਰੀ ਅਕਲ ਮਾਰੀ ਹੋਈ ਹੈ (ਤੈਨੂੰ 'ਕੁਥਾਇ ਦਾਨ' ਲੈਣ ਤੋਂ ਭੀ ਸੰਕੋਚ ਨਹੀਂ ਹੈ। ਦੂਜੇ ਪਾਸੇ) ਤੈਨੂੰ ਇਹ ਵੱਡਾ (ਆਤਮਕ) ਰੋਗ ਚੰਬੜਿਆ ਹੋਇਆ ਹੈ ਕਿ ਮੈਂ (ਵਿਦਵਾਨ) ਹਾਂ, ਮੈਂ (ਵਿਦਵਾਨ) ਹਾਂ। ਤੂੰ ਆਪਣੇ ਅੰਦਰ (ਵੱਸਦੇ) ਪਰਮਾਤਮਾ ਨੂੰ ਪਛਾਣ ਨਹੀਂ ਸਕਿਆ, (ਇਸੇ ਵਾਸਤੇ ਤੇਰਾ ਆਪਾ) ਮਾਇਆ (ਦੇ ਲਾਲਚ) ਦੇ ਅਧੀਨ ਹੈ।7।

ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥ ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ॥੮॥ {ਪੰਨਾ 435}

ਪਦ ਅਰਥ: ਕਾਮਿ = ਕਾਮ-ਵਾਸਨਾ ਵਿਚ। ਕ੍ਰੋਧਿ = ਕ੍ਰੋਧ ਵਿਚ। ਭਰਮਿਓਹੁ = ਤੂੰ ਭਟਕ ਰਿਹਾ ਹੈਂ, ਤੂੰ ਕੁਰਾਹੇ ਪਿਆ ਹੋਇਆ ਹੈਂ। ਮਮਤਾ = (ਇਹ ਚੀਜ਼) ਮੇਰੀ (ਬਣ ਜਾਏ) , (ਇਹ ਚੀਜ਼) ਮੇਰੀ (ਬਣ ਜਾਏ) ਇਹ ਪ੍ਰਬਲ ਵਾਸਨਾ, ਲਾਲਚ। ਪੜਹਿ = ਤੂੰ ਪੜ੍ਹਦਾ ਹੈਂ। ਗੁਣਹਿ = ਤੂੰ ਵਿਚਾਰਦਾ ਹੈਂ। ਪੁਕਾਰਹਿ = ਤੂੰ ਉੱਚੀ ਉੱਚੀ (ਹੋਰਨਾਂ ਨੂੰ) ਸੁਣਾਂਦਾ ਹੈਂ। ਡੂਬਿ = ਲਾਲਚ ਦੇ ਹੜ੍ਹ ਵਿਚ ਡੁੱਬ ਕੇ। ਮੁਆ = ਆਤਮਕ ਮੌਤ ਸਹੇੜ ਚੁਕਾ ਹੈਂ।

ਅਰਥ: ਹੇ ਮੂਰਖ! (ਹੋਰਨਾਂ ਨੂੰ ਮੱਤਾਂ ਦੇਂਦਾ) ਤੂੰ ਆਪ ਕਾਮ ਵਾਸਨਾ ਵਿਚ ਕ੍ਰੋਧ ਵਿਚ (ਫਸ ਕੇ) ਕੁਰਾਹੇ ਪਿਆ ਹੋਇਆ ਹੈਂ। ਤੂੰ (ਧਰਮ ਪੁਸਤਕ) ਪੜ੍ਹਦਾ ਹੈਂ, ਅਰਥ ਵਿਚਾਰਦਾ ਹੈਂ, ਤੇ ਹੋਰਨਾਂ ਨੂੰ ਸੁਣਾਂਦਾ ਭੀ ਹੈਂ, ਪਰ (ਸਹੀ ਜੀਵਨ-ਰਾਹ) ਸਮਝਣ ਤੋਂ ਬਿਨਾ ਤੂੰ (ਲਾਲਚ ਦੇ ਹੜ੍ਹ ਵਿਚ) ਡੁੱਬ ਕੇ ਆਤਮਕ ਮੌਤੇ ਮਰ ਚੁਕਾ ਹੈਂ।8।

ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ ॥ ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨੁ ਨ ਤੁਧੁ ਲਇਆ ॥੯॥ {ਪੰਨਾ 435}

ਪਦ ਅਰਥ: ਤਾਮਸਿ = ਕ੍ਰੋਧ ਨਾਲ। ਜਲਿਓਹੁ = ਤੂੰ ਸੜਿਆ ਹੋਇਆ ਹੈਂ। ਥਾਨੁ = ਹਿਰਦਾ-ਥਾਂ। ਭਰਿਸਟੁ = ਗੰਦਾ। ਘਰਿ ਘਰਿ = ਹਰੇਕ (ਜਜਮਾਨ ਦੇ) ਘਰ ਵਿਚ।

ਅਰਥ: ਹੇ ਮੂਰਖ (ਪੰਡਿਤ!) ਤੂੰ (ਅੰਦਰੋਂ) ਕ੍ਰੋਧ ਨਾਲ ਸੜਿਆ ਹੋਇਆ ਹੈਂ, ਤੇਰਾ ਹਿਰਦਾ-ਥਾਂ (ਲਾਲਚ ਨਾਲ) ਗੰਦਾ ਹੋਇਆ ਪਿਆ ਹੈ। ਹੇ ਮੂਰਖ! ਤੂੰ ਹਰੇਕ (ਜਜਮਾਨ ਦੇ) ਘਰ ਵਿਚ (ਮਾਇਕ ਦੱਛਣਾ ਵਾਸਤੇ ਤਾਂ) ਤੁਰਿਆ ਫਿਰਦਾ ਹੈਂ, ਪਰ ਪ੍ਰਭੂ ਦੇ ਨਾਮ ਦੀ ਦੱਛਣਾ ਤੂੰ ਅਜੇ ਤਕ ਕਿਸੇ ਪਾਸੋਂ ਨਹੀਂ ਲਈ।9।

ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥ ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥ {ਪੰਨਾ 435}

ਪਦ ਅਰਥ: ਪਰਪੰਚਿ = ਪਰਪੰਚ ਵਿਚ, ਮਾਇਆ ਦੇ ਪਸਾਰੇ ਵਿਚ। ਪਲਚਿ ਰਹਿਆ = ਤੂੰ ਫਸ ਰਿਹਾ ਹੈਂ, ਉਲਝ ਰਿਹਾ ਹੈਂ। ਸਚੈ = ਸੱਚੇ ਪ੍ਰਭੂ ਨੇ। ਖੁਆਇਓਹੁ = ਤੈਨੂੰ ਖੁੰਝਾਇਆ ਹੈ, ਤੈਨੂੰ ਕੁਰਾਹੇ ਪਾ ਦਿੱਤਾ ਹੈ। ਸਿਰਿ ਤੇਰੈ = ਤੇਰੇ ਸਿਰ ਉਤੇ, ਤੇਰੇ ਮੱਥੇ ਉਤੇ।

ਅਰਥ: ਹੇ ਮੂਰਖ! ਤੂੰ ਸੰਸਾਰ (ਦੇ ਮੋਹ-ਜਾਲ) ਵਿਚ (ਇਤਨਾ) ਉਲਝ ਰਿਹਾ ਹੈਂ ਕਿ ਇਸ ਵਿਚੋਂ ਪਾਰਲੇ ਪਾਸੇ ਨਹੀਂ ਲੰਘ ਸਕਦਾ। ਹੇ ਮੂਰਖ! (ਤੇਰੇ ਆਪਣੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਤੈਨੂੰ (ਉਸੇ) ਕੁਰਾਹੇ ਪਾ ਦਿੱਤਾ ਹੈ (ਜਿਧਰ ਤੇਰੀ ਰੁਚੀ ਬਣੀ ਹੋਈ ਹੈ, ਤੇ) ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਲੇਖ ਤੇਰੇ ਮੱਥੇ ਉਤੇ (ਇਤਨਾ) ਉਕਰਿਆ ਪਿਆ ਹੈ (ਕਿ ਤੈਨੂੰ ਸਹੀ ਰਸਤੇ ਦੀ ਸੂਝ ਨਹੀਂ ਪੈਂਦੀ, ਪਰ ਤੂੰ ਹੋਰਨਾਂ ਨੂੰ ਮੱਤਾਂ ਦੇਂਦਾ ਫਿਰਦਾ ਹੈਂ) ।10।

ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ ॥ ਗੁਰ ਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ ॥੧੧॥ {ਪੰਨਾ 435}

ਪਦ ਅਰਥ: ਭਵਜਲਿ = ਸੰਸਾਰ-ਸਮੁੰਦਰ ਵਿਚ। ਗਲਤਾਨੁ = ਇਤਨਾ ਮਸਤ ਕਿ ਹੋਰ ਕੁਝ ਸੁੱਝਦਾ ਹੀ ਨਹੀਂ। ਪਰਸਾਦੀ = ਕਿਰਪਾ ਨਾਲ। ਏਕੋ = ਇਕ ਪਰਮਾਤਮਾ ਨੂੰ ਹੀ। ਜਾਣੈ = ਜੋ ਮਨੁੱਖ ਜਾਣਦਾ ਹੈ।

ਅਰਥ: ਹੇ ਮੂਰਖ! ਤੂੰ ਮਾਇਆ (ਦੇ ਮੋਹ) ਵਿਚ ਇਤਨਾ ਮਸਤ ਹੈਂ ਕਿ ਤੈਨੂੰ ਹੋਰ ਕੁਝ ਸੁੱਝਦਾ ਹੀ ਨਹੀਂ, ਤੂੰ ਸੰਸਾਰ-ਸਮੁੰਦਰ (ਦੀਆਂ ਮੋਹ ਦੀਆਂ ਲਹਰਾਂ) ਵਿਚ ਗੋਤੇ ਖਾ ਰਿਹਾ ਹੈਂ (ਆਪਣੇ ਬਚਾਉ ਵਾਸਤੇ ਤੂੰ ਕੋਈ ਉੱਦਮ ਨਹੀਂ ਕਰਦਾ) ।

(ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਕਿਰਪਾ ਨਾਲ ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਇਸ ਸੰਸਾਰ-ਸਮੁੰਦਰ ਤੋਂ ਇਕ ਪਲ ਵਿਚ ਪਾਰ ਲੰਘ ਜਾਂਦਾ ਹੈ।11।

ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥ ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥ {ਪੰਨਾ 435}

ਪਦ ਅਰਥ: ਵਾਰੀ = ਮਨੁੱਖਾ ਜਨਮ ਦੀ ਵਾਰੀ ਜਿਸ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਸੀ। ਵਾਸਦੇਉ = ਪਰਮਾਤਮਾ। ਨ ਲਹਸਹਿ = ਤੂੰ ਲੱਭ ਨਹੀਂ ਸਕੇਂਗਾ। ਵਸਿ = ਕਾਬੂ ਵਿਚ।

ਅਰਥ: ਹੇ ਮੂਰਖ (ਭਾਗਾਂ ਨਾਲ) ਮਨੁੱਖਾਂ ਜਨਮ (ਮਿਲਣ) ਦੀ ਵਾਰੀ ਆਈ ਸੀ, ਪਰ (ਇਸ ਅਮੋਲਕ ਜਨਮ ਵਿਚ ਭੀ) ਤੈਨੂੰ ਪਰਮਾਤਮਾ ਭੁੱਲਿਆ ਹੀ ਰਿਹਾ। ਹੇ ਮੂਰਖ! (ਜੇ ਖੁੰਝਿਆ ਹੀ ਰਿਹੋਂ ਤਾਂ) ਇਹ ਸਮਾਂ ਮੁੜ ਨਹੀਂ ਲੱਭ ਸਕੇਂਗਾ (ਤੇ ਮਾਇਆ ਦੇ ਮੋਹ ਵਿਚ ਫਸਿਆ ਰਹਿ ਕੇ) ਤੂੰ ਜਮ ਦੇ ਵੱਸ ਪੈ ਜਾਹਿਂਗਾ (ਜਨਮ ਮਰਨ ਦੇ ਗੇੜ ਵਿਚ ਜਾ ਪਏਂਗਾ) ।12।

ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥ ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥ {ਪੰਨਾ 435}

ਪਦ ਅਰਥ: ਨ ਝੂਰਹਿ = ਨਹੀਂ ਝੁਰੇਂਗਾ, ਹਾਹੁਕੇ ਨਹੀਂ ਲਏਂਗਾ। ਵਿਖਾ = ਵੇਖ ਖਾਂ, ਵੇਖ ਲੈ। ਨਿਗੁਰਾ = ਜਿਸ ਨੇ ਗੁਰੂ ਦਾ ਆਸਰਾ ਨਹੀਂ ਲਿਆ।

ਅਰਥ: ਹੇ ਮੂਰਖ! ਤੂੰ ਪੂਰੇ ਗੁਰੂ ਦਾ ਉਪਦੇਸ਼ ਧਾਰਨ ਕਰ ਕੇ ਵੇਖ ਲੈ, (ਮਾਇਆ ਆਦਿਕ ਦੀ ਖ਼ਾਤਰ) ਤੈਨੂੰ ਕਦੇ ਹਾਹੁਕੇ ਨਹੀਂ ਲੈਣੇ ਪੈਣਗੇ (ਕਿਉਂਕਿ ਮਾਇਆ-ਮੋਹ ਦਾ ਜਾਲ ਹੀ ਟੁੱਟ ਜਾਇਗਾ) ਪਰ ਜੇ ਪੂਰੇ ਗੁਰੂ ਦੀ ਸਰਨ ਨਹੀਂ ਪਏਂਗਾ ਤਾਂ ਕੋਈ (ਰਸਮੀ) ਗੁਰੂ (ਇਹਨਾਂ ਹਾਹੁਕਿਆਂ ਤੋਂ ਬਚਾ) ਨਹੀਂ (ਸਕਦਾ) ।

ਜੇਹੜਾ ਮਨੁੱਖ ਪੂਰੇ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, (ਕੁਰਾਹੇ ਪੈਣ ਕਰ ਕੇ) ਉਹ ਬਦਨਾਮੀ ਹੀ ਖੱਟਦਾ ਹੈ।13।

ਧਧੈ ਧਾਵਤ ਵਰਜਿ ਰਖੁ ਮੂੜੇ ਅੰਤਰਿ ਤੇਰੈ ਨਿਧਾਨੁ ਪਇਆ ॥ ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ ॥੧੪॥ {ਪੰਨਾ 435}

ਪਦ ਅਰਥ: ਵਰਜਿ ਰਖੁ = ਰੋਕ ਰੱਖ। ਧਾਵਤ = ਭਟਕਦੇ ਨੂੰ। ਤੇਰੈ ਅੰਤਰਿ = ਤੇਰੇ ਅੰਦਰ। ਨਿਧਾਨੁ = ਖ਼ਜ਼ਾਨਾ (ਸੁਖਾਂ ਦਾ) । ਗੁਰਮਖਿ ਹੋਵਹਿ = ਜੇ ਤੂੰ ਗੁਰੂ ਦੇ ਸਨਮੁਖ ਰਹੇਂ। ਜੁਗਾ ਜੁਗੰਤਰਿ = ਜੁਗਾ ਜੁਗ ਅੰਤਰਿ, ਅਨੇਕਾਂ ਜੁਗਾਂ ਤਕ, ਸਦਾ ਲਈ। ਖਾਹਿ ਪਇਆ = ਪਿਆ ਖਾਹਿਂਗਾ, ਖਾਂਦਾ ਰਹੇਂਗਾ।

ਅਰਥ: ਹੇ ਮੂਰਖ! ਆਤਮਕ ਸੁਖ ਦਾ ਖ਼ਜ਼ਾਨਾ ਪਰਮਾਤਮਾ ਤੇਰੇ ਅੰਦਰ ਵੱਸ ਰਿਹਾ ਹੈ (ਪਰ ਤੂੰ ਸੁਖ ਲੱਭਣ ਵਾਸਤੇ ਬਾਹਰ ਭਟਕਦਾ ਫਿਰਦਾ ਹੈਂ) ਬਾਹਰ ਭਟਕਦੇ ਮਨ ਨੂੰ ਰੋਕ ਕੇ ਰੱਖ। ਜੇ ਤੂੰ ਗੁਰੂ ਦੇ ਦੱਸੇ ਰਸਤੇ ਉਤੇ ਤੁਰੇਂ ਤਾਂ (ਅੰਦਰ ਵੱਸਦੇ) ਪਰਮਾਤਮਾ ਦੇ ਨਾਮ ਦਾ ਰਸ ਪੀਵੇਂਗਾ, ਸਦਾ ਲਈ ਇਹ ਨਾਮ-ਰਸ ਵਰਤਦਾ ਰਹੇਂਗਾ (ਕਦੇ ਮੁੱਕੇਗਾ ਨਹੀਂ) ।14।

ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥ {ਪੰਨਾ 435}

ਪਦ ਅਰਥ: ਗੁਨਹ = ਪਾਪ।

ਅਰਥ: ਹੇ ਮੂਰਖ! ਪਰਮਾਤਮਾ (ਦੇ ਨਾਮ) ਨੂੰ ਆਪਣੇ ਚਿੱਤ ਵਿਚ ਵਸਾ ਲੈ (ਤਦੋਂ ਹੀ ਉਸ ਨਾਲ ਮਿਲਾਪ ਹੋਵੇਗਾ) , ਨਿਰੀਆਂ ਗੱਲਾਂ ਨਾਲ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।

ਹੇ ਮੂਰਖ! ਗੁਰੂ ਦੇ ਚਰਨ ਹਿਰਦੇ ਵਿਚ ਟਿਕਾਈ ਰੱਖ, ਪਿਛਲੇ ਕੀਤੇ ਹੋਏ ਸਾਰੇ ਪਾਪ ਬਖ਼ਸ਼ੇ ਜਾਣਗੇ।15।

ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥ ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥ {ਪੰਨਾ 435}

ਪਦ ਅਰਥ: ਬੂਝੁ = ਸਮਝ, ਜਾਚ ਸਿੱਖ। ਕਥਾ = ਸਿਫ਼ਤਿ-ਸਾਲਾਹ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਤੇਤਾ = ਉਤਨਾ ਹੀ। ਮੁਕਤਿ = ਖ਼ਲਾਸੀ।

ਅਰਥ: ਹੇ ਮੂਰਖ! ਜੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸਿੱਖ ਲਏਂ ਤਾਂ ਤੈਨੂੰ ਸਦਾ ਆਤਮਕ ਅਨੰਦ ਮਿਲਿਆ ਰਹੇ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਿਤਨਾ ਹੀ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਖੁੰਝ ਕੇ ਮਾਇਆ ਸੰਬੰਧੀ ਹੋਰ ਹੋਰ ਲੇਖੇ) ਪੜ੍ਹਦੇ ਹਨ, ਉਤਨੀ ਹੀ ਵਧੀਕ ਅਸ਼ਾਂਤੀ ਖੱਟਦੇ ਹਨ, ਤੇ ਗੁਰੂ ਦੀ ਸਰਨ ਤੋਂ ਬਿਨਾ (ਇਸ ਅਸ਼ਾਂਤੀ ਤੋਂ) ਖ਼ਲਾਸੀ ਨਹੀਂ ਹੁੰਦੀ। 16।

ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨ੍ਹ੍ਹ ਕੈ ਰਵਿ ਰਹਿਆ ॥ ਗੁਰ ਪਰਸਾਦੀ ਜਿਨ੍ਹ੍ਹੀ ਰਾਮੁ ਪਛਾਤਾ ਨਿਰਗੁਣ ਰਾਮੁ ਤਿਨ੍ਹ੍ਹੀ ਬੂਝਿ ਲਹਿਆ ॥੧੭॥ {ਪੰਨਾ 435}

ਪਦ ਅਰਥ: ਚਿਤਿ ਕਰਿ = ਚਿੱਤ ਵਿਚ ਵਸਾ ਲੈ। ਹਿਰਦੈ = ਹਿਰਦੇ ਵਿਚ। ਰਵਿ ਰਹਿਆ = ਸਦਾ ਚੇਤੇ ਹੈ, ਸਦਾ ਮੌਜੂਦ ਹੈ। ਪਛਾਤਾ = ਪਛਾਣ ਲਿਆ, ਡੂੰਘੀ ਸਾਂਝ ਪਾ ਲਈ। ਬੂਝਿ = ਸਮਝ ਕੇ। ਨਿਰਗੁਣ = ਮਾਇਆ ਦੇ ਪ੍ਰਭਾਵ ਤੋਂ ਨਿਰਲੇਪ। ਲਹਿਆ = ਲੱਭ ਲਿਆ। ਪਰਸਾਦੀ = ਕਿਰਪਾ ਨਾਲ।

ਅਰਥ: ਹੇ ਮੂਰਖ! ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਸਦਾ ਵੱਸਦਾ ਰਹਿੰਦਾ ਹੈ (ਜਿਨ੍ਹਾਂ ਨੂੰ ਪ੍ਰਭੂ ਸਦਾ ਯਾਦ ਹੈ, ਉਹਨਾਂ ਦੀ ਸੰਗਤਿ ਵਿਚ ਰਹਿ ਕੇ) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ (ਹੋਰ) ਬੰਦਿਆਂ ਨੇ ਪਰਮਾਤਮਾ ਨਾਲ ਸਾਂਝ ਪਾਈ, ਉਹਨਾਂ ਮਾਇਆ ਤੋਂ ਨਿਰਲੇਪ ਪ੍ਰਭੂ (ਦਾ ਅਸਲਾ) ਸਮਝ ਕੇ ਉਸ ਨਾਲ ਮਿਲਾਪ ਪ੍ਰਾਪਤ ਕਰ ਲਿਆ। 17।

ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥ ਨਾਨਕ ਜਿਨ੍ਹ੍ਹ ਕਉ ਸਤਿਗੁਰੁ ਮਿਲਿਆ ਤਿਨ੍ਹ੍ਹ ਕਾ ਲੇਖਾ ਨਿਬੜਿਆ ॥੧੮॥੧॥੨॥ {ਪੰਨਾ 435}

ਪਦ ਅਰਥ: ਅਕਥੁ = ਜੋ ਬਿਆਨ ਤੋਂ ਬਾਹਰ ਹੈ। ਲੇਖਾ = ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਦਾ ਹਿਸਾਬ {ਨੋਟ: ਕਿਸੇ ਸ਼ਾਹੂਕਾਰ ਤੋਂ ਕਰਜ਼ਾ ਚੁੱਕ ਲਈਏ, ਜਿਉਂ ਜਿਉਂ ਸਮਾ ਗੁਜ਼ਰਦਾ ਹੈ, ਉਸ ਕਰਜ਼ੇ ਦਾ ਸੂਦ ਪੈ ਪੈ ਕੇ ਸ਼ਾਹ ਦੀ ਰਕਮ ਦਾ ਲੇਖਾ ਵਧਦਾ ਜਾਂਦਾ ਹੈ। ਕਿਸੇ ਕੀਤੇ ਵਿਕਾਰ ਦੇ ਕਾਰਨ ਮਨ ਵਿਚ ਟਿਕੇ ਹੋਏ ਮੰਦੇ ਸੰਸਕਾਰ ਵਿਕਾਰਾਂ ਵਲ ਹੋਰ ਹੋਰ ਪ੍ਰੇਰਦੇ ਹਨ। ਉਸ ਪ੍ਰੇਰਨਾ ਨਾਲ ਹੋਰ ਹੋਰ ਵਿਕਾਰ ਕਰੀ ਜਾਂਦੇ ਹਾਂ। ਇਸ ਤਰ੍ਹਾਂ ਵਿਕਾਰਾਂ ਦਾ ਇਹ ਸਿਲਸਿਲਾ ਜਾਰੀ ਰਹਿੰਦਾ ਹੈ, ਤੇ ਵਿਕਾਰਾਂ ਦਾ ਲੇਖਾ ਵਧਦਾ ਚਲਿਆ ਜਾਂਦਾ ਹੈ) । ਨਿਬੜਿਆ = ਮੁੱਕ ਜਾਂਦਾ ਹੈ।

ਅਰਥ: ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ।

ਹੇ ਨਾਨਕ! ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ (ਉਹ ਨਿਰੀ ਮਾਇਆ ਦੇ ਲੇਖੇ ਲਿਖਣ ਪੜ੍ਹਨ ਦੇ ਥਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੇ ਹਨ, ਇਸ ਤਰ੍ਹਾਂ) ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰਾਂ ਦਾ ਹਿਸਾਬ ਮੁੱਕ ਜਾਂਦਾ ਹੈ। 18।

ਨੋਟ: ਅੰਕ 1 ਦਾ ਭਾਵ ਇਹ ਹੈ ਕਿ ਇਹ 18 ਬੰਦਾਂ ਵਾਲੀ ਸਾਰੀ ਇਕੋ ਹੀ ਬਾਣੀ ਹੈ ਜਿਸ ਦਾ ਸਿਰਲੇਖ ਹੈ 'ਪਟੀ'। ਅੰਕ 2 ਦਾ ਭਾਵ ਇਹ ਹੈ ਕਿ 'ਪਟੀ' ਨਾਮ ਦੀਆਂ ਇਹ ਦੋ ਬਾਣੀਆਂ ਹਨ। ਪਹਿਲੀ ਪਟੀ ਮਹਲੇ ਪਹਿਲੇ ਦੀ, ਦੂਜੀ ਪਟੀ ਮਹਲੇ ਤੀਜੇ ਦੀ।

TOP OF PAGE

Sri Guru Granth Darpan, by Professor Sahib Singh