ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 434 ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ਹ੍ਹ ਕਉ ਭਉ ਪਇਆ ॥ ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥ {ਪੰਨਾ 434} ਪਦ ਅਰਥ: ਭਾਲਹਿ = ਭਾਲ ਕਰਦੇ ਹਨ, ਪਰਮਾਤਮਾ ਨੂੰ ਮਿਲਣ ਲਈ ਜਤਨ ਕਰਦੇ ਹਨ। ਸੇ = ਉਹ ਬੰਦੇ। ਫਲੁ = ਦੀਦਾਰ-ਰੂਪ ਫਲ। ਭਉ = ਡਰ, ਅਦਬ, ਨਿਰਮਲ ਡਰ। ਜਿਨ੍ਹ੍ਹ ਕਉ = ਜਿਨ੍ਹਾਂ ਨੂੰ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਜਿਨ੍ਹਾਂ ਦਾ ਰੁਖ਼ ਆਪਣੇ ਮਨ ਵਲ ਹੈ। ਫੇਰੁ = ਗੇੜ। ਅਰਥ: ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਟਿਕ ਜਾਂਦਾ ਹੈ (ਭਾਵ, ਜਿਨ੍ਹਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਸਾਡੇ ਅੰਗ ਸੰਗ ਵੱਸਦਾ ਹੈ ਤੇ ਸਾਡੇ ਹਰੇਕ ਕੰਮ ਨੂੰ ਵੇਖਦਾ ਹੈ) ਉਹ ਮਨੁੱਖ ਉਸ ਦਾ ਦਰਸ਼ਨ ਕਰਨ ਦੇ ਜਤਨ ਕਰਦੇ ਹਨ। ਤੇ (ਆਪਣੇ ਜਤਨਾਂ ਦਾ) ਫਲ ਹਾਸਲ ਕਰ ਲੈਂਦੇ ਹਨ। ਪਰ (ਪੜ੍ਹੀ ਹੋਈ ਵਿੱਦਿਆ ਦੇ ਆਸਰੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ) ਜੇਹੜੇ ਮੂਰਖ ਬੰਦੇ ਆਪਣੇ ਮਨ ਦੇ ਪਿਛੇ ਤੁਰਦੇ ਹਨ, ਉਹ ਹੋਰ ਹੋਰ ਪਾਸੇ ਭਟਕਦੇ ਹਨ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਨਸੀਬ ਹੁੰਦਾ ਹੈ। 27। ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥ ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥੨੮॥ {ਪੰਨਾ 434} ਪਦ ਅਰਥ: ਮਰਣੁ = ਆਤਮਕ ਮੌਤ (ਦਾ ਮੂਲ) । ਮਧੁਸੂਦਨੁ = ਪਰਮਾਤਮਾ। ਮਰਣੁ ਭਇਆ = ਜਦੋਂ ਮੌਤ ਸਿਰ ਤੇ ਆ ਗਈ। ਤਬ ਮਧੂਸੂਦਨੁ ਚੇਤਵਿਆ = ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਇਆ। ਭੀਤਰਿ = ਜਿਤਨਾ ਚਿਰ ਸਰੀਰ ਵਿਚ ਰਿਹਾ, ਜਿਤਨਾ ਚਿਰ ਜੀਉਂਦਾ ਰਿਹਾ। ਮੰਮਾ ਅਖਰੁ = ਮਰਣ ਅਤੇ ਮਧੁਸੂਦਨੁ। ਅਰਥ: ਮਾਇਆ ਦਾ ਮੋਹ ਮਨੁੱਖ ਦੀ ਆਤਮਕ ਮੌਤ (ਦਾ ਮੂਲ ਹੁੰਦਾ) ਹੈ (ਮਨੁੱਖ ਸਾਰੀ ਉਮਰ ਇਸ ਮੋਹ ਵਿਚ ਫਸਿਆ ਰਹਿੰਦਾ ਹੈ) ਜਦੋਂ ਮੌਤ ਸਿਰ ਤੇ ਆਉਂਦੀ ਹੈ, ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਉਂਦਾ ਹੈ। ਜਿਤਨਾ ਚਿਰ ਜੀਉਂਦਾ ਰਿਹਾ (ਪੜ੍ਹੀ ਹੋਈ ਵਿੱਦਿਆ ਦੇ ਆਸਰੇ) ਹੋਰ ਗੱਲਾਂ ਹੀ ਪੜ੍ਹਦਾ ਰਿਹਾ, ਨਾਹ ਮੌਤ ਚੇਤੇ ਆਈ ਨਾਹ ਮਧੁਸੂਦਨੁ (ਪਰਮਾਤਮਾ) ਚੇਤੇ ਆਇਆ। 28। ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥ ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ ॥੨੯॥ {ਪੰਨਾ 434} ਪਦ ਅਰਥ: ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ। ਆਖੈ = ਸਿਫ਼ਤਿ-ਸਾਲਾਹ ਕਰੇ, ਨਾਮ ਉਚਾਰੇ। ਪਛਾਣੈ = ਹਰ ਥਾਂ ਵੇਖੇ। ਅਰਥ: (ਹੇ ਮਨ! ਆਪਣੀ ਵਿੱਦਿਆ ਦਾ ਆਸਰਾ ਲੈਣ ਦੇ ਥਾਂ) ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਹਰ ਥਾਂ ਵੇਖੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੇ, ਪਰਮਾਤਮਾ ਨੂੰ ਸਰਬ-ਵਿਆਪਕ ਸਮਝੇ, ਅਤੇ ਪਰਮਾਤਮਾ ਨਾਲ ਹੀ ਡੂੰਘੀ ਜਾਣ-ਪਛਾਣ ਪਾਏ, ਤਾਂ ਉਸ ਨੂੰ ਮੁੜ ਕਦੇ ਜਨਮ-ਮਰਨ ਦਾ ਗੇੜ ਨਹੀਂ ਮਿਲਦਾ। 29। ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥ ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ॥੩੦॥ {ਪੰਨਾ 434} ਪਦ ਅਰਥ: ਜੇਤੇ = ਜਿਤਨੇ ਹੀ। ਉਪਾਇ = ਪੈਦਾ ਕਰ ਕੇ। ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ। ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ। ਕਰਮੁ = ਫ਼ਜ਼ਲ, ਮੇਹਰ, ਬਖ਼ਸ਼ਸ਼। ਤਿਨ = ਉਹਨਾਂ ਬੰਦਿਆਂ ਨੇ। ਅਰਥ: ਜਿਤਨੇ ਭੀ ਜੀਵ (ਸ੍ਰਿਸ਼ਟੀ ਵਿਚ ਪਰਮਾਤਮਾ ਨੇ) ਪੈਦਾ ਕੀਤੇ ਹੋਏ ਹਨ, ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ। ਜੀਵ ਪੈਦਾ ਕਰ ਕੇ ਸਭਨਾਂ ਨੂੰ ਪਰਮਾਤਮਾ ਨੇ ਮਾਇਆ ਦੀ ਕਿਰਤ-ਕਾਰ ਵਿਚ ਲਾਇਆ ਹੋਇਆ ਹੈ। ਜਿਨ੍ਹਾਂ ਉਤੇ ਉਸ ਦੀ ਮੇਹਰ ਹੁੰਦੀ ਹੈ, ਉਹੀ ਉਸ ਦਾ ਨਾਮ ਸਿਮਰਦੇ ਹਨ (ਹੇ ਮਨ! ਵਿੱਦਿਆ ਭੀ ਦਾਤਿ ਹੈ, ਪਰ ਪ੍ਰਭੂ ਦਾ ਨਾਮ ਸਭ ਤੋਂ ਉਚੀ ਦਾਤਿ ਹੈ। ਪੜ੍ਹਿਆ ਹੋਣ ਦਾ ਹੀ ਮਾਣ ਨਾ ਕਰੀ ਜਾ) । 30। ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥ ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥ {ਪੰਨਾ 434} ਪਦ ਅਰਥ: ਲਾਇ ਛੋਡੀ = ਲਾ ਛੱਡੀ, ਲਾਈ ਹੋਈ ਹੈ। ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ। ਜਿਨਿ = ਜਿਸ ਪਰਮਾਤਮਾ ਨੇ। ਸਮ ਕਰਿ = ਇਕੋ ਜਿਹਾ ਜਾਣ ਕੇ। ਸਹਣਾ = ਸਹਾਰਨਾ। ਤਾ ਕੈ ਭਾਣੈ = ਉਸ ਪਰਮਾਤਮਾ ਦੀ ਰਜ਼ਾ ਵਿਚ। ਅਰਥ: ਜਿਸ ਪਰਮਾਤਮਾ ਨੇ (ਆਪਣੀ ਰਚੀ ਸ੍ਰਿਸ਼ਟੀ) ਮਾਇਆ ਦੀ ਕਿਰਤ-ਕਾਰ ਵਿਚ ਲਾਈ ਹੋਈ ਹੈ, ਜਿਸ ਨੇ (ਜੀਵਾਂ ਵਾਸਤੇ) ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ, ਉਸੇ ਦੀ ਹੀ ਰਜ਼ਾ ਵਿਚ ਉਸ ਦਾ ਹੁਕਮ ਵਰਤਦਾ ਹੈ, ਤੇ ਜੀਵਾਂ ਨੂੰ ਖਾਣ ਪੀਣ ਦੇ ਪਦਾਰਥ (ਭਾਵ, ਸੁਖ) ਅਤੇ ਉਸੇ ਤਰ੍ਹਾਂ ਦੁਖ ਭੀ ਸਹਣ ਨੂੰ ਮਿਲਦੇ ਹਨ (ਮਾਲਕ ਦੀ ਰਜ਼ਾ ਨੂੰ ਸਮਝਣਾ ਸਭ ਤੋਂ ਸੁਚੱਜੀ ਵਿੱਦਿਆ ਹੈ) । 31। ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥ ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥ {ਪੰਨਾ 434} ਵੇਖੋ ਸਲੋਕ ਨੰ: 24। ਪਦ ਅਰਥ: ਵਾਸਦੇਉ = ਪਰਮਾਤਮਾ। ਜਿਨਿ = ਜਿਸ ਪਰਮਾਤਮਾ ਨੇ। ਵੇਸੁ = ਆਕਾਰ, ਜਗਤ। ਵੇਖੈ ਚਾਖੈ = ਸੰਭਾਲ ਕਰਦਾ ਹੈ। ਅਰਥ: ਪਰਮਾਤਮਾ ਪਰਮੇਸਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ, ਹਰੇਕ ਜੀਵ ਦੀ ਚੰਗੀ ਸੰਭਾਲ ਕਰਦਾ ਹੈ, (ਹਰੇਕ ਦੇ ਦਿਲ ਦੀ) ਸਭ ਗੱਲ ਜਾਣਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ (ਹੇ ਮਨ! ਜੇ ਤੂੰ ਪੜ੍ਹਿਆ ਹੋਇਆ ਹੈਂ, ਤਾਂ ਇਹ ਭੇਤ ਸਮਝ) । 32। ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥ ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥ {ਪੰਨਾ 434} ਪਦ ਅਰਥ: ਰਾੜਿ = ਝਗੜਾ, ਬਹਸ। ਪ੍ਰਾਣੀ = ਹੇ ਜੀਵ! ਜਿ = ਜੇਹੜਾ। ਅਮਰੁ = ਅ-ਮਰ, ਮੌਤ ਰਹਿਤ, ਅਟੱਲ। ਸਚਿ = ਸਦਾ-ਥਿਰ ਰਹਿਣ ਵਾਲੇ ਹਰੀ ਵਿਚ। ਓਸੁ ਵਿਟਹੁ = ਉਸ ਪਰਮਾਤਮਾ ਤੋਂ। ਅਰਥ: ਹੇ ਪ੍ਰਾਣੀ! (ਜੇ ਤੂੰ ਪੜ੍ਹ ਲਿਖ ਗਿਆ ਹੈਂ, ਤਾਂ ਇਸ ਵਿੱਦਿਆ ਦੇ ਆਸਰੇ) ਝਗੜੇ ਆਦਿਕ ਕਰਨ ਨਾਲ ਕੋਈ (ਆਤਮਕ) ਲਾਭ ਨਹੀਂ ਹੋਵੇਗਾ। ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ, ਉਸੇ ਨੂੰ ਸਿਮਰੋ, ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹੋ। (ਉਹੀ ਮਨੁੱਖ ਅਸਲੀ ਪੜ੍ਹਿਆ ਪੰਡਿਤ ਹੈ ਜਿਸ ਨੇ) ਉਸ ਪਰਮਾਤਮਾ (ਦੀ ਯਾਦ) ਤੋਂ (ਆਪਣੀ ਹਉਮੈ ਨੂੰ) ਸਦਕੇ ਕਰ ਦਿੱਤਾ ਹੈ। 32। ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥ ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥ {ਪੰਨਾ 434} ਪਦ ਅਰਥ: ਜੀਅ = {'ਜੀਉ' ਤੋਂ ਬਹੁ-ਵਚਨ} ਅਨੇਕਾਂ ਜੀਵ। ਜਿਨਿ = ਜਿਸ ਪ੍ਰਭੂ ਨੇ। ਅਨਦਿਨੁ = ਹਰ ਰੋਜ਼। ਲਾਹਾ = ਲਾਭ। ਅਰਥ: ਜਿਸ ਪਰਮਾਤਮਾ ਨੇ (ਸ੍ਰਿਸ਼ਟੀ ਦੇ) ਜੀਵ ਪੈਦਾ ਕਰ ਕੇ ਸਭਨਾਂ ਨੂੰ ਰਿਜ਼ਕ ਅਪੜਾਇਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦਾਤਾਂ ਦੇਣ ਵਾਲਾ ਨਹੀਂ ਹੈ। (ਹੇ ਮਨ!) ਉਸੇ ਹਰੀ ਦਾ ਨਾਮ ਸਿਮਰਦੇ ਰਹੋ, ਉਸ ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ। (ਉਹੀ ਹੈ ਪੜ੍ਹਿਆ ਪੰਡਿਤ ਜਿਸ ਨੇ) ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟਿਆ ਹੈ। 34। ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥ ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥ {ਪੰਨਾ 434} ਪਦ ਅਰਥ: ਜਿਨਿ = ਜਿਸ (ਪਰਮਾਤਮਾ) ਨੇ। ਕਰੇ ਛੋਡੀ = ਕਰਿ ਛੋਡੀ, ਕਰ ਛੱਡੀ, ਬਣਾ ਦਿੱਤੀ, ਪੈਦਾ ਕਰ ਦਿੱਤੀ। ਕਰਣਾ = {kr&X} ਕਰਨ-ਯੋਗ, ਜੋ ਕਰਨਾ ਚਾਹੀਦਾ ਹੈ। ਸੁ = ਉਹ ਕੁਝ। ਕਰਾਏ = ਜੀਵਾਂ ਪਾਸੋਂ ਕਰਾਂਦਾ ਹੈ। ਜਾਣੈ = (ਹਰੇਕ ਦੇ ਦਿਲ ਦੀ) ਜਾਣਦਾ ਹੈ। ਸਾਇਰ = ਹੇ ਕਵੀ! ਅਰਥ: ਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਆਪ ਪੈਦਾ ਕੀਤੀ ਹੋਈ ਹੈ, ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ। ਪਰਮਾਤਮਾ ਆਪ ਸਭ ਕੁਝ ਕਰਦਾ ਹੈ, ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ, (ਹਰੇਕ ਦੇ ਦਿਲ ਦੀ ਭਾਵਨਾ) ਆਪ ਹੀ ਜਾਣਦਾ ਹੈ। ਹੇ ਕਵੀ ਨਾਨਕ! (ਆਖ– ਜੇਹੜਾ ਮਨੁੱਖ ਸਚ ਮੁਚ ਪੜ੍ਹਿਆ ਹੋਇਆ ਹੈ ਜੋ ਸਚ ਮੁਚ ਪੰਡਿਤ ਹੈ, ਉਸ ਨੇ ਪਰਮਾਤਮਾ ਬਾਰੇ ਇਉਂ ਹੀ ਸਮਝਿਆ ਹੈ ਤੇ) ਇਉਂ ਹੀ ਆਖਿਆ ਹੈ (ਉਹ ਆਪਣੀ ਵਿੱਦਿਆ ਦਾ ਅਹੰਕਾਰ ਕਰਨ ਦੇ ਥਾਂ ਇਸ ਨੂੰ ਪਰਮਾਤਮਾ ਵਲੋਂ ਮਿਲੀ ਦਾਤਿ ਸਮਝਦਾ ਹੈ) । 35।1। ਨੋਟ: ਅੰਕ 1 ਦਾ ਭਾਵ ਹੈ ਕਿ ਇਹ 35 ਬੰਦਾਂ ਵਾਲੀ ਇਕੋ ਹੀ ਬਾਣੀ ਹੈ ਜਿਸ ਦਾ ਸਿਰਲੇਖ ਹੈ 'ਪਟੀ'। ਰਾਗੁ ਆਸਾ ਮਹਲਾ ੩ ਪਟੀ ੴ ਸਤਿਗੁਰ ਪ੍ਰਸਾਦਿ ॥ {ਪੰਨਾ 434} ਮਹਲਾ = ਸਰੀਰ। ਮਹਲਾ 3 = (ਗੁਰੂ ਨਾਨਕ) ਤੀਜਾ ਸਰੀਰ, ਭਾਵ ਗੁਰੂ ਅਮਰ ਦਾਸ ਜੀ। ਰਾਗੁ ਆਸਾ ਮਹਲਾ ੩ ਪਟੀ ੴ ਸਤਿਗੁਰ ਪ੍ਰਸਾਦਿ ॥ ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥ ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥ {ਪੰਨਾ 434} ਪਦ ਅਰਥ: ਅਯੋ = ਅ, ੲ, ੳ {ਯੁ=ੲ+ੳ} ਅੰਙੈ = ਅੰ, ਅ:। ਕਾਖੈ ਘੰਙੈ = ਕ, ਖ, ਗ, ਘ, ਙ। ਨੋਟ: ਅਯੋ ਅੰਙੈ ਕਾਖੈ ਘੰਙੈ = ਇਹ ਸਿਰਫ਼ ਅ, ੲ, ੳ, ਕ, ਖ, ਗ, ਘ, ਙ ਅੱਖਰ ਹੀ ਹਨ? ਰੀ ਰੀ ਲ ਲੀ = ਇਹ ਭੀ ਹਿੰਦੀ ਦੇ ਹੇਠ ਲਿਖੇ ਅੱਖਰ ਹਨ– ¢, ¢, lã, l੍ਵ, (ਰਿ, ਰੀ, ਲ੍ਰਿ, ਲੀ) । ਪੜਿ = ਪੜ੍ਹ ਕੇ। ਅਵਗਣ = ਔਗੁਣ ਪੈਦਾ ਕਰਨ ਵਾਲੀਆਂ ਗੱਲਾਂ। ਅਰਥ: (ਇਹ) ਸਾਰਾ ਜਗਤ (ਜੋ) ਹੋਂਦ ਵਿਚ ਆਇਆ ਹੋਇਆ ਹੈ, (ਇਸ ਦੇ ਸਿਰ ਉਤੇ) ਮੌਤ (ਭੀ) ਮੌਜੂਦ ਹੈ (ਪਰ ਜੀਵ ਮੌਤ ਨੂੰ ਭੁਲਾ ਕੇ) ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ਪੜ੍ਹ ਕੇ ਗੁਣ ਵਿਸਾਰ ਦੇਂਦੇ ਹਨ, ਤੇ ਪਾਪ ਕਮਾਂਦੇ ਰਹਿੰਦੇ ਹਨ।1। ਮਨ ਐਸਾ ਲੇਖਾ ਤੂੰ ਕੀ ਪੜਿਆ ॥ ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥ {ਪੰਨਾ 434} ਪਦ ਅਰਥ: ਮਨ = ਹੇ ਮਨ! ਕੀ ਪੜਿਆ = ਪੜ੍ਹਨ ਦਾ ਕੀਹ ਲਾਭ? ਪੜ੍ਹਨ ਦਾ ਕੋਈ ਲਾਭ ਨਹੀਂ। ਸਿਰਿ = ਸਿਰ ਉਤੇ। ਨੋਟ: 'ਰਹਾਉ' ਦੀਆਂ ਇਹਨਾਂ ਤੁਕਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ 'ਪਟੀ' ਦੀ ਰਹਾਉ ਦੀ ਤੁਕ ਰਲਾ ਕੇ ਪੜ੍ਹੋ: ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥ਰਹਾਉ॥ ਲਫ਼ਜ਼ਾਂ ਦੀ ਤੇ ਖ਼ਿਆਲਾਂ ਦੀ ਸਾਂਝ ਸਾਫ਼ ਦੱਸ ਰਹੀ ਹੈ ਕਿ ਗੁਰੂ ਅਮਰ ਦਾਸ ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੌਜੂਦ ਸੀ। ਅਰਥ: ਹੇ ਮਨ! (ਸਿਰਫ਼) ਅਜੇਹਾ ਲੇਖਾ ਪੜ੍ਹਨ ਦਾ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ (ਜਿਸ ਵਿਚ ਰੁੱਝ ਕੇ ਤੂੰ ਜੀਵਨ ਦਾ ਸਹੀ ਰਸਤਾ ਨਾਹ ਸਿੱਖਿਆ, ਕੁਰਾਹੇ ਹੀ ਪਿਆ ਰਿਹਾ) ਤੇ ਆਪਣੇ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉਤੇ ਟਿਕਿਆ ਹੀ ਰਿਹਾ। ਰਹਾਉ। ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥ ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥ {ਪੰਨਾ 434} ਪਦ ਅਰਥ: ਸਿਧੰਙਾਇਐ = ਨੋਟ: ਪਾਂਧਾ ਪੱਟੀ ਉਤੇ ਪਹਿਲਾਂ ਇਹ ਅਸੀਸ ਦੇ ਅੱਖਰ ਲਿਖਦਾ ਹੈ, ਤੇ ਫਿਰ ਉਹ ਅੱਖਰ ਲਿਖਦਾ ਹੈ ਜੋ ਬਾਲਕ ਨੇ ਲਿਖਣੇ ਸਿੱਖਣੇ ਹੁੰਦੇ ਹਨ। ਇਸ ਦਾ ਭਾਵ ਹੈ– ਤੈਨੂੰ ਇਸ ਵਿਚ ਸਿੱਧੀ ਪ੍ਰਾਪਤ ਹੋਵੇ। ਛੀਜਹਿ = ਤੂੰ ਛਿੱਜ ਰਿਹਾ ਹੈਂ। ਅਹਿਨਿਸਿ = ਦਿਨ ਰਾਤ। ਅਹਿ = ਦਿਨ। ਨਿਸਿ = ਰਾਤ। ਜਮਿ = ਜਮ ਨੇ। ਅਰਥ: (ਹੇ ਮਨ! ਨਿਰੇ ਦੁਨੀਆਵੀ ਲੇਖੇ ਸਿੱਖਣ ਦੇ ਆਹਰੇ ਲੱਗ ਕੇ) ਤੂੰ (ਪਰਮਾਤਮਾ ਨੂੰ) ਚੇਤੇ ਨਹੀਂ ਕਰਦਾ, ਤੂੰ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ। ਹੇ ਮੂਰਖ! (ਪ੍ਰਭੂ ਨੂੰ ਭੁਲਾ ਕੇ) ਦਿਨ ਰਾਤ ਤੂੰ (ਆਤਮਕ ਜੀਵਨ ਵਿਚ) ਕਮਜ਼ੋਰ ਹੋ ਰਿਹਾ ਹੈਂ, ਜਦੋਂ ਜਮ ਨੇ (ਇਸ ਖੁਨਾਮੀ ਦੇ ਕਾਰਨ) ਫੜ ਲਿਆ, ਤਾਂ ਉਸ ਤੋਂ ਖ਼ਲਾਸੀ ਕਿਵੇਂ ਹੋਵੇਗੀ?।2। ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥ ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥ {ਪੰਨਾ 434} ਪਦ ਅਰਥ: ਭਰਮਿ = (ਨਿਰੇ ਦੁਨੀਆਵੀ ਲੇਖੇ ਸਿਖਾਵਣ ਦੇ) ਭੁਲੇਖੇ ਵਿਚ। ਭੁਲੇ = ਕੁਰਾਹੇ ਪੈ ਕੇ। ਅਣਹੋਦਾ = (ਪਾਂਧੇ ਵਾਲੇ ਗੁਣ) ਨਾਹ ਹੁੰਦਿਆਂ ਭੀ। ਅਵਰਾ ਕਾ ਭਾਰੁ = ਹੋਰਨਾਂ (ਭਾਵ, ਛਾਟੜਿਆ ਦੀ ਜ਼ਿੰਮੇਵਾਰੀ) ਦਾ ਭਾਰ। ਅਰਥ: ਹੇ ਮੂਰਖ! (ਨਿਰੇ ਦੁਨੀਆਵੀ ਲੇਖੇ ਪੜ੍ਹਨ ਪੜ੍ਹਾਨ ਵਿਚ ਰੁੱਝ ਕੇ) ਤੂੰ (ਜੀਵਨ ਦਾ ਸਹੀ ਰਸਤਾ) ਨਹੀਂ ਸਮਝਦਾ, ਇਸੇ ਭੁਲੇਖੇ ਵਿਚ ਕੁਰਾਹੇ ਪੈ ਕੇ ਤੂੰ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਰਿਹਾ ਹੈਂ। (ਆਤਮਕ ਜੀਵਨ ਦਾ ਰਸਤਾ ਦੱਸਣ ਵਾਲੇ ਪਾਂਧੇ ਦੇ) ਗੁਣ ਤੇਰੇ ਵਿਚ ਨਹੀਂ ਹਨ, (ਫਿਰ ਭੀ) ਤੂੰ ਆਪਣਾ ਨਾਮ ਪਾਂਧਾ ਰਖਾਇਆ ਹੋਇਆ ਹੈ। ਤੂੰ ਆਪਣੇ ਚਾਟੜਿਆਂ ਨੂੰ ਜੀਵਨ-ਰਾਹ ਸਿਖਾਣ ਦੀ ਜ਼ਿੰਮੇਵਾਰੀ ਦਾ ਭਾਰ ਆਪਣੇ ਉਤੇ ਚੁੱਕਿਆ ਹੋਇਆ ਹੈ।3। ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ {ਪੰਨਾ 434} ਪਦ ਅਰਥ: ਜੋਤਿ = ਉੱਚੀ ਸੁਰਤਿ, ਮਤਿ {ਵੇਖੋ ਬੰਦ ਨੰ: 7}। ਅੰਤਿ = ਅਖ਼ੀਰ ਵੇਲੇ। ਏਕੁ ਸਬਦੁ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਚੀਨ੍ਹ੍ਹਹਿ ਨਾਹੀ = ਪਛਾਣਦਾ ਨਹੀਂ। ਅਰਥ: ਹੇ ਮੂਰਖ! (ਨਿਰੇ ਮਾਇਕ ਲੇਖੇ ਪਤ੍ਰੇ ਨੇ ਆਤਮਕ ਜੀਵਨ ਸਿਖਲਾਣ ਵਾਲੀ) ਤੇਰੀ ਅਕਲ ਖੋਹ ਲਈ ਹੈ, ਅਖ਼ੀਰ ਵੇਲੇ ਜਦੋਂ ਇਥੋਂ ਤੁਰਨ ਲਗੋਂ, ਤਾਂ ਅਫ਼ਸੋਸ ਕਰੇਂਗਾ। (ਹੁਣ ਇਸ ਵੇਲੇ) ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝ ਨਹੀਂ ਪਾਂਦਾ, (ਸਿੱਟਾ ਇਹ ਨਿਕਲੇਗਾ ਕਿ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ।4। ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥ ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥ {ਪੰਨਾ 434} ਪਦ ਅਰਥ: ਤੁਧੁ ਸਿਰਿ = ਤੇਰੇ ਸਿਰ ਉਤੇ। ਸੋ = ਉਹ ਲੇਖ। ਪੰਡਿਤ = ਹੇ ਪੰਡਿਤ! ਬਿਖਿਆ = ਮਾਇਆ। ਗਲਿ = ਗਲ ਵਿਚ। ਅਰਥ: ਹੇ ਪੰਡਿਤ! ਤੇਰੇ ਆਪਣੇ ਮੱਥੇ ਉਤੇ ਜੋ (ਮਾਇਆ ਵਾਲਾ) ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਜੋ ਸੰਸਕਾਰ ਤੇਰੇ ਅੰਦਰ ਇਕੱਠੇ ਹੋਏ ਪਏ ਹਨ, ਉਹਨਾਂ ਦੇ ਅਧੀਨ ਤੂੰ ਨਿਰੀ ਮਾਇਆ ਦੀ ਖ਼ਾਤਰ ਉਮਰ ਗੁਜ਼ਾਰ ਰਿਹਾ ਹੈਂ, ਪਰ ਆਪਣੇ ਆਪ ਨੂੰ ਪੰਡਿਤ ਸਮਝਦਾ ਤੇ ਪੰਡਿਤ ਅਖਵਾਂਦਾ ਹੈਂ। ਪੰਡਿਤ ਦਾ ਇਹ ਕਰਤੱਬ ਨਹੀਂ ਕਿ ਉਸ ਨੂੰ ਆਪਣੇ ਆਤਮਕ ਜੀਵਨ ਦੀ ਰਤਾ ਭੀ ਸੂਝ ਨ ਹੋਵੇ। ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਛੱਡ, ਤੇ) ਹੋਰਨਾਂ (ਚਾਟੜਿਆਂ) ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ। (ਨਿਰੀ ਮਾਇਆ ਦਾ ਲੇਖਾ ਪੜ੍ਹਾਨ ਵਾਲੇ) ਪਾਂਧੇ ਨੇ ਪਹਿਲਾਂ ਆਪਣੇ ਗਲ ਵਿਚ (ਮਾਇਆ ਦੀ) ਫਾਹੀ ਪਾਈ ਹੋਈ ਹੈ, ਫਿਰ ਉਹੀ ਫਾਹੀ ਆਪਣੇ ਵਿਦਿਆਰਥੀਆਂ ਦੇ ਗਲ ਵਿਚ ਪਾ ਦੇਂਦਾ ਹੈ।5। ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥ ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥੬॥ ਪਦ ਅਰਥ: ਸੰਜਮੁ = ਇੰਦ੍ਰੀਆਂ ਨੂੰ ਗ਼ਲਤ ਪਾਸੇ ਜਾਣ ਤੋਂ ਰੋਕ ਰੱਖਣਾ, ਬੰਧੇਜ, ਜੀਵਨ-ਜੁਗਤੀ। ਕੁਥਾਇ = ਗ਼ਲਤ ਥਾਂ ਤੋਂ। ਜਜਮਾਨ = ਯਜਮਾਨ, ਪਰੋਹਤ ਪਾਸੋਂ ਜੱਗ ਕਰਾਣ ਵਾਲਾ। ਪੁਤ੍ਰੀ = ਧੀ। ਏਤੁ = ਇਸ ਦੀ ਰਾਹੀਂ। ਧਾਨੁ = ਅੰਨ। ਧਾਨਿ = ਧਾਨ ਦੀ ਰਾਹੀਂ। ਏਤੁ ਧਾਨਿ = ਇਸ ਅੰਨ ਦੀ ਰਾਹੀਂ। ਏਤੁ ਧਾਨਿ ਖਾਧੈ = ਇਸ ਖਾਧੇ ਅੰਨ ਦੀ ਰਾਹੀਂ। ਅਰਥ: (ਆਪਣੇ ਆਪ ਨੂੰ ਪੰਡਿਤ ਸਮਝਣ ਵਾਲੇ) ਹੇ ਮੂਰਖ! (ਨਿਰੀ ਮਾਇਆ ਦੀ ਖ਼ਾਤਰ ਪੜ੍ਹਣ ਪੜ੍ਹਾਨ ਦੇ ਕਾਰਨ ਲਾਲਚ-ਵੱਸ ਹੋ ਕੇ) ਤੂੰ ਜੀਵਨ-ਜੁਗਤਿ ਭੀ ਗਵਾ ਬੈਠਾ ਹੈਂ। ਪਰੋਹਤ ਹੋਣ ਕਰਕੇ ਤੂੰ ਆਪਣੇ ਜਜਮਾਨ ਪਾਸੋਂ ਹਰ ਦਿਨ-ਦਿਹਾਰ ਤੇ ਦਾਨ ਲੈਂਦਾ ਹੈਂ, (ਪਰ) ਇਕ ਦਾਨ ਤੂੰ ਆਪਣੇ ਜਜਮਾਨ ਤੋਂ ਗ਼ਲਤ ਥਾਂ ਲੈਂਦਾ ਹੈਂ। ਜਜਮਾਨ ਦੀ ਧੀ ਤੇਰੀ ਹੀ ਧੀ ਹੈ (ਧੀ ਦੇ ਵਿਆਹ ਤੇ ਜਜਮਾਨ ਪਾਸੋਂ ਦਾਨ ਲੈਣਾ ਧੀ ਦਾ ਪੈਸਾ ਖਾਣਾ ਹੈ) । ਇਹ ਅੰਨ ਖਾਣ ਨਾਲ (ਇਹ ਪੈਸਾ ਖਾਣ ਨਾਲ) ਤੂੰ ਆਪਣਾ ਆਤਮਕ ਜੀਵਨ ਗਵਾ ਲੈਂਦਾ ਹੈਂ।6। |
![]() |
![]() |
![]() |
![]() |
Sri Guru Granth Darpan, by Professor Sahib Singh |