ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 436 ਰਾਗੁ ਆਸਾ ਮਹਲਾ ੧ ਛੰਤ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥ ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥ ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥ ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥ ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ ॥ ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥੧॥ ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥ ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥ ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ ॥ ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥ ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ ॥ ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥੨॥ {ਪੰਨਾ 436} ਪਦ ਅਰਥ: ਮੁੰਧ = ਮੁਗਧਾ, ਉਤਸ਼ਾਹ-ਭਰੀ ਮੁਟਿਆਰ ਜਿਸ ਨੂੰ ਅਜੇ ਆਪਣੇ ਜੋਬਨ ਦਾ ਗਿਆਨ ਨਾਹ ਹੋਵੇ। ਜੋਬਨਿ = ਜਵਾਨੀ ਵਿਚ। ਬਾਲੜੀ = ਅੰਞਾਣ-ਇਸਤ੍ਰੀ। ਰਲੀਅਲਾ = {ਰਲੀਆ-ਆਲਯ} ਅਨੰਦ ਦਾ ਸੋਮਾ। ਧਨ = ਜੀਵ-ਇਸਤ੍ਰੀ। ਰਸਿ = ਰਸ ਵਿਚ, ਚਾਉ ਨਾਲ। ਪਿਰਹਿ = ਪਿਰ ਦਾ। ਸੇਜਾ = ਹਿਰਦਾ-ਸੇਜ। ਸਾਤ ਸਰ = ਸੱਤ ਸਰੋਵਰ, (ਪੰਜ ਗਿਆਨ-ਇੰਦ੍ਰੇ, ਮਨ, ਬੁਧਿ) । ਮਇਆ = ਦਇਆ। ਸਬਦਿ = ਸ਼ਬਦ ਵਿਚ। ਮਿਲਿ = ਮਿਲ ਕੇ। ਗਾਵਉ = ਮੈਂ ਗਾਵਾਂ। ਵਰੁ = ਖ਼ਸਮ। ਮਨਿ = ਮਨ ਵਿਚ।1। ਸਹਜਿ = ਆਤਮਕ ਅਡੋਲਤਾ ਵਿਚ ਟਿਕੀ ਹੋਈ। ਸਲੋਨੜੀ = ਸੋਹਣੇ ਨੈਣਾਂ (ਲੋਇਣਾਂ) ਵਾਲੀ। ਸੰਗਮਿ = ਸੰਗਮ ਵਿਚ, ਮੇਲ ਵਿਚ। ਪ੍ਰੇਮਿ = ਪ੍ਰੇਮ ਵਿਚ। ਸੁਖਿ = ਸੁਖ ਵਿਚ। ਤਉ = ਤੇਰੇ। ਧੀਜਏ = ਧੀਰਜ ਫੜਦਾ। ਪ੍ਰਿਉ = ਪਿਆਰਾ। ਰਸਨ = ਜੀਭ। ਭੀਜਏ = ਭੀਜੈ, ਭਿੱਜਦਾ ਹੈ।2। ਅਰਥ: ਹੇ ਜੋਬਨ ਵਿਚ ਮੱਤੀ ਅੰਞਾਣ ਇਸਤ੍ਰੀਏ! (ਆਪਣੇ ਪਤੀ-ਪ੍ਰਭੂ ਨੂੰ ਹਿਰਦੇ ਵਿਚ ਵਸਾ ਲੈ) ਪਿਆਰਾ ਪ੍ਰਭੂ ਹੀ ਆਨੰਦ ਦਾ ਸੋਮਾ ਹੈ। ਜਿਸ ਜੀਵ-ਇਸਤ੍ਰੀ ਨਾਲ ਪ੍ਰਭੂ-ਪਤੀ ਦਾ ਬਹੁਤਾ ਪ੍ਰੇਮ ਬਣਦਾ ਹੈ ਉਹ ਬੜੇ ਚਾਉ ਨਾਲ ਦਇਆਲ ਪ੍ਰਭੂ ਨੂੰ ਪਿਆਰ ਕਰਦੀ ਹੈ। ਪ੍ਰਭੂ ਸੁਆਮੀ ਆਪ ਕਿਰਪਾ ਕਰਦਾ ਹੈ ਤਦੋਂ ਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ। ਪਤੀ-ਪ੍ਰਭੂ ਦੀ ਸੰਗਤਿ ਵਿਚ ਉਸ ਦਾ ਹਿਰਦਾ-ਸੇਜ ਸੋਹਣਾ ਬਣ ਜਾਂਦਾ ਹੈ, ਉਸ ਦੇ ਪੰਜ ਗਿਆਨ-ਇੰਦ੍ਰੇ ਉਸ ਦਾ ਮਨ ਤੇ ਉਸ ਦੀ ਬੁੱਧੀ ਇਹ ਸਾਰੇ ਨਾਮ-ਅੰਮ੍ਰਿਤ ਨਾਲ ਭਰਪੂਰ ਹੋ ਜਾਂਦੇ ਹਨ। ਹੇ ਸਦਾ-ਥਿਰ ਰਹਿਣ ਵਾਲੇ ਦਇਆਲ ਪ੍ਰਭੂ! ਮੇਰੇ ਉਤੇ ਮੇਹਰ ਕਰ ਕਿਰਪਾ ਕਰ, ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੇ ਗੁਣ ਗਾਵਾਂ। ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਪਤੀ ਦੇ ਮਿਲਾਪ ਦਾ ਚਾਉ ਪੈਦਾ ਹੁੰਦਾ ਹੈ ਉਹ ਹਰੀ-ਖਸਮ ਦਾ ਦੀਦਾਰ ਕਰ ਕੇ (ਅੰਤਰ ਆਤਮੇ) ਪ੍ਰਸੰਨ ਹੁੰਦੀ ਹੈ।1। ਹੇ ਆਤਮਕ ਅਡੋਲਤਾ ਵਿਚ ਟਿਕੀ ਸੁੰਦਰ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਮੇਰੀ ਇਕ ਪਿਆਰ-ਭਰੀ ਬੇਨਤੀ ਸੁਣ। (ਮੈਨੂੰ ਭੀ ਰਾਹੇ ਪਾ ਕਿ) ਮੈਨੂੰ ਭਗਤੀ ਵਿਚ ਪ੍ਰਭੂ ਪਿਆਰਾ ਲੱਗੇ ਤੇ ਮੈਂ ਪ੍ਰਭੂ ਦੇ ਨਾਲ ਰੱਤੀ ਜਾਵਾਂ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ ਤੇ ਉਸ ਦੇ ਦਰ ਤੇ ਬੇਨਤੀਆਂ ਕਰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜ ਕੇ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦੀ ਹੈ। ਹੇ ਪ੍ਰਭੂ! ਜੇਹੜੀਆਂ ਜੀਵ ਇਸਤ੍ਰੀਆਂ ਜਦੋਂ ਤੇਰੇ ਗੁਣ ਪਛਾਣਦੀਆਂ ਹਨ ਤਦੋਂ ਉਹ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੀਆਂ ਹਨ, ਉਹਨਾਂ ਦੇ ਹਿਰਦੇ ਵਿਚ ਗੁਣ ਆ ਟਿਕਦੇ ਹਨ ਤੇ ਔਗੁਣ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦੇ ਹਨ। ਹੇ ਪ੍ਰਭੂ! ਮੈਂ ਤੈਥੋਂ ਬਿਨਾ ਇਕ ਤਿਲ ਜਿਤਨਾ ਸਮਾ ਭੀ ਜੀਊ ਨਹੀਂ ਸਕਦੀ (ਮੇਰੀ ਜਿੰਦ ਵਿਆਕੁਲ ਹੋ ਪੈਂਦੀ ਹੈ) । (ਤੇਰੇ ਨਾਮ ਤੋਂ ਬਿਨਾ ਕੁਝ ਹੋਰ) ਆਖਣ ਨਾਲ ਜਾਂ ਸੁਣਨ ਨਾਲ ਮੇਰਾ ਮਨ ਧੀਰਜ ਨਹੀਂ ਫੜਦਾ। ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪ੍ਰਭੂ ਨੂੰ 'ਹੇ ਪਿਆਰੇ! ਹੇ ਪਿਆਰੇ!' ਆਖ ਆਖ ਕੇ ਯਾਦ ਕਰਦੀ ਰਹਿੰਦੀ ਹੈ ਉਸ ਦੀ ਜੀਭ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਂਦਾ ਹੈ।2। ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ ॥ ਹਰਿ ਨਾਮੋੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥ ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥ ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥ ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥ ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥੩॥ ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥ ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ ॥ ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ ॥ ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥ ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥ {ਪੰਨਾ 436} ਪਦ ਅਰਥ: ਵਣਜਾਰਾ = ਵਪਾਰੀ। ਨਾਮੋੁ = {ਅਸਲ ਲਫ਼ਜ਼ 'ਨਾਮੁ' ਹੈ, ਇਥੇ 'ਨਾਮੋ' ਪੜ੍ਹਨਾ ਹੈ}। ਵਣੰਜੜਿਆ = ਵਪਾਰ ਕੀਤਾ, ਖਰੀਦਿਆ। ਅਪਾਰਾ = ਬੇਅੰਤ। ਮੋਲਿ = ਮੁੱਲ ਵਿਚ। ਢੋਲੋ = ਪਿਆਰਾ। ਇਕਿ = ਕਈ (ਜੀਵ-ਇਸਤ੍ਰੀਆਂ) । ਹਉ = ਮੈਂ। ਦਰਿ = ਦਰ ਤੇ। ਸ੍ਰੀਧਰ = ਲੱਛਮੀ ਦਾ ਆਸਰਾ ਪ੍ਰਭੂ। ਸਾਰਏ = ਸਾਰੈ, ਸੰਭਾਲਦਾ ਹੈ, ਸੰਵਾਰਦਾ ਹੈ। ਅਭ = ਹਿਰਦਾ। ਸਾਧਾਰਏ = ਸਹਾਰਾ ਦੇਂਦਾ ਹੈ।3। ਘਰਿ = ਹਿਰਦੇ-ਘਰ ਵਿਚ। ਸੋਹਿਲੜਾ = ਖ਼ੁਸ਼ੀ ਦਾ ਗੀਤ। ਆਇਅੜੇ = ਆ ਗਏ ਹਨ। ਲੀਅੜਾ = (ਪ੍ਰਭੂ ਦਾ ਨਾਮ) ਖਰੀਦਿਆ ਹੈ। ਰਾਵਏ = ਪਿਆਰ ਕਰਦਾ ਹੈ। ਸਭਾਗੈ ਘਰਿ = ਭਾਗਾਂ ਵਾਲੇ ਹਿਰਦੇ-ਘਰ ਵਿਚ। ਪਾਠਿ = ਪਾਠ ਦੀ ਰਾਹੀਂ। ਭਾਇ = ਪ੍ਰੇਮ ਦੀ ਰਾਹੀਂ। ਲੋਕਾਣੇ = ਲੋਕਾਂ ਦੇ।4। ਅਰਥ: ਹੇ (ਸਤਸੰਗੀ) ਸਹੇਲੀਹੋ! ਪਰਮਾਤਮਾ ਪ੍ਰੇਮ ਦਾ ਵਪਾਰੀ ਹੈ। ਜਿਸ ਨੇ ਉਸ ਦਾ ਨਾਮ ਵਿਹਾਝਿਆ ਹੈ ਉਹ ਉਸ ਦੇ ਨਾਮ-ਰਸ ਵਿਚ ਭਿੱਜ ਕੇ ਇਤਨੇ ਉੱਚੇ ਆਤਮਕ-ਜੀਵਨ ਵਾਲੀ ਹੋ ਜਾਂਦੀ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ। ਉਹ ਜੀਵ-ਸਖੀ ਬੇਅੰਤ ਮੁੱਲ ਵਾਲੀ ਹੋ ਜਾਂਦੀ ਹੈ, ਪਿਆਰੇ-ਪ੍ਰਭੂ ਦੇ ਸਦਾ-ਥਿਰ ਚਰਨਾਂ ਵਿਚ ਉਹ ਜੁੜੀ ਰਹਿੰਦੀ ਹੈ। ਉਹੀ ਜੀਵ-ਇਸਤ੍ਰੀ ਚੰਗੀ ਸਮਝੋ ਜੋ ਪਤੀ-ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਅਨੇਕਾਂ ਹੀ ਹਨ ਜੋ ਪ੍ਰਭੂ ਦੀ ਯਾਦ ਵਿਚ ਜੁੜ ਕੇ ਆਤਮਕ ਆਨੰਦ ਮਾਣਦੀਆਂ ਹਨ, ਮੈਂ ਉਹਨਾਂ ਦੇ ਦਰ ਤੇ ਖਲੋ ਕੇ ਬੇਨਤੀ ਕਰਦੀ ਹਾਂ (ਕਿ ਮੇਰੀ ਸਹਾਇਤਾ ਕਰੋ ਮੈਂ ਭੀ ਪ੍ਰਭੂ ਨੂੰ ਯਾਦ ਕਰ ਸਕਾਂ) । ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੁੰਦੀ ਹੈ ਉਹ ਭਾਗਾਂ ਵਾਲੀ ਹੈ, ਗੁਰੂ ਦਾ ਸ਼ਬਦ ਉਸ ਦੇ ਹਿਰਦੇ ਨੂੰ ਸਹਾਰਾ ਦੇਈ ਰੱਖਦਾ ਹੈ; ਉਹ ਪਰਮਾਤਮਾ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਕੁਝ ਕਰਨ-ਯੋਗ ਹੈ ਜੋ ਮਾਇਆ ਦਾ ਪਤੀ ਹੈ ਉਸ ਜੀਵ-ਇਸਤ੍ਰੀ ਦੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਫਲ ਕਰਦਾ ਹੈ।3। ਹੇ ਸਹੇਲੀਹੋ! ਮੇਰੇ ਹਿਰਦੇ-ਘਰ ਵਿਚ, ਮਾਨੋ, ਅਟੱਲ ਖ਼ੁਸ਼ੀਆਂ-ਭਰਿਆ ਗੀਤ ਹੋਣ ਲੱਗ ਪਿਆ ਹੈ, ਕਿਉਂਕਿ ਮਿਤ੍ਰ-ਪ੍ਰਭੂ ਮੇਰੇ ਅੰਦਰ ਆ ਵੱਸਿਆ ਹੈ। ਉਹ ਪ੍ਰਭੂ ਉਹਨਾਂ ਜੀਵਾਂ ਨੂੰ ਮਿਲ ਪੈਂਦਾ ਹੈ ਜੋ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਪਣਾ ਮਨ ਉਸ ਦੇ ਹਵਾਲੇ ਕਰਦੇ ਹਨ ਤੇ ਉਹ ਨਾਮ ਹਾਸਲ ਕਰਦੇ ਹਨ। ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਪ੍ਰਭੂ-ਖਸਮ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਫਿਰ ਆਪਣੀ ਰਜ਼ਾ ਅਨੁਸਾਰ ਪ੍ਰਭੂ ਉਸ ਜੀਵ ਇਸਤ੍ਰੀ ਨਾਲ ਮਿਲਿਆ ਰਹਿੰਦਾ ਹੈ। ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣਾ ਮਨ ਤੇ ਆਪਣਾ ਹਿਰਦਾ ਪ੍ਰਭੂ-ਪਤੀ ਦੇ ਭੇਟ ਕਰਦੀ ਹੈ ਉਹ ਆਪਣੇ ਭਾਗਾਂ ਵਾਲੇ ਹਿਰਦੇ-ਘਰ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪਾ ਲੈਂਦੀ ਹੈ। ਪ੍ਰਭੂ ਕਿਸੇ ਸਿਆਣਪ ਨਾਲ ਕਿਸੇ ਅਕਲ ਨਾਲ ਕਿਸੇ (ਧਾਰਮਿਕ ਪੁਸਤਕਾਂ ਦੇ) ਪਾਠ ਨਾਲ ਨਹੀਂ ਮਿਲਦਾ, ਉਹ ਤਾਂ ਪ੍ਰੇਮ ਦੀ ਰਾਹੀਂ ਮਿਲਦਾ ਹੈ, ਉਸ ਨੂੰ ਮਿਲਦਾ ਹੈ ਜਿਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਹੈ। ਹੇ ਨਾਨਕ! (ਆਖ–) ਹੇ ਮੇਰੇ ਠਾਕੁਰ! ਹੇ ਮੇਰੇ ਮਿੱਤਰ! (ਮੇਹਰ ਕਰ ਮੈਨੂੰ ਆਪਣਾ ਬਣਾਈ ਰੱਖ) ਮੈਂ (ਤੈਥੋਂ ਬਿਨਾ) ਕਿਸੇ ਹੋਰ ਦਾ ਨਾਹ ਬਣਾਂ।4।1। ਆਸਾ ਮਹਲਾ ੧ ॥ ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥ ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥ ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥ ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥ ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥ ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥੧॥ ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ ॥ ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥ ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥ ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥ ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥ ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥੨॥ {ਪੰਨਾ 436} ਪਦ ਅਰਥ: ਅਨਹਦੁ = ਇਕ-ਰਸ, ਮਤਵਾਤਰ। ਵਾਜੈ = (ਵਾਜਾ) ਵੱਜਦਾ ਹੈ। ਰੁਣ ਝੁਣਕਾਰ = ਘੁੰਘਰੂਆਂ ਝਾਂਜਰਾਂ ਦੀ ਛਣ ਛਣ। ਰਾਤਾ = ਰੱਤਾ ਹੋਇਆ, ਮਸਤ। ਅਨਦਿਨੁ = ਹਰ ਰੋਜ਼। ਬੈਰਾਗੀ = ਵੈਰਾਗਵਾਨ, ਪ੍ਰੇਮੀ, ਮਤਵਾਲਾ। ਮੰਡਲਿ = ਮੰਡਲ ਵਿਚ। ਸੁੰਨ ਮੰਡਲਿ = ਉਸ ਮੰਡਲ ਵਿਚ ਜਿਥੇ (ਮਾਇਕ ਫੁਰਨਿਆਂ ਵਲੋਂ) ਸੁੰਞ ਹੈ। ਘਰੁ = ਟਿਕਾਣਾ। ਅਪਰੰਪਰੁ = ਪਰੇ ਤੋਂ ਪਰੇ, ਜਿਸ ਤੋਂ ਪਰੇ ਹੋਰ ਕੋਈ ਨਹੀਂ। ਸਤਿਗੁਰਿ = ਸਤਿਗੁਰ ਨੇ। ਅਲਖੁ = ਅਦ੍ਰਿਸ਼ਟ ਪ੍ਰਭੂ। ਆਸਣਿ = ਆਸਣ ਉਤੇ। ਬੈਸਣਿ = ਬੈਠਣ ਵਾਲੇ ਥਾਂ ਉਤੇ। ਥਿਰ = ਸਦਾ ਵਾਸਤੇ ਕਾਇਮ। ਤਿਤੁ = ਉਸ (ਪ੍ਰਭੂ) ਵਿਚ। ਵੀਚਾਰੇ = (ਗੁਰੂ ਦੇ ਸ਼ਬਦ ਦੀ) ਵਿਚਾਰ ਨਾਲ। ਨਾਮਿ = ਨਾਮ ਵਿਚ।1। ਤਿਤੁ = ਉਸ ਵਿਚ। ਅਗਮਪੁਰੇ = ਅਪਹੁੰਚ ਨਗਰ ਵਿਚ। ਕਹੁ = ਦੱਸੋ। ਕਿਤੁ ਬਿਧਿ = ਕਿਸ ਤਰੀਕੇ ਨਾਲ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰ ਕੇ) । ਸੰਜਮੋ = ਇੰਦ੍ਰਿਆਂ ਨੂੰ (ਸਿਮਰਨ ਦੀ ਰਾਹੀਂ) ਵਿਕਾਰਾਂ ਵਲੋਂ ਹਟਾ ਕੇ। ਸਾਰਿ = ਸੰਭਾਲ ਕੇ। ਨਿਜ ਘਰਿ = ਆਪਣੇ ਘਰ ਵਿਚ। ਗੁਣੀ ਨਿਧਾਨਾ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਤਿਤੁ = ਉਸ (ਪ੍ਰਭੂ-ਰੁੱਖ) ਵਿਚ ਟਿਕ ਕੇ, ਉਸ ਪ੍ਰਭੂ-ਰੁੱਖ ਦਾ ਆਸਰਾ ਲੈ ਕੇ। ਸਿਰਿ = ਸਿਰ ਉਤੇ। ਹਠਿ = ਹਠ ਨਾਲ। ਨਿਗ੍ਰਹਿ = ਇੰਦ੍ਰੇ ਰੋਕਣ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕਿਆਂ) । ਜਗਜੀਵਨ = ਜਗਤ ਦਾ ਆਸਰਾ ਪ੍ਰਭੂ ਜੀ। ਬੂਝ = ਸੂਝ, ਸਮਝ।2। ਅਰਥ: ਮੇਰਾ ਮਨ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਗਿਆ ਹੈ, ਹੁਣ ਮੇਰੇ ਅੰਦਰ (ਮਾਨੋ) ਘੁੰਘਰੂਆਂ ਝਾਂਜਰਾਂ ਦੀ ਛਣਕਾਰ ਦੇਣ ਵਾਲਾ (ਵਾਜਾ) ਇਕ-ਰਸ ਵੱਜ ਰਿਹਾ ਹੈ। ਮੇਰਾ ਮਨ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਮਤਵਾਲਾ ਰਹਿੰਦਾ ਹੈ, ਮਸਤ ਰਹਿੰਦਾ ਹੈ, ਮੈਂ ਹੁਣ ਅਜੇਹੇ ਉੱਚੇ ਮੰਡਲ ਵਿਚ ਟਿਕਾਣਾ ਲੱਭ ਲਿਆ ਹੈ ਜਿਥੇ ਕੋਈ ਮਾਇਕ ਫੁਰਨਾ ਨਹੀਂ ਉਠਦਾ। ਸਤਿਗੁਰੂ ਨੇ ਮੈਨੂੰ ਉਹ ਅਦ੍ਰਿਸ਼ਟ ਪ੍ਰਭੂ ਵਿਖਾ ਦਿੱਤਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਦਾ ਪਿਆਰਾ ਹੈ ਤੇ ਜਿਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ। ਮੇਰਾ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਉਸ ਨਾਰਾਇਣ ਵਿਚ ਮਸਤ ਰਹਿੰਦਾ ਹੈ ਜੋ ਆਪਣੇ ਆਸਣ ਉਤੇ ਆਪਣੇ ਤਖ਼ਤ ਉਤੇ ਸਦਾ ਅਡੋਲ ਰਹਿੰਦਾ ਹੈ। ਹੇ ਨਾਨਕ! ਜਿਨ੍ਹਾਂ ਬੰਦਿਆਂ ਦੇ ਮਨ ਪ੍ਰਭੂ ਦਾ ਨਾਮ ਵਿੱਚ ਰੰਗੇ ਜਾਂਦੇ ਹਨ (ਪ੍ਰਭੂ-ਨਾਮ ਦੇ) ਮਤਵਾਲੇ ਹੋ ਜਾਂਦੇ ਹਨ, ਉਹਨਾਂ ਦੇ ਅੰਦਰ, (ਮਾਨੋ) ਝਾਂਜਰਾਂ ਘੁੰਘਰੂਆਂ ਦੀ ਛਣਕਾਰ ਦੇਣ ਵਾਲਾ (ਵਾਜਾ) ਇਕ-ਰਸ ਵੱਜਦਾ ਹੈ।1। (ਹੇ ਸਹੇਲੀਏ!) ਦੱਸ, ਉਸ ਅਪਹੁੰਚ ਪਰਮਾਤਮਾ ਦੇ ਸ਼ਹਰ ਵਿਚ ਕਿਸ ਤਰੀਕੇ ਨਾਲ ਜਾਈਦਾ ਹੈ। (ਸਹੇਲੀ ਉੱਤਰ ਦੇਂਦੀ ਹੈ– ਹੇ ਭੈਣ! ਉਸ ਸ਼ਹਰ ਵਿਚ ਪਹੁੰਚਣ ਵਾਸਤੇ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ, (ਸਿਮਰਨ ਦੀ ਬਰਕਤਿ ਨਾਲ) ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕ ਕੇ, ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਸਤਿਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ (ਭਾਵ, ਗੁਰ-ਸ਼ਬਦ ਅਨੁਸਾਰ ਜੀਵਨ ਬਣਾਣਾ ਚਾਹੀਦਾ ਹੈ) । ਸਦਾ-ਥਿਰ ਪ੍ਰਭੂ ਨਾਲ ਮਿਲਾਣ ਵਾਲਾ ਗੁਰ-ਸ਼ਬਦ ਕਮਾਇਆਂ ਆਪਣੇ ਘਰ ਵਿਚ (ਸ੍ਵੈ-ਸਰੂਪ ਵਿਚ) ਅੱਪੜ ਜਾਈਦਾ ਹੈ, ਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਈਦਾ ਹੈ। ਉਸ ਪ੍ਰਭੂ ਦਾ ਆਸਰਾ ਲੈ ਕੇ ਉਸ ਦੀਆਂ ਟਹਣੀਆਂ ਡਾਲੀਆਂ ਜੜ੍ਹ ਪੱਤਰ (ਆਦਿਕ, ਭਾਵ, ਉਸ ਦੇ ਰਚੇ ਜਗਤ) ਦਾ ਆਸਰਾ ਲੈਣ ਦੀ ਲੋੜ ਨਹੀਂ ਪੈਂਦੀ (ਕਿਉਂਕਿ) ਉਹ ਪਰਮਾਤਮਾ ਸਭਨਾਂ ਦੇ ਸਿਰ ਉਤੇ ਪਰਧਾਨ ਹੈ। ਇਹ ਲੁਕਾਈ ਜਪ ਕਰ ਕੇ ਤਪ ਸਾਧ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਹਾਰ ਗਈ ਹੈ, (ਇਸ ਕਿਸਮ ਦੇ) ਹਠ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ। ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਜਗਤ ਦੇ ਆਸਰੇ ਪ੍ਰਭੂ ਨੂੰ ਮਿਲ ਪੈਂਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ (ਦਿੱਤੀ) ਮਤਿ ਨੇ (ਸਹੀ ਜੀਵਨ-ਰਾਹ) ਸਮਝਾ ਦਿੱਤਾ ਹੈ।2। |
![]() |
![]() |
![]() |
![]() |
Sri Guru Granth Darpan, by Professor Sahib Singh |